ਖ਼ੁਦ ਸਹੇੜਿਆ ਦੁਸ਼ਮਣ
ਅੱਜ ਦੇ ਸਮੇਂ ਵਿੱਚ ਮਨੁੱਖ ਦਾ ਦੁਸ਼ਮਣ ਕਿਤੇ ਬਾਹਰ ਨਹੀਂ ਸਗੋਂ ਉਸ ਦੇ ਅੰਦਰ ਵਸਦਾ ਹੈ ਤੇ ਮਨੁੱਖ ਆਪਣੇ ਦੁਸ਼ਮਣ ਦਾ ਆਪਣੇ ਮੋਢਿਆਂ ’ਤੇ ਚੁੱਕੀ ਫਿਰਦਾ ਹੈ। ਇਹ ਦੁਸ਼ਮਣ ਉਸ ਨੂੰ ਸਰੀਰਕ ਤੇ ਮਾਨਸਿਕ ਦੋਵੇਂ ਤਰ੍ਹਾਂ ਦਾ ਨੁਕਸਾਨ ਪਹੁੰਚਾਉਂਦਾ ਹੈ।...
ਅੱਜ ਦੇ ਸਮੇਂ ਵਿੱਚ ਮਨੁੱਖ ਦਾ ਦੁਸ਼ਮਣ ਕਿਤੇ ਬਾਹਰ ਨਹੀਂ ਸਗੋਂ ਉਸ ਦੇ ਅੰਦਰ ਵਸਦਾ ਹੈ ਤੇ ਮਨੁੱਖ ਆਪਣੇ ਦੁਸ਼ਮਣ ਦਾ ਆਪਣੇ ਮੋਢਿਆਂ ’ਤੇ ਚੁੱਕੀ ਫਿਰਦਾ ਹੈ। ਇਹ ਦੁਸ਼ਮਣ ਉਸ ਨੂੰ ਸਰੀਰਕ ਤੇ ਮਾਨਸਿਕ ਦੋਵੇਂ ਤਰ੍ਹਾਂ ਦਾ ਨੁਕਸਾਨ ਪਹੁੰਚਾਉਂਦਾ ਹੈ।
ਸਾਡੀ ਜੀਵਨ ਸ਼ੈਲੀ ਕੁਝ ਅਜਿਹੀ ਹੋ ਗਈ ਹੈ ਕਿ ਇਸ ਵਿੱਚ ਸਹਿਜਤਾ ਨਹੀਂ ਰਹੀ। ਇਹ ਮਨੁੱਖ ਨੂੰ ਲੱਗਣ ਵਾਲੀਆਂ ਬਹੁਤ ਸਾਰੀਆਂ ਸਰੀਰਕ ਤੇ ਮਾਨਸਿਕ ਬਿਮਾਰੀਆਂ ਦਾ ਸਭ ਤੋਂ ਵੱਡਾ ਕਾਰਨ ਹੈ। ਜੇਕਰ ਗੱਲ ਮਨੁੱਖ ਦੇ ਅੰਦਰੂਨੀ ਦੁਸ਼ਮਣਾਂ ਦੀ ਕਰੀਏ ਤਾਂ ਉਸ ਦਾ ਸਭ ਤੋਂ ਵੱਡਾ ਦੁਸ਼ਮਣ ਹੈ ਚਿੰਤਾ। ਕਹਿੰਦੇ ਨੇ ਕਿ ਚਿਤਾ ਤਾਂ ਮੋਏ ਬੰਦੇ ਨੂੰ ਬਾਲਦੀ ਹੈ ਪਰ ਚਿੰਤਾ ਜਿਊਂਦੇ ਨੂੰ ਹੀ ਸਾੜ ਦਿੰਦੀ ਹੈ। ਚਿੰਤਾ ਕਰਦੇ ਰਹਿਣ ਨਾਲ ਸਾਨੂੰ ਬਹੁਤ ਸਾਰੀਆਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਵੇਂ ਸਿਰ ਦਰਦ, ਥੱਕਿਆ ਮਹਿਸੂਸ ਕਰਨਾ ਅਤੇ ਕੋਈ ਕੰਮ ਕਰਨ ਨੂੰ ਜੀਅ ਨਾ ਕਰਨਾ ਹੈ। ਮਾਨਸਿਕ ਪੱਧਰ ’ਤੇ ਇਨਸਾਨ ਹਰ ਵੇਲੇ ਪ੍ਰੇਸ਼ਾਨ ਰਹਿੰਦਾ ਹੈ, ਬਹੁਤ ਛੇਤੀ ਭਾਵਨਾਤਮਕ ਤੌਰ ’ਤੇ ਟੁੱਟਿਆ ਮਹਿਸੂਸ ਕਰਦਾ ਹੈ ਤੇ ਭਰੇ ਕਮਰੇ ਵਿੱਚ ਵੀ ਖ਼ੁਦ ਨੂੰ ਇਕੱਲਾ ਮਹਿਸੂਸ ਕਰਦਾ ਹੈ। ਚਿੰਤਾ ਇੱਕ ਅਜਿਹੀ ਬਿਮਾਰੀ ਹੈ ਜੋ ਘੁਣ ਵਾਂਗ ਮਨੁੱਖ ਦੇ ਸਰੀਰ ਨੂੰ ਖਾ ਜਾਂਦੀ ਹੈ। ਚਿੰਤਾ ਕਰਨ ਵਾਲਾ ਮਨੁੱਖ ਇਹ ਸਮਝ ਹੀ ਨਹੀਂ ਪਾਉਂਦਾ ਕਿ ਜਿਸ ਗੱਲ ਦੀ ਉਹ ਚਿੰਤਾ ਕਰ ਰਿਹਾ ਹੈ ਉਹ ਸਮੱਸਿਆ ਇੰਨੀ ਵੱਡੀ ਨਹੀਂ ਜਿੰਨੀ ਉਸ ਨੂੰ ਮਹਿਸੂਸ ਹੋ ਰਹੀ ਹੈ। ਬਹੁਤ ਸਾਰੇ ਮਸਲਿਆਂ ਦਾ ਕੋਈ ਭੌਤਿਕ ਆਧਾਰ ਨਾ ਹੋ ਕੇ ਸਿਰਫ਼ ਚਿੰਤਾ ਕਰਨ ਵਾਲੇ ਇਨਸਾਨ ਦੇ ਮਨ ਵੱਲੋਂ ਘੜੇ ਗਏ ਹੁੰਦੇ ਹਨ।
ਮਨੁੱਖ ਦੀ ਫਿਤਰਤ ਹੈ ਕਿ ਜੇਕਰ ਉਸ ਦਾ ਮਨ ਢੇਰੀ ਢਾਹ ਲਵੇ ਤਾਂ ਫਿਰ ਉਹ ਦੁਬਾਰਾ ਹਿੰਮਤ ਨਹੀਂ ਕਰਦਾ। ਪਹਿਲਾਂ ਹੀ ਹਾਰ ਮੰਨ ਲੈਣਾ ਸਾਡੇ ਲਈ ਪ੍ਰੇਸ਼ਾਨੀ ਦਾ ਸਬੱਬ ਬਣਦਾ ਹੈ। ਕੋਈ ਘਰੋਂ ਬਾਹਰ ਗਿਆ ਹੈ ਉਸ ਦੀ ਚਿੰਤਾ ਕਰਦੇ ਰਹਿਣਾ, ਕਿਸੇ ਨੂੰ ਫੋਨ ਕੀਤਾ ਉਸ ਨੇ ਨਹੀਂ ਚੱਕਿਆ ਤਾਂ ਫਿਕਰਮੰਦ ਹੋ ਜਾਣਾ। ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਗੱਲਾਂ ਹਨ ਜੋ ਤਰਕ ਨਾਲ ਵਿਚਾਰਨ ’ਤੇ ਹੱਲ ਹੋ ਜਾਂਦੀਆਂ ਹਨ। ਤੁਹਾਡੇ ਲਈ ਫੋਨ ਨਾ ਚੁੱਕਣ ਦਾ ਕਾਰਨ ਅਗਲੇ ਇਨਸਾਨ ਦਾ ਕਿਸੇ ਮੁਸੀਬਤ ਵਿੱਚ ਫਸਿਆ ਹੋਣਾ ਹੀ ਹੁੰਦਾ ਹੈ।
ਜਦੋਂ ਮਨੁੱਖੀ ਮਨ ਵਿੱਚ ਚਿੰਤਾ ਆ ਜਾਵੇ ਤਾਂ ਹਰ ਚੀਜ਼ ਵਿੱਚ ਨਕਾਰਾਤਮਕਤਾ ਦਿਖਾਈ ਦਿੰਦੀ ਹੈ। ਕਿਸੇ ਦੀ ਸਰਸਰੀ ਕਹੀ ਗੱਲ ਵੀ ਉਸ ਨੂੰ ਚੁੱਭ ਜਾਂਦੀ ਹੈ। ਇਸ ਤਕਲੀਫ ਤੋਂ ਬਚਣ ਲਈ ਉਹ ਉਸ ਬੰਦੇ ਤੋਂ ਕਿਨਾਰਾ ਕਰਨਾ ਸ਼ੁਰੂ ਕਰ ਦਿੰਦਾ ਹੈ। ਇਸ ਤਰ੍ਹਾਂ ਉਹ ਆਪਣੇ ਕਈ ਖੂਬਸੂਰਤ ਰਿਸ਼ਤੇ ਗੁਆ ਲੈਂਦਾ ਹੈ। ਹੁਣ ਤਾਂ ਬੱਚਿਆਂ ਵਿੱਚ ਵੀ ਤਣਾਅ ਦੇ ਲੱਛਣ ਮਿਲਣ ਲੱਗ ਪਏ ਹਨ। ਉਨ੍ਹਾਂ ਨੂੰ ਆਪਣੇ ਭਵਿੱਖ ਦੀ ਚਿੰਤਾ ਹੈ, ਉਨ੍ਹਾਂ ਦੇ ਦੋਸਤਾਂ-ਮਿੱਤਰਾਂ ਦੀਆਂ ਪ੍ਰਾਪਤੀਆਂ ਤੇ ਆਪਣੀਆਂ ਊਣਤਾਈਆਂ ’ਤੇ ਸ਼ਰਮਿੰਦਗੀ ਮਹਿਸੂਸ ਕਰਦੇ ਹਨ।
ਇਸ ਤਰ੍ਹਾਂ ਚਿੰਤਾ ਹਰ ਮਨੁੱਖ ਨੂੰ ਘੇਰੀ ਬੈਠੀ ਹੈ। ਬਹੁਤ ਵਾਰ ਮਨੁੱਖ ਜਾਣਦਾ ਵੀ ਹੁੰਦਾ ਹੈ ਕਿ ਚਿੰਤਾ ਕਰਨ ਦਾ ਕੋਈ ਲਾਭ ਨਹੀਂ ਪਰ ਉਸ ਦਾ ਮਨ ਵਾਰ-ਵਾਰ ਨਿਰਾਸ਼ਾ ਵੱਲ ਜਾਂਦਾ ਹੈ। ਇਹ ਅੱਜ ਦੇ ਮਨੁੱਖ ਦੀ ਇੱਕ ਅਜਿਹੀ ਬਿਮਾਰੀ ਹੈ ਜੋ ਉਸਦੇ ਹੀ ਅੰਦਰ ਵਸੀ ਹੈ ਤੇ ਸਭ ਤੋਂ ਵੱਧ ਉਸ ’ਤੇ ਹੀ ਵਾਰ ਕਰਦੀ ਹੈ ਜਿਸ ਤੋਂ ਨਿਜਾਤ ਉਸ ਨੇ ਖੁਦ ਹੀ ਪਾਉਣੀ ਹੈ। ਕੋਈ ਦੂਸਰਾ ਉਸ ਦੀ ਮਦਦ ਜ਼ਰੂਰ ਕਰ ਸਕਦਾ ਹੈ ਪਰ ਹੱਲ ਖ਼ੁਦ ਨੂੰ ਹੀ ਕਰਨਾ ਪੈਂਦਾ ਹੈ।
ਦੂਜੀ ਵੱਡੀ ਸਮੱਸਿਆ ਹੈ ਕਾਹਲ। ਅੱਜ ਦੇ ਮਨੁੱਖ ਨੂੰ ਹਰ ਕੰਮ ਦੀ ਕਾਹਲ ਹੁੰਦੀ ਹੈ। ਸਬਰ ਦਾ ਤਾਂ ਕਿਤੇ ਨਾ ਨਿਸ਼ਾਨ ਨਹੀਂ। ਹਰ ਬੰਦਾ ਚਾਹੁੰਦਾ ਹੈ ਕਿ ਜੋ ਉਹ ਸੋਚੇ, ਉਹ ਤੁਰੰਤ ਹੋ ਜਾਵੇ। ਅਜਿਹਾ ਸੰਭਵ ਹੀ ਨਹੀਂ ਹੋ ਸਕਦਾ। ਇਹ ਕਾਹਲੀ ਉਸ ਦੇ ਸੁਭਾਅ ਦਾ ਇੱਕ ਹਿੱਸਾ ਬਣ ਚੁੱਕੀ ਹੈ। ਤੁਸੀਂ ਸੜਕਾਂ ਵੱਲ ਨਜ਼ਰ ਮਾਰੋ, ਹਰ ਕੋਈ ਇੰਨੀ ਤੇਜ਼ ਜਾ ਰਿਹਾ ਹੈ ਜਿਵੇਂ ਉਸ ਨੇ ਅਮਰ ਚਿੱਠਾ ਲਿਖਵਾਇਆ ਹੋਵੇ, ਮੌਤ ਦਾ ਕੋਈ ਖੌਫ ਹੀ ਨਹੀਂ। ਸੜਕ ’ਤੇ ਬੇਮੁਹਾਰੇ ਤੇਜ਼ ਰਫਤਾਰ ਨਾਲ ਚਲਦੀਆਂ ਕਾਰਾਂ, ਗੱਡੀਆਂ ਵੱਡੀ ਗਿਣਤੀ ਲੋਕਾਂ ਦੀ ਜਾਨ ਲੈ ਲੈਂਦੀਆਂ ਹਨ। ਇੱਕ ਸਮੱਸਿਆ ਹੋਰ ਵੀ ਹੈ ਕਿ ਅਸੀਂ ਘਰੋਂ ਤਾਂ ਸਮੇਂ ਨਾਲ ਨਿਕਲਦੇ ਨਹੀਂ ਤੇ ਰਾਹ ਵਿੱਚ ਕਿਤੇ ਵੀ ਇੱਕ ਪਲ ਜ਼ਿਆਦਾ ਲੱਗ ਜਾਵੇ ਤਾਂ ਸਾਡੀ ਹਾਲਤ ਵਿਗੜ ਜਾਂਦੀ ਹੈ। ਬਜ਼ੁਰਗ ਕਹਿੰਦੇ ਹਨ ਕਿ ਜਿਸ ਚੀਜ਼ ਨੂੰ ਤੜਕਾ ਲੱਗ ਜਾਵੇ ਉਹ ਵਧੀਆ ਬਣ ਜਾਂਦੀ ਹੈ ਜਿਵੇਂ ਦਾਲ। ਤੜਕੇ ਤੋਂ ਬਿਨਾਂ ਦਾਲ ਦਾ ਕੋਈ ਸਵਾਦ ਨਹੀਂ, ਠੀਕ ਇਸੇ ਤਰ੍ਹਾਂ ਜੇਕਰ ਮਨੁੱਖ ਸਵੇਰੇ ਵੇਲੇ ਸਿਰ ਉੱਠੇ ਤਾਂ ਉਸ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਹੱਲ ਹੋ ਜਾਣਗੀਆਂ।
ਅੱਜਕੱਲ੍ਹ ਦੇ ਨੌਜਵਾਨ ਜਿਸ ਸਮੇਂ ਸੁੱਤੇ ਉੱਠਦੇ ਹਨ ਉਸ ਸਮੇਂ ਤੱਕ ਤਾਂ ਅੱਧਾ ਦਿਨ ਬੀਤ ਜਾਂਦਾ ਹੈ। ਸਮੇਂ ਦੀ ਪਾਬੰਦੀ ਦਾ ਨਾ ਹੋਣਾ ਕਾਹਲੀ ਦਾ ਇੱਕ ਵੱਡਾ ਕਾਰਨ ਹੈ। ਜੇਕਰ ਮਨੁੱਖ ਸਮੇਂ ਦਾ ਪਾਬੰਦ ਹੋਵੇ ਤਾਂ ਉਸ ਨੂੰ ਕਾਹਲੀ ਕਰਨ ਦੀ ਕਿਤੇ ਲੋੜ ਹੀ ਨਹੀਂ। ਪਰ ਲੇਟ ਹੋਣਾ ਜਿਵੇਂ ਸਾਡੀ ਕੌਮੀ ਆਦਤ ਬਣ ਗਈ ਹੈ। ਹਰ ਕੋਈ ਇੰਝ ਭੱਜਿਆ ਫਿਰਦਾ ਹੈ ਜਿਵੇਂ ਮੌਤ ਮੋਢਿਆਂ ’ਤੇ ਚੁੱਕੀ ਹੋਵੇ। ਸਬਰ ਸਿੱਖਣਾ ਹੋਵੇ ਤਾਂ ਕਿਸਾਨ ਤੋਂ ਸਿੱਖਣਾ ਚਾਹੀਦਾ ਹੈ। ਉਹ ਇੱਕ ਨਿੱਕਾ ਜਿਹਾ ਬੀਜ ਧਰਤੀ ਵਿੱਚ ਬੀਜ ਕੇ ਮਹੀਨਿਆਂ ਬੱਧੀ ਆਪਣੀ ਫਸਲ ਦਾ ਇੰਤਜ਼ਾਰ ਕਰਦਾ ਹੈ। ਸਹਿਜ ਹੋਣ ਲਈ ਮਨ ਵਿੱਚੋਂ ਕਾਹਲ ਦਾ ਨਿਕਲ ਜਾਣਾ ਬਹੁਤ ਜ਼ਰੂਰੀ ਹੈ। ਕੋਈ ਵੀ ਚੀਜ਼ ਤੁਰੰਤ ਨਹੀਂ ਮਿਲ ਸਕਦੀ। ਇੱਕ ਸਮਾਂ ਸੀ ਜਦੋਂ ਮਾਤਾ ਪਿਤਾ ਚੰਗੇ ਨੰਬਰ ਪ੍ਰਾਪਤ ਕਰਨ ’ਤੇ ਘੜੀ ਲੈ ਕੇ ਦਿੰਦੇ ਸਨ ਜਾਂ ਸਾਈਕਲ। ਉਦੋਂ ਸਬਰ ਦਾ ਪਤਾ ਸੀ ਮਿਹਨਤ ਦਾ ਪਤਾ ਸੀ। ਪਰ ਹੁਣ ਬੱਚੇ ਦੇ ਮੂੰਹੋਂ ਗੱਲ ਨਿਕਲਣ ਤੋਂ ਪਹਿਲਾਂ ਹੀ ਉਹ ਚੀਜ਼ ਹਾਜ਼ਰ ਹੋ ਜਾਂਦੀ ਹੈ। ਅਜਿਹੇ ਵਿੱਚ ਉਮੀਦ ਵੀ ਕਿਵੇਂ ਕਰ ਸਕਦੇ ਹਾਂ ਕਿ ਬੱਚਾ ਸਬਰ ਤੇ ਸਹਿਜ ਸਿੱਖ ਲਵੇਗਾ।
ਮਨੁੱਖ ਦੀ ਤੀਜੀ ਸਭ ਤੋਂ ਵੱਡੀ ਪ੍ਰੇਸ਼ਾਨੀ ਹੈ ਉਸ ਦਾ ਮਸਾਲੇਦਾਰ ਭੋਜਨ। ਤਰ੍ਹਾਂ ਤਰ੍ਹਾਂ ਦਾ ਫਾਸਟ ਫੂਡ ਖਾ ਕੇ ਮਨੁੱਖ ਨੇ ਆਪਣੀ ਪਾਚਣ ਪ੍ਰਣਾਲੀ ਨੂੰ ਖਰਾਬ ਕੀਤਾ ਹੈ। ਅਸੀਂ ਸਭ ਜਾਣਦੇ ਹਾਂ ਕਿ ਬਾਹਰੋਂ ਕੁਝ ਖਾਣਾ ਨੁਕਸਾਨਦਾਇਕ ਹੋ ਸਕਦਾ ਹੈ ਪਰ ਫਿਰ ਵੀ ਨਹੀਂ ਟਲਦੇ।
ਲੋਕਾਂ ਕੋਲ ਪੈਸਾ ਹੀ ਬਹੁਤ ਹੈ। ਅਜਿਹੇ ਪੈਸੇ ਦੀ ਦੁਰਵਰਤੋਂ ਹੀ ਹੋ ਰਹੀ ਹੈ। ਬੱਚੇ ਮਾਂ ਬਾਪ ਨਾਲ ਗੱਲ ਨਹੀਂ ਕਰਦੇ ਉਨ੍ਹਾਂ ਕੋਲ ਮਾਂ ਬਾਪ ਲਈ ਸਮਾਂ ਨਹੀਂ ਹੈ। ਉਨ੍ਹਾਂ ਨੇ ਜੋ ਖਾਣਾ ਹੁੰਦਾ ਹੈ ਉਹ ਸਿੱਧਾ ਆਨਲਾਈਨ ਆਰਡਰ ਕਰਦੇ ਹਨ। ਸੁਆਣੀ ਨੂੰ ਤਾਂ ਉਦੋਂ ਪਤਾ ਲੱਗਦਾ ਹੈ ਜਦੋਂ ਦਰਵਾਜ਼ੇ ’ਤੇ ਦਾਲ ਫਰਾਈ ਲੈ ਕੇ ਬੰਦਾ ਖੜ੍ਹਾ ਹੁੰਦਾ ਹੈ। ਮਾਂ ਬਾਪ ਦਾ ਕਿਰਸਾਂ ਕਰਕੇ ਜੋੜਿਆ ਹੋਇਆ ਧਨ ਬੱਚੇ ਦਿਨਾਂ ਵਿੱਚ ਉਡਾ ਦਿੰਦੇ ਹਨ। ਬਾਹਰੋਂ ਖਾਣ ਦਾ ਜੋ ਰਿਵਾਜ ਚੱਲ ਪਿਆ ਹੈ ਉਹ ਸਰੀਰ ਲਈ ਬਹੁਤ ਘਾਤਕ ਹੈ। ਇਹ ਚਟਪਟਾ ਖਾਣ ਦੀ ਬਿਮਾਰੀ ਜਿੱਥੇ ਸਰੀਰ ਦਾ ਨੁਕਸਾਨ ਕਰਦੀ ਹੈ ਨਾਲ ਹੀ ਪੈਸੇ ਦੀ ਬਰਬਾਦੀ ਦਾ ਕਾਰਨ ਵੀ ਬਣਦੀ ਹੈ।
ਮਨੁੱਖੀ ਸਿਹਤ ਇੱਕ ਅਨਮੋਲ ਖਜ਼ਾਨਾ ਹੈ। ਜੇਕਰ ਸਿਹਤ ਗੁਆਚ ਜਾਵੇ ਤਾਂ ਦੁਬਾਰਾ ਬਣਾਉਣੀ ਬਹੁਤ ਮੁਸ਼ਕਿਲ ਹੈ। ਪਰ ਮਸਲਾ ਇਹ ਹੈ ਕਿ ਸਾਨੂੰ ਇਸ ਦੀ ਸਮਝ ਹੀ ਉਦੋਂ ਆਉਂਦੀ ਹੈ ਜਦੋਂ ਅਸੀਂ ਸਿਹਤ ਗੁਆ ਬੈਠਦੇ ਹਾਂ। ਸਿਹਤਮੰਦ ਰਹਿਣ ਲਈ ਬਹੁਤ ਜਰੂਰੀ ਹੈ ਵਧੀਆ ਭੋਜਨ ਕਰਨਾ। ਜਿਹੜੇ ਦੋ ਮਿੰਟਾਂ ਵਿੱਚ ਬਣਨ ਵਾਲੇ ਖਾਣੇ ਹਨ ਉਹ ਸਰੀਰ ਲਈ ਬਹੁਤ ਨੁਕਸਾਨਦੇਹ ਹਨ। ਬੰਦੇ ਦਾ ਜੇਕਰ ਤਨ ਸਹੀ ਹੋਵੇ ਤਾਂ ਉਸ ਵਿੱਚ ਮਨ ਵੀ ਸਹੀ ਹੁੰਦਾ ਹੈ। ਬਾਹਰੋਂ ਖਾਣ ਨਾਲ ਸਿਹਤ ਦਾ ਨੁਕਸਾਨ ਹੁੰਦਾ ਹੈ ਤੇ ਪੈਸੇ ਦਾ ਵੀ। ਅੱਜਕੱਲ੍ਹ ਦੇਖਿਆ ਜਾਵੇ ਤਾਂ ਲੋਕ ਵਿਦੇਸ਼ੀ ਖਾਣਿਆਂ ਦੇ ਸ਼ੌਕੀਨ ਹੋ ਗਏ ਹਨ। ਇਹ ਗੱਲ ਸਮਝਣ ਦੀ ਜ਼ਰੂਰਤ ਹੈ ਕਿ ਵਿਦੇਸ਼ੀ ਖਾਣੇ ਉਹਨਾਂ ਦੇ ਮੌਸਮ ਦੇ ਅਨੁਕੂਲ ਹਨ ਸਾਡੇ ਨਹੀਂ। ਇੰਸਟੈਂਟ ਫੂਡ ਸਭ ਤੋਂ ਵੱਧ ਖਤਰਨਾਕ ਹੈ। ਬੱਚੇ ਟਿਫਨ ਵਿੱਚ ਵੀ ਇਹੀ ਚੀਜ਼ਾਂ ਲੈ ਜਾਂਦੇ ਹਨ ਜੋ ਉਹਨਾਂ ਦੀ ਸਿਹਤ ਲਈ ਠੀਕ ਨਹੀਂ। ਮਾਤਾ ਪਿਤਾ ਨੂੰ ਇਸ ਗੱਲ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਇਹ ਠੀਕ ਹੈ ਕਿ ਹੁਣ ਔਰਤਾਂ ਵੀ ਨੌਕਰੀ ਕਰ ਰਹੀਆਂ ਹਨ ਇਸ ਕਰਕੇ ਉਨ੍ਹਾਂ ਨੂੰ ਘਰ ਦਾ ਕੰਮ ਕਰਨ ਵਿੱਚ ਦਿੱਕਤ ਪੇਸ਼ ਆਉਂਦੀ ਹੈ। ਅਕਸਰ ਘਰਾਂ ਵਿੱਚ ਵੀ ਬਾਹਰ ਤੋਂ ਖਾਣਾ ਮੰਗਾ ਕੇ ਖਾਇਆ ਜਾਂਦਾ ਹੈ। ਇਹ ਮਸਾਲੇਦਾਰ ਭੋਜਨ ਤੁਹਾਡੀ ਸਿਹਤ ਨੂੰ ਨੁਕਸਾਨ ਪਹੁੰਚਾ ਰਿਹਾ ਹੈ। ਹਾਈ ਬਲੱਡ ਪ੍ਰੈੱਸ਼ਰ ਅਤੇ ਮੋਟਾਪਾ ਅੱਜ ਇੱਕ ਵੱਡੀ ਬਿਮਾਰੀ ਦਾ ਰੂਪ ਧਾਰ ਚੁੱਕੇ ਹਨ। ਹਰ ਦੂਜਾ ਬੰਦਾ ਬਲੱਡ ਪ੍ਰੈੱਸ਼ਰ ਦਾ ਮਰੀਜ਼ ਹੈ।
ਹਸਪਤਾਲਾਂ ਵਿੱਚ ਲੁੱਟ ਮਚੀ ਹੈ। ਇਹ ਹਸਪਤਾਲ ਹੁਣ ਇਲਾਜ ਕਰਨ ਲਈ ਨਹੀਂ ਮਰੀਜ਼ ਨੂੰ ਲੁੱਟਣ ਲਈ ਬਣੇ ਹਨ। ਡਾਕਟਰ ਹਜ਼ਾਰਾਂ ਰੁਪਏ ਦੇ ਟੈਸਟ ਲਿਖ ਦਿੰਦੇ ਹਨ ਤੇ ਉਸ ਤੋਂ ਬਾਅਦ ਹੀ ਦਵਾਈ ਦਿੰਦੇ ਹਨ। ਇਨ੍ਹਾਂ ਦਾ ਸ਼ਿਕਾਰ ਬਣਨ ਤੋਂ ਬਚਣ ਲਈ ਸਾਨੂੰ ਆਪਣੇ ਖਾਣ ਪੀਣ ਵੱਲ ਧਿਆਨ ਦੇਣਾ ਚਾਹੀਦਾ ਹੈ। ਜੇਕਰ ਖਾਣ ਪੀਣ ਚੰਗਾ ਹੋਵੇਗਾ ਤਾਂ ਸਿਹਤ ਆਪੇ ਹੀ ਨਰੋਈ ਹੋਵੇਗੀ। ਸਰੀਰਕ ਤੇ ਮਾਨਸਿਕ ਤੰਦਰੁਸਤੀ ਲਈ ਸਾਨੂੰ ਸੈਰ, ਯੋਗਾ ਅਜਿਹੀਆਂ ਕਸਰਤਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਜਿਮ ਜਾਣਾ ਹੁਣ ਇੱਕ ਫੈਸ਼ਨ ਬਣ ਚੁੱਕਾ ਹੈ ਜਿਸ ਨੂੰ ਇਸ ਦੀ ਜ਼ਰੂਰਤ ਨਹੀਂ ਉਹ ਵੀ ਜਿੰਮ ਜਾ ਰਿਹਾ ਹੈ ਜਦਕਿ ਜੇਕਰ ਮਨੁੱਖ ਆਪਣੇ ਘਰ ਦੇ ਅਤੇ ਨਿੱਜੀ ਕੰਮ ਕਾਰ ਖ਼ੁਦ ਕਰਨ ਲੱਗ ਜਾਵੇ ਤਾਂ ਕਿਸੇ ਨੂੰ ਜਿਮ ਜਾਣ ਦੀ ਲੋੜ ਹੀ ਮਹਿਸੂਸ ਨਾ ਹੋਵੇ।
ਕਾਹਲੀ, ਚਿੰਤਾ ਅਤੇ ਬਿਮਾਰੀਆਂ ਦਾ ਆਪਸ ਵਿੱਚ ਸਿੱਧਾ ਸਬੰਧ ਹੈ। ਇਨ੍ਹਾਂ ਦੇ ਜਾਲ ਵਿੱਚ ਫਸਣ ਨਾਲੋਂ ਕਿਤੇ ਚੰਗਾ ਹੈ ਆਪਣੇ ਆਪ ਨੂੰ ਸਹਿਜ ਰੱਖ ਕੇ ਆਪਣੇ ਕੰਮ ਆਪ ਕੀਤੇ ਜਾਣ। ਆਪਣੇ ਆਪ ਨੂੰ ਅਨੁਸ਼ਾਸਨ ਵਿੱਚ ਰੱਖਿਆ ਜਾਵੇ। ਜ਼ਿੰਦਗੀ ਦੀ ਸਫਲਤਾ ਦਾ ਇਹੋ ਭੇਤ ਹੈ।
ਸੰਪਰਕ: 90410-73310

