ਭਲੇ ਵੇਲਿਆਂ ਦੀ ਬਾਤ ਪਾਉਂਦੀ ਫਿਲਮ ‘ਸਰਬਾਲ੍ਹਾ ਜੀ’
ਸਾਲ 2015 ਵਿੱਚ ਆਈ ਪੰਜਾਬੀ ਫਿਲਮ ‘ਅੰਗਰੇਜ਼’ ਦੀ ਰਿਕਾਰਡ-ਤੋੜ ਸਫਲਤਾ ਤੋਂ ਬਾਅਦ ਉਸੇ ਤਰਜ਼ ਦੀਆਂ ਅਨੇਕਾਂ ਫਿਲਮਾਂ ਬਣੀਆਂ, ਪਰ ਉਸ ਪੱਧਰ ਨੂੰ ਛੋਹ ਨਾ ਸਕੀਆਂ। ਇਨ੍ਹੀਂ ਦਿਨੀਂ ਰਿਲੀਜ਼ ਹੋਈ ਪੰਜਾਬੀ ਫਿਲਮ ‘ਸਰਬਾਲ੍ਹਾ ਜੀ’, ‘ਅੰਗਰੇਜ਼’ ਫਿਲਮ ਵਰਗਾ ਹੀ ਮਾਹੌਲ ਸਿਰਜਣ ਦੀ ਕੋਸ਼ਿਸ਼ ਕਰਦੀ ਹੈ।
ਪੰਜਾਬ ਦੇ ਪੁਰਾਤਨ ਵਿਆਹਾਂ ਦੇ ਮਨੋਰਜਨ ਭਰੇ ਮਾਹੌਲ ਦੀ ਪੇਸ਼ਕਾਰੀ ਕਰਦੀ ਇਸ ਫਿਲਮ ਵਿੱਚ ਜਿੱਥੇ ਭਲੇ ਵੇਲਿਆਂ ਵਾਲੇ ਵਿਆਹ ਸੱਭਿਆਚਾਰ ਦੀਆਂ ਮੁੱਖ ਰਵਾਇਤਾਂ-ਰੋਕਾ, ਨਾਨਕਾ-ਦਾਦਕਾ ਮੇਲ ਦੀ ਬੋਲੀਨੁਮਾ ਝੜਪ ਅਤੇ ਫੁੱਫੜ ਦੇ ਰੋਹਬਦਾਰ ਸੁਭਾਅ ਨੂੰ ਵਿਖਾਇਆ ਗਿਆ, ਉੱਥੇ ਹੀ ਵਿਆਹ ਦੇ ਕਾਰਜ ਵਿੱਚ ਲਾੜੇ ਨਾਲ ਸਰਬਾਲ੍ਹੇ ਦੀ ਅਹਿਮੀਅਤ ਨੂੰ ਵੀ ਦਰਸਾਇਆ ਗਿਆ ਹੈ। ਗਿੱਪੀ ਗਰੇਵਾਲ ਅਤੇ ਐਮੀ ਵਿਰਕ ਪਹਿਲੀ ਵਾਰ ਭਰਾਵਾਂ ਵਰਗੇ ਕਿਰਦਾਰ ਵਿੱਚ ਪਰਦੇ ’ਤੇ ਇਕੱਠੇ ਨਜ਼ਰ ਆਏ ਹਨ, ਜਿਨ੍ਹਾਂ ਦੀ ਜੋੜੀ ਸਰਗੁਣ ਮਹਿਤਾ ਅਤੇ ਨਿਮਰਤ ਖਹਿਰਾ ਨਾਲ ਹੈ। ਇਸ ਤੋਂ ਇਲਾਵਾ ਗੁੱਗੂ ਗਿੱਲ, ਰੁਪਿੰਦਰ ਰੂਪੀ, ਸੀਮਾ ਕੌਸ਼ਲ, ਅਮਰ ਨੂਰੀ, ਸਰਦਾਰ ਸੋਹੀ, ਰਾਣਾ ਜੰਗ ਬਹਾਦਰ, ਬੀ.ਐੱਨ. ਸ਼ਰਮਾ ਅਤੇ ਸੋਸ਼ਲ ਮੀਡੀਆ ਰਾਹੀਂ ਲੋਕਾਂ ਵਿੱਚ ਵੱਖਰੀ ਛਾਪ ਛੱਡ ਕੇ ਪੰਜਾਬੀ ਇੰਡਸਟਰੀ ’ਚ ਗੁੱਝੀਆਂ ਪੈੜਾਂ ਪਾ ਰਹੇ ‘ਧੂਤਾ ਪਿੰਡੀ ਆਲਾ’ ਵੀ ਫੁੱਫੜ ਦੇ ਕਿਰਦਾਰ ਵਿੱਚ ਪੂਰਾ ਜਚਿਆ ਹੈ।
ਮਨਦੀਪ ਕੁਮਾਰ ਵੱਲੋਂ ਨਿਰਦੇਸ਼ਤ ਇਹ ਫਿਲਮ ਦਰਸ਼ਕਾਂ ਨੂੰ ‘ਅੰਗਰੇਜ਼’ ਫਿਲਮ ਵਾਲੇ ਸਮੇਂ ਨਾਲ ਜੋੜਦੀ ਹੈ, ਜਦੋਂ ਵਿਆਹ ਦਾ ਚਾਅ ਲੋਕਾਂ ਦੇ ਨਾਲ-ਨਾਲ ਉਨ੍ਹਾਂ ਦੇ ਘਰ ਦੀਆਂ ਕੱਚੀਆਂ ਕੰਧਾਂ ਨੂੰ ਵੀ ਹੁੰਦਾ ਸੀ। ਜਦੋਂ ਸ਼ਾਮ ਪੈਂਦਿਆਂ ਹੀ ਹਰ ਛੋਟੀ-ਵੱਡੀ ਉਮਰ ਦੀਆਂ ਆਵਾਜ਼ਾਂ ਵਿੱਚ ਬੋਲੀਆਂ ਸਭ ਨੂੰ ਸਕੂਨ ਦਿੰਦੀਆਂ ਸਨ। ਇਸ ਫਿਲਮ ਵਿੱਚ ਪੁਰਾਣੇ ਘਰੇਲੂ ਕਿੱਤਿਆਂ ਨੂੰ ਵੀ ਪਰਦੇ ’ਤੇ ਤਰਜੀਹ ਦਿੱਤੀ ਗਈ ਹੈ, ਜਿਵੇਂ ਦਰੀਆਂ ਬੁਣਨਾ, ਕਰੋਸ਼ੀਆ ਅਤੇ ਨਾਲੇ ਬੁਣਨਾ। ਕੱਚੇ ਘਰਾਂ ਦੀਆਂ ਲੁਕੇਸ਼ਨਾਂ ’ਤੇ ਫਿਲਮਾਈ ਇਸ ਫਿਲਮ ਦਾ ਹਰੇਕ ਦ੍ਰਿਸ਼ ਬੜਾ ਮਨਮੋਹਣਾ ਲੱਗਦਾ ਹੈ। ਇਸ ਵਿੱਚ ਗੱਗੂ ਗਿੱਲ ਦੀ ਪ੍ਰਭਾਵਸ਼ਾਲੀ ਅਦਾਕਾਰੀ ਵੀ ਦਰਸ਼ਕਾਂ ਨੂੰ ਕੀਲਣ ਦੇ ਸਮਰੱਥ ਹੈ।
ਫਿਲਮ ਵਿਚਲੇ ਵਿਆਹ ਮਾਹੌਲ ਦੀ ਆਮ ਪੰਜਾਬੀ ਫਿਲਮਾਂ ਤੋਂ ਹਟਵੇਂ ਪੱਧਰ ਦੀ ਕਾਮੇਡੀ ਵੀ ਦਰਸ਼ਕਾਂ ਦਾ ਚੰਗਾ ਮਨੋਰੰਜਨ ਕਰਦੀ ਹੈ। ਫਿਲਮ ਦਾ ਗੀਤ ਸੰਗੀਤ ਵੀ ਮਨੋਰੰਜਨ ਭਰਪੂਰ ਹੈ। ਇਸ ਫਿਲਮ ਦੇ ਗੀਤ ਹੈਪੀ ਰਾਏਕੋਟੀ, ਹਰਮਨਜੀਤ ਸਿੰਘ, ਜੱਗੀ ਸੰਘੇੜਾ ਅਤੇ ਬੇਅੰਤ ਬਰਾੜ ਨੇ ਲਿਖੇ ਹਨ। ਇੰਦਰਜੀਤ ਮੋਗਾ ਵੱਲੋਂ ਲਿਖੀ ਕਹਾਣੀ ’ਤੇ ਆਧਾਰਿਤ ਇਹ ਫਿਲਮ ਇਸ ਸਾਲ ਦੀ ਸਫਲ ਫਿਲਮ ਹੋਣ ਦਾ ਦਮ ਰੱਖਦੀ ਹੈ। ਦਰਸ਼ਕਾਂ ਵਿੱਚ ਇਸ ਪ੍ਰਤੀ ਭਾਰੀ ਉਤਸ਼ਾਹ ਵੇਖਿਆ ਜਾ ਰਿਹਾ ਹੈ।
ਸੰਪਰਕ: 98146-07737