DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮਨ ਦੀ ਸੰਭਾਲ ਤਨ ਵਾਂਗ ਕਰੀਏ

ਮਨੁੱਖ ਦੀਆਂ ਖ਼ੁਸ਼ੀਆਂ ਅਤੇ ਗ਼ਮੀਆਂ ਉਸ ਦੇ ਤਨ ਅਤੇ ਮਨ ਨਾਲ ਜੁੜੀਆਂ ਹੋਈਆਂ ਹਨ। ਤੀਸਰਾ ਪੱਖ ਧਨ ਵੀ ਮਹੱਤਵਪੂਰਨ ਹੈ, ਪਰ ਉਸ ਦੀ ਲੋੜ ਸਿਰਫ਼ ਆਪਣੇ ਤਨ ਅਤੇ ਮਨ ਨੂੰ ਤੰਦਰੁਸਤ ਅਤੇ ਸੰਤੁਲਿਤ ਰੱਖਣ ਲਈ ਹੀ ਹੁੰਦੀ ਹੈ। ਜਿਸ ਦਾ...
  • fb
  • twitter
  • whatsapp
  • whatsapp
Advertisement

ਮਨੁੱਖ ਦੀਆਂ ਖ਼ੁਸ਼ੀਆਂ ਅਤੇ ਗ਼ਮੀਆਂ ਉਸ ਦੇ ਤਨ ਅਤੇ ਮਨ ਨਾਲ ਜੁੜੀਆਂ ਹੋਈਆਂ ਹਨ। ਤੀਸਰਾ ਪੱਖ ਧਨ ਵੀ ਮਹੱਤਵਪੂਰਨ ਹੈ, ਪਰ ਉਸ ਦੀ ਲੋੜ ਸਿਰਫ਼ ਆਪਣੇ ਤਨ ਅਤੇ ਮਨ ਨੂੰ ਤੰਦਰੁਸਤ ਅਤੇ ਸੰਤੁਲਿਤ ਰੱਖਣ ਲਈ ਹੀ ਹੁੰਦੀ ਹੈ। ਜਿਸ ਦਾ ਸਰੀਰ ਪੂਰਨ ਤੰਦਰੁਸਤ ਹੈ, ਮਨ ਪੂਰਾ ਸ਼ਾਂਤ ਹੈ, ਇਨ੍ਹਾਂ ਨੂੰ ਲਗਾਤਾਰ ਖੁਰਾਕ ਮਿਲ ਰਹੀ ਹੋਵੇ, ਉਸ ਨੂੰ ਧਨ ਬਾਰੇ ਚਿੰਤਾ ਕਰਨ ਦੀ ਲੋੜ ਨਹੀਂ।

ਬੱਚੇ ਦੇ ਜਨਮ ਤੋਂ ਇਕਦਮ ਬਾਅਦ ਸਭ ਤੋਂ ਪਹਿਲਾਂ ਉਸ ਦੇ ਸਰੀਰ ਦੀ ਸੰਭਾਲ ਹੁੰਦੀ ਹੈ। ਮਾਪੇ ਕਿਵੇਂ ਛੋਟੇ ਬੱਚੇ ਦੀ ਹਰੇਕ ਲੋੜ ਵੱਲ ਧਿਆਨ ਦਿੰਦੇ ਹਨ। ਕਿਵੇਂ ਉਸ ਨੂੰ ਗਰਮੀ ਅਤੇ ਸਰਦੀ ਤੋਂ ਬਚਾਉਂਦੇ ਹਨ। ਮੁੱਢਲੇ ਸਾਲਾਂ ਵਿੱਚ ਉਸ ਦੀ ਖੁਰਾਕ ਦਾ ਕਿੰਨਾ ਧਿਆਨ ਰੱਖਿਆ ਜਾਂਦਾ ਹੈ। ਸਮਝਦਾਰ ਮਾਪੇ ਜਾਣਦੇ ਹਨ ਕਿ ਇਸੇ ਸਮੇਂ ਤੋਂ ਉਸ ਦੇ ਮਨ ਦੀ ਘਾੜਤ ਘੜੀ ਜਾਣੀ ਸ਼ੁਰੂ ਹੋ ਜਾਂਦੀ ਹੈ। ਜੋ ਕੁਝ ਉਹ ਆਪਣੇ ਆਲੇ ਦੁਆਲੇ ਹੁੰਦਾ ਵੇਖਦਾ ਹੈ, ਸੁਣਦਾ ਹੈ, ਉਹ ਸਭ ਉਸ ਦੇ ਮਨ ’ਤੇ ਆਪਣਾ ਪ੍ਰਭਾਵ ਪਾਉਂਦੇ ਹਨ।

Advertisement

ਯਾਦ ਕਰੀਏ ਕਿ ਸਰੀਰ ਨੂੰ ਪੂਰਨ ਤੰਦਰੁਸਤ ਰੱਖਣ ਲਈ ਕੀ ਕੀ ਕੀਤਾ ਜਾਣਾ ਚਾਹੀਦਾ ਹੈ। ਪਹਿਲੀ ਗੱਲ ਪੌਸ਼ਟਿਕ ਖੁਰਾਕ ਹੈ। ਆਪਾਂ ਸਾਰੇ ਜਾਣਦੇ ਹਾਂ ਕਿ ਸੰਤੁਲਿਤ ਭੋਜਨ ਵਿੱਚ ਕਾਰਬੋਹਾਈਡਰੇਟ, ਚਰਬੀ, ਪ੍ਰੋਟੀਨ, ਵਿਟਾਮਿਨ, ਖਣਿਜ, ਮੋਟਾ ਆਹਾਰ ਆਦਿ ਸਭ ਢੁੱਕਵੀਂ ਮਾਤਰਾ ਵਿੱਚ ਹੋਣੇ ਚਾਹੀਦੇ ਹਨ। ਭੋਜਨ ਤੋਂ ਬਾਅਦ ਜ਼ਰੂਰੀ ਹੈ ਕਸਰਤ। ਹਲਕੀ ਤੋਂ ਲੈ ਕੇ ਭਾਰੀ ਕਸਰਤ ਤੱਕ ਦੇ ਆਪਣੇ ਆਪਣੇ ਫਾਇਦੇ ਗਿਣਾਏ ਜਾ ਸਕਦੇ ਹਨ। ਕਸਰਤ ਆਪਣੀ ਸਮਰੱਥਾ ਮੁਤਾਬਕ ਅਤੇ ਸਰੀਰ ਮੁਤਾਬਿਕ ਹੋ ਸਕਦੀ ਹੈ, ਪਰ ਬਿਲਕੁਲ ਵੀ ਕਸਰਤ ਨਾ ਕਰਨਾ ਸਰੀਰ ਲਈ ਠੀਕ ਨਹੀਂ ਹੈ। ਉਪਰੰਤ ਸਰੀਰ ਨੂੰ ਨੀਂਦ ਅਤੇ ਆਰਾਮ ਦੀ ਵੀ ਜ਼ਰੂਰਤ ਹੁੰਦੀ ਹੈ। ਇਸ ਦੇ ਨਾਲ ਸਰੀਰ ਨੂੰ ਮੁੜ ਊਰਜਾ ਮਿਲਦੀ ਹੈ।

ਆਓ ਹੁਣ ਮਨ ’ਤੇ ਵੀ ਇਹੀ ਗੱਲਾਂ ਲਾਗੂ ਕਰ ਕੇ ਦੇਖੀਏ। ਪਹਿਲੀ ਗੱਲ ਪੌਸ਼ਟਿਕ ਭੋਜਨ ਦੀ। ਜਿਵੇਂ ਭੋਜਨ ਸਰੀਰ ਨੂੰ ਊਰਜਾ ਅਤੇ ਤਾਕਤ ਦਿੰਦਾ ਹੈ ਜਿਸ ਨਾਲ ਮਨੁੱਖੀ ਸਰੀਰ ਵਿਚਲੇ ਵੱਖ ਵੱਖ ਅੰਗ ਅਤੇ ਅੰਗ ਪ੍ਰਣਾਲੀਆਂ ਆਪਣਾ ਕੰਮ ਠੀਕ ਠਾਕ ਕਰਦੀਆਂ ਹਨ ਅਤੇ ਉਨ੍ਹਾਂ ਦਾ ਵਿਕਾਸ ਹੁੰਦਾ ਰਹਿੰਦਾ ਹੈ। ਸਰੀਰ ਦੇ ਅੰਦਰਲਾ ਕੁਦਰਤੀ ਸਿਸਟਮ ਆਪਣੇ ਆਪ ਹੀ ਭੋਜਨ ਵਿੱਚੋਂ ਜ਼ਰੂਰੀ ਤੱਤ ਲੈ ਲੈਂਦਾ ਹੈ ਅਤੇ ਜੋ ਉਸ ਲਈ ਬੇਕਾਰ ਹੈ, ਉਸ ਨੂੰ ਬਾਹਰ ਕੱਢ ਦਿੰਦਾ ਹੈ। ਮਨ ਦੀ ਖੁਰਾਕ ਕਿਹੜੀ ਹੈ? ਜੋ ਵੀ ਅਸੀਂ ਬਾਹਰੋਂ ਪੜ੍ਹਦੇ, ਦੇਖਦੇ ਤੇ ਸੁਣਦੇ ਹਾਂ, ਉਸ ਦਾ ਪ੍ਰਭਾਵ ਸਾਡੇ ਮਨ ਵਿੱਚ ਜਾਂਦਾ ਹੈ। ਮਨ ਨੇ ਵੀ ਉਸ ਪ੍ਰਾਪਤ ਕੀਤੀਆਂ ਚੀਜ਼ਾਂ ਦਾ ਵਿਸ਼ਲੇਸ਼ਣ ਕਰਨਾ ਹੁੰਦਾ ਹੈ, ਉਸ ਵਿੱਚੋਂ ਚੰਗੀਆਂ ਅਤੇ ਉਸ ਦੇ ਆਪਣੇ ਕੰਮ ਆਉਣ ਵਾਲੇ ਵਿਚਾਰ, ਸੋਚਾਂ ਅਤੇ ਕਲਪਨਾਵਾਂ ਨੂੰ ਰੱਖ ਲੈਂਦਾ ਹੈ, ਇਹਦੇ ਵਿੱਚੋਂ ਬੇਲੋੜਾ ਸਮਝੇ ਜਾਣ ਵਾਲਾ ਮੈਟਰ ਮਨ ਹੌਲੀ ਹੌਲੀ ਛੱਡਦਾ ਜਾਂਦਾ ਹੈ। ਜਿਵੇਂ ਅਸੀਂ ਸਰੀਰ ਲਈ ਖਾਣ ਪੀਣ ਵਾਲੇ ਪਦਾਰਥ ਚੰਗੀ ਤਰ੍ਹਾਂ ਦੇਖ ਪਰਖ ਕੇ ਹੀ ਖਾਂਦੇ ਹਾਂ। ਇਸੇ ਤਰ੍ਹਾਂ ਮਨ ਅੰਦਰ ਪਾਏ ਜਾਣ ਵਾਲੇ ਵਿਚਾਰ, ਸੋਚਾਂ ਅਤੇ ਕਲਪਨਾਵਾਂ ਆਦਿ ਨੂੰ ਵੀ ਫਿਲਟਰ ਕਰਨਾ ਅਤੇ ਜਾਂਚ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ। ਕੀ ਸੁਣਨਾ ਹੈ, ਕੀ ਸੋਚਣਾ ਹੈ, ਕੀ ਪੜ੍ਹਨਾ ਹੈ, ਕੀ ਦੇਖਣਾ ਹੈ, ਇਹ ਸਭ ਮਿਲ ਕੇ ਮਨ ਦੀ ਖੁਰਾਕ ਬਣਦੇ ਹਨ ਜਿਸ ਦਾ ਮਨ ਅੰਦਰ ਵਿਸ਼ਲੇਸ਼ਣ ਹੁੰਦਾ ਹੈ।

ਜਿਵੇਂ ਗ਼ਲਤ ਖਾਧਾ ਅਤੇ ਪੀਤਾ ਸਰੀਰ ਨੂੰ ਨੁਕਸਾਨ ਕਰਦਾ ਹੈ, ਬਿਲਕੁਲ ਉਸੇ ਤਰ੍ਹਾਂ ਗ਼ਲਤ ਦੇਖਿਆ, ਗ਼ਲਤ ਪੜ੍ਹਿਆ ਅਤੇ ਗ਼ਲਤ ਸੁਣਿਆ ਆਦਿ ਮਨ ਨੂੰ ਖ਼ਰਾਬ ਕਰਦੇ ਹਨ। ਮਨ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੁੰਦਾ ਹੈ। ਇਸ ਲਈ ਬਹੁਤ ਜ਼ਰੂਰੀ ਹੈ ਕਿ ਮਨ ਨੂੰ ਸੰਤੁਲਿਤ ਭੋਜਨ ਦਿੱਤਾ ਜਾਵੇ। ਸਕਾਰਾਤਮਕ ਅਤੇ ਪ੍ਰੇਰਨਾਤਮਕ ਸੁੰਦਰ ਵਿਚਾਰ, ਚੰਗੀਆਂ ਸੋਚਾਂ, ਵਧੀਆ ਪੁਸਤਕਾਂ ਦਿੰਦੇ ਰਹਿਣ ਨਾਲ ਮਨ ਅਰੋਗ ਰਹਿ ਸਕਦਾ ਹੈ ਅਤੇ ਇਸ ਦਾ ਵਿਕਾਸ ਵੀ ਵਧੀਆ ਹੋ ਸਕਦਾ ਹੈ। ਚੰਗਾ ਪੜ੍ਹਨਾ ਅਤੇ ਦੇਖਣਾ ਤਾਂ ਕਾਫ਼ੀ ਹੱਦ ਤੱਕ ਸਾਡੇ ਹੱਥ ਵਿੱਚ ਹੈ, ਪਰ ਚੰਗਾ ਸੁਣਨਾ ਪੂਰੀ ਤਰ੍ਹਾਂ ਸਾਡੇ ਹੱਥ ਵਿੱਚ ਨਹੀਂ। ਕੁਝ ਸਾਡੇ ਹੀ ਅਜ਼ੀਜ਼ ਸਾਨੂੰ ਨਿੰਦਾ ਚੁਗਲੀ ਅਤੇ ਕੁਝ ਹੋਰ ਗ਼ਲਤ ਚੀਜ਼ਾਂ ਸੁਣਾਉਣ ਦੀ ਕੋਸ਼ਿਸ਼ ਕਰਦੇ ਹਨ, ਜਿਸ ਨੂੰ ਅਸੀਂ ਚੰਗਾ ਨਾ ਸਮਝਦੇ ਹੋਏ ਵੀ ਉਸ ਅਜ਼ੀਜ਼ ਨਾਲ ਜੁੜੇ ਰਹਿਣ ਲਈ ਉਸ ਨੂੰ ਸੁਣ ਲੈਂਦੇ ਹਾਂ। ਉਹ ਤਾਂ ਆਪਣੀ ਕਾਰਵਾਈ ਪਾ ਕੇ ਆਪਣੇ ਆਹਰੇ ਲੱਗਦਾ ਹੈ, ਪਰ ਸਾਡੇ ਮਨ ਨੇ ਉਸ ਗ਼ਲਤ ਸੂਚਨਾ ਨੂੰ ਵੀ ਆਪਣੀ ਡਰਾਈਵ ਵਿੱਚ ਸੇਵ ਕਰ ਲਿਆ ਹੁੰਦਾ ਹੈ ਜਿਸ ਨਾਲ ਸਾਡੀ ਸੋਚਣੀ ਵੀ ਕੁਝ ਕੁਝ ਗ਼ਲਤ ਹੋ ਜਾਂਦੀ ਹੈ। ਇਸ ਤੋਂ ਬਚਣ ਲਈ ਸਾਨੂੰ ਸਖ਼ਤ ਸਟੈਂਡ ਲੈਣਾ ਪਵੇਗਾ।

ਸੁਕਰਾਤ ਦਾ ਤਿੰਨ ਨੁਕਾਤੀ ਫਿਲਟਰ ਸ਼ਾਇਦ ਤੁਸੀਂ ਜਾਣਦੇ ਹੀ ਹੋਵੋ। ਉਸ ਕੋਲ ਜਦੋਂ ਵੀ ਕੋਈ ਦੋਸਤ ਕਿਸੇ ਹੋਰ ਦੀ ਚੁਗਲੀ ਕਰਨ ਲਈ ਜਾਂ ਹੋਰ ਕੋਈ ਗ਼ਲਤ ਸੂਚਨਾ ਦੇਣ ਲੱਗਦਾ ਹੀ ਸੀ ਤਾਂ ਸੁਕਰਾਤ ਕਹਿੰਦੇ, ਰੁਕ ਪਹਿਲਾਂ ਮੇਰੇ ਤਿੰਨ ਸਵਾਲਾਂ ਦੇ ਜਵਾਬ ਦੇ। ਪਹਿਲਾ, ਕੀ ਇਹ 100% ਸੱਚ ਹੈ ਜਾਂ ਤੂੰ ਅੱਖੀਂ ਦੇਖਿਆ ਹੈ ਜੋ ਮੈਨੂੰ ਦੱਸਣ ਜਾ ਰਿਹਾ ਹੈ? ਦੂਸਰਾ ਕੀ ਇਹ ਇੱਕ ਚੰਗੀ ਅਤੇ ਸਕਾਰਾਤਮਕ ਗੱਲ ਹੈ ? ਤੀਸਰਾ ਕੀ ਇਸ ਨਾਲ ਮੈਨੂੰ ਕੋਈ ਲਾਭ ਮਿਲਣ ਵਾਲਾ ਹੈ ? ਜੇ ਅਗਲਾ ਨਾਂਹ ਆਖਦਾ ਤਾਂ ਸੁਕਰਾਤ ਉਸ ਨੂੰ ਸੁਣਨ ਤੋਂ ਦ੍ਰਿੜਤਾ ਨਾਲ ਇਨਕਾਰ ਕਰ ਦਿੰਦਾ। ਸਾਨੂੰ ਵੀ ਇਹ ਸੋਚਣਾ ਚਾਹੀਦਾ ਹੈ ਕਿ ਉੱਪਰ ਲਿਖੇ ਤਿੰਨ ਨੁਕਤਿਆਂ ਵੱਲ ਧਿਆਨ ਦੇ ਕੇ ਹੀ ਗੱਲ ਸੁਣੀ ਜਾਵੇ। ਸਿਰਫ਼ ਸਾਡਾ ਵਕਤ ਹੀ ਖ਼ਰਾਬ ਨਹੀਂ ਹੁੰਦਾ, ਸਗੋਂ ਸਾਡਾ ਮਨ ਵੀ ਵਿਕਾਰਾਂ ਨਾਲ ਭਰਦਾ ਹੈ। ਉਸ ਗ਼ਲਤ ਨੂੰ ਅੰਦਰ ਆਉਣ ਤੋਂ ਰੋਕਣਾ ਸਾਡਾ ਮੁੱਢਲਾ ਫਰਜ਼ ਹੈ।

ਦੂਸਰਾ ਪੱਖ ਹੈ ਕਸਰਤ। ਜਿਵੇਂ ਸਰੀਰ ਦੇ ਸਾਰੇ ਅੰਗਾਂ ਨੂੰ ਵਧੇਰੇ ਦੇਰ ਤੱਕ ਠੀਕ ਤਰ੍ਹਾਂ ਕੰਮ ਕਰਦੇ ਰਹਿਣ ਲਈ ਉਨ੍ਹਾਂ ਲਈ ਵੱਖੋ ਵੱਖਰੀਆਂ ਕਸਰਤਾਂ ਦੱਸੀਆਂ ਜਾਂਦੀਆਂ ਹਨ। ਬਿਲਕੁਲ ਇਸੇ ਤਰ੍ਹਾਂ ਮਨ ਨੂੰ ਠੀਕ ਤਰ੍ਹਾਂ ਕੰਮ ਕਰਦੇ ਰਹਿਣ ਲਈ ਵੀ ਮਨ ਦੀਆਂ ਕਸਰਤਾਂ ਕਰਦੇ ਰਹਿਣ ਦੀ ਬਹੁਤ ਲੋੜ ਹੁੰਦੀ ਹੈ। ਬਹੁਤੇ ਵਿਅਕਤੀ ਆਪਣੀ ਰਸਮੀ ਸਿੱਖਿਆ ਨੂੰ ਖ਼ਤਮ ਕਰਨ ਤੋਂ ਬਾਅਦ ਕੁਝ ਵੀ ਸਿੱਖਣ ਦੀ ਕੋਸ਼ਿਸ਼ ਕਰਨੀ ਛੱਡ ਦਿੰਦੇ ਹਨ ਅਤੇ ਆਪਣੇ ਕੰਮ ਵਿੱਚ ਵੀ ਨਵੀਆਂ ਗੱਲਾਂ ਨਾ ਸਿੱਖ ਕੇ ਓਨੇ ਕੁ ਗਿਆਨ ਨਾਲ ਹੀ ਸੰਤੁਸ਼ਟ ਰਹਿ ਕੇ ਜ਼ਿੰਦਗੀ ਗੁਜ਼ਾਰ ਦਿੰਦੇ ਹਨ। ਇਹ ਬਿਲਕੁਲ ਵੀ ਠੀਕ ਨਹੀਂ ਹੈ। ਸਰੀਰ ਦੇ ਜਿਸ ਵੀ ਅੰਗ ਨੂੰ ਘੱਟ ਵਰਤਿਆ ਜਾਏਗਾ, ਉਸ ਦੀ ਕੁਸ਼ਲਤਾ ਘੱਟ ਹੋਏਗੀ। ਸੱਜਾ ਹੱਥ, ਖੱਬੇ ਨਾਲੋਂ ਇਸ ਲਈ ਤੇਜ਼ ਅਤੇ ਕੁਸ਼ਲ ਹੈ ਕਿਉਂਕਿ ਅਸੀਂ ਬਚਪਨ ਤੋਂ ਇਸ ਨੂੰ ਵਧੇਰੇ ਵਰਤਿਆ ਹੈ। ਇਹੀ ਗੱਲ ਮਨ ’ਤੇ ਵੀ ਲਾਗੂ ਹੁੰਦੀ ਹੈ। ਜਿਹੜੀ ਸੋਚ ਨੂੰ, ਵਿਚਾਰ ਨੂੰ ਬਾਰ ਬਾਰ ਦੁਹਰਾਇਆ ਜਾਂਦਾ ਰਹੇਗਾ, ਉਹ ਮਨ ਵਿੱਚ ਘਰ ਕਰਦੀ ਜਾਏਗੀ ਅਤੇ ਆਪਣੀ ਥਾਂ ਬਣਾ ਲੈਣ ਕਾਰਨ ਸਾਡੇ ਅਮਲ ਵੀ ਉਸ ਤਰ੍ਹਾਂ ਦੇ ਹੋ ਜਾਣਗੇ। ਸਾਨੂੰ ਗੁਰਬਾਣੀ ਜਾਂ ਧਾਰਮਿਕ ਬਚਨ ਬਾਰ ਬਾਰ ਪੜ੍ਹਦੇ ਰਹਿਣ ਦੀ ਨਸੀਹਤ ਇਸੇ ਲਈ ਦਿੱਤੀ ਜਾਂਦੀ ਹੈ।

ਸਵੈ ਪ੍ਰੇਰਨਾ ਅਜੋਕੇ ਮਨੋਵਿਗਿਆਨ ਦਾ ਸੰਕਲਪ ਹੈ ਜਿਸ ਦਾ ਭਾਵ ਇਹੋ ਹੈ ਕਿ ਮਨੁੱਖ ਨੇ ਆਪਣੇ ਆਪ ਨੂੰ ਚੰਗਾ ਕਰਨ ਚੰਗਾ ਬਣਨ ਲਈ ਹਮੇਸ਼ਾਂ ਚੰਗੀਆਂ ਨਸੀਹਤਾਂ ਆਪਣੇ ਆਪ ਨੂੰ ਦਿੰਦੇ ਰਹਿਣਾ ਹੈ। ਆਪਣੇ ਆਪ ਨੂੰ ਸਮਰੱਥ ਸਮਝਣਾ ਹੈ ਅਤੇ ਕੁਝ ਨੇਕ ਕਰਦੇ ਰਹਿਣ ਲਈ ਪ੍ਰੇਰਨਾ ਦਿੰਦੇ ਰਹਿਣਾ ਹੈ। ਮਨੋਵਿਗਿਆਨੀ ਆਖਦੇ ਹਨ ਕਿ ‘ਝੂਠ ਨਾ ਬੋਲੋ’ ਕਹਿਣ ਨਾਲੋਂ ‘ਸਦਾ ਸੱਚ ਬੋਲੋ’ ਦੀ ਪ੍ਰੇਰਨਾ ਜ਼ਿਆਦਾ ਲਾਭਦਾਇਕ ਹੈ ਕਿਉਂਕਿ ਮਨੁੱਖੀ ਮਨ ਕਈ ਵਾਰ ਬੱਚੇ ਵਾਂਗ ਵਿਵਹਾਰ ਕਰਦਾ ਹੈ ਕਿ ਜਿਸ ਕੰਮ ਤੋਂ ਰੋਕੋ, ਉਸ ਵੱਲ ਖਿੱਚ ਵਧੇਰੇ ਹੋਣ ਕਾਰਨ ਉਹ ਕੰਮ ਕਰਨ ਦਾ ਤਜਰਬਾ ਕਰ ਬੈਠਦਾ ਹੈ। ਸੰਤੁਲਿਤ ਸੋਚ ਬਣਾਏ ਰੱਖਣ ਲਈ ਸਖ਼ਤ ਅਤੇ ਲਗਾਤਾਰ ਯਤਨ ਕਰਦੇ ਰਹਿਣ ਦੀ ਲੋੜ ਹੁੰਦੀ ਹੈ। ਲਗਾਤਾਰਤਾ ਲਈ ਸਿਰਫ਼ ਇੱਕ ਦੋ ਉਦਾਹਰਨਾਂ ਕਾਫ਼ੀ ਹਨ। ਇੱਕ ਪੱਥਰ ਕਈ ਸਾਲ ਵੀ ਨਦੀ ਵਿੱਚ ਪਿਆ ਰਹੇ ਤਾਂ ਉਹ ਨਰਮ ਨਹੀਂ ਹੁੰਦਾ, ਪਰ ਉਸੇ ਪੱਥਰ ’ਤੇ ਲਗਾਤਾਰ ਪੈ ਰਹੀ ਪਾਣੀ ਦੀ ਹਲਕੀ ਜਿਹੀ ਧਾਰ ਵੀ ਉਸ ਥਾਂ ’ਤੇ ਹਲਕਾ ਜਿਹਾ ਟੋਆ ਪੈਦਾ ਕਰ ਦਿੰਦੀ ਹੈ ਕਿਉਂਕਿ ਇਸ ਧਾਰ ਨੇ ਪੱਥਰ ਨੂੰ ਤੋੜਿਆ ਨਹੀਂ, ਸਗੋਂ ਆਪਣੇ ਨਾਲ ਰੋੜ੍ਹਿਆ ਹੈ। ਲਗਾਤਾਰ ਦਿੱਤੀ ਹੋਈ ਪ੍ਰੇਰਨਾ ਵੀ ਮਨ ’ਤੇ ਇਹੀ ਅਸਰ ਪਾ ਸਕਦੀ ਹੈ। ਦੂਸਰੀ ਛੋਟੀ ਜਿਹੀ ਉਦਾਹਰਨ ਅਸੀਂ ਸਰੀਰਕ ਪੱਖ ਤੋਂ ਹੀ ਦੇਖ ਸਕਦੇ ਹਾਂ ਕਿ ਸਰਕਸ ਦੇ ਕਲਾਕਾਰ ਲਗਾਤਾਰ ਕੀਤੇ ਹੋਏ ਅਭਿਆਸ ਨਾਲ ਆਪਣੇ ਸਰੀਰ ਨੂੰ ਇੰਨਾ ਜ਼ਿਆਦਾ ਮੋੜ ਕੇ ਦਿਖਾ ਦਿੰਦੇ ਹਨ, ਜਿੰਨਾ ਅਸੀਂ ਸੋਚ ਵੀ ਨਹੀਂ ਸਕਦੇ। ਲਗਾਤਾਰ ਕੀਤਾ ਹੋਇਆ ਮਾਨਸਿਕ ਅਭਿਆਸ ਵੀ ਚਮਤਕਾਰ ਕਰ ਸਕਣ ਦੇ ਸਮਰੱਥ ਹੁੰਦਾ ਹੈ।

ਮਨ ਵੀ ਸਰੀਰ ਵਾਂਗ ਹੀ ਥੱਕਦਾ ਹੈ। ਇਸ ਨੂੰ ਵੀ ਆਰਾਮ ਦੀ ਲੋੜ ਹੁੰਦੀ ਹੈ। ਸਰੀਰ ਲਗਾਤਾਰ ਕੰਮ ਕਰਦਾ ਹੋਵੇ ਤਾਂ ਕੁਝ ਘੰਟੇ ਵਿੱਚ ਹੀ ਆਰਾਮ ਭਾਲਦਾ ਹੈ। ਸਾਡੀ ਅੱਜ ਦੀ ਰੁਝੇਵਿਆਂ ਭਰੀ ਅਤੇ ਭਜਦੌੜ ਦੀ ਜ਼ਿੰਦਗੀ ਵਿੱਚ ਮਾਨਸਿਕ ਦਬਾਅ ਅਤੇ ਤਣਾਅ ਬਹੁਤ ਜ਼ਿਆਦਾ ਹੈ। ਵਧੇਰੇ ਸੋਚਣਾ, ਹਮੇਸ਼ਾਂ ਗੰਭੀਰਤਾ ਨਾਲ ਹਰ ਮਸਲੇ ਨੂੰ ਲੈਣਾ ਅਤੇ ਚਿੰਤਾ ਲਗਾਈ ਰੱਖਣੀ ਸਾਡੇ ਮਨ ਦੀ ਕਾਰਜ ਕੁਸ਼ਲਤਾ ਘਟਾ ਦਿੰਦੀ ਹੈ। ਸਾਨੂੰ ਸਭ ਕੁਝ ਛੱਡ ਕੇ ਸਾਰੀ ਚਿੰਤਾ ਛੱਡ ਕੇ ਆਰਾਮ ਵੀ ਕਰਨਾ ਆਉਣਾ ਚਾਹੀਦਾ ਹੈ। ਇਸ ਮਨ ਨੂੰ ਹਲਕੇ ਫੁਲਕੇ ਅੰਦਾਜ਼ ਵਿੱਚ ਮਸਤ ਰਹਿਣਾ ਵੀ ਆਉਣਾ ਚਾਹੀਦਾ ਹੈ। ਕਦੇ ਕਦੇ ਗੀਤ ਸੰਗੀਤ, ਨੱਚਣਾ ਜਾਂ ਆਪਣੀ ਰੁਚੀ ਅਨੁਸਾਰ ਮਨ ਨੂੰ ਖ਼ੁਸ਼ ਰੱਖਣ ਨਾਲ ਮਾਨਸਿਕ ਊਰਜਾ ਕਾਫ਼ੀ ਵਧ ਜਾਂਦੀ ਹੈ। ਚੜ੍ਹਦੀ ਕਲਾ ਵਿੱਚ ਰਹਿਣਾ ਸਿਖਾਉਣ ਲਈ ਇਸ ਨੂੰ ਗੁਰਬਾਣੀ ਅਤੇ ਇਤਿਹਾਸ ਦੇ ਹਵਾਲਿਆ ਨਾਲ ਭਰਪੂਰ ਰੱਖਣਾ ਚਾਹੀਦਾ ਹੈ। ਜਿਸ ਵਿਅਕਤੀ ਨੇ ਮਨ ਨੂੰ ਆਰਾਮ ਦੇਣਾ ਸਿੱਖ ਲਿਆ, ਉਹ ਇਸ ਤੋਂ ਹੋਰ ਵੀ ਬਹੁਤ ਸਾਰੇ ਵਧੇਰੇ ਕੰਮ ਕਰਵਾ ਸਕਦਾ ਹੈ।

ਕੁਝ ਨਵਾਂ ਸਿੱਖਦੇ ਰਹਿਣ ਦੀ ਤਾਂਘ ਹਮੇਸ਼ਾਂ ਲੱਗੀ ਰਹਿਣੀ ਚਾਹੀਦੀ ਹੈ। ਨਵੇਂ ਥਾਵਾਂ ਦੀ ਯਾਤਰਾ ਕਰਨੀ, ਨਵੇਂ ਲੋਕਾਂ ਨਾਲ ਮਿਲਣਾ, ਕੋਈ ਨਵਾਂ ਹੁਨਰ ਸਿੱਖਣਾ, ਨਵੀਂ ਭਾਸ਼ਾ ਸਿੱਖਣੀ ਇਹ ਸਭ ਮਨ ਨੂੰ ਨਵਿਆਉਂਦੇ ਰਹਿਣ ਲਈ ਜ਼ਰੂਰੀ ਹਨ। ਅਕਾਲ ਪੁਰਖ ’ਤੇ ਵਿਸ਼ਵਾਸ ਰੱਖਣਾ, ਅਰਦਾਸ ਕਰਨੀ ਜਿੱਥੇ ਇਸ ਮਨ ਨੂੰ ਤਾਕਤ ਬਖ਼ਸ਼ਦੀ ਹੈ, ਉੱਥੇ ਆਏ ਸੰਕਟਾਂ ਵਿੱਚੋਂ ਨਿਕਲਣ ਲਈ ਵੀ ਹੌਸਲਾ ਦਿੰਦੀ ਹੈ। ਬਹੁਤੇ ਕਰਮ ਕਾਂਡ ਕਰਨ ਦੀ ਲੋੜ ਨਹੀਂ, ਪਰ ਕਿਸੇ ਅਦਿੱਖ ਸ਼ਕਤੀ ਨੂੰ ਸੁਪਰੀਮ ਮੰਨ ਲੈਣ ਨਾਲ ਜਿੱਥੇ ਮਨੁੱਖ ਹਉਮੈ ਤੋਂ ਬਚਦਾ ਹੈ, ਉੱਥੇ ਇਹ ਬਿਰਤੀ ਚੜ੍ਹਦੀ ਕਲਾ ਬਣਾਈ ਰੱਖਣ ਵਿੱਚ ਬਹੁਤ ਸਹਾਇਕ ਹੈ।

ਉਂਜ ਤਨ ਅਤੇ ਮਨ ਦਾ ਆਪਸੀ ਗੂੜ੍ਹਾ ਸਬੰਧ ਵੀ ਹੈ। ਇੱਕ ਦੇ ਬਿਮਾਰ ਹੋਣ ਨਾਲ ਦੂਜਾ ਬਿਮਾਰ ਹੋ ਜਾਂਦਾ ਹੈ ਅਤੇ ਇੱਕ ਦੀ ਮੁਸਕਰਾਹਟ ਦੂਜੇ ਨੂੰ ਖੇੜਾ ਬਖ਼ਸ਼ਦੀ ਹੈ। ਦੋਵਾਂ ਦਾ ਖ਼ਿਆਲ ਰੱਖਣਾ, ਦੋਹਾਂ ਦੀ ਸੰਭਾਲ ਕਰਨੀ, ਦੋਹਾਂ ਵੱਲ ਬਰਾਬਰ ਧਿਆਨ ਦੇਣਾ ਬਹੁਤ ਜ਼ਰੂਰੀ ਹੈ। ਅਕਸਰ ਦੇਖਿਆ ਗਿਆ ਹੈ ਕਿ ਅਸੀਂ ਸਰੀਰ ਵੱਲ ਤਾਂ ਧਿਆਨ ਦਿੰਦੇ ਹਾਂ ਅਤੇ ਹਲਕੀ ਜਿਹੀ ਬਿਮਾਰੀ ਆਉਣ ’ਤੇ ਵੀ ਟੈਸਟ ਕਰਵਾਉਣ, ਦਵਾਈਆਂ ਲੈਣ ਅਤੇ ਮਾਹਿਰ ਡਾਕਟਰਾਂ ਦੀ ਸਲਾਹ ਲੈਣ ਲਈ ਦੌੜਦੇ ਹਾਂ, ਪਰ ਜਦੋਂ ਕਦੇ ਮਨ ਉਦਾਸ ਹੋਵੇ, ਮਨ ਨੂੰ ਚਿੰਤਾ ਘੇਰ ਲਵੇ, ਮਨ ਦੀਆਂ ਛੋਟੀਆਂ ਛੋਟੀਆਂ ਅਲਾਮਤਾਂ ਲਈ ਅਸੀਂ ਮਾਹਿਰ ਮਨੋਵਿਗਿਆਨੀ ਕੋਲ ਜਾਣਾ ਪਸੰਦ ਨਹੀਂ ਕਰਦੇ। ਕੀ ਤੁਸੀਂ ਕਦੇ ਸੁਣਿਆ ਹੈ ਕਿ ਕੋਈ ਵਿਅਕਤੀ ਕਿਸੇ ਮਨੋਵਿਗਿਆਨੀ ਕੋਲ ਜਾ ਕੇ ਕਹਿੰਦਾ ਹੋਵੇ ਕਿ ਉਸ ਨੂੰ ਬਹੁਤ ਛੇਤੀ ਗੁੱਸਾ ਆ ਜਾਂਦਾ ਹੈ। ਜਾਂ ਦੂਸਰੇ ਦੀ ਚੜ੍ਹਤ ਦੇਖ ਕੇ ਉਸ ਅੰਦਰ ਈਰਖਾ ਜਨਮ ਲੈਂਦੀ ਹੈ ਆਦਿ ਆਦਿ। ਕਿਉਂ ਨਹੀਂ? ਕਿਉਂਕਿ ਅਸੀਂ ਮਨ ਦੀਆਂ ਬਿਮਾਰੀਆਂ ਨੂੰ ਕਦੇ ਬਿਮਾਰੀਆਂ ਸਮਝਿਆ ਹੀ ਨਹੀਂ ਹੈ।

ਇਹ ਮੰਨ ਲੈਣਾ ਚਾਹੀਦਾ ਹੈ ਕਿ ਜਿਵੇਂ ਸਰੀਰਕ ਬਿਮਾਰੀਆਂ ਵਿੱਚ ਹਮੇਸ਼ਾਂ ਸਾਰਾ ਕੁਝ ਸਾਡੇ ਹੱਥ ਨਹੀਂ ਹੁੰਦਾ, ਪਰ ਧਿਆਨ ਦੇਣ, ਦਵਾਈ ਦੇਣ ਅਤੇ ਬਕਾਇਦਾ ਇਲਾਜ ਕਰਵਾਉਣ ਨਾਲ ਅਸੀਂ ਨਾ ਕੇਵਲ ਜੀਵਾਣੂਆਂ ਵਿਸ਼ਾਣੂਆਂ ਦੇ ਹਮਲੇ ਤੋਂ ਹੀ ਬਚ ਸਕਦੇ ਹਾਂ, ਸਗੋਂ ਆਪਰੇਸ਼ਨ ਕਰਵਾ ਕੇ ਕਦੇ ਟੁੱਟੇ ਅੰਗ ਵੀ ਮੁੜ ਕੰਮ ਕਰਨ ਲਗਾ ਲੈਂਦੇ ਹਾਂ। ਇਸੇ ਤਰ੍ਹਾਂ ਸਾਨੂੰ ਸਮਝ ਲੈਣਾ ਚਾਹੀਦਾ ਹੈ ਕਿ ਮਾਨਸਿਕ ਬਿਮਾਰੀਆਂ ਵੀ ਕਈ ਵਾਰੀ ਸਾਡੇ ਬਿਨਾਂ ਚਾਹੁੰਦੇ ਵੀ ਆ ਜਾਂਦੀਆਂ ਹਨ, ਪਰ ਇੱਥੇ ਵੀ ਪੂਰੇ ਸੁਚੇਤ ਹੋ ਕੇ ਸਾਨੂੰ ਮਨੋਵਿਗਿਆਨਕ ਟੈਸਟ ਕਰਵਾਉਣੇ ਚਾਹੀਦੇ ਹਨ। ਲੋੜ ਪੈਣ ’ਤੇ ਮਨੋਵਿਗਿਆਨਕ ਮਾਹਿਰਾਂ ਕੋਲੋਂ ਦਵਾਈ ਅਤੇ ਕਾਊਂਸਲਿੰਗ ਸੈਸ਼ਨ ਲੈਣੇ ਚਾਹੀਦੇ ਹਨ। ਜੇ ਕਿਤੇ ਸਾਡਾ ਵਿਸ਼ਵਾਸ ਬਣ ਜਾਵੇ ਕਿ ਮਨੋਵਿਕਾਰਾਂ ਨੂੰ ਸੁਧਾਰਿਆ ਜਾ ਸਕਦਾ ਹੈ ਅਤੇ ਲਗਾਤਾਰ ਕਾਊਂਸਲਿੰਗ ਨਾਲ ਆਪਣੀ ਸੋਚ ਨੂੰ ਵੀ ਬਦਲਿਆ ਜਾ ਸਕਦਾ ਹੈ ਤਾਂ ਬਹੁਤ ਸਾਰੇ ਸਾਡੇ ਰਿਸ਼ਤੇ ਟੁੱਟਣੋਂ ਬਚ ਸਕਦੇ ਹਨ। ਬਹੁਤ ਸਾਰੇ ਡਿਪਰੈਸ਼ਨ ਦੇ ਮਰੀਜ਼ ਆਤਮਹੱਤਿਆ ਵਰਗੇ ਵਿਚਾਰਾਂ ਤੋਂ ਛੁਟਕਾਰਾ ਪਾ ਸਕਦੇ ਹਨ, ਪਰ ਇੱਕ ਗੱਲ ਜੋ ਸਾਨੂੰ ਆਪ ਹੀ ਸਿੱਖਣੀ ਪਏਗੀ, ਉਹ ਹੈ ਕਿ ਮਾਨਸਿਕ ਵਿਕਾਰਾਂ ’ਤੇ ਵੀ ਯਤਨਾਂ ਨਾਲ ਕਾਬੂ ਪਾਇਆ ਜਾ ਸਕਦਾ ਹੈ। ਮਨੋਵਿਗਿਆਨਕ ਕਾਊਂਸਲਿੰਗ ਦੀ ਮਹੱਤਤਾ ਨੂੰ ਪਛਾਣਨਾ ਬਹੁਤ ਜ਼ਰੂਰੀ ਹੈ।

ਅਸੰਭਵ ਕੁਝ ਵੀ ਨਹੀਂ, ਔਖਾ ਹੋ ਸਕਦਾ ਹੈ, ਪਰ ਸੁਹਿਰਦ ਯਤਨ, ਠੀਕ ਅਗਵਾਈ, ਸਿੱਖਣ ਦੀ ਲਗਨ ਅਤੇ ਲਗਾਤਾਰਤਾ ਕੀ ਨਹੀਂ ਕਰ ਸਕਦੀ? ਸਵੈ ਪੂਰਨਤਾ ਦੀ ਇੱਛਾ ਨਾਲ ਸਵੈ ਪ੍ਰੇਰਨਾ ਦਿੰਦੇ ਰਹੀਏ। ਕੁਝ ਕਰੋ ਤੇ ਨਾ ਕਰੋ ਦੇ ਤਰੀਕੇ ਸਿੱਖ ਕੇ ਅਸੀਂ ਇਸ ਅਮੋੜ ਅਤੇ ਚੰਚਲ ਕਹੇ ਜਾਂਦੇ ਮਨ ਨੂੰ ਵੀ ਤੀਰ ਵਾਂਗ ਸਿੱਧਾ ਕਰ ਸਕਦੇ ਹਾਂ। ਵਾਹਿਗੁਰੂ ਸਾਡੇ ਯਤਨਾਂ ਵਿੱਚ ਬਰਕਤ ਪਾਵੇ। ਅਸੀਂ ਸਵੈ ਸੁਧਾਰ ਲਈ ਅੱਜ ਤੋਂ ਹੀ ਸ਼ੁਰੂਆਤ ਕਰ ਦੇਈਏ।

Advertisement
×