ਸੰਯੁਕਤ ਪਰਿਵਾਰਾਂ ਦਾ ਸੁਨਹਿਰੀ ਸਮਾਂ
ਮਨੁੱਖੀ ਜੀਵਨ ਦੇ ਤਿੰਨ ਪੜਾਅ ਹਨ। ਪੁਰਾਤਨ ਸਮੇਂ ਵਿੱਚ ਸੰਯੁਕਤ ਪਰਿਵਾਰਾਂ ਵਿੱਚ ਪ੍ਰੋੜ ਵਿਅਕਤੀ (ਬਜ਼ੁਰਗ) ਪਤੀ/ਪਤਨੀ ਉਨ੍ਹਾਂ ਦੇ ਬੱਚੇ, ਤਾਏ/ਤਾਈਆਂ ਇਨ੍ਹਾਂ ਦੇ ਬੱਚੇ, ਚਾਚੇ/ਚਾਚੀਆਂ ਇਨ੍ਹਾਂ ਦੇ ਬੱਚੇ, ਪੋਤੇ/ਪੋਤੀਆਂ, ਪੜਪੋਤੇ/ ਪੜਪੋਤੀਆਂ ਆਦਿ ਹੁੰਦੇ ਸਨ। ਭਾਵ ਚਾਰ ਪੀੜ੍ਹੀਆਂ, ਪਰਿਵਾਰ ਦੀਆਂ ਚਾਰ ਇਕਾਈਆਂ...
ਮਨੁੱਖੀ ਜੀਵਨ ਦੇ ਤਿੰਨ ਪੜਾਅ ਹਨ। ਪੁਰਾਤਨ ਸਮੇਂ ਵਿੱਚ ਸੰਯੁਕਤ ਪਰਿਵਾਰਾਂ ਵਿੱਚ ਪ੍ਰੋੜ ਵਿਅਕਤੀ (ਬਜ਼ੁਰਗ) ਪਤੀ/ਪਤਨੀ ਉਨ੍ਹਾਂ ਦੇ ਬੱਚੇ, ਤਾਏ/ਤਾਈਆਂ ਇਨ੍ਹਾਂ ਦੇ ਬੱਚੇ, ਚਾਚੇ/ਚਾਚੀਆਂ ਇਨ੍ਹਾਂ ਦੇ ਬੱਚੇ, ਪੋਤੇ/ਪੋਤੀਆਂ, ਪੜਪੋਤੇ/ ਪੜਪੋਤੀਆਂ ਆਦਿ ਹੁੰਦੇ ਸਨ। ਭਾਵ ਚਾਰ ਪੀੜ੍ਹੀਆਂ, ਪਰਿਵਾਰ ਦੀਆਂ ਚਾਰ ਇਕਾਈਆਂ ਇੱਕੋ ਛੱਤ ਹੇਠ ਰਹਿੰਦੇ ਸਨ। ਅਜਿਹੇ ਪਰਿਵਾਰਾਂ ਨੂੰ ਸਾਂਝੇ ਪਰਿਵਾਰ ਕਿਹਾ ਜਾਂਦਾ ਹੈ। ਸੰਯੁਕਤ ਪਰਿਵਾਰਾਂ ਦੀ ਹੋਂਦ ਦਾ ਸਮਾਂ ਸਮਾਜ ਦਾ ਸੁਨਹਿਰੀ ਸਮਾਂ ਸੀ, ਕਿਉਂਕਿ ਸੰਯੁਕਤ ਪਰਿਵਾਰ ਦੀ ਬਣਤਰ ਇੱਕ ਮਿੰਨੀ ਸੰਸਥਾ ਵਾਂਗ ਹੁੰਦੀ ਸੀ, ਜਿਸ ਵਿੱਚ ਪੰਦਰਾਂ-ਵੀਹ ਪਰਿਵਾਰਕ ਮੈਂਬਰ ਮਿਲ ਕੇ ਰਹਿੰਦੇ ਸਨ।
ਪਰਿਵਾਰ ਵਿੱਚ ਵੱਡਾ ਬਜ਼ੁਰਗ ਲਾਣੇਦਾਰ ਜਾਂ ਚੌਧਰੀ ਦੀ ਜ਼ਿੰਮੇਵਾਰੀ ਨਿਭਾਉਂਦਾ ਸੀ। ਉਸ ਦੇ ਪਹਿਰਾਵੇ ਦੇ ਨਾਲ ਬਾਪੂ ਦਾ ਖੂੰਡਾ ਸਮਾਜਿਕ ਚਿੰਨ੍ਹ ਹੁੰਦਾ ਸੀ। ਵੱਡੀ ਬੇਬੇ ਨੂੰ ਪਰਿਵਾਰ ਵਿੱਚ ਜ਼ਿੰਮੇਵਾਰੀ ਵਾਲਾ ਸਨਮਾਨਯੋਗ ਸਥਾਨ ਪ੍ਰਾਪਤ ਹੁੰਦਾ ਸੀ। ਬਾਕੀ ਮੈਂਬਰ ਇਨ੍ਹਾਂ ਦੋਹਾਂ ਦਾ ਮਾਣ ਸਤਿਕਾਰ ਕਰਦੇ ਸਨ। ਇਨ੍ਹਾਂ ਦੀ ਗੱਲ ਮੰਨਦੇ ਸਨ। ਸੰਯੁਕਤ ਪਰਿਵਾਰਾਂ ਵਿੱਚ ਜ਼ਾਬਤੇ ਅਤੇ ਸਲੀਕੇ ’ਚ ਰਹਿਣ ਦਾ ਬੋਲਬਾਲਾ ਹੁੰਦਾ ਸੀ। ਪਰਿਵਾਰ ਵਿੱਚ ਰਿਸ਼ਤਿਆਂ ਦਾ ਮਾਣ ਸਤਿਕਾਰ ਅਤੇ ਰਿਸ਼ਤਿਆਂ ਦਾ ਨਿੱਘ ਸਹੀ ਰੂਪ ਵਿੱਚ ਵੇਖਣ ਨੂੰ ਮਿਲਦਾ ਸੀ। ਰਿਸ਼ਤੇ ਕੁਦਰਤਵਾਦੀ ਸਨ, ਪਦਾਰਥਵਾਦੀ ਨਹੀਂ ਸਨ।
ਸੰਯੁਕਤ ਪਰਿਵਾਰਾਂ ਵਿੱਚ ਬੱਚੇ ਦਾਦਾ/ਦਾਦੀ ਦੀ ਦੇਖ-ਰੇਖ ਹੇਠ ਅਤੇ ਬਾਕੀ ਪਰਿਵਾਰਕ ਮੈਂਬਰਾਂ ਦੇ ਪਿਆਰ ਅਤੇ ਅਪਣੱਤ ਨਾਲ ਵਧਦੇ-ਫੁਲਦੇ ਸਨ। ‘ਮੂਲ ਨਾਲੋਂ ਵਿਆਜ ਪਿਆਰਾ’ ਕਹਾਵਤ ਅਨੁਸਾਰ ਬੱਚਿਆਂ ਦਾ ਪਾਲਣ ਦਾਦਾ/ਦਾਦੀ ਲਾਡ ਪਿਆਰ ਨਾਲ ਕਰਦੇ ਸਨ। ਬੱਚੇ ਬਜ਼ੁਰਗਾਂ ਦੀ ਗੋਦ ਅਤੇ ਲੋਰੀਆਂ ਦਾ ਨਿੱਘ ਮਾਣਦੇ ਸਨ। ਕੁਦਰਤੀ ਸਿੱਖਿਆ, ਚੰਗੀਆਂ ਆਦਤਾਂ, ਨੈਤਿਕ ਕਦਰਾਂ-ਕੀਮਤਾਂ, ਭਾਈਚਾਰਕ ਸਾਂਝ, ਸਹਿਣਸ਼ੀਲਤਾ, ਸੱਭਿਆਚਾਰ, ਸਬਰ ਸੰਤੋਖ, ਸੰਜਮ ਅਤੇ ਜੀਵਨ ਜਾਚ ਦੀਆਂ ਗਤੀਵਿਧੀਆਂ ਆਪਣੇ ਵੱਡਿਆਂ ਤੋਂ ਸੰਯੁਕਤ ਪਰਿਵਾਰਾਂ ਵਿੱਚੋਂ ਸਿੱਖਦੇ ਸਨ। ਸੰਯੁਕਤ ਪਰਿਵਾਰ ਬੱਚਿਆਂ ਤੇ ਨੌਜਵਾਨਾਂ ਲਈ ਗ਼ੈਰ-ਰਸਮੀ ਸਿੱਖਿਆ ਪ੍ਰਾਪਤ ਕਰਨ ਦੇ ਸਕੂਲ ਹੀ ਹੁੰਦੇ ਸਨ।
ਸੰਯੁਕਤ ਪਰਿਵਾਰਾਂ ਦੀ ਹੋਂਦ ਸਮੇਂ ਪਰਿਵਾਰਾਂ ਦਾ ਮੁੁੱਖ ਕਿੱਤਾ ਖੇਤੀਬਾੜੀ ਅਤੇ ਪਸ਼ੂ-ਪਾਲਣ ਹੁੰਦਾ ਸੀ। ਸਕੂਲ ਸਿੱਖਿਆ ਦਾ ਬਹੁਤਾ ਫੈਲਾਅ ਨਹੀਂ ਸੀ। ਪਰਿਵਾਰਕ ਮੈਂਬਰ ਕਿਰਤ ਕਰ ਕੇ ਇੱਕ ਦੂਜੇ ਦੇ ਕੰਮਾਂ-ਕਾਰਾਂ ਵਿਚ ਹੱਥ ਵਟਾਉਂਦੇ ਸਨ। ਹਾਲ਼ੀ ਪਾਲ਼ੀ ਆਪੋ ਆਪਣਾ ਕੰਮ ਕਰਦੇ ਸਨ। ਸਬਰ, ਸੰਤੋਖ ਤੇ ਸੰਜਮ ਨਾਲ ਕਿਰਤ ਕਰ ਕੇ ਪਰਿਵਾਰ ਨੂੰ ਆਰਥਿਕ ਤੌਰ ’ਤੇ ਤਕੜਾ ਕਰਦੇ ਸਨ। ਸਾਂਝੀ ਰਸੋਈ ਵਿੱਚ ਔਰਤਾਂ ਰਲਮਿਲ ਕੇ ਭੋਜਨ ਤਿਆਰ ਕਰਦੀਆਂ ਸਨ। ਵੱਡੀ ਬੇਬੇ ਭੋਜਨ ਪਰੋਸ ਕੇ ਦਿੰਦੀ ਤੇ ਕਿਸੇ ਵੀ ਪਰਿਵਾਰਕ ਮੈਂਬਰ ਨਾਲ ਭੇਦ ਭਾਵ ਨਹੀਂ ਰੱਖਿਆ ਜਾਂਦਾ ਸੀ।
ਸੰਯੁਕਤ ਪਰਿਵਾਰਾਂ ਵਿੱਚ ਬਜ਼ੁਰਗਾਂ ਦੀ ਸੰਗਤ ਵਿੱਚ ਬੱਚਿਆਂ ਦਾ ਹੁੰਦਾ ਪਾਲਣ-ਪੋਸ਼ਣ ਉਨ੍ਹਾਂ ਦੇ ਜੀਵਨ ਵਿੱਚ ਇੱਕ ਚੰਗੀ ਰੰਗਤ ਲੈ ਕੇ ਆਉਂਦਾ ਸੀ। ਅੱਜ ਸੰਯੁਕਤ ਪਰਿਵਾਰ ਟੁੱਟ ਚੁੱਕੇ ਹਨ। ਪਦਾਰਥਵਾਦੀ ਯੁੱਗ, ਲੋੜਾਂ ਦੀ ਬਹੁਤਾਤ ਆਉਣ ਕਾਰਨ ਇਕਹਿਰੇ ਪਰਿਵਾਰ ਹੋਂਦ ਵਿੱਚ ਆ ਚੁੱਕੇ ਹਨ। ਪਰਿਵਾਰ ਸੁੰਗੜ ਰਹੇ ਹਨ। ਇਕਹਿਰੇ ਪਰਿਵਾਰਾਂ ਵਿੱਚ ਵੀ ਟੁੱਟਣ ਦਾ ਖ਼ਤਰਾ ਮੰਡਰਾ ਰਿਹਾ ਹੈ। ਬੱਚੇ ਕੱਚੀ ਉਮਰ ਵਿੱਚ ਵਿਦੇਸ਼ ਵਿੱਚ ਜਾ ਰਹੇ ਹਨ। ਬਜ਼ੁਰਗ ਮਾਤਾ-ਪਿਤਾ ਇੱਧਰ ਇਕਲਾਪਾ ਭੋਗ ਰਹੇ ਹਨ। ਪਰਿਵਾਰਾਂ ਵਿੱਚ ਵੀ ਬਜ਼ੁਰਗਾਂ ਨੂੰ ਬੋਝ ਸਮਝਿਆ ਜਾਣ ਲੱਗ ਪਿਆ ਹੈ। ਬਜ਼ੁਰਗਾਂ ਨੂੰ ਬਿਰਧ ਆਸ਼ਰਮਾਂ ਵਿੱਚ ਧਕੇਲਿਆ ਜਾ ਰਿਹਾ ਹੈ। ਸੰਵੇਦਨਸ਼ੀਲਤਾ ਘਟ ਗਈ ਹੈ। ਸਮੇਂ ਦੀ ਤਬਦੀਲੀ ਕਾਰਨ ਬਹੁਤ ਕੁਝ ਬਦਲ ਚੁੱਕਾ ਹੈ। ਸੰਯੁਕਤ ਪਰਿਵਾਰਾਂ ਦੀ ਹੋਂਦ ਦੇ ਸਮੇਂ ਨੂੰ ਯਾਦ ਕਰ ਕੇ ਬਜ਼ੁਰਗ ਆਪਸ ਵਿੱਚ ਗੱਲਬਾਤ ਕਰਕੇ ਸਕੂਨ ਪ੍ਰਾਪਤ ਕਰਦੇ ਹਨ। ਭਲੇ ਸਮੇਂ ਦੀਆਂ ਭਲੀਆਂ ਯਾਦਾਂ ਨੂੰ ਯਾਦ ਕਰ ਕੇ ਰਹਿੰਦਾ ਸਮਾਂ ਬਤੀਤ ਕਰ ਰਹੇ ਹਨ।
ਸੰਪਰਕ: 98765-28579