ਛੋਟਾ ਪਰਦਾ
ਵਾਣੀ ਕਪੂਰ ਦਾ ਡਿਜੀਟਲ ਡੈਬਿਊ
ਨੈੱਟਫਲਿਕਸ ਅਤੇ ਵਾਈਆਰਐੱਫ ਐਂਟਰਟੇਨਮੈਂਟ ਦੀ ਮਿਥਿਹਾਸਕ-ਅਪਰਾਧ ਥ੍ਰਿਲਰ ਵੈੱਬ ਸੀਰੀਜ਼ ‘ਮੰਡਾਲਾ ਮਰਡਰਸ’ ਦਾ 25 ਜੁਲਾਈ ਨੂੰ ਪ੍ਰੀਮੀਅਰ ਹੋਣ ਜਾ ਰਿਹਾ ਹੈ। ਇਹ ਸੀਰੀਜ਼ ਨਾ ਸਿਰਫ਼ ਆਪਣੀ ਵਿਲੱਖਣ ਸ਼ੈਲੀ ਲਈ ਖ਼ਬਰਾਂ ਵਿੱਚ ਹੈ, ਸਗੋਂ ਇਸ ਲਈ ਵੀ ਖ਼ਾਸ ਹੈ ਕਿਉਂਕਿ ਵਾਣੀ ਕਪੂਰ ਇਸ ਨਾਲ ਆਪਣਾ ਡਿਜੀਟਲ ਡੈਬਿਊ ਕਰ ਰਹੀ ਹੈ।
ਇਹ ਸ਼ੋਅ ਵਾਣੀ ਲਈ ਵੀ ਬਹੁਤ ਖ਼ਾਸ ਹੈ ਕਿਉਂਕਿ ਇਹ ਪਹਿਲੀ ਵਾਰ ਹੈ ਜਦੋਂ ਉਹ ਮਸ਼ਹੂਰ ਨਿਰਦੇਸ਼ਕ ਗੋਪੀ ਪੁਥਰਨ ਨਾਲ ਕੰਮ ਕਰ ਰਹੀ ਹੈ, ਜਿਸ ਦੀ ‘ਮਰਦਾਨੀ’ ਫਰੈਂਚਾਇਜ਼ੀ ਨੂੰ ਆਲੋਚਕਾਂ ਅਤੇ ਦਰਸ਼ਕਾਂ ਦੋਵਾਂ ਦੁਆਰਾ ਪ੍ਰਸ਼ੰਸਾ ਮਿਲੀ ਹੈ। ਵਾਣੀ ਕਪੂਰ ਨੇ ਆਪਣਾ ਤਜਰਬਾ ਸਾਂਝਾ ਕਰਦਿਆਂ ਕਿਹਾ, ‘‘ਮੰਡਾਲਾ ਮਰਡਰਜ਼’ ਵਿੱਚ ਗੋਪੀ ਸਰ ਨਾਲ ਕੰਮ ਕਰਨਾ ਇੱਕ ਮਾਸਟਰ ਕਲਾਸ ਵਾਂਗ ਸੀ। ਜਿਸ ਤਰੀਕੇ ਨਾਲ ਉਹ ਯਥਾਰਥਵਾਦ ਅਤੇ ਮਨੋਵਿਗਿਆਨਕ ਡੂੰਘਾਈ ਨੂੰ ਇਕੱਠੇ ਬੁਣਦੇ ਹਨ, ਉਹ ਹਰ ਦ੍ਰਿਸ਼ ਨੂੰ ਇੱਕ ਬਹੁ-ਪੱਧਰੀ ਅਨੁਭਵ ਬਣਾਉਂਦਾ ਹੈ। ਉਨ੍ਹਾਂ ਨਾਲ ਕੰਮ ਕਰਨਾ ਸਿਰਫ਼ ਪ੍ਰੇਰਨਾਦਾਇਕ ਹੀ ਨਹੀਂ ਸੀ, ਸਗੋਂ ਇੱਕ ਯਾਤਰਾ ਸੀ ਜਿਸ ਨੇ ਇੱਕ ਅਪਰਾਧ ਥ੍ਰਿਲਰ ਦੀ ਪਰਿਭਾਸ਼ਾ ਨੂੰ ਮੁੜ ਪਰਿਭਾਸ਼ਿਤ ਕੀਤਾ ਹੈ।’’
ਉਸ ਨੇ ਅੱਗੇ ਕਿਹਾ, ‘‘ਗੋਪੀ ਸਰ ਬਾਰੇ ਸਭ ਤੋਂ ਖ਼ਾਸ ਗੱਲ ਉਨ੍ਹਾਂ ਦੀ ਪ੍ਰਮਾਣਿਕਤਾ ਪ੍ਰਤੀ ਵਚਨਬੱਧਤਾ ਹੈ। ਉਹ ਹਰ ਅਦਾਕਾਰ ਤੋਂ ਉਮੀਦ ਕਰਦੇ ਹਨ ਕਿ ਉਹ ਆਪਣੇ ਕਿਰਦਾਰ ਦੀਆਂ ਅਦਿੱਖ ਪਰਤਾਂ ਦੀ ਪੜਚੋਲ ਕਰੇ। ਇਹ ਪ੍ਰਕਿਰਿਆ ਚੁਣੌਤੀਪੂਰਨ ਹੈ, ਪਰ ਇਸ ਤੋਂ ਵੀ ਵੱਧ ਸੰਤੁਸ਼ਟੀਜਨਕ ਹੈ। ਉਨ੍ਹਾਂ ਨਾਲ ਇਹ ਰਚਨਾਤਮਕ ਯਾਤਰਾ ਮੇਰੇ ਲਈ ਨਿੱਜੀ ਤੌਰ ’ਤੇ ਇੱਕ ਸਨਮਾਨ ਅਤੇ ਬਹੁਤ ਹੀ ਪਰਿਵਰਤਨਸ਼ੀਲ ਰਹੀ ਹੈ।’’
‘ਮੰਡਾਲਾ ਮਰਡਰਸ’ ਨੈੱਟਫਲਿਕਸ ਅਤੇ ਯਸ਼ ਰਾਜ ਫਿਲਮਜ਼ ਦੀ ਸਾਂਝੀ ਭਾਈਵਾਲੀ ਦਾ ਦੂਜਾ ਪ੍ਰਾਜੈਕਟ ਹੈ, ਜਿਸਦੀ ਸ਼ੁਰੂਆਤ 2023 ਵਿੱਚ ਹਿੱਟ ਸੀਰੀਜ਼ ‘ਦਿ ਰੇਲਵੇ ਮੈਨ’ ਨਾਲ ਹੋਈ ਸੀ। ਇਸ ਸੀਰੀਜ਼ ਵਿੱਚ ਵਾਣੀ ਕਪੂਰ ਦੇ ਨਾਲ ਵੈਭਵ ਰਾਜ ਗੁਪਤਾ, ਸੁਰਵੀਨ ਚਾਵਲਾ ਅਤੇ ਸ਼੍ਰੀਆ ਪਿਲਗਾਂਵਕਰ ਵਰਗੇ ਦਮਦਾਰ ਕਲਾਕਾਰ ਵੀ ਰਹੱਸਮਈ ਕਿਰਦਾਰਾਂ ਵਿੱਚ ਨਜ਼ਰ ਆਉਣਗੇ।
ਸੁੰਦਰ ਦਿਖਣ ਲਈ ਕੁਝ ਵੀ ਕਰਨਾ ਜ਼ਰੂਰੀ ਨਹੀਂ: ਅਨੁਪਮਾ ਸੋਲੰਕੀ
ਅਦਾਕਾਰਾ ਅਨੁਪਮਾ ਸੋਲੰਕੀ, ਜਿਸਨੇ ‘ਯੇ ਹੈ ਮੁਹੱਬਤੇਂ’, ‘ਨਾਥ-ਕ੍ਰਿਸ਼ਨਾ ਔਰ ਗੌਰੀ ਕੀ ਕਹਾਨੀ’, ‘ਕੁਛ ਰੀਤ ਜਗਤ ਕੀ ਐਸੀ ਹੈ’ ਅਤੇ ‘ਜਮੂਨੀਆਂ’ ਵਰਗੇ ਸ਼ੋਅ ਵਿੱਚ ਕੰਮ ਕੀਤਾ ਹੈ। ਮੌਜੂਦਾ ਸਮੇਂ ਉਹ ‘ਜਾਗ੍ਰਿਤੀ- ਏਕ ਨਈ ਸੁਬ੍ਹਾ’ ਵਿੱਚ ਦਿਖਾਈ ਦੇ ਰਹੀ ਹੈ। ਉਸ ਨੇ ਅੱਜ ਦੇ ਤੇਜ਼ੀ ਨਾਲ ਬਦਲਦੇ ਮਨੋਰੰਜਨ ਉਦਯੋਗ ਵਿੱਚ ਅਦਾਕਾਰਾਂ ’ਤੇ ਪੈ ਰਹੇ ਦਬਾਅ ਬਾਰੇ ਖੁੱਲ੍ਹ ਕੇ ਗੱਲ ਕੀਤੀ। ਉਹ ਦੱਸਦੀ ਹੈ ਕਿ ਸੁੰਦਰਤਾ, ਪ੍ਰਤਿਭਾ ਅਤੇ ਦਿੱਖ ਕਿਵੇਂ ਆਪਸ ਵਿੱਚ ਜੁੜੇ ਹੋਏ ਹਨ ਅਤੇ ਇਹ ਹਮੇਸ਼ਾਂ ਨਿਰਪੱਖ ਨਹੀਂ ਹੁੰਦਾ।
ਪ੍ਰਸੰਗਿਕ ਰਹਿਣ ਬਾਰੇ ਗੱਲ ਕਰਦਿਆਂ, ਅਨੁਪਮਾ ਕਹਿੰਦੀ ਹੈ, ‘‘ਇਮਾਨਦਾਰੀ ਨਾਲ ਕਹਾਂ ਤਾਂ ਪ੍ਰਸੰਗਿਕ ਰਹਿਣਾ ਬਹੁਤ ਮੁਸ਼ਕਲ ਹੈ। ਅਦਾਕਾਰ ਹੋਣ ਦੇ ਨਾਤੇ, ਅਸੀਂ ਹਮੇਸ਼ਾਂ ਆਪਣੇ ਆਪ ’ਤੇ ਕੰਮ ਕਰਦੇ ਰਹਿੰਦੇ ਹਾਂ। ਹਰ ਰੋਜ਼ ਇੱਕ ਨਵਾਂ ਚਿਹਰਾ ਇੰਡਸਟਰੀ ਵਿੱਚ ਆਉਂਦਾ ਹੈ ਅਤੇ ਇਹ ਮੁਕਾਬਲਾ ਕਦੇ ਖ਼ਤਮ ਨਹੀਂ ਹੁੰਦਾ। ਸਭ ਤੋਂ ਵੱਡੀ ਚੁਣੌਤੀ ਹੈ, ਹਰ ਪ੍ਰਾਜੈਕਟ ਵਿੱਚ ਆਪਣੇ ਆਪ ਨੂੰ ਨਵੇਂ ਵਜੋਂ ਪੇਸ਼ ਕਰਨਾ, ਸਿੱਖਦੇ ਰਹਿਣਾ ਅਤੇ ਵਧਦੇ ਰਹਿਣਾ।’’
ਉਹ ਇਹ ਵੀ ਮੰਨਦੀ ਹੈ ਕਿ ਕੰਮ, ਤੰਦਰੁਸਤੀ, ਦਿੱਖ ਅਤੇ ਸੋਸ਼ਲ ਮੀਡੀਆ ਦੀ ਮੌਜੂਦਗੀ ਨੂੰ ਸੰਤੁਲਿਤ ਕਰਨਾ ਕਿੰਨਾ ਥਕਾ ਦੇਣ ਵਾਲਾ ਹੋ ਸਕਦਾ ਹੈ। ‘‘ਚੰਗਾ ਦਿਖਣਾ, ਤੰਦਰੁਸਤ ਰਹਿਣਾ, ਸੋਸ਼ਲ ਮੀਡੀਆ ’ਤੇ ਸਰਗਰਮ ਰਹਿਣਾ ਅਤੇ ਇੱਕ ਅਦਾਕਾਰ ਦੇ ਤੌਰ ’ਤੇ ਆਪਣਾ ਸਭ ਤੋਂ ਵਧੀਆ ਦੇਣਾ, ਇਹ ਸਭ ਇੱਕੋ ਸਮੇਂ ਕਰਨਾ ਬਹੁਤ ਦਬਾਅ ਵਾਲਾ ਹੈ, ਪਰ ਮੇਰਾ ਮੰਨਣਾ ਹੈ ਕਿ ਜੇਕਰ ਤੁਸੀਂ ਆਪਣੇ ਕੰਮ ਪ੍ਰਤੀ ਇਮਾਨਦਾਰ ਹੋ, ਤਾਂ ਸਹੀ ਮੌਕੇ ਜ਼ਰੂਰ ਤੁਹਾਡੇ ਰਾਹ ਵਿੱਚ ਆਉਣਗੇ।’’
ਸੁੰਦਰਤਾ ਦੇ ਮਿਆਰ ਹਮੇਸ਼ਾ ਇੰਡਸਟਰੀ ਵਿੱਚ ਇੱਕ ਵੱਡੀ ਭੂਮਿਕਾ ਨਿਭਾਉਂਦੇ ਰਹੇ ਹਨ ਅਤੇ ਅਨੁਪਮਾ ਇਸ ਨੂੰ ਸਵੀਕਾਰ ਕਰਦੀ ਹੋਈ ਕਹਿੰਦੀ ਹੈ, ‘‘ਹਾਂ, ਸੁੰਦਰਤਾ ਹਮੇਸ਼ਾਂ ਇੱਕ ਸਖ਼ਤ ਫਿਲਟਰ ਰਹੀ ਹੈ, ਖ਼ਾਸ ਕਰਕੇ ਅਭਿਨੇਤਰੀਆਂ ਲਈ। ਗੋਰੀ ਚਮੜੀ, ਇੱਕ ਖ਼ਾਸ ਸਰੀਰ ਦਾ ਪ੍ਰਕਾਰ ਜਾਂ ਉਮਰ ਸੀਮਾ- ਇਹ ਸਭ ਨਿਯਮ ਬਣਾਏ ਗਏ ਹਨ। ਜਦੋਂ ਪ੍ਰਤਿਭਾਸ਼ਾਲੀ ਕੁੜੀਆਂ ਨੂੰ ਸਿਰਫ਼ ਉਨ੍ਹਾਂ ਦੀ ਦਿੱਖ ਕਾਰਨ ਰੱਦ ਕਰ ਦਿੱਤਾ ਜਾਂਦਾ ਹੈ ਤਾਂ ਇਹ ਬਹੁਤ ਦੁਖਦਾਈ ਹੁੰਦਾ ਹੈ।’’
ਉਹ ਉਮੀਦ ਨਾਲ ਕਹਿੰਦੀ ਹੈ, ‘‘ਹੌਲੀ-ਹੌਲੀ ਚੀਜ਼ਾਂ ਬਦਲ ਰਹੀਆਂ ਹਨ। ਹੁਣ ਲੋਕਾਂ ਨੇ ਵੱਖ-ਵੱਖ ਕਿਸਮਾਂ ਦੀ ਸੁੰਦਰਤਾ ਨੂੰ ਸਵੀਕਾਰ ਕਰਨਾ ਸ਼ੁਰੂ ਕਰ ਦਿੱਤਾ ਹੈ। ਮੇਰਾ ਮੰਨਣਾ ਹੈ ਕਿ ਸੁੰਦਰਤਾ ਇੱਕ ਨਿੱਜੀ ਅਨੁਭਵ ਹੈ। ਸੁੰਦਰ ਦਿਖਣ ਲਈ ਹਰ ਰੁਝਾਨ ਦੀ ਪਾਲਣਾ ਕਰਨਾ ਜ਼ਰੂਰੀ ਨਹੀਂ ਹੈ।’’
ਮੇਰਾ ਸਟਾਈਲ ਹੀ ਮੇਰੀ ਪਛਾਣ ਹੈ: ਹਰਪਾਲ ਸਿੰਘ ਸੋਖੀ
ਅਸੀਂ ਸਾਰੇ ਸ਼ੈੱਫ ਹਰਪਾਲ ਸਿੰਘ ਸੋਖੀ ਨੂੰ ਨਾ ਸਿਰਫ਼ ਉਸ ਦੇ ਊਰਜਾਵਾਨ ਪ੍ਰਦਰਸ਼ਨ ਲਈ, ਸਗੋਂ ਉਸ ਦੇ ਵਿਲੱਖਣ ਸਟਾਈਲ ਅਤੇ ਪੱਗਾਂ ਲਈ ਵੀ ਜਾਣਦੇ ਹਾਂ।
ਸ਼ੈੱਫ ਹਰਪਾਲ ਨੇ ਰਵਾਇਤੀ ਚਿੱਟੇ ਸ਼ੈੱਫ ਕੋਟ ਤੋਂ ਦੂਰ ਜਾ ਕੇ ਆਪਣੇ ਲਈ ਇੱਕ ਵਿਲੱਖਣ ਪਛਾਣ ਬਣਾਈ ਹੈ। ਉਹ ਕਹਿੰਦਾ ਹੈ, ‘‘ਚਿੱਟਾ ਸ਼ੈੱਫ ਕੋਟ ਕਿਸੇ ਵੀ ਸ਼ੈੱਫ ਲਈ ਮਾਣ ਦਾ ਪ੍ਰਤੀਕ ਹੁੰਦਾ ਹੈ ਅਤੇ ਮੇਰੇ ਕੋਲ ਲਗਭਗ 10 ਅਜਿਹੇ ਕੋਟ ਹਨ, ਪਰ ਇਨ੍ਹਾਂ ਤੋਂ ਇਲਾਵਾ, ਮੇਰੇ ਕੋਲ ਲਗਭਗ 60 ਰੰਗੀਨ ਸ਼ੈੱਫ ਕੋਟ ਹਨ, ਜੋ ਮੇਰੀ ਸ਼ਖ਼ਸੀਅਤ ਨੂੰ ਦਰਸਾਉਂਦੇ ਹਨ। ਇਹ ਇੱਕ ਵੱਖਰਾ ਮਾਹੌਲ ਅਤੇ ਊਰਜਾ ਦਿੰਦੇ ਹਨ। ਮੇਰਾ ਮੰਨਣਾ ਹੈ ਕਿ ਰਸੋਈ ਵਿੱਚ ਥੋੜ੍ਹਾ ਜਿਹਾ ਫੈਸ਼ਨ ਅਤੇ ਸ਼ਖ਼ਸੀਅਤ ਵੀ ਦਿਖਾਉਣੀ ਚਾਹੀਦੀ ਹੈ।’’
ਉਹ ਅੱਗੇ ਕਹਿੰਦਾ ਹੈ, ‘‘ਮੈਂ ਰੰਗੀਨ ਸ਼ੈੱਫ ਕੋਟ ਆਪਣੇ ਲਈ ਪਹਿਨਦਾ ਹਾਂ ਕਿਉਂਕਿ ਮੈਂ ਅੰਦਰੋਂ ਇੱਕ ਰੰਗੀਨ ਵਿਅਕਤੀ ਹਾਂ। ਮੈਂ ਦੇਖਿਆ ਹੈ ਕਿ ਦੇਸ਼ ਭਰ ਦੇ ਲੋਕ ਹੁਣ ਰੰਗੀਨ ਕੋਟ ਨਾਲ ਪ੍ਰਯੋਗ ਕਰ ਰਹੇ ਹਨ ਅਤੇ ਇਹ ਬਹੁਤ ਵਧੀਆ ਮਹਿਸੂਸ ਹੁੰਦਾ ਹੈ। ਮੈਨੂੰ ਅਕਸਰ ਲੋਕਾਂ ਤੋਂ ਪ੍ਰਸ਼ੰਸਾ ਮਿਲਦੀ ਹੈ, ਇਹ ਮੇਰੇ ਲਈ ਕਾਫ਼ੀ ਹੈ। ਜਿਵੇਂ ਭੋਜਨ ਰੰਗੀਨ ਅਤੇ ਸੁਆਦੀ ਸਮੱਗਰੀ ਤੋਂ ਬਣਾਇਆ ਜਾਂਦਾ ਹੈ, ਉਸੇ ਤਰ੍ਹਾਂ ਤੁਸੀਂ ਰਸੋਈ ਵਿੱਚ ਜੋ ਪਹਿਨਦੇ ਹੋ ਉਹ ਵੀ ਖ਼ੁਸ਼ੀ ਅਤੇ ਊਰਜਾ ਲਿਆ ਸਕਦਾ ਹੈ।’’
ਰੰਗਾਂ ਲਈ ਉਸ ਦਾ ਪਿਆਰ ਉਸ ਦੀਆਂ ਪੱਗਾਂ ਤੱਕ ਵੀ ਫੈਲਿਆ ਹੋਇਆ ਹੈ। ਉਹ ਕਹਿੰਦਾ ਹੈ, ‘‘ਮੈਨੂੰ ਪੱਗਾਂ ਨੂੰ ਜੀਵੰਤ ਰੱਖਣਾ ਪਸੰਦ ਹੈ ਅਤੇ ਮੈਂ ਅਕਸਰ ਉਨ੍ਹਾਂ ਨੂੰ ਆਪਣੀ ਡਰੈੱਸਿੰਗ ਨਾਲ ਮੇਲਦਾ ਹਾਂ ਭਾਵੇਂ ਉਹ ਕਮੀਜ਼ ਹੋਵੇ, ਜੀਨਸ ਹੋਵੇ ਜਾਂ ਪੈਂਟ। ਸਭ ਕੁਝ ਚੰਗੀ ਤਰ੍ਹਾਂ ਇਕੱਠਾ ਹੋਣਾ ਚਾਹੀਦਾ ਹੈ। ਮੇਰੇ ਕੋਲ 50 ਤੋਂ 60 ਪੱਗਾਂ ਹਨ ਅਤੇ ਮੈਂ ਆਪਣੇ ਸੰਗ੍ਰਹਿ ਵਿੱਚ ਨਵੀਆਂ ਜੋੜਦਾ ਰਹਿੰਦਾ ਹਾਂ। ਕਿਉਂਕਿ ਪੱਗ ਬੰਨ੍ਹਣ ਵਿੱਚ ਸਮਾਂ ਲੱਗਦਾ ਹੈ, ਇਸ ਲਈ ਮੈਂ ਇੱਕ ਚੰਗੀ ਰੋਟੇਸ਼ਨ ਬਣਾਈ ਰੱਖਦਾ ਹਾਂ। ਮੈਂ ਪੱਗ ਨੂੰ ਇੱਕ ਆਧੁਨਿਕ, ਪਰ ਸੱਭਿਆਚਾਰਕ ਦਿੱਖ ਦੇਣ ਦੀ ਕੋਸ਼ਿਸ਼ ਕਰਦਾ ਹਾਂ।’’
ਉਸ ਦੇ ਸਿਗਨੇਚਰ ਸਟਾਈਲਾਂ ਵਿੱਚੋਂ ਇੱਕ ਦੋ-ਟੋਨ ਵਾਲੀ ਪੱਗ ਹੈ। ਉਹ ਦੱਸਦਾ ਹੈ, ‘‘ਜਦੋਂ ਮੈਂ ਪਹਿਲੀ ਵਾਰ ਦੋ ਰੰਗਾਂ ਨੂੰ ਮਿਲਾ ਕੇ ਪੱਗ ਬੰਨ੍ਹੀ, ਤਾਂ ਮੈਨੂੰ ਤੁਰੰਤ ਇਹ ਦਿੱਖ ਪਸੰਦ ਆਈ। ਇਸ ਨੇ ਮੇਰਾ ਮੂਡ ਵੀ ਵਧੀਆ ਕਰ ਦਿੱਤਾ। ਹੌਲੀ-ਹੌਲੀ, ਇਹ ਮੇਰੇ ਰੋਜ਼ਾਨਾ ਸਟਾਈਲ ਦਾ ਹਿੱਸਾ ਬਣ ਗਿਆ। ਰੰਗੀਨ ਪੱਗ ਬੰਨ੍ਹਣ ਨਾਲ ਮੈਨੂੰ ਆਤਮਵਿਸ਼ਵਾਸ ਮਿਲਦਾ ਹੈ। ਮੈਨੂੰ ਰੰਗ ਪਸੰਦ ਹਨ, ਇਸ ਲਈ ਪੱਗਾਂ ਨਾਲ ਖੇਡਣਾ ਕੁਦਰਤੀ ਹੈ। ਹੁਣ ਇਹ ਮੇਰੇ ਸਵੈ-ਪ੍ਰਗਟਾਵੇ ਅਤੇ ਮੇਰੀ ਪਛਾਣ ਦਾ ਮਾਧਿਅਮ ਬਣ ਗਿਆ ਹੈ।’’