ਸੂਰਜ ਮਾਮਾ
ਸਵੇਰ ਦਾ ਸਮਾਂ ਸੀ। ਚੜ੍ਹਦਾ ਸੂਰਜ ਆਪਣੀਆਂ ਸੁਨਹਿਰੀ ਕਿਰਨਾਂ ਨਾਲ ਸਾਰੀ ਧਰਤੀ ਨੂੰ ਚਾਨਣ ਨਾਲ ਭਰ ਰਿਹਾ ਸੀ। ਮਾਂ ਨੇ ਅਰੁਣ ਨੂੰ ਹੌਲੀ ਜਿਹੇ ਜਗਾਉਂਦਿਆਂ ਕਿਹਾ; “ਉੱਠ ਪੁੱਤ, ਸੂਰਜ ਮਾਮਾ ਆ ਗਏ! ਦੇਖ ਕਿਵੇਂ ਚਮਕ ਰਹੇ ਨੇ।” ਅਰੁਣ ਨੇ ਅੱਖਾਂ...
ਸਵੇਰ ਦਾ ਸਮਾਂ ਸੀ। ਚੜ੍ਹਦਾ ਸੂਰਜ ਆਪਣੀਆਂ ਸੁਨਹਿਰੀ ਕਿਰਨਾਂ ਨਾਲ ਸਾਰੀ ਧਰਤੀ ਨੂੰ ਚਾਨਣ ਨਾਲ ਭਰ ਰਿਹਾ ਸੀ। ਮਾਂ ਨੇ ਅਰੁਣ ਨੂੰ ਹੌਲੀ ਜਿਹੇ ਜਗਾਉਂਦਿਆਂ ਕਿਹਾ;
“ਉੱਠ ਪੁੱਤ, ਸੂਰਜ ਮਾਮਾ ਆ ਗਏ! ਦੇਖ ਕਿਵੇਂ ਚਮਕ ਰਹੇ ਨੇ।”
ਅਰੁਣ ਨੇ ਅੱਖਾਂ ਮਲਦਿਆਂ ਖਿੜਕੀ ਵੱਲ ਵੇਖਿਆ। ਸੋਨੇ ਵਰਗਾ ਗੋਲ ਸੂਰਜ ਦਿਖਾਈ ਦੇ ਰਿਹਾ ਸੀ। ਪੰਛੀ ਚਹਿਚਹਾ ਰਹੇ ਸਨ। ਅਰੁਣ ਖੁਸ਼ੀ ਨਾਲ ਹੱਸਦਾ ਬੋਲਿਆ;
“ਮਾਂ, ਮੇਰੇ ਸੂਰਜ ਮਾਮਾ ਮੁੜ ਆ ਗਏ! ਕਿੰਨੇ ਚਮਕਦਾਰ ਤੇ ਸੋਹਣੇ ਲੱਗਦੇ ਨੇ।”
ਮਾਂ ਨੇ ਉਸ ਦੇ ਮੱਥੇ ’ਤੇ ਹੱਥ ਰੱਖਦਿਆਂ ਕਿਹਾ;
“ਹਾਂ ਬੇਟਾ, ਸੂਰਜ ਮਾਮਾ ਹਰ ਸਵੇਰ ਸਾਨੂੰ ਨਵੀਂ ਉਮੀਦ ਦਿੰਦੇ ਹਨ। ਉਹੀ ਤਾਂ ਸਾਡੇ ਜੀਵਨ ਵਿੱਚ ਚਾਨਣ ਭਰਦੇ ਹਨ। ਪੁੱਤਰ, ਪਹਿਲਾਂ ਨਹਾ ਕੇ ਰੋਟੀ ਖਾ ਲੈ, ਫਿਰ ਸਕੂਲ ਚਲਾ ਜਾ।’’
ਅਰੁਣ ਸਕੂਲ ਪਹੁੰਚਿਆ ਤਾਂ ਸਾਰੇ ਬੱਚੇ ਕਤਾਰ ਵਿੱਚ ਖੜ੍ਹੇ ਸਨ। ਸਵੇਰ ਦੀ ਪ੍ਰਾਰਥਨਾ ਹੋਈ। ਜਮਾਤ ਵਿੱਚ ਸੂਰਜ ਦੀ ਤਸਵੀਰ ਦਿਖਾਉਂਦਿਆਂ, ਮਾਸਟਰ ਜੀ ਨੇ ਪੁੱਛਿਆ;
“ਬੱਚਿਓ, ਦੱਸੋ ਸੂਰਜ ਸਾਡੇ ਲਈ ਕਿਉਂ ਜ਼ਰੂਰੀ ਹੈ?”
ਸਤਬੀਰ ਬੋਲਿਆ, “ਰੋਸ਼ਨੀ ਲਈ।”
ਪਰਨੀਤ ਕਹਿੰਦੀ, “ਸਾਨੂੰ ਗਰਮੀ ਮਿਲਦੀ ਹੈ।”
ਕੇਸ਼ਵ ਕਹਿੰਦਾ, “ਸੂਰਜ ਨਾਲ ਪੌਦੇ ਵਧਦੇ ਹਨ।”
ਅਰੁਣ ਧਿਆਨ ਨਾਲ ਸੁਣ ਰਿਹਾ ਸੀ। ਉਸ ਨੂੰ ਆਪਣੀ ਮਾਂ ਦੀਆਂ ਗੱਲਾਂ ਯਾਦ ਆਈਆਂ। ਮਾਂ ਨੇ ਉਸ ਨੂੰ ਦੱਸਿਆ ਸੀ ਕਿ ਸੂਰਜ ਮਾਮਾ ਬਿਨਾਂ ਧਰਤੀ ਸੁੰਨੀ ਹੋ ਜਾਵੇਗੀ।
ਅਧਿਆਪਕ ਨੇ ਕਿਹਾ; “ਬੱਚਿਓ, ਸੂਰਜ ਸਾਨੂੰ ਬਹੁਤ ਕੁਝ ਦਿੰਦਾ ਹੈ, ਰੋਸ਼ਨੀ, ਗਰਮੀ ਅਤੇ ਜੀਵਨ। ਸੂਰਜ ਤੋਂ ਹੀ ਧਰਤੀ ’ਤੇ ਦਿਨ ਤੇ ਰਾਤ ਬਣਦੇ ਹਨ। ਜੇ ਸੂਰਜ ਨਾ ਹੋਵੇ, ਪੌਦੇ ਭੋਜਨ ਨਹੀਂ ਬਣਾ ਸਕਦੇ, ਜਾਨਵਰ ਜਿਉਂਦੇ ਨਹੀਂ ਰਹਿ ਸਕਦੇ ਤੇ ਮਨੁੱਖੀ ਜੀਵਨ ਨਹੀਂ ਹੋਵੇਗਾ।”
ਬੱਚਿਆਂ ਨੇ ਹੈਰਾਨ ਹੋ ਕੇ ਸੁਣਿਆ। ਫਿਰ ਮਾਸਟਰ ਜੀ ਨੇ ਛੋਟਾ ਜਿਹਾ ਪ੍ਰਯੋਗ ਕਰਵਾਇਆ। ਉਨ੍ਹਾਂ ਨੇ ਇੱਕ ਗਮਲੇ ਵਾਲਾ ਪੌਦਾ ਖਿੜਕੀ ਦੇ ਕੋਲ ਰੱਖ ਦਿੱਤਾ ਤੇ ਕਿਹਾ, “ਦੇਖੋ, ਜਿੱਥੇ ਸੂਰਜ ਦੀ ਰੋਸ਼ਨੀ ਪੈਂਦੀ ਹੈ, ਉੱਥੇ ਪੌਦਾ ਹਰਾ ਤੇ ਤੰਦਰੁਸਤ ਰਹਿੰਦਾ ਹੈ, ਜਦੋਂਕਿ ਛਾਂ ਵਿੱਚ ਰੱਖਿਆ ਪੌਦਾ ਪੀਲਾ ਤੇ ਕਮਜ਼ੋਰ ਹੋ ਜਾਂਦਾ ਹੈ।”
ਅਰੁਣ ਅਚਾਨਕ ਚੁੱਪ ਹੋ ਗਿਆ। ਉਸ ਨੇ ਪੁੱਛਿਆ, “ਮਾਸਟਰ ਜੀ, ਜੇਕਰ ਇੱਕ ਦਿਨ ਸੂਰਜ ਮਾਮਾ ਨਾ ਆਉਣ ਤਾਂ ਕੀ ਹੋਵੇਗਾ?”
ਅਧਿਆਪਕ ਨੇ ਕਿਹਾ, “ਫਿਰ ਧਰਤੀ ਠੰਢੀ ਤੇ ਹਨੇਰੀ ਹੋ ਜਾਵੇਗੀ, ਪਰ ਚਿੰਤਾ ਨਾ ਕਰ ਪੁੱਤਰ, ਸੂਰਜ ਮਾਮਾ ਕਦੇ ਗੁੰਮ ਨਹੀਂ ਹੁੰਦੇ। ਉਹ ਸਿਰਫ਼ ਬੱਦਲਾਂ ਦੇ ਪਿੱਛੇ ਲੁਕ ਜਾਂਦੇ ਹਨ।”
ਅਗਲੀ ਸਵੇਰ ਅਸਮਾਨ ’ਚ ਕਾਲੇ ਬੱਦਲ ਛਾ ਗਏ। ਹਵਾ ਵਗ ਰਹੀ ਸੀ। ਅਰੁਣ ਨੇ ਖਿੜਕੀ ਖੋਲ੍ਹੀ ਤੇ ਦੇਖਿਆ, ਸੂਰਜ ਮਾਮਾ ਕਿਤੇ ਨਾ ਦਿਖੇ। ਉਸ ਦਾ ਮਨ ਉਦਾਸ ਹੋ ਗਿਆ।
ਮਾਂ ਨੇ ਪੁੱਛਿਆ, “ਕੀ ਹੋਇਆ ਪੁੱਤ, ਅੱਜ ਚੁੱਪ ਕਿਉਂ ਹੈਂ?”
ਅਰੁਣ ਰੋਂਦਾ ਰੋਂਦਾ ਬੋਲਿਆ, “ਮਾਂ, ਸੂਰਜ ਮਾਮਾ ਗੁੰਮ ਹੋ ਗਏ! ਉਹ ਮੈਨੂੰ ਛੱਡ ਗਏ...।”
ਮਾਂ ਉਸ ਨੂੰ ਬਾਹਰ ਲੈ ਗਈ ਅਤੇ ਅਸਮਾਨ ਵੱਲ ਝਾਤ ਮਾਰਦਿਆਂ ਮਾਂ ਨੇ ਕਿਹਾ;
“ਦੇਖ ਪੁੱਤ, ਬੱਦਲਾਂ ਦੇ ਪਿੱਛੇ ਵੀ ਚਾਨਣ ਹੈ। ਸੂਰਜ ਮਾਮਾ ਸਾਨੂੰ ਛੱਡ ਕੇ ਨਹੀਂ ਜਾਂਦੇ, ਸਿਰਫ਼ ਥੋੜ੍ਹਾ ਲੁਕ ਜਾਂਦੇ ਹਨ। ਮੀਂਹ ਉਨ੍ਹਾਂ ਦਾ ਹੀ ਤੋਹਫ਼ਾ ਹੁੰਦਾ ਹੈ ਤਾਂ ਜੋ ਧਰਤੀ ਹਰੀ ਰਹੇ, ਪਾਣੀ ਮਿਲੇ ਤੇ ਜ਼ਿੰਦਗੀ ਚੱਲਦੀ ਰਹੇ।”
ਅਰੁਣ ਨੇ ਆਸਮਾਨ ਵੱਲ ਦੇਖਿਆ। ਬੱਦਲਾਂ ਦੇ ਪਿੱਛੋਂ ਇੱਕ ਕਿਰਨ ਚਮਕੀ। ਉਹ ਖਿੜ ਪਿਆ, “ਹਾਂ ਮਾਂ, ਮਾਮਾ ਮੈਨੂੰ ਦੇਖ ਰਹੇ ਨੇ!”
ਮੀਂਹ ਰੁਕਣ ਤੋਂ ਬਾਅਦ ਮਾਂ ਨੇ ਉਸ ਨੂੰ ਸਮਝਾਇਆ;
“ਸੂਰਜ ਸਾਡੇ ਸਰੀਰ ਲਈ ਵੀ ਬਹੁਤ ਜ਼ਰੂਰੀ ਹੈ। ਸੂਰਜ ਦੀ ਧੁੱਪ ਨਾਲ ਸਾਨੂੰ ਵਿਟਾਮਿਨ ਡੀ ਮਿਲਦਾ ਹੈ, ਜੋ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ। ਜਿਹੜੇ ਲੋਕ ਧੁੱਪ ਵਿੱਚ ਨਹੀਂ ਰਹਿੰਦੇ, ਉਹ ਕਮਜ਼ੋਰ ਹੋ ਜਾਂਦੇ ਹਨ। ਧੁੱਪ ਸਾਡੇ ਮਨ ਨੂੰ ਵੀ ਖੁਸ਼ ਕਰਦੀ ਹੈ, ਕਿਉਂਕਿ ਸੂਰਜ ਦੀ ਰੋਸ਼ਨੀ ਨਾਲ ਸਰੀਰ ਵਿੱਚ ਖੁਸ਼ੀ ਦੇ ਹਾਰਮੋਨ ਬਣਦੇ ਹਨ।”
ਅਰੁਣ ਧਿਆਨ ਨਾਲ ਸੁਣਦਾ ਗਿਆ। ਉਸ ਨੇ ਕਿਹਾ, “ਮਾਂ, ਸੂਰਜ ਮਾਮਾ ਸਾਨੂੰ ਖਾਣਾ ਵੀ ਦਿੰਦੇ ਨੇ?”
ਮਾਂ ਨੇ ਹੱਸਦਿਆਂ ਕਿਹਾ, “ਹਾਂ ਬੇਟਾ! ਪੌਦੇ ਸੂਰਜ ਦੀ ਰੋਸ਼ਨੀ ਨਾਲ ਆਪਣਾ ਭੋਜਨ ਬਣਾਉਂਦੇ ਹਨ। ਜੇ ਸੂਰਜ ਨਾ ਹੋਵੇ, ਪੌਦੇ ਨਾ ਵਧਣ ਤੇ ਨਾ ਹੀ ਅਸੀਂ ਅਨਾਜ, ਫਲ ਜਾਂ ਸਬਜ਼ੀ ਖਾ ਸਕੀਏ।”
ਅਰੁਣ ਨੇ ਖੁਸ਼ੀ ਨਾਲ ਕਿਹਾ, “ਮਾਂ, ਮੈਨੂੰ ਸਮਝ ਆ ਗਿਆ ਸੂਰਜ ਮਾਮਾ ਤਾਂ ਸਾਡੀ ਜ਼ਿੰਦਗੀ ਦਾ ਸਾਹ ਹਨ।”
ਮਾਂ ਨੇ ਪਿਆਰ ਨਾਲ ਉਸ ਦਾ ਮੱਥਾ ਚੁੰਮਿਆ, “ਹਾਂ ਬੇਟਾ, ਇਸੇ ਕਰਕੇ ਕਈ ਲੋਕ ਸੂਰਜ ਨੂੰ ਨਮਸਕਾਰ ਕਰਦੇ ਹਨ। ਉਹ ਸਿਰਫ਼ ਆਕਾਸ਼ ਦਾ ਗੋਲਾ ਨਹੀਂ, ਜੀਵਨ ਦਾ ਪ੍ਰਤੀਕ ਹੈ।”
ਸ਼ਾਮ ਨੂੰ ਅਰੁਣ ਛੱਤ ’ਤੇ ਚੜ੍ਹਿਆ। ਮੀਂਹ ਰੁਕ ਚੁੱਕਾ ਸੀ ਤੇ ਸੂਰਜ ਅਸਮਾਨ ਦੇ ਕੰਢੇ ’ਤੇ ਲਾਲੀ ਫੈਲਾ ਰਿਹਾ ਸੀ।
ਅਰੁਣ ਨੇ ਹੱਥ ਜੋੜ ਕੇ ਕਿਹਾ;
“ਧੰਨਵਾਦ ਸੂਰਜ ਮਾਮਾ! ਤੁਸੀਂ ਸਾਨੂੰ ਰੋਸ਼ਨੀ, ਗਰਮੀ ਤੇ ਜੀਵਨ ਦਿੰਦੇ ਹੋ। ਤੁਸੀਂ ਹਰ ਦਿਨ ਸਾਨੂੰ ਨਵੀਂ ਆਸ ਦਿੰਦੇ ਹੋ।”
ਮਾਂ ਨੇ ਨੇੜੇ ਆ ਕੇ ਕਿਹਾ;
“ਦੇਖ ਬੇਟਾ, ਸੂਰਜ ਮਾਮਾ ਸਾਨੂੰ ਸਿਖਾਉਂਦੇ ਹਨ, ਜਿਵੇਂ ਉਹ ਹਰ ਸਵੇਰ ਚੜ੍ਹਦੇ ਹਨ, ਸਾਨੂੰ ਵੀ ਉਸੇ ਤਰ੍ਹਾਂ ਹਾਰ ਤੋਂ ਬਾਅਦ ਮੁੜ ਚੜ੍ਹਨਾ ਚਾਹੀਦਾ ਹੈ। ਸੂਰਜ ਕਦੇ ਹਿੰਮਤ ਨਹੀਂ ਹਾਰਦਾ।”
ਅਰੁਣ ਮੁਸਕਰਾਇਆ ਤੇ ਕਿਹਾ, “ਮਾਂ ਮੈਂ ਵੀ ਵਾਅਦਾ ਕਰਦਾ ਹਾਂ, ਮੈਂ ਕਦੇ ਨਹੀਂ ਹਾਰਾਂਗਾ!”
ਸੰਪਰਕ: 94171-63426

