ਮਹਾਭਾਰਤ ਵਿੱਚ ਕਰਨ ਦੀ ਭੂਮਿਕਾ ਨਿਭਾਉਣ ਵਾਲੇ Pankaj Dheer ਦਾ ਦੇਹਾਂਤ
ਪੰਜਾਬ ਨਾਲ ਸਬੰਧਤ ਸਨ ਮਸ਼ਹੂਰ ਅਦਾਕਾਰ Pankaj Dheer
ਟੀਵੀ ਸਟਾਰ Pankaj Dheer, ਜੋ ਬੀ.ਆਰ. ਚੋਪੜਾ ਦੇ ‘ਮਹਾਭਾਰਤ’ ਵਿੱਚ ਕਰਨ ਦੀ ਭੂਮਿਕਾ ਅਤੇ ਫੈਂਟੇਸੀ ਡਰਾਮਾ ‘ਚੰਦਰਕਾਂਤਾ’ ਵਿੱਚ ਰਾਜਾ ਸ਼ਿਵਦੱਤ ਦਾ ਕਿਰਦਾਰ ਨਿਭਾਉਣ ਲਈ ਮਕਬੂਲ ਸਨ, ਦਾ ਕੈਂਸਰ ਨਾਲ ਲੰਬੀ ਲੜਾਈ ਤੋਂ ਬਾਅਦ 68 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ।
ਨਿਰਮਾਤਾ ਅਤੇ ਧੀਰ ਦੇ ਦੋਸਤ ਅਸ਼ੋਕ ਪੰਡਿਤ ਨੇ ਦੱਸਿਆ, ‘‘ਉਨ੍ਹਾਂ ਦਾ ਅੱਜ ਸਵੇਰੇ ਕੈਂਸਰ ਕਾਰਨ ਦੇਹਾਂਤ ਹੋ ਗਿਆ। ਉਹ ਪਿਛਲੇ ਮਹੀਨਿਆਂ ਤੋਂ ਹਸਪਤਾਲ ਆ-ਜਾ ਰਹੇ ਸਨ।’’ ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਕੀਤਾ ਜਾਵੇਗਾ।
ਪੰਜਾਬ ਨਾਲ ਸਬੰਧਤ Pankaj Dheer ਨੇ 1980 ਦੇ ਦਹਾਕੇ ਵਿੱਚ ਇੱਕ ਅਦਾਕਾਰ ਵਜੋਂ ਆਪਣਾ ਕਰੀਅਰ ਸ਼ੁਰੂ ਕੀਤਾ ਅਤੇ ਕਈ ਫਿਲਮਾਂ ਵਿੱਚ ਛੋਟੀਆਂ ਭੂਮਿਕਾਵਾਂ ਨਿਭਾਈਆਂ।
ਉਨ੍ਹਾਂ ਨੂੰ ਵੱਡਾ ਬ੍ਰੇਕ 1988 ਵਿੱਚ ਮਿਲਿਆ ਜਦੋਂ ਉਨ੍ਹਾਂ ਨੂੰ ਸੀਰੀਅਲ ‘ਮਹਾਭਾਰਤ’ ਵਿੱਚ ਕਰਨ ਦੀ ਭੂਮਿਕਾ ਲਈ ਚੁਣਿਆ ਗਿਆ। ਇਸ ਤੋਂ ਬਾਅਦ ਉਨ੍ਹਾਂ ਦੀ ਪ੍ਰਸਿੱਧੀ ਸਿਖਰ 'ਤੇ ਪਹੁੰਚ ਗਈ ਅਤੇ ਉਨ੍ਹਾਂ ਨੇ ‘ਸੜਕ’, ‘ਸਨਮ ਬੇਵਫਾ’ ਅਤੇ ‘ਆਸ਼ਿਕ ਆਵਾਰਾ’ ਵਰਗੀਆਂ ਕਈ ਫਿਲਮਾਂ ਵਿੱਚ ਕੰਮ ਕੀਤਾ।
1994 ਤੋਂ 1996 ਤੱਕ, ਧੀਰ ਨੇ ਟੀਵੀ ਸੀਰੀਜ਼ ‘ਚੰਦਰਕਾਂਤਾ’ ਵਿੱਚ ਅਭਿਨੈ ਕੀਤਾ, ਜੋ ਲੇਖਕ ਦੇਵਕੀ ਨੰਦਨ ਖੱਤਰੀ ਦੇ 1888 ਦੇ ਇਸੇ ਨਾਮ ਦੇ ਨਾਵਲ ’ਤੇ ਅਧਾਰਤ ਸੀ। ਉਨ੍ਹਾਂ ਨੇ ਕਾਲਪਨਿਕ ਰਾਜ ਚੁਨਾਰਗੜ੍ਹ ਦੇ ਰਾਜਾ ਸ਼ਿਵਦੱਤ ਦੀ ਭੂਮਿਕਾ ਨਿਭਾਈ।
ਉਨ੍ਹਾਂ ਦੀਆਂ ਕੁਝ ਪ੍ਰਸਿੱਧ ਫਿਲਮਾਂ ਵਿੱਚ ਬੌਬੀ ਦਿਓਲ ਦੀ ‘ਸੋਲਜਰ’, ਸ਼ਾਹ ਰੁਖ ਖਾਨ ਦੀ ‘ਬਾਦਸ਼ਾਹ’, ਅਕਸ਼ੈ ਕੁਮਾਰ ਦੀ ‘ਅੰਦਾਜ਼’, ਅਤੇ ਅਜੇ ਦੇਵਗਨ ਦੀ ‘ਜ਼ਮੀਨ’ ਅਤੇ ‘ਟਾਰਜ਼ਨ’ ਵੀ ਸ਼ਾਮਲ ਹਨ।
Pankaj Dheer ਦੇ ਪਰਿਵਾਰ ਵਿੱਚ ਉਨ੍ਹਾਂ ਦੀ ਪਤਨੀ ਅਨੀਤਾ ਧੀਰ ਅਤੇ ਅਦਾਕਾਰ ਪੁੱਤਰ ਨਿਕਿਤਿਨ ਧੀਰ ਹਨ।