ਲੈ ਵੱਲ ਬਟਣੇ ਦਾ...
ਜੋਗਿੰਦਰ ਕੌਰ ਅਗਨੀਹੋਤਰੀ
ਸਾਡੇ ਸੱਭਿਆਚਾਰ ਵਿੱਚ ਰੀਤੀ ਰਿਵਾਜਾਂ ਦਾ ਇੰਨਾ ਮਹੱਤਵ ਹੈ ਕਿ ਇਹ ਸਮਾਜ ਲਈ ਜਿੱਥੇ ਭਾਈਚਾਰਕ ਏਕਤਾ ਬਣਾਉਂਦੇ ਹਨ, ਉੱਥੇ ਨਾਲ ਹੀ ਸਾਰਿਆਂ ਲਈ ਖ਼ੁਸ਼ੀ ਦਾ ਮੌਕਾ ਵੀ ਪੈਦਾ ਕਰਦੇ ਹਨ। ਵਿਆਹ ਵਰਗੀ ਰੀਤ ਵਿੱਚ ਸਾਰਾ ਸ਼ਰੀਕਾ ਕਬੀਲਾ ਇਕੱਠਾ ਹੁੰਦਾ ਹੈ ਤਾਂ ਰਲ ਮਿਲ ਕੇ ਖ਼ੁਸ਼ੀ ਦੇ ਗੀਤ ਗਾਏ ਜਾਂਦੇ ਹਨ। ਹਰ ਕੰਮ ਨੂੰ ਕਰਨ ਲਈ ਸ਼ਰੀਕੇ ਕਬੀਲੇ ਦੀਆਂ ਔਰਤਾਂ ਅਤੇ ਆਦਮੀ ਅੱਗੇ ਹੁੰਦੇ ਹਨ। ਕੰਮ ਭਾਵੇਂ ਛੋਟਾ ਹੋਵੇ ਜਾਂ ਵੱਡਾ, ਪਰ ਸਾਰੇ ਰਲ ਕੇ ਖ਼ੁਸ਼ੀ ਖ਼ੁਸ਼ੀ ਕਰਦੇ ਹਨ। ਉਂਜ ਤਾਂ ਹਰ ਵਿਅਕਤੀ ਦੇ ਅੰਦਰ ਆਪਣੇ ਆਪ ਨੂੰ ਸੋਹਣਾ ਬਣ ਕੇ ਦਿਖਾਉਣ ਦੀ ਲਾਲਸਾ ਹੁੰਦੀ ਹੈ, ਪ੍ਰੰਤੂ ਫਿਰ ਵੀ ਕਿਸੇ ਖ਼ਾਸ ਮੌਕੇ ਉੱਤੇ ਕਿਸੇ ਨੂੰ ਸੋਹਣਾ ਬਣਾਇਆ ਵੀ ਜਾਂਦਾ ਹੈ, ਉਹ ਹੈ ਵਿਆਹ ਵਾਲਾ ਲੜਕਾ ਜਾਂ ਲੜਕੀ। ਵਿਆਹ ਵਾਲੇ ਨੂੰ ਸੁੰਦਰ ਬਣਾਉਣ ਲਈ ਬਟਣੇ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਬਟਣਾ ਮਲ ਕੇ ਉਸ ਦੀ ਸੁੰਦਰਤਾ ਵਧਾਈ ਜਾਂਦੀ ਹੈ। ਇਨ੍ਹਾਂ ਸਭ ਕਾਰਜਾਂ ਨੂੰ ਕਰਨ ਲਈ ਇਹ ਛੋਟੇ ਛੋਟੇ ਇਹ ਰਿਵਾਜ ਬਣੇ ਹਨ।
ਬਟਣਾ ਤਿਆਰ ਕਰਨ ਲਈ ਸਭ ਤੋਂ ਪਹਿਲਾਂ ਸ਼ਰੀਕੇ ਦੀਆਂ ਸੱਤ ਸੁਹਾਗਣਾਂ ਨੂੰ ਬੁਲਾਇਆ ਜਾਂਦਾ ਹੈ। ਉਹ ਇਸ ਰੀਤ ਨੂੰ ਨਿਭਾਉਣ ਦੀ ਸ਼ੁਰੂਆਤ ਕਰਦੀਆਂ ਹਨ। ਸਿੱਧੇ ਸ਼ਬਦਾਂ ਵਿੱਚ ਕਹੀਏ ਤਾਂ ਬਟਣਾ ਮਲਣ ਵਾਲੀ ਚੀਜ਼ ਨੂੰ ਹੀ ਕਿਹਾ ਜਾਂਦਾ ਹੈ। ਇਹ ਬਟਣਾ ਘਰੇਲੂ ਔਰਤਾਂ ਘਰ ਵਿੱਚ ਹੀ ਤਿਆਰ ਕਰਦੀਆਂ ਸਨ। ਇਸ ਵਿੱਚ ਬੇਸਣ ਦੀ ਵਰਤੋਂ ਨਹੀਂ ਬਲਕਿ ਜੌਆਂ ਦੇ ਆਟੇ ਦੀ ਵਰਤੋਂ ਕੀਤੀ ਜਾਂਦੀ ਸੀ ਤੇ ਉਸ ਨੂੰ ਹਲਦੀ ਅਤੇ ਤੇਲ ਮਿਲਾ ਕੇ ਤਿਆਰ ਕੀਤਾ ਜਾਂਦਾ ਸੀ। ਜੌਆਂ ਦੇ ਆਟੇ ਨੂੰ ਘਰ ਹੀ ਚੱਕੀ ’ਤੇ ਬਾਰੀਕ ਪੀਸਿਆ ਜਾਂਦਾ ਤੇ ਇਸ ਨੂੰ ਪੀਸਣ ਤੋਂ ਪਹਿਲਾਂ ਇਸ ਵਿੱਚ ਹਲਦੀ ਦੇ ਛੋਟੇ ਛੋਟੇ ਟੁਕੜੇ ਵੀ ਪਾਏ ਜਾਂਦੇ। ਫਿਰ ਇਸ ਨੂੰ ਪੀਸ ਕੇ ਤਿਆਰ ਕੀਤਾ ਜਾਂਦਾ। ਸ਼ੁਰੂਆਤੀ ਦੌਰ ਵਿੱਚ ਬੰਨ ਯਾਨੀ ਬਟਣਾ ਵਿਆਹ ਤੋਂ ਪੰਜ ਜਾਂ ਸੱਤ ਦਿਨ ਪਹਿਲਾਂ ਹੀ ਲਾਇਆ ਜਾਂਦਾ ਸੀ। ਉਸ ਤੋਂ ਬਾਅਦ ਬੰਨ ਤਿੰਨ ਦਿਨ ਦਾ ਹੋ ਗਿਆ।
ਬਟਣਾ ਤਿਆਰ ਕਰਨ ਵੇਲੇ ਸੱਤ ਸੁਹਾਗਣਾਂ ਇਕੱਠੀਆਂ ਹੋ ਕੇ ਛੱਜ ਵਿੱਚ ਜੌਂ ਰੱਖ ਕੇ ਮੂਲ੍ਹੇ ਜਾਂ ਮੂਲ੍ਹੀ ਨਾਲ ਸੱਤ ਸੱਟਾਂ ਲਾਉਂਦੀਆਂ। ਇਸ ਦੇ ਨਾਲ ਹੀ ਉਹ ਵਿਆਹ ਵਾਲੇ ਨੂੰ ਸੰਬੋਧਨ ਵੀ ਕਰਦੀਆਂ ਹਨ ਕਿ ਤੂੰ ਵੀ ਆ ਕੇ ਇਹ ਕੰਮ ਕਰਵਾ। ਜੇਕਰ ਵਿਆਹ ਲੜਕੇ ਦਾ ਹੋਵੇ ਤਾਂ ਵਹੁਟੀ ਨੂੰ ਸਦ ਬੁਲਾਈ ਹੁੰਦੀ ਹੈ ਤੇ ਜੇਕਰ ਲੜਕੀ ਦਾ ਵਿਆਹ ਹੋਵੇ ਤਾਂ ਲਾੜੇ ਨੂੰ ਜਾਂ ਪ੍ਰਾਹੁਣੇ ਨੂੰ ਸੱਦ ਬੁਲਾਈ ਕੀਤੀ ਜਾਂਦੀ ਹੈ। ਇੱਥੇ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਲਾੜੇ-ਲਾੜੀ ਦੇ ਸ਼ਗਨ ਦੇ ਨਾਲ ਉਨ੍ਹਾਂ ਚੀਜ਼ਾਂ ਨੂੰ ਵੀ ਖੰਮਣੀ ਜਾਂ ਮੌਲੀ ਬੰਨ੍ਹ ਕੇ ਸ਼ਗਨ ਵਜੋਂ ਸਜਾਇਆ ਜਾਂਦਾ ਹੈ ਜਿਵੇਂ ਮੂਲ੍ਹੀ ’ਤੇ ਮੌਲੀ ਬੰਨ੍ਹਣਾ। ਚੱਕੀ ਅਤੇ ਛੱਜ ਦੇ ਮੌਲੀ ਬੰਨ੍ਹਣਾ। ਜੌਂਆਂ ’ਤੇ ਸੱਟਾਂ ਲਾਉਣ ਤੋਂ ਪਹਿਲਾਂ ਵੱਟੇ ’ਤੇ ਵੱਟਾਂ ਮਾਰ ਕੇ ਹਲਦੀ ਦੀਆਂ ਗੰਢੀਆਂ ਨੂੰ ਸੱਤ ਸੁਹਾਗਣਾਂ ਭੰਨਦੀਆਂ ਹਨ ਤੇ ਉਸ ਵੇਲੇ ਵੀ ਚੀਰੇ ਵਾਲੇ ਨੂੰ ਜਾਂ ਚੀਰੇ ਵਾਲੀ ਨੂੰ ਸੱਦ ਬੁਲਾਈ ਹੁੰਦੀ ਹੈ। ਹਲਦੀ ਦੀਆਂ ਗੰਢੀਆਂ ਨੂੰ ਭੰਨਣ ਵੇਲੇ ਇਹ ਗੀਤ ਗਾਇਆ ਜਾਂਦਾ;
ਉੱਪਰ ਤਾਂ ਵਾੜੇ ਤੈਨੂੰ ਸੱਦ ਹੋਈ
ਚੀਰੇ ਵਾਲਿਆ ਵੇ,
ਆ ਕੇ ਤਾਂ ਹਲਦੀ ਤੂੰ ਭੰਨਾਅ
ਦਿਲਾਂ ਵਿੱਚ ਵੱਸ ਰਿਹਾ ਵੇ।
ਫਿਰ ਇਸ ਤਰ੍ਹਾਂ ਸਾਰੀਆਂ ਰਿਸ਼ਤੇਦਾਰ ਔਰਤਾਂ ਨੂੰ ਸੰਬੋਧਨ ਕਰਕੇ ਇਹ ਗੀਤ ਗਾਏ ਜਾਂਦੇ ;
ਹਲਦੀ ਭੰਨਾਵਣ ਤੇਰੀਆਂ ਮਾਮੀਆਂ
ਚੀਰੇ ਵਾਲਿਆ ਵੇ
ਜਿਨ੍ਹਾਂ ਦੇ ਮਨ ਵਿੱਚ ਚਾਅ।
ਇਸ ਤਰ੍ਹਾਂ ਹਰ ਇਕੱਲੀ-ਇਕੱਲੀ ਸ਼ਰੀਕੇ ਦੀ ਔਰਤ ਦਾ ਮਾਣ ਰੱਖਿਆ ਜਾਂਦਾ। ਇਸ ਤੋਂ ਬਾਅਦ ਬਟਣਾ ਪੀਹਣ ਲਈ ਸੱਤ ਸੁਹਾਗਣਾਂ ਚੱਕੀ ਵਿੱਚ ਗਲਾ ਪਾ ਕੇ ਬਟਣਾ ਪੀਂਹਦੀਆਂ ਤੇ ਨਾਲ ਹੀ ਇਹ ਗੀਤ ਗਾਉਂਦੀਆਂ;
ਉੱਪਰ ਤਾਂ ਬਾੜੇ ਤੈਨੂੰ ਸੱਦ ਹੋਈ
ਚੀਰੇ ਵਾਲਿਆ ਵੇ
ਆ ਕੇ ਤਾਂ ਚੱਕੀ ਗਲਾ ਪਵਾ
ਵੇ ਦਿਲਾਂ ਵਿੱਚ ਵਸ ਰਿਹਾ ਵੇ।
***
ਗਲਾ ਤਾਂ ਪਾਵਣ ਤੇਰੀਆਂ ਮਾਮੀਆਂ
ਚੀਰੇ ਵਾਲਿਆ ਵੇ
ਜਿਨ੍ਹਾਂ ਦੇ ਮਨਾਂ ਵਿੱਚ ਚਾਅ।
ਹਲਦੀ ਅਤੇ ਜੌਂਆਂ ਦੇ ਪੀਸੇ ਆਟੇ ਵਿੱਚ ਤੇਲ ਮਿਲਾ ਕੇ ਫਿਰ ਬਟਣਾ ਤਿਆਰ ਕੀਤਾ ਜਾਂਦਾ। ਅੱਜਕੱਲ੍ਹ ਬਟਣਾ ਬਣਿਆ ਬਣਾਇਆ ਬਾਜ਼ਾਰ ਵਿੱਚੋਂ ਵੀ ਮਿਲਦਾ ਹੈ ਅਤੇ ਕਈ ਵਾਰ ਬੇਸਣ ਵਿੱਚ ਤੇਲ ਮਿਲਾ ਕੇ ਵੀ ਕੰਮ ਚਲਾਇਆ ਜਾਂਦਾ ਹੈ। ਇਸ ਬਟਣੇ ਨਾਲ ਚਿਹਰਾ ਤੇ ਹੋਰ ਅੰਗ ਸਾਫ਼ ਹੋ ਜਾਂਦੇ ਹਨ। ਆਪਣੇ ਆਪਣੇ ਵਿਹਾਰ ਮੁਤਾਬਕ ਲੋਕ ਲੜਕੀ ਜਾਂ ਲੜਕੇ ਦੇ ਬੰਨ ਲਾਉਂਦੇ ਹਨ। ਕਈ ਵਾਰ ਪਹਿਲਾਂ ਲੋਕ ਜੋਤਸ਼ੀ ਤੋਂ ਬੰਨ ਕਢਵਾਉਂਦੇ ਵੀ ਸਨ ਤੇ ਓਨੇ ਦਿਨ ਪਹਿਲਾਂ ਹੀ ਬੰਨ ਲਾਉਣੇ ਸ਼ੁਰੂ ਕਰ ਦਿੰਦੇ ਸਨ। ਹੁਣ ਅਜਿਹਾ ਰੁਝਾਨ ਨਹੀਂ ਹੈ। ਸਮੇਂ ਵਿੱਚ ਤਬਦੀਲੀ ਆਉਣ ਨਾਲ ਰੀਤੀ ਰਿਵਾਜਾਂ ਵਿੱਚ ਵੀ ਤਬਦੀਲੀ ਆ ਗਈ ਹੈ। ਅੱਜਕੱਲ੍ਹ ਬਟਣਾ ਇੱਕ ਦਿਨ ਪਹਿਲਾਂ ਹੀ ਲਾ ਦਿੱਤਾ ਜਾਂਦਾ ਹੈ ਅਤੇ ਸਾਰਾ ਸ਼ਗਨ ਵਿਹਾਰ ਕਰ ਦਿੱਤਾ ਜਾਂਦਾ ਹੈ, ਪਰ ਪਿਛਲੇ ਸਮਿਆਂ ਵਿੱਚ ਲੜਕੇ ਜਾਂ ਲੜਕੀ ਦੀ ਨ੍ਹਾਈ ਧੋਈ ਹੋਣ ਤੋਂ ਪਹਿਲਾਂ ਹੀ ਬਟਣਾ ਮਲਿਆ ਜਾਂਦਾ ਸੀ। ਇਹ ਬਟਣਾ ਲੜਕੀ ਦੇ ਨਾਇਣ ਮਲਦੀ ਸੀ ਅਤੇ ਲੜਕੇ ਦੇ ਨਾਈ। ਬਟਣਾ ਮਲਣ ਵੇਲੇ ਪਹਿਲਾਂ ਉਸ ਨੂੰ ਕਾਂਸੀ ਦੇ ਛੰਨੇ ਵਿੱਚ ਪਾਇਆ ਜਾਂਦਾ ਸੀ ਅਤੇ ਫਿਰ ਜਦੋਂ ਲੜਕੀ ਉੱਤੇ ਫੁਲਕਾਰੀ ਤਾਣ ਕੇ ਉਸ ਨੂੰ ਬੰਨ ਲਾਇਆ ਜਾਂਦਾ ਸੀ ਤਾਂ ਸੱਤ ਸੁਹਾਗਣਾਂ ਉਸ ਨੂੰ ਬੰਨ ਲਾਉਂਦੀਆਂ ਸਨ। ਲੜਕੀ ਨੂੰ ਬੰਨ ਲਾਉਣ ਵੇਲੇ ਫੁਲਕਾਰੀ ਤਾਣ ਕੇ ਲਿਆਉਂਦੀਆਂ ਅਤੇ ਨਾਲ ਹੀ ਗੀਤ ਗਾਉਂਦੀਆਂ;
ਬੀਬੀ ਹੋਈ ਬਟਣੇ ਦੀ ਤਿਆਰੀ
ਨੀਂ ਲੈ ਵੱਲ ਬਟਣੇ ਦਾ।
***
ਕਾਂਸੀ ਕਟੋਰੇ ਬਟਣਾ ਪਾਇਆ
ਮਨ ਵਿੱਚ ਕੀਤੇ ਚਾਅ
ਨੀਂ ਲੈ ਵੱਲ ਬਟਣੇ ਦਾ।
ਬਟਣਾ ਮਲਣ ਵੇਲੇ ਵਿਆਂਦੜ ਨੂੰ ਪੂਰਬ ਵੱਲ ਮੂੰਹ ਕਰਕੇ ਪਟੜੇ ’ਤੇ ਬਿਠਾ ਕੇ ਬੰਨ ਲਾਇਆ ਜਾਂਦਾ। ਪੂਰਬ ਵੱਲ ਮੂੰਹ ਕਰਨ ਦਾ ਭਾਵ ਸੂਰਜ ਦੇ ਚੜ੍ਹਨ ਵਾਲੇ ਪਾਸੇ ਨੂੰ ਚੰਗਾ ਸਮਝਣਾ ਹੈ। ਅੱਜਕੱਲ੍ਹ ਵੀ ਕੁਝ ਘਰਾਂ ਵਿੱਚ ਚੜ੍ਹਦੇ ਵਾਲੇ ਪਾਸੇ ਮੂੰਹ ਕਰਕੇ ਕੰਮ ਕੀਤੇ ਜਾਂਦੇ ਹਨ। ਨਵੇਂ ਕੱਪੜੇ ਪਾਉਣੇ, ਕਿਸੇ ਨੂੰ ਸ਼ਗਨ ਦੇਣਾ ਜਾਂ ਰੱਖੜੀ ਆਦਿ ਬੰਨ੍ਹਣ ਵੇਲੇ ਇਨ੍ਹਾਂ ਗੱਲਾਂ ਦਾ ਖ਼ਾਸ ਖ਼ਿਆਲ ਰੱਖਦੇ ਹਨ।
ਚੜ੍ਹਦੇ ਵਾਲੇ ਪਾਸੇ ਬਿਠਾ ਕੇ ਬੰਨ ਲਾਉਣ ਦਾ ਕੰਮ ਸ਼ੁਰੂ ਕੀਤਾ ਜਾਂਦਾ ਹੈ। ਸਭ ਤੋਂ ਪਹਿਲਾਂ ਮਾਂ ਬੰਨ ਲਾਉਂਦੀ ਹੈ। ਜਦੋਂ ਮਾਂ ਬੰਨ ਲਾਉਂਦੀ ਹੈ ਤਾਂ ਔਰਤਾਂ ਗੀਤ ਗਾਉਂਦੀਆਂ ਹਨ;
ਉਹ ਮੈਂ ਵਾਰੀ ਜੀ
ਪਹਿਲਾਂ ਬੰਨਾ ਕੀਹਨੇ ਲਾਇਆ?
ਇਸ ਗੀਤ ਨੂੰ ਦੁਹਰਾਉਣ ਤੋਂ ਬਾਅਦ ਫਿਰ ਦੂਜਾ ਗੀਤ ਸ਼ੁਰੂ ਹੁੰਦਾ;
ਓ ਮੈਂ ਵਾਰੀ ਜੀ
ਪਹਿਲਾ ਬੰਨਾ ਮਾਂ ਨੇ ਲਾਇਆ।
ਮਾਂ ਤਾਂ ਇਹਦੀ ਸਦਾ ਸੁਹਾਗਣ
ਪਹਿਲਾ ਬੰਨਾ ਉਸ ਲਾਇਆ।
ਇਸ ਤੋਂ ਬਾਅਦ ਮੁੰਡੇ ਦੀ ਮਾਮੀ ਜਾਂ ਕੁੜੀ ਦੀ ਮਾਮੀ ਬੰਨਾ ਲਾਉਂਦੀ ਹੈ। ਇਸ ਤਰ੍ਹਾਂ ਬਾਕੀ ਸਾਰੀਆਂ ਚਾਚੀਆਂ, ਤਾਈਆਂ ਅਤੇ ਭਰਜਾਈਆਂ ਆਦਿ ਬੰਨ ਲਾਉਂਦੀਆਂ ਹਨ ਅਤੇ ਉਨ੍ਹਾਂ ਦੇ ਨਾਂ ਨਾਲ ਗੀਤ ਜੋੜ ਕੇ ਗਾਏ ਜਾਂਦੇ ਹਨ। ਇਹ ਸਿਲਸਿਲਾ ਕਾਫ਼ੀ ਚਿਰ ਚੱਲਦਾ ਹੈ ਜੋ ਵਿਹੜੇ ਦੀ ਰੌਣਕ ਬਣਦਾ ਹੈ। ਬੰਨ ਲਾਉਣ ਤੋਂ ਬਾਅਦ ਨਾਇਣ ਜਾਂ ਨਾਈ ਜਾਂ ਇਸ ਦੀ ਥਾਂ ’ਤੇ ਕੋਈ ਹੋਰ ਲਾਗੀ ਗਿਆ ਹੋਵੇ ਤਾਂ ਉਹ ਵੀ ਵਿਆਂਦੜ ਨੂੰ ਬੰਨ ਮਲਦਾ ਹੈ। ਬਟਣਾ ਮਲਣ ਵੇਲੇ ਇਹ ਗੀਤ ਗਾਇਆ ਜਾਂਦਾ ਹੈ;
ਬੋ ਬੋ, ਜਿੰਦ ਨੀਂ
ਬਟਣਾ ਕਟੋਰੇ ਦਾ।
ਮੈਂ ਵਾਰੀ ਜਿੰਦ ਨੀਂ
ਬਟਣਾ ਕਟੋਰੇ ਦਾ।
ਸਮੇਂ ਦੇ ਬਦਲਣ ਨਾਲ ਇਹ ਰਸਮਾਂ ਹੁਣ ਇੱਕ ਜਾਂ ਦੋ ਦਿਨ ਪਹਿਲਾਂ ਹੀ ਕਰ ਦਿੱਤੀਆਂ ਜਾਂਦੀਆਂ ਹਨ ਕਿਉਂਕਿ ਉਸ ਦਿਨ ਲੜਕੀ ਅਤੇ ਲੜਕੇ ਦੇ ਤਿਆਰ ਹੋਣ ਲਈ ਹੋਰ ਰੁਝੇਵੇਂ ਹੁੰਦੇ ਹਨ, ਪ੍ਰੰਤੂ ਪਹਿਲਾਂ ਇਹ ਤਿਆਰੀ ਹੀ ਸਭ ਤੋਂ ਵਧੀਆ ਮੰਨੀਂ ਜਾਂਦੀ ਸੀ ਅਤੇ ਉਸ ਤੋਂ ਬਾਅਦ ਨ੍ਹਾਈ ਧੋਈ ਕਰਕੇ ਕੱਪੜੇ ਪੁਆ ਦਿੰਦੇ ਸਨ।
ਸੰਪਰਕ: 94178-40323