ਸੌ ਸੈਂਕੜੇ ਮਾਰਨ ਵਾਲਾ ਸਚਿਨ ਤੇਂਦੁਲਕਰ
ਪ੍ਰਿੰ. ਸਰਵਣ ਸਿੰਘ
ਸਚਿਨ ਤੇਂਦੁਲਕਰ ਨੂੰ ਕੋਈ ‘ਦੌੜਾਂ ਦੀ ਮਸ਼ੀਨ’ ਕਹਿੰਦਾ ਰਿਹੈ, ਕੋਈ ‘ਕ੍ਰਿਕਟ ਦਾ ਭਗਵਾਨ।’ ਉਸ ਨੇ ਅੰਤਰਰਾਸ਼ਟਰੀ ਪੱਧਰ ਦੀ ਕ੍ਰਿਕਟ ’ਚ 100 ਸੈਂਕੜੇ ਮਾਰੇ, 200 ਟੈਸਟ ਮੈਚ ਤੇ 463 ਇੱਕ ਰੋਜ਼ਾ ਇੰਟਰਨੈਸ਼ਨਲ ਮੈਚ ਖੇਡੇ ਜਿਨ੍ਹਾਂ ਵਿੱਚ 34357 ਦੌੜਾਂ ਬਣਾਈਆਂ। ਵਨ ਡੇਅ ਇੰਟਨੈਸ਼ਨਲ ਮੈਚਾਂ ਵਿੱਚ 200 ਦੌੜਾਂ ਬਟੋਰੀਆਂ ਤੇ 62 ਵਨ ਡੇਅ ਮੈਚਾਂ ਵਿੱਚ ਮੈਨ ਆਫ ਦਿ ਮੈਚ ਬਣਿਆ। ਉਹ ਭਾਰਤ ਦਾ ਪਹਿਲਾ ਖਿਡਾਰੀ ਹੈ ਜਿਸ ਨੂੰ ਦੇਸ਼ ਦੇ ਸਰਬਉੱਚ ਸਿਵਲੀਅਨ ਐਵਾਰਡ ‘ਭਾਰਤ ਰਤਨ’ ਨਾਲ ਸਨਮਾਨਿਤ ਕੀਤਾ ਗਿਆ।
ਸਚਿਨ ਤੇਂਦੁਲਕਰ ਨੂੰ ਰੁਸਤਮੇ ਜ਼ਮਾਂ ਗਾਮੇ ਭਲਵਾਨ ਵਾਂਗ ਕ੍ਰਿਕਟ ਦਾ ਰੁਸਤਮੇ ਜ਼ਮਾਂ ਕਿਹਾ ਜਾ ਸਕਦੈ। ਜਿਵੇਂ ਗਾਮੇ ਨੇ ਭਲਵਾਨੀ ਵਿੱਚ ਆਲਮੀ ਗੁਰਜ ਜਿੱਤੀ ਉਵੇਂ ਸਚਿਨ ਨੇ ਕ੍ਰਿਕਟ ਦਾ ਵਿਸ਼ਵ ਕੱਪ ਜਿੱਤਿਆ। ਗਾਮਾ 5 ਫੁੱਟ 6 ਇੰਚ ਕੱਦ ਦਾ ਸਮੱਧਰ ਪਹਿਲਵਾਨ ਸੀ, ਸਚਿਨ 5 ਫੁੱਟ 5 ਇੰਚ ਕੱਦ ਦਾ ਸਮੱਧਰ ਕ੍ਰਿਕਟਰ ਹੈ। ਖੇਡ ਪ੍ਰਤਿਭਾ ਵੱਡੇ ਕੱਦ ਕਾਠ ਵਾਲੇ ਖਿਡਾਰੀਆਂ ਵਿੱਚ ਹੀ ਨਹੀਂ ਹੁੰਦੀ, ਜੂਝ ਮਰੋ ਦੇ ਜਜ਼ਬੇ ਨਾਲ ਖੇਡਣ ਵਾਲੇ ਖਿਡਾਰੀਆਂ ’ਚ ਵੀ ਹੁੰਦੀ ਹੈ। ਲੰਮੇ ਕੱਦ ਕਾਠਾਂ ਵਾਲੇ ਕਈ ਅਜਿਹੇ ਨੌਜੁਆਨ ਵੇਖੀਦੇ ਹਨ ਜੋ ਆਪਣੇ ਵਜ਼ਨ ਜਿੰਨਾ ਵੇਟ ਵੀ ਨਹੀਂ ਚੁੱਕ ਸਕਦੇ। ਅਜਿਹੇ ਪੰਜ ਫੁੱਟੇ ਵੇਟਲਿਫਟਰ ਵੇਖੇ ਹਨ ਜਿਹੜੇ ਆਪਣੇ ਵਜ਼ਨ ਨਾਲੋਂ ਤਿੰਨ ਗੁਣਾਂ ਤੋਂ ਵੀ ਵੱਧ ਵੇਟ ਦੇ ਬਾਲੇ ਕੱਢਦੇ ਹਨ।
ਸਚਿਨ 2011 ਵਿੱਚ ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਕ੍ਰਿਕਟ ਟੀਮ ਦਾ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਬੱਲੇਬਾਜ਼ ਸੀ। ਵਿਸ਼ਵ ਕੱਪ ਦੀ ਜਿੱਤ ਨੂੰ ਉਹ ਆਪਣੇ ਕ੍ਰਿਕਟ ਕਰੀਅਰ ਦੀ ਸਭ ਤੋਂ ਵੱਡੀ ਜਿੱਤ ਮੰਨਦਾ ਹੈ। ਜੇਤੂ ਵਿਸ਼ਵ ਕੱਪ ਖੇਡਦਿਆਂ ਸਚਿਨ ਨੇ 99ਵੀਂ ਸੈਂਚਰੀ ਮਾਰੀ ਸੀ। ਉਸ ਨੂੰ ਮਲਾਲ ਸੀ, ਕਾਸ਼! ਉਹ 100ਵੀਂ ਸੈਂਚਰੀ ਵੀ ਮਾਰ ਸਕਦਾ। ਉਸ ਦਾ ਸਕੋਰ 67 ਤੱਕ ਤਾਂ ਪਹੁੰਚ ਗਿਆ ਸੀ, ਪਰ 100ਵੀਂ ਸੈਂਚਰੀ ਤੋਂ 33 ਦੌੜਾਂ ਘੱਟ ਰਹਿ ਗਿਆ ਸੀ। ਆਖ਼ਰ ਉਹ ਟੀਚਾ ਉਸ ਨੇ ਮਾਰਚ 2012 ਵਿੱਚ ਸਰ ਕੀਤਾ ਜਦੋਂ ਬੰਗਲਾਦੇਸ਼ ਵਿਰੁੱਧ ਇੱਕ ਰੋਜ਼ਾ ਇੰਟਰਨੈਸ਼ਨਲ ਮੈਚ ਵਿੱਚ ਆਪਣੀ 100ਵੀਂ ਸੈਂਚਰੀ ਮਾਰੀ। ਉਹਦੇ ਨਾਲ ਉਹਦੀਆਂ 51 ਸੈਂਚਰੀਆਂ ਟੈਸਟ ਮੈਚਾਂ ਦੀਆਂ ਹੋ ਗਈਆਂ ਤੇ 49 ਸੈਂਚਰੀਆਂ ਇੱਕ ਰੋਜ਼ਾ ਮੈਚਾਂ ਦੀਆਂ। 2013 ਵਿੱਚ ਜਦੋਂ ਉਹ ਕ੍ਰਿਕਟ ਤੋਂ ਰਿਟਾਇਰ ਹੋਇਆ ਤਾਂ ਉਹਦੇ ਟੈਸਟ ਮੈਚਾਂ ਦੀਆਂ 15921 ਤੇ ਇੱਕ ਰੋਜ਼ਾ ਇੰਟਰਨੈਸ਼ਲ ਮੈਚਾਂ ਦੀਆਂ 18426 ਦੌੜਾਂ ਬਣ ਚੁੱਕੀਆਂ ਸਨ।
2010 ’ਚ ‘ਟਾਈਮ’ ਮੈਗਜ਼ੀਨ ਨੇ ਸਚਿਨ ਤੇਂਦੁਲਕਰ ਦਾ ਨਾਂ ਵਿਸ਼ਵ ਦੇ ਸਭ ਤੋਂ ਵੱਧ ਪ੍ਰਭਾਵਸ਼ਾਲੀ ਵਿਅਕਤੀਆਂ ਵਿੱਚ ਦਰਜ ਕੀਤਾ। ਇੰਟਰਨੈਸ਼ਨਲ ਕ੍ਰਿਕਟ ਕੌਂਸਲ ਨੇ 2011 ਵਿੱਚ ਉਸ ਨੂੰ ਸਰ ਗਾਰਫੀਲਡ ਸੋਬਰਜ਼ ਟਰਾਫੀ ਨਾਲ ਸਨਮਾਨਿਤ ਕੀਤਾ। ਭਾਰਤ ਸਰਕਾਰ ਵੱਲੋਂ ਸਚਿਨ ਨੂੰ ਵੱਡੇ ਮਾਨ ਸਨਮਾਨ ਮਿਲੇ। 1994 ਵਿੱਚ ਉਸ ਨੂੰ ਅਰਜੁਨ ਐਵਾਰਡ ਮਿਲਿਆ ਤੇ 1997 ’ਚ ਮੇਜਰ ਧਿਆਨ ਚੰਦ ਖੇਲ ਰਤਨ ਐਵਾਰਡ। 1998 ਵਿੱਚ ਪਦਮ ਸ਼੍ਰੀ ਅਤੇ 2008 ’ਚ ਪਦਮ ਭੂਸ਼ਨ। ਨਵੰਬਰ 2013 ਵਿੱਚ ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਉਸ ਨੂੰ ਭਾਰਤ ਦਾ ਸਰਬੋਤਮ ਸਿਵਲੀਅਨ ਐਵਾਰਡ ਭਾਰਤ ਰਤਨ ਦੇਣ ਦਾ ਐਲਾਨ ਹੋਇਆ। ਉਹ ਭਾਰਤ ਦਾ ਪਹਿਲਾ ਖਿਡਾਰੀ ਹੈ ਜਿਸ ਨੂੰ 2014 ਵਿੱਚ ਭਾਰਤ ਰਤਨ ਦੀ ਉਪਾਧੀ ਨਾਲ ਸਨਮਾਨਿਤ ਕੀਤਾ ਗਿਆ। ਸਚਿਨ ਉਦੋਂ ਕੇਵਲ 41 ਸਾਲਾਂ ਦਾ ਸੀ। ਓਲੰਪਿਕ ਖੇਡਾਂ ’ਚੋਂ ਹਾਕੀ ਦੇ ਤਿੰਨ-ਤਿੰਨ ਗੋਲਡ ਮੈਡਲ ਜਿੱਤਣ ਵਾਲੇ ਧਿਆਨ ਚੰਦ ਤੇ ਬਲਬੀਰ ਸਿੰਘ ਵਰਗੇ ਖਿਡਾਰੀ ਮੌਜੂਦ ਸਨ, ਪਰ ਭਾਰਤ ਸਰਕਾਰ ਵੱਲੋਂ ਖੇਡਾਂ ਦਾ ਪਹਿਲਾ ਭਾਰਤ ਰਤਨ ਸਚਿਨ ਤੇਂਦੁਲਕਰ ਨੂੰ ਬਣਾਇਆ ਗਿਆ। ਉਹ 2012 ਤੋਂ 2018 ਤੱਕ ਰਾਜ ਸਭਾ ਦਾ ਮੈਂਬਰ ਰਿਹਾ ਤੇ ਉਹਦੇ ਨਾਂ ਦੀ ਡਾਕ ਟਿਕਟ ਵੀ ਜਾਰੀ ਕੀਤੀ ਗਈ।
ਸਚਿਨ ਦਾ ਜਨਮ 24 ਅਪਰੈਲ 1973 ਨੂੰ ਨਿਰਮਲ ਨਰਸਿੰਗ ਹੋਮ ਦਾਦਰ, ਬੰਬਈ ਵਿਖੇ ਹੋਇਆ ਜਿਸ ਨੂੰ ਹੁਣ ਮੁੰਬਈ ਕਿਹਾ ਜਾਂਦਾ ਹੈ। ਉਸ ਦੇ ਪਿਤਾ ਰਮੇਸ਼ ਤੇਂਦੁਲਕਰ ਮਰਾਠੀ ਦੇ ਪ੍ਰਸਿੱਧ ਕਵੀ ਤੇ ਲੇਖਕ ਸਨ। ਉਨ੍ਹਾਂ ਦੇ ਪਹਿਲੇ ਵਿਆਹ ’ਚੋਂ ਇਕ ਧੀ ਤੇ ਦੋ ਪੁੱਤਰ ਪੈਦਾ ਹੋਏ। ਤੀਜੇ ਬੱਚੇ ਦੇ ਜਣੇਪੇ ਪਿੱਛੋਂ ਪਤਨੀ ਦੀ ਮੌਤ ਹੋ ਗਈ। ਫਿਰ ਉਸ ਨੇ ਬੀਮੇ ਦੀ ਸਨਅਤ ਵਿੱਚ ਕੰਮ ਕਰਦੀ ਰਜਨੀ ਨਾਲ ਦੂਜਾ ਵਿਆਹ ਕਰਵਾ ਲਿਆ। ਰਜਨੀ ਦੀ ਕੁੱਖੋਂ ਉਸ ਦਾ ਇੱਕ ਹੋਰ ਪੁੱਤਰ ਪੈਦਾ ਹੋਇਆ। ਪਿਤਾ ਨੇ ਸੰਗੀਤਕਾਰ ਸਚਿਨ ਦੇਵ ਬਰਮਨ ਦਾ ਪ੍ਰਸੰਸਕ ਹੋਣ ਕਰਕੇ ਆਪਣੇ ਪੁੱਤਰ ਦਾ ਨਾਂ ਸਚਿਨ ਰੱਖਿਆ, ਪਰ ਉਹ ਬਚਪਨ ਵਿੱਚ ਹੀ ਬੁੱਲੀ ਬੌਇ ਬਣ ਗਿਆ। ਸਕੂਲੇ ਪੜ੍ਹਨ ਜਾਂਦਾ ਨਵੇਂ ਵਿਦਿਆਰਥੀਆਂ ਨਾਲ ਆਢਾ ਲਾ ਬਹਿੰਦਾ। ਪਹਿਲਾਂ ਉਹ ਟੈਨਿਸ ਖੇਡਣ ਲੱਗਾ ਸੀ ਤੇ ਅਮਰੀਕਨ ਟੈਨਿਸ ਸਟਾਰ ਜੌਨ੍ਹ ਮਕੈਨਰੋ ਵਾਂਗ ਲੰਮੇ ਵਾਲ ਰੱਖਣ ਲੱਗ ਪਿਆ ਸੀ। ਉਹਦੇ ਵਾਂਗ ਹੀ ਗੁੱਟ-ਬੈਂਡ ਤੇ ਹੈੱਡ-ਬੈਂਡ ਬੰਨ੍ਹਦਾ ਅਤੇ ਹੱਥ ’ਚ ਟੈਨਿਸ ਦਾ ਰੈਕਟ ਰੱਖਦਾ।
ਉਸ ਦਾ ਵੱਡਾ ਭਰਾ ਅਜੀਤ ਬੰਬੇ ਦੀ ਕੰਗਾ ਕ੍ਰਿਕਟ ਲੀਗ ਖੇਡਣ ਲੱਗਾ ਤਾਂ ਉਸ ਨੇ ਸਚਿਨ ਨੂੰ ਵੀ ਕ੍ਰਿਕਟ ਖੇਡਣ ਦੀ ਚੇਟਕ ਲਾ ਦਿੱਤੀ। 1984 ’ਚ ਅਜੀਤ ਉਸ ਨੂੰ ਸ਼ਿਵਾ ਜੀ ਪਾਰਕ ਵਿੱਚ ਕੋਚਿੰਗ ਦਿੰਦੇ ਰਮਾਕਾਂਤ ਅਚਰੇਕਰ ਕੋਲ ਲੈ ਗਿਆ। ਕੋਚ ਨੇ ਉਸ ਨੂੰ ਖਿਡਾਇਆ ਤਾਂ ਉਹ ਸੰਗਦਾ ਝਿਜਕਦਾ ਬੜਾ ਮਾੜਾ ਖੇਡਿਆ। ਕੋਚ ਨੇ ਸਚਿਨ ਨੂੰ ਟਾਲਣ ਦੀ ਕੋਸ਼ਿਸ਼ ਕੀਤੀ, ਪਰ ਅਜੀਤ ਦੇ ਜ਼ੋਰ ਪਾਉਣ ’ਤੇ ਆਪਣੀ ਕ੍ਰਿਕਟ ਅਕੈਡਮੀ ’ਚ ਦਾਖਲ ਕਰ ਹੀ ਲਿਆ। ਬਾਅਦ ਵਿੱਚ ਅਚਰੇਕਰ ਨੂੰ ਸਚਿਨ ਦਾ ਪਹਿਲਾ ਕੋਚ ਹੋਣ ਦਾ ਬੜਾ ਮਾਣ ਮਿਲਿਆ।
ਕ੍ਰਿਕਟ ਅਕੈਡਮੀ ਵਿੱਚ ਉਹ ਘੰਟਿਆਂ ਬੱਧੀ ਪ੍ਰੈਕਟਿਸ ਕਰਦਾ। ਜਦੋਂ ਥੱਕ ਜਾਂਦਾ ਤਾਂ ਕੋਚ ਇੱਕ ਰੁਪਏ ਦਾ ਸਿੱਕਾ ਟਰੰਪ ਦੀ ਟੀਸੀ ’ਤੇ ਟਿਕਾਅ ਕੇ ਕੁਝ ਹੋਰ ਓਵਰ ਖੇਡਣ ਦਾ ਇਨਾਮ ਰੱਖਦਾ। ਜੇ ਗੇਂਦਬਾਜ਼ ਉਸ ਨੂੰ ਮਿੱਥੇ ਓਵਰਾਂ ਵਿੱਚ ਆਊਟ ਕਰ ਦਿੰਦਾ ਤਾਂ ਸਿੱਕਾ ਗੇਂਦਬਾਜ਼ ਨੂੰ ਮਿਲ ਜਾਂਦਾ। ਜੇ ਸਚਿਨ ਆਊਟ ਨਾ ਹੁੰਦਾ ਤਾਂ ਸਿੱਕਾ ਉਸੇ ਦਾ ਹੋ ਜਾਂਦਾ। ਇੰਜ ਸਚਿਨ ਨੇ 13 ਰੁਪਏ ਕਮਾਏ ਜੋ ਉਹ ਆਪਣਾ ਸਭ ਤੋਂ ਵੱਡਾ ਇਨਾਮ ਸਮਝਦਾ ਹੈ। ਉਹ ਸਕੂਲਾਂ ਦੀ ਕ੍ਰਿਕਟ ਖੇਡਣ ਨਾਲ ਕਲੱਬਾਂ ਦੀ ਕ੍ਰਿਕਟ ਵੀ ਖੇਡਿਆ। 1984 ਵਿੱਚ 11 ਸਾਲ ਦੀ ਉਮਰੇ ਉਹ ਜੌਨ੍ਹ ਬ੍ਰਾਈਟ ਕ੍ਰਿਕਟ ਕਲੱਬ ਵੱਲੋਂ ਕਾਂਗਾ ਕ੍ਰਿਕਟ ਲੀਗ ਖੇਡਣ ਲੱਗ ਪਿਆ। ਫਿਰ ਤਾਂ ਚੱਲ ਸੁ ਚੱਲ ਹੋ ਗਈ। ਵੱਡਾ ਹੋ ਕੇ ਉਸ ਨੇ ਮਹਾਨ ਸੰਗੀਤਕਾਰ ਸਚਿਨ ਦੇਵ ਬਰਮਨ ਦੇ ਨਾਂ ’ਤੇ ਰੱਖੇ ਨਾਂ ਸਚਿਨ ਦੀ ਸੱਚਮੁੱਚ ਲਾਜ ਰੱਖ ਵਿਖਾਈ।
ਸਚਿਨ ਨੇ ਭਾਰਤੀ ਕ੍ਰਿਕਟ ਟੀਮਾਂ ਦੀਆਂ ਟੈਸਟ ਮੈਚਾਂ ਤੇ ਵਨ ਡੇਅ ਕੱਪਾਂ ’ਚ ਕਪਤਾਨੀਆਂ ਵੀ ਕੀਤੀਆਂ ਤੇ ਦੋ ਦਹਾਕੇ ਅੰਤਰਰਾਸ਼ਟਰੀ ਕ੍ਰਿਕਟ ਮੈਚਾਂ ਦਾ ਸ਼ਿੰਗਾਰ ਬਣਿਆ ਰਿਹਾ। ਉਸ ਨੂੰ ਸਰਬ ਸਮਿਆਂ ਦਾ ਮਹਾਨਤਮ ਕ੍ਰਿਕਟਰ ਐਲਾਨਿਆ ਗਿਆ। ਉਸ ਦੇ ਕਈ ਰਿਕਾਰਡ ਹਾਲੇ ਵੀ ਕਾਇਮ ਹਨ। ਉਹ ਬਹੁਤ ਸਾਰੇ ਅੰਤਰਰਾਸ਼ਟਰੀ ਇੱਕ ਰੋਜ਼ਾ ਅਤੇ ਟੈਸਟ ਮੈਚਾਂ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਕਰਕੇ ‘ਪਲੇਅਰ ਆਫ ਦਿ ਮੈਚ’ ਦੇ ਕਈ ਐਵਾਰਡ ਜਿੱਤ ਚੁੱਕਿਆ ਹੈ। ਕੌਮਾਂਤਰੀ ਪੱਧਰ ’ਤੇ ਸੈਂਚਰੀਆਂ ਦੀ ਸੈਂਚਰੀ ਮਾਰਨ ਵਾਲਾ ਵਿਸ਼ਵ ਦਾ ਉਹ ਪਹਿਲਾ ਕ੍ਰਿਕਟ ਖਿਡਾਰੀ ਹੈ। 1987 ਵਿੱਚ ਪਹਿਲੀ ਵਾਰ ਉਸ ਨੂੰ ਮਹਾਨ ਕ੍ਰਿਕਟਰ ਸੁਨੀਲ ਗਵਾਸਕਰ ਨੇ ਖੇਡਦੇ ਵੇਖਿਆ ਤਾਂ ਆਪਣੇ ਹਲਕੇ ਕ੍ਰਿਕਟ ਪੈਡ ਉਹਨੂੰ ਇਨਾਮ ਵਜੋਂ ਦੇ ਦਿੱਤੇ ਜੋ ਉਸ ਲਈ ਹੌਸਲਾ ਵਧਾਊ ਸਾਬਤ ਹੋਏ। 14 ਨਵੰਬਰ 1987 ਨੂੰ 14 ਸਾਲ ਦੀ ਕਿਸ਼ੋਰ ਉਮਰੇ ਉਹ ਰਣਜੀ ਟਰਾਫੀ ਖੇਡਣ ਲਈ ਬੰਬਈ ਦੀ ਟੀਮ ਵਿੱਚ ਚੁਣਿਆ ਗਿਆ। ਉਥੋਂ ਉਹਦੀ ਗੁੱਡੀ ਚੜ੍ਹਨੀ ਸ਼ੁਰੂ ਹੋ ਗਈ। 1988 ’ਚ ਉਹ ਕ੍ਰਿਕਟ ਕਲੱਬ ਆਫ ਇੰਡੀਆ ਦੀ ਟੀਮ ’ਚ ਚੁਣ ਲਿਆ ਗਿਆ। 1989-90 ’ਚ ਉਹ ਦਿੱਲੀ ਵਿਖੇ ਇਰਾਨੀ ਟਰਾਫੀ ਦੇ ਮੈਚ ਰੈਸਟ ਆਫ ਇੰਡੀਆ ਟੀਮ ਵੱਲੋਂ ਖੇਡਿਆ।
1992 ਤੋਂ ਉਹ ਯੌਰਕਸ਼ਾਇਰ ਵੱਲੋਂ ਕਾਊਂਟੀ ਕ੍ਰਿਕਟ ਖੇਡਣ ਲੱਗਾ ਤਾਂ ਉਸ ਦੇ ਟੂਰ ਲੱਗਣੇ ਸ਼ੁਰੂ ਹੋ ਗਏ। ਉਹ 17ਵੇਂ ਸਾਲ ਦੀ ਉਮਰੇ ਅੰਤਰਰਾਸ਼ਟਰੀ ਟੈਸਟ ਮੈਚ ਖੇਡਣ ਲੱਗ ਪਿਆ ਸੀ। 1994 ਤੋਂ ਉਹ ਵਨ ਡੇਅ ਇੰਟਨੈਸ਼ਨਲ ਮੈਚ ਖੇਡਣ ਲੱਗਾ। 1995-96 ਦੇ ਇਰਾਨੀ ਕੱਪ ਵਿੱਚ ਉਸ ਨੇ ਰੈਸਟ ਆਫ ਇੰਡੀਆ ਦੀ ਟੀਮ ਵਿਰੁੱਧ ਮੁੰਬਈ ਟੀਮ ਦੀ ਕਪਤਾਨੀ ਕੀਤੀ। 1995 ਵਿੱਚ ਜਦੋਂ ਉਹਦੀ ਗੁੱਡੀ ਸਿਖਰ ’ਤੇ ਸੀ, ਉਹਦਾ ਵਿਆਹ ਗੁਜਰਾਤੀ ਮੂਲ ਦੀ ਡਾਕਟਰ ਅੰਜਲੀ ਮਹਿਤਾ ਨਾਲ ਹੋ ਗਿਆ। ਉਨ੍ਹਾਂ ਦੀ ਪਹਿਲੀ ਮੁਲਾਕਾਤ 1990 ਵਿੱਚ ਮੁੰਬਈ ਏਅਰਪੋਰਟ ’ਤੇ ਹੋਈ ਸੀ ਜਦੋਂ ਸਚਿਨ ਭਾਰਤ ਦੀ ਟੀਮ ਨਾਲ ਵਾਪਸ ਘਰ ਆ ਰਿਹਾ ਸੀ। ਵਿਆਹ ਪਿੱਛੋਂ ਅੰਜਲੀ ਨੇ ਨੌਕਰੀ ਛੱਡ ਦਿੱਤੀ ਸੀ। ਉਨ੍ਹਾਂ ਦੇ ਬੱਚੇ ਸਾਰਾ ਤੇਂਦੁਲਕਰ ਤੇ ਅਰਜੁਨ ਤੇਂਦੁਲਕਰ ਹਨ।
ਸਚਿਨ 11 ਸਾਲਾਂ ਦਾ ਸੀ ਜਦੋਂ ਕ੍ਰਿਕਟ ਨੂੰ ਸਮਰਪਿਤ ਹੋ ਗਿਆ ਸੀ। ਸਕੂਲਾਂ ’ਚ ਖੇਡਦਾ ਉਹ ਕਲੱਬਾਂ ਨਾਲ ਖੇਡਣ ਲੱਗ ਪਿਆ ਸੀ। 15 ਨਵੰਬਰ 1989 ਨੂੰ ਉਹ ਮੁੰਬਈ ਵੱਲੋਂ ਕਰਾਚੀ ਵਿਖੇ ਆਪਣੇ ਖੇਡ ਕਰੀਅਰ ਦਾ ਪਹਿਲਾ ਟੈਸਟ ਮੈਚ ਖੇਡਣ ਗਿਆ। ਉਹ 24 ਸਾਲ ਮੁੰਬਈ ਤੇ ਭਾਰਤ ਦੀਆਂ ਟੀਮਾਂ ਦੀ ਰਾਸ਼ਟਰੀ ਅਤੇ ਅੰਤਰਾਰਸ਼ਟਰੀ ਪੱਧਰ ’ਤੇ ਨੁਮਾਇੰਦਗੀ ਕਰਦਾ ਰਿਹਾ। 1996 ਦੇ ਵਿਸ਼ਵ ਕੱਪ ਵਿੱਚ ਉਸ ਨੇ 2 ਸੈਂਕੜੇ ਮਾਰੇ ਤੇ 1998 ਦੇ ਆਸਟਰੇਲੀਅਨ ਟੂਰ ਵਿੱਚ ਲਗਾਤਾਰ 3 ਸੈਂਚਰੀਆਂ ਮਾਰੀਆਂ। 1999 ਦੌਰਾਨ ਏਸ਼ੀਅਨ ਟੈਸਟ ਚੈਂਪੀਅਨਸ਼ਿਪ, ਟੈਸਟ ਮੈਚ ਤੇ ਵਿਸ਼ਵ ਕੱਪਾਂ ਵਿੱਚ ਉਸ ਦੀ ਖੇਡ ਦੇ ਅੰਕੜੇ ਹੋਰ ਉੱਚੇ ਤੋਂ ਉੱਚੇ ਹੁੰਦੇ ਚਲੇ ਗਏ।
2002 ਵਿੱਚ ਜਦੋਂ ਉਹ ਆਪਣੇ ਖੇਡ ਕਰੀਅਰ ਦੇ ਅੱਧਵਿਚਾਲੇ ਸੀ ਤਾਂ ਵਿਜਡਨ ਰੈਂਕ ਅਨੁਸਾਰ ਡੌਨ ਬਰੈਡਮੈਨ ਨਾਲ ਉਹ ਵਿਸ਼ਵ ਦਾ ਦੂਜਾ ਮਹਾਨਤਮ ਬੱਲੇਬਾਜ਼ ਬਣ ਚੁੱਕਾ ਸੀ। ਉਸੇ ਸਾਲ ਸਚਿਨ ਦੀ ਟੀਮ ਨੇ 2002 ਦੀ ਆਈਸੀਸੀ ਚੈਂਪੀਅਨਜ਼ ਟਰਾਫੀ ਜਾਇੰਟ ਵਿਨਰਜ਼ ਵਜੋਂ ਜਿੱਤਣ ਦਾ ਮਾਰਕਾ ਮਾਰਿਆ। 2003 ਦੇ ਵਿਸ਼ਵ ਕੱਪ ਵਿੱਚ ਉਹ ‘ਪਲੇਅਰ ਆਫ ਦਿ ਟੂਰਨਾਮੈਂਟ’ ਐਲਾਨਿਆ ਗਿਆ। 2011 ਵਿੱਚ ਉਹ ਕ੍ਰਿਕਟ ਦਾ ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਟੀਮ ਦਾ ਸਭ ਤੋਂ ਮਹੱਤਵਪੂਰਨ ਖਿਡਾਰੀ ਸੀ।
ਸਚਿਨ ਇੱਕ ਰੋਜ਼ਾ ਅੰਤਰਰਾਸ਼ਟਰੀ ਕ੍ਰਿਕਟ ਤੋਂ 2012 ਵਿੱਚ ਰਿਟਾਇਰ ਹੋਇਆ ਜਦੋਂ ਕਿ ਆਪਣਾ 200ਵਾਂ ਟੈਸਟ ਮੈਚ ਖੇਡਣ ਪਿੱਛੋਂ ਨਵੰਬਰ 2013 ਵਿੱਚ ਸਰਗਰਮ ਕ੍ਰਿਕਟ ਖੇਡਣ ਤੋਂ ਪੱਕੇ ਤੌਰ ’ਤੇ ਰਿਟਾਇਰ ਹੋ ਗਿਆ। ਉਸ ਨੇ 664 ਅੰਤਰਰਾਸ਼ਟਰੀ ਮੈਚ ਖੇਡੇ ਅਤੇ 34,357 ਦੌੜਾਂ ਬਣਾਈਆਂ। 2019 ਵਿੱਚ ਉਸ ਦਾ ਨਾਂ ਆਈਸੀਸੀ ਕ੍ਰਿਕਟ ਹਾਲ ਆਫ ਫੇਮ ਵਿੱਚ ਫਰੇਮ ਕੀਤਾ ਗਿਆ।
ਉਹ ਕਮਾਲ ਦਾ ਬੱਲੇਬਾਜ਼ ਹੀ ਨਹੀਂ ਲੋੜ ਪੈਣ ’ਤੇ ਮੈਚ ਜਿੱਤ ਵੱਲ ਲਿਜਾਣ ਵਾਲਾ ਗੇਂਦਬਾਜ਼ ਵੀ ਸੀ। ਜਦੋਂ ਕੋਈ ਜੋੜੀ ਲਗਾਤਾਰ ਰਨ ’ਤੇ ਰਨ ਬਣਾਈ ਜਾਂਦੀ ਤਾਂ ਜੋੜੀ ਨੂੰ ਤੋੜਨ ਲਈ ਸਚਿਨ ਨੂੰ ਗੇਂਦ ਸੁੱਟਣ ਲਈ ਕਿਹਾ ਜਾਂਦਾ। ਬਹੁਤੇ ਬੱਲੇਬਾਜ਼ ਉਹਦੀ ਗੇਂਦਬਾਜ਼ੀ ਤੋਂ ਅਣਜਾਣ ਹੁੰਦੇ ਤੇ ਉਹਦੇ ਗੇਂਦ ਜਾਲ ਵਿੱਚ ਫਸ ਕੇ ਆਊਟ ਹੋ ਜਾਂਦੇ। 1993 ਵਿੱਚ ਕੋਲਕਾਤਾ ਦੇ ਈਡਨ ਗਾਰਡਨ ਸਟੇਡੀਅਮ ਵਿਖੇ ਭਾਰਤ ਵਿਰੁੱਧ ਖੇਡੇ ਮੈਚ ਵਿੱਚ ਦੱਖਣੀ ਅਫ਼ਰੀਕਾ ਨੂੰ ਮੈਚ ਜਿੱਤਣ ਲਈ ਕੇਵਲ 5 ਦੌੜਾਂ ਚਾਹੀਦੀਆਂ ਸਨ। ਆਖਰੀ ਓਵਰ ਸੁੱਟਣ ਲਈ ਗੇਂਦ ਸਚਿਨ ਨੂੰ ਦਿੱਤੀ ਗਈ ਤਾਂ ਕਈਆਂ ਨੂੰ ਹੈਰਾਨੀ ਹੋਈ, ਪਰ ਉਸ ਨੇ ਆਖਰੀ ਓਵਰ ’ਚ 5 ਦੌੜਾਂ ਵੀ ਨਾ ਬਣਨ ਦਿੱਤੀਆਂ ਜਿਸ ਨਾਲ ਭਾਰਤੀ ਟੀਮ ਹਾਰਦੀ-ਹਾਰਦੀ ਮੈਚ ਜਿੱਤ ਗਈ। ਸਚਿਨ ਨੇ ਦੌੜਾਂ ਬਣਾਉਣ ਦੇ ਤਾਂ ਢੇਰ ਲਾਏ ਹੀ ਲਾਏ, ਨਾਲ 201 ਵਿਕਟਾਂ ਵੀ ਲਈਆਂ। 2001 ਵਿੱਚ ਈਡਨ ਦੇ ਮੈਦਾਨ ਵਿੱਚ ਹੀ ਆਸਟਰੇਲੀਆ ਦੀਆਂ 3 ਵਿਕਟਾਂ ਲੈ ਕੇ ਭਾਰਤੀ ਟੀਮ ਨੂੰ ਜਿਤਾਇਆ ਤੇ ਟੈਸਟ ਮੈਚਾਂ ਦੀ ਲੜੀ ਜਿੱਤੀ।
ਸਚਿਨ 16 ਸਾਲ 205 ਦਿਨਾਂ ਦਾ ਸੀ ਜਦੋਂ ਇੰਟਰਨੈਸ਼ਨਲ ਟੈਸਟ ਮੈਚ ਖੇਡਣ ਲੱਗਾ। ਉਸ ਦੇ ਪਹਿਲੇ ਹੀ ਟੈਸਟ ਮੈਚ ਵਿੱਚ ਨੱਕ ’ਤੇ ਬਾਲ ਲੱਗ ਗਈ ਸੀ, ਪਰ ਅਸ਼ਕੇ ਉਸ ਦੇ ਕਿ ਜ਼ਖਮੀ ਨੱਕ ਨਾਲ ਵੀ ਕਰੀਜ਼ ’ਤੇ ਡਟਿਆ ਰਿਹਾ। ਉਹਦੀ ਪਹਿਲੀ ਸੈਂਚਰੀ 1990 ’ਚ ਇੰਗਲੈਂਡ ਵਿੱਚ ਵੱਜੀ। 1991-92 ਵਿੱਚ ਉਸ ਨੇ ਆਸਟਰੇਲੀਆ ਦੇ ਸ਼ਹਿਰ ਸਿਡਨੀ ਵਿੱਚ 148 ਦੌੜਾਂ ਤੇ ਪਰਥ ਵਿੱਚ 114 ਦੌੜਾਂ ਬਣਾਈਆਂ। 1990 ਤੋਂ 2000 ਤੱਕ ਉਹ ਸਿਖਰ ਦੀ ਫਾਰਮ ਵਿੱਚ ਸੀ। 2000 ਦੌਰਾਨ ਉਸ ਨੂੰ ਕੁਝ ਐਸੀਆਂ ਸੱਟਾਂ ਲੱਗੀਆਂ ਕਿ ਬੱਲੇਬਾਜ਼ੀ ਕਰਨੀ ਮੁਸ਼ਕਲ ਹੋ ਗਈ ਸੀ, ਪਰ ਉਹ ਵਿਵੀਅਨ ਰਿਚਰਡਜ਼ ਦੀ ਸਲਾਹ ਨਾਲ ਫਿਰ ਵੀ ਖੇਡਦਾ ਰਿਹਾ। 2008 ਵਿੱਚ ਉਸ ਦੀ ਮੇਜਰ ਸਰਜਰੀ ਹੋਈ। ਉਸ ਨੇ ਫਿਰ ਵੀ ਖੇਡਣਾ ਜਾਰੀ ਰੱਖਿਆ ਤੇ ਲੀਜੈਂਡਰੀ ਬੱਲੇਬਾਜ਼ ਬ੍ਰਾਇਨ ਲਾਰਾ ਦਾ ਰਿਕਾਰਡ ਤੋੜਿਆ। ਅਗਸਤ 2009 ਤੋਂ ਅਗਸਤ 2010 ਵਿਚਾਲੇ 1000 ਤੋਂ ਵੱਧ ਦੌੜਾਂ ਬਣਾਈਆਂ ਜਿਨ੍ਹਾਂ ’ਚ ਦੱਖਣੀ ਅਫ਼ਰੀਕਾ ਵਿਰੁੱਧ ਇੱਕ ਡਬਲ ਸੈਂਚਰੀ ਵੀ ਸੀ। 2010 ਵਿੱਚ ਆਈਸੀਸੀ ਨੇ ਉਸ ਨੂੰ ਕ੍ਰਿਕਟਰ ਆਫ ਦਿ ਯੀਅਰ ਐਲਾਨਿਆ।
1996 ਦੇ ਕ੍ਰਿਕਟ ਵਿਸ਼ਵ ਕੱਪ ’ਚ ਦੋ ਸੈਂਕੜਿਆਂ ਸਮੇਤ 523 ਦੌੜਾਂ ਬਣ ਕੇ ਉਹ ਟੌਪ ਸਕੋਰਰ ਰਿਹਾ। 1999 ਦੇ ਵਿਸ਼ਵ ਕੱਪ ਸਮੇਂ ਉਸ ਦੇ ਪਿਤਾ ਦੀ ਮੌੌਤ ਹੋ ਗਈ ਸੀ ਜਿਸ ਕਰਕੇ ਉਸ ਨੂੰ ਇੰਗਲੈਂਡ ਤੋਂ ਘਰ ਪਰਤਣਾ ਪਿਆ ਤੇ ਤੁਰੰਤ ਵਾਪਸੀ ਕਰ ਕੇ ਕੀਨੀਆ ਵਿਰੁੱਧ ਖੇਡਣਾ ਪਿਆ ਸੀ। ਉਸ ਮੈਚ ਵਿੱਚ ਸਚਿਨ ਨੇ ਸੈਂਚਰੀ ਮਾਰੀ ਜੋ ਆਪਣੇ ਮਰਹੂਮ ਪਿਤਾ ਨੂੰ ਅਰਪਿਤ ਕੀਤੀ।
ਸਚਿਨ ਮੁੰਬਈ ਇੰਡੀਅਨਜ਼ ਟੀਮ ਦਾ ਕੈਪਟਨ ਬਣ ਕੇ 2008 ਤੋਂ 2011 ਤੱਕ ਇੰਡੀਅਨ ਪ੍ਰੀਮੀਅਰ ਲੀਗ ਖੇਡਿਆ, ਪਰ ਉਦੋਂ ਜਿੱਤ ਹਾਸਲ ਨਾ ਕਰ ਸਕਿਆ। 2013 ਵਿੱਚ ਜਦੋਂ ਮੁੰਬਈ ਇੰਡੀਅਨਜ਼ ਨੇ ਆਈਪੀਐੱਲ ਟਰਾਫੀ ਜਿੱਤੀ ਤਾਂ ਉਹ ਟੀਮ ਦਾ ਮਹੱਤਵਪੂਰਨ ਅੰਗ ਸੀ। ਉਸ ਤੋਂ ਬਾਅਦ ਉਹ ਰਿਟਾਇਰ ਹੋ ਗਿਆ। 6 ਨਵੰਬਰ 2014 ਨੂੰ ਉਸ ਦੀ ਸਵੈਜੀਵਨੀ ‘ਪਲੇਇੰਗ ਇਟ ਮਾਈ ਵੇਅ’ ਰਿਲੀਜ਼ ਹੋਈ। ਲਿਮਕਾ ਬੁੱਕ ਆਫ ਰਿਕਾਰਡਜ਼ ਅਨੁਸਾਰ ਉਸ ਪੁਸਤਕ ਦੀਆਂ 150,289 ਕਾਪੀਆਂ ਅਗਾਊਂ ਵਿਕਣ ਦਾ ਰਿਕਾਰਡ ਕਾਇਮ ਹੋਇਆ। 2017 ਵਿੱਚ ‘ਸਚਿਨ: ਏ ਬਿਲੀਅਨ ਡਰੀਮਜ਼’ ਤੇ 2023 ਵਿੱਚ ‘ਸਚਿਨ: ਦਿ ਅਲਟੀਮੇਟ ਵਿਨਰ’ ਫਿਲਮਾਂ ਰਿਲੀਜ਼ ਹੋਈਆਂ।
ਸਚਿਨ ਨੇ ਟੈਸਟ ਮੈਚ, ਓਡੀਆਈ, ਟੀ-ਟਵੰਟੀ ਗੱਲ ਕੀ ਹਰ ਤਰ੍ਹਾਂ ਦੀ ਕ੍ਰਿਕਟ ਖੇਡਣ ਨਾਲ 6 ਵਿਸ਼ਵ ਕੱਪ ਵੀ ਖੇਡੇ। 2011 ਵਿੱਚ ਵਿਸ਼ਵ ਕੱਪ ਜਿੱਤਿਆ ਤਾਂ ਖ਼ੁਸ਼ੀ ਵਿੱਚ ਉਹਦੇ ਹੰਝੂ ਵਹਿ ਤੁਰੇ ਸਨ। 2013 ’ਚ ਵਾਨਖੇੜੇ ਸਟੇਡੀਅਮ ਮੁੰਬਈ ਵਿੱਚ ਵਿਦਾਇਗੀ ਮੈਚ ਖੇਡਿਆ ਤਾਂ ਉਹਦੇ ਅੱਥਰੂਆਂ ਨਾਲ ਦਰਸ਼ਕਾਂ ਦੀਆਂ ਅੱਖਾਂ ਵੀ ਭਰ ਆਈਆਂ ਸਨ। ਭਰੇ ਸਟੇਡੀਅਮ ਨੇ ਹਉਕਾ ਭਰਿਆ ਸੀ। ਭਾਰਤ ਹੀ ਨਹੀਂ ਸਮੁੱਚੇ ਖੇਡ ਜਗਤ ਲਈ ਉਹ ਭਾਵੁਕ ਪਲ ਸਨ। ਕ੍ਰਿਕਟ ਤੋਂ ਰਿਟਾਇਰ ਹੋ ਕੇ ਸਚਿਨ ਨੇ ਸਪੋਰਟਸ, ਸਿਹਤ ਤੇ ਸਿੱਖਿਆ ਲਈ ਪੁੰਨ ਦੇ ਕਈ ਅਜਿਹੇ ਕਾਰਜ ਵਿੱਢੇ ਹੋਏ ਨੇ ਜੋ ਲੋੜਵੰਦਾਂ ਦੀਆਂ ਅਸੀਸਾਂ ਲੈ ਰਹੇ ਨੇ। ਉਹ ਖੇਡ ਮੈਦਾਨਾਂ ਵਿੱਚ ਤਾਂ ਚਮਕਿਆ ਹੀ ਹੈ, ਸੇਵਾ ਦੇ ਖੇਤਰ ਵਿੱਚ ਵੀ ਲਿਸ਼ਕਦਾ ਰਹੇਗਾ। ਦੌੜਾਂ ਦੀਆਂ ਝੜੀਆਂ ਲਾਉਣ ਵਾਲੇ ਕ੍ਰਿਕਟ ਦੇ ਰੁੁਸਤਮੇ ਜ਼ਮਾਂ ਸਚਿਨ ਤੇਂਦੁਲਕਰ ਦੀ ਬਾਤ ਅਜੇ ਮੁੱਕੀ ਨਹੀਂ। ਇਹ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾ ਦਾ ਸੋਮਾ ਬਣੀ ਰਹੇਗੀ।
ਈ-ਮੇਲ: principalsarwansingh@gmail.com