ਨਵੀਆਂ ਪੈੜਾਂ ਪਾਉਣ ਵਾਲਾ ਗੀਤਕਾਰ ਰਾਣਾ ਵੇਂਡਲ ਵਾਲਾ
ਸਾਲ 1985 ਵਿੱਚ ਕੇ.ਆਰ.ਸੀ. ਕੰਪਨੀ ਵਿੱਚ ਇੱਕ 701 ਨੰਬਰ ਐੱਲ.ਪੀ. ਰਿਕਾਰਡ ‘ਮੇਰਾ ਕੱਲ੍ਹ ਦਾ ਕਾਲਜਾ ਦੁਖਦਾ’ ਮਾਰਕੀਟ ਵਿੱਚ ਆਇਆ ਸੀ। ਇਸ ਵਿੱਚ ਪੰਜਾਬ ਦੇ ਨਾਮੀ ਕਲਾਕਾਰ ਦੇ ਡਿਊਟ ਤੇ ਸੋਲੋ ਸਮੇਤ ਗਿਆਰਾਂ ਗੀਤ ਸ਼ਾਮਲ ਸਨ। ਇਸ ਦਾ ਸੰਗੀਤ ਮੁਹੰਮਦ ਸਦੀਕ...
ਸਾਲ 1985 ਵਿੱਚ ਕੇ.ਆਰ.ਸੀ. ਕੰਪਨੀ ਵਿੱਚ ਇੱਕ 701 ਨੰਬਰ ਐੱਲ.ਪੀ. ਰਿਕਾਰਡ ‘ਮੇਰਾ ਕੱਲ੍ਹ ਦਾ ਕਾਲਜਾ ਦੁਖਦਾ’ ਮਾਰਕੀਟ ਵਿੱਚ ਆਇਆ ਸੀ। ਇਸ ਵਿੱਚ ਪੰਜਾਬ ਦੇ ਨਾਮੀ ਕਲਾਕਾਰ ਦੇ ਡਿਊਟ ਤੇ ਸੋਲੋ ਸਮੇਤ ਗਿਆਰਾਂ ਗੀਤ ਸ਼ਾਮਲ ਸਨ। ਇਸ ਦਾ ਸੰਗੀਤ ਮੁਹੰਮਦ ਸਦੀਕ ਨੇ ਤਿਆਰ ਕੀਤਾ ਸੀ। ਇਸ ਐੱਲ.ਪੀ. ਦੇ ‘ਏ’ ਸਾਈਡ ਦੇ ਆਖਰੀ ਗੀਤ ‘ਔਰਤ ਆਪਣੇ ਧਰਮ ਪਤੀ ’ਤੇ ਕੀ ਵਿਸ਼ਵਾਸ ਕਰੇ’ ਨੂੰ ਕੁਲਦੀਪ ਮਾਣਕ ਨੇ ਗਾਇਆ ਸੀ ਤੇ ਇਸ ਗੀਤ ਦਾ ਲੇਖਕ ਬਿਲਕੁਲ ਨਵਾਂ ਮੁੰਡਾ ਕਮਲੇਸ਼ ਰਾਣਾ ਸੀ, ਜਦੋਂਕਿ ਬਾਕੀ ਦੇ ਸਾਰੇ ਗੀਤ ਨਾਮੀ ਗੀਤਕਾਰਾਂ ਦੇ ਲਿਖੇ ਹੋਏ ਸਨ। ਬਾਅਦ ਵਿੱਚ ਇਹੀ ਮੁੰਡਾ ਕਮਲੇਸ਼ ਰਾਣਾ ਪੰਜਾਬੀ ਗੀਤਕਾਰੀ ਦੇ ਖੇਤਰ ਵਿੱਚ ਰਾਣਾ ਵੇਂਡਲ ਵਾਲਾ ਦੇ ਨਾਂ ਨਾਲ ਸਥਾਪਿਤ ਹੋਇਆ।
ਕਮਲੇਸ਼ ਰਾਣੇ ਦਾ ਜਨਮ 15 ਅਗਸਤ 1959 ਨੂੰ ਪਿਤਾ ਚੌਧਰੀ ਜਗਤ ਰਾਮ ਅਤੇ ਮਾਤਾ ਬਚਨੀ ਦੇ ਘਰ ਕਿਰਤੀ ਪਰਿਵਾਰ ਵਿੱਚ ਜ਼ਿਲ੍ਹਾ ਜਲੰਧਰ ਦੇ ਪਿੰਡ ਵੇਂਡਲ ਵਿੱਚ ਹੋਇਆ। ਉਸ ਨੇ ਮੁੱਢਲੀ ਪੜ੍ਹਾਈ ਪਿੰਡ, ਦਸਵੀਂ ਸ਼ੰਕਰ ਸਕੂਲ ਤੇ ਬੀ.ਏ. ਕੁਲਦੀਪ ਮਾਣਕ ਦੇ ਘਰ ਰਹਿੰਦਿਆਂ ਗੁੱਜਰਾਂਵਾਲਾ ਖਾਲਸਾ ਗੁਰੂ ਨਾਨਕ ਕਾਲਜ ਲੁਧਿਆਣੇ ਤੋਂ ਕੀਤੀ। ਰਾਣੇ ਨੂੰ ਗੀਤ ਲਿਖਣ ਦਾ ਸ਼ੌਕ ਕੁਲਦੀਪ ਮਾਣਕ ਦੇ ਅਖਾੜਿਆਂ ਨੂੰ ਵੇਖ ਕੇ ਪਿਆ। ਉਸ ਨੇ ਪੰਜਾਬੀ ਦੇ ਨਾਮਵਰ ਗੀਤਕਾਰ ਸੇਵਾ ਸਿੰਘ ਨੌਰਥ ਲਲਤੋ ਵਾਲੇ ਨੂੰ ਆਪਣਾ ਉਸਤਾਦ ਧਾਰਿਆ।
ਜਦੋਂ 1977 ਵਿੱਚ ਸਕੂਲ ਦੀ ਬਾਲ ਸਭਾ ਵਿੱਚ ਰਾਣੇ ਨੇ ਆਪਣਾ ਪਹਿਲਾ ਗੀਤ ‘ਇਨ੍ਹਾਂ ਪਰਵਾਨਿਆਂ ਦੀ ਲਾਸ਼ ਤਰਦੀ ਵਿੱਚ ਦਰਿਆਵਾਂ ਦੇ’ ਗਾਇਆ ਤਾਂ ਸਕੂਲ ਅਧਿਆਪਕ ਗੁਰਦੀਪ ਸਿੰਘ ਮਨਿਹਾਸ ਬਹੁਤ ਪ੍ਰਭਾਵਿਤ ਹੋਏ ਤੇ ਕਿਹਾ, ‘‘ਜੇ ਅੱਗੇ ਵਧਣਾ ਹੈ ਤਾਂ ਹਥਿਆਰ ਇਕੱਠੇ ਕਰ।’’ ਉਨ੍ਹਾਂ ਦਾ ਕਹਿਣਾ ਸੀ ਕਿ ਤੇਰੇ ਅੱਗੇ ਦੇਵ ਥਰੀਕੇ ਵਾਲਾ, ਬਾਬੂ ਸਿੰਘ ਮਾਨ, ਇੰਦਰਜੀਤ ਹਸਨਪੁਰੀ ਤੇ ਰਾਮ ਸਿੰਘ ਢਿੱਲੋਂ ਵਰਗੇ ਗੀਤਕਾਰ ਹਨ। ਅਗਲੇ ਦਿਨ ਰਾਣਾ ਸ਼ਹਿਰੋਂ ਬਟਨ ਵਾਲਾ ਚਾਕੂ ਖਰੀਦ ਕੇ ਸਕੂਲ ਜਾ ਵੜਿਆ। ਪਤਾ ਲੱਗਣ ’ਤੇ ਅਧਿਆਪਕ ਨੇ ਕੁੱਟਿਆ ਕਿਉਂਕਿ ਬਚਪਨ ਦੀ ਸੋਚ ‘ਹਥਿਆਰਾਂ’ ਸ਼ਬਦ ਨੂੰ ਸਮਝ ਨਾ ਸਕੀ। ਅਧਿਆਪਕ ਨੇ ਫਿਰ ਕਿਹਾ ਕਿ ਸਾਹਿਤਕ ਕਿਤਾਬਾਂ ਇਕੱਠੀਆਂ ਕਰ ਤੇ ਉਨ੍ਹਾਂ ਨੂੰ ਪੜ੍ਹ। ਇਸ ਤੋਂ ਬਾਅਦ ਰਾਣੇ ਨੇ ਐੱਸ.ਐੱਸ. ਮੀਸ਼ਾ, ਅੰਮ੍ਰਿਤਾ ਪ੍ਰੀਤਮ, ਪ੍ਰੇਮ ਗੋਰਖੀ, ਸਰਦਾਰ ਏ.ਅੰਜੁਮ, ਕੁਲਦੀਪ ਬਡੇਸਰੋ ਤੇ ਹੋਰ ਬਹੁਤ ਸਾਰੇ ਲੇਖਕਾਂ ਦੀਆਂ ਕਿਤਾਬਾਂ ਨੂੰ ਰੂਹ ਨਾਲ ਪੜ੍ਹਿਆ।
ਕਮਲੇਸ਼ ਰਾਣੇ ਦਾ ਪਹਿਲਾ ਗੀਤ ਉਸ ਦੇ ਗੁਆਂਢੀ ਪਿੰਡ ਦੇ ਗਾਇਕ ਸੁਖਵਿੰਦਰ ਪੰਛੀ ਨੇ 1984 ਵਿੱਚ ਰਿਕਾਰਡ ਕਰਵਾਇਆ, ਜਿਸ ਦੇ ਬੋਲ ਸਨ ‘ਭਾਬੀ ਤੋਂ ਪੱਕਦੀ ਨਾ ਜਾਹ ਪੱਕੀਆਂ ਹੀਰ ਦੀਆਂ ਖਾ ਲੈ’। 1985 ਵਿੱਚ ਕੁਲਦੀਪ ਮਾਣਕ ਨੇ ਪਹਿਲਾ ਗੀਤ ‘ਕੀ ਵਿਸ਼ਵਾਸ ਕਰੇ’ ਗਾਇਆ ਤੇ ਅਗਲੇ ਸਾਲ ‘ਛੱਡੀਏ ਨਾ ਵੈਰੀ ਨੂੰ’ ਐੱਲ.ਪੀ. ਰਿਕਾਰਡ ਵਿੱਚ ਰਾਣੇ ਦਾ ਇੱਕ ਹੋਰ ਗੀਤ ‘ਜਾਣ ਵਾਲਿਆਂ ਵੇ ਸਾਨੂੰ ਇੰਝ ਨਾ ਰੁਆਕੇ ਜਾਈਂ’ ਮਾਣਕ ਨੇ ਰਿਕਾਰਡ ਕਰਵਾਇਆ। ਇਸ ਨਾਲ ਰਾਣੇ ਦੀ ਗੀਤਕਾਰੀ ਵਿੱਚ ਚੰਗੀ ਪਛਾਣ ਬਣੀ। ਰਾਣਾ ਦੱਸਦਾ ਹੈ ਕਿ ਕੁਲਦੀਪ ਮਾਣਕ ਦੇ ਪ੍ਰਸਿੱਧ ਗੀਤ ‘ਨੱਕ ਦਾ ਕੋਕਾ’ ਦੇ ਕੁਝ ਟੱਪੇ ਉਸ ਦੀ ਕਲਮ ਦੁਆਰਾ ਲਿਖੇ ਗਏ ਹਨ। ਅਵਤਾਰ ਬੱਲ ਤੇ ਸੁਨੀਤਾ ਦੀ ਆਵਾਜ਼ ਵਿੱਚ ਉਸ ਦਾ ਇੱਕ ਗੀਤ ‘ਕਦੇ ਚਾਹ ਦਾ ਘੁੱਟ ਨਹੀਂ ਪਿਲਾਇਆ’ ਰਿਕਾਰਡ ਹੋਇਆ ਹੈ।
ਸਾਲ 1984 ਵਿੱਚ ਪੰਜਾਬ ਦੇ ਹਾਲਾਤ ਸਹੀ ਨਾ ਹੋਣ ਕਰਕੇ ਉਹ ਮੁੰਬਈ ਚਲਾ ਗਿਆ ਤੇ ਚਾਰ ਸਾਲ ਬਾਅਦ ਵਾਪਸ ਆਇਆ। ਉਸ ਦੇ ਲਿਖੇ ਗੀਤ ਪੰਜਾਬ ਦੇ ਵੱਖ-ਵੱਖ ਕਲਾਕਾਰਾਂ ਦੀਆਂ ਆਵਾਜ਼ਾਂ ਵਿੱਚ ਰਿਕਾਰਡ ਹੋਏ ਹਨ, ਜਿਨ੍ਹਾਂ ਵਿੱਚ ‘ਆਜਾ ਦੇਖਲੈ ਮੁਹੱਬਤਾਂ ਪਾ ਕੇ’, ‘ਤੇਰਾ ਇਸ਼ਕ ਨਚਾਵੇ ਗਲੀ-ਗਲੀ’ (ਸੁਖਵਿੰਦਰ ਪੰਛੀ), ‘ਧੁੱਪ ਚੰਗੀ ਲੱਗਦੀ ਨਾ ਛਾਂ ਚੰਗੀ ਲੱਗਦੀ’ (ਸਾਬਰਕੋਟੀ), ‘ਇੱਕ ਪੈੱਗ ਹੋਰ ਮੰਗਦਾ’ (ਸੁੱਖਾ ਦਿੱਲੀ ਵਾਲਾ), ‘ਮਰ ਗਏ ਸੋਹਣੀਏ ਮਰ ਗਏ’ (ਮੀਕਾ ਸਿੰਘ), ‘ਜਦੋਂ ਦੀ ਏ ਸਾਡੇ ਨਾਲੋਂ ਤੂੰ ਵਿੱਛੜੀ’ (ਰਣਜੀਤ ਮਣੀ), ‘ਖਾਲਸੇ ਨੂੰ ਖਾਲਸੇ ਨਾਲ ਲੜਨਾ ਨਹੀਂ ਚਾਹੀਦਾ’ (ਕੇ.ਐੱਸ. ਮੱਖਣ), ‘ਸਭ ਫੜੇ ਜਾਣਗੇ’ (ਬਲਵੀਰ ਮਾਨ), ਸੁੱਖਾ ਦਿੱਲੀ ਵਾਲਾ ਦੀ ਕੈਸੇਟ ‘ਲੜਕੇ ਦਿਲ ਮੰਗਦੇ’ ਦੇ ਸਾਰੇ ਗੀਤ ਰਾਣੇ ਨੇ ਲਿਖੇ ਸਨ। ਫਿਲਮ ‘ਮਿੱਟੀ’ ਵਿੱਚ ਮੀਕਾ ਸਿੰਘ ਤੇ ਸਿਪਰਾ ਗੋਇਲ ਦੀ ਆਵਾਜ਼ ਵਿੱਚ ਬੋਲੀਆਂ ਤੇ ਇੱਕ ਹੋਰ ਹਿੰਦੀ ਫਿਲਮ ‘ਮੇਰੀ ਸ਼ਾਦੀ ਕਰਾਦੇ’ ਵਿੱਚ ਦਲੇਰ ਮਹਿੰਦੀ ਦੇ ਬੇਟੇ ਗੁਰਦੀਪ ਨੇ ਰਾਣੇ ਦਾ ਇੱਕ ਗੀਤ ‘ਪੈੱਗ ਸੈੱਗ ਲਾ ਕੇ’ ਗਾਇਆ ਹੈ।
ਇਸ ਤੋਂ ਇਲਾਵਾ ਰਾਣੇ ਦੇ ਗੀਤਾਂ ਨੂੰ ਸ਼ਮਸ਼ੇਰ ਮਹਿੰਦੀ, ਪਰਮਜੀਤ ਪਾਰਸ, ਜਸਵੰਤ ਜੱਸਾ, ਸੁਰਿੰਦਰ ਜੱਸੀ, ਮਾਹੀ ਕੌਰ ਯੂ.ਕੇ., ਸੋਢੀ ਸਿੰਘ, ਕਪਤਾਨ ਲਾਡੀ, ਐਮੀ ਮੱਕੜ ਦਿੱਲੀ ਤੇ ਸੁੱਖੀ ਬਰਾੜ ਨੇ ਆਪਣੀਆਂ ਆਵਾਜ਼ਾਂ ਵਿੱਚ ਰਿਕਾਰਡ ਕਰਵਾਇਆ ਹੈ। ਰਾਣੇ ਨੇ ਖ਼ੁਦ ਗਾਇਕਾ ਮੀਨੂੰ ਅਟਵਾਲ ਨਾਲ ਵੀ ਗਾਇਆ ਹੈ। ਉਸ ਦੀ ਆਪਣੀ ਆਵਾਜ਼ ਵਿੱਚ ਦੋ ਮਾਤਾ ਦੀਆਂ ਭੇਟਾਂ, ਸਤਿਗੁਰ ਰਵੀਦਾਸ ਮਾਹਰਾਜ ਦੇ ਸ਼ਬਦ ਤੇ ਮਹਾਰਿਸ਼ੀ ਬਾਲਮੀਕ ਜੀ ਦੀ ਬਾਣੀ ਦੀਆਂ ਆਡੀਓ ਵੀ ਤਿਆਰ ਹਨ। ਰਾਣੇ ਵੇਂਡਲ ਵਾਲੇ ਦੀ ਕਲਮ ਨੂੰ 1985 ਵਿੱਚ ਪ੍ਰੋ.ਮੋਹਣ ਸਿੰਘ ਮੇਲਾ ਲੁਧਿਆਣਾ, ਸ਼ੌਂਕੀ ਮੇਲਾ ਮਾਹਿਲਪੁਰ 1988, ਸ਼ਾਮ ਚੁਰਾਸੀ ਮੇਲਾ 1989 ਤੇ 2002 ਵਿੱਚ ਤਾਲਕਟੋਰਾ ਸਟੇਡੀਅਮ, ਨਵੀਂ ਦਿੱਲੀ ਵਿਖੇ ਸੁਭਾਸ਼ ਗੋਇਲ ਵੱਲ ਤੇ ਕਈ ਹੋਰ ਸੰਸਥਾਵਾਂ ਮਾਣ-ਸਨਮਾਨ ਦੇ ਚੁੱਕੀਆਂ ਹਨ। ਉਹ ਪਿਛਲੇ 25 ਸਾਲਾਂ ਤੋਂ ਮੀਕਾ ਸਿੰਘ ਦੇ ਸੰਗੀਤਕ ਗਰੁੱਪ ਨਾਲ ਜੁੜਿਆ ਹੋਇਆ ਹੈ।
ਸੰਪਰਕ: 94631-28483

