ਘੱਗਰੇ ਵੀ ਗਏ, ਫੁਲਕਾਰੀਆਂ ਵੀ ਗਈਆਂ...
ਇੰਜ. ਜਗਜੀਤ ਸਿੰਘ ਕੰਡਾ
ਆਦਿ ਕਾਲ ਤੋਂ ਹੀ ਮਨੁੱਖ ਤਨ ਢਕਣ ਲਈ ਸਮੇਂ ਅਤੇ ਹਾਲਤਾਂ ਅਨੁਸਾਰ ਆਪਣੇ ਢੰਗ-ਤਰੀਕਿਆਂ ਰਾਹੀਂ ਕੱਪੜੇ ਪਹਿਨਦਾ ਆ ਰਿਹਾ ਹੈ। ਜਿਉਂ ਜਿਉਂ ਮਨੁੱਖ ਦੀ ਸੋਚ ਅੱਗੇ ਵਧਦੀ ਗਈ, ਉਹ ਹੋਰ ਸੱਭਿਅਕ ਹੁੰਦਾ ਗਿਆ ਤੇ ਆਪਣੇ ਪਹਿਰਾਵੇ ਨੂੰ ਵੀ ਹੋਰ ਵੱਧ ਸੱਭਿਅਕ ਰੂਪ ਦਿੰਦਾ ਗਿਆ। ਪੰਜਾਬੀ ਸੱਭਿਆਚਾਰ ਵਿੱਚ ਘੱਗਰਾ ਤੇ ਫੁਲਕਾਰੀ ਅਨਿੱਖੜਵਾਂ ਅੰਗ ਰਹੇ ਹਨ। ਘੱਗਰਾ ਪੰਜਾਬੀ ਔਰਤਾਂ ਦੀ ਪੁਸ਼ਾਕ ਦਾ ਇੱਕ ਖ਼ਾਸ ਹਿੱਸਾ ਸੀ। ਵੱਡੇ ਘੇਰੇ ਵਾਲੇ ਵਸਤਰ ਜੋ ਕਿ ਵਿਆਹੀਆਂ ਹੋਈਆਂ ਔਰਤਾਂ ਹੀ ਪਹਿਨ ਸਕਦੀਆਂ ਸਨ, ਨੂੰ ਘੱਗਰਾ ਕਹਿੰਦੇ ਸਨ। ਵਿਆਹੀ ਔਰਤ ਦੀ ਪਛਾਣ ਘੱਗਰੇ ਤੋਂ ਹੀ ਹੁੰਦੀ ਸੀ। ਘੱਗਰੇ ਨਾਲ ਉੱਚੀ ਕੁੜਤੀ ਤੇ ਸਿਰ ’ਤੇ ਚੁੰਨੀ ਲਈ ਜਾਂਦੀ ਸੀ। ਚੁੰਨੀ ਨਾਲ ਸਿਰ ਢਕਣ ਤੋਂ ਇਲਾਵਾ ਮੂੰਹ ਵੀ ਲੁਕੋ ਕੇ ਰੱਖਿਆ ਜਾਂਦਾ ਸੀ। ਮੂੰਹ ਸਿਰ ਢੱਕਣ ਦਾ ਅਸਲ ਕਾਰਨ ਜੇਠ, ਸਹੁਰਾ ਜਾਂ ਇਸ ਦੇ ਬਰਾਬਰ ਵਾਲੇ ਰਿਸ਼ਤਿਆਂ ਦੀ ਵਿਆਹੀਆਂ ਔਰਤਾਂ ਅੱਜ ਨਾਲੋਂ ਕਿਤੇ ਵੱਧ ਸ਼ਰਮ ਮੰਨਦੇ ਹੋਏ ਇੱਜ਼ਤ ਤੇ ਮਾਣ-ਸਨਮਾਨ ਦਿੰਦੀਆਂ ਸਨ। ਉਹ ਉਨ੍ਹਾਂ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਗੱਲ ਕਰਨੋਂ ਕੰਨੀ ਕਤਰਾਉਣ ਕਰਕੇ ਘੁੰਡ ਕੱਢਦੀਆਂ ਸਨ। ਘੱਗਰਾ ਤੇ ਕੁੜਤੀ ਉਦੋਂ ਆਮ ਪਹਿਨਣ ਵਾਲੀ ਪੁਸ਼ਾਕ ਹੀ ਸੀ।
ਅੱਜ ਬਦਲ ਚੁੱਕੇ ਜ਼ਮਾਨੇ ਵਿੱਚ ਘੱਗਰੇ ਦਾ ਬਦਲਿਆ ਹੋਇਆ ਰੂਪ ‘ਲਹਿੰਗਾ’ ਔਰਤਾਂ ਖ਼ਾਸ ਮੌਕਿਆਂ ’ਤੇ ਹੀ ਪਾਉਂਦੀਆਂ ਹਨ। ਪਹਿਲੇ ਸਮੇਂ ਵਿੱਚ ਘਰ ਦੀਆਂ ਬਹੂਆਂ ਭਾਵੇਂ ਬੁੱਢੀਆਂ ਹੋ ਜਾਂਦੀਆਂ ਹਨ, ਪਰ ਉਹ ਪਹਿਨਦੀਆਂ ਕੁੜਤੀ ਤੇ ਘੱਗਰਾ ਹੀ ਸਨ। ਉਦੋਂ ਮਾਪੇ ਦਾਜ ਵਿੱਚ ਅੱਜ ਦੀ ਤਰ੍ਹਾਂ ਮਹਿੰਗੇ ਸੂਟ ਨਹੀਂ ਦਿੰਦੇ ਸੀ, ਸਗੋਂ ਘੱਗਰੇ ਦੇਣ ਦਾ ਰਿਵਾਜ਼ ਹੀ ਸੀ। ਕੁਆਰੀ ਕੁੜੀ ਉਦੋਂ ਘੱਗਰਾ ਨਹੀਂ ਪਾ ਸਕਦੀ ਸੀ। ਘੱਗਰੇ ਤੋਂ ਹੀ ਪਤਾ ਲੱਗਦਾ ਸੀ ਕਿ ਇਹ ਪਿੰਡ ਦੀ ਨੂੰਹ ਹੈ। ਘੱਗਰੇ ਤੋਂ ਬਿਨਾਂ ਖੂਹ ਤੋਂ ਪਾਣੀ ਭਰਨ ਜਾਣਾ, ਖੇਤ ਭੱਤਾ ਲੈ ਕੇ ਜਾਣਾ, ਸੱਥ ਵਿੱਚੋਂ ਲੰਘਣ ਸਮੇਂ ਜਾਂ ਭਾਈਚਾਰੇ ਦੇ ’ਕੱਠ ਵਿੱਚ ਜਾਣ ਵਾਲੀ ਨੂੰਹ ਰਾਣੀ ਪ੍ਰਤੀ ਉਦੋਂ ਬੁਰਾ ਮਨਾਇਆ ਜਾਂਦਾ ਸੀ।
ਘੱਗਰਾ ਆਮ ਤੌਰ ’ਤੇ ਪੱਟ ਦੇ ਕੱਪੜੇ ਦਾ ਬਣਿਆ ਹੁੰਦਾ ਸੀ। ਦਾਜ ਵਿੱਚ ਦੇਣ ਵਾਲੇ ਘੱਗਰੇ ਰੇਸ਼ਮੀ, ਸ਼ੰਘਾਈ, ਸਾਟਣ, ਸੂਫ ਆਦਿ ਦੇ ਬਣੇ ਹੁੰਦੇ ਸਨ ਜਿਨ੍ਹਾਂ ਨੂੰ ਗੋਟੇ ਕਿਨਾਰੀਆਂ ਤੇ ਲੌਣ ਲਾ ਕੇ ਸ਼ਿੰਗਾਰਿਆ ਜਾਂਦਾ ਸੀ। ਇਹ ਦਾਜ ਦਾ ਅਹਿਮ ਅੰਗ ਹੁੰਦੇ ਸਨ। ਕਾਲੀ ਸੂਫ ਦੇ ਘੱਗਰੇ ਦੀ ਕੁਝ ਜ਼ਿਆਦਾ ਹੀ ਚੜ੍ਹਤ ਹੁੰਦੀ ਸੀ। ਤਾਹੀਓਂ ਤਾਂ ਕਹਿੰਦੇ ਹਨ ‘ਧਰਤੀ ਸੁੰਭਰਦਾ ਆਏ ਨੀਂ, ਤੇਰਾ ਘੱਗਰਾ ਸੂਫ ਦਾ।’ ਘੱਗਰੇ ਨੂੰ ਸਭ ਤੋਂ ਜ਼ਿਆਦਾ ਕੱਪੜਾ ਲੱਗਦਾ ਸੀ। ਇਹ ਦਸ ਤੋਂ ਵੀਹ ਗਜ਼ ਤੱਕ ਹੁੰਦਾ ਸੀ। ਕਈ ਘੱਗਰੇ ਤਾਂ ਪੱਚੀ ਗਜ਼ ਦੇ ਵੀ ਬਣਾਏ ਜਾਂਦੇ ਸਨ। ਨਵੀਆਂ ਵਿਆਹੀਆਂ ਕੁੜੀਆਂ ਦੇ ਘੱਗਰਿਆਂ ਵਿੱਚ ਰੇਸ਼ਮੀ ਨਾਲੇ ਪਾਏ ਹੁੰਦੇ ਸਨ। ਘੱਗਰੇ ਦਾ ਨਾਲਾ ਵੱਖੀ ਵਾਲੇ ਪਾਸੇ ਦਿਖਾਵੇ ਲਈ ਬੰਨ੍ਹਿਆ ਜਾਂਦਾ ਸੀ। ਹੁਣ ਨਾ ਤਾਂ ਕੋਈ ਸੱਜ ਵਿਆਹੀ ਤੇ ਨਾ ਹੀ ਕੋਈ ਬੁੱਢੀ ਘੱਗਰਾ ਪਾਉਂਦੀ ਹੈ। ਵਿਆਹ ਵਾਲੀਆਂ ਸੱਭਿਅਕ ਸਟੇਜਾਂ ’ਤੇ ਹੀ ਕੁੜੀਆਂ ਘੱਗਰੇ ਪਾ ਕੇ ਨੱਚਦੀਆਂ ਹਨ ਜਾਂ ਇਹ ਅਜਾਇਬ ਘਰਾਂ ਦਾ ਸ਼ਿੰਗਾਰ ਹਨ।
ਫੁਲਕਾਰੀ ਇੱਕ ਤਰ੍ਹਾਂ ਦੀ ਕਢਾਈ ਨੂੰ ਕਿਹਾ ਜਾਂਦਾ ਹੈ। ਫੁਲਕਾਰੀ ਸ਼ਬਦ ਫੁੱਲ+ਕਾਰੀ ਤੋਂ ਬਣਿਆ ਹੈ, ਜਿਸ ਦਾ ਅਰਥ ਹੈ ਫੁੱਲਾਂ ਦੀ ਕਾਰੀਗਰੀ। ਫੁਲਕਾਰੀ ਜਿੱਥੇ ਪੰਜਾਬਣ ਦਾ ਸਿਰ ਢਕਣ ਤੇ ਸ਼ਿੰਗਾਰ ਦਾ ਸਾਧਨ ਹੈ, ਉੱਥੇ ਕਲਾ ਦੀ ਪ੍ਰਤੀਕ ਵੀ ਹੈ। ਪੁਰਾਤਨ ਸਮਿਆਂ ਵਿੱਚ ਕੁੜੀਆਂ ਨੂੰ ਛੋਟੀ ਉਮਰੇ ਹੀ ਚੱਜ ਸਲੀਕੇ ਦੀ ਸਿੱਖਿਆ ਦਿੱਤੀ ਜਾਂਦੀ ਸੀ ਤੇ ਸੁਰਤ ਸੰਭਾਲਦਿਆਂ ਹੀ ਚੁੱਲ੍ਹੇ, ਚੌਂਕੇ ਦੇ ਕੰਮਾਂ ਦੇ ਨਾਲ-ਨਾਲ ਕੱਢਣ, ਬੁਣਨ ਤੇ ਚਰਖਾ ਕੱਤਣ ਆਦਿ ਦੇ ਕੰਮ ਸਿਖਾਏ ਜਾਂਦੇ ਸਨ। ਕੁੜੀਆਂ ਹੌਲੀ-ਹੌਲੀ ਇਨ੍ਹਾਂ ਸਾਰੀਆਂ ਕਲਾਵਾਂ ਵਿੱਚ ਮਾਹਿਰ ਹੋ ਜਾਂਦੀਆਂ ਸਨ। ਸਾਡੇ ਲੋਕ ਗੀਤਾਂ ਵਿੱਚ ਵੀ ਫੁਲਕਾਰੀ ਦਾ ਖ਼ਾਸ ਮਹੱਤਵ ਹੈ;
ਮੈਨੂੰ ਤਾਂ ਕਹਿੰਦਾ ਕੱਢਣ ਨਹੀਂ ਜਾਣਦੀ
ਕੱਤਣ ਨਹੀਂ ਜਾਣਦੀ
ਮੈਂ ਕੱਢ ਲਈ ਫੁਲਕਾਰੀ ਵੇ
ਜਦ ਮੈਂ ਉੱਤੇ ਲਈ
ਤੂੰ ਹੂੰਗਰ ਕਿਉਂ ਮਾਰੀ ਵੇ।
ਫੁਲਕਾਰੀ ਦੀ ਵਰਤੋਂ ਪੰਜਾਬੀ ਮੁਟਿਆਰਾਂ ਵੱਲੋਂ ਵਿਆਹ ਜਾਂ ਖ਼ਾਸ ਤਿੱਥ ਤਿਉਹਾਰਾਂ ਮੌਕੇ ਕੀਤੀ ਜਾਂਦੀ ਹੈ। ਫੁਲਕਾਰੀ ਨੂੰ ਸ਼ਗਨਾਂ ਮੌਕੇ ਮੁਟਿਆਰਾਂ, ਵਿਆਹੀਆਂ ਤੇ ਦਾਦੀਆਂ, ਨਾਨੀਆਂ ਸਭ ਵਰਤਦੀਆਂ ਹਨ। ਲਾਵਾਂ, ਫੇਰਿਆਂ ਮੌਕੇ ਕੁੜੀ ਸਿਰ ’ਤੇ ਫੁਲਕਾਰੀ ਲੈਂਦੀ ਹੈ ਜੋ ਉਸ ਦੇ ਲਾੜੀ ਰੂਪ ਨੂੰ ਚਾਰ ਚੰਨ ਲਾਉਂਦੀ ਹੈ। ਵਿਆਹ ਦੀ ਰਸਮ ਸਮੇਂ ਚੂੜਾ ਪਹਿਨਾਉਣ ਵੇਲੇ ਨਾਨੀ ਆਪਣੀ ਦੋਹਤੀ ਨੂੰ ਚੌਪ ਦਿੰਦੀ ਹੈ ਜੋ ਫੁਲਕਾਰੀ ਤੋਂ ਵੱਡਾ ਹੁੰਦਾ ਹੈ। ਲੋਕ ਆਮ ਹੀ ਦਾਜ ਵਿੱਚ ਧੀਆਂ ਨੂੰ ਫੁਲਕਾਰੀ ਤੇ ਬਾਗ ਦਿੰਦੇ ਸਨ ਜੋ ਪੀੜ੍ਹੀ ਦਰ ਪੀੜ੍ਹੀ ਅੱਗੇ ਚੱਲਦੇ ਸਨ। ਫੁਲਕਾਰੀ ਪੰਜਾਬਣਾਂ ਦੀਆਂ ਭਾਵਨਾਵਾਂ ਨਾਲ ਜੁੜਿਆ ਕੱਪੜਾ ਹੈ। ਫੁਲਕਾਰੀ ਦੀਆਂ ਕਈ ਕਿਸਮਾਂ ਹਨ ਜਿਵੇਂ ਬਾਗ, ਚੌਪ, ਸੁੱਭਰ, ਨੀਲਕ, ਤਿਲ ਪੱਤਰਾ, ਛਮਾਸ, ਘੁੰਗਟਬਾਗ ਆਦਿ। ਬਾਗ ਬਹੁਤ ਹੀ ਮਿਹਨਤ ਨਾਲ ਤਿਆਰ ਕੀਤੀ ਜਾਣ ਵਾਲੀ ਫੁਲਕਾਰੀ ਹੈ। ਇਸ ਦੀ ਕਢਾਈ ਬਹੁਤ ਸੰਘਣੀ ਤੇ ਪੱਟ ਦੇ ਧਾਗੇ ਨਾਲ ਹੁੰਦੀ ਹੈ। ਅਜੋਕੇ ਸਮੇਂ ਵਿੱਚ ਹੱਥ ਨਾਲ ਕਢਾਈ ਕੀਤੀ ਫੁਲਕਾਰੀ ਵਿਰਲੇ ਘਰਾਂ ਕੋਲ ਹੀ ਹੋਵੇਗੀ ਪ੍ਰੰਤੂ ਮਸ਼ੀਨੀ ਕਢਾਈ ਨਾਲ ਫੁਲਕਾਰੀ ਸੂਟ, ਫੁਲਕਾਰੀ ਚੁੰਨੀਆਂ ਆਦਿ ਉਸ ਪੁਰਾਣੇ ਸਮੇਂ ਦੀ ਯਾਦ ਨੂੰ ਤਾਜ਼ਾ ਕਰਨ ਲਈ ਬਾਜ਼ਾਰੋਂ ਆਮ ਹੀ ਮਿਲ ਜਾਂਦੀਆਂ ਹਨ। ਇਨ੍ਹਾਂ ਵਿੱਚ ਉਹ ਪਿਆਰ ਤੇ ਮੋਹ ਦੀਆਂ ਤੰਦਾਂ ਨਹੀਂ ਪਿਰੋਈਆਂ ਹੁੰਦੀਆਂ।
ਸਮਾਂ ਬਦਲਿਆ ਘੱਗਰੇ ਤੇ ਕੁੜਤੀ ਦੀ ਥਾਂ ਸਲਵਾਰ ਕਮੀਜ਼ ਨੇ ਲੈ ਲਈ। ਸਲਵਾਰ ਨੂੰ ਸੁੱਥਣ ਵੀ ਕਿਹਾ ਜਾਂਦਾ ਸੀ, ਪਰ ਇਹ ਸ਼ਬਦ ਨਵੀਂ ਪੀੜ੍ਹੀ ਦੇ ਚੇਤਿਆਂ ਵਿੱਚੋਂ ਵਿਸਰ ਚੁੱਕਾ ਹੈ। ਸਾਡੇ ਪੰਜਾਬ ਦੇ ਸੱਭਿਆਚਾਰ ਵਿੱਚ ਮਰਦਾਂ ਲਈ ਚਾਦਰਾ ਤੇ ਕੁੜਤਾ ਸਿਰ ’ਤੇ ਤੁਰਲੇ ਵਾਲੀ ਪੱਗ ਦੁੱਗਣਾ ਰੂਪ ਚੜ੍ਹਾ ਦਿੰਦੀ ਸੀ। ਸਮਾਂ ਪਾ ਕੇ ਚਾਦਰਾ ਵੀ ਲੋਪ ਹੋ ਗਿਆ ਤੇ ਕੁੜਤਾ-ਪਜਾਮਾ ਹੋਂਦ ਵਿੱਚ ਆਇਆ ਜੋ ਅਜੋਕੇ ਸਮੇਂ ਦਾ ਫੈਸ਼ਨ ਬਣ ਚੁੱਕਾ ਹੈ। ਕੁੜਤਾ-ਚਾਦਰਾ ਤਾਂ ਕਈ ਕਲਾਕਾਰ ਸਟੇਜਾਂ ਵਾਲੇ ਪ੍ਰੋਗਰਾਮ ’ਤੇ ਪਾਉਂਦੇ ਹਨ। ਪੰਜਾਬੀ ਪਹਿਰਾਵਾ ਔਰਤ ਤੇ ਮਰਦ ਦੇ ਪੂਰੇ ਤਨ ਨੂੰ ਢਕਣ ਦੇ ਨਾਲ-ਨਾਲ ਔਰਤ ਦੇ ਹੁਸਨ ਨੂੰ ਆਪਣੇ ਵਿੱਚ ਕੱਜ ਕੇ ਰੱਖਣ ਦਾ ਕੰਮ ਕਰਦਾ ਸੀ ਤਾਂ ਜੋ ਕਿਸੇ ਦੀ ਬਾਜ਼ ਅੱਖ ਉਸ ਨੂੰ ਦੇਖ ਕੇ ਹਉਕਾ ਨਾ ਭਰ ਸਕੇ। ਇੱਜ਼ਤ, ਮਾਣ, ਸਤਿਕਾਰ ਤੇ ਸ਼ਰਮ, ਹਯਾ ਸਾਡੇ ਸੱਭਿਆਚਾਰ ਦਾ ਗਹਿਣਾ ਸਨ। ਕਿਸੇ ਦੀ ਧੀ ਨੂੰ ਸਾਰੇ ਪਿੰਡ ਦੀ ਧੀ-ਧਿਆਣੀ ਸਮਝਿਆ ਜਾਂਦਾ ਸੀ। ਠੇਠਰ ਬੰਦਿਆਂ ਲਈ ਸਾਡੇ ਸਮਾਜ ਵਿੱਚ ਉਦੋਂ ਕੋਈ ਥਾਂ ਨਹੀਂ ਹੁੰਦੀ ਸੀ।
ਸਮਾਂ ਪਾ ਕੇ ਟੈਲੀਵਿਜ਼ਨ ਚੈਨਲਾਂ ਦੀ ਸ਼ੁਰੂਆਤ ਹੋਈ ਜਿਸ ਵਿੱਚ ਸਾਡੇ ਪੰਜਾਬੀ ਸੱਭਿਆਚਾਰ ਦਾ ਚੀਰ-ਹਰਨ ਕੀਤਾ ਗਿਆ। ਬੇਗਾਨਿਆਂ ਨੂੰ ਕੀ ਦੋਸ਼ ਦੇਈਏ, ਅਸੀਂ ਵੀ ਉਸ ਵਿੱਚ ਕਿਤੇ ਨਾ ਕਿਤੇ ਤਾਂ ਭਾਗੀਦਾਰ ਹਾਂ। ਅਸੀਂ ਵਿਨਾਸ਼ ਨੂੰ ਵਿਕਾਸ ਸਮਝਿਆ। ਰਹਿੰਦੀ ਕਸਰ ਅੱਜ ਦੀ ਟੈਕਨਾਲੋਜੀ ਨੇ ਕੱਢ ਕੇ ਸਾਡੀ ਨੌਜਵਾਨ ਪੀੜ੍ਹੀ ਨੂੰ ਪੱਛਮੀ ਮੁਲਕਾਂ ਦੀ ਤਰਜ਼ ’ਤੇ ਛੋਟੇ ਕੱਪੜੇ ਅਪਣਾਉਣ ਵਿੱਚ ਵੱਡਾ ਰੋਲ ਅਦਾ ਕੀਤਾ। ਕਿਸੇ ਸਮੇਂ ਕੋਲ ਖਾਣਾ ਵਿੱਚ ਕੰਮ ਕਰਨ ਲਈ ਪਾਉਣ ਵਾਲੀ ਜੀਨ ਦੀ ਪੈਂਟ ਅੱਜ ਮੁੰਡੇ ਤੇ ਕੁੜੀਆਂ ਲਈ ਫੈਸ਼ਨ ਦਾ ਸਟਾਈਲ ਬਣ ਗਈ ਹੈ। ਕੋਈ ਪੱਟਾਂ ਤੋਂ ਪਾਟੀ, ਕੋਈ ਗੋਡਿਆਂ ਤੋਂ ਪਾਟੀ, ਕੋਈ ਥੱਲੇ ਪਹੁੰਚਿਆਂ ਤੋਂ ਲੀਰਾਂ ਕਰੀ ਹੋਈ ਰੰਗ ਬਿਰੰਗੀ ਜੀਨ ਦੀਆਂ ਪੈਂਟਾਂ ਅਤੇ ਛੋਟੇ-ਛੋਟੇ ਟੌਪ ਪਾ ਕੇ ਆਪਣੇ-ਆਪ ਨੂੰ ਬਹੁਤ ਅਗਾਂਹਵਧੂ ਦਿਖਾਉਣ ਲਈ ਇੱਕ ਦੂਜੇ ਤੋਂ ਅੱਗੇ ਹਨ। ਤਰੱਕੀ ਦੇ ਨਾਂ ’ਤੇ ਅਸੀਂ ਲੱਚਰਤਾ ਦੀ ਦਲ-ਦਲ ਵਿੱਚ ਧੱਸਦੇ ਜਾ ਰਹੇ ਹਾਂ।
ਘੁੰਡ ਭਾਰਤੀ ਔਰਤ ਤੇ ਖ਼ਾਸ ਕਰ ਕੇ ਪੰਜਾਬੀ ਔਰਤਾਂ ਦਾ ਗਹਿਣਾ ਹੁੰਦਾ ਸੀ ਜੋ ਔਰਤ ਨੂੰ ਸੰਗ, ਸ਼ਰਮ, ਹਯਾ ਤੇ ਵੱਡਿਆਂ ਦਾ ਸਤਿਕਾਰ ਕਰਨ ਦੀ ਅਹਿਮੀਅਤ ਬਣਾਈ ਰੱਖਣ ਲਈ ਯਾਦ ਦਿਵਾਉਂਦਾ ਰਹਿੰਦਾ ਸੀ। ਚੁੰਨੀ ਜਾਂ ਦੁਪੱਟੇ ਨਾਲ ਮੂੰਹ ਨੂੰ ਲੁਕਾਉਣ ਨੂੰ ਘੁੰਡ ਕੱਢਣਾ ਕਹਿੰਦੇ ਸਨ। ਪੁਰਾਣੇ ਸਮਿਆਂ ਵਿੱਚ ਪਿੰਡ ਦੀਆਂ ਨਵੀਆਂ ਵਿਆਹੀਆਂ ਨੂੰਹਾਂ, ਬਹੂਆਂ ਭਾਵੇਂ ਉਹ ਵਡੇਰੀ ਉਮਰ ਦੀਆਂ ਵੀ ਕਿਉਂ ਨਾ ਹੋ ਜਾਣ, ਆਪਣੇ ਤੋਂ ਰਿਸ਼ਤੇ ਵਿੱਚ ਵੱਡੇ ਵਿਅਕਤੀਆਂ ਤੇ ਬਜ਼ੁਰਗਾਂ ਤੋਂ ਸ਼ਰਮ ਕਾਰਨ ਘੁੰਡ ਕੱਢਦੀਆਂ ਸਨ। ਨੂੰਹ, ਧੀ ਦੀ ਪਛਾਣ ਹੀ ਘੁੰਡ ਤੋਂ ਹੁੰਦੀ ਸੀ। ਪੁਰਾਤਨ ਸਮਿਆਂ ਦੇ ਪਿੰਡਾਂ ਵਿੱਚ ਘਰਾਂ ਦੇ ਬਾਹਰ ਘੰਟੀ ਦੀ ਸਵਿੱਚ ਨਹੀਂ ਲੱਗੀ ਹੁੰਦੀ ਸੀ। ਅੱਜ ਦਰਵਾਜ਼ੇ ਛੋਟੇ ਤੇ ਬੰਦ ਰਹਿੰਦੇ ਹਨ। ਉਦੋਂ ਦਰਵਾਜ਼ੇ ਵੱਡੇ ਅਤੇ ਬਾਰ ਖੁੱਲ੍ਹੇ ਰਹਿੰਦੇ ਸਨ। ਫਿਰ ਵੀ ਸਾਡੇ ਬਜ਼ੁਰਗ ਸਿਆਣੇ ਤੇ ਸੂਝਵਾਨ ਹੋਣ ਕਾਰਨ ਖੰਗੂਰਾ ਮਾਰ ਕੇ ਅੰਦਰ ਆਉਂਦੇ ਸਨ। ਉਦੋਂ ਜੇਠ, ਸਹੁਰਾ ਜਾਂ ਕਿਸੇ ਵੀ ਵਡੇਰੀ ਉਮਰ ਦੇ ਵਿਅਕਤੀ ਨੇ ਆਪਣੇ ਜਾਂ ਕਿਸੇ ਦੇ ਘਰ ਆਉਣਾ-ਜਾਣਾ ਹੁੰਦਾ ਸੀ ਤਾਂ ਖੰਗੂਰਾ ਮਾਰ ਕੇ ਅੰਦਰ ਵੜਦੇ ਸਨ ਤਾਂ ਕਿ ਨੂੰਹ ਜਾਂ ਸੱਸ ਪੱਲਾ ਕਰ ਲਵੇ।
ਪੁਰਾਤਨ ਸੱਭਿਆਚਾਰ ਵਿੱਚ ਲਾੜੇ ਨੇ ਵਿਆਹ ਤੋਂ ਪਹਿਲਾਂ ਆਪਣੀ ਲਾੜੀ ਨੂੰ ਵੇਖਿਆ ਨਹੀਂ ਹੁੰਦਾ ਸੀ। ਉਦੋਂ ਰਾਜੇ ਸਿੱਖ ਹੀ ਮੁੰਡੇ ਦੀ ਤਲੀ ’ਤੇ ਰੁਪਈਆ ਧਰ ਕੇ ਰਿਸ਼ਤਾ ਪੱਕਾ ਕਰ ਆਉਂਦੇ ਸਨ। ਉਨ੍ਹਾਂ ਰਿਸ਼ਤਿਆਂ ਵਿੱਚ ਅੰਤ ਤੱਕ ਨਿਭਾਉਣ ਦੀ ਲਿਆਕਤ ਕੁੱਟ-ਕੁੱਟ ਕੇ ਭਰੀ ਹੁੰਦੀ ਸੀ। ਅੱਜ ਵਾਲੇ ਛੋਟੀ ਜਿਹੀ ਗੱਲ ’ਤੇ ਕੱਪੜਿਆਂ ਦੀ ਤਰ੍ਹਾਂ ਇੱਕ ਦੂਜੇ ਨੂੰ ਮਗਰੋਂ ਲਾਹੁਣ ਵਾਲੀਆਂ ਕਾਰਵਾਈਆਂ ਕਰਦੇ ਹਨ। ਉਦੋਂ ਰਿਸ਼ਤਿਆਂ ਦਾ ਆਪਸੀ ਨਿੱਘ ਹੀ ਐਨਾ ਹੁੰਦਾ ਸੀ ਕਿ ਤਲਾਕ ਸ਼ਬਦ ਨੂੰ ਕੋਈ ਜਾਣਦਾ ਹੀ ਨਹੀਂ ਸੀ। ਅੱਜ ਘੁੰਡ ਤਾਂ ਬਿਲਕੁਲ ਖ਼ਤਮ ਹੋ ਗਿਆ ਹੈ, ਪਰ ਚੁੰਨੀ ਅਜੇ ਬਰਕਰਾਰ ਹੈ। ਕਾਰਪੋਰੇਟ ਘਰਾਣਿਆਂ ਨੇ ਪਹਿਰਾਵੇ ਨੂੰ ਵਪਾਰ ਦਾ ਸਾਧਨ ਬਣਾ ਕੇ ਲੋਕਾਂ ਅਤੇ ਖ਼ਾਸ ਕਰ ਕੇ ਨਵੀਂ ਪੀੜ੍ਹੀ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ।
ਸੰਪਰਕ: 96462-00468