DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸਾਂਝ ਵਧਾਉਂਦੀ ‘ਸਾਂਝੀ’

ਬਹਾਦਰ ਸਿੰਘ ਗੋਸਲ ਉਂਜ ਤਾਂ ਸਾਡਾ ਦੇਸ਼ ਹੀ ਤਿਉਹਾਰਾਂ ਦਾ ਦੇਸ਼ ਹੈ। ਹਰ ਸਮੇਂ ਤੇ ਹਰ ਮੌਸਮ ਵਿੱਚ ਪੂਰੇ ਦੇਸ਼ ਵਿੱਚ ਕੋਈ ਨਾ ਕੋਈ ਤਿਉਹਾਰ ਆ ਹੀ ਜਾਂਦਾ ਹੈ। ਪੰਜਾਬ ਦੀ ਲੁਕਾਈ ਇਨ੍ਹਾਂ ਤਿਉਹਾਰਾਂ ਨੂੰ ਵੱਖਰੀ ਅਪਣੱਤ ਅਤੇ ਸ਼ਰਧਾ ਨਾਲ...
  • fb
  • twitter
  • whatsapp
  • whatsapp
Advertisement

ਬਹਾਦਰ ਸਿੰਘ ਗੋਸਲ

ਉਂਜ ਤਾਂ ਸਾਡਾ ਦੇਸ਼ ਹੀ ਤਿਉਹਾਰਾਂ ਦਾ ਦੇਸ਼ ਹੈ। ਹਰ ਸਮੇਂ ਤੇ ਹਰ ਮੌਸਮ ਵਿੱਚ ਪੂਰੇ ਦੇਸ਼ ਵਿੱਚ ਕੋਈ ਨਾ ਕੋਈ ਤਿਉਹਾਰ ਆ ਹੀ ਜਾਂਦਾ ਹੈ। ਪੰਜਾਬ ਦੀ ਲੁਕਾਈ ਇਨ੍ਹਾਂ ਤਿਉਹਾਰਾਂ ਨੂੰ ਵੱਖਰੀ ਅਪਣੱਤ ਅਤੇ ਸ਼ਰਧਾ ਨਾਲ ਮਨਾਉਂਦੀ ਹੈ। ਪੰਜਾਬ ਵਿੱਚ ਇਨ੍ਹਾਂ ਤਿਉਹਾਰਾਂ ਦਾ ਨਿਵੇਕਲੇ ਢੰਗ ਨਾਲ ਮਨਾਉਣ ਦਾ ਇੱਕ ਕਾਰਨ ਇਹ ਵੀ ਹੈ ਕਿ ਪੰਜਾਬ ਸਦੀਆਂ ਤੋਂ ਖੁਸ਼ਹਾਲ ਅਤੇ ਆਰਥਿਕ ਪੱਖੋਂ ਬਾਕੀ ਦੇਸ਼ ਨਾਲੋਂ ਸਦਾ ਅੱਗੇ ਹੀ ਰਿਹਾ ਹੈ। ਜਿੱਥੇ ਪੰਜਾਬੀ ਦੇਸ਼ ਦੇ ਬਾਕੀ ਹਿੱਸਿਆਂ ਦੇ ਲੋਕਾਂ ਨਾਲ ਮਿਲ ਕੇ ਕੁਝ ਸਮਾਜਿਕ, ਧਾਰਮਿਕ ਅਤੇ ਇਤਿਹਾਸਕ ਦਿਨ ਮਨਾਉਂਦੇ ਹਨ, ਉੱਥੇ ਪੰਜਾਬੀਆਂ ਦੇ ਰੀਤੀ ਰਿਵਾਜ ਕੁਝ ਵੱਖਰੇ ਵੀ ਹਨ ਜੋ ਵਿਰਾਸਤੀ ਤਿਉਹਾਰਾਂ ਵਿੱਚ ਵਾਧਾ ਕਰਦੇ ਹਨ। ਬਹੁਤੇ ਤਿਉਹਾਰ ਖ਼ਾਸ ਕਰਕੇ ਮੌਸਮ ਦੀ ਤਬਦੀਲੀ ਜਾਂ ਮੌਸਮ ਦੀ ਲੋੜ ਅਨੁਸਾਰ ਹੀ ਮਨਾਏ ਜਾਂਦੇ ਹਨ।

ਦੁਸਹਿਰਾ ਵੀ ਪੰਜਾਬ ਵਿੱਚ ਬਹੁਤ ਰੌਚਕ ਢੰਗ ਨਾਲ ਮਨਾਇਆ ਜਾਂਦਾ ਹੈ। ਬੁਰਾਈ ’ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰਾ ਪੰਜਾਬ ਦੇ ਹਰ ਪਿੰਡ ਅਤੇ ਹਰ ਸ਼ਹਿਰ ਵਿੱਚ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਪੰਜਾਬ ਵਿੱਚ ਦੁਸਹਿਰੇ ਤੋਂ ਦਸ ਦਿਨ ਪਹਿਲਾਂ ਰੌਣਕਾਂ ਸ਼ੁਰੂ ਹੋ ਜਾਂਦੀਆਂ ਹਨ। ਮੌਸਮ ਦੀ ਤਬਦੀਲੀ ਨਾਲ ਸਾਡੇ ਪੁਰਖਿਆਂ ਵੱਲੋਂ ਸ਼ੁਰੂ ਕੀਤੇ ਕਈ ਤਰ੍ਹਾਂ ਦੇ ਰਸਮਾਂ ਰਿਵਾਜ ਵੀ ਸ਼ੁਰੂ ਹੋ ਜਾਂਦੇ ਹਨ। ਦਸ ਦਿਨ ਪਹਿਲਾਂ ਨਰਾਤਿਆਂ ਦੇ ਦਿਨ ਸ਼ੁਰੂ ਹੋ ਜਾਂਦੇ ਹਨ।

Advertisement

ਇਨ੍ਹਾਂ ਦਿਨਾਂ ਵਿੱਚ ਪੰਜਾਬ ਦੇ ਪਿੰਡਾਂ ਵਿੱਚ ਦੇਖਣ ਨੂੰ ਮਿਲਦਾ ਹੈ ਕਿ ਬਾਲੜੀਆਂ ਮਿੱਟੀ ਅਤੇ ਗੋਹੇ ਦੀ ਵਰਤੋਂ ਕਰਕੇ ਕੰਧਾਂ ’ਤੇ ਸਾਂਝੀ ਬਣਾ ਲੈਂਦੀਆਂ ਹਨ। ਸਾਂਝੀ ਲਈ ਉਹ ਮਿੱਟੀ ਦੇ ਤਾਰੇ, ਸਾਂਝੀ ਦੇ ਹੱਥ-ਪੈਰ, ਉਸ ਦੇ ਗਹਿਣੇ ਆਦਿ ਬਣਾ ਕੇ ਗੋਹੇ ਦੀ ਮਦਦ ਨਾਲ ਕੰਧ ’ਤੇ ਲਾ ਕੇ ਇੱਕ ਲੜਕੀਨੁਮਾ ਆਕਾਰ ਬਣਾ ਲੈਂਦੀਆਂ ਹਨ ਜਿਸ ਨੂੰ ਉਹ ਸਾਂਝੀ ਆਖਦੀਆਂ ਹਨ। ਕਈ ਘਰਾਂ ਵਿੱਚ ਸਾਂਝੀ ਦੀ ਜਗ੍ਹਾ ਬਰੋਟਾ ਲਾਇਆ ਜਾਂਦਾ ਹੈ। ਬਰੋਟੇ ਵਿੱਚ ਲੜਕੀਨੁਮਾ ਆਕਾਰ ਬਣਾਉਣ ਦੀ ਜਗ੍ਹਾ ਚੰਨ, ਤਾਰੇ, ਪੱਤੇ, ਗੋਲ੍ਹਾਂ ਆਦਿ ਬਣਾ ਕੇ ਉਸ ਨੂੰ ਬਰੋਟੇ ਦੇ ਦਰੱਖ਼ਤ ਦਾ ਆਕਾਰ ਦਿੱਤਾ ਜਾਂਦਾ ਹੈ। ਲੜਕੀਆਂ ਸਾਂਝੀ/ਬਰੋਟੇ ਨੂੰ ਲਗਾਉਣ ਤੋਂ ਬਾਅਦ ਰੋਜ਼ਾਨਾ ਸ਼ਾਮ ਨੂੰ ਉਸ ਦੀ ਪੂਜਾ ਕਰਦੀਆਂ ਹਨ। ਸਾਂਝੀ ਦੀ ਪੂਜਾ ਕਰਨ ਲਈ ਘਰ ਵਿੱਚ ਖੁਸ਼ਕ ਪੰਜੀਰੀ ਬਣਾਈ ਜਾਂਦੀ ਹੈ। ਬੱਚੀਆਂ ਇਕੱਠੀਆਂ ਹੋ ਕੇ ਘਰ-ਘਰ ਜਾ ਕੇ ਸਾਂਝੀ ਦੇ ਗੀਤ ਗਾਉਂਦੀਆਂ ਅਤੇ ਸਾਂਝੀ ਦੀ ਪੂਜਾ ਕਰਦੀਆਂ ਹਨ। ਬਾਲੜੀਆਂ ਟੋਲੀ ਦੇ ਰੂਪ ਵਿੱਚ ਦੂਜਿਆਂ ਦੇ ਘਰ ਜਾ ਕੇ ਸਾਂਝੀਵਾਲਤਾ ਦਾ ਸੰਦੇਸ਼ ਦਿੰਦੀਆਂ ਹਨ। ਬੱਚੀਆਂ ਸਭ ਤੋਂ ਪਹਿਲਾਂ ਸਾਂਝੀ ਨੂੰ ਜਗਾਉਂਦੀਆਂ ਹੋਈਆਂ ਗਾਉਂਦੀਆਂ ਹਨ;

* ਉਠ ਮੇਰੀ ਸਾਂਝੀ ਪਟੜੇ ਖੋਲ੍ਹ,

ਕੁੜੀਆਂ ਆਈਆਂ ਤੇਰੇ ਕੋਲ।

* ਨੀਂ ਤੂੰ ਜਾਗ ਸਾਂਝੀ ਜਾਗ ਤੇਰੇ ਮੱਥੇ ਲੱਗਣ ਭਾਗ

ਤੇਰੇ ਟਿੱਕੇ ਦਾ ਸੁਹਾਗ।

ਫਿਰ ਉਹ ਸਾਂਝੀ ਦੀ ਆਰਤੀ ਉਤਾਰਦੀਆਂ ਗਾਉਂਦੀਆਂ ਹਨ;

ਆਰਤੀ ਬਈ ਆਰਤੀ, ਆਰਤੀ ਦੇ ਫੁੱਲ, ਫੁੱਲਾਂ ਸੋਈ ਡੋਰ।

ਸੁਣੋ ਨੀਂ ਬਹੂਓ, ਕੰਤਾਂ ਦੇ ਬੋਲ।

ਕੰਤ ਤੁਮਾਰੇ, ਵੀਰ ਹਮਾਰੇ, ਕੱਤਰੀ ਬਹੱਤਰੀ

ਲੇਫ ਤਲਾਈ, ਵਿੱਚ ਬੈਠੀ ਸਾਂਝੀ ਮਾਈ।

ਕਈ ਵਾਰ ਸਾਂਝੀ ਦੇ ਮੂੰਹ ’ਤੇ ਘੁੰਡ ਕੱਢਣ ਵਾਂਗ ਚੁੰਨੀ ਦਾ ਪਰਦਾ ਪਾ ਦਿੱਤਾ ਜਾਂਦਾ ਹੈ। ਆਰਤੀ ਖਤਮ ਹੋਣ ’ਤੇ ਇਹ ਘੁੰਡ ਚੁੱਕ ਕੇ ਸਾਂਝੀ ਨੂੰ ਪੰਜੀਰੀ ਦਾ ਭੋਗ ਲਵਾਇਆ ਜਾਂਦਾ ਹੈ। ਸਮਾਪਤੀ ’ਤੇ ਸਾਰਿਆਂ ਨੂੰ ਇਹ ਪ੍ਰਸ਼ਾਦ ਵੰਡਿਆ ਜਾਂਦਾ ਹੈ। ਇਸ ਤਰ੍ਹਾਂ ਬੱਚੀਆਂ ਇੱਕ ਤੋਂ ਦੂਜੇ ਘਰ ਜਾਂਦਿਆਂ ਗਾਉਂਦੀਆਂ ਹਨ;

ਮੇਰੀ ਸਾਂਝੀ ਤਾਂ ਮੰਗਦੀ, ਹਰਾ ਹਰਾ ਗੋਬਰ

ਮੈਂ ਕਿੱਥੋਂ ਲਿਆਵਾਂ, ਹਰਾ ਹਰਾ ਗੋਬਰ

ਵੀਰਨ ਤਾਂ ਮੇਰਾ, ਮੱਝਾਂ ਦਾ ਪਾਲੀ

ਮੈਂ ਉੱਥੋਂ ਲਿਆਵਾਂ, ਹਰਾ ਹਰਾ ਗੋਬਰ

ਤੂੰ ਲੈ ਮੇਰੀ ਸਾਂਝੀ, ਹਰਾ ਹਰਾ ਗੋਬਰ।

ਸਾਂਝੀ ਲਗਾਉਣ ਜਾਂ ਇਸ ਦੀ ਪੂਜਾ ਕਰਨ ਦਾ ਕੋਈ ਵਿਗਿਆਨਕ ਤੱਥ ਤਾਂ ਸਾਹਮਣੇ ਨਹੀਂ ਆਉਂਦਾ, ਪਰ ਇਹ ਵਿਰਸੇ ਦੀ ਰੀਤ ਸਦੀਆਂ ਤੋਂ ਚਲੀ ਆ ਰਹੀ ਹੈ। ਪਰ ਇਸ ਰੀਤ ਤੋਂ ਸਮਾਜਿਕ ਸਾਂਝ ਦੀ ਝਲਕ ਜ਼ਰੂਰ ਪੈਂਦੀ ਹੈ ਕਿਉਂਕਿ ਹਰ ਘਰ ਦੀਆਂ ਬਾਲੜੀਆਂ, ਬਿਨਾਂ ਕਿਸੇ ਭੇਦ ਭਾਵ ਦੇ ਦੂਜੀਆਂ ਬੱਚੀਆਂ ਨਾਲ ਮਿਲ ਕੇ ਹਰ ਘਰ ਵਿੱਚ ਜਾਂਦੀਆਂ ਹਨ ਅਤੇ ਖ਼ੁਸ਼ੀ-ਖ਼ੁਸ਼ੀ ਸਾਂਝੀ ਦੇ ਗੀਤ ਗਾਉਂਦੀਆਂ ਸਨ। ਮਾਪੇ ਵੀ ਬੱਚੀਆਂ ਦੀ ਇਸ ਖ਼ੁਸ਼ੀ ਵਿੱਚ ਸਾਂਝ ਪਾਉਂਦੇ ਸਨ ਅਤੇ ਉਨ੍ਹਾਂ ਨੂੰ ਖ਼ੁਸ਼ ਰਹਿਣ ਦੀ ਅਸੀਸ ਦਿੰਦੇ ਸਨ।

ਨਰਾਤਿਆਂ ਦੇ ਬੀਤਣ ਤੋਂ ਬਾਅਦ ਜਦੋਂ ਦਸਵੇਂ ਦਿਨ ਦੁਸਹਿਰਾ ਆਉਂਦਾ ਹੈ ਤਾਂ ਬੱਚੀਆਂ ਬੜੇ ਸੁਵੱਖ਼ਤੇ ਪਰਿਵਾਰ ਦੀਆਂ ਵੱਡੀਆਂ ਔਰਤਾਂ ਨਾਲ ਮਿਲ ਕੇ ਸਾਂਝੀ ਨੂੰ ਪੁੱਟ ਕੇ ਕਿਸੇ ਤਸਲੇ ਜਾਂ ਟੋਕਰੀ ਵਿੱਚ ਪਾ ਲੈਂਦੀਆਂ ਹਨ। ਫਿਰ ਉਹ ਸਾਂਝੀ ਨੂੰ ਲੈ ਕੇ ਗਲੀ-ਮੁਹੱਲੇ ਦੀਆਂ ਸਭ ਕੁੜੀਆਂ ਤੇ ਔਰਤਾਂ ਇਕੱਠੀਆਂ ਹੋ ਪਿੰਡ ਦੇ ਟੋਭਿਆਂ ਜਾਂ ਤਲਾਬਾਂ ’ਤੇ ਜਾ ਕੇ ਸਾਂਝੀ ਨੂੰ ਜਲ ਪ੍ਰਵਾਹ ਕਰਦੀਆਂ ਸਨ। ਸਾਂਝੀ ਨੂੰ ਵਧਾਉਂਦਿਆਂ ਉਹ ਗੀਤ ਗਾਉਂਦੀਆਂ ਹਨ;

ਤੂੰ ਚੱਲ ਮੇਰੀ ਸਾਂਝੀ

ਕਰ ਲੈ ਗੰਗਾ ਦਾ ਨਹਾਉਣ।

ਇਸੇ ਤਰ੍ਹਾਂ ਜਦੋਂ ਪਿੰਡਾਂ ਵਿੱਚ ਸਾਂਝੀ ਪਹਿਲੇ ਦਿਨ ਲਗਾਈ ਜਾਂਦੀ ਹੈ ਤਾਂ ਉਸ ਦਿਨ ਘਰਾਂ ਵਿੱਚ ਕੁਝ ਮਿੱਟੀ ਦੇ ਭਾਂਡਿਆਂ ਵਿੱਚ ਮਿੱਟੀ ਪਾ ਕੇ ਜੌਂਅ ਵੀ ਬੀਜ ਦਿੱਤੇ ਜਾਂਦੇ ਹਨ ਜਿਨ੍ਹਾਂ ਨੂੰ ਗਨਗੌਰਾਂ ਵੀ ਕਿਹਾ ਜਾਂਦਾ ਹੈ। ਫਿਰ ਦਸ ਦਿਨ ਉਨ੍ਹਾਂ ਦੀ ਪਾਣੀ ਪਾ ਕੇ ਸੇਵਾ ਕੀਤੀ ਜਾਂਦੀ ਹੈ। ਦਸ ਦਿਨਾਂ ਵਿੱਚ ਇਹ ਜੌਂਅ ਹਰੇ ਭਰੇ ਅਤੇ ਵੱਡੇ ਪੌਦੇ ਬਣ ਜਾਂਦੇ ਹਨ ਤਾਂ ਸਾਂਝੀ ਦੇ ਨਾਲ ਹੀ ਇਨ੍ਹਾਂ ਨੂੰ ਵੀ ਪਾਣੀ ਵਿੱਚ ਵਧਾਇਆ ਜਾਂਦਾ ਹੈ ਕਿਉਂਕਿ ਇਨ੍ਹਾਂ ਨੂੰ ਆਉਣ ਵਾਲੀ ਖ਼ੁਸ਼ਹਾਲੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਗਨਗੌਰਾਂ ਨੂੰ ਪਾਣੀ ਵਿੱਚ ਵਧਾਉਣ ਤੋਂ ਪਹਿਲਾਂ ਕੁੜੀਆਂ ਇਕੱਠੀਆਂ ਹੋ ਕੇ ਖ਼ੁਸ਼ਹਾਲੀ ਦੀ ਮੰਗ ਕਰਦੀਆਂ ਹਨ ਅਤੇ ਖ਼ੁਸ਼ੀ ਲਈ ਗੀਤ ਗਾਉਂਦੀਆਂ ਹਨ। ਉਹ ਪੰਜੀਰੀ ਅਤੇ ਮਿੱਠਾ ਆਦਿ ਕੀੜੀਆਂ ਨੂੰ ਪਾ ਕੇ ਕਹਿੰਦੀਆਂ ਹਨ;

ਕੀੜੀਓ, ਮਕੌੜੀਓ, ਅੰਨ ਦਿਓ ਧਨ ਦਿਓ

ਭਾਈ ਦਿਓ, ਭਤੀਜਾ ਦਿਓ

ਰਹਿੰਦਾ-ਖੂੰਹਦਾ ਜੀਜਾ ਦਿਓ

ਗਨਗੌਰਾਂ ਵਿੱਚੋਂ ਕੁਝ ਜੌਂਅ ਪੁੱਟ ਕੇ ਲੜਕੀਆਂ ਆਪਣੇ ਭਰਾਵਾਂ ਦੇ ਸਿਰਾਂ ’ਤੇ ਟੰਗਦੀਆਂ ਹਨ। ਫਿਰ ਬਦਲੇ ਵਿੱਚ ਉਹ ਉਨ੍ਹਾਂ ਨੂੰ ਸ਼ਗਨ ਦਿੰਦੇ ਹਨ। ਇਸ ਤਰ੍ਹਾਂ ਜਿੱਥੇ ਇਹ ਮੌਸਮੀ ਵਿਰਸੇ ਦੀ ਰੀਤ ਹੈ, ਉੱਥੇ ਹੀ ਸਭ ਪਰਿਵਾਰਾਂ ਲਈ ਖੁਸ਼ਹਾਲੀ ਦੀ ਮੰਗ ਕਰਦਾ ਇੱਕ ਸਮਾਜਿਕ ਤਿਉਹਾਰ ਹੈ। ਇਹ ਬੱਚੀਆਂ ਲਈ ਮਨਭਾਉਂਦਾ ਅਤੇ ਖ਼ੁਸ਼ੀਆਂ ਲਿਆਉਣ ਵਾਲਾ ਤਿਉਹਾਰ ਹੈ। ਸਾਂਝੀ ਬਣਾਉਣ ਵਿੱਚ ਵੀ ਕਈ ਕੁੜੀਆਂ ਚੰਗੀ ਮੁਹਾਰਤ ਹਾਸਲ ਕਰ ਲੈਂਦੀਆਂ ਹਨ ਅਤੇ ਉਸ ਨੂੰ ਵੱਖ-ਵੱਖ ਰੰਗ ਦੇ ਕੇ ਸੁੰਦਰ ਤੋਂ ਸੁੰਦਰ ਬਣਾਉਣ ਦਾ ਯਤਨ ਕੀਤਾ ਜਾਂਦਾ ਹੈ। ਇਸ ਤਰ੍ਹਾਂ ਇਸ ਵਿਰਸਾ ਰੂਪੀ ਰੀਤ ਵਿੱਚ ਪਿੰਡ ਦੀਆਂ ਕੁੜੀਆਂ ਦੀ ਕਲਾ ਦਾ ਪ੍ਰਗਟਾਵਾ ਵੀ ਹੁੰਦਾ ਹੈ। ਉਹ ਤਾਂ ਸਾਂਝੀ ਦੇ ਦਿਨਾਂ ਨੂੰ ਸਾਰਾ ਸਾਲ ਉਡੀਕਦੀਆਂ ਰਹਿੰਦੀਆਂ ਹਨ। ਬਾਕੀ ਰਹੀ ਵਿਗਿਆਨਕ ਤੱਥ ਦੀ ਗੱਲ, ਸਾਡੇ ਬਜ਼ੁਰਗਾਂ ਨੇ ਜੋ ਵੀ ਰਸਮ ਤੇ ਰਿਵਾਜ ਅਪਣਾਏ ਹਨ, ਉਹ ਸਾਰੀਆਂ ਵਿਰਸੇ ਦੀਆਂ ਗੱਲਾਂ ਕਿਸੇ ਨਾ ਕਿਸੇ ਵਿਗਿਆਨਕ ਆਧਾਰ ਨੂੰ ਲੈ ਕੇ ਅਪਣਾਈਆਂ ਗਈਆਂ ਸਨ। ਹੁਣ ਇਹ ਕਲਾ ਪਿੰਡਾਂ ਵਿੱਚ ਬਹੁਤ ਘੱਟ ਪੱਧਰ ’ਤੇ ਰਹਿ ਗਈ ਹੈ। ਬੱਚੀਆਂ ਦੇ ਪੜ੍ਹਾਈ ਵਿੱਚ ਜ਼ਿਆਦਾ ਰੁੱਝਣ ਕਾਰਨ ਉਨ੍ਹਾਂ ਨੂੰ ਇਸ ਕੰਮ ਲਈ ਹੁਣ ਵਿਹਲ ਘੱਟ ਹੀ ਮਿਲਦੀ ਹੈ।

ਸੰਪਰਕ: 98764-52223

Advertisement
×