ਛੋਟਾ ਪਰਦਾ
ਧਰਮਪਾਲ
ਆਤਮਵਿਸ਼ਵਾਸ ਨਾਲ ਭਰਪੂਰ ਦੀਪਿਕਾ ਸਿੰਘ
ਕਲਰਜ਼ ਦੇ ਸ਼ੋਅ ‘ਮੰਗਲ ਲਕਸ਼ਮੀ’ ਵਿੱਚ ਮੰਗਲ ਦੀ ਭੂਮਿਕਾ ਨਿਭਾਉਣ ਵਾਲੀ ਦੀਪਿਕਾ ਸਿੰਘ ਨੇ ਕਿਹਾ, “ਮੰਗਲ ਦੀ ਭੂਮਿਕਾ ਨਿਭਾਉਣ ਦਾ ਸਫ਼ਰ ਮੇਰੇ ਲਈ ਭਾਵਨਾਤਮਕ ਅਤੇ ਸਸ਼ਕਤੀਕਰਨ ਵਾਲਾ ਰਿਹਾ ਹੈ। ਉਹ ਬਹੁਤ ਸਾਰੀਆਂ ਔਰਤਾਂ ਦੀ ਨੁਮਾਇੰਦਗੀ ਕਰਦੀ ਹੈ ਜੋ ਨਿਰਸਵਾਰਥ ਹੋ ਕੇ ਆਪਣੇ ਪਰਿਵਾਰ ਨੂੰ ਪਹਿਲ ਦਿੰਦੀਆਂ ਹਨ, ਪਰ ਜਦੋਂ ਇਹ ਸੱਚਮੁੱਚ ਉਨ੍ਹਾਂ ਲਈ ਮਾਅਨੇ ਰੱਖਦਾ ਹੈ ਤਾਂ ਉਹ ਕੁਝ ਵੀ ਕਰਨ ਲਈ ਤਿਆਰ ਰਹਿੰਦੀਆਂ ਹਨ। ਮੇਰਾ ਕਿਰਦਾਰ ਸਾਬਤ ਕਰਦਾ ਹੈ ਕਿ ਉਮਰ ਕੋਈ ਰੁਕਾਵਟ ਨਹੀਂ ਹੈ ਅਤੇ ਜੇਕਰ ਇੱਕ ਔਰਤ ਨੂੰ ਆਪਣੇ ਆਪ ਵਿੱਚ ਪੂਰਾ ਭਰੋਸਾ ਹੋਵੇ, ਤਾਂ ਉਹ ਕੁਝ ਵੀ ਪ੍ਰਾਪਤ ਕਰ ਸਕਦੀ ਹੈ।’’
‘‘ਇਹ ਕਹਾਣੀ ਮੇਰੇ ਨਾਲ ਮਿਲਦੀ ਹੈ ਕਿਉਂਕਿ ਮੈਂ ਵੀ ਇੱਕ ਵਾਰ ਆਪਣੇ ਆਪ ਨੂੰ ਇੱਕ ਅਣਕਿਆਸੇ ਮੁਕਾਬਲੇ ਵਿੱਚ ਪਾਇਆ ਸੀ - ਇੱਕ ਅਜਿਹਾ ਮੁਕਾਬਲਾ ਜਿਸ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ। ਆਪਣੇ ਕਾਲਜ ਦੇ ਦਿਨਾਂ ਦੌਰਾਨ ਮੈਂ ਇੱਕ ਪ੍ਰਮੋਟਰ ਵਜੋਂ ਕੰਮ ਕਰ ਰਹੀ ਸੀ, ਜਿੱਥੇ ਮੈਨੂੰ ਇੱਕ ਮੁਕਾਬਲੇ ਵਿੱਚ ਗੈਰਹਾਜ਼ਰ ਪ੍ਰਤੀਯੋਗੀ ਦੀ ਥਾਂ ਭਰਨ ਲਈ ਕਿਹਾ ਗਿਆ। ਮੈਂ ਇਹ ਮੁਕਾਬਲਾ ਜਿੱਤੀ ਅਤੇ ਇਨਾਮ ਵਜੋਂ ਇੱਕ ਪੋਰਟਫੋਲੀਓ ਅਤੇ ਇੱਕ ਐਲਬਮ ਪ੍ਰਾਪਤ ਕੀਤੀ। ਉਸ ਮੁਕਾਬਲੇ ਦੀਆਂ ਉਹ ਫੋਟੋਆਂ ਬਹੁਤ ਜ਼ਿਆਦਾ ਸ਼ੇਅਰ ਕੀਤੀਆਂ ਗਈਆਂ, ਜਿਨ੍ਹਾਂ ਨੇ ਮੇਰੇ ਲਈ ਮੌਕਿਆਂ ਦੇ ਦਰਵਾਜ਼ੇ ਖੋਲ੍ਹ ਦਿੱਤੇ, ਅਜਿਹੇ ਮੌਕੇ ਜਿਨ੍ਹਾਂ ਦੀ ਮੈਂ ਕਦੇ ਕਲਪਨਾ ਵੀ ਨਹੀਂ ਕੀਤੀ ਸੀ। ਉਹ ਇੱਕ ਪਲ ਮੈਨੂੰ ਇਸ ਇੰਡਸਟਰੀ ਵਿੱਚ ਲੈ ਆਇਆ, ਜਦੋਂ ਮੈਂ ਅਦਾਕਾਰੀ ਸਿੱਖਣੀ ਸ਼ੁਰੂ ਕੀਤੀ, ਥੀਏਟਰ ਵਰਕਸ਼ਾਪਾਂ ਵਿੱਚ ਦਾਖਲਾ ਲਿਆ ਅਤੇ ਆਪਣਾ ਕਰੀਅਰ ਬਣਾਇਆ। ਪਿਛਲੇ ਕੁਝ ਸਾਲਾਂ ਵਿੱਚ, ਮੈਨੂੰ ਕਈ ਅਜਿਹੇ ਮੁਕਾਬਲਿਆਂ ਦੀ ਜੱਜਮੈਂਟ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ ਜੋ ਔਰਤਾਂ ਅਤੇ ਛੋਟੇ ਕਾਰੋਬਾਰਾਂ ਨੂੰ ਸਸ਼ਕਤ ਬਣਾਉਂਦੇ ਹਨ। ਮੈਂ ਖ਼ੁਦ ਦੇਖਿਆ ਹੈ ਕਿ ਕਿਵੇਂ ਸਾਡਾ ਸੈਲੇਬ੍ਰਿਟੀ ਰੁਤਬਾ ਸਾਡੇ ਕੰਮ ਨੂੰ ਉਤਸ਼ਾਹਿਤ ਕਰ ਸਕਦਾ ਹੈ ਅਤੇ ਜ਼ਿੰਦਗੀਆਂ ਨੂੰ ਬਦਲ ਸਕਦਾ ਹੈ।’’
ਉਹ ਅੱਗੇ ਕਹਿੰਦੀ ਹੈ, ‘‘ਇਸੇ ਲਈ ‘ਮੰਗਲ ਲਕਸ਼ਮੀ’ ਵਿੱਚ ‘ਸਟਾਰਟ-ਅਪ ਸੁਲਤਾਨ’ ਟਰੈਕ ਮੇਰੇ ਦਿਲ ਦੇ ਬਹੁਤ ਨੇੜੇ ਹੈ। ਇਹ ਮਹਿਲਾ ਉੱਦਮੀਆਂ ਨੂੰ ਨਿਰਣੇ ਦੇ ਡਰ ਤੋਂ ਬਿਨਾਂ ਪਹਿਲਾ ਕਦਮ ਚੁੱਕਣ ਲਈ ਉਤਸ਼ਾਹਿਤ ਕਰਦਾ ਹੈ। ਕੌਣ ਜਾਣਦਾ ਹੈ ਕਿ ਇੱਕ ਫ਼ੈਸਲਾ, ਹਿੰਮਤ ਨਾਲ ਚੁੱਕਿਆ ਇੱਕ ਕਦਮ ਤੁਹਾਨੂੰ ਕਿੱਥੇ ਲੈ ਜਾਵੇਗਾ। ਸਾਰੀਆਂ ਵੱਡੀਆਂ ਪ੍ਰਾਪਤੀਆਂ ਇੱਕ ਛੋਟੇ ਕਦਮ ਨਾਲ ਸ਼ੁਰੂ ਹੁੰਦੀਆਂ ਹਨ। ਜੇਕਰ ਮੇਰਾ ਮੰਗਲ ਦਾ ਕਿਰਦਾਰ ਇੱਕ ਵੀ ਔਰਤ ਨੂੰ ਆਪਣੇ ਸੁਪਨਿਆਂ ਵੱਲ ਅੱਗੇ ਵਧਣ ਲਈ ਪ੍ਰੇਰਿਤ ਕਰ ਸਕਦਾ ਹੈ, ਤਾਂ ਮੈਂ ਸੱਚਮੁੱਚ ਸੰਤੁਸ਼ਟ ਮਹਿਸੂਸ ਕਰਾਂਗੀ।’’
ਅੰਜਲੀ ਨਵੀਂ ਯਾਤਰਾ ਲਈ ਤਿਆਰ
ਅਦਾਕਾਰਾ ਅਤੇ ਸੋਸ਼ਲ ਮੀਡੀਆ ਸਟਾਰ ਅੰਜਲੀ ਅਰੋੜਾ ਇੱਕ ਨਵੇਂ ਅਤੇ ਦਿਲਚਸਪ ਸਫ਼ਰ ਲਈ ਪੂਰੀ ਤਰ੍ਹਾਂ ਤਿਆਰ ਹੈ। ਉਹ ਜਲਦੀ ਹੀ ਜੀਓ ਹੌਟਸਟਾਰ ਦੇ ਵਿਲੱਖਣ ਰਿਐਲਿਟੀ ਸ਼ੋਅ ‘7 ਡੇਜ਼ ਲਾਈਵ’ ਵਿੱਚ ਨਜ਼ਰ ਆਵੇਗੀ। ਆਪਣੀ ਊਰਜਾਵਾਨ ਅਤੇ ਨਿਡਰ ਸ਼ਖ਼ਸੀਅਤ ਲਈ ਜਾਣੀ ਜਾਂਦੀ ਅੰਜਲੀ ਇਸ ਸ਼ੋਅ ਵਿੱਚ ਆਪਣੇ ਪ੍ਰਸ਼ੰਸਕਾਂ ਨੂੰ ਆਪਣਾ ਇੱਕ ਨਵਾਂ ਪੱਖ ਦਿਖਾਉਣ ਲਈ ਉਤਸ਼ਾਹਿਤ ਹੈ।
ਸ਼ੋਅ ਬਾਰੇ ਗੱਲ ਕਰਦੇ ਹੋਏ, ਅੰਜਲੀ ਨੇ ਕਿਹਾ, ‘‘ਇਹ ਇੱਕ ਨਵਾਂ ਸੰਕਲਪ ਹੈ ਅਤੇ ਮੈਂ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਅਤੇ ਕੁਝ ਵੱਖਰਾ ਅਨੁਭਵ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਾਂ। ਮੈਨੂੰ ਚੁਣੌਤੀਆਂ ਪਸੰਦ ਹਨ ਅਤੇ ਹਰ ਵਾਰ ਆਪਣੇ ਆਪ ਦਾ ਇੱਕ ਨਵਾਂ ਸੰਸਕਰਣ ਖੋਜਣਾ ਮਜ਼ੇਦਾਰ ਹੁੰਦਾ ਹੈ।’’ ਉਸ ਦੀ ਜੋਸ਼ੀਲੀ ਸੋਚ ਇਸ ਸ਼ੋਅ ਨੂੰ ਹੋਰ ਵੀ ਦਿਲਚਸਪ ਬਣਾ ਦੇਵੇਗੀ।
‘7 ਡੇਜ਼ ਲਾਈਵ’ ਰਿਐਲਿਟੀ ਟੀਵੀ ਵਿੱਚ ਇੱਕ ਨਵਾਂ ਫਾਰਮੈਟ ਲਿਆ ਰਿਹਾ ਹੈ। ਇਹ ਸ਼ੋਅ ਅਸਲ ਸਮੇਂ ਵਿੱਚ ਸਾਹਮਣੇ ਆਵੇਗਾ, ਜਿਸ ਵਿੱਚ ਪ੍ਰਤੀਯੋਗੀਆਂ ਦੀ ਅਨੁਕੂਲਤਾ, ਲਚਕੀਲਾਪਣ ਅਤੇ ਸਹਿਜਤਾ ਦੀ ਪਰਖ ਹੋਵੇਗੀ। ਅੰਜਲੀ ਦੇ ਊਰਜਾਵਾਨ ਅਤੇ ਦਲੇਰ ਵਿਅਕਤੀਤਵ ਦੇ ਨਾਲ ਇਹ ਸ਼ੋਅ ਹੋਰ ਵੀ ਦਿਲਚਸਪ ਹੋ ਜਾਵੇਗਾ।
‘7 ਡੇਜ਼ ਲਾਈਵ’ ਜਲਦੀ ਹੀ ਲਾਂਚ ਹੋਣ ਜਾ ਰਿਹਾ ਹੈ, ਜਿਸ ਵਿੱਚ ਹਰ ਰੋਜ਼ 15 ਘੰਟੇ ਲਾਈਵ ਕਵਰੇਜ਼ ਦੇਖੀ ਜਾਵੇਗੀ। ਸਾਰਿਆਂ ਦੀਆਂ ਨਜ਼ਰਾਂ ਹੁਣ ਅੰਜਲੀ ਅਰੋੜਾ ’ਤੇ ਹਨ। ਆਪਣੀ ਨਿਡਰ ਮਾਨਸਿਕਤਾ ਅਤੇ ਮਜ਼ਬੂਤ ਮੌਜੂਦਗੀ ਨਾਲ, ਉਹ ਇਸ ਚੁਣੌਤੀ ਨੂੰ ਪੂਰੇ ਉਤਸ਼ਾਹ ਨਾਲ ਲੈਣ ਲਈ ਤਿਆਰ ਹੈ। ਪ੍ਰਸ਼ੰਸਕ ਉਸ ਦੀ ਇਸ ਨਵੀਂ ਯਾਤਰਾ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
ਆਦੇਸ਼ ਨੇ ਲਿਆ ਯੋਗ ਅਤੇ ਧਿਆਨ ਦਾ ਸਹਾਰਾ
ਅਦਾਕਾਰ ਆਦੇਸ਼ ਚੌਧਰੀ ਵੈੱਬ ਸ਼ੋਅ ‘ਮੰਗਲ ਦੇਵ’ ਵਿੱਚ ਮੰਗਲ ਦੇਵ ਦੀ ਭੂਮਿਕਾ ਨਿਭਾ ਰਿਹਾ ਹੈ। ਇਹ 26 ਐਪੀਸੋਡਾਂ ਵਾਲੀ ਸੀਰੀਜ਼ ਹੈ ਜੋ ਹਰੀ ਓਮ ਐਪ ’ਤੇ ਸਟ੍ਰੀਮ ਕੀਤੀ ਜਾ ਰਹੀ ਹੈ। ਆਦੇਸ਼ ਨੇ ਦੱਸਿਆ ਕਿ ਉਸ ਦਾ ਕਿਰਦਾਰ ਭਗਵਾਨ ਸ਼ਿਵ ਦੇ ਇੱਕ ਪ੍ਰਬਲ ਭਗਤ ਵਜੋਂ ਦਿਖਾਇਆ ਗਿਆ ਹੈ ਅਤੇ ਕਹਾਣੀ ਉਸ ਦੀ ਯਾਤਰਾ ਅਤੇ ਉਸ ਦੇ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ਦੇ ਦੁਆਲੇ ਘੁੰਮਦੀ ਹੈ।
ਜਦੋਂ ਉਸ ਨੂੰ ਪੁੱਛਿਆ ਗਿਆ ਕਿ ਉਸ ਨੇ ਇਸ ਭੂਮਿਕਾ ਲਈ ਕਿਵੇਂ ਤਿਆਰੀ ਕੀਤੀ, ਤਾਂ ਉਸ ਨੇ ਕਿਹਾ, ‘‘ਕਿਉਂਕਿ ਇਹ ਮੇਰਾ ਪਹਿਲਾ ਮਿਥਿਹਾਸਕ ਸ਼ੋਅ ਹੈ, ਇਸ ਲਈ ਮੈਂ ਮਿਥਿਹਾਸ ਦਾ ਬਹੁਤ ਅਧਿਐਨ ਕੀਤਾ, ਖ਼ਾਸ ਕਰਕੇ ਭਗਵਾਨ ਸ਼ਿਵ ਅਤੇ ਮੰਗਲ ਦੇਵ ਨਾਲ ਸਬੰਧਤ ਕਹਾਣੀਆਂ ’ਤੇ। ਇਸ ਦੇ ਨਾਲ ਮੈਂ ਆਪਣੇ ਸਰੀਰਕ ਰੂਪ ’ਤੇ ਵੀ ਕੰਮ ਕੀਤਾ ਅਤੇ ਪਾਤਰ ਦੀ ਅਧਿਆਤਮਕਤਾ ਨੂੰ ਮਹਿਸੂਸ ਕਰਨ ਲਈ ਯੋਗ ਅਤੇ ਧਿਆਨ ਦਾ ਅਭਿਆਸ ਕੀਤਾ।’’
ਆਦੇਸ਼ ਨੇ ਕਿਹਾ ਕਿ ਇਸ ਕਿਰਦਾਰ ਨੂੰ ਚੁਣਨ ਦਾ ਇੱਕ ਖ਼ਾਸ ਕਾਰਨ ਸੀ। ‘‘ਮੇਰਾ ਜਨਮ 9 ਜੂਨ ਨੂੰ ਹੋਇਆ ਸੀ ਜੋ ਕਿ ਮੰਗਲਵਾਰ ਸੀ। ਨਾਲ ਹੀ, ਮੈਂ ਹਨੂੰਮਾਨ ਜੀ ਦਾ ਭਗਤ ਹਾਂ, ਇਸ ਲਈ ਇਸ ਕਿਰਦਾਰ ਨੂੰ ਚੁਣਨਾ ਮੇਰੇ ਲਈ ਬਹੁਤ ਖ਼ਾਸ ਸੀ।’’
ਆਦੇਸ਼ ਨੇ ਕਿਹਾ ਕਿ ਇੱਕ ਮਿਥਿਹਾਸਕ ਕਿਰਦਾਰ ਨਿਭਾਉਣਾ ਚੁਣੌਤੀਪੂਰਨ ਹੈ ਕਿਉਂਕਿ ਇਸ ਲਈ ਡੂੰਘੀ ਮਿਥਿਹਾਸਕ ਅਤੇ ਸੱਭਿਆਚਾਰਕ ਸਮਝ ਦੀ ਲੋੜ ਹੁੰਦੀ ਹੈ। ‘‘ਹਾਲਾਂਕਿ, ਇਹ ਇੱਕ ਵਧੀਆ ਸਿੱਖਣ ਦਾ ਅਨੁਭਵ ਵੀ ਹੈ। ਅਸਲ ਚੁਣੌਤੀ ਪਾਤਰ ਦੀ ਆਤਮਾ ਨਾਲ ਜੁੜਨਾ ਅਤੇ ਇਸ ਵਿੱਚ ਆਪਣੀ ਮੌਲਿਕਤਾ ਜੋੜਨਾ ਹੈ ਤਾਂ ਜੋ ਇਹ ਪ੍ਰਮਾਣਿਕ ਅਤੇ ਆਕਰਸ਼ਕ ਦਿਖਾਈ ਦੇਵੇ।’’
ਆਦੇਸ਼ ਦਾ ਮੰਨਣਾ ਹੈ ਕਿ ਉਸ ਦਾ ਸ਼ੋਅ ਹੋਰ ਮਿਥਿਹਾਸਕ ਸੀਰੀਅਲਾਂ ਤੋਂ ਵੱਖਰਾ ਹੈ ਕਿਉਂਕਿ ਇਹ ਕਹਾਣੀ ’ਤੇ ਵਿਸ਼ੇਸ਼ ਧਿਆਨ ਦਿੰਦਾ ਹੈ। ‘‘ਜ਼ਿਆਦਾਤਰ ਮਿਥਿਹਾਸਕ ਸ਼ੋਅ ਸਿਰਫ਼ ਬ੍ਰਹਮਤਾ ’ਤੇ ਕੇਂਦਰਿਤ ਹੁੰਦੇ ਹਨ, ਪਰ ਸਾਡਾ ਸ਼ੋਅ ਮਨੁੱਖੀ ਪੱਖ ਨੂੰ ਵੀ ਉਜਾਗਰ ਕਰਦਾ ਹੈ, ਜਿਸ ਨਾਲ ਪਾਤਰਾਂ ਨੂੰ ਦਰਸ਼ਕਾਂ ਨਾਲ ਵਧੇਰੇ ਸਬੰਧਿਤ ਬਣਾਇਆ ਜਾਂਦਾ ਹੈ।’’
ਉਸ ਨੇ ਇਹ ਵੀ ਕਿਹਾ ਕਿ ਇੱਕ ਮਿਥਿਹਾਸਕ ਸ਼ੋਅ ਨੂੰ ਸਫਲ ਬਣਾਉਣ ਲਈ ਪ੍ਰਮਾਣਿਕਤਾ ਅਤੇ ਰਚਨਾਤਮਕਤਾ ਦਾ ਸੰਤੁਲਨ ਮਹੱਤਵਪੂਰਨ ਹੈ। ‘‘ਸ਼ੋਅ ਨੂੰ ਆਪਣੀਆਂ ਜੜਾਂ ਨਾਲ ਜੁੜੇ ਰਹਿਣ ਦੀ ਲੋੜ ਹੈ, ਪਰ ਨਾਲ ਹੀ, ਇਸ ਨੂੰ ਇੱਕ ਨਵੇਂ ਦ੍ਰਿਸ਼ਟੀਕੋਣ ਨਾਲ ਪੇਸ਼ ਕਰਨ ਦੀ ਵੀ ਲੋੜ ਹੈ। ਮਜ਼ਬੂਤ ਕਹਾਣੀ, ਉੱਚ ਨਿਰਮਾਣ ਗੁਣਵੱਤਾ, ਸ਼ਾਨਦਾਰ ਅਦਾਕਾਰੀ ਅਤੇ ਪ੍ਰਭਾਵਸ਼ਾਲੀ ਸੰਗੀਤ ਸ਼ੋਅ ਨੂੰ ਦਰਸ਼ਕਾਂ ਲਈ ਯਾਦਗਾਰ ਬਣਾਉਂਦੇ ਹਨ।’’
ਆਦੇਸ਼ ਦਾ ਮੰਨਣਾ ਹੈ ਕਿ ਮਿਥਿਹਾਸਕ ਸ਼ੋਅ ਲੋਕਾਂ ਨੂੰ ਪ੍ਰੇਰਿਤ ਕਰਦੇ ਹਨ, ਨੈਤਿਕ ਕਦਰਾਂ-ਕੀਮਤਾਂ ਸਿਖਾਉਂਦੇ ਹਨ ਅਤੇ ਸਾਡੀ ਸੱਭਿਆਚਾਰਕ ਵਿਰਾਸਤ ਨੂੰ ਸਮਝਣ ਵਿੱਚ ਮਦਦ ਕਰਦੇ ਹਨ। ਇਹ ਸ਼ੋਅ ਇਤਿਹਾਸ ਅਤੇ ਆਧੁਨਿਕ ਜੀਵਨ ਵਿਚਕਾਰ ਇੱਕ ਪੁਲ ਦਾ ਕੰਮ ਕਰਦੇ ਹਨ ਅਤੇ ਦਰਸ਼ਕਾਂ ’ਤੇ ਸਕਾਰਾਤਮਕ ਪ੍ਰਭਾਵ ਪਾਉਂਦੇ ਹਨ।