ਸਹਿਣਸ਼ੀਲਤਾ ਨਾਲ ਮਿਲੇ ਸ਼ਾਂਤੀ ਤੇ ਸੰਤੁਸ਼ਟੀ
ਅਕਸਰ ਕਿਹਾ ਜਾਂਦਾ ਹੈ ਕਿ ਮਨੁੱਖ ਦਾ ਅਸਲੀ ਸਰਮਾਇਆ ਉਸ ਦਾ ਕਿਰਦਾਰ ਹੈ। ਅੱਜਕੱਲ੍ਹ ਦੇ ਹਾਲਾਤ ਵਿੱਚ ਜਿੱਥੇ ਸਭ ਕੁਝ ਬਹੁਤ ਤੇਜ਼ੀ ਨਾਲ ਬਦਲ ਰਿਹਾ ਹੈ ਇੰਝ ਲੱਗਦਾ ਹੈ ਕਿ ਮਨੁੱਖ ਦਾ ਅਸਲੀ ਸਰਮਾਇਆ ਉਸ ਦੀ ਸਹਿਣਸ਼ਕਤੀ ਹੈ। ਇਹ ਸਹਿਣਸ਼ਕਤੀ ਜੋ ਲੋਕਾਂ ਵਿੱਚ ਬਹੁਤ ਘਟਦੀ ਜਾ ਰਹੀ ਹੈ ਖ਼ਾਸ ਕਰਕੇ ਨਵੀਂ ਪੀੜ੍ਹੀ ਵਿੱਚ। ਕੋਈ ਗੱਲ ਸੁਣਨ ਨੂੰ ਤਿਆਰ ਹੀ ਨਹੀਂ। ਕਿਸੇ ਨੂੰ ਜ਼ਰਾ ਜਿੰਨੀ ਗੱਲ ਕਹਿ ਦਿਓ ਤਾਂ ਇਕਦਮ ਭੜਕ ਜਾਂਦਾ ਹੈ।
ਜਦੋਂ ਅਸੀਂ ਸਮਾਜ ਵਿੱਚ ਰਹਿੰਦੇ ਹਾਂ ਤਾਂ ਇਹ ਜ਼ਰੂਰੀ ਹੈ ਕਿ ਅਸੀਂ ਕਿਸੇ ਨਾ ਕਿਸੇ ਗੱਲ ’ਤੇ ਇੱਕ ਦੂਜੇ ਨੂੰ ਟੋਕਾਂਗੇ ਜਾਂ ਸਮਝਾਵਾਂਗੇ। ਇਹੀ ਨਿਯਮ ਪਰਿਵਾਰ ਵਿੱਚ ਵੀ ਹੁੰਦਾ ਹੈ। ਅੱਜਕੱਲ੍ਹ ਬੱਚੇ ਚਾਹੁੰਦੇ ਹਨ ਕਿ ਉਨ੍ਹਾਂ ਨੂੰ ਕਿਸੇ ਗੱਲ ’ਤੇ ਟੋਕਿਆ ਨਾ ਜਾਵੇ, ਸਮਝਾਉਣਾ ਤਾਂ ਦੂਰ ਦੀ ਗੱਲ ਹੈ। ਉਨ੍ਹਾਂ ਨੂੰ ਇੰਝ ਲੱਗਦਾ ਹੈ ਜਿਵੇਂ ਉਨ੍ਹਾਂ ਨੂੰ ਸਭ ਕੁਝ ਪਤਾ ਹੈ। ਤੁਸੀਂ ਅਕਸਰ ਧਿਆਨ ਦਿੱਤਾ ਹੋਵੇਗਾ ਕਿ ਨੌਜਵਾਨ ਬੱਚਿਆਂ ਨੂੰ ਜਦੋਂ ਕੋਈ ਗੱਲ ਕਹੋ ਤਾਂ ਉਹ ਅੱਗੋਂ ਸਿਰਫ਼ ਹੱਥ ਦਾ ਇਸ਼ਾਰਾ ਕਰ ਦਿੰਦੇ ਹਨ ਮਤਲਬ ‘ਸਟੌਪ’। ਤੁਸੀਂ ਕੁਝ ਨਾ ਬੋਲੋ ਇਹੀ ਉਨ੍ਹਾਂ ਦਾ ਅਰਥ ਹੁੰਦਾ ਹੈ।
ਬਹੁਤ ਵਾਰ ਨੌਜਵਾਨ ਪੀੜ੍ਹੀ ਇਹ ਵੀ ਕਹਿੰਦੀ ਹੈ ਕਿ ਤੁਹਾਨੂੰ ਨਹੀਂ ਪਤਾ। ਇਹ ਸੱਚ ਹੈ ਕਿ ਬਹੁਤ ਸਾਰੀਆਂ ਗੱਲਾਂ ਦਾ ਪੁਰਾਣੀ ਪੀੜ੍ਹੀ ਨੂੰ ਨਹੀਂ ਪਤਾ, ਪਰ ਇਹ ਵੀ ਸੱਚ ਹੈ ਕਿ ਉਨ੍ਹਾਂ ਦਾ ਤਜਰਬਾ ਬਹੁਤ ਵੱਡਾ ਹੈ। ਬਦਲਾਅ ਕੁਦਰਤ ਦਾ ਨਿਯਮ ਹੈ। ਹਰ ਚੀਜ਼ ਬਦਲਦੀ ਹੈ। ਮਨੁੱਖੀ ਰਿਸ਼ਤਿਆਂ ਦੀਆਂ ਪੇਚੀਦਗੀਆਂ ਬਹੁਤ ਵਧ ਗਈਆਂ ਹਨ। ਇੱਥੇ ਸਾਡੇ ਬਜ਼ੁਰਗਾਂ ਦਾ ਤਜਰਬਾ ਬਹੁਤ ਕੰਮ ਆ ਸਕਦਾ ਹੈ। ਅੱਜਕੱਲ੍ਹ ਦੇ ਨੌਜਵਾਨ ਕਿਸੇ ਵੀ ਗੱਲ ਦਾ ਇੱਕ ਮਿੰਟ ਵਿੱਚ ਫ਼ੈਸਲਾ ਕਰ ਲੈਂਦੇ ਹਨ, ਉਹ ਇਹ ਨਹੀਂ ਜਾਣਦੇ ਕਿ ਇਨ੍ਹਾਂ ਫ਼ੈਸਲਿਆਂ ਦਾ ਅਸਰ ਉਨ੍ਹਾਂ ਦੀ ਜ਼ਿੰਦਗੀ ’ਤੇ ਕਿਸ ਹੱਦ ਤੱਕ ਪੈਂਦਾ ਹੈ।
ਅੱਜ ਦੀ ਪੀੜ੍ਹੀ ਸਮਝੌਤਾ ਕਰਨ ਨੂੰ ਚੰਗਾ ਨਹੀਂ ਸਮਝਦੀ। ਉਨ੍ਹਾਂ ਨੂੰ ਲੱਗਦਾ ਹੈ ਕਿ ਸਮਝੌਤਾ ਕਰਕੇ ਉਹ ਆਪਣੀ ਜ਼ਿੰਦਗੀ ਦੇ ਦਿਨ ਬਰਬਾਦ ਕਰਦੇ ਹਨ, ਪਰ ਬਿਨਾਂ ਸਮਝੌਤੇ ਤੋਂ ਵੀ ਜ਼ਿੰਦਗੀ ਬਰਬਾਦ ਹੀ ਹੁੰਦੀ ਹੈ। ਰਿਸ਼ਤਿਆਂ ਵਿੱਚ ਸਮਝੌਤੇ ਕਰਨੇ ਬਹੁਤ ਜ਼ਰੂਰੀ ਹਨ। ਇਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਕਿਸੇ ਦੀ ਜ਼ਿਆਦਤੀ ਨੂੰ ਸਹਿਣ ਕਰੋ, ਪਰ ਇਸ ਦਾ ਮਤਲਬ ਇਹ ਵੀ ਨਹੀਂ ਕਿ ਨਿੱਕੀ ਜਿਹੀ ਗੱਲ ਨੂੰ ਬਿਨਾਂ ਵਜ੍ਹਾ ਹੀ ਇੰਨਾ ਵਧਾ ਕੇ ਰਿਸ਼ਤਿਆਂ ਨੂੰ ਤੋੜ ਦਿਓ। ਰਿਸ਼ਤਿਆਂ ਦੇ ਦੁੱਖ ਦੀ ਆਵਾਜ਼ ਨਹੀਂ ਆਉਂਦੀ, ਪਰ ਉਨ੍ਹਾਂ ਦੀਆਂ ਆਵਾਜ਼ਾਂ ਬੜੇ ਲੰਬੇ ਸਮੇਂ ਤੱਕ ਕੰਨਾਂ ਵਿੱਚ ਗੂੰਜਦੀਆਂ ਹਨ।
ਅੱਜ ਸਾਡੇ ਸਮਾਜ ਦਾ ਇੱਕ ਬਹੁਤ ਵੱਡਾ ਹਿੱਸਾ ਮਾਨਸਿਕ ਤੌਰ ’ਤੇ ਬਿਮਾਰ ਹੈ। ਨੌਜਵਾਨ ਵਰਗ ਇਸ ਤੋਂ ਬੁਰੀ ਤਰ੍ਹਾਂ ਪੀੜਤ ਹੈ। ਉਹ ਆਪਣੇ ਆਪ ਨੂੰ ਸੰਭਾਲਣ ਵਿੱਚ ਨਾਕਾਮ ਹੁੰਦਾ ਹੈ। ਅਕਸਰ ਰਿਸ਼ਤਿਆਂ ਦੀ ਟੁੱਟ ਭੱਜ ਨਾਲ ਜੋ ਨੁਕਸਾਨ ਮਾਨਸਿਕ ਤੌਰ ’ਤੇ ਹੁੰਦਾ ਹੈ, ਉਸ ਨਾਲ ਉਹ ਡਰ ਜਾਂਦਾ ਹੈ ਤੇ ਜ਼ਿੰਦਗੀ ਤੋਂ ਭੱਜਦਾ ਹੈ। ਇਸ ਦੌੜ ਵਿੱਚ ਉਸ ਨੂੰ ਨਸ਼ੇ ਦੀ ਆਦਤ ਲੱਗ ਜਾਂਦੀ ਹੈ। ਨਸ਼ਾ ਜੋ ਉਸ ਦੀ ਜ਼ਿੰਦਗੀ ਨੂੰ ਤਬਾਹ ਕਰ ਦਿੰਦਾ ਹੈ। ਸੋਚਣ ਵਾਲੀ ਗੱਲ ਇਹ ਵੀ ਹੈ ਕਿ ਜੇ ਰਿਸ਼ਤੇ ਟੁੱਟਣ ਦਾ ਉਨ੍ਹਾਂ ’ਤੇ ਕੋਈ ਅਸਰ ਨਹੀਂ ਹੁੰਦਾ ਤਾਂ ਫਿਰ ਉਹ ਭਾਵਨਾਤਮਕ ਤੌਰ ’ਤੇ ਬਹੁਤ ਖੋਖਲੇ ਹਨ।
ਜ਼ਿੰਦਗੀ ਬਾਜ਼ਾਰ ਵਿੱਚ ਕੀਤੀ ਜਾਣ ਵਾਲੀ ਖ਼ਰੀਦਦਾਰੀ ਨਹੀਂ ਹੈ। ਨਵੀਂ ਪੀੜ੍ਹੀ ਜੋ ਆਨਲਾਈਨ ਜ਼ਿੰਦਗੀ ਜੀ ਰਹੀ ਹੈ, ਜਿੱਥੇ ਆਨਲਾਈਨ ਚੀਜ਼ ਮੰਗਾਈ ਜਾਂਦੀ ਹੈ ਤੇ ਪਸੰਦ ਨਾ ਆਉਣ ’ਤੇ 15 ਦਿਨਾਂ ਦੇ ਵਿੱਚ ਵਿੱਚ ਵਾਪਸ ਕਰ ਦਿੱਤੀ ਜਾਂਦੀ ਹੈ ਤੇ ਪੈਸੇ ਵਾਪਸ ਮਿਲ ਜਾਂਦੇ ਹਨ, ਉਹ ਕਿਵੇਂ ਸਮਝੇਗੀ ਜ਼ਿੰਦਗੀ ਦੀ ਇਸ ਦੀ ਗਹਿਰਾਈ ਨੂੰ। ਅਸੀਂ ਅਕਸਰ ਵੇਖਦੇ ਹਾਂ ਕਿ ਖੁਦਕੁਸ਼ੀਆਂ ਵਧ ਰਹੀਆਂ ਹਨ। ਮਾਨਸਿਕ ਰੋਗ ਵਧ ਰਹੇ ਹਨ। ਹਰ ਤੀਜਾ ਬੰਦਾ ਡਿਪਰੈਸ਼ਨ ਦੇ ਇਲਾਜ ਲਈ ਗੋਲੀਆਂ ਖਾ ਰਿਹਾ ਹੈ। ਕੋਈ ਨਸ਼ੇ ਦੀ ਗ੍ਰਿਫ਼ਤ ਵਿੱਚ ਆ ਰਿਹਾ ਹੈ। ਕਿਸੇ ਜ਼ਮਾਨੇ ਵਿੱਚ ਜੇ ਨੌਜਵਾਨ ਨਸ਼ਾ ਕਰਦੇ ਵੀ ਸਨ ਤਾਂ ਮਾਂ ਬਾਪ ਤੋਂ ਚੋਰੀ, ਪਰ ਅੱਜ ਖੁੱਲ੍ਹੇਆਮ ਨਸ਼ੇ ਦਾ ਸੇਵਨ ਕੀਤਾ ਜਾਂਦਾ ਹੈ। ਅਸੀਂ ਆਪਣੇ ਨਜ਼ਦੀਕੀ ਰਿਸ਼ਤਿਆਂ ਤੋਂ ਦੂਰ ਹੋ ਕੇ ਅੰਦਰੋਂ ਅੰਦਰ ਖਾਲੀ ਹੋ ਰਹੇ ਹਾਂ। ਸਾਨੂੰ ਨਾ ਸਮਾਜ ਵਿੱਚ ਵਿਚਰਨਾ ਆਉਂਦਾ ਹੈ ਤੇ ਨਾ ਹੀ ਰਿਸ਼ਤਿਆਂ ਨੂੰ ਨਿਭਾਉਣਾ।
ਇਨ੍ਹਾਂ ਨੌਜਵਾਨਾਂ ਨੂੰ ਬਹੁਤ ਛੋਟੀ ਉਮਰ ਵਿੱਚ ਲੱਖਾਂ ਕਰੋੜਾਂ ਦੇ ਪੈਕੇਜ ਮਿਲਦੇ ਹਨ ਅਤੇ ਇਹ ਛੁੱਟੀਆਂ ਵਿੱਚ ਵਿਦੇਸ਼ਾਂ ਦੀ ਸੈਰ ਕਰਦੇ ਹਨ। ਜ਼ਿੰਦਗੀ ਦੀ ਹਰ ਸਹੂਲਤ ਨੂੰ ਪ੍ਰਾਪਤ ਕਰਨ ਤੋਂ ਬਾਅਦ ਉਨ੍ਹਾਂ ਨੂੰ ਲੱਗਦਾ ਹੈ ਕਿ ਹੁਣ ਕੁਝ ਵੀ ਬਾਕੀ ਨਹੀਂ ਰਿਹਾ। ਇਸ ਦਾ ਇੱਕੋ ਇੱਕ ਕਾਰਨ ਹੈ ਕਿ ਨਿੱਕੇ ਹੁੰਦਿਆਂ ਤੋਂ ਹਰ ਚੀਜ਼ ਫਟਾਫਟ ਮਿਲ ਜਾਂਦੀ ਹੈ। ਮਾਤਾ-ਪਿਤਾ ਬੱਚੇ ਨੂੰ ਚੀਜ਼ ਦੀ ਜ਼ਰੂਰਤ ਮਹਿਸੂਸ ਹੋਣ ਤੋਂ ਪਹਿਲਾਂ ਹੀ ਚੀਜ਼ ਉਪਲੱਬਧ ਕਰਵਾ ਦਿੰਦੇ ਹਨ। ਬੱਚਿਆਂ ਨੂੰ ਤਾਂਘ ਦਾ ਨਹੀਂ ਪਤਾ। ਉਹ ਨਹੀਂ ਜਾਣਦੇ ਕਿ ਕਿਸੇ ਵਸਤੂ ਦੀ ਪ੍ਰਾਪਤੀ ਲਈ ਮਿਹਨਤ ਕਿਵੇਂ ਕੀਤੀ ਜਾਂਦੀ ਹੈ।
ਤੁਸੀਂ ਅਕਸਰ ਵੇਖਿਆ ਹੋਵੇਗਾ ਕਿ ਸੜਕ ’ਤੇ ਨਿੱਕੀ ਜਿਹੀ ਗੱਲ ’ਤੇ ਲੋਕ ਇਸ ਤਰ੍ਹਾਂ ਲੜ ਪੈਂਦੇ ਹਨ ਕਿ ਇੱਕ ਦੂਜੇ ਨੂੰ ਮਾਰਨ ’ਤੇ ਉਤਾਰੂ ਹੋ ਜਾਂਦੇ ਹਨ। ਛੋਟੀ ਜਿਹੀ ਗੱਲ ਵਿੱਚ ਵੱਡੀ ਤੋਂ ਵੱਡੀ ਦੁਰਘਟਨਾ ਵਾਪਰ ਜਾਂਦੀ ਹੈ। ਸਾਡੀ ਸਹਿਣ ਸ਼ਕਤੀ ਖ਼ਤਮ ਹੋ ਗਈ ਹੈ। ਅਸੀਂ ਨਿੱਕੀ ਜਿਹੀ ਗੱਲ ਨਹੀਂ ਸਹਾਰ ਸਕਦੇ। ਜੇਕਰ ਸਾਨੂੰ ਕੋਈ ਕੁਝ ਕਹਿੰਦਾ ਹੈ ਤਾਂ ਸਾਨੂੰ ਲੱਗਦਾ ਹੈ ਕਿ ਸਾਡੀ ਜ਼ਿੰਦਗੀ ਵਿੱਚ ਦਖਲਅੰਦਾਜ਼ੀ ਹੋ ਰਹੀ ਹੈ। ਅਸੀਂ ਤਾਂ ਇਹ ਵੀ ਭੁੱਲ ਚੁੱਕੇ ਹਾਂ ਕਿ ਜਿਨ੍ਹਾਂ ਨੇ ਜਨਮ ਦਿੱਤਾ ਉਨ੍ਹਾਂ ਦਾ ਦਖਲਅੰਦਾਜ਼ੀ ਕਰਨ ਦਾ ਹੱਕ ਬਣਦਾ ਹੈ।
ਆਪਣੀ ਇੱਛਾ ਨਾਲ ਕੀਤੇ ਕੰਮਾਂ ਵਿੱਚ ਵੀ ਅਸੀਂ ਖ਼ੁਸ਼ ਨਹੀਂ ਹਾਂ। ਸਾਡੀ ਆਪਸੀ ਬੋਲਚਾਲ ਘਟ ਗਈ ਹੈ। ਮਾਂ-ਬਾਪ ਜਾਂ ਬਜ਼ੁਰਗਾਂ ਨਾਲ ਤਾਂ ਸਿਰਫ਼ ਕੰਮ ਦੀ ਗੱਲ ਕੀਤੀ ਜਾਂਦੀ ਹੈ। ਭੱਜੇ ਭੱਜੇ ਖਾਣਾ ਖਾਂਦੇ ਹਾਂ, ਭੱਜੇ ਭੱਜੇ ਦਫ਼ਤਰ ਜਾਂਦੇ ਹਾਂ, ਭੱਜੇ ਭੱਜੇ ਵਾਪਸ ਆਉਂਦੇ ਹਾਂ ਤੇ ਭੱਜੇ ਭੱਜੇ ਹੀ ਜ਼ਿੰਦਗੀ ਬਿਤਾਉਂਦੇ ਹਾਂ। ਜ਼ਿੰਦਗੀ ਦੀ ਇਸ ਭੱਜ ਦੌੜ ਵਿੱਚ ਸਹਿਜ ਕਿਤੇ ਨਹੀਂ ਹੈ। ਲੱਖ ਸ਼ੈਅ ਕੋਲ ਹੋਣ, ਬੇਹਿਸਾਬ ਪੈਸਾ ਹੋਵੇ, ਪਰ ਜੇਕਰ ਸਹਿਜ ਨਹੀਂ ਹੈ ਤਾਂ ਜ਼ਿੰਦਗੀ ਦਾ ਸਵਾਦ ਨਹੀਂ ਆਵੇਗਾ। ਜੇਕਰ ਜ਼ਿੰਦਗੀ ਦਾ ਲੁਤਫ਼ ਲੈਣਾ ਹੈ ਤਾਂ ਸ਼ਾਂਤ, ਸਹਿਜ ਤੇ ਸੰਤੁਸ਼ਟ ਹੋਣਾ ਜ਼ਰੂਰੀ ਹੈ।
ਇਹ ਸਿਰਫ਼ ਤਾਂ ਹੀ ਹੋ ਸਕਦਾ ਹੈ ਜੇਕਰ ਸਾਡੇ ਅੰਦਰ ਸਹਿਣਸ਼ੀਲਤਾ ਹੋਵੇਗੀ। ਅੱਜ ਸਮਾਜ ਦੀ ਸਭ ਤੋਂ ਵੱਡੀ ਲੋੜ ਸਹਿਣਸ਼ੀਲਤਾ ਹੈ। ਇਹ ਇੱਕੋ ਇੱਕ ਅਜਿਹਾ ਗੁਣ ਹੈ ਜੋ ਸਾਨੂੰ ਸੰਤੁਸ਼ਟੀ ਦੇ ਸਕਦਾ ਹੈ। ਤ੍ਰਿਸ਼ਨਾ ਵਿੱਚ ਉਲਝੇ ਇਸ ਸੰਸਾਰ ਨੂੰ ਸ਼ਾਂਤ ਹੋਣ ਦੀ ਬੜੀ ਜ਼ਰੂਰਤ ਹੈ। ਜੋ ਸਾਡੇ ਕੋਲ ਹੈ ਉਸ ਦਾ ਮਜ਼ਾ ਲੈ ਲਈਏ ਏਨਾ ਹੀ ਬਹੁਤ ਹੈ। ਅਸੀਂ ਅੰਨ੍ਹੀ ਦੌੜ ਵਿੱਚ ਦੌੜਦੇ ਹੋਏ ਜ਼ਿੰਦਗੀ ਨੂੰ ਅਣਦੇਖਿਆ ਕਰ ਰਹੇ ਹਾਂ। ਵਸਤੂਆਂ ਨੂੰ ਪ੍ਰਾਪਤ ਕਰਨ ਦੇ ਚੱਕਰ ਵਿੱਚ ਜ਼ਿੰਦਗੀ ਜੀ ਨਹੀਂ ਰਹੇ। ਜ਼ਿੰਦਗੀ ਦਾ ਮਜ਼ਾ ਲੈਣਾ ਹੈ ਤਾਂ ਧਰਤੀ ਵਾਂਗ ਸਹਿਣਸ਼ੀਲ ਬਣੋ, ਤੁਹਾਨੂੰ ਸ਼ਾਂਤੀ ਵੀ ਮਿਲੇਗੀ ਤੇ ਸੰਤੁਸ਼ਟੀ ਵੀ।
ਸੰਪਰਕ: 90410-73310