ਇੱਕ ਰੁੱਖ ਸੌ ਸੁੱਖ
ਸਾਡੀਆਂ ਕਹਾਵਤਾਂ ਪਿੱਛੇ ਲੰਬਾ ਤਜਰਬਾ ਅਤੇ ਗੂੜ੍ਹਾ ਗਿਆਨ ਹੈ। ਹਰ ਕਹਾਵਤ ਸਾਡੇ ਬਜ਼ੁਰਗਾਂ ਨੇ ਇਸ ਤਰ੍ਹਾਂ ਘੜੀ ਹੋਈ ਹੈ ਜਿਸ ਵਿੱਚ ਸ਼ੰਕਾ ਜ਼ੀਰੋ ਪ੍ਰਤੀਸ਼ਤ ਹੈ। ਜੇ ਅੱਜ ਦੀ ਪੀੜ੍ਹੀ ਇਨ੍ਹਾਂ ਕਹਾਵਤਾਂ ’ਤੇ ਅਸਰ ਕਰ ਲਵੇ ਤਾਂ ਕਾਫ਼ੀ ਅੱਗੇ ਨਿਕਲ ਸਕਦੀ ਹੈ। ਵੇਲਾ ਬੀਤਣ ਤੋਂ ਬਾਅਦ ਜਾਗਣ ਦਾ ਸੁਭਾਅ ਅਸੀਂ ਚੁੱਕੀ ਫਿਰਦੇ ਹਾਂ, ਫਿਰ ਮਲ੍ਹਕ ਦੇਣੀ ਪੰਜਾਬ ਦੇ ਚਿੰਤਕ ਬਣ ਜਾਂਦੇ ਹਾਂ। ਕਿਹੜਾ ਕਿਹੜਾ ਦੁੱਖ ਦੱਸਾਂ ਮੈਂ ਪੰਜਾਬ ਦਾ, ਦੇ ਪ੍ਰਸੰਗ ਅਧੀਨ ਰੁੱਖਾਂ ਨੂੰ ਲਗਾਉਣ ਲਈ ਅਸੀਂ ਸੁੱਤੇ ਪਏ ਹਾਂ ਜਦੋਂ ਕਿ ਸਭ ਨੂੰ ਪਤਾ ਹੈ ਕਿ ਰੁੱਖਾਂ ਦੀ ਅਣਹੋਂਦ ਅਤੇ ਕਟਾਈ ਕਾਰਨ ਵਾਤਾਵਰਨ ਵੰਗਾਰ ਬਣ ਕੇ ਸਾਡੇ ਬੂਹੇ ਅੱਗੇ ਖੜ੍ਹਾ ਹੈ। ਮਾਲਵਾ ਖੇਤਰ ਵਿੱਚ ਤਾਂ ਦਰੱਖਤ ਬਹੁਤ ਘੱਟ ਦਿਖਾਈ ਦਿੰਦੇ ਹਨ। ਪੰਜਾਬ ਦੀ ਹਰਿਆਵਲ ਨੁਹਾਰ ਨੂੰ ਗ੍ਰਹਿਣ ਲੱਗ ਗਿਆ ਹੈ। ਗੁਰਬਾਣੀ ਦੇ ਫਲਸਫੇ ਨੂੰ ਵੀ ਅਸੀਂ ਮਨ ਵਿੱਚ ਵਸਾਉਣ ਤੋਂ ਪਿੱਛੇ ਹਾਂ।
ਪੰਜਾਬ ਦੀ ਧਰਤੀ ’ਤੇ ਰੁੱਖਾਂ ਅਧੀਨ 5.5 ਪ੍ਰਤੀਸ਼ਤ ਰਕਬਾ ਹੈ ਜਦੋਂ ਕਿ ਪੰਜਾਬ ਦੀ ਫ਼ਿਜ਼ਾ ਅਨੁਸਾਰ ਇਹ ਰਕਬਾ 21 ਪ੍ਰਤੀਸ਼ਤ ਚਾਹੀਦਾ ਹੈ। ਇੰਨਾ ਫ਼ਰਕ ਘਾਤਕ ਹੈ। ਇਸ ਦਾ ਨਤੀਜਾ ਇਹ ਨਿਕਲਿਆ ਕਿ ਮੌਸਮ ਦੀ ਤਬਦੀਲੀ ਕਾਰਨ ਵਾਤਾਵਰਨ ਵੰਗਾਰ ਬਣ ਕੇ ਜੀਵਨ ਲਈ ਚੁਣੌਤੀ ਬਣ ਗਿਆ ਹੈ। ਕਨੂੰਨ, ਨਿਯਮ ਅਤੇ ਨੈਤਿਕ ਸੁਹਿਰਦਤਾ ਕਾਰਨ ਜੰਗਲ ਹੇਠ 33 ਪ੍ਰਤੀਸ਼ਤ ਰਕਬਾ ਚਾਹੀਦਾ ਹੈ, ਪਰ ਅਸੀਂ ਕਿਤੇ ਵੀ ਨਹੀਂ ਖੜ੍ਹੇ। ਇਸ ਵਾਰ ਗਰਮੀ ਦੀ ਤਪਸ਼ ਨੇ ਹੋਰ ਵੀ ਚੇਤੰਨ ਹੋਣ ਦਾ ਸੁਨੇਹਾ ਦਿੱਤਾ ਹੈ। ਸਰਕਾਰ ਵੱਲੋਂ ਮਨਰੇਗਾ ਅਤੇ ਹੋਰ ਸਕੀਮਾਂ ਤਹਿਤ ਬੂਟੇ ਲਾਏ ਜਾਂਦੇ ਹਨ, ਪਰ ਇਹ ਬੋਝ ਅਧੀਨ ਹੁੰਦੇ ਹਨ। ਇਸੇ ਕਾਰਨ ਇਹ ਫ਼ਲਦਾਇਕ ਨਹੀਂ ਬਣਦੇ। ਬੂਟੇ ਲਾ ਕੇ ਫਰਜ਼ ਪੂਰਤੀ ਕੀਤੀ ਜਾਂਦੀ ਹੈ, ਮਗਰੋਂ ਸਾਂਭ ਸੰਭਾਲ ਦੀ ਅਣਹੋਂਦ ਕਾਰਨ ਇਹ ਮਰ ਮੁੱਕ ਜਾਂਦੇ ਹਨ। ਬੂਟਿਆਂ ਦੀ ਰਾਖੀ ਕਰਨਾ ਹਰ ਪੰਜਾਬੀ ਨੈਤਿਕ ਫਰਜ਼ ਸਮਝੇ। ਪੰਜਾਬ ਵਿੱਚ ਰੁੱਖਾਂ ਦੀ ਮਿਟਦੀ ਛਾਪ ਨੇ ਇਨ੍ਹਾਂ ਦੀ ਛਾਂ ਅਤੇ ਪਰਛਾਵੇਂ ਵੀ ਫਿੱਕੇ ਪਾ ਦਿੱਤੇ ਹਨ।
ਪੰਜਾਬ ਦੇ ਲੋਕਾਂ ਅਤੇ ਧਰਮਾਂ ਵਿੱਚ ਵੀ ਰੁੱਖਾਂ ਦੀ ਮਹੱਤਤਾ ਹੈ। ਲਾਲਚ ਵਸ ਰੁੱਖਾਂ ਦੀ ਕਟਾਈ ਦੀ ਪ੍ਰਵਾਹ ਨਹੀਂ ਕੀਤੀ ਜਾਂਦੀ। ਦਰੱਖਤ ਕੱਟਣ ਦੀ ਦੌੜ ਇੱਕ ਦੂਜੇ ਤੋਂ ਅੱਗੇ ਹੈ। ਪਹਿਲੇ ਬਜ਼ੁਰਗ ਰੁੱਖਾਂ ਦੀ ਕਟਾਈ ਖ਼ਾਸ ਤੌਰ ’ਤੇ ਫ਼ਲਦਾਰ ਰੁੱਖਾਂ ਦੀ ਕਟਾਈ ਨੂੰ ਪਾਪ ਸਮਝਦੇ ਸਨ, ਅੱਜ ਸਭ ਕੁਝ ਹਜ਼ਮ ਕਰ ਲਿਆ ਹੈ। ਜਦੋਂ ਰੁੰਡ ਮੁੰਡ ਧਰਤੀ ਦੇਖਦੇ ਹਾਂ ਤਾਂ ਇਉਂ ਲੱਗਦਾ ਹੈ ਕਿ ਰੁੱਖਾਂ ਬਿਨਾਂ ਧਰਤੀ ਦਾ ਸੁਹੱਪਣ ਖ਼ਤਮ ਹੋ ਚੁੱਕਾ ਹੈ। ਰੁੱਖ ਮਨੁੱਖੀ ਜੀਵਨ, ਰੁੱਤਾਂ ਅਤੇ ਵਾਤਾਵਰਨ ਦੀ ਰੂਹ ਹੁੰਦੇ ਹਨ। ਪਹਿਲੇ ਜ਼ਮਾਨੇ ਪੈਦਲ ਯਾਤਰਾ ਸਮੇਂ ਰੁੱਖਾਂ ਹੇਠ ਆਰਾਮ ਕੀਤਾ ਜਾਂਦਾ ਸੀ। ਵਿਗਿਆਨਕ ਆਧਾਰ ’ਤੇ ਜੋ ਅੱਜ ਕੋਇਲਾ ਹੈ, ਉਹ ਬੀਤੇ ਦੇ ਰੁੱਖਾਂ ਕਰਕੇ ਹੀ ਹੈ। ਸਮੇਂ ਦੇ ਮੌੜ ਨੇ ਰੁੱਖਾਂ ਨੂੰ ਅਜੋਕੇ ਹਾਲਾਤ ਵਿੱਚ ਆਰਥਿਕਤਾ ਨਾਲ ਜੋੜ ਕੇ ਲਾਭ ਨਾਲ ਹਾਨੀ ਵੀ ਪੈਦਾ ਕੀਤੀ ਹੈ। ਰੁੱਖਾਂ ਨਾਲ ਸਾਡੀ ਸੱਭਿਅਤਾ, ਸੱਭਿਆਚਾਰ ਅਤੇ ਸਾਹਿਤ ਜੁੜਿਆ ਹੋਇਆ ਹੈ। ਇਸ ਦੀ ਗਵਾਹੀ ਸ਼ਿਵ ਕੁਮਾਰ ਬਟਾਲਵੀ ਨੇ ਇਉਂ ਪੇਸ਼ ਕੀਤੀ ਸੀ;
ਕੁਝ ਰੁੱਖ ਮੈਨੂੰ ਪੁੱਤ ਲੱਗਦੇ ਨੇ, ਕੁਝ ਰੁੱਖ ਲੱਗਦੇ ਮਾਵਾਂ।
ਕੁਝ ਰੁੱਖ ਨੂੰਹਾਂ ਧੀਆਂ ਵਰਗੇ, ਕੁਝ ਰੁੱਖ ਵਾਂਗ ਭਰਾਵਾਂ।
‘ਦਰਵੇਸ਼ਾਂ ਨੂੰ ਲੋੜੀਐ, ਰੁੱਖਾਂ ਦੀ ਜੀਰਾਂਦਿ’ ਰੁੱਖਾਂ ਨਾਲ ਸੰਸਕ੍ਰਿਤੀ ਇੱਥੋਂ ਤੱਕ ਜੁੜੀ ਪਈ ਹੈ ਕਿ ਸਾਨੂੰ ਰੁੱਖ ਲਾਉਣ ਵਰਗਾ ਪੁੰਨ ਕਰਮ ਹੋਰ ਕੋਈ ਚਾਹੀਦਾ ਹੀ ਨਹੀਂ ਹੈ। ਸਭ ਤੋਂ ਗਿਆਨਵਾਨ ਸੰਦੇਸ਼ ਇਹ ਹੈ ਕਿ ਆਪਣੀ ਛਾਂ ਅਤੇ ਫ਼ਲ ਦੂਜਿਆਂ ਲਈ ਪੈਦਾ ਕਰਦੇ ਹਨ, ਇਸ ਵਿੱਚੋਂ ਪਰਉਪਕਾਰੀ ਗੁਣ ਸਾਂਭੀ ਬੈਠੇ ਹਨ। ਮਾਨਵਤਾ ਨੂੰ ਇਹ ਆਪਣੇ ਹਿਰਦੇ ਵਿੱਚ ਵਸਾ ਲੈਣਾ ਚਾਹੀਦਾ ਹੈ। ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਆਸਾਮ ਯਾਤਰਾ ਸਮੇਂ ਰੁੱਖ ਲਗਵਾਏ ਸਨ। ਸਮੇਂ ਦੇ ਸਮਰਾਟ ਅਸ਼ੋਕ ਨੇ ਵੀ ਰੁੱਖ ਲਗਵਾਉਣ ਵੱਲ ਖ਼ਾਸ ਤਵੱਜੋ ਦਿੱਤੀ ਸੀ। ਵਾਤਾਵਰਨ ਪ੍ਰੇਮੀ ਸੁੰਦਰ ਲਾਲ ਬਹੁਗੁਣਾ ਨੇ ਚਿਪਕੋ ਅੰਦੋਲਨ ਸਮੇਂ ਰੁੱਖ ਲਾਉਣ ਦੀ ਲਹਿਰ ਚਲਾਈ ਸੀ। ਕਿਤਾਬਾਂ ਵਿੱਚ ਇਹ ਵੀ ਆਉਂਦਾ ਹੈ ਕਿ ਅੰਮ੍ਰਿਤਾ ਦੇਵੀ ਨਾਂ ਦੀ ਔਰਤ ਨੇ ਰੁੱਖ ਖਾਤਰ ਜੀਵਨ ਵਾਰ ਦਿੱਤਾ ਸੀ। ਮਹਾਤਮਾ ਬੁੱਧ ਨੇ ਵੀ ਫਰਮਾਨ ਜਾਰੀ ਕੀਤਾ ਸੀ ਕਿ ਹਰ ਮਨੁੱਖ ਪੰਜਵੇਂ ਸਾਲ ਇੱਕ ਰੁੱਖ ਜ਼ਰੂਰੀ ਲਾਵੇ। ਇਸ ਦੇ ਨਾਲ ਹੋਰ ਵੀ ਉਦਾਹਰਨਾਂ ਹਨ ਕਿ ਰੁੱਖ ਲਾਉਣੇ ਚਾਹੀਦੇ ਹਨ, ਫਿਰ ਵੀ ਅਸੀਂ ਅਵੇਸਲੇ ਹੋ ਜਾਂਦੇ ਹਾਂ। ਇਸ ਵਿਸ਼ੇ ’ਤੇ ਸਮਾਜ ਅਤੇ ਸਰਕਾਰ ਨੂੰ ਪਹਿਰਾ ਦੇਣ ਨਾਲ ਰੁੱਖ ਲਾਉਣ ਵੱਲ ਜਨਤਾ ਦਾ ਧਿਆਨ ਕੇਂਦਰਿਤ ਹੋ ਸਕਦਾ ਹੈ।
ਰੁੱਖ ਨਾਲ ਜੀਵਨ ਹੈ। ਇਸ ਸਮਝ ਤੋਂ ਵੀ ਮਨੁੱਖ ਕੋਹਾਂ ਦੂਰ ਹੈ। ਕਹੀ ਜਾਂਦੇ ਹਾਂ ਕਿ ਇਸ ਵਾਰ ਗਰਮੀ ਬਹੁਤ ਹੈ, ਪਰ ਹੱਲ ਕੋਈ ਵੀ ਨਹੀਂ ਕਰਦਾ। ਗੱਲੀਂ ਬਾਤੀਂ ਸਾਰ ਕੇ ਡੰਗ ਟਪਾ ਲੈਂਦੇ ਹਾਂ, ਪਰ ਭਵਿੱਖ ਨੂੰ ਦੂਜਿਆਂ ’ਤੇ ਛੱਡ ਦਿੰਦੇ ਹਾਂ। ਇਸ ਵਿਸ਼ੇ ’ਤੇ ਆਪਣਾ ਹੱਕ ਦੂਜੇ ਦਾ ਫਰਜ਼ ਸਮਝਦੇ ਹਾਂ। ਰੁੱਖਾਂ ਦੀ ਕਟਾਈ ਨਾਲ 6600 ਜੀਵ ਜੰਤੂਆਂ ਅਤੇ ਪੌਦਿਆਂ ਦੀਆਂ ਜਾਤੀਆਂ ਨੂੰ ਖ਼ਤਰਾ ਹੈ। ਰੁੱਖਾਂ ਦਾ ਇੱਕ ਵਰਗ ਕਿਲੋਮੀਟਰ ਆਪਣੀਆਂ ਜੜ੍ਹਾਂ ਵਿੱਚ 30000 ਕਿਊਬਿਕ ਮੀਟਰ ਪਾਣੀ ਰੱਖ ਸਕਦਾ ਹੈ। ਇਸ ਨਾਲ ਧਰਤੀ ਹੇਠਲੇ ਪਾਣੀ ਦਾ ਸੰਤੁਲਨ ਕਾਇਮ ਰਹਿੰਦਾ ਹੈ। ਇੱਕ ਵਰਗ ਕਿਲੋਮੀਟਰ ਰੁੱਖਾਂ ਦਾ ਰਕਬਾ 3.70 ਮੀਟ੍ਰਿਕ ਟਨ ਕਾਰਬਨ ਡਾਈਅਕਸਾਈਡ ਹਜ਼ਮ ਕਰਕੇ ਇੰਨੀ ਹੀ ਆਕਸੀਜਨ ਛੱਡਦਾ ਹੈ, ਇਸ ਨਾਲ ਜੀਵਨ ਤਰੋਤਾਜ਼ਾ ਹੁੰਦਾ ਹੈ। ਇਸੇ ਪ੍ਰਸੰਗ ਵਿੱਚ ਭਾਰਤ ਨੇ 1957 ਵਿੱਚ ਵਣ-ਮਹਾਂਉਤਸਵ ਦੀ ਸ਼ੁਰੂਆਤ ਕਰਕੇ ਸਭ ਤੋਂ ਪਹਿਲਾਂ ਹੰਭਲਾ ਰੁੱਖ ਲਗਾਉਣ ਲਈ ਮਾਰਿਆ, ਇਸ ਦੇ ਨਤੀਜੇ ਜ਼ਰੂਰ ਮਿਲੇ, ਪਰ ਮੰਜ਼ਿਲ ਤੋਂ ਦੂਰ ਹਨ। ਸੁੱਖਾਂ ਦੀ ਪਰਤ ਦਰ ਪਰਤ ਵਿੱਚ ਰੁੱਖ, ਮਨੁੱਖ ਵੱਲੋਂ ਕੁਦਰਤ ਨਾਲ ਖਿਲਵਾੜ ਕਰਕੇ ਅਤੇ ਹੋਰ ਕੁਦਰਤੀ ਕਰੋਪੀਆਂ ਕਰਕੇ ਮਨੁੱਖ ਲਈ ਚਟਾਨਾਂ ਵਾਂਗ ਖੜ੍ਹ ਕੇ ਮੌਸਮ ਅਤੇ ਧਰਤੀ ਨੂੰ ਖੁਰਨ ਤੋਂ ਰੋਕਦੇ ਹਨ। ਧਰਤੀ ਦੇ ਤੜਫਦੇ ਹਿਰਦੇ ਨੂੰ ਸੜਨ ਤੋਂ ਬਚਾਉਂਦੇ ਹਨ। ਬਰਸਾਤ ਅਤੇ ਬਹਾਰ ਰੁੱਤ ਵਿੱਚ ਪੰਜਾਬ ਵਾਸੀ ਇੱਕ ਤਿਉਹਾਰ ਸਮਝ ਕੇ ਰੁੱਖ ਜ਼ਰੂਰ ਲਾਏ। ਤ੍ਰਿਵੈਣੀ ਲਾਉਣ ਦੀ ਪਰੰਪਰਾ ਨੂੰ ਵੀ ਵਿਰਾਸਤ ਦੀ ਅਮੀਰੀ ਲਈ ਸ਼ੁਰੂ ਕੀਤਾ ਜਾਵੇ। ਆਓ, ਰੁੱਖਾਂ ਦੇ ਸੁੱਖਾਂ ਨੂੰ ਸਮਝ ਕੇ ਰੁੱਖ ਲਾਉਣ ਦੀ ਰੀਤ ਬਣਾਈਏ ਅਤੇ ਗੁਰੂ ਸਾਹਿਬ ਦੇ ਆਦੇਸ਼ ਦਾ ਪਾਲਣ ਕਰੀਏ।
ਸੰਪਰਕ: 98781-11445