DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸੂਫ਼ੀ ਗਾਇਕੀ ’ਚ ਸਾਈਂ ਦਾ ਜ਼ਹੂਰ

ਅੰਗਰੇਜ ਸਿੰਘ ਵਿਰਦੀ ਸਾਈਂ ਜ਼ਹੂਰ ਸੂਫ਼ੀ ਗਾਇਕੀ ਦਾ ਇੱਕ ਅਜਿਹਾ ਦਰਵੇਸ਼ ਗਾਇਕ ਹੈ ਜਿਸ ਦੀ ਆਵਾਜ਼ ਵਿੱਚ ਕਸ਼ਿਸ਼ ਅਤੇ ਮਿੱਟੀ ਦੀ ਖ਼ੁਸ਼ਬੋ ਹੈ। ਉਸ ਦੀ ਗਾਇਕੀ ਕੁੱਲ ਲੋਕਾਈ ਨੂੰ ਪਿਆਰ, ਮੁਹੱਬਤ ਅਤੇ ਰੱਬ ਨਾਲ ਇਕਮਿਕ ਹੋਣ ਦਾ ਹੋਕਾ ਦਿੰਦੀ ਹੈ।...
  • fb
  • twitter
  • whatsapp
  • whatsapp
Advertisement

ਅੰਗਰੇਜ ਸਿੰਘ ਵਿਰਦੀ

ਸਾਈਂ ਜ਼ਹੂਰ ਸੂਫ਼ੀ ਗਾਇਕੀ ਦਾ ਇੱਕ ਅਜਿਹਾ ਦਰਵੇਸ਼ ਗਾਇਕ ਹੈ ਜਿਸ ਦੀ ਆਵਾਜ਼ ਵਿੱਚ ਕਸ਼ਿਸ਼ ਅਤੇ ਮਿੱਟੀ ਦੀ ਖ਼ੁਸ਼ਬੋ ਹੈ। ਉਸ ਦੀ ਗਾਇਕੀ ਕੁੱਲ ਲੋਕਾਈ ਨੂੰ ਪਿਆਰ, ਮੁਹੱਬਤ ਅਤੇ ਰੱਬ ਨਾਲ ਇਕਮਿਕ ਹੋਣ ਦਾ ਹੋਕਾ ਦਿੰਦੀ ਹੈ। ਮਹਾਨ ਦਰਵੇਸ਼ ਸੂਫ਼ੀਆਂ ਦੇ ਸੂਫ਼ੀਆਨਾ ਕਲਾਮ ਜਦੋਂ ਸਾਈਂ ਜ਼ਹੂਰ ਦੇ ਕੋਮਲ ਸੁਰਾਂ ਰਾਹੀਂ ਇੱਕਤਾਰੇ ਦੀ ਬਾਰੀਕ ਤਾਰ ਵਿੱਚੋਂ ਨਿਕਲਦੀਆਂ ਮਧੁਰ ਤਰੰਗਾਂ ਦੀਆਂ ਤਾਨਾਂ ਦੇ ਸੁਮੇਲ ਨਾਲ ਫ਼ਿਜ਼ਾ ਵਿੱਚ ਗੂੰਜਦੇ ਹਨ ਤਾਂ ਇੱਕ ਅਲੌਕਿਕ ਨਜ਼ਾਰਾਂ ਬੱਝਦਾ ਹੈ। ਰੱਬ ਨਾਲ ਇਕਮਿਕ ਹੋਣ ਦੀਆਂ ਸੱਧਰਾਂ ਨੂੰ ਸੀਨੇ ਵਿੱਚ ਵਸਾਉਣ ਵਾਲੀਆਂ ਪਾਕ ਰੂਹਾਂ ਲਈ ਉਸ ਦੀ ਗਾਇਕੀ ਇੱਕ ਰੱਬੀ ਦਾਤ ਹੈ। ਸੂਫ਼ੀ ਦਰਵੇਸ਼ਾਂ ਦੀ ਤਰ੍ਹਾਂ ਪਹਿਨਿਆ ਲਿਬਾਸ ਜਿਸ ਵਿੱਚ ਕਢਾਈਦਾਰ ਕਾਲਾ ਕੁੜਤਾ, ਗਲ ਵਿੱਚ ਮੋਤੀਆਂ ਦੀ ਮਾਲਾ, ਕਾਲੀ ਪੱਗ, ਪੈਰਾਂ ਵਿੱਚ ਪਾਏ ਘੁੰਗਰੂ, ਹੱਥ ਵਿੱਚ ਫੜਿਆ ਰੰਗ ਬਿਰੰਗੇ ਉੱਨ ਦੇ ਧਾਗਿਆਂ ਦੇ ਬਣੇ ਫੁੰਮਣਾਂ ਨਾਲ ਸ਼ਿੰਗਾਰਿਆ ਖ਼ੂਬਸੂਰਤ ਤੂੰਬਾ ਉਸ ਦੀ ਖ਼ਾਸ ਪਛਾਣ ਬਣ ਚੁੱਕਿਆ ਹੈ।

Advertisement

ਸਾਈਂ ਜ਼ਹੂਰ ਦਾ ਅਸਲ ਨਾਂ ਜ਼ਹੂਰ ਅਹਿਮਦ ਹੈ। ਜ਼ਹੂਰ ਦਾ ਮਤਲਬ ਹੈ ਪ੍ਰਕਾਸ਼ ਜਾਂ ਰੋਸ਼ਨੀ, ਉਹ ਆਪਣੇ ਨਾਂ ’ਤੇ ਖਰਾ ਉਤਰਿਆ ਹੈ ਕਿਉਂਕਿ ਉਸ ਨੇ ਲੋਕਾਂ ਦੇ ਦਿਲਾਂ ਵਿੱਚ ਸੂਫ਼ੀ ਗਾਇਕੀ ਦੀ ਰੋਸ਼ਨੀ ਫੈਲਾਈ ਹੈ। ਉਸ ਦਾ ਜਨਮ 1936 ਵਿੱਚ ਅਣਵੰਡੇ ਪੰਜਾਬ ਦੇ ਜ਼ਿਲ੍ਹਾ ਮਿੰਟਗੁਮਰੀ ਦੇ ਪਿੰਡ ਸੁਲੇ ਮਾਨਕੀ ਜੋ ਹੁਣ ਜ਼ਿਲ੍ਹਾ ਉਕਾੜਾ (ਲਹਿੰਦਾ ਪੰਜਾਬ) ਵਿਖੇ ਹੋਇਆ। 6 ਭਰਾਵਾਂ ਅਤੇ 4 ਭੈਣਾਂ ਦੇ ਸਭ ਤੋਂ ਛੋਟੇ ਭਰਾ ਜ਼ਹੂਰ ਅਹਿਮਦ ਦਾ ਪਰਿਵਾਰ ਖੇਤੀਬਾੜੀ ਦੇ ਕਿੱਤੇ ਨਾਲ ਜੁੜਿਆ ਹੋਇਆ ਸੀ। ਆਪਣੇ ਪਰਿਵਾਰ ਵਿੱਚੋਂ ਜ਼ਹੂਰ ਪਹਿਲਾ ਸ਼ਖ਼ਸ ਸੀ ਜਿਸ ਨੇ ਸੂਫ਼ੀ ਸੰਗੀਤ ਨੂੰ ਅਪਣਾਇਆ ਅਤੇ ਪੂਰੀ ਦੁਨੀਆ ਵਿੱਚ ਆਪਣਾ ਨਾਂ ਬਣਾਇਆ।

ਜ਼ਹੂਰ ਅਹਿਮਦ ਤੋਂ ਸੂਫ਼ੀ ਗਾਇਕ ਸਾਈਂ ਜ਼ਹੂਰ ਬਣ ਕੇ ਉਸ ਦੇ ਪੂਰੀ ਦੁਨੀਆ ਵਿੱਚ ਮਸ਼ਹੂਰ ਹੋਣ ਦੀ ਕਹਾਣੀ ਬੜੀ ਰੌਚਿਕ ਅਤੇ ਹੈਰਾਨ ਕਰ ਦੇਣ ਵਾਲੀ ਹੈ। ਉਹ ਦੱਸਦਾ ਹੈ ਕਿ ਨਿੱਕੇ ਹੁੰਦਿਆਂ ਜਦੋਂ ਅਜੇ ਉਸ ਦੀ ਉਮਰ 5-6 ਸਾਲ ਦੀ ਹੋਵੇਗੀ ਤਾਂ ਉਸ ਨੂੰ ਹਰ ਰਾਤ ਕਿਸੇ ਪੀਰ ਦੀ ਦਰਗਾਹ ਦਾ ਸੁਫ਼ਨਾ ਆਉਂਦਾ ਸੀ। ਉਸ ਨੂੰ ਇੰਝ ਲੱਗਦਾ ਸੀ ਕਿ ਸੁਫ਼ਨੇ ਵਿੱਚ ਦਿਸਦੀ ਦਰਗਾਹ ਵਿੱਚੋਂ ਨਿਕਲਦੇ ਹੱਥ ਉਸ ਨੂੰ ਬੁਲਾ ਰਹੇ ਹਨ ਤੇ ਫਿਰ ਉਸ ਦੀ ਅੱਖ ਖੁੱਲ੍ਹ ਜਾਣੀ। ਫਿਰ ਸਾਰੀ ਸਾਰੀ ਰਾਤ ਨੀਂਦਰ ਨਾ ਪੈਣੀ। ਰਾਤਾਂ ਨੂੰ ਉੱਠ ਉੱਠ ਜਾਗਦੇ ਨੂੰ ਦੇਖ ਕੇ ਉਸ ਦੇ ਮਾਪਿਆਂ ਨੇ ਇਸ ਦਾ ਕਾਰਨ ਪੁੱਛਣਾ। ਫਿਰ ਉਸ ਨੇ ਆਪਣੇ ਪਿਤਾ ਨੂੰ ਸੁਫ਼ਨੇ ਬਾਰੇ ਦੱਸਿਆ। ਇੰਝ ਹੀ ਕਰਦੇ ਕਰਦੇ ਤਿੰਨ ਸਾਲ ਬੀਤ ਗਏ। ਘਰਦਿਆਂ ਨੂੰ ਲੱਗਿਆ ਕਿ ਜ਼ਹੂਰ ਨੂੰ ਜ਼ਰੂਰ ਕੋਈ ਓਪਰੀ ਸ਼ੈਅ ਹੈ ਜੋ ਉਸ ਨੂੰ ਸੁਫ਼ਨੇ ਵਿੱਚ ਤੰਗ ਕਰਦੀ ਹੈ। ਉਸ ਦੇ ਮਾਪਿਆਂ ਨੇ ਉਸ ਦਾ ਹੱਥ ਹੌਲਾ ਕਰਵਾਉਣ ਲਈ ਕਈ ਪੀਰਾਂ ਫ਼ਕੀਰਾਂ ਦੇ ਦਰਵਾਜ਼ੇ ਖੜਕਾਏ, ਪਰ ਕੋਈ ਫ਼ਰਕ ਨਾ ਪਿਆ। ਅਖੀਰ ਉਸ ਦਾ ਬਾਪ ਉਸ ਨੂੰ ਨੇੜੇ ਦੇ ਕਸਬੇ ਹਵੇਲੀ ਲੱਖਾ ਸਿੰਘ ਵਿਖੇ ਬਾਬਾ ਅਹਿਮਦ ਲਾਂਗ ਦੇ ਦਰਬਾਰ ਵਿਖੇ ਲੈ ਕੇ ਗਿਆ ਜਿੱਥੇ ਸਾਈਂ ਰੌਣਕ ਅਲੀ ਨੇ ਜ਼ਹੂਰ ਕੋਲੋਂ ਉਸ ਦੇ ਸੁਫ਼ਨੇ ਬਾਰੇ ਪੁੱਛਿਆ। ਜ਼ਹੂਰ ਨੇ ਆਪਣੇ ਸੁਫ਼ਨੇ ਦੀ ਸਾਰੀ ਹਕੀਕਤ ਉਸ ਅੱਗੇ ਬਿਆਨ ਕੀਤੀ ਜਿਸ ਨੂੰ ਸੁਣ ਕੇ ਸਾਈਂ ਰੌਣਕ ਅਲੀ ਨੇ ਜ਼ਹੂਰ ਦੇ ਪਿਤਾ ਨੂੰ ਕਿਹਾ ਕਿ ਇਸ ਨੂੰ ਕੋਈ ਓਪਰੀ ਸ਼ੈਅ ਨਹੀਂ ਚਿੰਬੜੀ, ਇਸ ਨੂੰ ਮੁਲਕ ਦੀਆਂ ਸਾਰੀਆਂ ਦਰਗਾਹਾਂ ’ਤੇ ਲੈ ਕੇ ਜਾਓ ਤੇ ਦੇਖੋ ਕਿ ਇਸ ਨੂੰ ਕਿਸ ਦਰਗਾਹ ਦਾ ਸੁਫ਼ਨਾ ਆਉਂਦਾ ਹੈ। ਉੱਥੇ ਹੀ ਇਸ ਦਾ ਫ਼ੈਜ਼ ਹੈ ਤੇ ਫਿਰ ਇਸ ਨੂੰ ਉੱਥੇ ਹੀ ਛੱਡ ਦੇਣਾ। ਇਸ ਮਸਲੇ ਦੇ ਫੌਰੀ ਹੱਲ ਲਈ ਸਾਈਂ ਰੌਣਕ ਅਲੀ ਨੇ ਉਸ ਨੂੰ ਲੱਕੜ, ਕੱਦੂ ਤੇ ਤਾਰ ਨਾਲ ਇੱਕਤਾਰਾ (ਤੂੰਬਾ) ਬਣਾ ਕੇ ਦਿੱਤਾ ਤੇ ਕਿਹਾ ਕਿ ਜਦੋਂ ਰਾਤ ਨੂੰ ਨੀਂਦ ਨਾ ਆਵੇ ਤਾਂ ਇਸ ਦੀ ਤਾਰ ਨੂੰ ਹਿਲਾ ਛੱਡੀਂ ਤੇ ਅੱਲ੍ਹਾ ਦਾ ਨਾਂ ਲੈਂਦਾ ਰਹੀ, ਤੈਨੂੰ ਨੀਂਦ ਆ ਜਾਇਆ ਕਰੂਗੀ। ਫਿਰ ਉਹ ਰੋਜ਼ਾਨਾ ਰਾਤ ਨੂੰ ਇੱਕਤਾਰਾ ਦੀ ਤਾਰ ਹਿਲਾ ਛੱਡਦਾ। ਹੌਲੀ ਹੌਲੀ ਉਸ ਨੇ ਇੱਕਤਾਰਾ ਵਜਾਉਣਾ ਸਿੱਖ ਲਿਆ ਤੇ ਨਾਲ ਹੀ ਉਹ ਸੂਫ਼ੀਆਨਾ ਕਲਾਮ ਵੀ ਗੁਣਗੁਣਾਉਣ ਲੱਗਾ। ਇਸ ਤਰ੍ਹਾਂ ਦਸ ਸਾਲ ਦੀ ਉਮਰ ਵਿੱਚ ਜ਼ਹੂਰ ਨੇ ਸਾਈਂ ਰੌਣਕ ਅਲੀ ਦੀ ਰਹਿਨੁਮਾਈ ਹੇਠ ਗਾਉਣ ਦੀ ਸ਼ੁਰੂਆਤ ਕੀਤੀ।

ਜ਼ਹੂਰ ਨੇ ਪਾਕਿਸਤਾਨ ਬਣਨ ਤੋਂ ਬਾਅਦ ਪੰਜਾਬ, ਕਸ਼ਮੀਰ ਅਤੇ ਸਿੰਧ ਵਿੱਚ ਸਥਿਤ ਜਿੰਨੀਆਂ ਵੀ ਦਰਗਾਹਾਂ ਸਨ, ਦੀ ਜ਼ਿਆਰਤ ਕਰਨੀ ਸ਼ੁਰੂ ਕਰ ਦਿੱਤੀ ਤਾਂ ਜੋ ਉਸ ਨੂੰ ਸੁਫ਼ਨੇ ਵਾਲੀ ਦਰਗਾਹ ਲੱਭ ਸਕੇ। ਪੂਰੇ ਮੁਲਕ ਦੀਆਂ ਦਰਗਾਹਾਂ ’ਤੇ ਘੁੰਮਦੇ ਘੁੰਮਾਉਂਦੇ ਅਖੀਰ ਜ਼ਹੂਰ ਨੂੰ ਉਸ ਦੇ ਸੁਫ਼ਨੇ ਵਾਲੀ ਦਰਗਾਹ ਲੱਭ ਗਈ। ਜ਼ਹੂਰ ਆਖਦਾ ਹੈ ਕਿ ਪੰਜਾਬ ਦੇ ਮੁਲਤਾਨ ਤੋਂ ਅੱਗੇ ਇੱਕ ਛੋਟੇ ਜਿਹੇ ਕਸਬੇ ਉੱਚ ਗਿਲਾਨੀਆਂ ਦੇ ਉੱਚ ਸ਼ਰੀਫ਼ ਇੱਕ ਦਰਬਾਰ ’ਤੇ ਪਹੁੰਚਣ ’ਤੇ ਉਸ ਨੂੰ ਦਰਗਾਹ ਵਿੱਚੋਂ ਕਿਸੇ ਨੇ ਹੱਥ ਹਿਲਾ ਕੇ ਆਪਣੇ ਪਾਸ ਬੁਲਾਇਆ ਤਾਂ ਉਸ ਨੂੰ ਮਹਿਸੂਸ ਹੋਇਆ ਕਿ ਇਹ ਤਾਂ ਉਹ ਹੀ ਹੱਥ ਤੇ ਦਰਗਾਹ ਹੈ ਜੋ ਉਸ ਨੂੰ ਬਚਪਨ ਤੋਂ ਸੁਫ਼ਨੇ ਵਿੱਚ ਵਿਖਾਈ ਦੇ ਰਹੀ ਹੈ। ਜ਼ਹੂਰ ਦੀ ਤਲਾਸ਼ ਪੂਰੀ ਹੋਈ ਤੇ ਉਹ ਉਸ ਦਰਗਾਹ ’ਤੇ ਹੀ ਰੁਕ ਗਿਆ ਤੇ ਉੱਥੋਂ ਦੇ ਪੀਰ ਗਿਲਾਨੀ ਨਿਆਜ਼ ਹੁਸੈਨ ਸ਼ਾਹ ਦਾ ਮੁਰੀਦ ਹੋ ਗਿਆ। ਕਾਫ਼ੀ ਦੇਰ ਇੱਥੇ ਰੁਕਣ ਤੋਂ ਬਾਅਦ ਉਸ ਨੂੰ ਹੁਕਮ ਹੋਇਆ ਕਿ ਉਹ ਆਪਣੇ ਘਰ ਦੇ ਨਜ਼ਦੀਕ ਪੈਂਦੇ ਹਜ਼ਰਤ ਬਾਬਾ ਬੁੱਲ੍ਹੇ ਸ਼ਾਹ ਦੇ ਦਰਬਾਰ ਕਸੂਰ ਚਲਾ ਜਾਵੇ। ਇਸ ਤਰ੍ਹਾਂ ਉਹ ਬਾਬਾ ਬੁੱਲ੍ਹੇ ਸ਼ਾਹ ਦੇ ਦਰਬਾਰ ’ਤੇ ਹਾਜ਼ਰੀ ਦੇਣ ਲੱਗਾ ਤੇ ਨਾਲ ਹੀ ਇੱਕਤਾਰਾ ਵਜਾ ਕੇ ਸੂਫ਼ੀਆਨਾ ਕਲਾਮ ਵੀ ਗਾਉਣ ਲੱਗਾ।

ਅਕਸਰ ਜਗ੍ਹਾ ਜਗ੍ਹਾ ਪੀਰਾਂ ਫ਼ਕੀਰਾਂ ਦੇ ਦਰਬਾਰਾਂ ’ਤੇ ਲੱਗਦੇ ਮੇਲਿਆਂ ਵਿੱਚ ਜਾ ਕੇ ਉਹ ਇੱਕਤਾਰੇ ਨਾਲ ਆਪਣੀ ਮਸਤੀ ਵਿੱਚ ਨੱਚ ਕੇ ਸੂਫ਼ੀ ਕਲਾਮ ਗਾਉਂਦਾ ਸੀ। ਇੱਕ ਵਾਰ ਉਹ ਲਾਹੌਰ ਦੇ ਬਹੁਤ ਮਸ਼ਹੂਰ ਦਰਬਾਰ ਮਾਧੋ ਲਾਲ ਹੁਸੈਨ ਵਿੱਚ ਹਾਜ਼ਰੀ ਭਰਨ ਗਿਆ। ਦਰਬਾਰ ਵਿੱਚ ਮਸਤੀ ਵਿੱਚ ਜ਼ਹੂਰ ਨੂੰ ਬਾਬਾ ਬੁੱਲ੍ਹੇ ਸ਼ਾਹ ਦਾ ਸੂਫ਼ੀ ਕਲਾਮ ਗਾਉਂਦੇ ਨੂੰ ਲਾਹੌਰ ਟੀਵੀ ਦੇ ਨਿਰਮਾਤਾ ਅਤੇ ਪ੍ਰੋਫੈਸਰ ਦਿਲਦਾਰ ਪ੍ਰਵੇਜ਼ ਭੱਟੀ ਨੇ ਜਦੋਂ ਸੁਣਿਆ ਤਾਂ ਉਹ ਉਸ ਦੀ ਗਾਇਕੀ ਤੋਂ ਬੇਹੱਦ ਪ੍ਰਭਾਵਿਤ ਹੋਇਆ। ਭੱਟੀ ਨੇ ਉਸ ਨੂੰ ਇੱਕ ਚਿੱਠੀ ਲਿਖ ਕੇ ਦਿੱਤੀ ਜਿਸ ਵਿੱਚ ਉਸ ਨੂੰ ਲਾਹੌਰ ਸਥਿਤ ਪਾਕਿਸਤਾਨ ਟੈਲੀਵਿਜ਼ਨ ਸੈਂਟਰ ਵਿਖੇ ਆਉਣ ਦਾ ਸੱਦਾ ਦਿੱਤਾ। ਭੱਟੀ ਜਿਸ ਦਾ 1970 ਦੇ ਕਰੀਬ ਰੇਡੀਓ ’ਤੇ ਆਉਂਦਾ ਪ੍ਰੋਗਰਾਮ ‘ਸੋਹਣੀ ਧਰਤੀ’ ਬਹੁਤ ਪਸੰਦ ਕੀਤਾ ਜਾਂਦਾ ਸੀ ਅਤੇ ਫਿਰ ਟੈਲੀਵਿਜ਼ਨ ’ਤੇ ਵੀ ਉਸ ਨੇ ਕਈ ਪ੍ਰੋਗਰਾਮਾਂ ਦੀ ਮੇਜ਼ਬਾਨੀ ਕੀਤੀ। ਇਨ੍ਹਾਂ ਵਿੱਚੋਂ 1987 ਤੋਂ 1990 ਤੱਕ ਚੱਲਿਆ ਪ੍ਰੋਗਰਾਮ ‘ਮੇਲਾ’ ਬਹੁਤ ਪ੍ਰਸਿੱਧ ਹੋਇਆ ਜਿਸ ਵਿੱਚ ਗਾਉਣ ਲਈ ਉਸ ਨੇ ਸਾਈਂ ਜ਼ਹੂਰ ਨੂੰ ਸੱਦਾ ਦਿੱਤਾ ਸੀ। ਜ਼ਹੂਰ ਅਗਲੇ ਦਿਨ ਉਹ ਚਿੱਠੀ ਲੈ ਕੇ ਸਟੂਡੀਓ ਪਹੁੰਚਿਆ ਤਾਂ ਉੱਥੇ ਉਸ ਨੂੰ ਦਿਲਦਾਰ ਭੱਟੀ ਖ਼ੁਦ ਮਿਲਿਆ ਜੋ ਉਸ ਨੂੰ ਰਿਕਾਡਿੰਗ ਰੂਮ ਤੱਕ ਲੈ ਕੇ ਗਿਆ ਜਿੱਥੇ ਹਾਰਮੋਨੀਅਮ, ਤਬਲੇ ਵਾਲੇ ਅਤੇ ਹੋਰ ਸਾਜ਼ਿੰਦੇ ਬੈਠੇ ਸਨ। ਸਾਜ਼ਿੰਦਿਆਂ ਨੂੰ ਭੱਟੀ ਨੇ ਤਾਕੀਦ ਕੀਤੀ ਕਿ ਜਦੋਂ ਜ਼ਹੂਰ ਗਾਉਣਾ ਸ਼ੁਰੂ ਕਰਨ ਤਾਂ ਉਹ ਉਸ ਦੇ ਸੁਰ ਨਾਲ ਸੁਰ ਮਿਲਾ ਕੇ ਚੱਲਣ ਕਿਉਂਕਿ ਦਰਗਾਹਾਂ ਤੇ ਮੇਲਿਆਂ ’ਤੇ ਗਾਉਣ ਵਾਲੇ ਦਰਵੇਸ਼ ਬੰਦੇ ਨੂੰ ਸਾਜ਼ਾਂ ਨਾਲ ਗਾਉਣ ਦਾ ਬਹੁਤਾ ਅਭਿਆਸ ਨਹੀਂ। ਸੋ ਇੰਝ ਹੀ ਹੋਇਆ ਤੇ ਸਾਈਂ ਨੇ ਬੁੱਲ੍ਹੇ ਸ਼ਾਹ ਦਾ ਕਲਾਮ ‘ਨਾ ਕਰ ਬੰਦਿਆ ਮੇਰੀ ਮੇਰੀ, ਇੱਕ ਦਿਨ ਹੋਣਾ ਖ਼ਾਕ ਦੀ ਢੇਰੀ’ ਗਾਇਆ ਜਿਸ ਨੂੰ ਉੱਥੇ ਮੌਜੂਦ ਸਭ ਸਾਜ਼ਿੰਦਿਆਂ ਨੇ ਬਹੁਤ ਪਸੰਦ ਕੀਤਾ ਤੇ ਫਿਰ ਉਸੇ ਗੀਤ ਨੂੰ ਰਿਕਾਰਡ ਕਰਕੇ ਟੈਲੀਵਿਜ਼ਨ ’ਤੇ ਪ੍ਰਸਾਰਿਤ ਕਰ ਦਿੱਤਾ ਜਿਸ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲਿਆ। ਦਿਲਦਾਰ ਨੇ ਸਾਈਂ ਨੂੰ ਇਸ ਗੀਤ ਲਈ 250 ਰੁਪਏ ਮਿਹਨਤਾਨਾ ਦਿੱਤਾ। ਇਸ ਗੀਤ ਤੋਂ ਬਾਅਦ ਲੋਕਾਂ ਦੀਆਂ ਉਸ ਨੂੰ ਦੁਬਾਰਾ ਸੁਣਨ ਦੀਆਂ ਫਰਮਾਇਸ਼ਾਂ ਆਉਣ ਲੱਗੀਆਂ। ਸਾਈਂ ਜ਼ਹੂਰ ਨੇ ਮਸ਼ਹੂਰ ਐਂਕਰ ਨਈਮ ਬੁਖਾਰੀ ਦੇ ਟੀਵੀ ਸ਼ੋਅ ‘ਸਟੂਡੀਓ 2’ ਲਈ ਵੀ ਕੁਝ ਸੂਫ਼ੀ ਗੀਤ ਰਿਕਾਰਡ ਕਰਵਾਏ।

ਟੈਲੀਵਿਜ਼ਨ ’ਤੇ ਗਾਉਣ ਤੋਂ ਬਾਅਦ ਉਸ ਨੂੰ ਜਾਣਨ ਵਾਲਾ ਇੱਕ ਸ਼ਖ਼ਸ ਜਿਸ ਨੇ ਟੈਲੀਵਿਜ਼ਨ ’ਤੇ ਉਸ ਦੇ ਗੀਤ ਸੁਣੇ ਸਨ, ਉਹ ਸਾਈਂ ਨੂੰ ਸੰਗੀਤ ਦੀਆਂ ਦੋ ਮਸ਼ਹੂਰ ਹਸਤੀਆਂ ਹਿਆਤ ਅਹਿਮਦ ਖਾਂ ਅਤੇ ਸਈਅਦ ਵਾਜਿਦ ਅਲੀ ਸ਼ਾਹ ਨਾਲ ਮਿਲਾਉਣ ਉਨ੍ਹਾਂ ਦੇ ਦਫ਼ਤਰ ਲੈ ਗਿਆ। ਹਿਆਤ ਅਹਿਮਦ ਖਾਂ ਪਾਕਿਸਤਾਨ ਕਲਾਸੀਕਲ ਸੰਗੀਤ ਦਾ ਪਾਰਖੀ ਅਤੇ ਪ੍ਰਬੰਧਕ ਸੀ, ਜਿਸ ਨੇ ਪਾਕਿਸਤਾਨ ਬਣਨ ਤੋਂ ਬਾਅਦ ਕਲਾਸੀਕਲ ਗਾਇਕਾਂ ਦੀ ਹੁੰਦੀ ਬੇਕਦਰੀ ਨੂੰ ਦੇਖ ਕੇ 1959 ਵਿੱਚ ਆਲ ਪਾਕਿਸਤਾਨ ਮਿਊਜ਼ਿਕ ਕਾਨਫਰੰਸ ਨਾਂ ਦੀ ਸੰਸਥਾ ਬਣਾਈ ਸੀ ਜਿਸ ਨੇ ਪਾਕਿਸਤਾਨ ਦੀ ਕਲਾਸੀਕਲ ਗਾਇਕੀ ਅਤੇ ਕਲਾਸੀਕਲ ਗਾਉਣ ਵਾਲੇ ਫ਼ਨਕਾਰਾਂ ਨੂੰ ਸੰਭਾਲਿਆ। ਉਸੇ ਸੰਸਥਾ ਦੇ ਦਫ਼ਤਰ ਵਿੱਚ ਬੈਠ ਕੇ ਸਾਈਂ ਜ਼ਹੂਰ ਨੇ ਉਨ੍ਹਾਂ ਦੋਵਾਂ ਨੂੰ ਬੁੱਲ੍ਹੇ ਸ਼ਾਹ ਦਾ ਇੱਕ ਸੂਫ਼ੀਆਨਾ ਕਲਾਮ ਸੁਣਾਇਆ ਜਿਸ ਨੂੰ ਸੁਣ ਕੇ ਉਨ੍ਹਾਂ ਨੇ ਉਸ ਨੂੰ ਕਲਾਸੀਕਲ ਸੰਗੀਤ ਦੀ ਤਾਲੀਮ ਦੇਣ ਦਾ ਫ਼ੈਸਲਾ ਕੀਤਾ ਤੇ ਨਾਲ ਹੀ ਆਪਣੇ ਦਫ਼ਤਰ ਵਿੱਚ ਨੌਕਰੀ ’ਤੇ ਵੀ ਰੱਖ ਲਿਆ। ਫਿਰ ਸਾਈਂ ਜ਼ਹੂਰ 10 ਸਾਲ ਇਸ ਸੰਸਥਾ ਨਾਲ ਜੁੜਿਆ ਰਿਹਾ ਜਿੱਥੋਂ ਉਸ ਨੇ ਕਲਾਸੀਕਲ ਸੰਗੀਤ ਦੀ ਤਾਲੀਮ ਲੈਣ ਦੇ ਨਾਲ ਹੀ ਇਸ ਸੰਸਥਾ ਰਾਹੀਂ ਦੇਸ਼ ਵਿਦੇਸ਼ ਵਿੱਚ ਹੁੰਦੇ ਸੰਗੀਤਕ ਪ੍ਰੋਗਰਾਮਾਂ ਵਿੱਚ ਵੀ ਹਿੱਸਾ ਲਿਆ।

ਸਾਈਂ ਜ਼ਹੂਰ, ਸਾਈਂ ਰੌਣਕ ਅਲੀ ਤੋਂ ਬਾਅਦ ਉਹ ਤਾਜ਼ ਨਸੀਮ ਅਸਤੀ ਅਤੇ ਸਾਈਂ ਮਰਨਾ ਨੂੰ ਵੀ ਆਪਣਾ ਉਸਤਾਦ ਮੰਨਦਾ ਹੈ। ਹਿਆਤ ਅਹਿਮਦ ਖਾਂ ਦੀ ਵਫ਼ਾਤ ਤੋਂ ਬਾਅਦ ਸਾਈਂ ਇੱਕ ਹੋਰ ਥੀਏਟਰ ਗਰੁੱਪ ਰਫ਼ੀ ਪੀਰ ਗਰੁੱਪ ਜਿਸ ਦਾ ਆਰਟ ਅਤੇ ਕਲਚਰ ਵਿੱਚ ਬਹੁਤ ਵੱਡਾ ਨਾਂ ਹੈ, ਨਾਲ ਜੁੜ ਗਿਆ। ਰਫ਼ੀ ਪੀਰ ਗਰੁੱਪ ਦੇ ਮੈਂਬਰ ਅਤੇ ਬਹੁਤ ਵੱਡੇ ਥੀਏਟਰ ਆਰਟਿਸਟ ਫ਼ੈਜ਼ਾਨ ਪੀਰਜ਼ਾਦਾ, ਉਸਮਾਨ ਪੀਰਜ਼ਾਦਾ ਅਤੇ ਇਮਰਾਨ ਪੀਰਜ਼ਾਦਾ ਦੀ ਰਹਿਨੁਮਾਈ ਹੇਠ ਸਾਈਂ ਜ਼ਹੂਰ ਨੇ ਤਕਰੀਬਨ 10 ਸਾਲ ਇਸ ਗਰੁੱਪ ਨਾਲ ਮਿਲ ਕੇ ਪੂਰੀ ਦੁਨੀਆ ਵਿੱਚ ਆਪਣੀ ਸੂਫ਼ੀ ਗਾਇਕੀ ਦੇ ਜਲਵੇ ਬਿਖੇਰੇ। ਸਾਲ 1989 ਵਿੱਚ ਉਸ ਨੂੰ ਇੱਕ ਸੰਗੀਤ ਸਮਾਰੋਹ ਵਿੱਚ ਸਟੇਜ ’ਤੇ ਆਪਣਾ ਪਹਿਲਾ ਪ੍ਰਦਰਸ਼ਨ ਦੇਣ ਲਈ ਆਲ ਪਾਕਿਸਤਾਨ ਮਿਊਜ਼ਿਕ ਕਾਨਫਰੰਸ ਵੱਲੋਂ ਸੱਦਾ ਦਿੱਤਾ ਗਿਆ ਜਿੱਥੇ ਉਸ ਦੀ ਸੂਫ਼ੀ ਗਾਇਕੀ ਨੂੰ ਲੋਕਾਂ ਵੱਲੋਂ ਬੇਹੱਦ ਪਿਆਰ ਮਿਲਿਆ। 2006 ਵਿੱਚ ਉਸ ਨੂੰ ਬੀਬੀਸੀ ਰੇਡੀਓ-3 ਵਰਲਡ ਮਿਊਜ਼ਿਕ ਵੱਲੋਂ ਏਸ਼ੀਆ/ਪੈਸੇਫਿਕ ਸ਼੍ਰੇਣੀ ਤਹਿਤ ਬਿਹਤਰੀਨ ਗਾਇਕ ਦੇ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਬਾਅਦ ਉਸ ਨੇ ਕੋਕ ਸਟੂਡੀਓ ਰਾਹੀਂ ਕਈ ਹਿੱਟ ਗੀਤ ਗਾਏ ਜਿਨ੍ਹਾਂ ਕਰਕੇ ਉਸ ਦੀ ਪ੍ਰਸਿੱਧੀ ਨਵੀਆਂ ਉਚਾਈਆਂ ਛੂਹਣ ਲੱਗੀ।

ਸਾਈਂ ਜ਼ਹੂਰ ਨੇ ਬਾਬਾ ਬੁੱਲ੍ਹੇ ਸ਼ਾਹ ਦਾ ਕਲਾਮ ਬੜੀ ਸ਼ਿੱਦਤ ਨਾਲ ਗਾਇਆ। ਬੁੱਲ੍ਹੇ ਸ਼ਾਹ ਤੋਂ ਇਲਾਵਾ ਉਸ ਨੇ ਹੋਰ ਵੀ ਬਹੁਤ ਸਾਰੇ ਪੰਜਾਬੀ ਸੂਫ਼ੀਆਂ ਦੇ ਕਲਾਮ ਗਾਏ ਜਿਨ੍ਹਾਂ ਵਿੱਚ ਬਾਬਾ ਫ਼ਰੀਦ, ਸੁਲਤਾਨ ਬਾਹੂ, ਵਾਰਿਸ ਸ਼ਾਹ, ਮੁਹੰਮਦ ਕਾਦਰੀ ਅਤੇ ਸ਼ਾਹ ਅਨਾਇਤ ਕਾਦਰੀ ਪ੍ਰਮੁੱਖ ਹਨ। ਉਂਜ ਤਾਂ ਉਸ ਨੇ ਬੇਸ਼ੁਮਾਰ ਹਿੱਟ ਸੂਫ਼ੀ ਗੀਤ ਗਾਏ, ਪਰ ਉਸ ਦੇ ਕੁਝ ਚੋਣਵੇਂ ਹਿੱਟ ਸੂਫ਼ੀ ਗੀਤ ਜੋ ਉਸ ਨੇ ਕੋਕ ਸਟੂਡੀਓ ਵੱਲੋਂ ਰਿਕਾਰਡ ਕਰਵਾਏ ਅਤੇ ਬਾਕੀ ਰਿਕਾਰਡ ਜੋ ਸੰਗੀਤ ਪ੍ਰੇਮੀਆਂ ਵੱਲੋਂ ਬਹੁਤ ਸੁਣੇ ਜਾਂਦੇ ਹਨ, ਉਨ੍ਹਾਂ ਵਿੱਚੋਂ ਪ੍ਰਮੁੱਖ ਹਨ; ‘ਤੂੰਬਾ’ (ਕੋਕ ਸਟੂਡੀਓ ਸੀਜ਼ਨ -2), ‘ਇੱਕੋ ਅਲਫ਼’ (ਕੋਕ ਸਟੂਡੀਓ ਸੀਜ਼ਨ-2), ‘ਅੱਲ੍ਹਾ ਹੂ’ (ਕੋਕ ਸਟੂਡੀਓ ਸੀਜ਼ਨ-6), ‘ਰੱਬਾ ਹੂ’ (ਕੋਕ ਸਟੂਡੀਓ ਸੀਜ਼ਨ-6), ‘ਅਲਫ਼ ਅੱਲ੍ਹਾ ਨੂੰ’ (ਡਕ ਯੂ ਰਿਕਾਰਡਜ਼), ‘ਦੁਨੀਆ ਚਲੋ ਚਲੀ ਦਾ ਮੇਲਾ’ (ਡਕ ਯੂ ਰਿਕਾਰਡਜ਼), ‘ਮਾਏ ਨੀਂ ਮੈਂ ਕੀਹਨੂੰ ਆਖਾਂ’ (ਡਕ ਯੂ ਰਿਕਾਰਡਜ਼), ‘ਚੰਬੇ ਦੀ ਬੂਟੀ’, ‘ਔਖੇ ਪੈਂਡੇ ਲੰਬੀਆਂ ਨੇ ਰਾਹਵਾਂ ਇਸ਼ਕ ਦੀਆਂ’, ‘ਨੀਂ ਮੈਂ ਕਮਲੀ ਯਾਰ ਦੀ’, ‘ਨੱਚਣਾ ਪੈਂਦਾ ਏ’, ‘ਲੱਗੀ ਬਿਨਾਂ’/‘ਤੇਰੇ ਇਸ਼ਕ ਨਚਾਇਆ’ (ਕੋਕ ਸੀਜ਼ਨ -9), ‘ਕੀ ਜਾਣਾ ਮੈਂ ਕੌਣ’, ‘ਇਸ਼ਕ ਬੁੱਲ੍ਹੇ ਨੂੰ ਨਚਾਵੇ ਯਾਰ’, ‘ਜਿੰਦੇ ਮੇਰੀਏ’, ‘ਨੀਂ ਮੈਂ ਜਾਣਾ ਯੋਗੀ ਦੇ ਨਾਲ’ ਅਤੇ ‘ਮਰਜ਼ੀ ਮੌਲਾ ਦੀ’ ਹੈ। ਉਸ ਦੇ ਗੀਤਾਂ ਨੂੰ ਕੁਝ ਫਿਲਮਾਂ ਵਿੱਚ ਵੀ ਸ਼ਾਮਿਲ ਕੀਤਾ ਗਿਆ ਜਿਨ੍ਹਾਂ ਵਿੱਚ 2010 ਵਿੱਚ ਆਈ ਫਿਲਮ ‘ਵੈੱਸਟ ਇਜ਼ ਵੈੱਸਟ’ ਵਿੱਚ ‘ਤੂੰਬਾ’ ਅਤੇ ‘ਇੱਕ ਅਲਫ਼’ ਅਤੇ 2016 ਵਿੱਚ ਰਿਲੀਜ਼ ਹੋਈ ਬੌਲੀਵੁੱਡ ਫਿਲਮ ‘ਮਿਰਜ਼ਿਆ’ ਦਾ ਟਾਈਟਲ ਗੀਤ ‘ਡੂੰਘੇ ਦਰਦ ਜੁਦਾਈਆਂ ਦੇ’ ਪ੍ਰਮੁੱਖ ਹਨ।

ਸਾਲ 2020 ਵਿੱਚ ਪਾਕਿਸਤਾਨ ਸਰਕਾਰ ਵੱਲੋਂ ਉਸ ਨੂੰ ਸੰਗੀਤ ਵਿੱਚ ਪਾਏ ਵਿਲੱਖਣ ਯੋਗਦਾਨ ਬਦਲੇ ਪਾਕਿਸਤਾਨ ਦਾ ਸਭ ਤੋਂ ਵੱਡਾ ਸਦਾਰਤੀ ਐਵਾਰਡ ‘ਪ੍ਰਾਈਡ ਆਫ ਪ੍ਰਫਾਰਮੈਂਸ’ ਨਾਲ ਸਨਮਾਨਿਤ ਕੀਤਾ ਗਿਆ। ਉਸ ਦੇ ਗੀਤਾਂ ਨੂੰ ਪਿਆਰ ਕਰਨ ਵਾਲੇ ਦੁਨੀਆ ਭਰ ਵਿੱਚ ਕਰੋੜਾਂ ਲੋਕ ਹੋਣਗੇ, ਪਰ ਇਸ ਦੇ ਬਾਵਜੂਦ ਉਮਰ ਦੇ ਇਸ ਪੜਾਅ ਵਿੱਚ ਅੱਜ ਵੀ ਉਸ ਦੀ ਆਰਥਿਕ ਹਾਲਤ ਕੋਈ ਬਹੁਤੀ ਵਧੀਆ ਨਹੀਂ ਹੈ। ਲਾਹੌਰ ਵਿੱਚ ਰਹਿ ਰਹੇ ਸਾਈਂ ਜ਼ਹੂਰ ਦੇ ਤਿੰਨ ਪੁੱਤਰ ਅਤੇ ਤਿੰਨ ਧੀਆਂ ਹਨ। ਉਸ ਦੇ ਪੁੱਤਰ ਵੀ ਉਸ ਨਾਲ ਪ੍ਰੋਗਰਾਮਾਂ ਵਿੱਚ ਹਿੱਸਾ ਲੈਂਦੇ ਹਨ। ਅਮਰੀਕਾ, ਇੰਗਲੈਂਡ, ਕੈਨੇਡਾ, ਰੂਸ, ਚੀਨ, ਨੌਰਵੇ ਅਤੇ ਭਾਰਤ ਵਿੱਚ ਪ੍ਰੋਗਰਾਮ ਪੇਸ਼ ਕਰ ਚੁੱਕੇ ਸਾਈਂ ਜ਼ਹੂਰ ਨੂੰ ਆਰਥਿਕ ਤੌਰ ’ਤੇ ਜਿੰਨਾ ਲਾਭ ਮਿਲਣਾ ਚਾਹੀਦਾ ਸੀ, ਉਹ ਨਹੀਂ ਮਿਲ ਸਕਿਆ ਜਿਸ ਦੀ ਵਜ੍ਹਾ ਸ਼ਾਇਦ ਉਸ ਦਾ ਫ਼ਕੀਰਾਂ ਵਰਗਾ ਸੁਭਾਅ ਅਤੇ ਜ਼ਿਆਦਾ ਪੜ੍ਹਿਆ ਲਿਖਿਆ ਨਾ ਹੋਣਾ ਹੈ। ਫਿਰ ਵੀ ਉਹ ਉਸ ਮਾਲਕ ਦਾ ਹਰ ਵੇਲੇ ਸ਼ੁਕਰ ਅਦਾ ਕਰਦਾ ਨਹੀਂ ਥੱਕਦਾ ਜਿਸ ਨੇ ਉਸ ਨੂੰ ਇੰਨੀ ਸ਼ੁਹਰਤ ਤੇ ਮਾਣ ਸਨਮਾਨ ਦਿੱਤਾ।

ਸੰਪਰਕ: 94646-28857

Advertisement
×