DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸਭ ਤੋਂ ਵਧੀਆ ਦਵਾਈ ਹਾਸਾ

ਲਲਿਤ ਗੁਪਤਾ ਕਿਸੇ ਵੀ ਵਿਅਕਤੀ ਦੇ ਚਿਹਰੇ ’ਤੇ ਹਾਸਾ ਉਸ ਵਿਅਕਤੀ ਨੂੰ ਊਰਜਾਵਾਨ ਬਣਾ ਦਿੰਦਾ ਹੈ। ਹਰ ਕੰਮ ਖ਼ੁਸ਼ੀ-ਖ਼ੁਸ਼ੀ ਕਰਨ ਨਾਲ ਜ਼ਿੰਦਗੀ ਦੀਆਂ ਬਹੁਤ ਸਾਰੀਆਂ ਮੁਸ਼ਕਲਾਂ ਆਪਣੇ-ਆਪ ਖ਼ਤਮ ਹੋ ਜਾਂਦੀਆਂ ਹਨ ਅਤੇ ਜੀਵਨ ਚੰਗਾ ਲੱਗਣ ਲੱਗ ਪੈਂਦਾ ਹੈ। ਮਸ਼ਹੂਰ ਕਲਾਕਾਰ...
  • fb
  • twitter
  • whatsapp
  • whatsapp
Advertisement

ਲਲਿਤ ਗੁਪਤਾ

ਕਿਸੇ ਵੀ ਵਿਅਕਤੀ ਦੇ ਚਿਹਰੇ ’ਤੇ ਹਾਸਾ ਉਸ ਵਿਅਕਤੀ ਨੂੰ ਊਰਜਾਵਾਨ ਬਣਾ ਦਿੰਦਾ ਹੈ। ਹਰ ਕੰਮ ਖ਼ੁਸ਼ੀ-ਖ਼ੁਸ਼ੀ ਕਰਨ ਨਾਲ ਜ਼ਿੰਦਗੀ ਦੀਆਂ ਬਹੁਤ ਸਾਰੀਆਂ ਮੁਸ਼ਕਲਾਂ ਆਪਣੇ-ਆਪ ਖ਼ਤਮ ਹੋ ਜਾਂਦੀਆਂ ਹਨ ਅਤੇ ਜੀਵਨ ਚੰਗਾ ਲੱਗਣ ਲੱਗ ਪੈਂਦਾ ਹੈ। ਮਸ਼ਹੂਰ ਕਲਾਕਾਰ ਚਾਰਲੀ ਚੈਪਲਿਨ ਦੇ ਕਹੇ ਮੁਤਾਬਕ ਹਾਸੇ ਤੋਂ ਬਿਨਾਂ ਬਿਤਾਇਆ ਗਿਆ ਦਿਨ ਬਰਬਾਦੀ ਵਾਲਾ ਦਿਨ ਹੁੰਦਾ ਹੈ।

Advertisement

ਦੱਸ ਦਈਏ ਕਿ ਹਾਸਾ ਜ਼ਿੰਦਗੀ ਦੀਆਂ ਸਭ ਤੋਂ ਵਧੀਆ ਚੀਜ਼ਾਂ ’ਚੋਂ ਇੱਕ ਹੈ ਜੋ ਸਾਡੀ ਸਰੀਰਕ, ਮਾਨਸਿਕ ਅਤੇ ਭਾਵਨਾਤਮਕ ਸਿਹਤ ’ਤੇ ਬਹੁਤ ਸਾਰੇ ਸਕਾਰਾਤਮਕ ਪ੍ਰਭਾਵ ਪਾਉਂਦਾ ਹੈ। ਇਸ ਤੋਂ ਇਲਾਵਾ ਹੱਸਣ ਨਾਲ ਤਣਾਅ ਘੱਟ ਹੁੰਦਾ ਹੈ ਅਤੇ ਸਾਡਾ ਪਾਚਨ ਤੰਤਰ ਵੀ ਤੰਦਰੁਸਤ ਹੁੰਦਾ ਹੈ। ਹਾਸਾ ਸਭ ਤੋਂ ਵਧੀਆ ਦਵਾਈ ਹੈ ਜੋ ਹਰ ਸਥਿਤੀ ਵਿੱਚ ਕੰਮ ਕਰਦੀ ਹੈ। ਅੱਜਕੱਲ੍ਹ ‘ਲਾਫ ਥੈਰੇਪੀ’ ਬਹੁਤ ਮਸ਼ਹੂਰ ਹੋ ਗਈ ਹੈ। ਇਸ ਵਿੱਚ ਲੋਕ ਬਿਨਾਂ ਕਿਸੇ ਮਕਸਦ ਦੇ ਸਵੇਰੇ ਕਿਸੇ ਪਾਰਕ ਜਾਂ ਖੁੱਲ੍ਹੀ ਥਾਂ ਵਿੱਚ ਇਕੱਠੇ ਹੋ ਜਾਂਦੇ ਹਨ ਅਤੇ ਉੱਚੀ-ਉੱਚੀ ਹੱਸਦੇ ਹਨ। ਇਸ ਨੂੰ ‘ਲਾਫ ਥੈਰੇਪੀ’ ਕਿਹਾ ਜਾਂਦਾ ਹੈ। ਅਜਿਹਾ ਕਰਨ ਨਾਲ ਅਵਸਾਦ, ਮਾਈਗ੍ਰੇਨ, ਸਿਰ ਦਰਦ, ਤਣਾਅ ਵਰਗੀਆਂ ਬਿਮਾਰੀਆਂ ਤੋਂ ਤੁਰੰਤ ਰਾਹਤ ਮਿਲਦੀ ਹੈ। ਡਾਕਟਰ ਮੁਤਾਬਕ ਸਿਹਤਮੰਦ ਰਹਿਣ ਲਈ 3 ਚੀਜ਼ਾਂ ਦੀ ਲੋੜ ਹੁੰਦੀ ਹੈ- ਸੰਤੁਲਿਤ ਖੁਰਾਕ, ਮਨ ਦੀ ਸ਼ਾਂਤੀ ਅਤੇ ਖੁੱਲ੍ਹ ਕੇ ਹੱਸਣਾ। ਇਸ ਲਈ ਤੁਸੀਂ ਲੋਕ ਖੁੱਲ੍ਹ ਕੇ ਹੱਸਣ ਦਾ ਕੋਈ ਮੌਕਾ ਨਾ ਛੱਡੋ।

ਹਾਸਰਸ ਇੱਕ ਵਿਆਪਕ ਭਾਸ਼ਾ ਹੈ। ਇਸ ਵਿੱਚ ਜਾਤ, ਧਰਮ, ਰੰਗ, ਲਿੰਗ ਦੀ ਪਰਵਾਹ ਕੀਤੇ ਬਿਨਾਂ ਮਨੁੱਖਤਾ ਨੂੰ ਜੋੜਨ ਦੀ ਸਮਰੱਥਾ ਹੈ। ਹਾਸਾ ਸਾਰੇ ਲੋਕਾਂ ਦੇ ਮਾਨਸਿਕ ਅਤੇ ਸਰੀਰਕ ਵਿਕਾਸ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਮਾਹਿਰਾਂ ਮੁਤਾਬਕ ਹਾਸੇ ’ਚ ਲੋਕਾਂ ਨੂੰ ਇਕਜੁੱਟ ਕਰਨ ਅਤੇ ਤਣਾਅ ਨੂੰ ਦੂਰ ਕਰਨ ਦੀ ਸ਼ਕਤੀ ਹੁੰਦੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਅਸੀਂ ਸਿਹਤ, ਖ਼ੁਸ਼ੀ ਅਤੇ ਵਿਸ਼ਵ ਸ਼ਾਂਤੀ ਨੂੰ ਉਤਸ਼ਾਹਿਤ ਕਰਨ ਲਈ ਹਾਸੇ ਨੂੰ ਹਥਿਆਰ ਵਜੋਂ ਵਰਤ ਸਕਦੇ ਹਾਂ।

ਹਰ ਸਾਲ ਮਈ ਦੇ ਪਹਿਲੇ ਐਤਵਾਰ ਨੂੰ ਵਿਸ਼ਵ ਹਾਸਾ ਦਿਵਸ ਮਨਾਇਆ ਜਾਂਦਾ ਹੈ। ਇਸ ਦੀ ਸ਼ੁਰੂਆਤ ਭਾਰਤ ਤੋਂ ਹੀ ਹੋਈ ਹੈ। ਇਹ ਦਿਨ ਪੂਰੀ ਤਰ੍ਹਾਂ ਹੱਸਣ ਅਤੇ ਹਸਾਉਣ ਨੂੰ ਸਮਰਪਿਤ ਹੈ। ਇਸ ਦਿਨ ਦੇਸ਼-ਵਿਦੇਸ਼ ਵਿੱਚ ਵੱਖ-ਵੱਖ ਤਰ੍ਹਾਂ ਦੇ ਕਾਮੇਡੀ ਮੁਕਾਬਲੇ ਅਤੇ ਸ਼ੋਅ ਕਰਵਾਏ ਜਾਂਦੇ ਹਨ। ਹਾਸਾ ਸਾਰੇ ਲੋਕਾਂ ਦੇ ਮਾਨਸਿਕ ਅਤੇ ਸਰੀਰਕ ਵਿਕਾਸ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਅੰਤਰਰਾਸ਼ਟਰੀ ਹਾਸਾ ਦਿਵਸ 11 ਜਨਵਰੀ 1998 ਨੂੰ ਮੁੰਬਈ ਵਿੱਚ ਸ਼ੁਰੂ ਹੋਇਆ ਸੀ। ਵਿਸ਼ਵ ਹਾਸਾ ਦਿਵਸ ਦੀ ਸਥਾਪਨਾ ਦਾ ਸਿਹਰਾ ਡਾ. ਮਦਨ ਕਟਾਰੀਆ ਨੂੰ ਜਾਂਦਾ ਹੈ। ਉਨ੍ਹਾਂ ਨੇ ਹੀ 11 ਜਨਵਰੀ 1998 ਨੂੰ ਮੁੰਬਈ ਵਿੱਚ ਪਹਿਲੀ ਵਾਰ ਵਿਸ਼ਵ ਹਾਸਾ ਦਿਵਸ ਮਨਾਇਆ ਸੀ। ਇਸ ਨੂੰ ਮਨਾਉਣ ਪਿੱਛੇ ਸਭ ਤੋਂ ਵੱਡਾ ਮਕਸਦ ਸਮਾਜ ਵਿੱਚ ਵਧ ਰਹੇ ਤਣਾਅ ਨੂੰ ਘੱਟ ਕਰਨਾ ਸੀ। ਰੋਜ਼ਾਨਾ ਦੇ ਕੰਮਾਂ ਕਾਰਨ ਲੋਕਾਂ ਦੀ ਜ਼ਿੰਦਗੀ ’ਚ ਹੱਸਣ ਦੀ ਸੰਭਾਵਨਾ ਘਟਦੀ ਜਾ ਰਹੀ ਹੈ। ਅਜਿਹੇ ’ਚ 1998 ’ਚ ਸੋਚਿਆ ਗਿਆ ਕਿ ਕਿਉਂ ਨਾ ਕੁਝ ਅਜਿਹਾ ਕੀਤਾ ਜਾਵੇ, ਜਿਸ ਦੇ ਬਹਾਨੇ ਲੋਕ ਇੱਕ-ਦੂਜੇ ਨਾਲ ਗੱਲ ਕਰ ਸਕਣ ਅਤੇ ਥੋੜ੍ਹੀ ਦੇਰ ਲਈ ਹੱਸ ਸਕਣ। ਵਿਸ਼ਵ ਹਾਸਾ ਦਿਵਸ ਦੀ ਸ਼ੁਰੂਆਤ ਵਿਸ਼ਵ ਵਿੱਚ ਸ਼ਾਂਤੀ ਅਤੇ ਮਨੁੱਖਤਾ ਵਿੱਚ ਭਾਈਚਾਰਕ ਸਾਂਝ ਅਤੇ ਸਦਭਾਵਨਾ ਦੀ ਸਥਾਪਨਾ ਦੇ ਉਦੇਸ਼ ਨਾਲ ਕੀਤੀ ਗਈ ਹੈ। ਇਸ ਦਿਨ ਦੀ ਪ੍ਰਸਿੱਧੀ ‘ਹਾਸਾ ਯੋਗ ਅੰਦੋਲਨ’ ਦੁਆਰਾ ਪੂਰੀ ਦੁਨੀਆ ਵਿੱਚ ਫੈਲ ਗਈ। ਅੱਜ ਪੂਰੀ ਦੁਨੀਆ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਕਾਮੇਡੀ ਕਲੱਬ ਹਨ। ਹਾਸਰਸ ਮਨੁੱਖ ਦੇ ਇਲੈੱਕਟ੍ਰੋ-ਮੈਗਨੈਟਿਕ ਖੇਤਰ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਵਿਅਕਤੀ ਵਿੱਚ ਸਕਾਰਾਤਮਕ ਊਰਜਾ ਦਾ ਸੰਚਾਰ ਕਰਦਾ ਹੈ। ਜਦੋਂ ਕੋਈ ਵਿਅਕਤੀ ਇੱਕ ਸਮੂਹ ਵਿੱਚ ਹੱਸਦਾ ਹੈ ਤਾਂ ਇਹ ਸਕਾਰਾਤਮਕ ਊਰਜਾ ਪੂਰੇ ਖੇਤਰ ਵਿੱਚ ਫੈਲ ਜਾਂਦੀ ਹੈ ਅਤੇ ਖੇਤਰ ਵਿੱਚੋਂ ਨਕਾਰਾਤਮਕ ਊਰਜਾ ਨੂੰ ਦੂਰ ਕਰਦੀ ਹੈ।

ਇਸ ਦਿਨ ਨੂੰ ਮਨਾਉਣ ਦਾ ਸਪੱਸ਼ਟ ਮਕਸਦ ਲੋਕਾਂ ਨੂੰ ਹਸਾਉਣਾ ਹੈ, ਮਾਧਿਅਮ ਭਾਵੇਂ ਕੋਈ ਵੀ ਹੋਵੇ। ਜਦੋਂ ਕਿ ਹੱਸਣਾ ਇੱਕ ਚੰਗੀ ਕਸਰਤ ਹੈ, ਹਸਾਉਣਾ ਇੱਕ ਕਲਾ ਹੈ। ਜਦੋਂ ਤੁਸੀਂ ਹੱਸਦੇ ਹੋ, ਤੁਹਾਡੇ ਆਲੇ ਦੁਆਲੇ ਦੀ ਦੁਨੀਆ ਬਦਲ ਜਾਂਦੀ ਹੈ। ਬਿਨਾਂ ਸ਼ਰਤ ਹੱਸਣ ਨਾਲ ਸਾਨੂੰ ਅੰਦਰੋਂ ਚੰਗਾ ਮਹਿਸੂਸ ਕਰਨ ਦੀ ਸ਼ਕਤੀ ਮਿਲਦੀ ਹੈ ਅਤੇ ਜਦੋਂ ਤੁਸੀਂ ਅੰਦਰੋਂ ਚੰਗਾ ਮਹਿਸੂਸ ਕਰਦੇ ਹੋ ਤਾਂ ਇਹ ਬਾਹਰੀ ਦੁਨੀਆ ਦੀ ਪੂਰੀ ਧਾਰਨਾ ਨੂੰ ਬਦਲ ਦਿੰਦਾ ਹੈ। ਹਾਸਾ ਸਰੀਰਕ, ਮਾਨਸਿਕ, ਸਮਾਜਿਕ ਅਤੇ ਅਧਿਆਤਮਕ ਤੰਦਰੁਸਤੀ ਦਾ ਸਭ ਤੋਂ ਆਸਾਨ ਉਪਾਅ ਹੈ। ਹਾਸੇ ਦਾ ਕਾਰਨ ਕੀ ਹੈ?, ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ, ਪਰ ਯਕੀਨੀ ਤੌਰ ’ਤੇ ਤੁਹਾਨੂੰ ਚੰਗਾ ਮਹਿਸੂਸ ਹੁੰਦਾ ਹੈ। ਆਪਣੇ ਰਿਸ਼ਤੇ ਨੂੰ ਮਜ਼ਬੂਤ ਕਰਨ ਲਈ ਅਤੇ ਵੱਖ-ਵੱਖ ਸਥਿਤੀਆਂ ਵਿੱਚ ਜਦੋਂ ਤੁਸੀਂ ਪਰੇਸ਼ਾਨ ਹੁੰਦੇ ਹੋ ਤਾਂ ਹਾਸਾ ਤੁਹਾਡੀ ਚਿੰਤਾ ਦੂਰ ਕਰਦਾ ਹੈ। ਇਸ ਨਾਲ ਤੁਹਾਡੀ ਚਿੰਤਾ ਘੱਟ ਹੁੰਦੀ ਹੈ ਅਤੇ ਕੈਲੋਰੀ ਬਰਨ ਹੁੰਦੀ ਹੈ।

ਹਾਸਾ ਵਿਅਕਤੀ ਵਿੱਚ ਸਕਾਰਾਤਮਕ ਊਰਜਾ ਲਿਆਉਂਦਾ ਹੈ ਅਤੇ ਨਕਾਰਾਤਮਕ ਊਰਜਾ ਨੂੰ ਖ਼ਤਮ ਕਰਦਾ ਹੈ ਜਿਸ ਨਾਲ ਵਿਅਕਤੀ ਸ਼ਾਂਤੀ ਨਾਲ ਆਪਣਾ ਜੀਵਨ ਬਤੀਤ ਕਰ ਸਕਦਾ ਹੈ। ਕਈ ਬਿਮਾਰੀਆਂ ਵੀ ਹੱਸਣ ਨਾਲ ਆਪਣੇ ਆਪ ਠੀਕ ਹੋ ਜਾਂਦੀਆਂ ਹਨ।

ਮਨੋਵਿਗਿਆਨਕ ਪ੍ਰਯੋਗਾਂ ਤੋਂ ਪਤਾ ਲੱਗਾ ਹੈ ਕਿ ਜੋ ਬੱਚੇ ਜ਼ਿਆਦਾ ਹੱਸਦੇ ਹਨ, ਉਹ ਜ਼ਿਆਦਾ ਬੁੱਧੀਮਾਨ ਹੁੰਦੇ ਹਨ। ਜਪਾਨ ਦੇ ਲੋਕ ਆਪਣੇ ਬੱਚਿਆਂ ਨੂੰ ਜਨਮ ਤੋਂ ਹੀ ਹੱਸਦੇ ਰਹਿਣਾ ਸਿਖਾਉਂਦੇ ਹਨ। ਹਾਸਰਸ ਤਣਾਅ, ਦਰਦ ਅਤੇ ਸੰਘਰਸ਼ ਦਾ ਇੱਕ ਸ਼ਕਤੀਸ਼ਾਲੀ ਸਰੋਤ ਹੈ। ਹਾਸਰਸ ਬੋਝ ਨੂੰ ਹਲਕਾ ਕਰਦਾ ਹੈ, ਉਮੀਦ ਨੂੰ ਪ੍ਰੇਰਿਤ ਕਰਦਾ ਹੈ, ਸਾਨੂੰ ਦੂਜਿਆਂ ਨਾਲ ਜੋੜਦਾ ਹੈ ਅਤੇ ਇਹ ਸਾਨੂੰ ਫੋਕਸ ਕਰਨ ਅਤੇ ਸੁਚੇਤ ਰਹਿਣ ਵਿੱਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਇਹ ਸਾਨੂੰ ਹੋਰ ਤੇਜ਼ੀ ਅਤੇ ਊਰਜਾ ਨਾਲ ਕੰਮ ਕਰਨ ਵਿੱਚ ਵੀ ਮਦਦ ਕਰਦਾ ਹੈ। ਜਦੋਂ ਇੱਕ ਅਧਿਆਪਕ ਜਮਾਤ ਵਿੱਚ ਹੱਸਦੇ ਚਿਹਰੇ ਨਾਲ ਪ੍ਰਵੇਸ਼ ਕਰਦਾ ਹੈ ਤਾਂ ਬੱਚਿਆਂ ਦੇ ਚਿਹਰੇ ’ਤੇ ਰੌਣਕ ਆ ਜਾਂਦੀ ਹੈ। ਜਦੋਂ ਇੱਕ ਡਾਕਟਰ ਕਿਸੇ ਮਰੀਜ਼ ਨਾਲ ਹੱਸ ਕੇ ਗੱਲ ਕਰ ਲਵੇ ਤਾਂ ਮਰੀਜ਼ ਅੱਧਾ ਕੁ ਤਾਂ ਵੈਸੇ ਹੀ ਠੀਕ ਹੋ ਜਾਂਦਾ ਹੈ। ਮਨੁੱਖੀ ਸਰੀਰ ਵਿੱਚ ਪੇਟ ਅਤੇ ਛਾਤੀ ਦੇ ਵਿਚਕਾਰ ਇੱਕ ਡਾਇਆਫ੍ਰਾਮ ਹੁੰਦਾ ਹੈ, ਜੋ ਹੱਸਣ ਵੇਲੇ ਸੁੰਗੜਨ ਦਾ ਕੰਮ ਕਰਦਾ ਹੈ। ਨਤੀਜੇ ਵਜੋਂ ਹੱਸਣ ਨਾਲ ਪੇਟ, ਫੇਫੜਿਆਂ ਅਤੇ ਜਿਗਰ ਦੀ ਮਾਲਸ਼ ਹੋ ਜਾਂਦੀ ਹੈ। ਹਾਸਾ ਸਰੀਰ ਵਿੱਚ ਨਵੀਂ ਊਰਜਾ ਲਿਆਉਂਦਾ ਹੈ। ਹੱਸਣ ਨਾਲ ਬਲੱਡ ਪ੍ਰੈਸ਼ਰ ਘੱਟ ਹੁੰਦਾ ਹੈ। ਅਸੀਂ ਗੱਲ ਕਰਨ ਵੇਲੇ ਜਿੰਨੀ ਆਕਸੀਜਨ ਲੈਂਦੇ ਹਾਂ, ਉਸ ਤੋਂ ਛੇ ਗੁਣਾ ਜ਼ਿਆਦਾ ਆਕਸੀਜਨ ਅਸੀਂ ਹੱਸਣ ਵੇਲੇ ਲੈਂਦੇ ਹਾਂ। ਇਸ ਤਰ੍ਹਾਂ ਸਰੀਰ ਨੂੰ ਆਕਸੀਜਨ ਦੀ ਚੰਗੀ ਮਾਤਰਾ ਮਿਲਦੀ ਹੈ। ਮਨੋਵਿਗਿਆਨੀ ਵੀ ਤਣਾਅ ਤੋਂ ਪੀੜਤ ਲੋਕਾਂ ਨੂੰ ਹੱਸਦੇ ਰਹਿਣ ਦੀ ਸਲਾਹ ਦਿੰਦੇ ਹਨ। ਜਦੋਂ ਤੁਸੀਂ ਹੱਸਣ ਲੱਗਦੇ ਹੋ ਤਾਂ ਸਰੀਰ ਵਿੱਚ ਖੂਨ ਦਾ ਸੰਚਾਰ ਤੇਜ਼ ਹੋ ਜਾਂਦਾ ਹੈ। ਰੋਜ਼ਾਨਾ ਖੁੱਲ੍ਹ ਕੇ ਹੱਸਣ ਨਾਲ ਸ਼ੂਗਰ ਨੂੰ ਕੰਟਰੋਲ ਕਰਨ ’ਚ ਵੀ ਮਦਦ ਮਿਲਦੀ ਹੈ।

ਹੱਸਣ ਨਾਲ ਆਕਸੀਜਨ ਦਾ ਸੰਚਾਰ ਬਹੁਤ ਤੇਜ਼ ਹੋ ਜਾਂਦਾ ਹੈ, ਜਿਸ ਕਾਰਨ ਦੂਸ਼ਿਤ ਹਵਾ ਕਾਫ਼ੀ ਮਾਤਰਾ ’ਚ ਬਾਹਰ ਨਿਕਲਦੀ ਹੈ। ਨਿਯਮਿਤ ਤੌਰ ’ਤੇ ਖੁੱਲ੍ਹ ਕੇ ਹੱਸਣ ਨਾਲ ਸਰੀਰ ਦੇ ਸਾਰੇ ਹਿੱਸਿਆਂ ਨੂੰ ਮਜ਼ਬੂਤੀ ਮਿਲਦੀ ਹੈ ਅਤੇ ਸਰੀਰ ਵਿੱਚ ਖੂਨ ਦੇ ਸੰਚਾਰ ਦੀ ਰਫ਼ਤਾਰ ਵਧਦੀ ਹੈ ਅਤੇ ਪਾਚਨ ਤੰਤਰ ਵਧੇਰੇ ਕੁਸ਼ਲਤਾ ਨਾਲ ਕੰਮ ਕਰਦਾ ਹੈ। ਉੱਚੀ-ਉੱਚੀ ਹੱਸਣ ਨਾਲ ਪੂਰੇ ਸਰੀਰ ਦੇ ਹਰ ਅੰਗ ਨੂੰ ਹਿਲਜੁਲ ਮਿਲਦੀ ਹੈ, ਨਤੀਜੇ ਵਜੋਂ ਸਰੀਰ ਵਿੱਚ ਮੌਜੂਦ ਐਂਡੋਰਫਿਨ ਗਲੈਂਡ (ਹਾਰਮੋਨ ਡੋਨਰ ਸਿਸਟਮ) ਨਿਰਵਿਘਨ ਚੱਲਣ ਲੱਗਦੀ ਹੈ ਜੋ ਕਈ ਬਿਮਾਰੀਆਂ ਤੋਂ ਛੁਟਕਾਰਾ ਪਾਉਣ ਵਿੱਚ ਮਦਦਗਾਰ ਹੁੰਦੀ ਹੈ। ਇਹ ਇਮਿਊਨਿਟੀ ਵਧਾਉਣ ’ਚ ਵੀ ਮਦਦਗਾਰ ਹੈ।

ਹਾਸਾ ਦਿਲ ਦੀ ਰੱਖਿਆ ਕਰਦਾ ਹੈ ਅਤੇ ਖੂਨ ਦੇ ਪ੍ਰਵਾਹ ਨੂੰ ਵਧਾਉਂਦਾ ਹੈ ਜੋ ਸਾਨੂੰ ਦਿਲ ਦੇ ਦੌਰੇ ਅਤੇ ਦਿਲ ਨਾਲ ਸਬੰਧਤ ਹੋਰ ਸਮੱਸਿਆਵਾਂ ਤੋਂ ਬਚਾ ਸਕਦਾ ਹੈ। ਇਹ ਕੈਲੋਰੀ ਬਰਨ ਕਰਦਾ ਹੈ। ਦਿਨ ਵਿੱਚ 10 ਤੋਂ 15 ਮਿੰਟ ਹੱਸਣ ਨਾਲ ਲਗਭਗ 40 ਕੈਲੋਰੀਆਂ ਬਰਨ ਹੋ ਸਕਦੀਆਂ ਹਨ। ਇਹ ਗੁੱਸੇ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ। ਇਹ ਤੁਹਾਡੀ ਨੀਂਦ ਵਿੱਚ ਮਦਦਗਾਰ ਹੈ। ਜੇਕਰ ਤੁਸੀਂ ਸੌਣ ਤੋਂ ਪਹਿਲਾਂ ਹੱਸਦੇ ਹੋ ਤਾਂ ਇਹ ਤੁਹਾਨੂੰ ਡੂੰਘੀ ਨੀਂਦ ਵੱਲ ਲੈ ਜਾਂਦਾ ਹੈ। ਸਮੇਂ ਦੇ ਨਾਲ ਸਾਡੀ ਯਾਦਦਾਸ਼ਤ ਵਿਗੜ ਜਾਂਦੀ ਹੈ, ਇਸ ਨੂੰ ਸੁਧਾਰਨ ਦਾ ਇੱਕ ਤਰੀਕਾ ਹਾਸਾ ਹੈ। ਇਸ ਨਾਲ ਸਾਡਾ ਦਿਮਾਗ਼ ਮਜ਼ਬੂਤ ਰਹਿੰਦਾ ਹੈ ਅਤੇ ਯਾਦਦਾਸ਼ਤ ਵੀ ਚੰਗੀ ਰਹਿੰਦੀ ਹੈ। ਅੰਦਰੂਨੀ ਲਾਭਾਂ ਤੋਂ ਇਲਾਵਾ, ਹਾਸਾ ਸਾਡੇ ਸਰੀਰ ਦੀਆਂ ਵੱਖ-ਵੱਖ ਮਾਸਪੇਸ਼ੀਆਂ ਦੀ ਕਸਰਤ ਕਰਨ ਵਿੱਚ ਵੀ ਮਦਦਗਾਰ ਹੁੰਦਾ ਹੈ। ਇਸ ਕਾਰਨ ਚਿਹਰੇ ਦੀਆਂ ਮਾਸਪੇਸ਼ੀਆਂ ਦੀ ਵੀ ਕਸਰਤ ਹੁੰਦੀ ਹੈ।

ਹਾਸੇ ਦੇ ਮਾਨਸਿਕ ਸਿਹਤ ਲਾਭ ਵੀ ਹੁੰਦੇ ਹਨ ਕਿਉਂਕਿ ਇਹ ਸਾਡੇ ਜੀਵਨ ਵਿੱਚ ਆਨੰਦ ਅਤੇ ਉਤਸ਼ਾਹ ਨੂੰ ਕਾਇਮ ਰੱਖਦਾ ਹੈ, ਤਣਾਅ ਤੋਂ ਰਾਹਤ ਦਿੰਦਾ ਹੈ ਅਤੇ ਮੂਡ ਨੂੰ ਸੁਧਾਰਦਾ ਹੈ। ਮਸ਼ਹੂਰ ਮਨੋਵਿਗਿਆਨੀ ਡਾ. ਥਾਇਟਨ ਨੇ ਕਿਹਾ ਹੈ ਕਿ ਚਿਹਰੇ ਦੀਆਂ ਝੁਰੜੀਆਂ ਨੂੰ ਦੂਰ ਕਰਨ ਦੀ ਸਭ ਤੋਂ ਵਧੀਆ ਦਵਾਈ ਹੱਸਣਾ ਹੈ। ਸ਼ੇਕਸਪੀਅਰ ਵਰਗੇ ਮਹਾਨ ਚਿੰਤਕਾਂ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਖੁਸ਼ਹਾਲ ਅਤੇ ਵੱਧ ਹੱਸਣ ਵਾਲਾ ਵਿਅਕਤੀ ਜ਼ਿਆਦਾ ਜਿਊਂਦਾ ਹੈ। ਇਸ ਲਈ ਤੁਸੀਂ ਵੀ ਹੱਸਣ ਨੂੰ ਆਪਣੀਆਂ ਆਦਤਾਂ ਵਿੱਚ ਸ਼ਾਮਲ ਕਰੋ ਅਤੇ ਫਿਰ ਦੇਖੋ ਕਿ ਤਣਾਅ ਵੀ ਤੁਹਾਨੂੰ ਪਰੇਸ਼ਾਨ ਨਹੀਂ ਕਰੇਗਾ ਅਤੇ ਤੁਹਾਡੀ ਸਿਹਤ ਵੀ ਚੰਗੀ ਰਹੇਗੀ। ਸ਼ਾਇਦ ਲਈ ਕਿਹਾ ਜਾਂਦਾ ਕਿ ‘ਹਾਸਾ ਸਭ ਤੋਂ ਵਧੀਆ ਦਵਾਈ ਹੈ।’

ਸੰਪਰਕ: 97815-90500

Advertisement
×