DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮਾਣਮੱਤਾ ਓਲੰਪੀਅਨ ਗੁਰਬਚਨ ਸਿੰਘ ਰੰਧਾਵਾ

ਵਿਸ਼ਵ ਦੇ ਮਹਾਨ ਖਿਡਾਰੀ
  • fb
  • twitter
  • whatsapp
  • whatsapp
Advertisement

ਪ੍ਰਿੰ. ਸਰਵਣ ਸਿੰਘ

“ਗੁਰਬਚਨ ਸਿੰਘ ਜਿੰਨਾ ਤਕੜਾ ਅਥਲੀਟ ਸੀ, ਓਨਾ ਹੀ ਤਕੜਾ ਗਾਲੜੀ”। ਇਹ ਪਹਿਲਾ ਫਿਕਰਾ ਸੀ ਜੋ ਮੈਂ ਸਾਹਿਤਕ ਰਸਾਲੇ ‘ਆਰਸੀ’ ਵਿੱਚ ਉਹਦੇ ਪਲੇਠੇ ਰੇਖਾ ਚਿੱਤਰ ’ਚ ਲਿਖਿਆ ਸੀ। ਦੂਜਾ ਫਿਕਰਾ ਸੀ, “ਉਹ ਇੱਕੋ ਸਾਹ ਛੜਿਆਂ ਦੇ ਸ਼ੌਕ ਤੋਂ ਲੈ ਕੇ ਓਲੰਪਿਕ ਦੀ ਫਾਈਨਲ ਦੌੜ ਤੱਕ ਗੱਲਾਂ ਕਰੀ ਜਾਂਦਾ ਹੈ।” ਗੱਲ 1966 ਦੀ ਹੈ। ਉਦੋਂ ਉਹ 1962 ਦੀਆਂ ਏਸ਼ਿਆਈ ਖੇਡਾਂ ਦਾ ਬੈਸਟ ਅਥਲੀਟ ਬਣਨ ਬਾਅਦ ਟੋਕੀਓ-1964 ਦੀ ਓਲੰਪਿਕਸ ਤੋਂ 110 ਮੀਟਰ ਦੀ ਹਰਡਲਜ਼ ਦੌੜ ’ਚੋਂ ਪੰਜਵਾਂ ਸਥਾਨ ਹਾਸਲ ਕਰ ਚੁੱਕਾ ਸੀ। ਭਾਰਤ ਦੀ ਅਥਲੈਟਿਕਸ ਦੇ ਚਾਰ ਨੈਸ਼ਨਲ ਰਿਕਾਰਡ ਉਹਦੇ ਨਾਂ ਬੋਲਦੇ ਸਨ ਪਰ ‘ਉੱਡਣੇ ਸਿੱਖ’ ਮਿਲਖਾ ਸਿੰਘ ਵਾਂਗ, ਹਰਡਲਾਂ ਦੇ ‘ਉੱਡਣੇ ਬਾਜ਼’ ਗੁਰਬਚਨ ਸਿੰਘ ਦੀ ਓਨੀ ਮਸ਼ਹੂਰੀ ਨਹੀਂ ਸੀ ਹੋਈ ਜਿੰਨੀ ਦਾ ਉਹ ਹੱਕਦਾਰ ਸੀ। ਇਸ ਗੱਲੋਂ ਉਹ ਮੀਡੀਆ ’ਤੇ ਖ਼ਫ਼ਾ ਸੀ।

Advertisement

ਮੈਂ ਪੰਜਾਬ ਦੇ ਮਾਣਮੱਤੇ ਓਲੰਪੀਅਨ ਨੂੰ ਵਡਿਆਉਣ ਲਈ ਆਪਣੇ ਜਾਣੇ ਪ੍ਰਸੰਸਾਮਈ ਰੇਖਾ ਚਿੱਤਰ ਲਿਖਿਆ ਤੇ ਉਹਦਾ ਨਾਂ ‘ਮੁੜ੍ਹਕੇ ਦਾ ਮੋਤੀ’ ਰੱਖਿਆ। ਜਦ ਛਪਿਆ ਤਾਂ ਚਾਈਂ ਚਾਈਂ ‘ਆਰਸੀ’ ਦਾ ਅੰਕ ਉਸ ਨੂੰ ਪੜ੍ਹਨ ਨੂੰ ਦਿੱਤਾ। ਮੇਰੀ ਆਸ ਦੇ ਉਲਟ ਗੁਰਬਚਨ ਸਿੰਘ ਨੂੰ ਮੇਰੇ ਮੁੱਢਲੇ ਫਿਕਰੇ ਪਸੰਦ ਨਹੀਂ ਸੀ ਆਏ। ਇੱਕ ਦਿਨ ਉਹ ਦਿੱਲੀ ਕਨਾਟ ਪਲੇਸ ਦੇ ਵਰਾਂਡੇ ਵਿੱਚ ਤੁਰਿਆ ਆਉਂਦਾ ਮਿਲ ਪਿਆ। ਆਸ ਸੀ ਕਿ ਧੰਨਵਾਦ ਕਰੇਗਾ ਪਰ ‘ਮਾਝੇ ਦਾ ਮਾਣ’ ਇਹ ਕਹਿੰਦਿਆਂ ‘ਇਹ ਕੀ ਲਿਖ ਮਾਰਿਆ ਈ ਭਾਊ’ ਦਾ ਉਲਾਂਭਾ ਦਿੰਦਾ ਹੱਥ ਮਿਲਾਏ ਬਿਨਾਂ ਅਗਾਂਹ ਤੁਰ ਗਿਆ। ਮੈਂ ਹੱਕਾ-ਬੱਕਾ ਰਹਿ ਗਿਆ ਤੇ ਸਿੰਮ ਆਏ ਹੰਝੂ ਲੁਕੋਣ ਲਈ ਕਨਾਟ ਪਲੇਸ ਦੇ ਇੱਕ ਲੁਕਵੇਂ ਖੂੰਜੇ ਜਾ ਖੜ੍ਹਾ ਹੋਇਆ। ਪਛਤਾਇਆ, ਲੈ ਆਹ ਮਿਲਿਆ ਈ ਇਨਾਮ ਕਿਸੇ ਖਿਡਾਰੀ ਬਾਰੇ ਲਿਖਣ ਦਾ!

ਹਾਲਾਂਕਿ ਉਸੇ ਰੇਖਾ ਚਿੱਤਰ ਵਿੱਚ ਮੈਂ ਲਿਖਿਆ ਸੀ, “ਅਥਲੈਟਿਕਸ ਗੁਰਬਚਨ ਸਿੰਘ ਦੇ ਲਹੂ ਵਿੱਚ ਹੈ। ਇਹਦੇ ਵਿੱਚ ਅੱਗੇ ਤੋਂ ਅੱਗੇ ਆਉਣ ਲਈ ਉਹਨੇ ਦਿਨ-ਰਾਤ ਮੁੜ੍ਹਕਾ ਡੋਲ੍ਹਿਆ ਹੈ ਤੇ ਹੁਣ ਅਸੀਂ ਉਸ ਨੂੰ ਹਰਡਲਾਂ ਉੱਤੇ ਬਾਜ਼ ਵਾਂਗ ਉੱਡਦਾ ਵੇਖਦੇ ਹਾਂ। ਉਹ ਕਹਿੰਦਾ ਹੈ, ਜੇ ਲੋਕ ਸ਼ਾਬਾਸ਼ੇ ਦਿੰਦੇ ਰਹਿਣ ਤਾਂ ਅਥਲੀਟ ਇੱਕੋ ਛਾਲ ਵਿੱਚ ਧਰਤੀ ਟੱਪ ਸਕਦੈ। ਸਾਡੇ ਅੱਜ ਦੇ ਰਿਕਾਰਡ ਆਉਣ ਵਾਲੇ ਅਥਲੀਟਾਂ ਦੇ ਮੁੱਢਲੇ ਸਟੈਂਡਰਡ ਹੋਣੇਗੇ। ਬੰਦੇ ਦੀ ਤਾਕਤ ਦਾ ਕੋਈ ਸਿਰਾ ਨਹੀਂ। ਮੇਰਾ ਯਕੀਨ ਐ ਪੰਜਾਬ ਦੇ ਅਥਲੀਟ ਕਿਸੇ ਦਿਨ ਦੁਨੀਆ ਦੇ ਜੇਤੂ ਬਣਨਗੇ।”

ਮੈਂ ਖਿਡਾਰੀਆਂ ਬਾਰੇ ਲਿਖਣਾ ਗੁਰਬਚਨ ਸਿੰਘ ਦੇ ਰੇਖਾ ਚਿੱਤਰ ਨਾਲ ਸ਼ੁਰੂ ਕੀਤਾ ਸੀ। ਮੇਰੀ ਥਾਂ ਕੋਈ ਹੋਰ ਹੁੰਦਾ ਤਾਂ ਖਿਡਾਰੀਆਂ ਬਾਰੇ ਲਿਖਣ ਤੋਂ ਮੂੰਹ ਹੀ ਮੋੜ ਲੈਂਦਾ ਪਰ ਮੈਂ ਖ਼ੁਦ ਖਿਡਾਰੀ ਹੋਣ ਦੇ ਨਾਤੇ, ਗੁਰਬਚਨ ਦੇ ਉਲਾਂਭੇ ਨੂੰ ਚੁਣੌਤੀ ਵਾਂਗ ਲਿਆ ਤੇ ਖੇਡਾਂ ਖਿਡਾਰੀਆਂ ਬਾਰੇ ਲਗਾਤਾਰ ਲਿਖਦਾ ਰਿਹਾ। ਹੁਣ ਤਾਂ ਕੋਈ ਗਿਣਤੀ ਹੀ ਨਹੀਂ ਕਿ ਕਿੰਨੇ ਖਿਡਾਰੀਆਂ ਬਾਰੇ ਲਿਖ ਚੁੱਕਾਂ। ਸ਼ੁਕਰ ਹੈ ਗੁਰਬਚਨ ਦੇ ਉਲਾਂਭੇ ਪਿੱਛੋਂ ਮੈਨੂੰ ਹੋਰ ਉਲਾਂਭੇ ਨਹੀਂ ਮਿਲੇ।

ਗੁਰਬਚਨ ਦਾ ਰੇਖਾ ਚਿੱਤਰ ਭਾਪਾ ਪ੍ਰੀਤਮ ਸਿੰਘ ਨੂੰ ਏਨਾ ਪਸੰਦ ਆਇਆ ਕਿ ਉਸ ਨੇ ਮੈਥੋਂ ਪੰਜਾਬੀ ਖਿਡਾਰੀਆਂ ਦੇ ਵੀਹ ਕੁ ਰੇਖਾ ਚਿੱਤਰ ਲਿਖਵਾਏ ਜੋ ‘ਆਰਸੀ’ ਵਿੱਚ ਛਾਪਣ ਉਪਰੰਤ ਮੇਰੀ ਪਹਿਲੀ ਪੁਸਤਕ ‘ਪੰਜਾਬ ਦੇ ਉੱਘੇ ਖਿਡਾਰੀ’ ਵਿੱਚ ਛਾਪੇ। ਹੁਣ ਜਦੋਂ ਪੈਰਿਸ ਦੀਆਂ ਓਲੰਪਿਕ ਖੇਡਾਂ ਹੋ ਰਹੀਆਂ ਹਨ ਤਾਂ ਮਾਣਮੱਤੇ ਓਲੰਪੀਅਨ ਗੁਰਬਚਨ ਸਿੰਘ ਬਾਰੇ ਮੈਥੋਂ ਫਿਰ ਕੁਝ ਲਿਖਣੋ ਰਿਹਾ ਨਹੀਂ ਗਿਆ। ਭਾਊ ਇਹਨੂੰ ਚੰਗਾ ਸਮਝੇ ਭਾਵੇਂ ਮਾੜਾ? ਮੈਂ ਹੁਣ 85ਵੇਂ ਸਾਲ ’ਚ ਹਾਂ ਤੇ ਭਾਊ 86ਵੇਂ ਸਾਲ ਵਿੱਚ। ਮੈਨੂੰ ਨਹੀਂ ਲੱਗਦਾ ਹੁਣ ਵੀ ਉਹ ‘ਉਲਾਂਭੇ ਦੇਣ ਵਾਲਾ ਭਾਊ’ ਰਹਿ ਗਿਆ ਹੋਵੇਗਾ। ਮੇਰੇ ਹੋਣਹਾਰ ਸ਼ਾਗਿਰਦ ਨਵਦੀਪ ਸਿੰਘ ਗਿੱਲ ਨੇ ਉਹਦੀ ਜੀਵਨੀ ‘ਉੱਡਣਾ ਬਾਜ਼ ਓਲੰਪੀਅਨ ਗੁਰਬਚਨ ਸਿੰਘ ਰੰਧਾਵਾ’ ਲਿਖ ਕੇ ਸਾਰੇ ਉਲਾਂਭੇ ਲਾਹ ਦਿੱਤੇ ਹਨ। ਉਂਜ ਨਵਦੀਪ ਨੂੰ ਵੀ ਲਿਖਣਾ ਪਿਆ, “ਗੁਰਬਚਨ ਸਿੰਘ ਰੰਧਾਵੇ ਵਿੱਚ ਮਝੈਲਾਂ ਵਾਲੀ ਮੜਕ ਵੀ ਹੈ, ਬੜ੍ਹਕ ਅਤੇ ਰੜਕ ਵੀ।”

ਪੱਤਰਕਾਰ ਜੀ. ਰਾਜਾਰਮਨ ਦੀ ਅੰਗਰੇਜ਼ੀ ਵਿੱਚ ਲਿਖੀ ਗੁਰਬਚਨ ਸਿੰਘ ਦੀ ਜੀਵਨੀ ਦਾ ਨਾਂ ਵੀ ‘ਆਊਟਸਪੋਕਨ ਓਲੰਪੀਅਨ’ ਹੈ ਜੋ ਮੇਰੇ ਪਹਿਲੇ ਫਿਕਰੇ ਦੀ ਹੀ ਤਰਜ਼ਮਾਨੀ ਕਰਦਾ ਹੈ। ਵੈਸੇ ਮੂੰਹ-ਫੱਟ ਹੋਣਾ ਗੁਣ ਵੀ ਹੁੰਦਾ ਹੈ ਤੇ ਔਗੁਣ ਵੀ। ਮਿਲਖਾ ਸਿੰਘ ਤੇ ਗੁਰਬਚਨ ਸਿੰਘ ਦੀ ਮਸ਼ਹੂਰੀ ਵੱਧ ਜਾਂ ਘੱਟ ਹੋਣ ’ਚ ਇਹੋ ਫਰਕ ਸੀ। ਗੁਰਬਚਨ ਸਿੰਘ ਨੂੰ ਉਹਦੀ ਮੂੰਹ-ਫੱਟ ਬੋਲ ਬਾਣੀ ਲੈ ਬੈਠੀ ਸੀ। ਕਿੰਗਸਟਨ ਦੀਆਂ ਕਾਮਨਵੈਲਥ ਖੇਡਾਂ-1966 ਲਈ ਪਟਿਆਲੇ ਹੋਏ ਟਰਾਇਲਾਂ ਤੋਂ ਇੱਕ ਦਿਨ ਪਹਿਲਾਂ ਕਿਸੇ ਅੰਗਰੇਜ਼ੀ ਅਖ਼ਬਾਰ ਦਾ ਰਿਪੋਰਟਰ ਗੁਰਬਚਨ ਸਿੰਘ ਨੂੰ ਕਹਿਣ ਲੱਗਾ, “ਚੱਲ ਗੁਰਬਚਨ ਤੈਨੂੰ ਬੀਅਰ ਪਿਆਵਾਂ।”

ਮੈਂ ਵੀ ਉਦੋਂ ਉੱਥੇ ਹੀ ਸਾਂ। ਧੰਨਵਾਦ ਸਹਿਤ ਨਾਂਹ ਕਰਨ ਦੀ ਥਾਂ ਗੁਰਬਚਨ ਨੇ ਕਿਹਾ, “ਰਹਿਣ ਦੇ ਸੱਜਣਾ। ਤੇਰੀ ਅੱਗੇ ਈ ਬੜੀ ਮਿਹਰਬਾਨੀ ਆ। ਪਰਸੋਂ ਨੂੰ ਅਖ਼ਬਾਰਾਂ ’ਚ ਸੁਰਖੀ ਆ ਜਾਊ-ਗੁਰਬਚਨ ਫੇਲਜ਼ ਟੂ ਕੁਆਲੀਫਾਈ।”

ਰਿਪੋਰਟਰ ਨੇ ਹੱਸਦਿਆਂ ਕਿਹਾ, “ਨਹੀਂ, ਇਹ ਗੱਲ ਨਹੀਂ। ਕੁਆਲੀਫਾਈ ਤੂੰ ਕਰਨਾ ਹੀ ਕਰਨਾ। ਸਗੋਂ ਮੈਂ ਸੁਰਖੀ ਲਾਵਾਂਗਾ, ਗੁਰਬਚਨ ਕੁਆਲੀਫਾਈਜ਼ ਇਨ ਬੀਅਰ!”

ਹੋਸਟਲ ਵਿੱਚ ਗੱਲਾਂ ਚੱਲ ਰਹੀਆਂ ਸਨ: ਡਿਸਕਸ ਥਰੋਅਰ ਬਲਦੇਵ ਸਿੰਘ ਧੜੀ ਦੁੱਧ ਪੀ ਗਿਆ। ਪ੍ਰਦੁੱਮਣ ਸਿੰਘ ਸਾਬਤਾ ਬੱਕਰਾ ਖਾ ਗਿਆ। ਪਰਵੀਨ ਰੂਹ ਅਫ਼ਜ਼ੇ ਦੀ ਸਾਬਤ ਬੋਤਲ ਘੜੇ ’ਚ ਘੋਲ ਕੇ ਪੀ ਗਿਆ। ਸ਼ਾਟ ਪੁੱਟਰ ਜੋਗਿੰਦਰ ਜੋਗੀ ਸਾਰਾ ਕੁਝ ਸਮੇਟ ਗਿਆ। ਗੁਰਬਚਨ ਸਿੰਘ ਕਹਿਣ ਲੱਗਾ, “ਹੋਰ ਥਰੋਅਰਾਂ ਨੇ ਕੀ ਕਰਨਾ ਸੀ? ਕਿਤੇ ਕੱਟੀ ਚੁੰਘ ਲਈ, ਕਿਤੇ ਵੱਛੀ। ਹਰ ਵੇਲੇ ਖਾਣ ’ਚ ਧਿਆਨ। ਏਨਾ ਸ਼ੁਕਰ ਆ ਪਈ ਇਨ੍ਹਾਂ ਅਜੇ ਤੱਕ ਕੋਈ ਅਥਲੀਟ ਨ੍ਹੀਂ ਖਾਧਾ।”

ਉਂਜ ਮਿਲਖਾ ਸਿੰਘ ਦੇ ਮੁਕਾਬਲੇ ਗੁਰਬਚਨ ਸਿੰਘ ਆਲਰਾਊਂਡਰ ਅਥਲੀਟ ਸੀ। ਮਿਲਖਾ ਸਿੰਘ ਕੇਵਲ ਦੌੜਾਕ ਸੀ ਜਦ ਕਿ ਗੁਰਬਚਨ ਦੌੜਾਕ ਹੋਣ ਦੇ ਨਾਲ ਥਰੋਅਰ ਤੇ ਜੰਪਰ ਵੀ ਸੀ। ਜਕਾਰਤਾ ਦੀਆਂ ਏਸ਼ਿਆਈ ਖੇਡਾਂ 1962 ਵਿੱਚੋਂ ਡਿਕੈਥਲਨ ਦਾ ਗੋਲਡ ਮੈਡਲ ਜਿੱਤਣ ਕਰਕੇ ਉਸ ਨੂੰ ਏਸ਼ੀਆ ਦਾ ਬੈਸਟ ਅਥਲੀਟ ਐਲਾਨਿਆ ਗਿਆ ਸੀ। ਉਸ ਵੇਲੇ ਭਾਰਤ ਦੇ ਚਾਰ ਨੈਸ਼ਨਲ ਰਿਕਾਰਡ ਉਹਦੇ ਨਾਂ ਸਨ ਜੋ ਉਸ ਨੇ ਦੋ ਦਿਨਾਂ ’ਚ ਨਵਿਆਏ ਸਨ। ਮੈਂ ਉਸ ਨੂੰ ਉਦੋਂ ਤੋਂ ਹੀ ਜਾਣਨ ਲੱਗਾ ਸਾਂ। ਜਕਾਰਤਾ ਜਾਣ ਤੋਂ ਕੁਝ ਦਿਨ ਪਹਿਲਾਂ ਮੈਂ ਉਸ ਨੂੰ ਦਿੱਲੀ ਦੇ ਨੈਸ਼ਨਲ ਸਟੇਡੀਅਮ ਵਿੱਚ ਮਿਲਿਆ ਸਾਂ। 1960 ’ਚ ਮੈਂ ਉਸ ਦੇ ਵੱਡੇ ਭਰਾ ਹਰਭਜਨ ਸਿੰਘ ਰੰਧਾਵਾ ਨਾਲ ਪੰਜਾਬ ਯੂਨੀਵਰਸਿਟੀ ਦੇ ਕੋਚਿੰਗ ਕੈਂਪ ਵਿੱਚ ਸਾਂ। ਬਾਅਦ ਵਿੱਚ ਉਹ ਕੋਚ ਬਣਿਆ ਤੇ ਐੱਨਆਈਐੱਸ ਪਟਿਆਲਾ ਤੋਂ ਅਥਲੈਟਿਕਸ ਦੇ ਚੀਫ ਕੋਚ ਵਜੋਂ ਰਿਟਾਇਰ ਹੋਇਆ।

ਗੁਰਬਚਨ ਸਿੰਘ 21 ਸਾਲ ਦੀ ਉਮਰੇ ਰੋਮ-1960 ਦੀਆਂ ਓਲੰਪਿਕ ਖੇਡਾਂ ’ਚ ਗਿਆ ਸੀ ਤੇ ਪਿੱਛੋਂ ਟੋਕੀਓ-1964 ਦੀਆਂ ਓਲੰਪਿਕ ਖੇਡਾਂ ’ਚ 110 ਮੀਟਰ ਹਰਡਲਜ਼ ਦੌੜ ਵਿੱਚ ਪੰਜਵੇਂ ਥਾਂ ਰਿਹਾ ਸੀ। ਉੱਥੇ ਉਹ ਭਾਰਤੀ ਖੇਡ ਦਲ ਦਾ ਮੋਹਰੀ ਸੀ। 1961 ਤੋਂ ਸ਼ੁਰੂ ਹੋਇਆ ਭਾਰਤ ਦਾ ਪ੍ਰਮੁੱਖ ਖੇਡ ਸਨਮਾਨ ਅਰਜਨ ਐਵਾਰਡ ਸਭ ਤੋਂ ਪਹਿਲਾਂ ਗੁਰਬਚਨ ਸਿੰਘ ਨੂੰ ਮਿਲਿਆ ਸੀ। ਬਾਅਦ ਵਿੱਚ ਉਸ ਨੂੰ ਪਦਮ ਸ਼੍ਰੀ ਦੀ ਉਪਾਧੀ ਵੀ ਮਿਲੀ ਤੇ ਪੰਜਾਬ ਦੇ ਮਹਾਰਾਜਾ ਰਣਜੀਤ ਸਿੰਘ ਐਵਾਰਡ ਸਮੇਤ ਹੋਰ ਵੀ ਬੜੇ ਮਾਣ ਸਨਮਾਨ ਮਿਲੇ।

1960ਵਿਆਂ ਵਿੱਚ ਉਹ ਭਾਰਤੀ ਅਥਲੈਟਿਕਸ ਦਾ ਧਰੂ ਤਾਰਾ ਬਣਿਆ ਰਿਹਾ। ਉਦੋਂ ਭਾਰਤ ਵਿੱਚ ਸਾਇੰਟੇਫਿਕ ਕੋਚਿੰਗ ਨਾਂਮਾਤਰ ਸੀ। ਟਰੈਕ ਮਾੜੇ ਸਨ, ਖੇਡ ਸਾਮਾਨ ਗਿਆ ਗੁਜ਼ਰਿਆ, ਇਨਾਮ ਸਨਮਾਨ ਵੀ ਕੋਈ ਖ਼ਾਸ ਨਾ ਅਤੇ ਖੁਰਾਕ ਵੀ ਅਧੂਰੀ ਸੀ। ਗੁਰਬਚਨ ਨੇ ਜੋ ਕੁਝ ਉਦੋਂ ਕਰ ਵਿਖਾਇਆ ਉਹ ਆਪਣੀ ਮਿਸਾਲ ਆਪ ਸੀ। ਜੇਕਰ ਉਹ ਪੱਛਮੀ ਦੇਸ਼ਾਂ ’ਚ ਜੰਮਿਆ ਹੁੰਦਾ ਤਾਂ ਸਾਇੰਟੇਫਿਕ ਕੋਚਿੰਗ ਤੇ ਆਧੁਨਿਕ ਖੇਡ ਸਹੂਲਤਾਂ ਨਾਲ ਪਤਾ ਨਹੀਂ ਕੀ ਕਰ ਵਿਖਾਉਂਦਾ! ਫਿਰ ਵੀ ਉਹ ਪਹਿਲਾ ਏਸ਼ਿਆਈ ਅਥਲੀਟ ਸੀ ਜੋ ਓਲੰਪਿਕ ਖੇਡਾਂ ਦੀ 110 ਮੀਟਰ ਹਰਡਲਜ਼ ਦੌੜ ’ਚੋਂ ਪੰਜਵੇਂ ਸਥਾਨ ’ਤੇ ਰਿਹਾ।

ਉਹ ਟੋਕੀਓ ਓਲੰਪਿਕਸ ਦੀਆਂ ਗੱਲਾਂ ਇੰਜ ਸੁਣਾਉਂਦਾ ਸੀ: ਇਉਂ ਲੱਗਦਾ ਸੀ ਜਿਵੇਂ ਓਲੰਪਿਕ ਖੇਡਾਂ ਵੇਖਣ ਲਈ ਸਾਰੀ ਦੁਨੀਆ ’ਕੱਠੀ ਹੋ ਗਈ ਹੋਵੇ। ‘‘ਜਿੱਦਣ ਅਸੀਂ ਸੈਮੀ ਫਾਈਨਲ ਦੌੜਨਾ ਸੀ, ਮੀਂਹ ਪੈ ਰਿਹਾ ਸੀ। ਮੇਰੀ ਵਾਰੀ ਪਹਿਲੇ ਸੈਮੀਫਾਈਨਲ ਵਿੱਚ ਦੌੜਨ ਦੀ ਸੀ। ਫਾਇਰ ਨਾਲ ਸਟਾਰਟ ਮਿਲਦਿਆਂ ਮੈਂ ਗੋਲੀ ਵਾਂਗ ਨਿਕਲਿਆ। ਆਪਣੇ ਖੇਡ ਕਰੀਅਰ ਦਾ ਬਿਹਤਰੀਨ ਸਮਾਂ ਕੱਢਦਾ ਮੈਂ ਸੈਕੰਡ ਆਇਆ। ਉਸ ਤੋਂ 2 ਘੰਟੇ 50 ਮਿੰਟ ਬਾਅਦ ਫਾਈਨਲ ਦੌੜ ਸੀ। ਮੇਰੇ ਕੋਲ ਇੱਕੋ ਬੁਨੈਣ, ਇੱਕੋ ਕੱਛਾ, ਇੱਕੋ ਸਪਾਈਕਸ ਤੇ ਇੱਕੋ ਜੋੜਾ ਜ਼ੁਰਾਬਾਂ ਦਾ ਸੀ ਜੋ ਮੀਂਹ ਵਿੱਚ ਗੜੁੱਚ ਹੋ ਗਏ ਸਨ। ਫਾਈਨਲ ਦੌੜ ਵੇਲੇ ਵੀ ਮੀਂਹ ਪੈ ਰਿਹਾ ਸੀ ਤੇ ਠੰਢ ਹੋਰ ਵਧ ਗਈ ਸੀ। ਮੇਰਾ ਸਟਾਰਟ ਸਲੋਅ ਸੀ ਜਿਸ ਕਰਕੇ ਮੈਂ ਸੱਤਵੇਂ ਨੰਬਰ ’ਤੇ ਸਾਂ। ਪੰਜਵੀਂ ਹਰਡਲ ਤੱਕ ਮੈਂ ਸੱਤਵੇਂ ਨੰਬਰ ’ਤੇ ਰਿਹਾ। ਅਖ਼ੀਰਲੀ ਹਰਡਲ ਟੱਪਦਿਆਂ ਵੀ ਸੱਤਵੇਂ ਥਾਂ ਪਰ ਆਖ਼ਰੀ ਮਾਰੇ ਹੰਭਲੇ ਨੇ ਮੈਨੂੰ ਪੰਜਵੀਂ ਪੁਜ਼ੀਸ਼ਨ ’ਤੇ ਲੈ ਆਂਦਾ। ਭਿੱਜੀ ਪੁਸ਼ਾਕ ਨਾਲ ਵੀ ਮੇਰਾ ਟਾਈਮ 14 ਸੈਕੰਡ ਨਿਕਲਿਆ ਜੋ ਭਾਰਤ ਦਾ 37 ਸਾਲ ਨੈਸ਼ਨਲ ਰਿਕਾਰਡ ਰਿਹਾ।’’

ਭਾਰਤ ਵਿੱਚ ਉਹ 100 ਮੀਟਰ ਦੀ ਦੌੜ 10.7 ਸੈਕੰਡ, 200 ਮੀਟਰ 21.5 ਸੈਕੰਡ ਤੇ 400 ਮੀਟਰ 48.4 ਸੈਕੰਡ ਵਿੱਚ ਦੌੜਿਆ ਹੋਇਆ ਸੀ। ਉਸ ਨੇ 24 ਫੁੱਟ ਅੱਧਾ ਇੰਚ ਲੰਮੀ ਛਾਲ, 6 ਫੁੱਟ ਸਾਢੇ 6 ਇੰਚ ਉੱਚੀ ਛਾਲ ਤੇ 12 ਫੁੱਟ ਡੇਢ ਇੰਚ ਪੋਲ ਵਾਲਟ ਦੀ ਛਾਲ ਲਾਈ ਹੋਈ ਸੀ। 210 ਫੁੱਟ ਸਾਢੇ 3 ਇੰਚ ਦੂਰ ਜੈਵਲਿਨ ਸੁੱਟਿਆ ਸੀ ਤੇ ਡਿਕੈਥਲਨ ਦੇ 6912 ਅੰਕਾਂ ਦਾ ਰਿਕਾਰਡ ਰੱਖਿਆ ਸੀ। ਵੇਖਣ ਨੂੰ ਏਨਾ ਨਹੀਂ ਸੀ ਲੱਗਦਾ ਪਰ ਜਦੋਂ ਟਰੈਕ ਵਿੱਚ ਉਤਰਦਾ ਸੀ ਤਾਂ ’ਨ੍ਹੇਰੀ ਲਿਆ ਦਿੰਦਾ ਸੀ। ਉਹ ਮੁਰਗਾਬੀ ਵਾਂਗ ਟਰੈਕ ਵਿੱਚ ਤਾਰੀਆਂ ਲਾਉਂਦਾ। ਉਹਦਾ ਭਖਿਆ ਹੋਇਆ ਸੁਡੌਲ ਜੁੱਸਾ ਲਿਸ਼ਕਾਂ ਮਾਰਦਾ। ਉਸ ਦਾ ਵਿਆਹ ਪਿੰਡ ਰੁੜਕੇ ਦੇ ਸੰਧੂ ਪਰਿਵਾਰ ਦੀ ਬੀਬੀ ਜਸਵਿੰਦਰ ਕੌਰ ਨਾਲ ਹੋਇਆ ਜੋ ਖ਼ੁਦ ਖਿਡਾਰਨ ਸੀ। ਉਸ ਦੀ ਕੁੱਖੋਂ ਇੱਕ ਪੁੱਤਰ ਤੇ ਦੋ ਧੀਆਂ ਨੇ ਜਨਮ ਲਿਆ। ਅੱਜਕੱਲ੍ਹ ਰੰਧਾਵਾ ਜੋੜੀ ਆਪਣੇ ਪਰਿਵਾਰ ਨਾਲ ਦਿੱਲੀ ਰਹਿੰਦੀ ਹੈ।

ਗੁਰਬਚਨ ਸਿੰਘ ਦਾ ਜਨਮ 6 ਜੂਨ 1939 ਨੂੰ ਜ਼ਿਲ੍ਹਾ ਅੰਮ੍ਰਿਤਸਰ ਦੇ ਚੌਕ ਮਹਿਤਾ ਨੇੜਲੇ ਪਿੰਡ ਨੰਗਲੀ ’ਚ ਮਾਤਾ ਧਨਵੰਤ ਕੌਰ ਦੀ ਕੁੱਖੋਂ ਹੋਇਆ ਸੀ। ਉਸ ਦੇ ਪਿਤਾ ਮੇਜਰ ਟਹਿਲ ਸਿੰਘ ਆਪਣੇ ਵੇਲੇ ਦੇ ਉੱਘੇ ਅਥਲੀਟ ਸਨ ਜੋ ਬਲਵੰਤ ਸਿੰਘ ਰੰਧਾਵਾ ਦੇ ਘਰ ਮਾਤਾ ਦਲੀਪ ਕੌਰ ਦੀ ਕੁੱਖੋਂ 1 ਜਨਵਰੀ 1912 ਨੂੰ ਜਨਮੇ। ਉਨ੍ਹਾਂ ਨੇ ਖ਼ਾਲਸਾ ਕਾਲਜ ਅੰਮ੍ਰਿਤਸਰ ਵਿੱਚ ਪੜ੍ਹਦਿਆਂ ਇਕੱਲਿਆਂ ਪੰਜਾਬ ਯੂਨੀਵਰਸਿਟੀ ਦੀ ਅਥਲੈਟਿਕਸ ਚੈਂਪੀਅਨਸ਼ਿਪ ਜਿੱਤ ਲਈ ਸੀ। ਜੇਕਰ ਲੰਮੀ ਛਾਲ ਲਾਉਂਦਿਆਂ ਉਨ੍ਹਾਂ ਦਾ ਗੋਡਾ ਨਾ ਉਤਰਦਾ ਤਾਂ ਸੰਭਵ ਸੀ ਉਹ ਵੀ ਓਲੰਪੀਅਨ ਬਣਦੇ। ਉਹ ਐੱਮ. ਏ. ਅੰਗਰੇਜ਼ੀ ਤੇ ਬੀਟੀ ਕਰ ਕੇ 1943 ਵਿੱਚ ਫੌਜੀ ਅਫ਼ਸਰ ਬਣੇ ਤੇ ਮੇਜਰ ਬਣ ਕੇ ਰਿਟਾਇਰ ਹੋਏ ਪਰ ਗੁਰਬਚਨ ਸਿੰਘ ਪੰਜਾਬ ਯੂਨੀਵਰਸਿਟੀ ਦਾ ਬੈਸਟ ਅਥਲੀਟ ਬਣਨ ਪਿੱਛੋਂ ਬਾਰਵ੍ਹੀਂ ’ਚ ਹੀ ਪੜ੍ਹਾਈ ਛੱਡ ਗਿਆ ਤੇ ਦਿੱਲੀ ਸੀ.ਆਰ.ਪੀ. ਵਿੱਚ ਭਰਤੀ ਹੋ ਗਿਆ। ਫ਼ੌਜ ’ਚ ਮੇਜਰ ਬਣਿਆ ਬਾਪ ਬੜਾ ਨਾਰਾਜ਼ ਹੋਇਆ ਤੇ ਕੁਝ ਸਮਾਂ ਪਿਉ-ਪੁੱਤ ’ਚ ਬੋਲਬਾਣੀ ਵੀ ਬੰਦ ਰਹੀ। ਮੇਜਰ ਸਾਹਿਬ ਨੇ ਆਪਣੇ ਅਥਲੀਟ ਪੁੱਤਰ ਨੂੰ ਅਮਰੀਕਾ ਭੇਜਣ ਦਾ ਪ੍ਰਬੰਧ ਵੀ ਕੀਤਾ ਪਰ ਪੁੱਤਰ ਨੇ ਪੁਲੀਸ ਦੀ ਨੌਕਰੀ ਨਾ ਛੱਡੀ। ਮੈਨੂੰ ਯਾਦ ਹੈ ਜਦੋਂ ਮੈਂ ਦਿੱਲੀ ਖ਼ਾਲਸਾ ਕਾਲਜ ਵਿੱਚ ਪੜ੍ਹਦਾ ਤੇ ਪੜ੍ਹਾਉਂਦਾ ਸੀ ਤਾਂ ਉਸ ਦਾ ਬੁਲਿਟ ਮੋਟਰ ਸਾਈਕਲ ਕਦੇ ਕਦੇ ਸਾਡੇ ਕਾਲਜ ਦਾ ਗੇੜਾ ਵੀ ਮਾਰ ਜਾਂਦਾ ਸੀ। ਬੜੇ ਯਾਦ ਆਉਂਦੇ ਨੇ ਉਹ ਦਿਨ, ਜਦੋਂ ਜੁਆਨੀ ਵਾਲਾ ਜ਼ੋਰ ਸੀ ਵੇ ਬਾਲਮਾ...।

ਉਦੋਂ ਉਹਦੀ ਗੁੱਡੀ ਸਿਖਰ ’ਤੇ ਸੀ। ਅਥਲੀਟ ਹੋਣ ਦੇ ਨਾਤੇ ਮੈਂ ਉਸ ਤੋਂ ਅਥਲੈਟਿਕਸ ਕਰਨ ਦਾ ਕਾਰਨ ਪੁੱਛਿਆ ਸੀ। ਉਸ ਨੇ ਦੱਸਿਆ ਸੀ, “ਇਹ ਸਾਡਾ ਅਮਲ ਆ। ਜਦੋਂ ਕਿਸੇ ਨੂੰ ਕਰਦਿਆਂ ਦੇਖ ਲਈਏ ਤਾਂ ਜੋਸ਼ ਆ ਜਾਂਦਾ। ਉਂਜ ਵੀ ਬੱਲੇ ਬੱਲੇ ਹੁੰਦੀ ਆ। ਸੋਸ਼ਲ ਸਰਕਲ ਵੀ ਖੁੱਲ੍ਹਦਾ, ਪਰ ਹੈ ਇਹ ਅਮਲ, ਨਹੀਂ ਤਾਂ ਕੌਣ ਮਿੱਟੀ ਨਾਲ ਮਿੱਟੀ ਹੁੰਦਾ? ਇੱਕ ਕਾਰਨ ਵੱਡੇ ਕੰਪੀਟੀਸ਼ਨ ਲੈਣ ਦਾ ਵੀ ਹੈ। ਪੀਕ ਫਾਰਮ ਅਚੀਵ ਕਰਨ ਦਾ। ਮੈਂ ਇਸੇ ਕਾਰਨ ਸਖ਼ਤ ਪ੍ਰੈਕਟਿਸ ਕਰਨ ਡਿਹਾਂ।”

ਉਹਦਾ ਕੱਦ ਛੇ ਫੁੱਟ ਤੇ ਅਥਲੈਟਿਕਸ ਕਰਨ ਵੇਲੇ ਭਾਰ 70 ਕਿਲੋ ਦੇ ਆਲੇ ਦੁਆਲੇ ਹੁੰਦਾ ਸੀ। ਛਾਂਟਵਾਂ ਜੁੱਸਾ ਹਰਡਲਾਂ ਦੀਆਂ ਰਗੜਾਂ ਖਾ ਕੇ ਥਾਂ ਥਾਂ ਤੋਂ ਛਿੱਲਿਆ ਹੋਇਆ ਸੀ। ਸੱਜਾ ਗਿੱਟਾ ਕਈ ਵਾਰ ਜ਼ਖਮੀ ਹੋਇਆ। ਉਹ ਦਿੱਲੀ ਮੋਟਰ ਸਾਈਕਲ ਦੇ ਹਾਦਸੇ ਵਿੱਚ ਮਸੀਂ ਬਚਿਆ ਸੀ। ਬਿਮਾਰ ਹੋਣ ਕਾਰਨ 1961 ਦੀਆਂ ਕੌਮੀ ਖੇਡਾਂ ਵਿੱਚ ਭਾਗ ਨਹੀਂ ਸੀ ਲੈ ਸਕਿਆ ਜਦ ਕਿ ਸਭਨਾਂ ਦੀਆਂ ਅੱਖਾਂ ਉਹਦੇ ’ਤੇ ਸਨ। ਟੋਕੀਓ ਦੀਆਂ ਓਲੰਪਿਕ ਖੇਡਾਂ ’ਚ ਉਹਦਾ 110 ਮੀਟਰ ਹਰਡਲਾਂ ਦਾ 14 ਸੈਕੰਡ ਦਾ ਨੈਸ਼ਨਲ ਰਿਕਾਰਡ ਕਿਸੇ ਭਾਰਤੀ ਅਥਲੀਟ ਤੋਂ 37 ਸਾਲ ਨਹੀਂ ਸੀ ਟੁੱਟਾ। ਪਹਿਲਾਂ ਉਹ ਰਿਕਾਰਡ ਉਸ ਦੇ ਪੁੱਤਰ ਰਣਜੀਤ ਰੋਨੀ ਨੇ ਅਮਰੀਕਾ ਦੀ ਇੱਕ ਅਥਲੈਟਿਕਸ ਮੀਟ ਵਿੱਚ ਤੋੜਿਆ ਪਰ ਪਿਛਲੀ ਹਵਾ ਮਿੱਥੇ ਮਿਆਰ ਤੋਂ ਤੇਜ਼ ਹੋਣ ਕਾਰਨ ਉਸ ਰਿਕਾਰਡ ਨੂੰ ਮਾਨਤਾ ਨਾ ਮਿਲੀ। ਫਿਰ ਮਾਝੇ ਦੇ ਹੀ ਗੁਰਪ੍ਰੀਤ ਸਿੰਘ ਦੋਧੀ ਨੇ ਉਸ ਦਾ ਰਿਕਾਰਡ ਤੋੜਿਆ ਜਿਸ ਦੀ ਗੁਰਬਚਨ ਸਿੰਘ ਨੇ ਭਰਵੀਂ ਪ੍ਰਸੰਸਾ ਕੀਤੀ। ਗੱਲਾਂ ਬਹੁਤ ਹਨ ਜੋ ਉਸ ਦੀ ਜੀਵਨੀ ਵਿੱਚੋਂ ਪੜ੍ਹੀਆਂ ਜਾ ਸਕਦੀਆਂ ਹਨ।

‘ਉੱਡਣਾ ਬਾਜ਼’ ਜੀਵਨੀ ਲਿਖਵਾਉਣ ਵਿੱਚ ਗੁਰਭਜਨ ਗਿੱਲ ਦਾ ਵੀ ਯੋਗਦਾਨ ਹੈ ਜੋ ਮਾਝੇ ਦੇ ਮਾਣ ਗੁਰਬਚਨ ਸਿੰਘ ਨੂੰ ‘ਅਣਗਾਇਆ ਗੀਤ’ ਕਹਿੰਦਾ ਹੈ। ਖੇਡਾਂ ਤੇ ਖਿਡਾਰੀਆਂ ਦੇ ਸਰਪ੍ਰਸਤ ਰਹੇ ਰਾਜਾ ਭਲਿੰਦਰ ਸਿੰਘ ਦਾ ਸਪੁੱਤਰ ਰਾਜਾ ਰਣਧੀਰ ਸਿੰਘ ਜੋ ਓਲੰਪਿਕ ਕੌਂਸਲ ਆਫ ਏਸ਼ੀਆ ਦਾ ਪ੍ਰਧਾਨ ਹੈ, ਗੁਰਬਚਨ ਸਿੰਘ ਦੀ ਜੀਵਨੀ ਨੂੰ ਖਿਡਾਰੀਆਂ ਲਈ ਚਾਨਣ ਮੁਨਾਰਾ ਕਹਿੰਦਾ ਹੈ। ਟੋਕੀਓ ਵਿੱਚ ਜਿਸ ਦਿਨ ਗੁਰਬਚਨ ਨੇ ਪੰਜਵਾਂ ਸਥਾਨ ਪ੍ਰਾਪਤ ਕੀਤਾ ਉਸ ਦਿਨ ਹੀ ਛੇ ਵਾਰ ਦੇ ਓਲੰਪੀਅਨ ਰਣਧੀਰ ਸਿੰਘ ਦਾ ਜਨਮ ਦਿਨ ਸੀ। ਉਸ ਦਿਨ ਉਸ ਦੇ ਜਨਮ ਦਿਨ ਦਾ ਕੇਕ ਜੋ ਓਲੰਪਿਕ ਖੇਡਾਂ ਦੀ ਕਮੇਟੀ ਵੱਲੋਂ ਭੇਟ ਕੀਤਾ ਗਿਆ ਉਹ ਉਸ ਨੇ ਮਿਲਖਾ ਸਿੰਘ ਤੇ ਗੁਰਬਚਨ ਸਿੰਘ ਨਾਲ ਸਾਂਝਾ ਕੀਤਾ ਸੀ। ਨਵਦੀਪ ਗਿੱਲ ਨੇ ਗੁਰਬਚਨ ਸਿੰਘ ਦੀ ਜੀਵਨੀ ‘ਉੱਡਣਾ ਬਾਜ਼’ ਦਾ ਅੰਤ ਇਨ੍ਹਾਂ ਸ਼ਬਦਾਂ ਨਾਲ ਕੀਤਾ ਹੈ: ਗੁਰਬਚਨ ਦੀ ਗਾਥਾ ਸੁਣਦਿਆਂ, ਉਸ ਦੇ ਦ੍ਰਿੜ ਇਰਾਦੇ ਅਤੇ ਸੰਕਲਪ ਦੀਆਂ ਕਹਾਣੀਆਂ ਲਿਖਦਿਆਂ ਮੇਰੇ ਰੌਂਗਟੇ ਕਈ ਵਾਰ ਖੜ੍ਹੇ ਹੋਏ। ਸੰਭਵ ਹੈ ਪਾਠਕਾਂ ਦੇ ਵੀ ਪੜ੍ਹਨ ਲੱਗਿਆਂ ਜ਼ਰੂਰ ਰੌਂਗਟੇ ਖੜ੍ਹੇ ਹੋਣਗੇ। ਗੁਰਬਚਨ ਵਰਗੇ ਖਿਡਾਰੀ ਨਿੱਤ-ਨਿੱਤ ਨਹੀਂ ਜੰਮਦੇ ਤੇ ਉਨ੍ਹਾਂ ਦੀਆਂ ਗਾਥਾਵਾਂ ਖਿਡਾਰੀ ਤੇ ਖੇਡ ਪ੍ਰੇਮੀ ਰਹਿੰਦੀ ਦੁਨੀਆ ਤੱਕ ਪੜ੍ਹਦੇ ਸੁਣਦੇ ਰਹਿਣਗੇ।

ਈ-ਮੇਲ: principalsarwansingh@gmail.com

Advertisement
×