DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਫੁੱਟਬਾਲ ਦਾ ਜਰਨੈਲ ਸੀ ਜਰਨੈਲ ਸਿੰਘ ਪਨਾਮੀਆ

ਵਿਸ਼ਵ ਦੇ ਮਹਾਨ ਖਿਡਾਰੀ

  • fb
  • twitter
  • whatsapp
  • whatsapp
Advertisement

ਪ੍ਰਿੰ. ਸਰਵਣ ਸਿੰਘ

ਜਰਨੈਲ ਸਿੰਘ ਸੱਚਮੁੱਚ ਫੁੱਟਬਾਲ ਦਾ ਜਰਨੈਲ ਸੀ। ਉਹ ਦੋ ਵਾਰ ਏਸ਼ੀਅਨ ਆਲ ਸਟਾਰਜ਼ ਫੁੱਟਬਾਲ ਟੀਮਾਂ ਦਾ ਕਪਤਾਨ ਰਿਹਾ। ਤਿੰਨ ਸਾਲ ਭਾਰਤੀ ਫੁੱਟਬਾਲ ਟੀਮਾਂ ਦੀ ਕਪਤਾਨੀ ਕੀਤੀ ਤੇ ਜਕਾਰਤਾ ਤੋਂ ਏਸ਼ਿਆਈ ਖੇਡਾਂ ਦਾ ਗੋਲਡ ਮੈਡਲ ਜਿੱਤਿਆ। ਉਹ ਦਸ ਸਾਲ ਭਾਰਤ ਦਾ ਸਰਬੋਤਮ ਫੁੱਟਬਾਲ ਖਿਡਾਰੀ ਮੰਨਿਆ ਜਾਂਦਾ ਰਿਹਾ। 1960 ਦੀਆਂ ਓਲੰਪਿਕ ਖੇਡਾਂ ’ਚ ਉਹ ਬਿਹਤਰੀਨ ਫੁੱਲਬੈਕ ਖਿਡਾਰੀ ਸਾਬਿਤ ਹੋਇਆ ਤੇ ਉਸ ਨੂੰ ਵਰਲਡ ਫੁੱਟਬਾਲ ਇਲੈਵਨ ਦਾ ਸੈਂਟਰ ਫੁੱਲ ਬੈਕ ਨਾਮਜ਼ਦ ਕੀਤਾ ਗਿਆ। ਕੁਆਲਾਲੰਪੁਰ ਦੇ ਮਰਦੇਕਾ ਟੂਰਨਾਮੈਂਟ ’ਚ ਫੀਫਾ ਦੇ ਪ੍ਰਧਾਨ ਸਰ ਸਟੈਨਲੇ ਰਾਊਜ਼ ਨੇ ਏਸ਼ੀਆ ਦੇ ਫੁੱਟਬਾਲ ਅਧਿਕਾਰੀਆਂ ਨੂੰ ਕਿਹਾ ਸੀ, “ਤੁਹਾਡੇ ਕੋਲ ਜਰਨੈਲ ਸਿੰਘ ਅਜਿਹਾ ਖਿਡਾਰੀ ਹੈ ਜਿਹੜਾ ਦੁਨੀਆ ਦੀ ਕਿਸੇ ਵੀ ਟੀਮ ਵਿੱਚ ਚੁਣੇ ਜਾਣ ਦੇ ਯੋਗ ਹੈ।”

Advertisement

ਉਹ ਅਫ਼ਰੀਕਾ ’ਚ ਖੇਡਿਆ ਤਾਂ ਅਫ਼ਰੀਕਨਾਂ ਨੇ ਉਸ ਨੂੰ ‘ਸਿੰਘਾ ਸ਼ੀਬਾ’ ਯਾਨੀ ਸਿੰਘ ਸ਼ੇਰ ਕਹਿ ਕੇ ਵਡਿਆਇਆ। ਜਿੰਨੇ ਸਾਲ ਉਹ ਕਲਕੱਤੇ ਦੀ ਮੋਹਨ ਬਾਗਾਨ ਕਲੱਬ ਵਿੱਚ ਖੇਡਿਆ ਉਸ ਨੂੰ ਪੈਸੇ ਵੀ ਸਭ ਤੋਂ ਵੱਧ ਮਿਲੇ ਤੇ ਪ੍ਰਸ਼ੰਸਾ ਵੀ ਸਭ ਤੋਂ ਵੱਧ। ਸ਼ਾਇਦ ਹੀ ਕੋਈ ਬੰਗਾਲੀ ਹੋਵੇ ਜਿਹੜਾ ਜਰਨੈਲ ਸਿੰਘ ਦੇ ਨਾਂ ਤੋਂ ਵਾਕਿਫ਼ ਨਾ ਹੋਵੇ। ਉਸ ਦੀ ਬੇਵਕਤ ਮੌਤ ’ਤੇ ਸਭ ਤੋਂ ਵੱਧ ਹੰਝੂ ਬੰਗਾਲੀਆਂ ਨੇ ਵਹਾਏ।

Advertisement

ਉਸ ਦਾ ਪਿਛੋਕੜ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਮੁਜਾਰਾ ਡੀਂਗਰੀਆਂ ਦਾ ਸੀ। ਉਹ ਚੋਆਂ ਦਾ ਇਲਾਕਾ ਸੀ ਜਿੱਥੇ ਹੜ੍ਹਾਂ ’ਚ ਫ਼ਸਲਾਂ ਰੁੜ੍ਹ ਜਾਂਦੀਆਂ ਸਨ। ਚੋਆਂ ਦੇ ਸਤਾਏ ਉਹਦੇ ਬਾਬੇ ਬਾਰ ਵਿੱਚ ਜਾ ਆਬਾਦ ਹੋਏ ਸਨ। ਬਾਰ ਦੀ ਬੰਜਰ ਭੋਇੰ ’ਚ ਨਹਿਰੀ ਪਾਣੀ ਨੇ ਲਹਿਰਾਂ ਲਾ ਦਿੱਤੀਆਂ ਸਨ। ਨਹਿਰੀ ਮੋਘੇ ਦਾ ਨੰਬਰ ਹੀ ਚੱਕ ਦਾ ਨਾਂ ਹੁੰਦਾ ਸੀ। ਕਈਆਂ ਨੇ ਚੱਕਾਂ ਦੇ ਨੰਬਰਾਂ ਨਾਲ ਆਪਣੇ ਪਿਛਲੇ ਪਿੰਡਾਂ ਦੇ ਨਾਂ ਵੀ ਜੋੜ ਲਏ ਸਨ। ਉਹਦੇ ਵਡੇਰਿਆਂ ਦਾ ਚੱਕ ਵੀ ਮੁਜਾਰਾ ਡੀਂਗਰੀਆਂ ਵੱਜਦਾ ਸੀ। ਉਸ ਦਾ ਜਨਮ ਜ਼ਿਲ੍ਹਾ ਤੇ ਤਹਿਸੀਲ ਲਾਇਲਪੁਰ ਦੇ ਚੱਕ ਨੰਬਰ 272 ਵਿੱਚ ਉਜਾਗਰ ਸਿੰਘ ਢਿੱਲੋਂ ਦੇ ਘਰ ਮਾਤਾ ਗੁਰਚਰਨ ਕੌਰ ਦੀ ਕੁੱਖੋਂ 20 ਫਰਵਰੀ 1936 ਨੂੰ ਹੋਇਆ ਸੀ। ਅੰਗਰੇਜ਼ਾਂ ਦੇ ਰਾਜ ਸਮੇਂ ਬਾਰ ਦੇ ਫ਼ੌਜੀ ਆਬਾਦਕਾਰਾਂ ਵਿੱਚ ‘ਜਰਨੈਲ’ ਚੋਟੀ ਦਾ ਨਾਂ ਸੀ ਜੋ ਢਿੱਲੋਂ ਪਰਿਵਾਰ ਨੇ ਆਪਣੇ ਪਲੇਠੇ ਬੱਚੇ ਦਾ ਰੱਖਿਆ। ਹੋ ਸਕਦੈ ਮਾਪਿਆਂ ਨੇ ਉਸ ਨੂੰ ਫ਼ੌਜ ਦਾ ਜਰਨੈਲ ਬਣਾਉਣਾ ਚਿਤਵਿਆ ਹੋਵੇ ਪਰ ਸਮੇਂ ਨੇ ਉਸ ਨੂੰ ਫੁੱਟਬਾਲ ਦਾ ਜਰਨੈਲ ਬਣਾਇਆ।

ਮੁੱਢਲੀ ਸਿੱਖਿਆ ਉਸ ਨੇ ਆਪਣੇ ਚੱਕ ਦੇ ਪ੍ਰਾਇਮਰੀ ਸਕੂਲ ਤੋਂ ਹਾਸਲ ਕੀਤੀ। ਫਿਰ ਉਹ ਚਾਰ ਮੀਲ ਦੂਰ ਚੱਕ 48 ਦੇ ਬਾਰ ਖ਼ਾਲਸਾ ਹਾਈ ਸਕੂਲ ਵਿੱਚ ਪੜ੍ਹਨ ਲੱਗਾ। ਉਸ ਸਕੂਲ ਵਿੱਚ ਫੁੱਟਬਾਲ ਖੇਡਣ ਦਾ ਵਧੀਆ ਮਾਹੌਲ ਸੀ ਜਿੱਥੇ ਫੁੱਟਬਾਲ ਖੇਡਣ ਦੀ ਚੇਟਕ ਲੱਗੀ। ਉਹ ਛੇਵੀਂ ’ਚ ਪੜ੍ਹਦਾ ਸੀ ਜਦੋਂ ਦੇਸ਼ ਦੀ ਵੰਡ ਹੋ ਗਈ। ਜਰਨੈਲ ਦੀ ਮਾਸੀ ਦਾ ਪੁੱਤ ਫ਼ੌਜ ਵਿੱਚ ਭਰਤੀ ਸੀ। ਉਸ ਨੇ ਢਿੱਲੋਂ ਪਰਿਵਾਰ ਨੂੰ ਧਾੜਵੀਆਂ ਦੀ ਮਾਰ ’ਚੋਂ ਕੱਢ ਕੇ ਸ਼ਰਲੀ ਕੈਂਪ ’ਚ ਲਿਆਂਦਾ। ਅੱਗੇ ਕੈਂਪ ਵਿੱਚ ਵੀ ਖ਼ਤਰਾ ਮੰਡਰਾਅ ਰਿਹਾ ਸੀ। ਗੋਲੀਆਂ ਦੀ ਠਾਹ ਠੂਹ ਆਮ ਹੀ ਸੁਣਦੀ। ਮਾਰੇ ਗਿਆਂ ਦੀਆਂ ਖ਼ਬਰਾਂ ਨਿੱਤ ਆਉਂਦੀਆਂ।

ਜਰਨੈਲ ਸਿੰਘ ਪਨਾਮੀਆ ਇੱਕ ਮੈਚ ਦੌਰਾਨ ਸਾਥੀ ਖਿਡਾਰੀ ਨਾਲ

ਫ਼ੌਜੀ ਮਸੇਰ ਦੀ ਮਦਦ ਨਾਲ ਔਰਤਾਂ ਤੇ ਬੱਚੇ ਫ਼ੌਜੀ ਦਸਤੇ ਦੀ ਰਖਵਾਲੀ ਵਿੱਚ ‘ਵਤਨ’ ਨੂੰ ਰਵਾਨਾ ਕਰ ਦਿੱਤੇ ਗਏ। ਰਸਤੇ ’ਚ ਕਈ ਥਾਈਂ ਟਰੱਕਾਂ ਉਤੇ ਗੋਲੀਆਂ ਚੱਲੀਆਂ। ਟਾਇਰ ਪੈਂਚਰ ਹੋ ਜਾਂਦੇ, ਕਾਫ਼ਲਾ ਰੁਕ ਜਾਂਦਾ। ਜਰਨੈਲ ਤਰਪਾਲ ਦੀਆਂ ਵਿਰਲਾਂ ਵਿੱਚੋਂ ਬਾਹਰ ਵੇਖਣ ਲਈ ਅਹੁਲਦਾ ਤਾਂ ਜ਼ਨਾਨੀਆਂ ਉਹਨੂੰ ਬਾਹੋਂ ਫੜ ਕੇ ਭੁੰਜੇ ਬਿਠਾ ਲੈਂਦੀਆਂ। ਬਾਹਰ ਅੱਗ ਸੀ, ਲਹੂ ਸੀ, ਲਾਸ਼ਾਂ ਸਨ। ਗੋਲੀਆਂ ਚੱਲ ਰਹੀਆਂ ਸਨ ਤੇ ਕਹਿਰ ਵਰਤ ਰਿਹਾ ਸੀ। ਸੜਦੇ ਘਰਾਂ ’ਚੋਂ ਲਾਟਾਂ ਤੇ ਧੂੰਆਂ ਉੱਠ ਰਿਹਾ ਸੀ। ਤੇਰਾਂ ਚੌਦਾਂ ਸਾਲ ਦੇ ਜਰਨੈਲ ਸਿੰਘ ਨੇ ਉਹ ਦਿਲ ਦਹਿਲਾਅ ਦੇਣ ਵਾਲੇ ਭਿਆਨਕ ਦ੍ਰਿਸ਼ ਆਪਣੀ ਅੱਖੀਂ ਵੇਖੇ ਜੋ ਸਾਰੀ ਉਮਰ ਨਾ ਭੁੱਲੇ। ਅਖ਼ੀਰ ਅਰਦਾਸਾਂ ਕਰਦੇ ਅੰਮ੍ਰਿਤਸਰ ਪਹੁੰਚੇ ਤੇ ਮਾਲ ਗੱਡੀ ਉਤੇ ਚੜ੍ਹ ਕੇ ਫਗਵਾੜੇ ਵੱਲ ਦੀ ਆਪਣੇ ਪੁਰਾਣੇ ਪਿੰਡ ਮਜਾਰਾ ਡੀਂਗਰੀਆਂ ਪੁੱਜੇ। ਮਾਪਿਆਂ ਦੇ ਆਉਣ ਤੱਕ ਜਰਨੈਲ ਸਕੇ ਸਬੰਧੀਆਂ ਕੋਲ ਰਿਹਾ। ਫਿਰ ਉਨ੍ਹਾਂ ਨੂੰ ਗੜ੍ਹਸ਼ੰਕਰ ਲਾਗੇ ਪਿੰਡ ਪਨਾਮ ਵਿੱਚ ਜ਼ਮੀਨ ਅਲਾਟ ਹੋਈ ਜਿੱਥੇ ਜੀਵਨ ਨਵੇਂ ਸਿਰਿਓਂ ਸ਼ੁਰੂ ਹੋਇਆ।

ਉਹ ਗੌਰਮਿੰਟ ਹਾਈ ਸਕੂਲ ਗੜਸ਼ੰਕਰ ਵਿੱਚ ਪੜ੍ਹਨ ਲੱਗਾ। ਉੱਥੇ ਪੜ੍ਹਦਿਆਂ ਉਸ ਨੂੰ ਫਿਰ ਫੁੱਟਬਾਲ ਖੇਡਣ ਦਾ ਮਾਹੌਲ ਮਿਲ ਗਿਆ। ਜਰਨੈਲ ਸਿੰਘ ਦਾ ਵਿਆਹ ਬੀਬੀ ਇਕਬਾਲ ਕੌਰ ਨਾਲ ਅੱਠਵੀਂ ਜਮਾਤ ਵਿੱਚ ਪੜ੍ਹਦੇ ਦਾ ਹੀ ਹੋ ਗਿਆ। ਨੌਵੀਂ ਦਸਵੀਂ ਜਮਾਤ ਉਸ ਨੇ ਸਰਹਾਲ ਮੁੰਡੀ ਦੇ ਸਕੂਲ ਤੋਂ ਪਾਸ ਕੀਤੀ। ਉਸ ਸਕੂਲ ਦਾ ਪੀਟੀ ਹਰਬੰਸ ਸਿੰਘ ਸ਼ਾਹੀ ਸੀ ਜਿਸ ਨੂੰ ਜਰਨੈਲ ਦਾ ਪਹਿਲਾ ਕੋਚ ਕਿਹਾ ਜਾ ਸਕਦੈ। ਉਸ ਨੇ ਜਰਨੈਲ ਸਿੰਘ ਨੂੰ ਫੁੱਟਬਾਲ ਖੇਡਣ ਦੇ ਮੁੱਢਲੇ ਗੁਰ ਸਿਖਾਏ। 1952 ’ਚ ਉਹ ਆਰੀਆ ਕਾਲਜ ਨਵਾਂਸ਼ਹਿਰ ਦਾਖਲ ਹੋਇਆ। ਪਨਾਮ ਤੋਂ ਕਦੇ ਸਾਈਕਲ ਤੇ ਕਦੇ ਦੌੜ ਕੇ ਹੀ ਕਾਲਜ ਚਲਾ ਜਾਂਦਾ। ਕਾਲਜੋਂ ਮੁੜ ਕੇ ਪਿਤਾ ਨਾਲ ਖੇਤੀਬਾੜੀ ਦੇ ਕੰਮਾਂ ’ਚ ਹੱਥ ਵਟਾਉਂਦਾ। ਉਸ ਦਾ ਪਿਤਾ ਬੇਸ਼ੱਕ ਅਨਪੜ੍ਹ ਸੀ ਪਰ ਉਸ ਦੇ ਮਨ ’ਚ ਸੀ ਕਿ ਪੁੱਤ ਨੂੰ ਪੜ੍ਹਾਉਣਾ ਵੀ ਹੈ ਤੇ ਖਿਡਾਉਣਾ ਵੀ।

ਜਦੋਂ ਜਰਨੈਲ ਸਿੰਘ ਨਵਾਂਸ਼ਹਿਰ ਦੇ ਆਰੀਆ ਕਾਲਜ ਵਿੱਚ ਪੜ੍ਹਨ ਲੱਗਾ ਤਾਂ ਖ਼ਾਲਸਾ ਕਾਲਜ ਮਾਹਿਲਪੁਰ ਦਾ ਡੀਪੀਈ ਹਰਦਿਆਲ ਸਿੰਘ, ਜਰਨੈਲ ਸਿੰਘ ਦਾ ਪਿੱਛਾ ਕਰਨ ਲੱਗਾ। ਐੱਫਏ ਦੇ ਦੂਜੇ ਸਾਲ ਉਹ ਉਸ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਮਾਹਿਲਪੁਰ ਲੈ ਗਿਆ। ਉਥੋਂ ਦੇ ਪ੍ਰਿੰਸੀਪਲ ਹਰਭਜਨ ਸਿੰਘ ਖੇਡਾਂ ਖ਼ਾਸ ਕਰ ਫੁੱਟਬਾਲ ਦੇ ਆਸ਼ਕ ਸਨ। ਪ੍ਰਿੰਸੀਪਲ ਸਾਹਿਬ ਨੇ ਉਸ ਨੂੰ ਖੇਡਦੇ ਵੇਖਿਆ ਤਾਂ ਪ੍ਰਸੰਨ ਹੋ ਕੇ ਕਾਲਜ ਵੱਲੋਂ ਰੋਜ਼ਾਨਾ ਦੋ ਸੇਰ ਦੁੱਧ ਦੀ ਸਪੈਸ਼ਲ ਡਾਈਟ ਲਾ ਦਿੱਤੀ। ਉਸ ਨੂੰ ਕਿਤਾਬਾਂ ਲੈ ਦਿੱਤੀਆਂ ਤੇ ਫੀਸ ਮੁਆਫ਼ੀ ਨਾਲ ਰਿਹਾਇਸ਼ ਵੀ ਦੇ ਦਿੱਤੀ। ਗੱਲ ਕੀ ਕਾਲਜ ਦੀ ਪੜ੍ਹਾਈ ਮੁਫ਼ਤ ਕਰ ਦਿੱਤੀ।

ਕਾਲਜ ਪੜ੍ਹਦਿਆਂ ਹੀ 1958 ਦੇ ਆਰੰਭ ਵਿੱਚ ਉਹ ਪੰਜਾਬ ਰਾਜ ਦੀ ਟੀਮ ਵਿੱਚ ਚੁਣਿਆ ਗਿਆ। ਨੈਸ਼ਨਲ ਚੈਂਪੀਅਨਸ਼ਿਪ ਤ੍ਰਿਵੇਂਦਰਮ ਵਿਖੇ ਹੋਈ ਜਿੱਥੇ ਪੰਜਾਬ ਦੀ ਟੀਮ ਨੇ ਪਹਿਲੀ ਵਾਰ ਪਹਿਲਾ ਮੈਚ ਜਿੱਤਿਆ। ਉਸ ਤੋਂ ਪਹਿਲਾਂ ਪੰਜਾਬ ਦੀ ਟੀਮ ਪਹਿਲੇ ਮੈਚ ਵਿੱਚ ਹੀ ਹਾਰ ਜਾਂਦੀ ਸੀ। ਉਸੇ ਸਾਲ ਉਹ ਖ਼ਾਲਸਾ ਸਪੋਰਟਿੰਗ ਕਲੱਬ ਦਾ ਮੈਂਬਰ ਬਣ ਕੇ ਪਾਕਿਸਤਾਨ ਖੇਡਣ ਗਿਆ। ਲਾਹੌਰ, ਮਿੰਟਗੁਮਰੀ ਤੇ ਲਾਇਲਪੁਰ ਖੇਡਿਆ ਜੋ ਉਸ ਦੀ ਜਨਮ ਭੂਮੀ ਸੀ। ਉਸ ਦੀ ਖੇਡ ਨੂੰ ਪਾਕਿਸਤਾਨੀਆਂ ਨੇ ਸਲਾਹਿਆ ਤੇ ਉਹਦਾ ਹੌਸਲਾ ਵਧਾਇਆ। ਫਿਰ ਉਹ ਦਿੱਲੀ ਦਾ ਡੀਸੀਐੱਮ ਫੁੱਟਬਾਲ ਟੂਰਨਾਮੈਂਟ ਖੇਡਿਆ ਜਿਸ ਨਾਲ ਉਹਦੀ ਖੇਡ ਨੈਸ਼ਨਲ ਪੱਧਰ ’ਤੇ ਪਛਾਣੀ ਜਾਣ ਲੱਗੀ। 1960 ’ਚ ਉਸ ਨੇ ਭਾਰਤੀ ਟੀਮ ਵੱਲੋਂ ਓਲੰਪਿਕ ਖੇਡਾਂ ’ਚ ਭਾਗ ਲਿਆ ਜਿੱਥੇ ਉਹਦੀ ਗੁੱਡੀ ਅਸਮਾਨੇ ਚੜ੍ਹ ਗਈ ਤੇ ਜਰਨੈਲ ਜਰਨੈਲ ਹੋ ਗਈ।

1962 ਦੀਆਂ ਏਸ਼ਿਆਈ ਖੇਡਾਂ ਜਕਾਰਤਾ ’ਚ ਹੋਈਆਂ। ਭਾਰਤ ਦਾ ਥਾਈਲੈਂਡ ਵਿਰੁੱਧ ਮੈਚ ਮੁੱਕਣ ਹੀ ਵਾਲਾ ਸੀ ਕਿ ਜਰਨੈਲ ਸਿੰਘ ਦੇ ਸਿਰ ’ਤੇ ਸਖ਼ਤ ਸੱਟ ਲੱਗ ਗਈ। ਉਸ ਨੂੰ ਖੇਡ ਮੈਦਾਨ ਤੋਂ ਬਾਹਰ ਲਿਜਾਣਾ ਪਿਆ। ਬਚਦੇ ਦੋ ਤਿੰਨ ਮਿੰਟਾਂ ’ਚ ਥਾਈਲੈਂਡ ਇੱਕ ਗੋਲ ਲਾਹੁਣ ਦੇ ਬਾਵਜੂਦ ਹਾਰ ਗਿਆ। ਜਰਨੈਲ ਸਿੰਘ ਦੇ ਸਿਰ ਦਾ ਜ਼ਖ਼ਮ ਸਿਊਣ ਲਈ ਸੱਤ ਟਾਂਕੇ ਲੱਗੇ। ਭਾਰਤੀ ਟੀਮ ਜਪਾਨ ਵਿਰੁੱਧ ਅਗਲਾ ਮੈਚ ਮਸੀਂ 1-0 ਨਾਲ ਜਿੱਤ ਸਕੀ। ਚੌਥੇ ਦਿਨ ਸੈਮੀ ਫਾਈਨਲ ਮੈਚ ਵੀਅਤਨਾਮ ਵਿਰੁੱਧ ਸੀ। ਡਾਕਟਰ ਨੇ ਜਰਨੈਲ ਸਿੰਘ ਨੂੰ ਖੇਡਣ ਤੋਂ ਮਨ੍ਹਾਂ ਕੀਤਾ ਸੀ ਪਰ ਇਸ ਸਟੇਜ ’ਤੇ ਭਾਰਤੀ ਟੀਮ ਹਾਰ ਜਾਂਦੀ ਤਾਂ ਉਹ ਟੂਰਨਾਮੈਂਟ ਤੋਂ ਹੀ ਬਾਹਰ ਹੋ ਜਾਣੀ ਸੀ।

ਸੈਮੀ ਫਾਈਨਲ ਮੈਚ ਦੇ ਮਹੱਤਵ ਨੂੰ ਵੇਖਦਿਆਂ ਕੋਚ ਰਹੀਮ ਚਾਹੁੰਦਾ ਸੀ ਕਿ ਜਰਨੈਲ ਸਿੰਘ ਇਸ ਮੈਚ ਵਿੱਚ ਜ਼ਰੂਰ ਹਾਜ਼ਰ ਹੋਵੇ। ਸਮੇਂ ਦੀ ਨਜ਼ਾਕਤ ਨੂੰ ਵੇਖਦਿਆਂ ਜਰਨੈਲ ਜ਼ਖਮੀ ਸ਼ੇਰ ਵਾਂਗ ਮੈਦਾਨ ’ਚ ਨਿੱਤਰਿਆ। ਫੁੱਲ ਬੈਕ ਲਈ ਸਿਰ ਨਾਲ ਖੇਡਣਾ ਜ਼ਰੂਰੀ ਹੋ ਜਾਂਦਾ ਹੈ। ਸਿਰ ਜ਼ਖ਼ਮੀ ਸੀ, ਇਸ ਲਈ ਉਹ ਸੈਂਟਰ ਫਾਰਵਰਡ ਖੇਡਿਆ। ਅੱਗੇ ਖੇਡਦਿਆਂ ਉਸ ਨੇ ਪਹਿਲਾ ਗੋਲ ਕੀਤਾ ਤੇ ਭਾਰਤੀ ਟੀਮ 3-1 ਗੋਲਾਂ ਨਾਲ ਫਾਈਨਲ ਵਿੱਚ ਪੁੱਜ ਗਈ। ਫਾਈਨਲ ਮੈਚ ਦੱਖਣੀ ਕੋਰੀਆ ਦੀ ਬੜੀ ਤਕੜੀ ਟੀਮ ਵਿਰੁੱਧ ਸੀ। ਜਰਨੈਲ ਸਿੰਘ ਦੇ ਜ਼ਖਮੀ ਹੋਣ ਕਾਰਨ ਕੋਰੀਆ ਸਮਝਦਾ ਸੀ ਕਿ ਉਹ ਫਾਈਨਲ ਜਿੱਤ ਲਵੇਗਾ। ਪਹਿਲੇ ਅੱਧ ਤੱਕ ਮੈਚ ਬਰਾਬਰ ਚੱਲਦਾ ਰਿਹਾ। ਦੂਜੇ ਅੱਧ ’ਚ ਮੌਕਾ ਮਿਲਿਆ ਤਾਂ ਜਰਨੈਲ ਸਿੰਘ ਨੇ ਹੀ ਆਪਣੇ ਜ਼ਖਮੀ ਸਿਰ ਨਾਲ ਜੇਤੂ ਗੋਲ ਕੀਤਾ। ਉਂਜ ਵੀ ਉਹ ਸਿਰ ਯਾਨੀ ਦਿਮਾਗ਼ ਨਾਲ ਖੇਡਦਾ ਸੀ। ਉਹਦੇ ਇਸ ਗੋਲ ਨਾਲ ਸਾਰੇ ਏਸ਼ੀਆ ਵਿੱਚ ਫਿਰ ਉਹਦੀ ਧੰਨ ਧੰਨ ਹੋ ਗਈ।

ਖੇਡ ਪੱਤਰਕਾਰਾਂ ਨੇ ਉਸ ਨੂੰ ਦੇਸ਼ ਦਾ ਸਰਬੋਤਮ ਖਿਡਾਰੀ ਐਲਾਨਿਆ ਤੇ ਭਾਰਤ ਸਰਕਾਰ ਨੇ ਅਰਜਨ ਐਵਾਰਡ ਨਾਲ ਸਨਮਾਨਿਆ। 1965, 66 ਤੇ 67 ਵਿੱਚ ਉਹ ਭਾਰਤੀ ਫੁੱਟਬਾਲ ਟੀਮਾਂ ਦਾ ਕਪਤਾਨ ਬਣਦਾ ਰਿਹਾ। 1966 ਤੇ 67 ਵਿੱਚ ਉਸ ਨੂੰ ਏਸ਼ੀਅਨ ਆਲ ਸਟਾਰਜ਼ ਟੀਮ ਦੀ ਕਪਤਾਨੀ ਸੌਂਪੀ ਗਈ। 1970 ਵਿੱਚ ਪੰਜਾਬ ਨੇ ਨੈਸ਼ਨਲ ਚੈਂਪੀਅਨਸ਼ਿਪ ਦੀ ਸੰਤੋਸ਼ ਟਰਾਫੀ ਪਹਿਲੀ ਵਾਰ ਜਿੱਤੀ। ਉਦੋਂ ਜਰਨੈਲ ਸਿੰਘ ਹੀ ਪੰਜਾਬ ਦੀ ਟੀਮ ਦਾ ਕਪਤਾਨ ਸੀ। 1974 ’ਚ ਪੰਜਾਬ ਨੇ ਸੰਤੋਸ਼ ਟਰਾਫੀ ਦੇ ਫਾਈਨਲ ਮੈਚ ਵਿੱਚ ਬੰਗਾਲ ਦੀ ਟੀਮ ਨੂੰ 6-0 ਗੋਲਾਂ ’ਤੇ ਹਰਾਇਆ। ਜਰਨੈਲ ਸਿੰਘ ਨੂੰ ਸੀਨੀਅਰ ਕੋਚ ਤੋਂ ਸੀਨੀਅਰ ਡਿਪਟੀ ਡਾਇਰੈਕਟਰ ਬਣਾ ਦਿੱਤਾ ਗਿਆ। ਫਿਰ ਉਹ ਪੰਜਾਬ ਖੇਡ ਵਿਭਾਗ ਦਾ ਐਡੀਸ਼ਨਲ ਡਾਇਰੈਕਟਰ ਬਣਿਆ। ਕੁਝ ਸਮਾਂ ਕਾਰਜਕਾਰੀ ਡਾਇਰੈਕਟਰੀ ਕੀਤੀ ਤੇ 1994 ਵਿੱਚ ਸੇਵਾ ਮੁਕਤ ਹੋਇਆ।

1980 ਦੇ ਆਸ ਪਾਸ ਹੋਈ ਮੁਲਾਕਾਤ ਸਮੇਂ ਮੈਂ ਉਹਦੀਆਂ ਜੁਆਨੀ ਵੇਲੇ ਦੀਆਂ ਫੋਟੋਆਂ ਵੇਖ ਕੇ ਕਿਹਾ ਸੀ, “ਭਾਅ ਜੀ, ਤੁਹਾਡੀਆਂ ਫੋਟੋਆਂ ਤਾਂ ਸਾਹ ਲੈਂਦੀਆਂ ਲੱਗਦੀਆਂ ਨੇ।” ਜਰਨੈਲ ਸਿੰਘ ਮਿੰਨ੍ਹਾ ਜਿਹਾ ਮੁਸਕਰਾਉਂਦਿਆਂ ਉਚਰਿਆ ਸੀ, “ਹੁਣ ਦਾ ਤਾਂ ਪਤਾ ਨਹੀਂ, ਪਰ ਜਦੋਂ ਮੈਂ ਨਾ ਰਿਹਾ, ਉਦੋਂ ਜ਼ਰੂਰ ਸਾਹ ਲੈਂਦੀਆਂ ਨਜ਼ਰ ਆਉਣਗੀਆਂ!”

ਮੈਂ ਆਖ਼ਰੀ ਗੱਲ ਪੁੱਛੀ ਸੀ, “ਨਵੀਂ ਪੀੜ੍ਹੀ ਨੂੰ ਕੋਈ ਸੁੱਖ ਸੁਨੇਹਾ, ਕੋਈ ਸੰਦੇਸ਼?”

ਉਸ ਨੇ ਗੰਭੀਰ ਹੁੰਦਿਆਂ ਕਿਹਾ ਸੀ, “ਮੇਰੇ ਵੱਲੋਂ ਮਿਹਨਤ ਦਾ ਸੰਦੇਸ਼ ਦੇਣਾ। ਚੋਟੀ ਦੇ ਖਿਡਾਰੀ ਬਣਨ ਲਈ ਮਿਹਨਤ ਤੋਂ ਬਿਨਾਂ ਕੋਈ ਸ਼ਾਰਟ ਕੱਟ ਰਸਤਾ ਨਹੀਂ। ਨਵੇਂ ਮੁੰਡਿਆਂ ਨੂੰ ਮਿਹਨਤ ਕਰਨੀ ਚਾਹੀਦੀ ਹੈ, ਅਦਬ ਸਿੱਖਣਾ ਚਾਹੀਦੈ। ਜ਼ਬਤ, ਨਿਮਰਤਾ ਤੇ ਵਕਤ ਦੀ ਪਾਬੰਦੀ, ਸਾਰੇ ਗੁਣ ਗ੍ਰਹਿਣ ਕਰਨੇ ਚਾਹੀਦੇ ਆ। ਜਿਹੜਾ ਕੋਈ ਕਸਰਤ ਤੇ ਖੇਡ ਅਭਿਆਸ ਕਰਦਿਆਂ ਦੁੱਖ-ਦਰਦ ਨਾਲ ਘੁਲਦਾ ਉਹਨੂੰ ਫਤਿਹ ਜ਼ਰੂਰ ਨਸੀਬ ਹੁੰਦੀ ਆ। ਖਿਡਾਰੀ ਦਾ ਮਨ ਨੀਵਾਂ ਹੋਣਾ ਚਾਹੀਦੈ। ਖ਼ਾਲੀ ਭਾਂਡੇ ’ਚ ਤਾਂ ਕੁਛ ਪੈ-ਜੂ, ਭਰੇ ਨੂੰ ਕੋਈ ਕੀ ਭਰੂ? ਏਥੇ ਟੇਲੈਂਟ ਦੀ ਕੋਈ ਘਾਟ ਨਹੀਂ। ਪਰ ਟੇਲੈਂਟ ਨੂੰ ਸਾਣ ਚਾੜ੍ਹਨ ਦੀ ਲੋੜ ਐ। ਨਵੀਂ ਪੀੜ੍ਹੀ ਲਈ ਮੈਦਾਨ ਖੁੱਲ੍ਹਾ ਪਿਐ। ਉਹ ਸਮਾਂ ਸੰਭਾਲੇ, ਸਮਾਂ ਅਜਾਈਂ ਨਾ ਗੁਆਵੇ ਕਿਉਂਕਿ ਸਮਾਂ ਕਿਸੇ ਨੂੰ ਨਹੀਂ ਬਖ਼ਸ਼ਦਾ। ਖਿਡਾਰੀ ਚੰਗਿਆਂ ਦੀ ਸੰਗਤ ਕਰਨ। ਦੋਸਤੀ ਉਨ੍ਹਾਂ ਨਾਲ ਪਾਉਣ ਜੋ ਉਨ੍ਹਾਂ ਦੇ ਮਿਸ਼ਨ ਨੂੰ ਕਾਮਯਾਬ ਕਰਨ। ਮਨ ਨੂੰ ਬੁਰਾਈਆਂ ਤੋਂ ਬਚਾ ਕੇ ਰੱਖਣ, ਪ੍ਰਮਾਤਮਾ ਤੋਂ ਨਿਉਂ ਕੇ ਬਲ ਮੰਗਣ, ਉਹਦੇ ਕੋਲ ਕਿਸੇ ਚੀਜ਼ ਦਾ ਘਾਟਾ ਨਹੀਂ। ਇਉਂ ਹਰ ਮੈਦਾਨ ਫਤਿਹ ਮਿਲ ਸਕਦੀ ਐ।”

ਜਰਨੈਲ ਸਿੰਘ ’ਤੇ ਦੁੱਖ ਦੇ ਪਹਾੜ ਵੀ ਟੁੱਟੇ। ਉਸ ਦਾ ਜੁਆਈ ਤੇ ਵੱਡਾ ਪੁੱਤਰ ਜੁਆਨੀ ’ਚ ਚੱਲ ਵਸੇ। ਉਸ ਦੀ ਜੀਵਨ ਸਾਥਣ ਵੀ ਸਮੇਂ ਤੋਂ ਪਹਿਲਾਂ ਗੁਜ਼ਰ ਗਈ। ਉਤੋੜੁਤੀ ਹੋਈਆਂ ਮੌਤਾਂ ਨੇ ਤਕੜੇ ਦਿਲ ਵਾਲੇ ਜੋਧੇ ਖਿਡਾਰੀ ਨੂੰ ਧੁਰ ਅੰਦਰ ਤੱਕ ਹਿਲਾ ਦਿੱਤਾ ਜਿਸ ਨਾਲ ਉਹਦਾ ਜਿਊਂਦਿਆਂ ਮਰਨ ਹੋ ਗਿਆ। ਜੁਆਨ ਪੁੱਤਰ, ਜੁਆਈ ਤੇ ਪਤਨੀ ਦੇ ਗੁਜ਼ਰ ਜਾਣ ਪਿੱਛੋਂ ਉਸ ਨੇ ਆਪਣੇ ਆਪ ਨੂੰ ਸੰਭਾਲਣ ਦੀ ਕੋਸ਼ਿਸ਼ ਤਾਂ ਬਥੇਰੀ ਕੀਤੀ ਪਰ ਕਾਮਯਾਬ ਨਾ ਹੋ ਸਕਿਆ। ਮਰਨ ਤੋਂ ਕੁਝ ਮਹੀਨੇ ਪਹਿਲਾਂ ਉਹ ਆਪਣੇ ਕੈਨੇਡਾ ਰਹਿੰਦੇ ਇਕਲੌਤੇ ਪੁੱਤਰ ਹਰਸ਼ਮੋਹਣ ਪਾਸ ਚਲਾ ਗਿਆ। ਉੱਥੇ ਉਹ ਪੋਤੇ-ਪੋਤੀ ਨਾਲ ਖੇਡਦਾ ਤੇ ਉਨ੍ਹਾਂ ਨਾਲ ਦਿਲ ਲਾਉਣ ਦਾ ਯਤਨ ਕਰਦਾ ਪਰ ਦਮੇ ਦਾ ਮਰੀਜ਼ ਹੋਣ ਕਰਕੇ ਸਾਹ ਪੱਟਿਆ ਜਾਂਦਾ ਤੇ ਉਹ ਹੱਥਾਂ ਪੈਰਾਂ ’ਚ ਆ ਜਾਂਦਾ। ਪਨਾਮ ਲਈ ਉਹ ਫਿਰ ਵੈਰਾਗ ਜਾਂਦਾ। ਉਹਦੇ ਕੈਨੇਡਾ ਤੋਂ ਪਨਾਮ ਪਰਤਣ ਲਈ 4 ਨਵੰਬਰ 2000 ਦੀ ਹਵਾਈ ਜਹਾਜ਼ ਚੜ੍ਹਨ ਦੀ ਟਿਕਟ ਬੁੱਕ ਕਰਵਾਈ ਗਈ ਪਰ 13 ਅਕਤੂਬਰ 2000 ਨੂੰ ਅਜਿਹਾ ਦੌਰਾ ਪਿਆ ਕਿ ਪ੍ਰਾਣ-ਪੰਖੇਰੂ ਨਾਲ ਹੀ ਉਡਾ ਕੇ ਲੈ ਗਿਆ।

‘ਏਸ਼ੀਆ ਦਾ ਜਰਨੈਲ’ ਜਿੱਤਾਂ ਜਿੱਤਦਾ ਆਖ਼ਰ ਮੌਤ ਹੱਥੋਂ ਹਾਰ ਹੀ ਗਿਆ। ਉਹਦੀ ਅੰਤਮ ਇੱਛਾ ਅਨੁਸਾਰ ਮ੍ਰਿਤਕ ਦੇਹ ਪਿੰਡ ਪਨਾਮ ਲਿਆਂਦੀ ਗਈ। ਹਰਸ਼ਮੋਹਨ ਦੇਹ ਲੈ ਕੇ ਦਿੱਲੀ ਦੇ ਹਵਾਈ ਅੱਡੇ ’ਤੇ ਉਤਰਿਆ ਤਾਂ ਭਾਰਤ ਦੇ ਉੱਚ ਖੇਡ ਅਧਿਕਾਰੀ ਤੇ ਖੇਡ ਪ੍ਰੇਮੀ ਵੱਡੀ ਗਿਣਤੀ ਵਿੱਚ ਮੌਜੂਦ ਸਨ। ਫਿਰ ਸੋਗਵਾਰ ਲੋਕ ਮਾਹਿਲਪੁਰ ਆਏ। ਖ਼ਾਲਸਾ ਕਾਲਜ ਮਾਹਿਲਪੁਰ ਦੇ ਜਿਸ ਮੈਦਾਨ ਨੂੰ ਉਸ ਨੇ ਮੁੜ੍ਹਕੇ ਨਾਲ ਸਿੰਜਿਆ ਸੀ ਉੱਥੇ ਉਸ ਦੀ ਦੇਹ ਦੇ ਅੰਤਮ ਦਰਸ਼ਨ ਕਰਵਾਏ ਗਏ। ਪਨਾਮ ਦੇ ਸਿਵਿਆਂ ਵਿੱਚ ਦਾਹ ਸੰਸਕਾਰ ਕੀਤਾ ਗਿਆ ਤੇ ਉਹਦੇ ਖੇਤ ਵਿੱਚ ਵੱਡਾ ਪੰਡਾਲ ਲਾ ਕੇ ਖੇਡ ਪ੍ਰੇਮੀਆਂ ਵੱਲੋਂ ਭਾਵ ਭਿੰਨੀਆਂ ਸ਼ਰਧਾਂਜਲੀਆਂ ਦਿੱਤੀਆਂ ਗਈਆਂ। ਫਿਰ ਉਹਦੀ ਯਾਦ ਵਿੱਚ ਗੜ੍ਹਸੰਕਰ ਵਿਖੇ ਓਲੰਪੀਅਨ ਜਰਨੈਲ ਸਿੰਘ ਸਟੇਡੀਅਮ ਬਣਾਇਆ ਗਿਆ ਜਿੱਥੇ ਹਰ ਸਾਲ ਜਰਨੈਲ ਸਿੰਘ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਹੁੰਦਾ ਹੈ। ਉੱਥੇ ਹਰ ਸਾਲ ਮਹਿਸੂਸ ਹੁੰਦੈ ਜਿਵੇਂ ਏਸ਼ੀਆ ਦਾ ਜਰਨੈਲ ਅਜੇ ਵੀ ਖੇਡ ਰਿਹਾ ਹੋਵੇ!

ਈ-ਮੇਲ: principalsarwansingh@gmail.com

Advertisement
×