ਮਿਥਿਹਾਸ ਦੇ ਨਜ਼ਰੀਏ ਤੋਂ ਰੱਖੜੀ ਦਾ ਤਿਉਹਾਰ
ਰੱਖੜੀ ਭੈਣ-ਭਰਾ ਦੇ ਪਵਿੱਤਰ ਰਿਸ਼ਤੇ ਨੂੰ ਦਰਸਾਉਣ ਵਾਲਾ ਭਾਰਤ ਅਤੇ ਪੰਜਾਬ ਦਾ ਪ੍ਰਸਿੱਧ ਤਿਉਹਾਰ ਹੈ। ਇਹ ਤਿਉਹਾਰ ਸਾਉਣ ਮਹੀਨੇ ਦੀ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਹੈ। ਇਹ ਭੈਣ ਤੇ ਵੀਰ ਦੇ ਪਿਆਰ ਦਾ ਪ੍ਰਤੀਕ ਹੈ। ਇਹ ਇੱਕ ਅਜਿਹਾ ਤਿਉਹਾਰ ਹੈ ਜੋ ਭੈਣ ਅਤੇ ਭਰਾ ਦੇ ਆਪਸੀ ਪਵਿੱਤਰ ਪਿਆਰ ਨੂੰ ਮਜ਼ਬੂਤੀ ਅਤੇ ਸਦੀਵਤਾ ਪ੍ਰਦਾਨ ਕਰਦਾ ਹੈ।
ਇਸ ਸਬੰਧੀ ਲੋਕ ਵਿਸ਼ਵਾਸ ਹੈ ਕਿ ਪਹਿਲੇ ਸਮਿਆਂ ਵਿੱਚ ਜਦੋਂ ਯੋਧੇ ਜੰਗ ਦੇ ਮੈਦਾਨ ਵਿੱਚ ਜਾਂਦੇ ਸਨ ਤਾਂ ਭੈਣਾਂ ਉਨ੍ਹਾਂ ਨੂੰ ਜੰਗ ਜਿੱਤਣ ਦੀ ਸ਼ੁਭ ਕਾਮਨਾ ਅਤੇ ਲੜਾਈ ਦੇ ਮੈਦਾਨ ਵਿੱਚ ਉਨ੍ਹਾਂ ਦੀ ਰੱਖਿਆ ਕਰਨ ਲਈ ਧਾਗੇ ਦੇ ਰੂਪ ਵਿੱਚ ਰੱਖੜੀ ਬੰਨ੍ਹਦੀਆਂ ਸਨ। ਇਹ ਰੱਖੜੀ ਉਨ੍ਹਾਂ ਦੀ ਜੰਗ ਦੇ ਮੈਦਾਨ ਵਿੱਚ ਰੱਖਿਆ ਕਰੇਗੀ। ਇਹ ਮੰਨਿਆ ਜਾਂਦਾ ਹੈ ਕਿ ਇੱਕ ਸਮੇਂ ਬਾਹਰਲੇ ਹਮਲਾਵਰ ਹਿੰਦੂ ਔਰਤਾਂ ਨੂੰ ਜ਼ਬਰਦਸਤੀ ਚੁੱਕ ਕੇ ਲੈ ਜਾਂਦੇ ਸਨ ਤਾਂ ਔਰਤਾਂ ਸ਼ਕਤੀਸ਼ਾਲੀ ਰਾਜਿਆਂ ਜਾਂ ਆਪਣੇ ਸਕੇ ਸਬੰਧੀਆਂ ਨੂੰ ਆਪਣੀ ਇੱਜ਼ਤ ਦੀ ਰਾਖੀ ਲਈ ਰੱਖਿਆ ਸੂਤਰ ਜੋ ਕਿ ਅਕਸਰ ਧਾਗਿਆਂ ਦੇ ਰੂਪ ਵਿੱਚ ਹੁੰਦੇ, ਭੇਜਦੀਆਂ ਸਨ। ਇਸ ਸੰਦਰਭ ਵਿੱਚ ਹੀ ਰੱਖੜੀ ਦੀ ਸ਼ੁਰੂਆਤ ਹੋਈ।
ਰੱਖੜੀ ਦੇ ਤਿਉਹਾਰ ਸਬੰਧੀ ਮਿਥਿਹਾਸਕ ਹਵਾਲੇ ਵੀ ਮਿਲਦੇ ਹਨ। ਪੁਰਾਣ ਗ੍ਰੰਥਾਂ ਵਿੱਚ ਇੱਕ ਕਥਾ ਮਿਲਦੀ ਹੈ ਜਿਸ ਦੇ ਅਨੁਸਾਰ ਭਗਵਾਨ ਕ੍ਰਿਸ਼ਨ ਯੁਧਿਸ਼ਟਰ ਨੂੰ ਦੱਸਦੇ ਹਨ ਕਿ ਜਿਸ ਸਮੇਂ ਦੇਵਤਿਆਂ ਅਤੇ ਦੈਤਾਂ ਵਿਚਕਾਰ ਯੁੱਧ ਹੋ ਰਿਹਾ ਸੀ ਤਾਂ ਦੇਵਤੇ, ਦੈਂਤਾਂ ਦੇ ਸਾਹਮਣੇ ਜੰਗ ਦੇ ਮੈਦਾਨ ਵਿੱਚ ਟਿਕ ਨਾ ਸਕੇ ਅਤੇ ਹਾਰਨ ਦੀ ਕਗਾਰ ਉੱਪਰ ਪਹੁੰਚ ਗਏ। ਦੇਵਤਿਆਂ ਦੇ ਆਗੂ ਇੰਦਰ ਦੇਵਤੇ ਨੇ ਇਸ ਹਾਰ ਤੋਂ ਬਚਣ ਲਈ ਇੱਕ ਯੱਗ ਕਰਵਾਇਆ। ਇਸ ਸਮੇਂ ਇੰਦਰ ਦੀ ਪਤਨੀ ਨੇ ਉਸ ਨੂੰ ਕਿਹਾ ਕਿ ਉਹ ਇੱਕ ਅਜਿਹਾ ਤਰੀਕਾ ਜਾਂ ਉਪਾਅ ਜਾਣਦੀ ਹੈ ਜਿਸ ਨਾਲ ਦੇਵਤਿਆਂ ਨੂੰ ਜਿੱਤ ਪ੍ਰਾਪਤ ਹੋ ਸਕਦੀ ਹੈ। ਉਸ ਨੇ ਇਹ ਉਪਾਅ ਕਰਦਿਆਂ ਸਾਉਣ ਮਹੀਨੇ ਦੀ ਪੂਰਨਮਾਸ਼ੀ ਵਾਲੇ ਦਿਨ ਰਾਜੇ ਇੰਦਰ ਨੂੰ ਜੰਗ ਦੇ ਮੈਦਾਨ ਵਿੱਚ ਜਾਣ ਤੋਂ ਪਹਿਲਾਂ ਉਸ ਦੀ ਬਾਂਹ ਉੱਪਰ ਇੱਕ ਲਾਲ ਰੰਗ ਦਾ ਧਾਗਾ ਜਾਂ ਇੱਕ ਰੱਖਿਆ ਸੂਤਰ ਬੰਨ੍ਹਿਆ। ਇਸ ਰੱਖਿਆ ਸੂਤਰ ਦਾ ਕਮਾਲ ਸੀ ਕਿ ਇਸ ਨਾਲ ਇੰਦਰ ਅਤੇ ਬਾਕੀ ਦੇਵਤਿਆਂ ਵਿੱਚ ਨਵਾਂ ਉਤਸ਼ਾਹ ਪੈਦਾ ਹੋਇਆ ਅਤੇ ਦੇਵਤਿਆਂ ਨੂੰ ਜੰਗ ਦੇ ਮੈਦਾਨ ਵਿੱਚ ਜਿੱਤ ਪ੍ਰਾਪਤ ਹੋਈ। ਇਸ ਤੋਂ ਬਾਅਦ ਲੜਾਈ ਦੇ ਮੈਦਾਨ ਵਿੱਚ ਜਾਣ ਤੋਂ ਪਹਿਲਾਂ ਗੁੱਟ ਉੱਪਰ ਧਾਗਾ ਜਾਂ ਤਵੀਤ ਬੰਨ੍ਹ ਕੇ ਜਾਣ ਦਾ ਰਿਵਾਜ ਪੈ ਗਿਆ।
ਇਸ ਸਬੰਧੀ ਇੱਕ ਹੋਰ ਮਿਥਿਹਾਸਕ ਕਥਾ ਸਕੰਦ ਪੁਰਾਣ, ਪਦਮ ਪੁਰਾਣ, ਸ੍ਰੀ ਮਦ ਭਗਵਤ ਪੁਰਾਣ ਵਿੱਚ ਮਿਲਦੀ ਹੈ ਕਿ ਇੱਕ ਸਮੇਂ ਦੈਂਤ ਰਾਜਾ ਬਾਲੀ ਨੇ ਦੇਵਤਿਆਂ ਨਾਲ ਯੁੱਧ ਕਰਕੇ ਸਵਰਗ ਉੱਪਰ ਕਬਜ਼ਾ ਕਰ ਲਿਆ। ਜਦੋਂ ਸਾਰੇ ਦੇਵਤਿਆਂ ਨੇ ਭਗਵਾਨ ਵਿਸ਼ਨੂੰ ਕੋਲ ਬੇਨਤੀ ਕੀਤੀ ਤਾਂ ਭਗਵਾਨ ਵਿਸ਼ਨੂੰ ਨੇ ਅਦਿਤੀ ਦੇ ਗਰਭ ਤੋਂ ਵਾਮਨ ਦੇ ਰੂਪ ਵਿੱਚ ਅਵਤਾਰ ਧਾਰਨ ਕੀਤਾ। ਇਸ ਤੋਂ ਬਾਅਦ ਉਹ ਇੱਕ ਬ੍ਰਾਹਮਣ ਦੇ ਰੂਪ ਵਿੱਚ ਰਾਜਾ ਬਾਲੀ ਕੋਲ ਭਿਖਿਆ ਮੰਗਣ ਗਏ। ਰਾਜਾ ਬਾਲੀ ਬਹੁਤ ਵੱਡਾ ਦਾਨੀ ਸੀ। ਉਸ ਨੇ ਬ੍ਰਾਹਮਣ ਦੇ ਰੂਪ ਵਿੱਚ ਭਗਵਾਨ ਵਿਸ਼ਨੂੰ ਨੂੰ ਕੁਝ ਵੀ ਮੰਗਣ ਲਈ ਕਿਹਾ, ਪ੍ਰੰਤੂ ਬ੍ਰਾਹਮਣ ਦੇ ਰੂਪ ਵਿੱਚ ਭਗਵਾਨ ਵਿਸ਼ਨੂੰ ਨੇ ਸਿਰਫ਼ ਤਿੰਨ ਕਦਮ ਜ਼ਮੀਨ ਦੀ ਮੰਗ ਕੀਤੀ। ਰਾਜੇ ਬਾਲੀ ਨੇ ਇਸ ਸਬੰਧੀ ਸਹਿਮਤੀ ਪ੍ਰਦਾਨ ਕਰ ਦਿੱਤੀ। ਇਸ ’ਤੇ ਭਗਵਾਨ ਵਿਸ਼ਨੂੰ ਨੇ ਵਿਸ਼ਾਲ ਰੂਪ ਧਾਰਨ ਕਰ ਲਿਆ ਅਤੇ ਕੇਵਲ ਦੋ ਕਦਮਾਂ ਦੇ ਨਾਲ ਹੀ ਧਰਤੀ, ਅਕਾਸ਼ ਅਤੇ ਪਤਾਲ ਨੂੰ ਆਪਣੇ ਕਦਮਾਂ ਵਿੱਚ ਕਰ ਲਿਆ। ਜਦੋਂ ਭਗਵਾਨ ਵਿਸ਼ਨੂੰ ਨੇ ਤੀਜਾ ਕਦਮ ਰੱਖਣ ਸਬੰਧੀ ਰਾਜਾ ਬਾਲੀ ਨੂੰ ਪੁੱਛਿਆ ਤਾਂ ਰਾਜਾ ਬਾਲੀ ਨੇ ਭਗਵਾਨ ਨੂੰ ਆਪਣਾ ਸਿਰ ਪੇਸ਼ ਕੀਤਾ। ਭਗਵਾਨ ਵਿਸ਼ਨੂੰ ਨੇ ਰਾਜਾ ਬਾਲੀ ਨੂੰ ਉਸ ਦੇ ਸਿਰ ਉੱਪਰ ਪੈਰ ਰੱਖ ਕੇ ਪਤਾਲ ਵਿੱਚ ਭੇਜ ਦਿੱਤਾ ਅਤੇ ਉੱਥੋਂ ਦਾ ਰਾਜਾ ਬਣਾ ਦਿੱਤਾ, ਪਰ ਇਸ ਦੇ ਨਾਲ ਹੀ ਰਾਜਾ ਬਾਲੀ ਨੇ ਭਗਵਾਨ ਵਿਸ਼ਨੂੰ ਕੋਲੋਂ ਇਹ ਵਚਨ ਵੀ ਲੈ ਲਿਆ ਕਿ ਉਹ ਹਰ ਸਮੇਂ ਉਸ ਦੇ ਸਾਹਮਣੇ ਰਹਿਣਗੇ। ਵਾਮਨ ਅਵਤਾਰ ਤੋਂ ਬਾਅਦ ਭਗਵਾਨ ਵਿਸ਼ਨੂੰ ਨੂੰ ਵਾਪਸ ਮਾਤਾ ਲਕਸ਼ਮੀ ਕੋਲ ਵਾਪਸ ਜਾਣਾ ਸੀ, ਪਰ ਰਾਜਾ ਬਾਲੀ ਨੂੰ ਦਿੱਤੇ ਵਚਨ ਕਾਰਨ ਉਹ ਵਾਪਸ ਨਾ ਜਾ ਸਕੇ ਅਤੇ ਪਤਾਲ ਲੋਕ ਵਿੱਚ ਹੀ ਰਹਿਣ ਲੱਗੇ। ਜਦੋਂ ਮਾਤਾ ਲਕਸ਼ਮੀ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਭਗਵਾਨ ਵਿਸ਼ਨੂੰ ਨੂੰ ਵਾਪਸ ਲਿਆਉਣ ਦੀ ਵਿਉਂਤ ਬਣਾਉਣੀ ਸ਼ੁਰੂ ਕੀਤੀ। ਇਸ ਸਮੱਸਿਆ ਦਾ ਹੱਲ ਇਹ ਕੱਢਿਆ ਗਿਆ ਕਿ ਮਾਤਾ ਲਕਸ਼ਮੀ, ਰਾਜਾ ਬਾਲੀ ਨੂੰ ਭਰਾ ਬਣਾਏ ਅਤੇ ਉਸ ਨੂੰ ਰੱਖੜੀ ਬੰਨ੍ਹ ਕੇ ਭਗਵਾਨ ਵਿਸ਼ਨੂੰ ਨੂੰ ਉਸ ਕੋਲੋਂ ਮੰਗ ਲਵੇ। ਮਾਤਾ ਲਕਸ਼ਮੀ ਨੇ ਇਸ ਤਰ੍ਹਾਂ ਹੀ ਕੀਤਾ ਅਤੇ ਭਗਵਾਨ ਵਿਸ਼ਨੂੰ ਨੂੰ ਵਾਪਸ ਲਿਆਉਣ ਵਿੱਚ ਕਾਮਯਾਬ ਹੋਏ। ਇਸ ਦਿਨ ਸਾਉਣ ਮਹੀਨੇ ਦੀ ਪੂਰਨਮਾਸ਼ੀ ਸੀ। ਉਸ ਸਮੇਂ ਤੋਂ ਹੀ ਰੱਖੜੀ ਦੇ ਤਿਉਹਾਰ ਦੀ ਸ਼ੁਰੂਆਤ ਹੋਈ।
ਇਸੇ ਪ੍ਰਕਾਰ ਇੱਕ ਹੋਰ ਮਿਥਿਹਾਸਕ ਕਥਾ ਮਿਲਦੀ ਹੈ ਕਿ ਭਗਵਾਨ ਵਿਸ਼ਨੂੰ ਨੇ ਆਪਣੇ ਪਿਆਰੇ ਹਾਥੀ ਏਰਾਵਤ ਨੂੰ ਕਮਲ ਦਾ ਫੁੱਲ ਲਿਆਉਣ ਲਈ ਭੇਜਿਆ। ਤਲਾਬ ਤੋਂ ਫੁੱਲ ਇਕੱਠੇ ਕਰਕੇ ਹਾਥੀ ਜਦੋਂ ਹੀ ਪਿੱਛੇ ਨੂੰ ਮੁੜਿਆ ਤਾਂ ਇੱਕ ਮਗਰਮੱਛ ਨੇ ਉਸ ਦਾ ਪੈਰ ਆਪਣੇ ਜਬਾੜਿਆਂ ਵਿੱਚ ਫੜ ਲਿਆ। ਜਦੋਂ ਇਰਾਵਤ ਹਾਥੀ ਦੀ ਹਿੰਮਤ ਜਵਾਬ ਦੇਣ ਲੱਗੀ ਤਾਂ ਉਸ ਨੂੰ ਆਪਣਾ ਅੰਤ ਨੇੜੇ ਦਿਖਾਈ ਦਿੱਤਾ। ਉਸ ਨੇ ਉਸ ਤਲਾਬ ਵਿੱਚੋਂ ਹੀ ਇੱਕ ਫੁੱਲ ਲਿਆ ਅਤੇ ਇਸ ਨੂੰ ਪਰਮਾਤਮਾ ਨੂੰ ਭੇਂਟ ਕਰਦੇ ਹੋਏ ਆਪਣੇ ਆਪ ਨੂੰ ਬਚਾਉਣ ਲਈ ਪ੍ਰਾਰਥਨਾ ਕੀਤੀ। ਇਸ ਤੋਂ ਬਾਅਦ ਭਗਵਾਨ ਪ੍ਰਗਟ ਹੋਏ ਅਤੇ ਇਰਾਵਤ ਹਾਥੀ ਦੀ ਜਾਨ ਉਸ ਮਗਰਮੱਛ ਤੋਂ ਬਚਾਈ।
ਇਤਿਹਾਸ ਵਿੱਚ ਇਸ ਗੱਲ ਦਾ ਜ਼ਿਕਰ ਵੀ ਮਿਲਦਾ ਹੈ ਕਿ ਜਦੋਂ ਸਿਕੰਦਰ ਨੇ ਭਾਰਤ ਉੱਪਰ ਹਮਲਾ ਕੀਤਾ ਤਾਂ ਉਸ ਨੇ ਆਪਣੀ ਭੈਣ ਹੈਲਨ ਨੂੰ ਰਾਜਾ ਪੋਰਸ ਦੇ ਦਰਬਾਰ ਵਿੱਚ ਭੇਜਿਆ। ਹੈਲਨ ਨੇ ਰਾਜਾ ਪੋਰਸ ਦੇ ਗੁੱਟ ਉੱਪਰ ਰੱਖੜੀ ਬੰਨ੍ਹ ਕੇ ਆਪਣੀ ਰੱਖਿਆ ਦਾ ਵਚਨ ਲੈ ਲਿਆ। ਉਸ ਤੋਂ ਬਾਅਦ ਜਦੋਂ ਜੰਗ ਦੌਰਾਨ ਰਾਜੇ ਪੋਰਸ ਦੁਆਰਾ ਸਿਕੰਦਰ ਨੂੰ ਬੰਦੀ ਬਣਾ ਲਿਆ ਗਿਆ ਤਾਂ ਰਾਜੇ ਪੋਰਸ ਨੇ ਪਹਿਲਾਂ ਤੋਂ ਹੈਲਨ ਨੂੰ ਦਿੱਤੇ ਗਏ ਬਚਨ ਕਾਰਨ ਸਿਕੰਦਰ ਨੂੰ ਬਿਨਾਂ ਕੋਈ ਨੁਕਸਾਨ ਪਹੁੰਚਾਏ ਛੱਡ ਦਿੱਤਾ।
ਇਸ ਸਬੰਧੀ ਇੱਕ ਉਦਾਹਰਨ ਰਾਜਸਥਾਨੀ ਮੌਖਿਕ ਇਤਿਹਾਸ ਵਿੱਚ ਵੀ ਮਿਲਦੀ ਹੈ ਕਿ ਮੇਵਾੜ ਦੇ ਰਾਣਾ ਸਾਂਗਾ ਦੀ ਪਤਨੀ ਕਰਮਵਤੀ ਨੇ ਰਾਜੇ ਹੰਮਾਯੂ ਨੂੰ ਰੱਖਿਆ ਸੂਤਰ ਭੇਜਿਆ ਸੀ। ਇਸ ਦੇ ਸਿੱਟੇ ਵਜੋਂ ਰਾਜੇ ਹੰਮਾਯੂ ਨੇ ਆਪਣੀ ਦੁਸ਼ਮਣੀ ਤਿਆਗ ਕੇ ਰਾਣਾ ਸਾਂਗਾ ਦੇ ਰਾਜ ਨੂੰ ਸੁਰੱਖਿਆ ਪ੍ਰਦਾਨ ਕੀਤੀ ਸੀ। ਕੁਝ ਸਮੇਂ ਬਾਅਦ ਇਹ ਤਿਉਹਾਰ ਭੈਣ-ਭਰਾ ਦੇ ਰਿਸ਼ਤੇ ਨਾਲ ਜੁੜ ਗਿਆ ਅਤੇ ਕੇਵਲ ਭੈਣਾਂ ਹੀ ਆਪਣੇ ਭਰਾਵਾਂ ਨੂੰ ਰੱਖੜੀ ਬੰਨ੍ਹਣ ਲੱਗੀਆਂ। ਜਦੋਂ ਭੈਣਾਂ ਆਪਣੇ ਭਰਾਵਾਂ ਨੂੰ ਰੱਖੜੀ ਬੰਨ੍ਹਦੀਆਂ ਹਨ ਤਾਂ ਭਰਾ ਉਨ੍ਹਾਂ ਨੂੰ ਸ਼ਗਨ ਜਾਂ ਉਪਹਾਰ ਵਜੋਂ ਕੁਝ ਰੁਪਏ ਜਾਂ ਕੱਪੜੇ ਜਾਂ ਹੋਰ ਤੋਹਫ਼ੇ ਪ੍ਰਦਾਨ ਕਰਦੇ ਹਨ। ਰੱਖੜੀ ਵਾਲੇ ਦਿਨ ਭਰਾਵਾਂ ਵੱਲੋਂ ਪਿਆਰ ਨਾਲ ਦਿੱਤੀ ਸੌਗਾਤ ਭੈਣਾਂ ਖਿੜੇ ਮੱਥੇ ਸਵੀਕਾਰ ਕਰਦੀਆਂ ਹਨ। ਪੁਰਾਣੇ ਸਮਿਆਂ ਵਿੱਚ ਜਦੋਂ ਬਾਹਰੋਂ ਆਏ ਹਮਲਾਵਰ ਪੰਜਾਬ ਰਾਹੀਂ ਭਾਰਤ ਵਿੱਚ ਪ੍ਰਵੇਸ਼ ਕਰਦੇ ਸਨ ਤਾਂ ਇਨ੍ਹਾਂ ਧਾੜਵੀਆਂ ਦਾ ਮੁਕਾਬਲਾ ਕਰਨ ਲਈ ਭਰਾ ਜੰਗ ਦੇ ਮੈਦਾਨ ਵਿੱਚ ਜਾਣ ਸਮੇਂ ਆਪਣੀਆਂ ਭੈਣਾਂ ਕੋਲੋਂ ਆਪਣੇ ਗੁੱਟ ਉੱਪਰ ਰੱਖਾਂ ਜਾਂ ਧਾਗੇ ਬੰਨ੍ਹਵਾਉਂਦੇ ਸਨ ਤਾਂ ਕਿ ਉਨ੍ਹਾਂ ਨੂੰ ਆਪਣੀਆਂ ਭੈਣਾਂ ਤੇ ਮਾਵਾਂ ਦੀ ਇੱਜ਼ਤ ਬਚਾਉਣ ਲਈ ਉਤਸ਼ਾਹ ਮਿਲ ਸਕੇ। ਸਮਾਂ ਪਾ ਕੇ ਇਹ ਰੱਖਾਂ ਜਾਂ ਧਾਗੇ ਬੰਨ੍ਹਣ ਦੀ ਰਸਮ ਹੀ ਰੱਖੜੀ ਦੇ ਤਿਉਹਾਰ ਵਿੱਚ ਤਬਦੀਲ ਹੋ ਗਈ।
ਇਸ ਦਿਨ ਭੈਣਾਂ-ਭਰਾਵਾਂ ਦੇ ਗੁੱਟ ਉੱਤੇ ਰੱਖੜੀ ਬੰਨ੍ਹਦੀਆਂ ਹਨ ਜੋ ਰੰਗ ਬਿਰੰਗੇ ਰੇਸ਼ਮੀ ਧਾਗਿਆਂ ਜਾਂ ਮੌਲੀ ਦੀ ਬਣੀ ਹੁੰਦੀ ਹੈ। ਰੱਖੜੀ ਬੰਨ੍ਹਣ ਪਿੱਛੋਂ ਭਰਾ ਦੇ ਮੂੰਹ ਵਿੱਚ ਕੋਈ ਮਠਿਆਈ ਜਾਂ ਮਿੱਠੀ ਚੀਜ਼ ਪਾਉਂਦੀਆਂ ਹਨ ਤੇ ਭਰਾ ਆਪਣੀ ਵਿੱਤ ਅਨੁਸਾਰ ਕੁਝ ਨਗਦੀ ਅਤੇ ਹੋਰ ਤੋਹਫ਼ੇ ਭੇਟਾ ਵਜੋਂ ਦਿੰਦੇ ਹਨ। ਇੱਥੇ ਇਹ ਗੱਲ ਧਿਆਨ ਰੱਖਣ ਯੋਗ ਹੈ ਕਿ ਜ਼ਿਆਦਾਤਰ ਪਰਿਵਾਰਾਂ ਵਿੱਚ ਭੈਣਾਂ ਆਪਣੇ ਭਰਾਵਾਂ ਨੂੰ ਸਵੇਰ ਦੇ ਸਮੇਂ ਸੁੱਚੇ ਮੂੰਹ ਹੀ ਰੱਖੜੀ ਬੰਨ੍ਹਦੀਆਂ ਹਨ। ਭਾਵੇਂ ਵਰਤਮਾਨ ਸਮੇਂ ਬਾਜ਼ਾਰ ਵਿੱਚ ਰੰਗ-ਬਿਰੰਗੀਆਂ ਅਤੇ ਮਹਿੰਗੀਆਂ ਰੱਖੜੀਆਂ ਆ ਗਈਆਂ ਹਨ, ਪ੍ਰੰਤੂ ਇਸ ਤਿਉਹਾਰ ਨਾਲ ਜੁੜਿਆ ਭੈਣ-ਭਰਾ ਦਾ ਪਿਆਰ ਅਤੇ ਸਨੇਹ ਅੱਜ ਦੇ ਪਦਾਰਥਵਾਦੀ ਦੌਰ ਵਿੱਚ ਵੀ ਪੂਰੀ ਮਜ਼ਬੂਤੀ ਦੇ ਨਾਲ ਕਾਇਮ ਹੈ।
ਸੰਪਰਕ: 81464-84447