DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਭੈਣਾਂ ਦੇ ਪਿਆਰ ਦਾ ਅਹਿਸਾਸ...

ਭੈਣਾਂ ਦੇ ਪਿਆਰ ਦਾ ਅਹਿਸਾਸਰੱਖੜੀ ਦਾ ਤਿਉਹਾਰ ਭੈਣ ਅਤੇ ਭਰਾ ਦੇ ਪਵਿੱਤਰ ਰਿਸ਼ਤੇ ਦਾ ਪ੍ਰਤੀਕ ਹੈ। ਅੱਜਕੱਲ੍ਹ ਭਾਵੇਂ ਬਾਜ਼ਾਰ ਵਿੱਚ ਭਾਂਤ ਭਾਂਤ ਦੀਆਂ ਰੇਡੀਮੇਡ ਰੱਖੜੀਆਂ ਮਿਲਦੀਆਂ ਹਨ, ਪਰ ਪੰਜਾਹ ਕੁ ਸਾਲ ਪਹਿਲਾਂ ਮੈਂ ਆਪਣੀਆਂ ਭੂਆਂ ਨੂੰ ਲੋਗੜੀ ਦੀਆਂ ਰੱਖੜੀਆਂ ਹੱਥੀਂ...
  • fb
  • twitter
  • whatsapp
  • whatsapp
Advertisement

ਭੈਣਾਂ ਦੇ ਪਿਆਰ ਦਾ ਅਹਿਸਾਸਰੱਖੜੀ ਦਾ ਤਿਉਹਾਰ ਭੈਣ ਅਤੇ ਭਰਾ ਦੇ ਪਵਿੱਤਰ ਰਿਸ਼ਤੇ ਦਾ ਪ੍ਰਤੀਕ ਹੈ। ਅੱਜਕੱਲ੍ਹ ਭਾਵੇਂ ਬਾਜ਼ਾਰ ਵਿੱਚ ਭਾਂਤ ਭਾਂਤ ਦੀਆਂ ਰੇਡੀਮੇਡ ਰੱਖੜੀਆਂ ਮਿਲਦੀਆਂ ਹਨ, ਪਰ ਪੰਜਾਹ ਕੁ ਸਾਲ ਪਹਿਲਾਂ ਮੈਂ ਆਪਣੀਆਂ ਭੂਆਂ ਨੂੰ ਲੋਗੜੀ ਦੀਆਂ ਰੱਖੜੀਆਂ ਹੱਥੀਂ ਤਿਆਰ ਕਰਦੇ ਦੇਖਿਆ ਹੈ। ਸਮੇਂ ਦੇ ਗੇੜ ਨਾਲ ਕਈ ਸਰਦੇ ਪੁੱਜਦੇ ਘਰਾਂ ਵਿੱਚ ਅੱਜਕੱਲ੍ਹ ਮੈਂ ਚਾਂਦੀ ਅਤੇ ਸੋਨੇ ਦੀਆਂ ਰੱਖੜੀਆਂ ਦਾ ਆਦਾਨ ਪ੍ਰਦਾਨ ਹੁੰਦਾ ਵੀ ਦੇਖਦਾ ਹਾਂ। ਸਕੂਲਾਂ ਕਾਲਜਾਂ ਵਿੱਚ ਪੜ੍ਹਦੀਆਂ ਬੱਚੀਆਂ ਸਰਹੱਦਾਂ ’ਤੇ ਰਾਖੀ ਕਰਦੇ ਜਵਾਨਾਂ ਦੇ ਗੁੱਟਾਂ ’ਤੇ ਰੱਖੜੀ ਬੰਨ੍ਹਣ ਜਾਂਦੀਆਂ ਹਨ।

ਸਾਡੇ ਸਮਾਜ ਵਿੱਚ ਜਿੱਥੇ ਬਦਨੀਅਤ ਲੋਕਾਂ ਦੀ ਘਾਟ ਨਹੀਂ, ਉੱਥੇ ਹੀ ਨੇਕ ਬੰਦੇ ਵੀ ਬਹੁਤ ਮਿਲ ਜਾਂਦੇ ਹਨ। ਗੱਲ 1978-79 ਦੀ ਹੈ। ਮੈਂ ਆਪਣਾ ਕਰੀਅਰ ਡਾਕਖਾਨੇ ਵਿੱਚ ਕਲਰਕ ਦੇ ਤੌਰ ’ਤੇ ਸ਼ੁਰੂ ਕੀਤਾ ਸੀ। ਰੱਖੜੀ ਦਾ ਤਿਉਹਾਰ ਆਮ ਤੌਰ ’ਤੇ ਉਦੋਂ ਆਉਂਦਾ ਹੈ ਜਦੋਂ ਮੌਨਸੂਨ ਦਾ ਜ਼ੋਰ ਹੁੰਦਾ ਹੈ। ਜਦੋਂ ਦੀ ਮੈਂ ਗੱਲ ਕਰ ਰਿਹਾ ਹਾਂ, ਉਨ੍ਹਾਂ ਦਿਨਾਂ ਵਿੱਚ ਦੂਰ ਨੇੜੇ ਦੇ ਰਿਸ਼ਤੇਦਾਰਾਂ, ਦੋਸਤਾਂ ਮਿੱਤਰਾਂ ਨਾਲ ਰਾਬਤਾ ਡਾਕ ਜ਼ਰੀਏ ਹੀ ਸੰਭਵ ਸੀ। ਸਮਾਜ ਵਿੱਚ ਡਾਕੀਏ ਦਾ ਰੁਤਬਾ ਸਨਮਾਨ ਵਾਲਾ ਹੁੰਦਾ ਸੀ। ਨਵ ਵਿਆਹੀਆਂ ਮੁਟਿਆਰਾਂ, ਖ਼ਾਸ ਤੌਰ ’ਤੇ ਫੌਜਣ ਭੈਣਾਂ ਡਾਕੀਏ ਦੀ ਆਮਦ ਨੂੰ ਬੇਸਬਰੀ ਨਾਲ ਉਡੀਕਦੀਆਂ ਸਨ। ਭੈਣਾਂ ਆਪਣੇ ਪੇਕਿਆਂ ਵੱਲੋਂ ਸੁੱਖ ਸਾਂਦ ਦੀ ਚਿੱਠੀ ਦੀ ਉਡੀਕ ਵਿੱਚ ਹੁੰਦੀਆਂ ਸਨ। ਇਸੇ ਲਈ ਆਹ ਗੀਤ ਬਣਿਆ ਹੋਇਆ ਸੀ;

Advertisement

ਦੇਖੀਂ ਭਾਈ ਡਾਕ ਵਾਲਿਆ,

ਮੇਰੇ ਵੀਰ ਦੀ ਚਿੱਠੀ ਜੇ ਕੋਈ ਆਈ...

ਉਸ ਜ਼ਮਾਨੇ ਵਿੱਚ ਬਹੁਤ ਸਾਰੀਆਂ ਭੈਣਾਂ ਆਪਣੇ ਦੂਰ ਦੁਰਾਡੇ ਵੱਸਦੇ ਵੀਰਾਂ ਲਈ ਰੱਖੜੀ ਵੀ ਡਾਕ ਰਾਹੀਂ ਭੇਜਿਆ ਕਰਦੀਆਂ ਸਨ। ਚਿੱਠੀ ਵਾਲੇ ਲਿਫ਼ਾਫ਼ੇ ਵਿੱਚ ਭੈਣ ਆਮ ਤੌਰ ’ਤੇ ਦੋ ਰੱਖੜੀਆਂ ਨਾਲ ਥੋੜ੍ਹਾ ਜਿਹਾ ਮਿੱਠਾ ਜੋ ਕਿ ਚੀਨੀ ਜਾਂ ਮਿਸ਼ਰੀ ਦੇ ਰੂਪ ਵਿੱਚ ਹੁੰਦਾ ਸੀ, ਨਾਲ ਇਲਾਇਚੀ ਅਤੇ ਥੋੜ੍ਹਾ ਜਿਹਾ ਸੰਧੂਰ ਇੱਕ ਪੁੜੀ ਵਿੱਚ ਪਾ ਕੇ ਬੰਦ ਕਰ ਦਿੰਦੀਆਂ ਸਨ। ਕੁਝ ਕੁ ਮਿੱਠੇ ਦੀ ਵਜ੍ਹਾ ਕਾਰਨ ਅਤੇ ਕੁਝ ਮੌਨਸੂਨ ਕਾਰਨ ਜ਼ਿਆਦਾਤਰ ਲਿਫ਼ਾਫ਼ੇ ਫਟ ਜਾਂਦੇ ਸਨ। ਕਈ ਫਟੇ ਹੋਏ ਲਿਫ਼ਾਫ਼ਿਆਂ ਵਿੱਚੋਂ ਰੱਖੜੀਆਂ ਬਾਹਰ ਨਿਕਲ ਜਾਂਦੀਆਂ ਸਨ ਯਾਨੀ ਕਿ ਰੱਖੜੀ ਤੋਂ ਬਿਨਾਂ ਖਾਲੀ ਲਿਫ਼ਾਫ਼ਾ ਅੱਡ ਅਤੇ ਰੱਖੜੀ ਅੱਡ ਰੁਲਦੀ ਫਿਰਦੀ। ਮੈਂ ਇੱਕ ਗੱਲ ਸਾਂਝੀ ਕਰ ਦਿਆਂ ਕਿ ਸਵੇਰ ਵੇਲੇ ਡਾਕਖਾਨੇ ਦਾ ਸਾਰਾ ਸਟਾਫ਼, ਪੋਸਟ ਮਾਸਟਰ ਤੋਂ ਲੈ ਕੇ ਸਾਰੇ ਬਾਬੂ ਅਤੇ ਡਾਕੀਏ ਚਿੱਠੀਆਂ ਛਾਂਟਣ ਦੀ ਡਿਊਟੀ ਨਿਭਾਉਂਦੇ ਹੁੰਦੇ ਸਨ। ਛਾਂਟੀ ਤੋਂ ਮਤਲਬ ਹੈ ਵੱਖ ਵੱਖ ਕਿਸਮ ਦੇ ਲਿਫ਼ਾਫ਼ੇ, ਕਾਰਡ ਵੱਖ ਵੱਖ ਕੀਤੇ ਜਾਂਦੇ, ਪਿੰਡਾਂ ਦੀਆਂ ਅਤੇ ਸ਼ਹਿਰ ਦੀਆਂ ਚਿੱਠੀਆਂ ਅੱਡ ਕੀਤੀਆਂ ਜਾਂਦੀਆਂ ਸਨ। ਬੇਰੰਗ ਚਿੱਠੀਆਂ ਅਲੱਗ ਕਰਕੇ ਉਨ੍ਹਾਂ ਉੱਪਰ ਲੱਗੇ ਘੱਟ ਖ਼ਰਚੇ ਦਾ ਹਿਸਾਬ ਕਿਤਾਬ ਕੀਤਾ ਜਾਂਦਾ ਸੀ। ਰੱਖੜੀ ਦੇ ਮੌਸਮ ਵੇਲੇ ਅਸੀਂ ਖਾਲੀ ਲਿਫ਼ਾਫ਼ੇ ਅਤੇ ਵਿੱਚੋਂ ਨਿਕਲ ਚੁੱਕੀਆਂ ਰੱਖੜੀਆਂ ਇੱਕ ਪਾਸੇ ਰੱਖੀ ਜਾਂਦੇ। ਮੈਂ ਦੇਖਿਆ ਕਿ ਛਾਂਟੀ ਦੇ ਕੰਮ ਤੋਂ ਵਿਹਲੇ ਹੋ ਕੇ ਸਾਡੇ ਪੋਸਟ ਮਾਸਟਰ ਸਾਹਿਬ ਅਜਿਹੇ ਲਿਫ਼ਾਫ਼ਿਆਂ ਵਿੱਚੋਂ ਹਰੇਕ ਲਿਫ਼ਾਫ਼ੇ ਵਿੱਚ ਆਕਾਰ ਅਨੁਸਾਰ ਇੱਕ ਜਾਂ ਦੋ ਰੱਖੜੀਆਂ ਪਾ ਕੇ ਉੱਪਰੋਂ ਸੂਤਲੀ ਨਾਲ ਬੰਨ੍ਹ ਦਿੰਦੇ ਅਤੇ ਫਟੇ ਹੋਏ ਲਿਫ਼ਾਫ਼ੇ ਦੀ ਥੋੜ੍ਹੀ ਮੁਰੰਮਤ ਵੀ ਕਰ ਦਿੰਦੇ ਸਨ।

ਅਗਲੇ ਦਿਨ ਅਜਿਹੇ ਲਿਫ਼ਾਫ਼ੇ ਸਬੰਧਤ ਡਾਕੀਏ ਰਾਹੀਂ ਦਿੱਤੇ ਹੋਏ ਪਤੇ ’ਤੇ ਪਹੁੰਚਦੇ ਕਰ ਦਿੱਤੇ ਜਾਂਦੇ। ਕਈ ਫਟੇ ਹੋਏ ਲਿਫ਼ਾਫ਼ਿਆਂ ਵਿੱਚੋਂ ਭੈਣਾਂ ਵੱਲੋਂ ਸ਼ਗਨ ਵਜੋਂ ਪਾਇਆ, ਇੱਕ ਜਾਂ ਦੋ ਰੁਪਏ ਦਾ ਨੋਟ ਵੀ ਲਿਫ਼ਾਫ਼ੇ ਤੋਂ ਬਾਹਰ ਨਿਕਲ ਜਾਂਦਾ। ਅਜਿਹੇ ਪੈਸੇ ਉਹ ਪੋਸਟ ਮਾਸਟਰ ਡਾਕਖਾਨੇ ਦੇ ਫੁਟਕਲ ਖਾਤੇ ਵਿੱਚ ਜਮ੍ਹਾਂ ਕਰਵਾ ਦਿੰਦਾ ਸੀ। ਇਸ ਤਰ੍ਹਾਂ ਕਰਕੇ ਪੰਜਾਹ-ਪਚਵੰਜਾ ਨੂੰ ਪਾਰ ਕਰ ਚੁੱਕਿਆ ਭੱਦਰ ਪੁਰਸ਼ ਇੱਕ ਤਰ੍ਹਾਂ ਨਾਲ ਰੁਲ ਹੀ ਚੁੱਕੀ ਰੱਖੜੀ ਨੂੰ ਵੀਰਾਂ ਤੱਕ ਪਹੁੰਚਾਉਣ ਦੀ ਅਦਭੁੱਤ ਸੇਵਾ ਨਿਭਾਉਂਦਾ ਸਕੂਨ ਮਹਿਸੂਸ ਕਰਦਾ ਸੀ। ਅਜਿਹੇ ਮੌਕੇ ਜਿਨ੍ਹਾਂ ਚਿੱਠੀਆਂ ’ਤੇ ਡਾਕ ਖ਼ਰਚਾ ਘੱਟ ਲੱਗਿਆ ਹੁੰਦਾ ਸੀ, ਡਾਕ ਪਾਲ ਉਨ੍ਹਾਂ ਚਿੱਠੀਆਂ ਨੂੰ ਬੇਰੰਗ ਕਰਕੇ, ਘੱਟ ਲੱਗਿਆ ਖ਼ਰਚਾ ਉਗਰਾਹੁਣ ਤੋਂ ਵੀ ਗੁਰੇਜ਼ ਕਰਦਾ ਸੀ। ਬਹੁਤ ਚਿਰ ਬਾਅਦ ਪਤਾ ਚੱਲਿਆ ਕਿ ਪੋਸਟ ਮਾਸਟਰ ਸਾਹਿਬ ਦੇ ਆਪਣੇ ਕੋਈ ਭੈਣ ਨਹੀਂ ਸੀ ਅਤੇ ਇਸ ਕੋਸ਼ਿਸ਼ ਜ਼ਰੀਏ ਉਹ ਸੈਂਕੜੇ ਭੈਣਾਂ ਦੇ ਪਿਆਰ ਦਾ ਅਹਿਸਾਸ ਜ਼ਰੂਰ ਕਰ ਲੈਂਦਾ ਸੀ।

ਸੰਪਰਕ: 98727-87243

Advertisement
×