DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਬਾਕਰਪੁਰ ਤੋਂ ਕੂਕਿਆਂ ਵਾਲਾ ਤੱਕ ਸਦੀਕ ਘੁਮਾਰ ਰਾਗੀ

ਤੂੰਬੇ ਅਲਗੋਜ਼ੇ ਦੀ ਗਾਇਕੀ ਦੀ ਲੁਧਿਆਣਾ ਸ਼ੈਲੀ ਨਾਲ ਜੁੜੇ ਹੋਏ ਬਹੁਤ ਸਾਰੇ ਰਾਗੀਆਂ ਨੂੰ ਦੇਸ਼ ਵੰਡ ਵੇਲੇ ਨਾ ਚਾਹੁੰਦੇ ਹੋਏ ਵੀ ਲਹਿੰਦੇ ਪੰਜਾਬ (ਪਾਕਿਸਤਾਨ) ਜਾਣਾ ਪਿਆ। ਉਸ ਸਮੇਂ ਇਸ ਗਾਇਕੀ ਨਾਲ ਜ਼ਿਆਦਾਤਰ ਮੁਸਲਮਾਨ ਗਾਇਕ ਜੁੜੇ ਹੋਏ ਸਨ। ਮਾਲੇਰਕੋਟਲਾ ਵਾਲਿਆਂ ਨੂੰ...

  • fb
  • twitter
  • whatsapp
  • whatsapp
Advertisement

ਤੂੰਬੇ ਅਲਗੋਜ਼ੇ ਦੀ ਗਾਇਕੀ ਦੀ ਲੁਧਿਆਣਾ ਸ਼ੈਲੀ ਨਾਲ ਜੁੜੇ ਹੋਏ ਬਹੁਤ ਸਾਰੇ ਰਾਗੀਆਂ ਨੂੰ ਦੇਸ਼ ਵੰਡ ਵੇਲੇ ਨਾ ਚਾਹੁੰਦੇ ਹੋਏ ਵੀ ਲਹਿੰਦੇ ਪੰਜਾਬ (ਪਾਕਿਸਤਾਨ) ਜਾਣਾ ਪਿਆ। ਉਸ ਸਮੇਂ ਇਸ ਗਾਇਕੀ ਨਾਲ ਜ਼ਿਆਦਾਤਰ ਮੁਸਲਮਾਨ ਗਾਇਕ ਜੁੜੇ ਹੋਏ ਸਨ। ਮਾਲੇਰਕੋਟਲਾ ਵਾਲਿਆਂ ਨੂੰ ਛੱਡ ਕੇ ਬਾਕੀ ਲਗਪਗ ਸਾਰੇ ਓਧਰ ਚਲੇ ਗਏ। ਇਨ੍ਹਾਂ ਵਿੱਚ ਇਸ ਗਾਇਕੀ ਦੇ ਮੋਢੀ ਕਾਕਾ ਫੀਲਡ ਗੰਜ (ਲੁਧਿਆਣੇ) ਵਾਲਾ, ਬੂਟਾ ਲੁਧਿਆਣੇ ਵਾਲਾ, ਭੁੱਲਾ ਸੱਲਾਂ ਵਾਲਾ, ਨਿੱਕਾ ਰਣੀਆ ਵਾਲਾ, ਮੁਹੰਮਦ ਸਦੀਕ ਔੜ ਵਾਲਾ, ਫ਼ਜ਼ਲ ਮੁਹੰਮਦ ਟੁੰਡਾ, ਰਹਿਮਾ ਖੁਣ-ਖੁਣ ਵਾਲਾ, ਸ਼ਰੀਫ਼ ਬੋਲਾ ਅਤੇ ਅਨੇਕਾਂ ਹੋਰ ਸਨ। ਇਨ੍ਹਾਂ ਵਿੱਚੋਂ ਹੀ ਇੱਕ ਚੜ੍ਹਦੀ ਉਮਰ ਦਾ ਨੌਜਵਾਨ ਸੀ ਜੋੜੀਵਾਦਕ ਸਦੀਕ ਘੁਮਾਰ ਬਾਕਰਪੁਰੀਆ।

ਸਦੀਕ ਦਾ ਜਨਮ ਅਣਵੰਡੇ ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਬਾਕਰਪੁਰ ਵਿਖੇ 1932 ਵਿੱਚ ਘੁਮਾਰ ਬਰਾਦਰੀ ਵਿੱਚ ਪਿਤਾ ਰਹਿਮਤ ਅਲੀ ਦੇ ਘਰ ਹੋਇਆ। ਅੱਜਕੱਲ੍ਹ ਇਹ ਪਿੰਡ ਤਹਿਸੀਲ ਗੜ੍ਹਸ਼ੰਕਰ ਵਿੱਚ ਪੈਂਦਾ ਹੈ। ਪਿਤਾ ਰਹਿਮਤ ਅਲੀ ਬਰਤਾਨਵੀ ਭਾਰਤੀ ਪੁਲੀਸ ਵਿੱਚ ਹੌਲਦਾਰ ਸੀ। ਸਦੀਕ ਨੇ ਕੋਈ ਸਕੂਲੀ ਪੜ੍ਹਾਈ ਨਹੀਂ ਕੀਤੀ। ਬਚਪਨ ਵਿੱਚ ਪਸ਼ੂ ਚਾਰੇ। ਉਸ ਸਮੇਂ ਮੇਲਿਆਂ ਮੁਸਾਹਿਬਆਂ ’ਤੇ ਆਮ ਹੀ ਗਵੰਤਰੀਆਂ ਦੇ ਅਖਾੜੇ ਲੱਗਦੇ ਸਨ। ਤੂੰਬੇ ਜੋੜੀ ਦੀ ਗਾਇਕੀ ਉਸ ਨੂੰ ਜ਼ਿਆਦਾ ਚੰਗੀ ਲੱਗਦੀ ਸੀ, ਖ਼ਾਸ ਤੌਰ ’ਤੇ ਅਲਗੋਜ਼ਿਆਂ ਦੀ ਆਵਾਜ਼। ਨੌਂ ਦਸ ਸਾਲ ਦੀ ਉਮਰ ਵਿੱਚ ਉਸ ਨੇ ਮੇਲੇ ਤੋਂ ‘ਜੋੜੀ’ ਖ਼ਰੀਦ ਲਈ। ਹਰ ਵਕਤ ਉਸ ਵਿੱਚ ਫੂਕਾਂ ਮਾਰਦੇ ਰਹਿਣਾ। ਹੌਲੀ ਹੌਲੀ ਸਾਹ ਪਲਟਾਉਣ ਲੱਗ ਪਿਆ। ਪਸ਼ੂ ਚਾਰਨ ਵੇਲੇ ਹਮੇਸ਼ਾਂ ਅਲਗੋਜ਼ੇ ਆਪਣੇ ਕੋਲ ਰੱਖਣੇ। ਉਸ ਸਮੇਂ ਔੜ ਪਿੰਡ ਵਾਲੇ ਉਸਤਾਦ ਰਾਗੀ ਮੁਹੰਮਦ ਸਦੀਕ ਨਾਲ ਜਲੰਧਰ ਜ਼ਿਲ੍ਹੇ ਦੇ ਪਿੰਡ ਖੁਣ-ਖੁਣ ਦਾ ਪ੍ਰਸਿੱਧ ਜੋੜੀ ਵਾਦਕ ਰਹਿਮਾ ਜੋੜੀ ਵਜਾਉਂਦਾ ਸੀ। ਇਨ੍ਹਾਂ ਦੀਆਂ ਆਵਾਜ਼ਾਂ ਵਿੱਚ ਪੱਕੇ ਤਵੇ ਵੀ ਭਰੇ ਜਾ ਚੁੱਕੇ ਸਨ। ਬਾਰਾਂ ਕੁ ਸਾਲ ਦੀ ਉਮਰ ਵਿੱਚ ਸਦੀਕ ਨੇ ਰਹਿਮੇ ਨੂੰ ਉਸਤਾਦ ਧਾਰ ਲਿਆ। ਦੋ ਢਾਈ ਸਾਲ ਉਸਤਾਦ ਦੀ ਛਤਰ ਛਾਇਆ ਹੇਠ ਰਿਹਾ। ਪੰਦਰਾਂ ਕੁ ਸਾਲ ਦੀ ਉਮਰ ਤੱਕ ਵਧੀਆ ਜੋੜੀ ਵਜਾਉਣ ਲੱਗ ਪਿਆ। ਵੰਡ ਵੇਲੇ ਇਹ ਸਾਰੇ ਨਵੇਂ ਬਣੇ ਪਾਕਿਸਤਾਨ ਵਿੱਚ ਚਲੇ ਗਏ। ਉੱਧਰ ਜ਼ਿਲ੍ਹਾ ਲਾਇਲਪੁਰ (ਹੁਣ ਫੈਸਲਾਬਾਦ) ਦੇ ਪਿੰਡ ਕੂਕਿਆਂ ਵਾਲਾ ਵਿਖੇ ਟਿਕਾਣਾ ਮਿਲਿਆ।

Advertisement

ਸਦੀਕ ਨੇ ਜੋੜੀ ਵਜਾਉਣ ਦੇ ਨਾਲ-ਨਾਲ ਬਹੁਤ ਸਾਰਾ ਗੌਣ (ਰਾਗ) ਵੀ ਕੰਠ ਕੀਤਾ। ਕੁਝ ਸਮਾਂ ਉਸ ਨੇ ਆਪ ਬਤੌਰ ਆਗੂ ਗਾਇਆ ਵੀ। ਉਸ ਦਾ ਪਾਛੂ ਸੀ ਬਦਰਦੀਨ ਜਲਾਲੀਪੁਰ ਵਾਲਾ। ਬਾਅਦ ਵਿੱਚ ਉਹ ਪੱਕੇ ਤੌਰ ’ਤੇ ਜੋੜੀ ਹੀ ਵਜਾਉਣ ਲੱਗ ਪਿਆ। ਸਖ਼ਤ ਮਿਹਨਤ ਸਦਕਾ ਜਲਦੀ ਹੀ ਉਸ ਦਾ ਨਾਂ ਨਾਮੀ ਜੋੜੀ ਵਾਦਕਾਂ ਵਿੱਚ ਸ਼ਾਮਲ ਹੋ ਗਿਆ ਅਤੇ ਉਹ ਸਦੀਕ ਰਹਿਮਾਨੀ ਵਜੋਂ ਪ੍ਰਸਿੱਧ ਹੋ ਗਿਆ। ਹੁਣ ਉਸ ਦੀ ਪਛਾਣ ਸਦੀਕ ਘੁਮਾਰ ਉਰਫ਼ ਸਦੀਕ ਰਹਿਮਾਨੀ ਬਣ ਗਈ।

Advertisement

ਸਦੀਕ ਨੇ ਬਹੁਤ ਸਾਰੇ ਨਾਮੀ ਰਾਗੀਆਂ ਨਾਲ ਜੋੜੀ ਵਜਾਈ। ਸਭ ਤੋਂ ਵੱਧ ਸਮਾਂ ਉਸਤਾਦ ਮੁਹੰਮਦ ਸਦੀਕ ਦੀ ਸੰਗਤ ਕੀਤੀ ਅਤੇ ਤੇਤੀ-ਚੌਂਤੀ ਸਾਲ ਲਗਾਤਾਰ ਨਾਲ ਰਿਹਾ। ਮਕਬੂਲ ਜੱਟ ਨਾਲ ਬਾਰਾਂ ਸਾਲ, ਗੁਲਾਮ ਰਸੂਲ ਨਾਲ ਤਿੰਨ ਸਾਲ ਅਤੇ ਫਜ਼ਲੇ ਗੁੱਜਰ ਨਾਲ ਛੇ ਸਾਲ ਸਾਥ ਨਿਭਾਇਆ। ਇਨ੍ਹਾਂ ਤੋਂ ਇਲਾਵਾ ਫਰਜੰਦ ਅਲੀ ਪੱਤੋਵਾਲੀਆ, ਨਿੱਕਾ ਰਣੀਏ ਵਾਲਾ, ਨੂਰਾ ਲੰਬੜ, ਫੁੰਮਣ ਰਾਗੀ, ਦੀਨਾ ਰਾਗੀ, ਬਾਬੂ ਘੁਮਾਰ ਰਾਗੀ ਆਦਿ ਨਾਲ ਵੀ ਸਮੇਂ ਸਮੇਂ ’ਤੇ ਸਾਥ ਦਿੱਤਾ। ਫ਼ਜ਼ਲ ਮੁਹੰਮਦ ਟੁੰਡੇ ਨਾਲ ਅਖਾੜਿਆਂ ਵਿੱਚ ਵੀ ਜੋੜੀ ਵਜਾਈ ਅਤੇ ਪੱਕੇ ਰਿਕਾਰਡਾਂ ਵਿੱਚ ਵੀ। ਓਧਰ ਜਾ ਕੇ ਫ਼ਜ਼ਲ ਟੁੰਡੇ ਨੇ ਨਿਮਨ ਲਿਖਤ ਤਵਾ ਲਾਹੌਰ ਤੋਂ ਰਿਕਾਰਡ ਕਰਵਾਇਆ ਸੀ। ਇਸ ਵਿੱਚ ਜੋੜੀ ’ਤੇ ਉਸ ਦਾ ਸਾਥ ਸਦੀਕ ਨੇ ਨਿਭਾਇਆ। ਤਵੇ ਦੇ ਬੋਲ ਸਨ;

ਕੁਰਬਾਨ ਹੁਸੈਨ ਦੀਆਂ ਜ਼ੁਲਫ਼ਾਂ ਤੋਂ

ਕੰਬੀਆਂ ਮਦੀਨੇ ਦੀਆਂ ਗਲੀਆਂ

ਲੋਕ ਵਿਰਸਾ ਇਸਲਾਮਾਬਾਦ ਵਿੱਚ 1985, 1986 ਅਤੇ 1987 ਵਿੱਚ ਲਗਾਤਾਰ ਸੱਭਿਆਚਾਰਕ ਮੁਕਾਬਲੇ ਕਰਵਾਏ ਜਾਂਦੇ ਰਹੇ। ਇਨ੍ਹਾਂ ਮੁਕਾਬਲਿਆਂ ਵਿੱਚ ਪਾਕਿਸਤਾਨ ਦੇ ਕੋਨੇ ਕੋਨੇ ਵਿੱਚੋਂ ਲੋਕ ਕਲਾਕਾਰ ਭਾਗ ਲੈਂਦੇ ਸਨ। ਉਸਤਾਦ ਰਾਗੀ ਮੁਹੰਮਦ ਸ਼ਰੀਫ਼ ਦੇ ਗਰੁੱਪ ਦੀ ਵੀ ਉੱਥੇ ਪੇਸ਼ਕਾਰੀ ਹੋਈ ਸੀ। ਗਰੁੱਪ ਵਿੱਚ ਸ਼ਰੀਫ਼ ਦੇ ਨਾਲ ਸਦੀਕ ਘੁਮਾਰ ਜੋੜੀ ’ਤੇ, ਸਫ਼ੀ ਬੱਗਿਆਂ ਵਾਲਾ ਤੂੰਬੇ ’ਤੇ ਅਤੇ ਗੁਲਾਮ ਅਹਿਮਦ ਨੇ ਢੱਡ ’ਤੇ ਸਾਥ ਦਿੱਤਾ। ਇਸ ਗਰੁੱਪ ਨੇ ਉੱਥੋਂ ਸ਼ੇਰ-ਏ-ਪੰਜਾਬ ਦਾ ਖਿਤਾਬ ਜਿੱਤਿਆ। ਮੁਹੰਮਦ ਸ਼ਰੀਫ਼ ਦੀ ਇਕਵੰਜਾ ਨੰਬਰ ਕੈਸੇਟ ਵਿੱਚ ਵੀ ਸਦੀਕ ਦੀ ਹੀ ਜੋੜੀ ਗੂੰਜੀ ਹੋਈ ਹੈ। ਇਸ ਤਰ੍ਹਾਂ ਸਦੀਕ ਨੇ ਵੱਖ-ਵੱਖ ਸਮਿਆਂ ’ਤੇ ਵੱਖ-ਵੱਖ ਰਾਗੀਆਂ ਨਾਲ ਪੰਜਾਬ ਤੋਂ ਬਾਹਰ ਪਾਕਿਸਤਾਨ ਦੇ ਦੂਜੇ ਸੂਬਿਆਂ ਵਿੱਚ ਵੀ ਆਪਣੀ ਜੋੜੀ ਦੇ ਜੌਹਰ ਦਿਖਾਏ।

ਸਦੀਕ ਇੱਕ ਪੁਖ਼ਤਾ ਜੋੜੀ ਵਾਦਕ ਹੈ। ਉਹ ਇਸ ਗਾਇਨ ਵੰਨਗੀ ਨਾਲ ਸਬੰਧਤ ਹਰ ‘ਤਰਜ਼’ ਵਜਾਉਣ ਦੇ ਸਮਰੱਥ ਹੈ। ਰਹਿਮੇ ਉਸਤਾਦ ਨੂੰ ਉਸ ਦੀ ਕਲਾ ’ਤੇ ਪੂਰਾ ਮਾਣ ਸੀ। ਉਸ ਦੇ ਕਈ ਗੁਰਭਾਈ ਸਮੇਂ ਸਮੇਂ ’ਤੇ ਸਦੀਕ ਤੋਂ ਅਗਵਾਈ ਲੈਂਦੇ ਰਹੇ। ਉਸ ਦੇ ਉਸਤਾਦ ਭਾਈਆਂ ਵਿੱਚ ਸਭ ਤੋਂ ਸੀਨੀਅਰ ਸੀ ਗਫੂਰ ਜੁਲਾਹਾ ਚਿਸ਼ਤੀਆਂ ਵਾਲਾ ਜੋ ਵੰਡ ਤੋਂ ਪਹਿਲਾਂ ਏਧਰ (ਚੜ੍ਹਦੇ ਪੰਜਾਬ ਵਿੱਚ) ਹੀ ਰਹਿਮੇ ਜੱਟ ਦਾ ਸ਼ਾਗਿਰਦ ਬਣ ਗਿਆ ਸੀ।

ਸਦੀਕ ਘੁਮਾਰ ਨੇ ਇਸ ਕਲਾ ਨੂੰ ਕੇਵਲ ਆਪਣੇ ਤੱਕ ਸੀਮਤ ਨਹੀਂ ਰੱਖਿਆ, ਸਗੋਂ ਚਾਹੁਣ ਵਾਲਿਆਂ ਨੂੰ ਅੱਗੇ ਵੰਡਿਆ ਅਤੇ ਆਪਣੇ ਬਹੁਤ ਸਾਰੇ ਵਾਰਸ ਪੈਦਾ ਕੀਤੇ, ਜਿਨ੍ਹਾਂ ਨੇ ਆਪਣੇ ਨਾਲ ਨਾਲ ਆਪਣੇ ਉਸਤਾਦ ਦਾ ਨਾਂ ਵੀ ਰੋਸ਼ਨ ਕੀਤਾ ਅਤੇ ਕਰ ਰਹੇ ਹਨ। ਉਸ ਦਾ ਸਭ ਤੋਂ ਪਹਿਲਾ ਸ਼ਾਗਿਰਦ ਬਸ਼ੀਰ ਅਰਾਈਂ ਹੈ। ਉਸ ਤੋਂ ਇਲਾਵਾ ਸ਼ੇਰਾ ਮੰਡੀ ਆਲਾ, ਮਜ਼ੀਦ ਅਰਾਈਂ ਧਰੌੜਾਂ ਆਲਾ, ਫੀਕਾ ਉਰਫ਼ ਮੁਹੰਮਦ ਰਫੀਕ ਚੱਕ 208 ਡੋਗਰਾਂ ਆਲਾ, ਸ਼ਾਹੂ ਉਰਫ਼ ਸ਼ਾਹ ਮੁਹੰਮਦ ਬੂਰੇ ਆਲਾ, ਬਾਬੂ, ਆਹਮਾ ਉਰਫ਼ ਅਹਿਮਦ ਬਿਆੜੀ, ਮੁਹੰਮਦ ਖਾਨ ਫੈਸਲਾਬਾਦ, ਹਸਨਾ ਗੁੱਜਰ ਚੱਕ 93 ਪੱਕਾ ਅੰਨਾ ਟੇਸ਼ਨ ਫੈਸਲਾਬਾਦ, ਰਮਜ਼ਾਨ, ਮਹਿੰਗਾ ਰੌਂਤ, ਫਜ਼ਲਾ, ਗਫੂਰ ਚੱਕ 93 ਆਲਾ, ਖੁਸ਼ੀਆ, ਸਾਬਰ ਚੱਕ 93 ਆਲਾ, ਰਾਣਾ ਉਸਾਮਾ ਫੈਸਲਾਬਾਦ ਆਦਿ ਸ਼ਾਮਲ ਹਨ। ਸਭ ਤੋਂ ਆਖਰੀ ਅਤੇ ਛੋਟੀ ਉਮਰ ਦਾ ਸ਼ਾਗਿਰਦ ਰਾਣਾ ਉਸਾਮਾ ਹੈ।

ਸਦੀਕ ਘੁਮਾਰ ਨੇ ਲਗਭਗ ਸੱਤ ਦਹਾਕੇ ਅਖਾੜਿਆਂ ਵਿੱਚ ਖੂਬ ਜੋੜੀ ਵਜਾਈ ਅਤੇ ਇਸਲਾਮਾਬਾਦ, ਕਰਾਚੀ ਤੱਕ ਪੈੜਾਂ ਕੀਤੀਆਂ। ਨੱਬਿਆਂ ਸਾਲਾਂ ਦਾ ਮੁਹੰਮਦ ਸਦੀਕ ਤੂੰਬੇ ਜੋੜੀ ਦੀ ਗਾਇਕੀ ਦਾ ਜਿਉਂਦਾ ਜਾਗਦਾ ਇਤਿਹਾਸ ਹੈ। ਉਸ ਨੂੰ ਵੰਡ ਤੋਂ ਪਹਿਲਾਂ ਦੇ ਸਾਂਝੇ ਪੰਜਾਬ ਤੋਂ ਲੈ ਕੇ ਵਰਤਮਾਨ ਸਮੇਂ ਤੱਕ ਦੇ ਸਾਰੇ ਰਾਗੀਆਂ ਬਾਰੇ ਪੂਰੀ ਜਾਣਕਾਰੀ ਹੈ। ਪਿਛਲੇ ਸੱਤ ਅੱਠ ਸਾਲਾਂ ਤੋਂ ਉਸ ਨੇ ਅਖਾੜਿਆਂ ਵਿੱਚ ਜਾਣਾ ਛੱਡ ਦਿੱਤਾ ਹੈ। ਹੁਣ ਉਸ ਦਾ ਬਹੁਤਾ ਸਮਾਂ ਘਰ ਵਿੱਚ ਲੰਘਦਾ ਹੈ। ਸਮੇਂ ਅਨੁਸਾਰ ਸਦੀਕ ਦਾ ਨਿਕਾਹ ਬੀਬੀ ਨਜ਼ੀਰਾਂ ਨਾਲ ਹੋਇਆ। ਇਸ ਜੋੜੇ ਦੇ ਘਰ ਚਾਰ ਧੀਆਂ ਨੇ ਜਨਮ ਲਿਆ। ਅੱਗੇ ਉਸ ਦੇ ਪਰਿਵਾਰ ਵਿੱਚੋਂ ਕਿਸੇ ਨੇ ਵੀ ਇਸ ਖੇਤਰ ਵਿੱਚ ਪੈਰ ਨਹੀਂ ਪਾਇਆ। ਰੱਬ ਕਰੇ ਉਸ ਦੀ ਉਮਰ ਤੰਦਰੁਸਤ ਅਤੇ ਲੰਮੀ ਹੋਵੇ, ਤਾਂ ਕਿ ਉਹ ਇਸ ਗਾਇਕੀ ਬਾਰੇ ਜਾਣਕਾਰੀ ਪ੍ਰਦਾਨ ਕਰਦਾ ਰਹੇ।

ਸੰਪਰਕ: 84271-00341

Advertisement
×