ਵਿਲੱਖਣ ਫਿਲਮਾਂ ਦਾ ਸਿਰਜਕ ਸ਼ੇਖ਼ਰ ਕਪੂਰ
‘ਬੈਂਡਿਟ ਕੁਈਨ’, ‘ਐਲਿਜ਼ਾਬੈੱਥ’, ‘ਮਿਸਟਰ ਇੰਡੀਆ’ ਅਤੇ ‘ਮਾਸੂਮ’ ਜਿਹੀਆਂ ਵਿਲੱਖਣ ਵਿਸ਼ਿਆਂ ਵਾਲੀਆਂ ਸੁਪਰਹਿੱਟ ਫਿਲਮਾਂ ਭਾਰਤੀ ਸਿਨੇਮਾ ਜਗਤ ਨੂੰ ਦੇਣ ਵਾਲੇ ਨਿਰਦੇਸ਼ਕ ਸ਼ੇਖ਼ਰ ਕਪੂਰ ਦੀ ਪਛਾਣ ਭਾਰਤ ਹੀ ਨਹੀਂ ਸਗੋਂ ਦੁਨੀਆ ਭਰ ਵਿੱਚ ਇੱਕ ਵੱਡੇ ਨਿਰਦੇਸ਼ਕ ਵਜੋਂ ਹੈ। ਉਸ ਨੂੰ ‘ਭਾਰਤ ਦਾ...
‘ਬੈਂਡਿਟ ਕੁਈਨ’, ‘ਐਲਿਜ਼ਾਬੈੱਥ’, ‘ਮਿਸਟਰ ਇੰਡੀਆ’ ਅਤੇ ‘ਮਾਸੂਮ’ ਜਿਹੀਆਂ ਵਿਲੱਖਣ ਵਿਸ਼ਿਆਂ ਵਾਲੀਆਂ ਸੁਪਰਹਿੱਟ ਫਿਲਮਾਂ ਭਾਰਤੀ ਸਿਨੇਮਾ ਜਗਤ ਨੂੰ ਦੇਣ ਵਾਲੇ ਨਿਰਦੇਸ਼ਕ ਸ਼ੇਖ਼ਰ ਕਪੂਰ ਦੀ ਪਛਾਣ ਭਾਰਤ ਹੀ ਨਹੀਂ ਸਗੋਂ ਦੁਨੀਆ ਭਰ ਵਿੱਚ ਇੱਕ ਵੱਡੇ ਨਿਰਦੇਸ਼ਕ ਵਜੋਂ ਹੈ। ਉਸ ਨੂੰ ‘ਭਾਰਤ ਦਾ ਕੌਮਾਂਤਰੀ ਫਿਲਮ ਨਿਰਦੇਸ਼ਕ’ ਹੋਣ ਦਾ ਮਾਣ ਵੀ ਦਿੱਤਾ ਜਾਂਦਾ ਹੈ।
ਸ਼ੇਖ਼ਰ ਕਪੂਰ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ ਕਿ ਉਹ ਬੌਲੀਵੁੱਡ ਦੇ ਸਦਾਬਹਾਰ ਅਦਾਕਾਰ-ਨਿਰਮਾਤਾ-ਨਿਰਦੇਸ਼ਕ ਦੇਵ ਅਨੰਦ ਦਾ ਭਾਣਜਾ ਹੈ। ਦੇਵ ਅਨੰਦ ਦੀ ਛੋਟੀ ਭੈਣ ਸ਼ੀਲ ਕਾਂਤਾ ਕਪੂਰ ਅਤੇ ਡਾ. ਕੁਲਭੂਸ਼ਣ ਕਪੂਰ ਦੇ ਘਰ ਉਸ ਦਾ ਜਨਮ 6 ਦਸੰਬਰ, 1945 ਨੂੰ ਲਾਹੌਰ ਵਿਖੇ ਹੋਇਆ ਸੀ। ਸੰਨ ਸੰਤਾਲੀ ਵਿੱਚ ਹੋਈ ਮੁਲਕ ਵੰਡ ਦੌਰਾਨ ਜਦੋਂ ਸ਼ੇਖ਼ਰ ਦੀ ਉਮਰ ਕੇਵਲ ਦੋ ਸਾਲ ਹੀ ਸੀ ਤਾਂ ਉਸ ਦੀ ਮਾਤਾ ਉਸ ਨੂੰ ਤੇ ਉਸ ਦੀ ਭੈਣ ਨੂੰ ਲੈ ਕੇ ਇੱਕ ਰੇਲ ਗੱਡੀ ਵਿੱਚ ਲਾਹੌਰ ਤੋਂ ਆ ਰਹੀ ਸੀ ਕਿ ਕਤਲੇਆਮ ਸ਼ੁਰੂ ਹੋ ਗਿਆ। ਉਸ ਦੀ ਮਾਂ ਨੇ ਉਸੇ ਵਕਤ ਆਪਣੇ ਦੋਵਾਂ ਬੱਚਿਆਂ ਨੂੰ ਆਪਣੇ ਹੇਠ ਛੁਪਾ ਲਿਆ ਤੇ ਆਪ ਇੱਕ ਮੁਰਦਾ ਔਰਤ ਦੀ ਤਰ੍ਹਾਂ ਲੇਟ ਗਈ। ਇਸ ਤਰ੍ਹਾਂ ਬੜੀ ਮੁਸ਼ਕਿਲ ਨਾਲ ਸ਼ੇਖ਼ਰ ਤੇ ਉਸ ਦਾ ਪਰਿਵਾਰ ਪਾਕਿਸਤਾਨ ਤੋਂ ਭਾਰਤ ਪੁੱਜੇ ਸਨ।
ਸ਼ੇਖ਼ਰ ਕਪੂਰ ਨੇ ਦਿੱਲੀ ਆ ਕੇ ਸੇਂਟ ਸਟੀਫਨਜ਼ ਕਾਲਜ ਤੋਂ ਅਰਥ ਸ਼ਾਸਤਰ ਵਿੱਚ ਗ੍ਰੈਜੂਏਸ਼ਨ ਕੀਤੀ ਤੇ ਫਿਰ ਬਤੌਰ ਚਾਰਟਡ ਅਕਾਊਂਟੈਂਟ ਇੰਗਲੈਂਡ ਦੀ ਇੱਕ ਕੰਪਨੀ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ। ਉਸ ਨੇ ਕੁਝ ਸਾਲ ਇੰਗਲੈਂਡ ਵਿਖੇ ਰਹਿ ਕੇ ਕੌਮਾਂਤਰੀ ਕੰਪਨੀਆਂ ਲਈ ਬਤੌਰ ਚਾਰਟਡ ਅਕਾਊਂਟੈਟ ਅਤੇ ਮੈਨੇਜਮੈਂਟ ਕੰਸਲਟੈਂਟ ਵਜੋਂ ਕੰਮ ਕੀਤਾ ਤੇ ਫਿਰ ਉਸ ਦਾ ਵਿਆਹ 1984 ਵਿੱਚ ਉੱਘੇ ਸਿਆਸਤਦਾਨ ਇੰਦਰ ਕੁਮਾਰ ਗੁਜਰਾਲ ਦੀ ਭਤੀਜੀ ਮੇਧਾ ਗੁਜਰਾਲ ਨਾਲ ਹੋ ਗਿਆ ਜੋ ਕਿ ਦਸ ਸਾਲ ਤੱਕ ਨਿਭੀ ਤੇ ਫਿਰ ਦੋਵਾਂ ਨੇ ਤਲਾਕ ਲੈ ਲਿਆ। 1997 ਵਿੱਚ ਉੱਘੀ ਗਾਇਕਾ, ਲੇਖਿਕਾ ਤੇ ਚਿੱਤਰਕਾਰ ਸੁਚਿੱਤਰਾ ਕ੍ਰਿਸ਼ਨਾਮੂਰਤੀ ਉਸ ਦੀ ਪਤਨੀ ਬਣੀ ਤੇ ਸਾਲ 2007 ਵਿੱਚ 10 ਸਾਲ ਦੀ ਵਿਆਹੁਤਾ ਜ਼ਿੰਦਗੀ ਨੂੰ ਖ਼ਤਮ ਕਰਕੇ ਵੱਖ ਹੋ ਗਈ। ਸ਼ੇਖ਼ਰ ਦੀ ਇੱਕ ਭੈਣ ਅਦਾਕਾਰ ਨਵੀਨ ਨਿਸ਼ਚਲ ਨਾਲ ਵਿਆਹੀ ਸੀ ਤੇ ਦੂਜੀ ਦਾ ਵਿਆਹ ਅਦਾਕਾਰ ਪ੍ਰੀਕਸ਼ਿਤ ਸਾਹਨੀ ਨਾਲ ਹੋਇਆ।
ਸ਼ੇਖ਼ਰ ਨੇ ਬੌਲੀਵੁੱਡ ਵਿੱਚ 1974 ਵਿੱਚ ਫਿਲਮ ‘ਇਸ਼ਕ ਇਸ਼ਕ ਇਸ਼ਕ’ ਰਾਹੀਂ ਬਤੌਰ ਅਦਾਕਾਰ ਕਦਮ ਰੱਖਿਆ ਸੀ ਤੇ ਫਿਰ ‘ਜਾਨ ਹਾਜ਼ਰ ਹੈ’, ‘ਟੂਟੇ ਖਿਲੌਨੇ’, ‘ਜੀਨਾ ਯਹਾਂ’, ‘ਖ਼ੰਜਰ’, ‘ਫ਼ਲਕ’, ‘ਬਿੰਦੀਆ ਚਮਕੇਗੀ’, ‘ਗਵਾਹੀ’, ‘ਦ੍ਰਿਸ਼ਟੀ’, ‘ਨਜ਼ਰ’ ਅਤੇ ‘ਸਾਤਵਾਂ ਆਸਮਾਨ’ ਆਦਿ ਫਿਲਮਾਂ ਵਿੱਚ ਅਦਾਕਾਰੀ ਦੇ ਜੌਹਰ ਵਿਖਾਏ ਸਨ। ਫਿਰ ਇੱਕੀ ਸਾਲ ਦੇ ਲੰਮੇ ਅੰਤਰਾਲ ਤੋਂ ਬਾਅਦ ਉਸ ਨੇ 2013 ਵਿੱਚ ‘ਵਿਸ਼ਵਰੂਪਮ’, ‘ਤੇਰਾ ਸਰੂਰ’ (2016) ਅਤੇ ‘ਵਿਸ਼ਵਰੂਪਮ-2’ (2018) ਵਿੱਚ ਵੀ ਬਤੌਰ ਅਦਾਕਾਰੀ ਦੇ ਜੌਹਰ ਵਿਖਾਏ ਸਨ। ਸ਼ੇਖ਼ਰ ਨੇ ਟੀ.ਵੀ. ’ਤੇ ਵੀ ਬਤੌਰ ਅਦਾਕਾਰ ‘ਉਡਾਣ’, ‘ਉਪਨਿਆਸ’ ਅਤੇ ‘ਮਾਸੂਮ’ ਆਦਿ ਸਮੇਤ ਕਈ ਹੋਰ ਲੜੀਵਾਰਾਂ ਵਿੱਚ ਵੀ ਕੰਮ ਕੀਤਾ ਸੀ। ਮਹਾਤਮਾ ਗਾਂਧੀ ਦੀ ਸਵੈ-ਜੀਵਨੀ ‘ਮਾਈ ਐਕਸਪੈਰੀਮੈਂਟਸ ਵਿਦ ਟਰੂਥ’ ’ਤੇ ਆਧਾਰਿਤ ਇੱਕ ਆਡੀਓ ਸੀਰੀਜ਼ ਵਿੱਚ ਉਸ ਨੇ ਮਹਾਤਮਾ ਗਾਂਧੀ ਦੇ ਕਿਰਦਾਰ ਲਈ ਆਪਣੀ ਆਵਾਜ਼ ਵੀ ਦਿੱਤੀ ਸੀ। 2006 ਵਿੱਚ ਸ਼ੇਖ਼ਰ ਨੇ ਦੀਪਕ ਚੋਪੜਾ ਨਾਲ ਭਾਈਵਾਲੀ ਕਰਕੇ ‘ਦੇਵੀ’ ਅਤੇ ‘ਦਿ ਸਾਧੂ’ ਨਾਮਕ ਸਿਰਲੇਖਾਂ ਵਾਲੀਆਂ ਐਨੀਮੇਸ਼ਨ ਫਿਲਮਾਂ ਦਾ ਨਿਰਮਾਣ ਕੀਤਾ ਸੀ।
ਸਾਲ 1983 ਵਿੱਚ ਸ਼ੇਖ਼ਰ ਕਪੂਰ ਨੇ ਸੰਜੀਦਾ ਤੇ ਭਾਵਪੂਰਤ ਫਿਲਮ ‘ਮਾਸੂਮ’ ਦਾ ਨਿਰਦੇਸ਼ਨ ਕਰਕੇ ਨਿਰਦੇਸ਼ਨ ਦੀ ਦੁਨੀਆ ਵਿੱਚ ਕਦਮ ਰੱਖਿਆ ਸੀ ਤੇ ਉਸ ਦੀ ਇਸ ਪਹਿਲੀ ਹੀ ਫਿਲਮ ਨੂੰ ‘ਫਿਲਮ ਕ੍ਰਿਟਿਕ ਐਵਾਰਡ ਫਾਰ ਬੈਸਟ ਫਿਲਮ’ ਦੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਇਸ ਤੋਂ ਬਾਅਦ ਉਸ ਨੇ ‘ਮਿਸਟਰ ਇੰਡੀਆ’ ਅਤੇ ‘ਬੈਂਡਿਟ ਕੁਈਨ’ ਆਦਿ ਫਿਲਮਾਂ ਨਾਲ ਦੇਸ਼ ਅਤੇ ਵਿਦੇਸ਼ ਵਿੱਚ ਚੰਗਾ ਨਾਮਣਾ ਖੱਟਿਆ ਸੀ। ਫਿਲਮ ‘ਮਿਸਟਰ ਇੰਡੀਆ’ ਵਿੱਚ ਅਦਾਕਾਰ ਅਨਿਲ ਕਪੂਰ ਨੇ ਅਦ੍ਰਿਸ਼ ਹੋ ਜਾਣ ਵਾਲੇ ਸ਼ਖ਼ਸ ਦਾ ਕਿਰਦਾਰ ਨਿਭਾਇਆ ਸੀ ਜਦੋਂਕਿ ਅਦਾਕਾਰ ਅਮਰੀਸ਼ ਦੇ ਕਿਰਦਾਰ ‘ਮੋਗੈਂਬੋ’ ਵੱਲੋਂ ਬੋਲਿਆ ਗਿਆ ਸੰਵਾਦ ‘ਮੋਗੈਂਬੋ ਖ਼ੁਸ਼ ਹੂਆ’ ਕਹੀ ਦਹਾਕਿਆਂ ਤੱਕ ਮਕਬੂਲ ਰਿਹਾ ਸੀ। ਸਮੂਹਿਕ ਬਲਾਤਕਾਰ ਪੀੜਤ ਤੋਂ ਡਾਕੂ ਬਣੀ ਫੂਲਨ ਦੇਵੀ ਦੇ ਜੀਵਨ ’ਤੇ ਬਣੀ ਫਿਲਮ ‘ਬੈਂਡਿਟ ਕੁਈਨ’ ਲਈ ਸ਼ੇਖ਼ਰ ਨੇ ‘ਸਰਬੋਤਮ ਫਿਲਮ’ ਦਾ ਫਿਲਮਫੇਅਰ ਐਵਾਰਡ, ਕੌਮੀ ਪੁਰਸਕਾਰ ਅਤੇ ਫਿਲਮ ਕ੍ਰਿਟਿਕ ਐਵਾਰਡ ਫਾਰ ਬੈਸਟ ਫਿਲਮ ਆਦਿ ਪੁਰਸਕਾਰ ਵੀ ਹਾਸਿਲ ਕੀਤੇ ਸਨ। ਇਸ ਫਿਲਮ ਵਿੱਚ ਉਸ ਨੇ ਇੱਕ ਟਰੱਕ ਡਰਾਈਵਰ ਦੀ ਛੋਟੀ ਜਿਹੀ ਭੂਮਿਕਾ ਵੀ ਅਦਾ ਕੀਤੀ ਸੀ। ਹੌਲੀਵੁੱਡ ਦੀ ਫਿਲਮ ‘ਐਲਿਜ਼ਾਬੈਥ’ ਅਤੇ ਉਸ ਦਾ ਦੂਜਾ ਭਾਗ ‘ਐਲਿਜ਼ਾਬੈਥ-2’ ਦਾ ਨਿਰਦੇਸ਼ਨ ਦੇ ਕੇ ਸ਼ੇਖ਼ਰ ਨੇ ਕੌਮਾਂਤਰੀ ਪੱਧਰ ’ਤੇ ਆਪਣੀ ਬਾਕਮਾਲ ਨਿਰਦੇਸ਼ਨ ਕਲਾ ਦਾ ਲੋਹਾ ਮਨਵਾਇਆ ਸੀ। ਉਸ ਨੇ ਇੱਕ ਹੋਰ ਮਸ਼ਹੂਰ ਅੰਗਰੇਜ਼ੀ ਫਿਲਮ ‘ਦਿ ਫੋਰ ਫੈਦਰਜ਼’ ਦਾ ਵੀ ਨਿਰਦੇਸ਼ਨ ਕੀਤਾ ਸੀ। ਬਤੌਰ ਨਿਰਮਾਤਾ ਉਸ ਨੇ ‘ਦਿ ਗੁਰੂ’, ‘ਦਿਲ ਸੇ’ ਅਤੇ ‘ਬੌਂਬੇ ਡ੍ਰੀਮਜ਼’ ਨਾਮਕ ਫਿਲਮਾਂ ਵੀ ਬਣਾਈਆਂ ਸਨ, ਪਰ ਆਪਣੀ ਹੀ ਮਰਜ਼ੀ ਦੇ ਮਾਲਿਕ ਸ਼ੇਖ਼ਰ ਕਪੂਰ ਨੇ ਵੱਡੀ ਸਟਾਰ ਕਾਸਟ ਵਾਲੀਆਂ ਬੌਲੀਵੁੱਡ ਦੀਆਂ ਕਈ ਫਿਲਮਾਂ ਬਤੌਰ ਨਿਰਦੇਸ਼ਕ ਸ਼ੁਰੂ ਕੀਤੀਆਂ ਤੇ ਅਧਵਾਟੇ ਹੀ ਛੱਡ ਦਿੱਤੀਆਂ, ਜਿਨ੍ਹਾਂ ਨੂੰ ਫਿਰ ਹੋਰ ਨਿਰਦੇਸ਼ਕਾਂ ਨੇ ਪੂਰਾ ਕੀਤਾ ਸੀ। ਇਨ੍ਹਾਂ ਫਿਲਮਾਂ ਵਿੱਚ ਸੰਨੀ ਦਿਓਲ ਤੇ ਅਨਿਲ ਕਪੂਰ ਦੀ ‘ਜੋਸ਼ੀਲੇ’, ਬੌਬੀ ਦਿਓਲ ਦੀ ਪਹਿਲੀ ਫਿਲਮ ‘ਬਰਸਾਤ’ ਅਤੇ ਸੰਨੀ ਦਿਓਲ ਤੇ ਜੈਕੀ ਸ਼ਰਾਫ਼ ਦੀ ਫਿਲਮ ‘ਦੁਸ਼ਮਨੀ’ ਆਦਿ ਪ੍ਰਮੁੱਖ ਹਨ।
ਸਾਲ 2000 ਵਿੱਚ ਪਦਮ ਸ੍ਰੀ ਜਿਹੇ ਕੌਮੀ ਸਨਮਾਨ ਨਾਲ ਸਨਮਾਨਿਤ ਕੀਤੇ ਗਏ ਸ਼ੇਖ਼ਰ ਕਪੂਰ ਨੂੰ 1998 ਵਿੱਚ ਫਿਲਮ ‘ਐਲਿਜ਼ਾਬੈਥ’ ਲਈ ‘ਬਾਫਟਾ ਐਵਾਰਡ ਫਾਰ ਬੈਸਟ ਫਿਲਮ’ ਅਤੇ ‘ਅਕੈਡਮੀ ਐਵਾਰਡ’ ਜਿਹੇ ਨਾਮਵਰ ਇਨਾਮ ਦੇ ਕੇ ਵੀ ਨਿਵਾਜਿਆ ਗਿਆ ਸੀ। ਉਸ ਦੀ ਇਹ ਫਿਲਮ ‘ਆਸਕਰ ਪੁਰਸਕਾਰ’ ਲਈ ਸੱਤ ਸ਼੍ਰੇਣੀਆਂ ਵਿੱਚ ਨਾਮਜ਼ਦ ਹੋਈ ਸੀ ਜੋ ਕਿ ਭਾਰਤ ਲਈ ਮਾਣ ਵਾਲੀ ਗੱਲ ਸੀ। 2010 ਵਿੱਚ ਸ਼ੇਖ਼ਰ ਨੂੰ ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ‘ਕਾਨਜ਼ ਫਿਲਮ ਫੈਸਟੀਵਲ’ ਦਾ ਜਿਊਰੀ ਮੈਂਬਰ ਬਣਨ ਦਾ ਮਾਣ ਹਾਸਿਲ ਹੋਇਆ ਸੀ। 2013 ਵਿੱਚ ਉਸ ਨੇ ਇੱਕ ਨਿਊਜ਼ ਚੈਨਲ ਲਈ ‘ਪ੍ਰਧਾਨ ਮੰਤਰੀ’ ਨਾਮਕ ਲੜੀਵਾਰ ਬਤੌਰ ਐਂਕਰ ਕੀਤਾ ਸੀ ਤੇ ਫਿਰ ‘ਇੰਡੀਆ ਗੌਟ ਟੈਲੈਂਟ’ ਨਾਮਕ ਰਿਐਲਿਟੀ ਸ਼ੋਅ ਵਿੱਚ ਬਤੌਰ ਜੱਜ ਵੀ ਸੇਵਾ ਨਿਭਾਈ ਸੀ। ਸਾਲ 2022 ਵਿੱਚ ਉਸ ਨੇ ‘ਵਟਸ ਲਵ ਗੌਟ ਟੂ ਡੂ ਵਿਦ ਇਟ?’ ਨਾਮਕ ਅੰਗਰੇਜ਼ੀ ਫਿਲਮ ਨਿਰਦੇਸ਼ਿਤ ਕੀਤੀ ਸੀ। ਅੱਜਕੱਲ੍ਹ ਵਿਦੇਸ਼ ਵਿੱਚ ਰਹਿੰਦਿਆਂ ਹੋਇਆਂ ਉਹ ਕਈ ਪ੍ਰਾਜੈਕਟਾਂ ਦੀ ਯੋਜਨਾਬੰਦੀ ਕਰ ਰਿਹਾ ਹੈ। ਇਸ ਮਹੀਨੇ 80 ਸਾਲ ਦੇ ਹੋ ਚੁੱਕੇ ਸ਼ੇਖ਼ਰ ਕਪੂਰ ਨੇ ਹੌਲੀਵੁੱਡ ਅਤੇ ਬੌਲੀਵੁੱਡ ਵਿੱਚ ਆਪਣੇ ਨਾਂ ਦਾ ਪੂਰਾ ਡੰਕਾ ਵਜਾਇਆ ਹੈ।
ਸੰਪਰਕ : 97816-46008

