ਕਵਿਤਾਵਾਂ
ਜਜ਼ਬਾ ਦੀਪਿਕਾ ਅਰੋੜਾ ਜਜ਼ਬਾ ਬੁਲੰਦ ਕਰ ਲੈ ਮਿਲ ਜਾਵੇਗਾ ਕਿਨਾਰਾ, ਬੁਜ਼ਦਿਲ ਹੀ ਭਾਲਦੇ ਨੇ ਪਤਵਾਰ ਦਾ ਸਹਾਰਾ। ਇਹ ਸ਼ਿਕਸ਼ਤ ਹੀ ਤਾਂ ਤੇਰੀ ਆਗ਼ਾਜ਼ ਇੱਕ ਨਵਾਂ ਹੈ, ਇਨ੍ਹਾਂ ਔੰਕੜਾਂ ਤੋਂ ਡਰ ਕੇ ਰੁੱਕਣਾ ਨਹੀਂ ਗ਼ਵਾਰਾ। ਸੁੱਖ ਪਾਉਣ ਦੀ ਖੁਸ਼ੀ ’ਚ ਗ਼ਮ...
ਜਜ਼ਬਾ
ਦੀਪਿਕਾ ਅਰੋੜਾ
ਜਜ਼ਬਾ ਬੁਲੰਦ ਕਰ ਲੈ ਮਿਲ ਜਾਵੇਗਾ ਕਿਨਾਰਾ,
ਬੁਜ਼ਦਿਲ ਹੀ ਭਾਲਦੇ ਨੇ ਪਤਵਾਰ ਦਾ ਸਹਾਰਾ।
ਇਹ ਸ਼ਿਕਸ਼ਤ ਹੀ ਤਾਂ ਤੇਰੀ ਆਗ਼ਾਜ਼ ਇੱਕ ਨਵਾਂ ਹੈ,
ਇਨ੍ਹਾਂ ਔੰਕੜਾਂ ਤੋਂ ਡਰ ਕੇ ਰੁੱਕਣਾ ਨਹੀਂ ਗ਼ਵਾਰਾ।
ਸੁੱਖ ਪਾਉਣ ਦੀ ਖੁਸ਼ੀ ’ਚ ਗ਼ਮ ਵੀ ਹੰਡਾਉਣੇ ਪੈਂਦੇ
ਹਰ ਮੌਜ਼ ਹੀ ਹੈ ਲੁਕਿਆ ਕੁਦਰਤ ਦਾ ਇੱਕ ਇਸ਼ਾਰਾ।
ਮੰਦਿਰ-ਮਸੀਤੀਂ ਲਭਿਆ, ਗੁਰੂਘਰ ਤਲਾਸ਼ ਕੀਤਾ
ਮੈਂ ਢੂੰਢਦਾ ਹੀ ਉਸ ਨੂੰ ਬਸ ਹੋ ਗਿਆ ਆਵਾਰਾ।
ਦਰ-ਦਰ ’ਤੇ ਧੱਕੇ ਖਾਧੇ, ਜੰਗਲ ਵੀ ਜਾ ਫ਼ਰੋਲੇ
ਅੰਦਰੀ ਹੀ ਬਸ ਰਿਹਾ ਸੀ ਪ੍ਰੀਤਮ ਮੇਰਾ ਉਹ ਪਿਆਰਾ।
ਓਹਦੀ ਰਹਿਮਤਾਂ ਦੇ ਸਦਕੇ ਐਸਾ ਕਮਾਲ ਹੋਇਆ
ਜ਼ੱਰਾ ਸੀ ਜੋ ਜ਼ਮੀਂ ਦਾ, ਅੱਜ ਬਣ ਗਿਆ ਸਿਤਾਰਾ।
ਸੰਪਰਕ: 90411-60739
ਇੱਲ੍ਹਾਂ
ਅਮਨਦੀਪ ਕੌਰ
ਪਖੰਡ ਵੱਧਦਾ ਜਾਵੇ ਡੇਰਿਆਂ ’ਤੇ
ਕੋਈ ਪਾਓ ਨੱਥ ਲੁਟੇਰਿਆਂ ’ਤੇ
ਚੌਕੀ ਇੱਕ ਨਾਲ ਨਾ ਗੱਲ ਬਣਨੀ
ਕੰਮ ਹੋਊ ਚਾਰ ਫੇਰਿਆਂ ’ਤੇ
ਧੀਆਂ ਭੈਣਾਂ ਤੋਂ ਮੱਥੇ ਟਿਕਾਉਣ ਲੱਗੇ
ਹੋਵਾਂ ਹੈਰਾਨ ਮੈਂ ਐਸੇ ਜੇਰਿਆਂ ’ਤੇ
ਬਾਣੀ ਨਾਨਕ ਦੀ ਨੂੰ ਭੁੱਲ ਕਮਲੇ
ਉਲਝੇ ਰਾਹੂ ਸ਼ਨੀ ਦੇ ਘੇਰਿਆਂ ’ਤੇ
ਬੋਲੀ ਮਿੱਠੀ ਤੇ ਡੰਗ ਨੇ ਨਾਗ ਵਰਗੇ
ਕੋਈ ਸ਼ੱਕ ਨਾ ਕਰੇ ਸਪੇਰਿਆਂ ’ਤੇ
ਵਿਆਹ ਕਾਕੇ ਦਾ ਭਾਈ ਹੋਊ ਛੇਤੀ
ਫੂਕ ਮਾਰ ਦਿੰਦੇ ਨੇ ਸਿਹਰਿਆਂ ’ਤੇ
ਭੋਲ਼ੇ ਲੋਕ ਨੇ ਮਾਸ ਖੁਆਈ ਜਾਂਦੇ
ਇੱਲ੍ਹਾਂ ਬਣ ਬੈਠੇ ਸਾਧ ਬਨੇਰਿਆਂ ’ਤੇ
ਦੀਪ ਕਿੰਨੇ ਕੁ ਦੱਸ ਹੁਣ ਭੇਤ ਖੋਲ੍ਹੇ
ਇੱਥੇ ਨਕਾਬ ਨੇ ਬਹੁਤੇ ਚਿਹਰਿਆਂ ’ਤੇ
ਸੰਪਰਕ: 98776-54596
ਇੱਕ ਚਾਨਣੀ ਰਾਤ
ਲਖਵਿੰਦਰ ਸਿੰਘ ਬਾਜਵਾ
ਪੁੰਨਿਆ ਦੀ ਰਾਤ ਖਿੰਡੀ ਚਾਨਣੀ ਚੁਫੇਰ ਸੀ,
ਚੰਨ ਕੋਲੋਂ ਡਰਦਾ ਜਾ ਲੁਕਿਆ ਹਨੇਰ ਸੀ।
ਚਾਨਣੀ ਨੇ ਢੱਕ ਲਿਆ ਤਾਰਿਆਂ ਦੇ ਨੂਰ ਨੂੰ,
ਰੂਪ ਨੇ ਹੀ ਤੋੜ ਦਿੱਤਾ ਰੂਪ ਦੇ ਗਰੂਰ ਨੂੰ।
ਤਾਰੀ ਲਾਈ ਪਾਣੀ ’ਤੇ ਸੰਘਾੜਿਆਂ ਦੀ ਵੇਲ ਨੇ,
ਕੰਮੀਆਂ ਦਾ ਮੁੱਖ ਆਣ ਚੁੰਮਿਆਂ ਤਰੇਲ ਨੇ।
ਚਾਂਦਨੀ ’ਚ ਮਹਿਕ ਰਾਣੀ ਰਾਤ ਦੀ ਨੇ ਘੋਲ ਕੇ,
ਫਿਜ਼ਾ ਵਿੱਚ ਕੀਤਾ ਛਿੜਕਾਅ ਦਿਲ ਖੋਲ੍ਹ ਕੇ।
ਹਵਾ ਵਿੱਚੋਂ ਚੂਸ ਲਈ, ਗਰਮੀ ਅਕਾਸ਼ ਨੇ,
ਜਿੱਤਿਆ ਧਰਾ ਦਾ ਦਿਲ ਉਹਦੇ ਵਿਸ਼ਵਾਸ਼ ਨੇ।
ਸੁੱਤੇ ਹੋਏ ਸਰ ਦਿਆਂ ਪਾਣੀਆਂ ’ਚ ਡੋਲ੍ਹ ਕੇ,
ਚਾਂਦੀ ਦਾ ਬਣਾਇਆ ਜਲ, ਚਾਨਣੀ ਨੂੰ ਘੋਲ ਕੇ।
ਰਿਖੀਆਂ ਜਿਓਂ ਰੁੱਖ ਖੜ੍ਹਾ ਕਰ ਅੱਖਾਂ ਬੰਦ ਨੇ,
ਜਲਵੇ ਜਿਓਂ ਕਾਦਰੀ ਦਾ ਮਾਣਦੇ ਆਨੰਦ ਨੇ।
ਕੰਵਲ ਦੇ ਫੁੱਲ ਵਿੱਚ ਬੱਧਾ ਪ੍ਰੇਮ ਜਾਲ ਦਾ,
ਫਸ ਗਿਆ ਭੌਰਾ ਮਕਰੰਦ ਕੋਈ ਭਾਲਦਾ।
ਨੈਣ ਮਿੰਨ੍ਹੇ ਖੋਲ੍ਹ ਫੁੱਲ ਹਰਸ਼ਿੰਗਾਰ ਦੇ,
ਅਦਭੁੱਤ ਚੰਦੇ ਵਾਲੀ ਆਰਤੀ ਉਤਾਰਦੇ।
ਚੁੱਕ ਚੁੱਕ ਚੁੰਝਾਂ ਨੇ ਚਕੋਰ ਵਾਜਾਂ ਮਾਰਦੇ,
ਜਾਪਦੇ ਨੇ ਚੰਨ ਮਹਿਬੂਬ ਨੂੰ ਪੁਕਾਰਦੇ।
ਚਾਨਣੀ ਦਾ ਸ਼ੀਸ਼ਾ ਭੰਨ੍ਹ ਨਦੀ ਦਿਆਂ ਪਾਣੀਆਂ,
ਲਹਿਰਾਂ ਉੱਤੇ ਲਿਖੀਆਂ ਨੇ ਨਵੀਆਂ ਕਹਾਣੀਆਂ।
ਬੁੱਕਲ ’ਚ ਲੈ ਕੇ ਅਕਸ ਨਦੀ ਚੰਦ ਦਾ,
ਚੁੰਮ ਚੁੰਮ ਕਰੇ ਇਜ਼ਹਾਰ ਜਿਓਂ ਆਨੰਦ ਦਾ।
ਗਾਵੇ ਮਾਂ ਲੋਰੀ ਜਿਵੇਂ ਬਾਲਕ ਵਰਾਉਣ ਨੂੰ,
ਵੱਜਦੀ ਸਰੋਦ ਸੋਹਣੀ ਮਨ ਪ੍ਰਚਾਉਣ ਨੂੰ।
ਹੁਸਨ ਲੁਟਾਇਆ ਜਾਂ ਤਰੇਲ ਧੋਤੀ ਆਬ ਨੇ,
ਕਲੀ ਚਟਕਾਈ ਮੋਤੀ ਭੇਟ ਲੈ ਗੁਲਾਬ ਨੇ।
ਕੋਈ ਫਿਰੇ ਸੁਰਗੀ ਨਜ਼ਾਰੇ ਹੈ ਨਿਹਾਰਦਾ,
ਨੀਂਦ ਨੂੰ ਤਿਆਗ ਜੱਫੇ ਰਿਸ਼ਮਾ ਨੂੰ ਮਾਰਦਾ।
ਸ਼ਾਂਤ ਭਿੰਨੀ ਰੈਣ ’ਚ ਖਿਆਲ ਖੂਹਾ ਗੇੜਦਾ,
ਕਿਹੜਾ ਏ ਕਵਾਰੀ ਕੰਜ ਚਾਨਣੀ ਨੂੰ ਛੇੜਦਾ।
ਸ਼ਾਇਰ ਤਾਈਂ ਵੇਖ ਬੋਲੀ ਖਰਵੀ ਹੋ ਕੋਚਰੀ,
ਰੁਕ ਜਾ ਖਵਾਬਾਂ ਦੀ ਨਾ ਛੂਹੀਂ ਭਰੀ ਟੋਕਰੀ।
ਵੇਖੀਂ ਕਿਤੇ ਸੁਬਹ ਦਾ ਨਾ ਘੰਟਾ ਖੜਕਾ ਦਵੀਂ,
ਪ੍ਰੀਤ ਵਿੱਚ ਭਿੱਜੀਆਂ ਨਾ ਰੂਹਾਂ ਨੂੰ ਜਗਾ ਦਵੀਂ।
ਅਜੇ ਤਾਂ ਇਹ ਸੁੱਤੀਆਂ ਰੂਹਾਂ ਨੂੰ ਵਰਤਾਉਣੇ ਨੇ,
ਵਿੱਛੜੀਆਂ ਰੂਹਾਂ ਦੇ ਮਿਲਾਪ ਵੀ ਕਰਾਉਣੇ ਨੇ।
ਚੰਨ ਜਦੋਂ ਸੁਪਨੇ ’ਚ ਚੰਨੀ ਕੋਲ ਆਏਗਾ,
ਓਦੋਂ ਹੀ ਉਹ ਵਸਲਾਂ ਦੀ ਚਾਨਣੀ ਖਿੰਡਾਏਗਾ।
ਫੇਰ ਕਵੀ ਸ਼ਾਂਤ ਬੁੱਤ ਬਣ ਕੇ ਖਲ੍ਹੋ ਗਿਆ,
ਕਾਇਨਾਤ ਨਾਲ ਏਦਾਂ ਇਕਮਿਕ ਹੋ ਗਿਆ।
ਪੀਣ ਲੱਗਾ ਡੀਕ ਲਾ ਕੇ ਕਾਸਾ ਭਰ ਨੂਰ ਦਾ,
ਮਾਣਦਾ ਆਨੰਦ ਰੱਬੀ ਮੈਅ ਦੇ ਸਰੂਰ ਦਾ।
ਕੁਦਰਤ ਨਾਲ ਜੋ ਇਸ਼ਕ ਤੰਦਾਂ ਤਾਣਦੇ,
ਬਾਜਵਾ ਨਜ਼ਾਰੇ ਜਾਦੂਮਈ ਓਹੋ ਮਾਣਦੇ।
ਕੁਦਰਤ ਨਾਲ ਜਿਹਨੇ ਸਮਾਂ ਨਾ ਬੀਤਾਇਆ ਏ,
ਉਹਨੇ ਜਾਣੋ ਜੀਵਨ ਬੇ-ਅਰਥਾ ਗਵਾਇਆ ਏ।
ਸੰਪਰਕ: 94167-34506, 97296-08492
ਗ਼ਜ਼ਲ
ਪਵਨ ਕੁਮਾਰ ਹੋਸ਼ੀ
ਲਿਖਤਾਂ ਚੋਂ ਉਸ ਲੇਖਕ ਦਾ ਕਿਰਦਾਰ ਦਿਸੇ,
ਅਸਲੀ ਚਿਹਰਾ ਹੀ ਉਸ ਦਾ ਹਰਵਾਰ ਦਿਸੇ।
ਲੋਕਾਂ ਦੀ ਗਲ, ਕਰਦਾ ਹੋਵੇ ਨੇਤਾ ਜੇ,
ਤਾਂ ਸਭਦੇ ਮਨ ਵਿਚ ਉਸ ਦਾ ਸਤਿਕਾਰ ਦਿਸੇ।
ਰਹਿਣ ਬਦਲਦੇ ਹਰ ਵਕਤ ਨਕਾਬ ਉਨ੍ਹਾਂ ਦੇ,
ਸਾਨੂੰ ਸਾਡੇ ਮਹਿਬੂਬ ’ਚ ਫ਼ਨਕਾਰ ਦਿਸੇ।
ਹਸ ਕੇ ਲੰਘੇ ਜਦ ਵੀ ਉਹ ਮੇਰੇ ਕੋਲੋਂ,
ਮੈਨੂੰ ਮੇਰੇ ਦਿਲ ਦਾ ਉਹ ਦਿਲਦਾਰ ਦਿਸੇ।
ਅੱਖਾਂ ਮੀਚ ਜ਼ਰੇ ਜੋ ਬੇਇਨਸਾਫ਼ੀ ਤਾਂ,
ਜਿਉਂਦਾ ਉਸ ਵਿਚ ਮੈਨੂੰ ਇਕ ਮੁਰਦਾਰ ਦਿਸੇ।
ਬਹਿ ਕੇ ਕੱਠੇ ਭਾਈ ਸਭ ਕਰਨ ਵਿਚਾਰਾਂ,
ਸਭ ਨੂੰ ਉਹ ਤਾਂ ਇੱਕ ਸੁਖੀ ਪਰਿਵਾਰ ਦਿਸੇ।
ਇਨਸਾਫ਼ ਸਦਾ ਹੀ ‘ਹੋਸ਼ੀ’ ਕਰਦਾ ਹੈ ਉਹ,
ਛੋਟਾ ਵੱਡਾ ਉਸ ਨੂੰ ਸਭ ਇਕਸਾਰ ਦਿਸੇ।
ਜਨਮ-ਰਾਤ
ਮਨਜੀਤ ਸਿੰਘ ਬੱਧਣ
ਜਨਮ ਦਿਨ ਵਾਲੀ ਜਦ ਸੀ ਰਾਤ ਆਈ,
ਇਸ ਰਾਤ ਨੇ ਮੈਨੂੰ ਇੱਕ ਸੀ ਬਾਤ ਪਾਈ।
ਨੀਂਦਰ ਪਹਿਲਾਂ ਹੀ ਆਉਣੋ ਸੀ ਸੰਗਦੀ,
ਤੁਰ ਗਈ ਕਿੱਧਰੇ, ਮੁੜ ਨਾ ਝਾਤ ਪਾਈ।
ਬਿਨ ਚਾਨਣ ਹੀ ਮੈਂ ਡਿੱਠਾ ਮੇਰਾ ਸਾਇਆ,
ਸਾਡੇ ਦੋਹਾਂ ਵਿੱਚ ਨਵੀਂ ਇਹ ਜਾਤ ਆਈ।
ਰਾਤ ਨੇ ਪੁੱਛਿਆ ਕਿਵੇਂ ਗੁਜ਼ਰੀ ਜ਼ਿੰਦਗੀ,
ਅੱਖਾਂ ਸਾਹਮਣੇ ਯਾਦਾਂ ਦੀ ਬਾਰਾਤ ਆਈ।
ਮੈਂ ਆਖਿਆ ਦਿਨ, ਮਹੀਨੇ ਤੇ ਸਾਲ ਗੁਜ਼ਰੇ,
ਜ਼ਿੰਦਗੀ ਤੋਂ ਖ਼ੁਸ਼ੀਆਂ ਦੀ ਹੀ ਸੌਗਾਤ ਪਾਈ।
ਖਿੜ-ਖਿੜ ਹੱਸਿਆ ਮੇਰਾ ਸਾਇਆ ਕਿਉਂ?
ਸੋਚਦਿਆਂ-ਸੋਚਦਿਆਂ ਨਵੀਂ ਪ੍ਰਭਾਤ ਆਈ।
ਨਾਲੰਦਾ
ਰਮਨ ਸੇਖੋਂ
ਜਦੋਂ ਯੁਗਾਂ ਨੂੰ ਇਕ ਸੇਕ
ਰਾਜੇ ਦੇ ਹੰਕਾਰ ਦਾ ਲੱਗਿਆ,
ਫਿਰ ਮੁੜ ਕਦੇ ‘ਮਹਾਨਤਾ’
ਅਭਿਮਾਨੀ ਨਹੀਂ ਹੋਈ ਹੋਣੀ।
ਬੰਦ ਸਾਗਰਾਂ ਦੇ ਕੁੱਜੇ ਵੇਖ
ਤਿੜਕ ਗਏ ਹੋਣੇ,
ਐਸੀ ਅਗਨਿ ਵਿੱਚ ਸਾਗਰ ਵੀ
ਵਿਲਕ ਗਏ ਹੋਣੇ।
ਬਲਦੀ ਹੋਈ ਨਾਲੰਦਾ ਨੇ
ਆਖਰੀ ਵਾਰ ਫਿਰ ਗਿਆਨ ਵੰਡਿਆ ਤੇ ਹੋਣਾ!
ਕਿ ‘ਨਫ਼ਰਤ ਕੋਈ ਹਾਸਿਲ ਨਹੀਂ ਹੁੰਦੀ।’
ਗ਼ਜ਼ਲ
ਬਲਵਿੰਦਰ ਬਾਲਮ ਗੁਰਦਾਸਪੁਰ
ਬੰਦ ਮੁੱਠੀ ਵਿਚ ਹੋਣ ਸਮੁੰਦਰ ਮਿਲਦੀ ਹੈ ਵਡਿਆਈ।
ਘਰ ਦੀਆਂ ਚੀਜ਼ਾਂ ਹੋਵਣ ਅੰਦਰ ਮਿਲਦੀ ਹੈ ਵਡਿਆਈ।
ਦੁਨੀਆਂ ਦੀ ਹਰ ਇਕ ਸ਼ੈਅ ਹੀ ਫਿਰ ਪੈਰ ਤੁਹਾਡੇ ਚੁੰਮੂ,
ਰਹਿਣਾ ਸਿਖ ਲਓ ਮਨ ਦੇ ਮੰਦਰ ਮਿਲਦੀ ਹੈ ਵਡਿਆਈ।
ਤਿੱਖੀ ਜੀਭਾ ਬਾਹਰ ਰਵੇ ਜੇ ਅੰਬਰ ਨੂੰ ਟਾਕੀ ਲਾਵੇ,
ਮਿਆਨ ’ਚ ਬੰਦ ਰਵੇ ਜੇ ਖੰਜਰ ਮਿਲਦੀ ਹੈ ਵਡਿਆਈ।
ਸੂਰਜ ਨਿਸਵਾਰਥ ਹੋ ਕੇ ਨਿਤ ਹੀ ਪ੍ਰਕਾਸ਼ ਦੇਵੇ,
ਇੱਛਾ ਦਾ ਕਾਬੂ ਕਰ ਬੰਦਰ ਮਿਲਦੀ ਹੈ ਵਡਿਆਈ।
ਮੂਰਖ ਨੂੰ ਚੱਜ ਆਚਾਰ ਸਿਖਾਉਣਾ ਐਨਾ ਸੌਖਾ ਨਾਹੀ,
ਬਣਨਾ ਔਖਾ ਮਗਰ ਕਲੰਦਰ ਮਿਲਦੀ ਹੈ ਵਡਿਆਈ।
ਖ਼ੁਸ਼ੀਆਂ ਵਾਲਾ ਤਾਜ ਹਮੇਸ਼ਾਂ ਉਸ ਦੇ ਸਿਰ ’ਤੇ ਰਹਿੰਦਾ,
ਜਿਸ ਬੰਦੇ ਨੂੰ ਅਪਣੇ ਹੀ ਘਰ ਮਿਲਦੀ ਹੈ ਵਡਿਆਈ।
ਰੁੱਖ ’ਤੇ ਤਪਸ਼ ਕਰੇ ਜੇ ਸੂਰਜ ਤਾਂ ਫਿਰ ਛਾਵਾਂ ਹੋਵਣ,
ਦੁੱਖ ਜੇ ਬੰਦਾ ਲੈਂਦਾ ਹੈ ਜਰ ਮਿਲਦੀ ਹੈ ਵਡਿਆਈ।
ਹਰਿਆਲੀ ਦੀ ਪੂੰਗਰ ਅੰਦਰ ਲੱਖਾਂ ਸ਼ੁੱਭਅਸੀਸਾਂ,
ਬੱਦਲ ਵਾਗੂੰ ਮੌਕੇ ’ਤੇ ਵਰ੍ਹ ਮਿਲਦੀ ਹੈ ਵਡਿਆਈ।
ਬਾਲਮ ਤੇਰੀਆਂ ਗ਼ਜ਼ਲਾਂ ਅੰਦਰ ਲੋਅ ਹੈ ਦੁਖ-ਸੁਖ ਵਾਲੀ,
ਜਿੱਦਾਂ ਸੂਰਜ ਨੂੰ ਉਮਰਾਂ ਭਰ ਮਿਲਦੀ ਹੈ ਵਡਿਆਈ।
ਸੰਪਰਕ: 98156-25409
ਲ਼ੋਕ-ਤੱਥ
ਪ੍ਰਗਟ ਢਿੱਲੋਂ ਸਮਾਧ ਭਾਈ
ਕਿਹੜੀ ਗੱਲ ਦਾ ਕਮਲਿਆ ਮਾਣ ਕਰਦਾਂ,
ਸਮਾਂ ਬਦਲਦਾ ਬੜੇ ਹੈ ਰੰਗ ਬੇਲੀ।
ਤਕੜਾ ਬੰਦਾ ਨਹੀਂ ਚੁੱਭਵੀਂ ਗੱਲ ਕਰਦਾ,
ਗੱਲ ਚੱਕਵੀਂ ਕਰੂਗਾ ਨੰਗ ਬੇਲੀ।
ਠੱਗੀਆਂ ਮਾਰਨੋਂ ਠੱਗ ਨਹੀਂ ਰਹਿ ਸਕਦਾ,
ਨਿੱਤ ਕੱਢਦਾ ਨਵਾਂ ਹੀ ਢੰਗ ਬੇਲੀ।
ਪੁਰਾਣੀ ਰੰਜਸ਼ ਵੀ ਸਿਆਪਾ ਪਾ ਦਿੰਦੀ,
ਕੋਲ ਆ ਕੇ ਖੰਘੇ ਕੋਈ ਖੰਗ ਬੇਲੀ।
ਉਸ ਬੰਦੇ ਨੂੰ ਸਾਰਾ ਪਿੰਡ ਕੱਢੇ ਗਾਲ਼ਾਂ,
ਜੋ ਅੜਾਉਂਦਾ ਦੂਜੇ ਦੇ ਕੰਮ ’ਚ ਟੰਗ ਬੇਲੀ।
ਗੋਰੀ ਕਾਲੀ ਸੀ ਸਭ ਪ੍ਰਵਾਨ ਕਰਦੇ,
ਪੁਰਾਣੇ ਵਿਆਉਂਦੇ ਸੀ ਆਪਣੀ ਮੰਗ ਬੇਲੀ।
ਬੱਚਾ ਸੱਪ ਦਾ ਭਾਵੇਂ ਦੁੱਧ ਨਾਲ ਪਲਿਆ,
ਤਾਂ ਵੀ ਮਾਰਨਾ ਅਖੀਰ ਨੂੰ ਡੰਗ ਬੇਲੀ।
ਢਿੱਲੋਂ ਬੰਦੇ ਨੂੰ ਅੱਗੇ ਨਹੀਂ ਵਧਣ ਦਿੰਦੀ,
ਮਾੜੀ ਸੋਚ ਤੇ ਜੁੱਤੀ ਤੰਗ ਬੇਲੀ।
ਸੰਪਰਕ: 98553-63234
ਲੋਕ
ਐਡਵੋਕੈਟ ਰਵਿੰਦਰ ਸਿੰਘ ਧਾਲੀਵਾਲ
ਸ਼ਾਂਤ ਜਿਹੇ ਲੱਗਦੇ ਨੇ ਲੋਕ,
ਬਣ ਭੋਲੇ ਠੱਗਦੇ ਨੇ ਲੋਕ।
ਉਪਰੋਂ ਤਾਂ ਅਪਣਾ ਨੇ ਕਹਿੰਦੇ,
ਧੁਰ ਅੰਦਰੋਂ ਸੜਦੇ ਨੇ ਲੋਕ।
ਕਰੀ ਕਮਾਈ ਦਾ ਸਬਰ ਨਹੀਂ,
ਬਸ ਦੂਜੇ ਨੂੰ ਤੱਕਦੇ ਲੋਕ।
ਉਜੜੇ ਜਦ ਕੋਈ ਨੇੜੇ ਦਾ,
ਤਾੜੀ ਮਾਰ ਕੇ ਹੱਸਦੇ ਲੋਕ।
ਹੋਜੂ ਕਿਰਪਾ ਨਾਮ ਧਿਆ ਕੇ,
ਕਿਉਂ ਮਿਹਨਤ ਤੋਂ ਭਜਦੇ ਲੋਕ।
ਦਸ ਚੜਾਅ ਕੇ ਸੌ ਭਾਲਦੇ,
ਰੱਬ ਕੋਲੋਂ ਨਾ ਡਰਦੇ ਲੋਕ।
ਨੇਕ ਕਮਾਈ ਨਾਲ ਹੋਵੇ ਬਰਕਤ,
ਸਮੇਂ ਨਾਲ ਜਦ ਚਲਦੇ ਲੋਕ।
ਧਾਲੀਵਾਲਾ ਇਥੇ ਮਾਣ ਹੈ ਕਾਹਦਾ,
ਰਾਜੇ ਤੋਂ ਰੰਕ ਬਣਦੇ ਲੋਕ।
ਸੰਪਰਕ: 78374-90309

