DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਲੋਕ-ਬੋਲੀਆਂ ਦਾ ਧਾਰਮਿਕ ਆਗਾਜ਼

ਭੋਲਾ ਸਿੰਘ ਸ਼ਮੀਰੀਆ ਲੋਕ-ਬੋਲੀਆਂ ਦਾ ਸਬੰਧ ਸਾਡੇ ਵਲਵਲਿਆਂ, ਚਾਵਾਂ, ਖ਼ੁਸ਼ੀਆਂ ਤੇ ਧੜਕਦੇ ਜਜ਼ਬਾਤਾਂ ਨਾਲ ਹੈ। ਸਮਾਜ ਦੀ ਹਰ ਖ਼ੁਸ਼ੀ ਦਿਲ ਦੀ ਸੰਗੀਤਕ ਲਹਿਰ ਰਾਹੀਂ ਬੁੱਲ੍ਹਾਂ ’ਤੇ ਤਰੰਨੁਮ ਬਣ ਕੇ ਪੈਰਾਂ ਦੀ ਤਾਲ ਜ਼ਰੀਏ ਇੱਕ ਨਾਚ ਬਣ ਕੇ ਪਸਰ ਜਾਂਦੀ ਹੈ।...

  • fb
  • twitter
  • whatsapp
  • whatsapp
Advertisement

ਭੋਲਾ ਸਿੰਘ ਸ਼ਮੀਰੀਆ

ਲੋਕ-ਬੋਲੀਆਂ ਦਾ ਸਬੰਧ ਸਾਡੇ ਵਲਵਲਿਆਂ, ਚਾਵਾਂ, ਖ਼ੁਸ਼ੀਆਂ ਤੇ ਧੜਕਦੇ ਜਜ਼ਬਾਤਾਂ ਨਾਲ ਹੈ। ਸਮਾਜ ਦੀ ਹਰ ਖ਼ੁਸ਼ੀ ਦਿਲ ਦੀ ਸੰਗੀਤਕ ਲਹਿਰ ਰਾਹੀਂ ਬੁੱਲ੍ਹਾਂ ’ਤੇ ਤਰੰਨੁਮ ਬਣ ਕੇ ਪੈਰਾਂ ਦੀ ਤਾਲ ਜ਼ਰੀਏ ਇੱਕ ਨਾਚ ਬਣ ਕੇ ਪਸਰ ਜਾਂਦੀ ਹੈ। ਜਿਸ ਨੂੰ ਅਸੀਂ ਸੁਧਰੀ ਭਾਸ਼ਾ ਵਿੱਚ ਨਾਚ ਕਹਿ ਦਿੰਦੇ ਹਾਂ। ਫਿਰ ਇਹ ਨਾਚ ਨੇਮਾਂ ’ਚ ਬੱਝਦਾ ਹੋਇਆ ਇੱਕ ਸੰਵਿਧਾਨਕ ਰੂਪ ਅਖ਼ਤਿਆਰ ਕਰਕੇ ਸਟੇਜਾਂ ’ਤੇ ਆ ਚੜ੍ਹਦਾ ਹੈ।

Advertisement

ਮਨੁੱਖ ਦੇ ਅੰਦਰੋਂ ਲੋਕ-ਬੋਲੀਆਂ ਅੰਗੜਾਈਆਂ ਲੈਂਦੀਆਂ ਹਨ। ਅੰਦਰੋਂ ਉੱਠੀ ਇਹ ਅੰਗੜਾਈ ਬੁੱਲ੍ਹਾਂ ਦੀ ਸੀਮਾ ਲੰਘਣ ਤੋਂ ਪਹਿਲਾਂ ਮਨੁੱਖੀ ਮੁਦਰਾਵਾਂ ਨੂੰ ਵੀ ਆਪਣੇ ਕਲਾਵੇ ਵਿੱਚ ਲੈ ਲੈਂਦੀ ਹੈ। ਚਿਹਰੇ ਦੇ ਹਾਵ-ਭਾਵ, ਅੱਖਾਂ, ਹੱਥਾਂ ਤੇ ਪੈਰਾਂ ਦੀ ਤਾਲ ਦੇ ਸੰਗ ਪ੍ਰਵਾਨ ਚੜ੍ਹਦੀ ਹੈ। ਮੁੱਢ-ਕਦੀਮੋਂ ਹੀ ਭਾਰਤੀ ਸੰਸਕ੍ਰਿਤੀ ਦੀ ਮਾਨਸਿਕਤਾ ਧਾਰਮਿਕ ਰੰਗਤ ਵਾਲੀ ਰਹੀ ਹੈ। ਅਸੀਂ ਹਰ ਸ਼ੁਭ ਕਾਰਜ ਕਰਨ ਤੋਂ ਪਹਿਲਾਂ ਰੱਬ ਦੀ ਬੰਦਗੀ ਜਾਂ ਅਰਾਧਨਾ ਕਰਕੇ ਉਸ ਕਾਰਜ ਦੀ ਸੰਪੂਰਨਤਾ ਅਤੇ ਸਲਾਮਤੀ ਲੋਚਦੇ ਹਾਂ। ਇਸ ਤੱਥ ਦੀ ਗੁਰਬਾਣੀ ਵੀ ਤਰਜ਼ਮਾਨੀ ਕਰਦੀ ਹੈ;

Advertisement

ਕੀਤਾ ਲੋੜੀਐ ਕੰਮੁ ਸੁ ਹਰਿ ਪਹਿ ਆਖੀਐ।

ਕਾਰਜੁ ਦੇਇ ਸਵਾਰਿ ਸਤਿਗੁਰ ਸਚੁ ਸਾਖੀਐ॥

ਜਦੋਂ ਨਾਚ ਨੇਮਬੱਧ ਹੋ ਗਿਆ ਤਾਂ ਇਸ ਦੇ ਨਿਭਾਅ ਲਈ ਵੀ ਮਾਪਦੰਡ ਬਣ ਗਏ। ਬੋਲੀ ਦੀ ਭਾਵਨਾ ਅਨੁਸਾਰ ਮਨੁੱਖੀ ਮੁਦਰਾਵਾਂ ਨੂੰ ਢਾਲਣਾ ਇੱਕ ਕਲਾਤਮਕ ਕਿਰਿਆ ਬਣ ਗਈ। ਇਸ ਕਲਾ ਨੂੰ ਨਿਭਾਉਣ ਲਈ ਕਲਾਕਾਰ ਆਪਣੇ ਇਸ਼ਟ ਜਾਂ ਦੇਵੀ ਦੇਵਤਿਆਂ ਦੀ ਅਰਾਧਨਾ ਕਰਦਾ ਹੈ। ਇਸ ਤਰ੍ਹਾਂ ਲੋਕ-ਬੋਲੀਆਂ ਵਿੱਚ ਦੇਵੀ-ਦੇਵਤਿਆਂ ਦੀ ਅਰਾਧਨਾ ਕਰਨੀ ਇੱਕ ਕਲਾਕਾਰ ਦਾ ਧਰਮ ਬਣ ਜਾਂਦਾ ਹੈ। ਆਪਣੀ ਕਲਾ ਦੀ ਸੰਪੂਰਨਤਾ ਲਈ ਕਲਾਕਾਰ ਆਪਣੀ ਵੰਨਗੀ ਨੂੰ ਪੇਸ਼ ਕਰਨ ਤੋਂ ਪਹਿਲਾਂ ਆਪਣੇ ਇਸ਼ਟ ਜਾਂ ਦੇਵੀ ਦੇਵਤਿਆਂ ਨੂੰ ਪਹਿਲੀ ਬੋਲੀ ਰਾਹੀਂ ਧਿਆਉਂਦਾ ਹੈ ਤਾਂ ਕਿ ਉਸ ਦੀ ਕਲਾਤਮਕ ਬਿਰਤੀ ਭੰਗ ਨਾ ਹੋਵੇ। ਕਿਸੇ ਵਿਆਹ ਵਿੱਚ ਜੁੜੀਆਂ ਹੋਈਆਂ ਮੇਲਣਾਂ ਜਾਂ ਕੁੜੀਆਂ ਵੀ ਗਿੱਧਾ ਸ਼ੁਰੂ ਕਰਨ ਤੋਂ ਪਹਿਲਾਂ ਇਹ ਬੋਲੀ ਉਚਾਰਦੀਆਂ ਹਨ;

ਆਵੀਂ ਬਾਬਾ ਨਾਨਕਾ ਤੂੰ ਜਾਵੀਂ ਬਾਬਾ ਨਾਨਕਾ

ਏਹੋ ਜਿਹੀਆਂ ਖ਼ੁਸ਼ੀਆਂ ਲਿਆਈਂ ਬਾਬਾ ਨਾਨਕਾ।

ਇਸ ਤਰ੍ਹਾਂ ਧਾਰਮਿਕ ਰੰਗਤ ਤੋਂ ਬਾਅਦ ਫਿਰ ਗਿੱਧਾ ਆਪਣੇ ਅਸਲੀ ਰੂਪ ਵਿੱਚ ਨਿੱਖਰਦਾ ਹੋਇਆ ਮੇਲਣਾਂ ਨੂੰ ਵੰਗਾਰਨ ਤੱਕ ਆ ਖੜ੍ਹਦਾ ਹੈ;

ਏਹਨੇ ਕੀ ਨੱਚਣਾ, ਗੋਡਿਆਂ ਕੋਲੋਂ ਮੋਟੀ।

ਨਾਨਕੇ ਮੇਲ ਵਿੱਚ ਆਈਆਂ ਮੇਲਣਾਂ ਛੱਜ ਨੂੰ ਤੋੜਨ ਦੀ ਰਸਮ ਅਦਾ ਕਰਨ ਤੋਂ ਪਹਿਲਾਂ ਇੱਕ ਜਣੀ ਬੋਲੀ ਦੇ ਰੂਪ ਵਿੱਚ ਛੱਜ ਤੋੜਨ ਸਮੇਂ ਵੀ ਸ਼ੁੱਭ ਬੋਲੀ ਪਾਉਂਦੀ ਹੋਈ ਆਪਣੀ ਬੋਲੀ ਦਾ ਆਗਾਜ਼ ਇਉਂ ਕਰਦੀ ਹੈ;

ਲੈ ਭੂਆ ਛੱਕ ਭਰਤੀ ਤੇਰੀ

ਛੱਜ ਟੂੰਮਾਂ ਦਾ ਪਾ ਕੇ।

ਭਾਂਤ-ਭਾਂਤ ਦੇ ਗਹਿਣੇ ਰੱਖ ਤੇ

ਉਤੇ ਰੁਮਾਲ ਵਿਛਾ ਕੇ।

ਤੇਰੇ ਵਿਹੜੇ ਛੱਜ ਰੱਖ ਦਿੱਤਾ

ਨਾਮ ਗੁਰਾਂ ਦਾ ਧਿਆ ਕੇ।

ਟੂੰਮਾਂ ਤੇਰੀ ਝੋਲੀ ਪਾਤੀਆਂ

ਸਾਰਾ ਛੱਜ ਉਲਟਾ ਕੇ।

ਹੋਕਾ ਦੇ ਚੱਲੀਆਂ

ਖਾਲੀ ਛੱਜ ਖੜਕਾ ਕੇ।

ਇਸ ਤਰ੍ਹਾਂ ਗੁਰਾਂ ਦਾ ਨਾਮ ਧਿਆਉਣ ਤੋਂ ਬਾਅਦ ਫਿਰ ਛੱਜ ਨੂੰ ਕੁੱਟਣ ਦੀ ਜਾਂ ਛੱਜ ਨੂੰ ਤੋੜਨ ਦੀ ਰਸਮ ਸ਼ੁਰੂ ਹੁੰਦੀ ਹੈ। ਇਹ ਵੀ ਇੱਕ ਪਰੰਪਰਾ ਹੈ ਕਿ ਸ਼ੁਰੂ-ਸ਼ੁਰੂ ਵਿੱਚ ਨਾਨਕੇ ਟੂੰਮਾਂ ਨੂੰ ਛੱਜ ਵਿੱਚ ਰੱਖ ਕੇ ਨਾਨਕ-ਛੱਕ ਭਰਿਆ ਕਰਦੇ ਸਨ। ਜਦੋਂ ਟੂੰਮਾਂ ਪਹਿਨ ਲਈਆਂ ਜਾਦੀਆਂ ਸਨ ਤਾਂ ਖਾਲੀ ਛੱਜ ਨੂੰ ਖੜਕਾ ਕੇ ਜਾਂ ਕੁੱਟ ਕੇ ਸ਼ਰੀਕੇ ਕਬੀਲੇ ਨੂੰ ਨਾਨਕ-ਛੱਕ ਬਾਰੇ ਦੱਸਿਆ ਜਾਂਦਾ ਸੀ ਜਾਂ ਆਪਣੀ ਵਡਿਆਈ ਦਰਸਾਈ ਜਾਂਦੀ ਸੀ। ਇਸ ਤਰ੍ਹਾਂ ਇਹ ਛੱਜ ਭੰਨਣ ਦੀ ਪਰੰਪਰਾ ਸ਼ੁਰੂ ਹੋਈ ਦੱਸੀ ਜਾਂਦੀ ਹੈ। ਇਸੇ ਲਈ ਮੇਲਣਾਂ ਗਾਉਂਦੀਆਂ ਹੋਈਆਂ ਕਹਿੰਦੀਆਂ ਹਨ;

ਭੰਨ ਦਿਓ ਨੀਂ ਇਸ ਭਾਗਾਂ ਵਾਲੇ ਛੱਜ ਨੂੰ।

ਮਰਦਾਂ ਦਾ ਗਿੱਧਾ ਵੀ ਅੱਜਕੱਲ੍ਹ ਕਾਫ਼ੀ ਪ੍ਰਚੱਲਿਤ ਹੋ ਗਿਆ ਹੈ। ਇਸ ਗਿੱਧੇ ਦੇ ਵੀ ਨਿਯਮ ਤੇ ਨੇਮ ਬਣ ਚੁੱਕੇ ਹਨ। ਮਰਦਾਵੀਂ ਟੋਲੀ ਜਦੋਂ ਆਪਣੇ ਜੌਹਰ ਦਿਖਾਉਣ ਲਈ ਮੈਦਾਨ ਵਿੱਚ ਉਤਰਦੀ ਹੈ ਤਾਂ ਉਹ ਵੀ ਸਭ ਤੋਂ ਪਹਿਲਾਂ ਰੱਬ ਦਾ ਨਾਂ ਧਿਆਉਂਦੀ ਹੋਈ ਬੋਲੀ ਪਾਉਂਦੀ ਹੈ;

ਦੇਵੀ ਮਾਤਾ ਗੌਣ ਬਖ਼ਸ਼ਦੀ

ਨਾਮ ਲਏ ਜੱਗ ਤਰਦਾ।

ਬੋਲੀਆਂ ਪਾਉਣ ਦੀ ਹੋਗੀ ਮਨਸ਼ਾ

ਸਿਰ ਚਰਨਾਂ ’ਤੇ ਧਰਦਾ।

ਸ਼ੌਕ ਨਾਲ ਮੈਂ ਪਾਵਾਂ ਬੋਲੀਆਂ

ਮੈਂ ਨਾ ਕਿਸੇ ਤੋਂ ਡਰਦਾ।

ਨਾਂ ਪਰਮੇਸ਼ਰ ਦਾ

ਲੈ ਕੇ ਗਿੱਧੇ ਵਿੱਚ ਵੜਦਾ।

ਇਸ ਤਰ੍ਹਾਂ ਇੱਕ ਦੋ ਹੋਰ ਬੋਲੀਆਂ ਪਾਉਣ ਤੋਂ ਬਾਅਦ ਗਿੱਧਾ ਆਪਣੇ ਅਸਲੀ ਰੂਪ ਵੱਲ ਵਧਦਾ ਜਾਂਦਾ ਹੈ;

ਧਰਤੀ ਜੇਡ ਗਰੀਬ ਨਾ ਕੋਈ

ਇੰਦਰ ਜੇਡ ਨਾ ਦਾਤਾ।

ਬ੍ਰਹਮਾ ਜੇਡ ਨਾ ਪੰਡਿਤ ਕੋਈ

ਸੀਤਾ ਜੇਡ ਨਾ ਮਾਤਾ।

ਲਛਮਣ ਜੇਡ ਜਤੀ ਨਾ ਕੋਈ

ਰਾਮ ਜੇਡ ਨਾ ਭਰਾਤਾ।

ਦੁਨੀਆ ਮਾਣ ਕਰੇ

ਰੱਬ ਸਭਨਾਂ ਦਾ ਰਾਖਾ।

ਕਈ ਵਾਰ ਕਲਾਕਾਰ ਸਥਿਤੀ ਜਾਂ ਸਮੇਂ ਅਨੁਸਾਰ ਧਾਰਮਿਕ ਬੋਲੀਆਂ ਵਿੱਚ ਵਾਧਾ ਵੀ ਕਰ ਲੈਂਦੇ ਹਨ। ਜੇਕਰ ਉਹ ਥਾਂ ਧਾਰਮਿਕ ਹੈ ਜਾਂ ਧਾਰਮਿਕ ਭਾਵਨਾਵਾਂ ਵਾਲੇ ਘਰ ਹੈ ਤਾਂ ਇੱਕ ਤੋਂ ਵੱਧ ਵੀ ਧਾਰਮਿਕ ਬੋਲੀਆਂ ਪਾਈਆਂ ਜਾਂਦੀਆਂ ਹਨ। ਜੇਕਰ ਇਹ ਥਾਂ ਹਿੰਦੂ ਮੱਤ ਨਾਲ ਸਬੰਧਤ ਹੈ ਤਾਂ ਇਸ ਤਰ੍ਹਾਂ ਦੀ ਬੋਲੀ ਵੀ ਪਾਈ ਜਾਂਦੀ ਹੈ;

ਦੇਵੀ ਦੀ ਮੈਂ ਕਰਾਂ ਕੜਾਹੀ

ਪੀਰ ਫਕੀਰ ਧਿਆਵਾਂ।

ਹੈਦਰ ਸ਼ੇਖ ਦਾ ਦੇਵਾਂ ਬੱਕਰਾ

ਨੰਗੇ ਪੈਰੀਂ ਜਾਵਾਂ।

ਹਨੂੰਮਾਨ ਦੀ ਦੇਵਾਂ ਮੰਨੀ

ਰਤਾ ਦੇਰ ਨਾ ਲਾਵਾਂ।

ਨੀਂ ਮਾਤਾ ਭਗਵਤੀਏ

ਮੈਂ ਤੇਰਾ ਜਸ ਗਾਵਾਂ।

ਲੋਕ ਬੋਲੀਆਂ ਪਾਉਣ ਵਾਲੇ ਕਲਾਕਾਰ ਲੋਕਾਂ ਦੇ ਇਕੱਠ ਤੋਂ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਸਮਝ ਜਾਂਦੇ ਹਨ ਕਿ ਸੰਗਤ ਦੇ ਰੂਪ ਵਿੱਚ ਜੁੜੀ ਜਨਤਾ ਕਿਸ ਤਰ੍ਹਾਂ ਦੀ ਹੈ। ਜੇਕਰ ਜ਼ਿਆਦਾ ਗਿਣਤੀ ਪੱਗਾਂ ਵਾਲਿਆਂ ਦੀ ਹੈ ਤਾਂ ਉਹ ਕਲਾਕਾਰ ਆਪਣੀ ਬੋਲੀ ਦੀ ਸ਼ੁਰੂਆਤ ਇਉਂ ਕਰਦਾ ਹੈ;

ਗੁਰੂ ਧਿਆ ਕੇ ਪਾਵਾਂ ਬੋਲੀ

ਸਭ ਨੂੰ ਫਤਹਿ ਬੁਲਾਵਾਂ।

ਬੇਸ਼ੱਕ ਮੈਨੂੰ ਮਾੜਾ ਆਖੋ

ਮਿੱਠੇ ਬੋਲ ਸੁਣਾਵਾਂ।

ਭਾਈਵਾਲੀ ਮੈਨੂੰ ਲੱਗੇ ਪਿਆਰੀ

ਰੋਜ਼ ਗਿੱਧੇ ਵਿੱਚ ਆਵਾਂ।

ਗੁੁਰੂ ਦਿਆਂ ਸ਼ੇਰਾਂ ਦੇ

ਮੈਂ ਵੱਧ ਕੇ ਜੱਸ ਗਾਵਾਂ।

ਲੋਕ-ਬੋਲੀਆਂ ਤੋਂ ਬਿਨਾਂ ਕਾਵਿ-ਧਾਰਾ ਦੇ ਕਿਸੇ ਹੋਰ ਰੂਪ ਵਿੱਚ ਵੀ ਕਲਾ ਦੇ ਜੌਹਰ ਦਿਖਾਉਣ ਤੋਂ ਪਹਿਲਾ ਕੋਈ ਨਾ ਕੋਈ ਧਾਰਮਿਕ ਰੰਗਤ ਵਾਲੀ ਵਿਧਾ ਨੂੰ ਸੁਣਾ ਕੇ ਆਪਣੀ ਕਲਾ ਵੰਨਗੀ ਦਾ ਆਗਾਜ਼ ਕੀਤਾ ਜਾਂਦਾ ਹੈ। ਚਾਹੇ ਉਹ ਪੰਜਾਬ ਦੀ ਅਖਾੜਾ ਪਰੰਪਰਾ ਹੋਵੇ, ਕਵੀਸ਼ਰੀ ਵਿਧਾ ਹੋਵੇ ਜਾਂ ਢਾਡੀ ਪਰੰਪਰਾ ਹੋਵੇ। ਇਨ੍ਹਾਂ ਨੇ ਚਾਹੇ ਕੋਈ ਕਿੱਸਾ ਕਾਵਿ ਸ਼ੁੁਰੂ ਕਰਨਾ ਹੋਵੇ, ਚਾਹੇ ਕੋਈ ਵਾਰ ਦਾ ਰੂਪ ਸ਼ੁਰੂ ਕਰਨਾ ਹੋਵੇ। ਸਭ ਤੋਂ ਪਹਿਲਾਂ ਧਾਰਮਿਕ ਵੰਨਗੀ ਪੇਸ਼ ਕਰਕੇ ਇੱਕ ਤਰ੍ਹਾਂ ਦੀ ਪਰਮਾਤਮਾ ਤੋਂ ਆਗਿਆ ਮੰਗੀ ਜਾਂਦੀ ਹੈ। ਜਿਸ ਭਾਵਨਾ ਵਾਲਾ ਇਕੱਠ ਹੋਵੇ ਜਾਂ ਜਿਸ ਭਾਵਨਾ ਵਾਲਾ ਕਲਾਕਾਰ ਹੋਵੇ, ਆਪੋ ਆਪਣੀ ਸ਼ਰਧਾ ਅਨੁਸਾਰ ਧਾਰਮਿਕ ਆਗਾਜ਼ ਨਾਲ ਹੀ ਆਪਣੀ ਪਰੰਪਰਾ ਦੀ ਸ਼ੁਰੂਆਤ ਕਰਦਾ ਹੈ। ਧਾਰਮਿਕ ਰੰਗਤ ਵਿੱਚ ਫਰੀਦ ਵੀ ਹੋ ਸਕਦਾ ਹੈ, ਰਵੀਦਾਸ ਵੀ ਹੋ ਸਕਦਾ ਹੈ, ਕਬੀਰ ਵੀ ਹੋ ਸਕਦਾ ਹੈ, ਰਾਮ ਚੰਦਰ ਵੀ ਹੋ ਸਕਦਾ ਹੈ। ਪਰੰਪਰਾਵਾਦੀ ਰਾਜਿਆਂ ਵਿੱਚੋਂ ਰਾਜਾ ਭਰਥਰੀ, ਰਾਜਾ ਸਲਵਾਨ, ਪੂਰਨ ਭਗਤ, ਰਾਣੀ ਕੌਲਾਂ, ਗੋਪੀ ਚੰਦ, ਤਾਰਾ ਰਾਣੀ ਆਦਿ ਵੀ ਹੋ ਸਕਦੇ ਹਨ।

ਇਸ ਲਈ ਸਾਡੀ ਕਾਵਿ-ਵਿਧਾ ਦਾ ਰੂਪ ਚਾਹੇ ਕੋਈ ਵੀ ਹੋਵੇ, ਇਸ ਦੀ ਸ਼ੁਰੂਆਤ ਧਾਰਮਿਕ ਜਾਂ ਆਪਣੇ ਇਸ਼ਟ ਨੂੰ ਧਿਆ ਕੇ ਹੀ ਸ਼ੁਰੂ ਕੀਤੀ ਜਾਂਦੀ ਹੈ। ਇਹ ਪਰੰਪਰਾ ਅੱਜਕੱਲ੍ਹ ਦੀ ਨਹੀਂ ਹੈ, ਇਹ ਸਦੀਆਂ ਪੁਰਾਣੀ ਹੈ ਜੋ ਅੱਜ ਵੀ ਆਪਣੇ ਪੁਰਾਣੇ ਕਦਮਾਂ ’ਤੇ ਚੱਲਦੀ ਹੋਈ ਆਧੁਨਿਕ ਦੌਰ ਵਿੱਚ ਦਾਖਲ ਹੁੰਦੀ ਹੈ।

ਸੰਪਰਕ: 95010-12199

Advertisement
×