DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਹਾਸੇ-ਮਜ਼ਾਕ ’ਤੇ ਹੀ ਕੇਂਦਰਿਤ ਹੋਇਆ ਪੰਜਾਬੀ ਸਿਨੇਮਾ

ਪੰਜਾਬੀ ਸਿਨੇਮਾ ਸਾਡੀ ਸੱਭਿਆਚਾਰਕ ਪਛਾਣ ਦਾ ਅਹਿਮ ਹਿੱਸਾ ਹੈ। ਇਹ ਸਾਡੀ ਬੋਲੀ, ਰਸਮਾਂ, ਹਾਸੇ-ਮਜ਼ਾਕ ਤੇ ਜੀਵਨ ਸ਼ੈਲੀ ਨੂੰ ਦੁਨੀਆ ਦੇ ਸਾਹਮਣੇ ਪੇਸ਼ ਕਰਦਾ ਹੈ, ਪਰ ਜਿਵੇਂ ਸਮਾਂ ਬਦਲ ਰਿਹਾ ਹੈ, ਸਿਨੇਮਾ ਦੀ ਦਿਸ਼ਾ ਵੀ ਬਦਲਣੀ ਚਾਹੀਦੀ ਹੈ। ਅੱਜ ਦੇ ਸਮੇਂ...

  • fb
  • twitter
  • whatsapp
  • whatsapp
Advertisement

ਪੰਜਾਬੀ ਸਿਨੇਮਾ ਸਾਡੀ ਸੱਭਿਆਚਾਰਕ ਪਛਾਣ ਦਾ ਅਹਿਮ ਹਿੱਸਾ ਹੈ। ਇਹ ਸਾਡੀ ਬੋਲੀ, ਰਸਮਾਂ, ਹਾਸੇ-ਮਜ਼ਾਕ ਤੇ ਜੀਵਨ ਸ਼ੈਲੀ ਨੂੰ ਦੁਨੀਆ ਦੇ ਸਾਹਮਣੇ ਪੇਸ਼ ਕਰਦਾ ਹੈ, ਪਰ ਜਿਵੇਂ ਸਮਾਂ ਬਦਲ ਰਿਹਾ ਹੈ, ਸਿਨੇਮਾ ਦੀ ਦਿਸ਼ਾ ਵੀ ਬਦਲਣੀ ਚਾਹੀਦੀ ਹੈ। ਅੱਜ ਦੇ ਸਮੇਂ ਵਿੱਚ ਜਿੱਥੇ ਤਕਨਾਲੋਜੀ ਤੇ ਵਿਸ਼ਵ ਪੱਧਰ ਦੇ ਵਿਸ਼ੇ ਸਿਨੇਮਾ ਵਿੱਚ ਆ ਰਹੇ ਹਨ, ਉੱਥੇ ਪੰਜਾਬੀ ਫਿਲਮਾਂ ਨੂੰ ਵੀ ਨਵੀਂ ਸੋਚ ਤੇ ਅਰਥਪੂਰਨ ਕਹਾਣੀਆਂ ਦੀ ਲੋੜ ਹੈ।

ਚੰਗੀ ਫਿਲਮ ਉਹ ਹੁੰਦੀ ਹੈ ਜੋ ਦਰਸ਼ਕ ਦੇ ਦਿਲ ਨੂੰ ਛੂਹੇ। ਪੰਜਾਬੀ ਫਿਲਮਾਂ ਵਿੱਚ ਹੁਣ ਕੇਵਲ ਹਾਸੇ ਜਾਂ ਵਿਆਹ-ਸ਼ਾਦੀਆਂ ਦੀ ਗੱਲ ਨਹੀਂ ਹੋਣੀ ਚਾਹੀਦੀ, ਸਗੋਂ ਉਹ ਸਾਡੀ ਜ਼ਿੰਦਗੀ ਦੇ ਅਸਲੀ ਰੰਗ ਦਿਖਾਉਣ ਵਾਲੀਆਂ ਹੋਣੀਆਂ ਚਾਹੀਦੀਆਂ ਹਨ। ਪੰਜਾਬੀ ਸਿਨੇਮਾ ਨੂੰ ਹੁਣ ਗਹਿਰਾਈ ਵਾਲੇ ਵਿਸ਼ਿਆਂ ਵੱਲ ਵਧਣ ਦੀ ਜ਼ਰੂਰਤ ਹੈ, ਜਿੱਥੇ ਹਾਸਾ ਵੀ ਹੋਵੇ ਤੇ ਸੋਚ-ਵਿਚਾਰ ਵੀ। ਅਕਸਰ ਪੰਜਾਬੀ ਸਿਨੇਮਾ ਨਾਲ ਜੁੜੇ ਦਰਸ਼ਕ ਸਿਨੇਮਾ ਵਿੱਚ ਫਿਲਮ ਦੇਖ ਕੇ ਉਸ ਦੀ ਕਹਾਣੀ ਨੂੰ ਨਕਾਰ ਦਿੰਦੇ ਹਨ ਕਿ ਇਸ ਫਿਲਮ ਦੀ ਕਹਾਣੀ ਚੰਗੀ ਨਹੀਂ ਸੀ ਜਾਂ ਕਹਾਣੀ ਦੇ ਮੁਤਾਬਿਕ ਕਲਾਕਾਰ ਕੰਮ ਨਹੀਂ ਕਰ ਰਹੇ ਸਨ। ਚੰਗੀ ਫਿਲਮ ਹਰ ਕੋਈ ਦੇਖਣਾ ਚਾਹੁੰਦਾ ਹੈ, ਪਰ ਇੱਥੇ ਚੰਗੀ ਫਿਲਮ ਦਾ ਇਹ ਅਰਥ ਨਹੀਂ ਕਿ ਉਸ ਵਿੱਚ ਪਿਆਰ, ਮੁਹੱਬਤ ਅਤੇ ਮਾਰ ਕੁੱਟ ਦੇ ਦ੍ਰਿਸ਼ ਫਿਲਮਾਏ ਗਏ ਹੋਣ। ਇੱਥੇ ਗੱਲ ਉਸ ਸਿਨੇਮਾ ਦੀ ਆਉਂਦੀ ਹੈ ਜਿੱਥੇ ਪੂਰੀ ਤਰ੍ਹਾਂ ਕਹਾਣੀ ’ਤੇ ਜ਼ੋਰ ਦਿੱਤਾ ਜਾਂਦਾ ਹੈ ਤੇ ਉਸ ਕਹਾਣੀ ਦੇ ਮੁਤਾਬਿਕ ਕਿਰਦਾਰ ਬਿਠਾਏ ਜਾਂਦੇ ਹਨ। ਕਿਰਦਾਰ ਵੀ ਕਹਾਣੀ ਵਿੱਚ ਆਪਣੇ ਆਪ ਨੂੰ ਜਿੰਦਾ ਕਰਦੇ ਹੋਣ, ਦੇਖਣ ਵਾਲੇ ਨੂੰ ਉਹ ਕਹਾਣੀ ਆਪ ਬੀਤੀ ਨਜ਼ਰ ਆਵੇ। ਸੋ ਫਿਲਮ ਦਰਸ਼ਕਾਂ ਦਾ ਮਨੋਰੰਜਨ ਕਰੇ ਤੇ ਜੀਵੰਤ ਸਿਨੇਮਾ ਲੱਗੇ।

Advertisement

ਪੰਜਾਬੀ ਸਿਨੇਮਾ ਦਾ ਸਭ ਤੋਂ ਵੱਡਾ ਖ਼ਜ਼ਾਨਾ ਉਸ ਦੀ ਮਿੱਟੀ ਹੈ ਜਿਸ ਵਿੱਚ ਸਾਡੇ ਸੱਭਿਆਚਾਰ ਦੀ ਖੁਸ਼ਬੂ ਆਉਂਦੀ ਹੈ ਜਿਵੇਂ ਸਾਡੀ ਮਾਂ ਬੋਲੀ, ਪਿੰਡਾਂ ਦਾ ਜੀਵਨ, ਕਿਸਾਨਾਂ ਦੀ ਮਿਹਨਤ, ਮਜ਼ਦੂਰਾਂ ਦੀਆਂ ਕਹਾਣੀਆਂ ਤੇ ਉਹ ਇਮੀਗ੍ਰੇਸ਼ਨ ਦੇ ਸੁਫ਼ਨੇ ਜਿਹੜੇ ਹਰ ਘਰ ਵਿੱਚ ਸੰਜੋਏ ਜਾਂਦੇ ਹਨ। ਜਿੱਥੇ ਛੋਟੇ ਘਰੋਂ ਉੱਠ ਕੇ ਵੀ ਨੌਜਵਾਨ ਕੁਝ ਕਰ ਗੁਜ਼ਰਨ ਦਾ ਜਜ਼ਬਾ ਰੱਖਦੇ ਹਨ। ਚੰਗੀ ਕਹਾਣੀ ਸਾਡੇ ਆਲੇ ਦੁਆਲੇ ਹੀ ਘੁੰਮਦੀ ਰਹਿੰਦੀ ਹੈ, ਪਰ ਅਫ਼ਸੋਸ! ਜ਼ਿਆਦਾਤਰ ਫਿਲਮਾਂ ਕੇਵਲ ਹਾਸੇ-ਮਜ਼ਾਕ ’ਤੇ ਹੀ ਸਿਮਟ ਗਈਆਂ ਹਨ ਜਿਨ੍ਹਾਂ ਨੂੰ ਦੇਖ ਕੇ ਲੱਗਦਾ ਹੈ ਕਿ ਅਸਲ ਵਿੱਚ ਜ਼ਿੰਦਗੀ ਸਿਰਫ਼ ਹਾਸੇ ਮਜ਼ਾਕ ’ਤੇ ਹੀ ਟਿਕੀ ਹੈ।

Advertisement

ਦੂਜਾ ਪੱਖ ਇਹ ਵੀ ਹੈ ਕਿ ਅਰਥਪੂਰਨ ਵਿਸ਼ਿਆਂ ’ਤੇ ਵੀ ਬਹੁਤ ਕੁਝ ਕਿਹਾ ਜਾ ਸਕਦਾ ਹੈ। ਪੰਜਾਬੀ ਕਿਸਾਨਾਂ ਦੀ ਜ਼ਿੰਦਗੀ ’ਤੇ ਬਹੁਤ ਕੁਝ ਬਣ ਸਕਦਾ ਹੈ। ਇਸ ਦੇ ਇਲਾਵਾ ਪਿੰਡ ਦੀਆਂ ਔਰਤਾਂ ਦੀ ਸੰਘਰਸ਼ ਭਰੀ ਕਹਾਣੀ ਬਾਰੇ ਸੋਚ ਸਕਦੇ ਹਾਂ, ਨੌਜਵਾਨਾਂ ਦੇ ਵਿਦੇਸ਼ ਜਾਣ ਦੇ ਸੁਫ਼ਨੇ ਤੇ ਹਕੀਕਤ ਬਾਰੇ ਗੱਲਾਂ ਤੇ ਆਧੁਨਿਕ ਪੰਜਾਬ ਦੀ ਦਿਲਚਸਪ ਸਿਆਸਤ ਆਦਿ ਇਨ੍ਹਾਂ ਵਿਸ਼ਿਆਂ ਉੱਤੇ ਜੇ ਇਮਾਨਦਾਰੀ ਨਾਲ ਫਿਲਮ ਬਣਾਈ ਜਾਵੇ ਤਾਂ ਸਿਰਫ਼ ਮੁੱਠੀ ਭਰ ਦਰਸ਼ਕ ਨਹੀਂ, ਬਲਕਿ ਸਮੁੱਚਾ ਦਰਸ਼ਕ ਵਰਗ ਉਸ ਨੂੰ ਪਸੰਦ ਕਰੇਗਾ।

ਕੋਈ ਵੀ ਸਿਨੇਮਾ ਉਦਯੋਗ ਉਸ ਸਮੇਂ ਤੱਕ ਨਹੀਂ ਟਿਕ ਸਕਦਾ ਜਦੋਂ ਤੱਕ ਨਿਰਮਾਤਾ ਨੂੰ ਆਰਥਿਕ ਲਾਭ ਨਾ ਹੋਵੇ। ਫਿਲਮ ਚੰਗੀ ਬਣੇਗੀ ਤਾਂ ਹੀ ਉਹ ਚੱਲੇਗੀ, ਪਰ ਇਸ ਦਾ ਮਤਲਬ ਇਹ ਨਹੀਂ ਕਿ ਹਾਸੇ ਜਾਂ ਹਲਕੇ ਵਿਸ਼ਿਆਂ ’ਤੇ ਹੀ ਧਿਆਨ ਦਿੱਤਾ ਜਾਵੇ। ਜੇ ਕਹਾਣੀ ਵਿੱਚ ਦਮ ਹੋਵੇ ਤਾਂ ਦਰਸ਼ਕ ਆਪਣਾ ਪੈਸਾ ਖ਼ੁਸ਼ੀ ਨਾਲ ਖ਼ਰਚ ਕਰਦੇ ਹਨ। ਨਿਰਮਾਤਾਵਾਂ ਨੂੰ ਚਾਹੀਦਾ ਹੈ ਕਿ ਉਹ ਨਵੇਂ ਵਿਸ਼ੇ ਲੈ ਕੇ ਆਉਣ ਵਾਲੇ ਕਹਾਣੀਕਾਰਾਂ ਤੇ ਡਾਇਰੈਕਟਰਾਂ ’ਤੇ ਭਰੋਸਾ ਕਰਨ। ਅੱਜਕੱਲ੍ਹ ਓ.ਟੀ.ਟੀ. ਪਲੈਟਫਾਰਮਾਂ ਨਾਲ ਵੀ ਕਮਾਈ ਦੇ ਨਵੇਂ ਰਸਤੇ ਖੁੱਲ੍ਹੇ ਹਨ। ਇਸ ਲਈ ਅਰਥਪੂਰਨ ਸਿਨੇਮਾ ਹੁਣ ਆਰਥਿਕ ਤੌਰ ’ਤੇ ਵੀ ਸੰਭਵ ਹੈ।

ਨਵੀਂ ਸੋਚ ਤੇ ਨਵੀਂ ਪੀੜ੍ਹੀ ਦੇ ਤਜਰਬੇ ਨਾਲ ਸਾਡੇ ਸਿਨੇਮਾ ਨੂੰ ਅੱਗੇ ਵਧਣ ਦੀ ਜ਼ਰੂਰਤ ਹੈ ਜਿੱਥੇ ਨਵੇਂ ਵਿਸ਼ੇ ਤੇ ਨਵੀਆਂ ਕਹਾਣੀਆਂ ਹੋਣ। ਪੰਜਾਬੀ ਸਿਨੇਮਾ ਨੂੰ ਹੁਣ ਆਪਣੇ ਦਾਇਰੇ ਨੂੰ ਵਿਸ਼ਾਲ ਕਰਨ ਦੀ ਲੋੜ ਹੈ। ਸਾਡੇ ਕੋਲ ਬੇਅੰਤ ਕਹਾਣੀਆਂ ਹਨ ਜਿਨ੍ਹਾਂ ਵਿੱਚ ਸਿੱਖ ਇਤਿਹਾਸ ਦੀਆਂ ਸੂਰਵੀਰ ਕਥਾਵਾਂ, ਪੰਜਾਬ ਦੀ ਧਰਤੀ ਨਾਲ ਜੁੜੇ ਲੋਕ, ਕਲਾ ਤੇ ਰੰਗਮੰਚ, ਸਿੱਖਿਆ, ਵਿਗਿਆਨ, ਖੇਡਾਂ ਤੇ ਸਮਾਜਿਕ ਬਦਲਾਅ ਦੀਆਂ ਕਹਾਣੀਆਂ। ਇਨ੍ਹਾਂ ਵਿਸ਼ਿਆਂ ’ਤੇ ਜੇ ਫਿਲਮ ਬਣੇ ਤਾਂ ਸਿਨੇਮਾ ਸਿਰਫ਼ ਮਨੋਰੰਜਨ ਨਹੀਂ ਰਹੇਗਾ, ਸਗੋਂ ਇੱਕ ਸਿੱਖਿਆ ਤੇ ਪ੍ਰੇਰਣਾ ਦਾ ਮਾਧਿਅਮ ਬਣੇਗਾ।

ਨਵੀਂ ਪੀੜ੍ਹੀ ਨੂੰ ਅਜਿਹੀਆਂ ਕਹਾਣੀਆਂ ਦੀ ਲੋੜ ਹੈ ਜੋ ਉਨ੍ਹਾਂ ਦੇ ਅੰਦਰ ਸੋਚ ਪੈਦਾ ਕਰ ਸਕਣ। ਜਦੋਂ ਅਸੀਂ ਪਿੱਛੇ ਮੁੜ ਕੇ ਵੇਖਦੇ ਹਾਂ ਤਾਂ ‘ਨਾਨਕ ਨਾਮ ਜਹਾਜ਼ ਹੈ’, ‘ਮਨਿ ਜੀਤੇ ਜਗੁ ਜੀਤੁ’, ‘ਲੌਂਗ ਦਾ ਲਿਸ਼ਕਾਰਾ’, ‘ਉੱਚਾ ਦਰ ਬਾਬੇ ਨਾਨਕ ਦਾ’ ਆਦਿ ਵਰਗੀਆਂ ਫਿਲਮਾਂ ਯਾਦ ਆਉਂਦੀਆਂ ਹਨ ਜਿਨ੍ਹਾਂ ਵਿੱਚ ਜੀਵਨ ਦਾ ਦਰਸ਼ਨ ਸੀ। ਉਨ੍ਹਾਂ ਫਿਲਮਾਂ ਵਿੱਚ ਸਾਦਗੀ ਸੀ, ਪਰ ਦਿਲ ਨੂੰ ਛੂਹਣ ਵਾਲੀ ਗਹਿਰਾਈ ਵੀ ਸੀ। ਉਨ੍ਹਾਂ ਫਿਲਮਾਂ ਦੇ ਸੰਗੀਤ ਤੇ ਸੰਵਾਦ ਅੱਜ ਵੀ ਲੋਕਾਂ ਦੇ ਦਿਲਾਂ ਵਿੱਚ ਵੱਸਦੇ ਹਨ। ਪੁਰਾਣੇ ਸਿਨੇਮਾ ਦੀ ਸਭ ਤੋਂ ਵੱਡੀ ਖ਼ੂਬੀ ਸੀ ‘ਸੱਚਾਈ।’ ਉਹ ਫਿਲਮਾਂ ਮਨੋਰੰਜਨ ਦੇ ਨਾਲ ਨਾਲ ਇੱਕ ਸੰਦੇਸ਼ ਵੀ ਦੇ ਜਾਂਦੀਆਂ ਸਨ।

ਪੰਜਾਬੀ ਸਿਨੇਮਾ ਕੋਲ ਅਜੇ ਵੀ ਬੇਅੰਤ ਸੰਭਾਵਨਾਵਾਂ ਹਨ। ਜਿਹੜੇ ਨਵੇਂ ਨਿਰਦੇਸ਼ਕ ਤੇ ਕਹਾਣੀਕਾਰ ਮੰਚ ’ਤੇ ਆ ਰਹੇ ਹਨ, ਉਹ ਇਸ ਸਿਨੇਮਾ ਨੂੰ ਨਵੀਆਂ ਉੱਚਾਈਆਂ ’ਤੇ ਲੈ ਕੇ ਜਾ ਸਕਦੇ ਹਨ, ਪਰ ਇਸ ਲਈ ਨਵੇਂ ਵਿਸ਼ੇ ਚੁਣਨ ਦੀ, ਨਵੀਂ ਸੋਚ ਰੱਖਣ ਦੀ ਤੇ ਇਮਾਨਦਾਰੀ ਨਾਲ ਕੰਮ ਕਰਨ ਦੀ ਲੋੜ ਹੈ। ਜੇ ਪੰਜਾਬੀ ਫਿਲਮਾਂ ਸਿਰਫ਼ ਹਾਸੇ ਤੇ ਵਿਆਹਾਂ ਤੱਕ ਸੀਮਤ ਨਾ ਰਹਿਣ, ਸਗੋਂ ਜੀਵਨ ਦੇ ਅਸਲ ਦਰਦ ਤੇ ਖੁਸ਼ੀਆਂ ਨੂੰ ਛੂਹਣ ਤਾਂ ਇਹ ਸਿਨੇਮਾ ਨਾ ਸਿਰਫ਼ ਪੰਜਾਬ ਦਾ, ਸਗੋਂ ਭਾਰਤ ਦਾ ਮਾਣ ਬਣ ਸਕਦਾ ਹੈ। ਸਾਡੀ ਮਿੱਟੀ ਵਿੱਚ ਕਹਾਣੀਆਂ ਦੀ ਕੋਈ ਘਾਟ ਨਹੀਂ, ਸਿਰਫ਼ ਉਨ੍ਹਾਂ ਨੂੰ ਸੱਚੇ ਦਿਲ ਨਾਲ ਪਰਦੇ ’ਤੇ ਲਿਆਂਦਾ ਜਾਵੇ, ਇਹੀ ਪੰਜਾਬੀ ਸਿਨੇਮਾ ਦੀ ਅਸਲੀ ਜਿੱਤ ਹੋਵੇਗੀ।

ਪੰਜਾਬੀ ਸਿਨੇਮਾ ਸਬੰਧੀ ਇੱਕ ਤੱਥ ਇਹ ਵੀ ਸਾਹਮਣੇ ਆਉਂਦਾ ਹੈ ਕਿ ਜਦੋਂ ਵੀ ਕੋਈ ਨਿਰਮਾਤਾ ਜਾਂ ਨਿਰਦੇਸ਼ਕ ਲੀਕ ਤੋਂ ਹਟ ਕੇ ਕੰਮ ਕਰਦਾ ਹੈ ਤਾਂ ਦਰਸ਼ਕਾਂ ਵੱਲੋਂ ਉਸ ਨੂੰ ਮੱਠਾ ਹੁੰਗਾਰਾ ਮਿਲਦਾ ਹੈ। ਅਜਿਹੇ ਵਿੱਚ ਉਨ੍ਹਾਂ ਦੀ ਆਰਥਿਕ ਸਥਿਤੀ ਪਤਲੀ ਪੈ ਜਾਂਦੀ ਹੈ। ਇਸ ਲਈ ਦਰਸ਼ਕ ਵਰਗ ਨੂੰ ਬਹੁਤ ਸੁਚੇਤ ਹੋਣ ਦੀ ਲੋੜ ਹੈ। ਲੀਕ ਤੋਂ ਹਟਵੀਆਂ ਫਿਲਮਾਂ ਨੂੰ ਜੇਕਰ ਦਰਸ਼ਕ ਵਰਗ ਹੁੰਗਾਰਾ ਨਹੀਂ ਭਰੇਗਾ ਤਾਂ ਨਿਰਮਾਤਾ-ਨਿਰਦੇਸ਼ਕ ਆਪਣੇ ਪੈਰ ਪਿੱਛੇ ਖਿੱਚ ਲੈਣਗੇ। ਅੱਜ ਪੰਜਾਬੀ ਸਿਨੇਮਾ ਵਿੱਚ ਕਾਮੇਡੀ ਭਾਰੂ ਹੈ। ਦਰਸ਼ਕਾਂ ਦੀ ਪਹਿਲੀ ਪਸੰਦ ਬਣਨ ਕਾਰਨ ਹਰ ਨਿਰਮਾਤਾ-ਨਿਰਦੇਸ਼ਕ ਅਜਿਹੀਆਂ ਫਿਲਮਾਂ ਬਣਾਉਣ ਨੂੰ ਹੀ ਤਰਜੀਹ ਦੇ ਰਿਹਾ ਹੈ। ਇਸ ਲਈ ਦਰਸ਼ਕਾਂ ਨੂੰ ਵੱਖਰੇ ਵਿਸ਼ਿਆਂ ’ਤੇ ਬਣਨ ਵਾਲੀਆਂ ਫਿਲਮਾਂ ਨੂੰ ਤਰਜੀਹ ਦੇਣਾ ਅੱਜ ਦੇ ਸਮੇਂ ਦੀ ਵੱਡੀ ਲੋੜ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਨਵੇਂ ਵਿਸ਼ਿਆਂ ਨੂੰ ਹੱਥ ਪਾਉਣ ਤੋਂ ਕੋਈ ਵੀ ਨਿਰਮਾਤਾ-ਨਿਰਦੇਸ਼ਕ ਸੰਕੋਚ ਨਹੀਂ ਕਰੇਗਾ।

ਸੰਪਰਕ: 79736-67793

Advertisement
×