ਛੋਟਾ ਪਰਦਾ
ਧਰਮਪਾਲ
ਪਹਿਲੀ ਵਾਰ ਖ਼ਲਨਾਇਕਾ ਬਣੀ ਭੂਮਿਕਾ
ਜ਼ਿਆਦਾਤਰ ਘਰਾਂ ਵਿੱਚ ਘਰੇਲੂ ਔਰਤ ਦਾ ਕੰਮ ਅਕਸਰ ਅਣਗੌਲਿਆ ਜਾਂਦਾ ਹੈ। ਉਸ ਵੱਲੋਂ ਛੋਟੀਆਂ ਬੱਚਤਾਂ ਕਰਨਾ, ਘਰ ਦਾ ਪ੍ਰਬੰਧਨ ਕਰਨਾ, ਪਰਿਵਾਰ ਦੀ ਦੇਖਭਾਲ ਕਰਨਾ...ਇਹ ਸਭ ਉਸ ਦੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਹਨ, ਪਰ ਉਨ੍ਹਾਂ ਨੂੰ ਕਦੇ ਵੀ ਕਮਾਊ ਵਿਅਕਤੀ ਦੇ ਕੰਮ ਜਿੰਨਾ ਮਹੱਤਵ ਨਹੀਂ ਦਿੱਤਾ ਜਾਂਦਾ। ਜ਼ੀ ਟੀਵੀ ਦਾ ਨਵਾਂ ਸ਼ੋਅ ‘ਬਸ ਇਤਨਾ ਸਾ ਖਵਾਬ’ ਇਸ ਭਾਵਨਾ ਨੂੰ ਦਰਸ਼ਕਾਂ ਦੇ ਅੱਗੇ ਲਿਆਉਂਦਾ ਹੈ, ਜਿਸ ਵਿੱਚ ਅਵਨੀ ਤ੍ਰਿਵੇਦੀ ਦੀ ਕਹਾਣੀ ਨੂੰ ਦਿਖਾਇਆ ਗਿਆ ਹੈ।
ਅਵਨੀ ਕਾਨਪੁਰ ਦੀ ਰਹਿਣ ਵਾਲੀ ਘਰੇਲੂ ਔਰਤ ਹੈ। ਉਹ ਇੱਕ-ਇੱਕ ਰੁਪਏ ਦੀ ਬੱਚਤ ਕਰਦੀ ਹੈ ਅਤੇ ਹਰ ਛੋਟੀ ਜ਼ਿੰਮੇਵਾਰੀ ਨੂੰ ਪੂਰਾ ਕਰਦੀ ਹੈ, ਤਾਂ ਜੋ ਉਹ ਆਪਣੇ ਪਰਿਵਾਰ ਨੂੰ ਵੱਡਾ ਘਰ ਖ਼ਰੀਦਣ ਦਾ ਸੁਪਨਾ ਪੂਰਾ ਕਰਨ ਵਿੱਚ ਮਦਦ ਕਰ ਸਕੇ। ਇਸ ਸਭ ਦੇ ਬਾਵਜੂਦ ਉਸ ਦੇ ਸਾਰੇ ਯਤਨ ਅਕਸਰ ਅਣਗੌਲੇ ਹੀ ਰਹਿੰਦੇ ਹਨ। ਹਾਲ ਹੀ ਵਿੱਚ ਇਹ ਖੁਲਾਸਾ ਹੋਇਆ ਸੀ ਕਿ ਸ਼ੋਅ ਵਿੱਚ ਪ੍ਰਸਿੱਧ ਅਦਾਕਾਰਾ ਰਾਜਸ਼੍ਰੀ ਠਾਕੁਰ ਅਤੇ ਯੋਗੇਂਦਰ ਵਿਕਰਮ ਸਿੰਘ ਕ੍ਰਮਵਾਰ ਅਵਨੀ ਅਤੇ ਸ਼ਿਖਰ ਦੇ ਮੁੱਖ ਕਿਰਦਾਰ ਨਿਭਾਉਣਗੇ। ਇਸ ਤੋਂ ਇਲਾਵਾ ਦਰਸ਼ਕ ਪ੍ਰਤਿਭਾਸ਼ਾਲੀ ਅਭਿਨੇਤਰੀ ਭੂਮਿਕਾ ਗੁਰੂਂਗ ਨੂੰ ਸ਼ਿਖਰ ਦੀ ਭੈਣ ਸ਼ਗੁਨ ਦੀ ਭੂਮਿਕਾ ਨਿਭਾਉਂਦੇ ਹੋਏ ਦੇਖਣਗੇ ਜੋ ਪੂਰੀ ਤਰ੍ਹਾਂ ਗ੍ਰੇ ਸ਼ੇਡ ਵਿੱਚ ਨਜ਼ਰ ਆਵੇਗੀ। ਸ਼ਗੁਨ ਜੋ ਹਾਲ ਹੀ ਵਿੱਚ ਆਪਣੇ ਅਸਫਲ ਵਿਆਹ ਤੋਂ ਬਾਅਦ ਸ਼ਿਖਰ ਅਤੇ ਅਵਨੀ ਦੇ ਨਾਲ ਰਹਿ ਰਹੀ ਹੈ, ਆਪਣੇ ਭਰਾ ਸ਼ਿਖਰ ਨੂੰ ਭੜਕਾਉਂਦੀ ਰਹਿੰਦੀ ਹੈ ਅਤੇ ਅਵਨੀ ਦੇ ਖਿਲਾਫ਼ ਸਾਜ਼ਿਸ਼ ਰਚਦੀ ਰਹਿੰਦੀ ਹੈ।
ਭੂਮਿਕਾ ਗੁਰੂੰਗ ਨੇ ਕਿਹਾ, ‘‘ਮੇਰਾ ਮੰਨਣਾ ਹੈ ਕਿ ਸ਼ਗੁਨ ਇੱਕ ਗੁੰਝਲਦਾਰ ਅਤੇ ਦਿਲਚਸਪ ਪਾਤਰ ਹੈ ਜੋ ਈਰਖਾ ਅਤੇ ਕੁੜੱਤਣ ਨਾਲ ਭਰਿਆ ਹੋਇਆ ਹੈ। ਉਹ ਬਹੁਤ ਹੀ ਚਲਾਕ ਅਤੇ ਧੋਖੇਬਾਜ਼ ਹੈ। ਉਹ ਆਪਣੇ ਉਦੇਸ਼ਾਂ ਨੂੰ ਪ੍ਰਾਪਤ ਕਰਨ ਲਈ ਦੂਜਿਆਂ ਦੀ ਵਰਤੋਂ ਕਰਨ ਤੋਂ ਝਿਜਕਦੀ ਨਹੀਂ ਹੈ। ਮੇਰੇ ਲਈ, ਇਹ ਅਜਿਹੀ ਨਕਾਰਾਤਮਕ ਭੂਮਿਕਾ ਹੈ ਜੋ ਮੈਂ ਪਹਿਲਾਂ ਕਦੇ ਨਹੀਂ ਨਿਭਾਈ। ਇਹ ਮੇਰੇ ਲਈ ਇੱਕ ਦਿਲਚਸਪ ਅਤੇ ਨਵਾਂ ਅਨੁਭਵ ਹੈ। ਮੈਂ ਹਮੇਸ਼ਾ ਸਕਾਰਾਤਮਕ ਕਿਰਦਾਰ ਨਿਭਾਏ ਹਨ। ਇਹ ਪਹਿਲੀ ਵਾਰ ਹੈ ਜਦੋਂ ਮੈਂ ਇਸ ਚੁਣੌਤੀ ਦਾ ਆਨੰਦ ਲੈ ਰਹੀ ਹਾਂ। ਇਹ ਕਿਰਦਾਰ ਨਿਭਾਉਣ ਦਾ ਮੌਕਾ ਮਿਲਣਾ ਮੇਰੇ ਲਈ ਬਹੁਤ ਖ਼ਾਸ ਹੈ, ਜਿਸ ਦੇ ਕਈ ਪਹਿਲੂ ਹਨ।’’
ਔਰਤਾਂ ਨੂੰ ਸਸ਼ਕਤ ਕਰ ਰਹੀ ਯੇਸ਼ਾ
ਯੇਸ਼ਾ ਸਟੂਡੀਓ ਐੱਲਐੱਸਡੀ ਦੁਆਰਾ ਨਿਰਮਿਤ ਸ਼ੋਅ ‘ਰੱਬ ਸੇ ਹੈ ਦੁਆ’ ਵਿੱਚ ਇਬਾਦਤ ਦੀ ਭੂਮਿਕਾ ਨਿਭਾ ਰਹੀ ਹੈ। ਉਹ ਕਹਿੰਦੀ ਹੈ, ‘‘ਇਬਾਦਤ ਦੇ ਸਫ਼ਰ ਰਾਹੀਂ ਸਾਡਾ ਉਦੇਸ਼ ਇੱਕ ਸ਼ਕਤੀਸ਼ਾਲੀ ਸੰਦੇਸ਼ ਦੇਣਾ ਹੈ ਕਿ ਔਰਤਾਂ ਨੂੰ ਕਿਸੇ ਵੀ ਰਿਸ਼ਤੇ ਨੂੰ ਨਿਭਾਉਂਦੇ ਸਮੇਂ ਆਪਣੇ ਸਵੈਮਾਣ ਨੂੰ ਤਰਜੀਹ ਦੇਣੀ ਚਾਹੀਦੀ ਹੈ। ਇਬਾਦਤ ਦਾ ਆਪਣੇ ਲਈ ਖੜ੍ਹੇ ਹੋਣ ਦਾ ਫ਼ੈਸਲਾ ਅਤੇ ਵਿਆਹ ਤੋਂ ਦੂਰ ਜਾਣ ਦੀ ਉਸ ਦੀ ਸਮਰੱਥਾ ਅਜਿਹੀ ਚੀਜ਼ ਹੈ ਜਿਸ ਬਾਰੇ ਮੈਂ ਵਧੀਆ ਮਹਿਸੂਸ ਕਰਦੀ ਹਾਂ। ਇਹ ਭੂਮਿਕਾ ਮੇਰੇ ਲਈ ਬਹੁਤ ਮਹੱਤਵਪੂਰਨ ਸੀ ਅਤੇ ਮੈਨੂੰ ਉਮੀਦ ਹੈ ਕਿ ਇਹ ਹੋਰ ਵੀ ਵਧੀਆ ਹੋ ਜਾਵੇਗੀ। ਔਰਤਾਂ ਜਦੋਂ ਇਹ ਮਹਿਸੂਸ ਕਰਨ ਕਿ ਉਨ੍ਹਾਂ ਨੂੰ ਆਪਣੇ ਸਵੈਮਾਣ ਨਾਲ ਸਮਝੌਤਾ ਕਰਨਾ ਪੈ ਰਿਹਾ ਹੈ ਤਾਂ ਉਨ੍ਹਾਂ ਦੀ ਆਵਾਜ਼ ਬੁਲੰਦ ਕਰਨ ਲਈ ਉਨ੍ਹਾਂ ਨੂੰ ਪ੍ਰੇਰਿਤ ਕਰੋ।’’ ਉਸ ਨੇ ਕਿਹਾ ਕਿ ਸ਼ੋਅ ਦਾ ਕੋਰਟਰੂਮ ਡਰਾਮਾ ਉਸ ਲਈ ਇੱਕ ਅਭਿਨੇਤਰੀ ਵਜੋਂ ਚੁਣੌਤੀਪੂਰਨ, ਪਰ ਸੰਤੁਸ਼ਟੀਜਨਕ ਅਨੁਭਵ ਰਿਹਾ ਹੈ।
ਉਹ ਕਹਿੰਦੀ ਹੈ, ‘‘ਸਕ੍ਰਿਪਟ ਨੂੰ ਪੜ੍ਹਨ ਤੋਂ ਬਾਅਦ, ਮੈਨੂੰ ਪਤਾ ਸੀ ਕਿ ਇਸ ਦ੍ਰਿਸ਼ ਨੇ ਇੱਕ ਸਥਾਈ ਪ੍ਰਭਾਵ ਪਾਉਣਾ ਹੈ, ਇਸ ਲਈ ਮੈਂ ਉਨ੍ਹਾਂ ਮੁੱਖ ਸੰਵਾਦਾਂ ਨੂੰ ਦ੍ਰਿੜਤਾ ਨਾਲ ਪੇਸ਼ ਕਰਨ ਲਈ ਤਿਆਰੀ ਕਰਨ ਵਿੱਚ ਬਹੁਤ ਸਮਾਂ ਬਿਤਾਇਆ। ਸੈੱਟ ’ਤੇ ਮਾਹੌਲ ਭਾਵੁਕ ਸੀ ਅਤੇ ਸ਼ੋਅ ਦੇ ਖ਼ਤਮ ਹੋਣ ਤੋਂ ਬਾਅਦ ਸਾਥੀਆਂ ਦੀਆਂ ਤਾੜੀਆਂ ਬਹੁਤ ਪ੍ਰੇਰਿਤ ਕਰਨ ਵਾਲੀਆਂ ਸਨ। ਮੈਂ ਇਬਾਦਤ ਦੇ ਸਫ਼ਰ ਨਾਲ ਗਹਿਰਾਈ ਨਾਲ ਜੁੜਿਆ ਹੋਇਆ ਮਹਿਸੂਸ ਕਰਦੀ ਹਾਂ। ਮੈਨੂੰ ਉਮੀਦ ਹੈ ਕਿ ਇਹ ਦੇਸ਼ ਭਰ ਦੀਆਂ ਔਰਤਾਂ ਨਾਲ ਜੁੜਿਆ ਹੋਇਆ ਸ਼ੋਅ ਹੈ, ਜਿਨ੍ਹਾਂ ਨੂੰ ਉਨ੍ਹਾਂ ਦੀ ਤਾਕਤ ਦੀ ਯਾਦ ਦਿਵਾਉਣ ਦੀ ਲੋੜ ਹੈ।’’
ਟੀਵੀ ਦੀ ਪਹੁੰਚ ਤੋਂ ਪ੍ਰਭਾਵਿਤ ਈਸ਼ਾਨ ਸਿੰਘ
ਅਦਾਕਾਰ ਈਸ਼ਾਨ ਸਿੰਘ ਮਨਹਾਸ ਨੇ ਸਮਾਜ ਵਿੱਚ ਟੈਲੀਵਿਜ਼ਨ ਦੀ ਪਰਿਵਰਤਨਸ਼ੀਲ ਭੂਮਿਕਾ ਅਤੇ ਡਿਜੀਟਲ ਯੁੱਗ ਵਿੱਚ ਇਸ ਦੀ ਪ੍ਰਸੰਗਿਕਤਾ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਈਸ਼ਾਨ, ਜੋ ਇਸ ਸਮੇਂ ਸਟਾਰ ਪਲੱਸ ਦੇ ਸ਼ੋਅ ‘ਦਿਲ ਕੋ ਤੁਮਸੇ ਪਿਆਰ ਹੂਆ’ ਵਿੱਚ ਨਜ਼ਰ ਆ ਰਿਹਾ ਹੈ, ਇਸ ਬਾਰੇ ਗੱਲ ਕਰਦਾ ਹੈ ਕਿ ਕਿਵੇਂ ਸਮੇਂ ਦੇ ਨਾਲ ਟੀਵੀ ਬਦਲ ਗਿਆ ਹੈ ਅਤੇ ਇਸ ਦਾ ਪ੍ਰਭਾਵ ਬਣਿਆ ਹੋਇਆ ਹੈ।
ਈਸ਼ਾਨ ਕਹਿੰਦਾ ਹੈ, “ਟੈਲੀਵਿਜ਼ਨ ਹਮੇਸ਼ਾ ਸਮਾਜ ਦੀਆਂ ਕਦਰਾਂ-ਕੀਮਤਾਂ ਨੂੰ ਰੂਪ ਦੇਣ ਅਤੇ ਪ੍ਰਤੀਬਿੰਬਤ ਕਰਨ ਦਾ ਇੱਕ ਸ਼ਕਤੀਸ਼ਾਲੀ ਮਾਧਿਅਮ ਰਿਹਾ ਹੈ। ਇਹ ਸਿਰਫ਼ ਮਨੋਰੰਜਨ ਹੀ ਨਹੀਂ ਕਰਦਾ; ਇਹ ਲੋਕਾਂ ਨੂੰ ਸਿੱਖਿਅਤ ਹੀ ਨਹੀਂ ਕਰਦਾ, ਬਲਕਿ ਉਨ੍ਹਾਂ ਨੂੰ ਆਪਸ ਵਿੱਚ ਜੋੜਦਾ ਵੀ ਹੈ। ਸਬੰਧਿਤ ਕਹਾਣੀਆਂ ਅਤੇ ਵਿਭਿੰਨ ਪਾਤਰਾਂ ਦੁਆਰਾ ਟੀਵੀ ਨੇ ਗੱਲਬਾਤ ਨੂੰ ਪ੍ਰੇਰਿਤ ਕੀਤਾ ਹੈ ਅਤੇ ਲੋਕਾਂ ਦੀ ਰਾਏ ਨੂੰ ਪ੍ਰਭਾਵਿਤ ਕੀਤਾ ਹੈ। ਇਹ ਲਿੰਗ ਸਮਾਨਤਾ, ਮਾਨਸਿਕ ਸਿਹਤ ਅਤੇ ਸਮਾਜਿਕ ਨਿਆਂ ਵਰਗੇ ਮੁੱਦਿਆਂ ’ਤੇ ਜਾਗਰੂਕਤਾ ਪੈਦਾ ਕਰਨ ਲਈ ਕੰਮ ਕਰਦਾ ਹੈ।’’
ਆਪਣੇ ਕਰੀਅਰ ਦੇ ਸਫ਼ਰ ਬਾਰੇ ਗੱਲ ਕਰਦਿਆਂ ਈਸ਼ਾਨ ਦਾ ਕਹਿਣਾ ਹੈ ਕਿ ਟੈਲੀਵਿਜ਼ਨ ’ਚ ਕਾਫ਼ੀ ਬਦਲਾਅ ਆਏ ਹਨ। ‘‘ਜਦੋਂ ਮੈਂ ਸ਼ੁਰੂ ਕੀਤਾ, ਤਾਂ ਟੀਵੀ ਸ਼ੋਅ ਜ਼ਿਆਦਾਤਰ ਪਰਿਵਾਰਕ ਡਰਾਮੇ ਅਤੇ ਆਦਰਸ਼ ਕਿਰਦਾਰਾਂ ’ਤੇ ਕੇਂਦਰਿਤ ਹੁੰਦੇ ਸਨ। ਸਮੇਂ ਦੇ ਨਾਲ ਇਹ ਤਬਦੀਲ ਹੋ ਗਿਆ ਹੈ। ਬਿਹਤਰ ਉਤਪਾਦਨ ਗੁਣਵੱਤਾ, ਸੀਮਤ ਲੜੀਵਾਰ ਅਤੇ ਨਵੀਆਂ ਕਹਾਣੀਆਂ ਨੇ ਉਦਯੋਗ ਨੂੰ ਮੁੜ ਪਰਿਭਾਸ਼ਿਤ ਕੀਤਾ ਹੈ। ਅੱਜ ਦਰਸ਼ਕ ਯਥਾਰਥਵਾਦ ਚਾਹੁੰਦੇ ਹਨ ਜੋ ਸਿਰਜਣਹਾਰਾਂ ਨੂੰ ਅਰਥਪੂਰਨ ਸਮੱਗਰੀ ਪ੍ਰਦਾਨ ਕਰਨ ਲਈ ਪ੍ਰੇਰਿਤ ਕਰਦਾ ਹੈ।’’
ਈਸ਼ਾਨ ਲਈ, ਟੈਲੀਵਿਜ਼ਨ ਇੱਕ ਮਜ਼ਬੂਤ ਕਹਾਣੀ ਸੁਣਾਉਣ ਦਾ ਮਾਧਿਅਮ ਬਣਿਆ ਹੋਇਆ ਹੈ। ਉਹ ਕਹਿੰਦਾ ਹੈ, ‘‘ਟੀਵੀ ਪਾਤਰਾਂ ਅਤੇ ਰਿਸ਼ਤਿਆਂ ਦੀ ਡੂੰਘਾਈ ਨਾਲ ਖੋਜ ਕਰਨ ਦੀ ਇਜਾਜ਼ਤ ਦਿੰਦੇ ਹੋਏ, ਲੰਬੀਆਂ ਕਹਾਣੀਆਂ ਦਿਖਾਉਣ ਦੀ ਇਜਾਜ਼ਤ ਦਿੰਦਾ ਹੈ। ਇਹ ਦਰਸ਼ਕਾਂ ਨਾਲ ਇੱਕ ਭਾਵਨਾਤਮਕ ਸੰਪਰਕ ਬਣਾਉਂਦਾ ਹੈ। ਦਰਸ਼ਕ ਟੀਵੀ ਨਾਲ ਰੋਜ਼ਾਨਾ ਜੁੜਦੇ ਹਨ।’’
ਸਟ੍ਰੀਮਿੰਗ ਪਲੈਟਫਾਰਮਾਂ ਦੇ ਉਭਾਰ ’ਤੇ ਈਸ਼ਾਨ ਮੰਨਦਾ ਹੈ ਕਿ ਇਸ ਨੇ ਉਸ ਦੇ ਕਿਰਦਾਰਾਂ ਪ੍ਰਤੀ ਉਸ ਦੀ ਪਹੁੰਚ ਨੂੰ ਬਦਲ ਦਿੱਤਾ ਹੈ। “ਸਟ੍ਰੀਮਿੰਗ ਪਲੈਟਫਾਰਮਾਂ ਨੇ ਅਦਾਕਾਰਾਂ ਲਈ ਬੋਲਡ ਕਹਾਣੀਆਂ ਅਤੇ ਅਸਾਧਾਰਨ ਕਿਰਦਾਰਾਂ ਨੂੰ ਪੇਸ਼ ਕਰਨ ਲਈ ਨਵੇਂ ਰਸਤੇ ਖੋਲ੍ਹ ਦਿੱਤੇ ਹਨ। ਜਦੋਂ ਕਿ ਟੀਵੀ ਨਿਰੰਤਰ ਰੁਝੇਵਿਆਂ ਨੂੰ ਯਕੀਨੀ ਬਣਾਉਂਦਾ ਹੈ, ਓਟੀਟੀ ਪਲੈਟਫਾਰਮ ਬਹੁਪੱਖੀ ਅਤੇ ਗਹਿਰਾਈ ਦੀ ਮੰਗ ਕਰਦੇ ਹਨ। ਇਹ ਸੰਤੁਲਨ ਸਿਰਜਣਹਾਰਾਂ ਅਤੇ ਅਦਾਕਾਰਾਂ ਲਈ ਦਿਲਚਸਪ ਹੁੰਦਾ ਹੈ। ”
ਡਿਜੀਟਲ ਬੂਮ ਦੇ ਬਾਵਜੂਦ, ਈਸ਼ਾਨ ਦਾ ਮੰਨਣਾ ਹੈ ਕਿ ਟੈਲੀਵਿਜ਼ਨ ਅੱਗੇ ਵੀ ਢੁੱਕਵਾਂ ਰਹੇਗਾ। ‘‘ਟੀਵੀ ਦੀ ਇੱਕ ਵਿਲੱਖਣ ਜਨਤਕ ਅਪੀਲ ਹੈ, ਖ਼ਾਸ ਕਰਕੇ ਉਨ੍ਹਾਂ ਖੇਤਰਾਂ ਵਿੱਚ ਜਿੱਥੇ ਇਹ ਮਨੋਰੰਜਨ ਦਾ ਮੁੱਖ ਸਰੋਤ ਹੈ। ਇਸ ਦਾ ਭਵਿੱਖ ਬਦਲਦੇ ਦਰਸ਼ਕਾਂ ਦੀਆਂ ਉਮੀਦਾਂ ਨੂੰ ਪੂਰਾ ਕਰਨ ਲਈ ਡਿਜੀਟਲ ਨਵੀਨਤਾਵਾਂ ਦੇ ਨਾਲ ਰਵਾਇਤੀ ਫਾਰਮੈਟਾਂ ਨੂੰ ਮਿਲਾਉਣ ਵਿੱਚ ਹੈ।’’
ਜਦੋਂ ਇਹ ਪੁੱਛਿਆ ਗਿਆ ਕਿ ਕਿਸ ਸ਼ੋਅ ਨੇ ਉਸ ਨੂੰ ਸਭ ਤੋਂ ਵੱਧ ਪ੍ਰਭਾਵਿਤ ਕੀਤਾ, ਤਾਂ ਈਸ਼ਾਨ ਨੇ ‘ਅਨੁਪਮਾ’ ਦਾ ਜ਼ਿਕਰ ਕੀਤਾ। “ਇਹ ਇੱਕ ਵਧੀਆ ਉਦਾਹਰਨ ਹੈ ਕਿ ਕਿਵੇਂ ਟੀਵੀ ਇੱਕ ਫ਼ਰਕ ਲਿਆ ਸਕਦਾ ਹੈ। ਇਸ ਦਾ ਸਸ਼ਕਤੀਕਰਨ ਅਤੇ ਪਰਿਵਾਰਕ ਰਿਸ਼ਤਿਆਂ ਦਾ ਚਿਤਰਨ ਦਰਸ਼ਕਾਂ ਨਾਲ ਗਹਿਰਾਈ ਨਾਲ ਜੁੜਦਾ ਹੈ। ਇਹ ਦਰਸਾਉਂਦਾ ਹੈ ਕਿ ਅਰਥਪੂਰਨ ਕਹਾਣੀਆਂ ਦਾ ਸਕਾਰਾਤਮਕ ਪ੍ਰਭਾਵ ਕਿਵੇਂ ਹੋ ਸਕਦਾ ਹੈ।’’