ਹੱਡੀਂ ਹੰਢਾਇਆ ਬੁਢਾਪਾ
ਦੂਰੋਂ ਜੋ ਵਿਖਾਈ ਦਿੰਦਾ ਹੈ, ਨਜ਼ਦੀਕ ਤੋਂ ਕਾਫ਼ੀ ਭਿੰਨ ਜਾਪਦਾ ਹੈ। ਜਦੋਂ ਸਾਡੇ ਆਪਣੇ ਨਾਲ ਵਾਪਰਦਾ ਹੈ, ਅਹਿਸਾਸ ਹੋਰ ਹੁੰਦਾ ਹੈ। ਇੱਥੇ ਜ਼ਿਕਰ ਬੁਢਾਪੇ ਦਾ ਹੈ। ਇਸ ਨੂੰ ਮਨੁੱਖੀ ਆਰਜਾ ਨੂੰ ਪੂਰਨਤਾ ਬਖ਼ਸ਼ਦਾ ਪੜਾਅ ਆਖਿਆ ਜਾਂਦਾ ਹੈ। ਬੁਢਾਪਾ ਕਾਦਰ ਦਾ ਵਰਦਾਨ ਹੈ। ਬੜਾ ਭੰਬਲਭੂਸਾ ਹੈ ਕਿ ਬਿਰਧ-ਅਵਸਥਾ ਕਦੋਂ ਤੋਂ ਮੰਨੀ ਜਾਣੀ ਚਾਹੀਦੀ ਹੈ। ਇਹ ਉਵੇਂ ਹੀ ਹੈ ਜਿਵੇਂ ਕਹਿਣਾ ਹੋਵੇ ਕਿ ਕਣਕਾਂ ਕਦੋਂ ਪੱਕਦੀਆਂ ਹਨ। ਕਿਸੇ ਇਲਾਕੇ ਵਿੱਚ ਅਗੇਤੀ ਅਤੇ ਕਿਸੇ ਹੋਰ ਵਿੱਚ ਪਿਛੇਤੀ ਪੱਕਦੀ ਹੈ। ਇਲਾਕੇ ਤੋਂ ਇਲਾਵਾ ਜ਼ਮੀਨ ਦੀ ਕਿਸਮ ਅਤੇ ਕਣਕ ਦੇ ਬੀਜ ’ਤੇ ਵੀ ਬੜਾ ਨਿਰਭਰ ਕਰਦਾ ਹੈ। ਮਾੜੀ ਜ਼ਮੀਨ ਵਿੱਚ ਬੀਜੀ ਫ਼ਸਲ ਛੇਤੀ ਵੱਢਣਯੋਗ ਹੋ ਜਾਂਦੀ ਹੈ, ਨਰੋਈ ਜ਼ਮੀਨ ਵਿੱਚ ਕੁਝ ਦੇਰ ਨਾਲ।
ਬੰਦੇ ਦੇ ਜੀਨ, ਮਾਪਿਆਂ ਦੀ ਸਿਹਤ, ਬੱਚੇ ਦਾ ਪਾਲਣ-ਪੋਸ਼ਣ, ਪੌਸ਼ਟਿਕ ਖ਼ੁਰਾਕ, ਘਰ ਦੀ ਆਰਥਿਕ ਹਾਲਤ, ਵਿੱਦਿਆ, ਬੱਚੇ ਦੀ ਸੰਗਤ, ਬੜੇ ਕਾਰਕ ਹਨ ਜਿਨ੍ਹਾਂ ਕਰਕੇ ਬੰਦੇ ਦੀ ਉਮਰ ਲੰਮੀ/ਛੋਟੀ ਹੁੰਦੀ ਹੈ ਤੇ ਬੁਢਾਪਾ ਦੇਰ ਨਾਲ ਜਾਂ ਛੇਤੀ ਆਉਂਦਾ ਹੈ। ਚੰਗੀ ਸੋਚ ਅਤੇ ਜੀਵਨ ਦੀਆਂ ਪ੍ਰਾਪਤੀਆਂ ਦਾ ਮਾਣ, ਨਸ਼ਿਆਂ ਅਤੇ ਰੋਗਾਂ ਤੋਂ ਬਚਾਉ ਆਦਿ ਬੜਾ ਕੁਝ ਸਹਾਈ ਹੁੰਦਾ ਹੈ, ਬੁੱਢੇਵਾਰੇ ਦੀ ‘ਹਾਇ, ਹਾਇ’ ਤੋਂ ਵਿਅਕਤੀ ਬਚਿਆ ਰਹਿੰਦਾ ਹੈ। ਵੱਖ-ਵੱਖ ਦੇਸ਼ਾਂ ਵਿੱਚ ਬੁਢਾਪੇ ਦੀ ਆਮਦ ਵੱਖ-ਵੱਖ ਹੁੰਦੀ ਹੈ। ਕਈ ਕੌਮਾਂ ਲੰਮੀ ਉਮਰ ਹੰਢਾਉਂਦੀਆਂ ਹਨ ਅਤੇ ਅਖੀਰਲੇ ਪੜਾਅ ਤੀਕ ਕਰਮਯੋਗੀ ਰਹਿੰਦੀਆਂ ਹਨ।
ਮੇਰੀ ਪਹਿਲੀ ਪੁਸਤਕ ‘ਜ਼ਿੰਦਗੀ ਉਤਸਵ ਹੈ ਉਤਸ਼ਾਹ ਸਦਕਾ’ ਵਿੱਚ ਇੱਕ ਨਿਬੰਧ ਬੁਢਾਪੇ ਬਾਰੇ ਸੀ। ਇਸ ਅਵਸਥਾ ਨੂੰ ‘ਕਪਾਹੀ ਬੱਦਲਾਂ ਦੀ ਉਮਰ’ ਕਿਹਾ ਸੀ। ਭਾਵ ਬਰਸ ਚੁੱਕੇ ਤੇ ਫਿਰ ਅੰਬਰ ’ਤੇ ਆਪਣੀ ਜੀਅ ਆਈ ਵਿਚਰਦੇ ਬੱਦਲਾਂ ਦੀ ਮੌਜ ਵਾਲੀ ਉਮਰ। ਉਸ ਨਿਬੰਧ ਵਿੱਚ ਬੁਢਾਪੇ ਨੂੰ ਕਿਸੇ ਵੀ ਨਕਾਰਾਤਮਕ ਸੋਚ ਨਾਲ ਨਹੀਂ ਸੀ ਲਿਆ ਗਿਆ। ਮੇਰੇ ਵੱਲੋਂ ਜੋ ਕੁਝ ਹੁਣ ਤੀਕ ਲਿਖਿਆ ਜਾ ਸਕਿਆ ਹੈ, ਉਹ ਸਾਰਾ ਹੀ ਸਕਾਰਾਤਮਕ ਭਾਵਾਂ ਨਾਲ ਓਤ-ਪੋਤ ਹੈ। ਜ਼ਿੰਦਗੀ ਵਿੱਚ ਦੁੱਖ, ਕਸ਼ਟ, ਤਕਲੀਫ਼ਾਂ ਪਹਿਲਾਂ ਹੀ ਬਹੁਤ ਹਨ, ਇਨ੍ਹਾਂ ਦਾ ਸਾਹਮਣਾ ਕਰਨ ਲਈ ਸਾਡੀ ਸਮਰੱਥਾ ਵਧਣੀ ਚਾਹੀਦੀ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਜੀਵਨ-ਕਾਲ ਵਿੱਚ ਜਿੰਨੀਆਂ ਅਤਿ ਮੁਸ਼ਕਲ ਹਾਲਤਾਂ ਝੱਲੀਆਂ, ਹੋਰ ਕੋਈ ਮਿਸਾਲ ਨਹੀਂ ਮਿਲਦੀ। ਫਿਰ ਵੀ ਗੁਰੂ ਜੀ ਨੇ ਜੋ ਕੁਝ ਉਚਰਿਆ ਜਾਂ ਕਲਮਬੱਧ ਕੀਤਾ, ਉਸ ਵਿੱਚ ਨਿਰਾਸ਼ਾ ਦੀ ਲੇਸ ਮਾਤਰ ਵੀ ਨਹੀਂ।
ਬੁਢਾਪੇ ਬਾਰੇ ਸਾਡੀ ਆਮ ਧਾਰਨਾ ਸੋਗੀ ਭਾਵਾਂ ਵਾਲੀ ਹੈ। ਨਿਰਬਲਤਾ, ਪਰਾਧੀਨ ਹੋਣਾ, ਰੋਗਾਂ ਦੀ ਪੰਡ ਹੋਣਾ, ਨਿਰਾਸ਼ਾ, ਉਦਾਸੀ, ਲੇਰਾਂ ਅਤੇ ‘ਹਾਇ ਹਾਇ’ ਵਾਲੀ ਹੈ। ਇਹ ਕੌੜੀ ਹਕੀਕਤ ਹੈ ਕਿ ਸਾਡੇ ਅਜੋਕੇ ਸਮਾਜ ਵਿੱਚ ਬਿਰਧ-ਅਵਸਥਾ ਸਮੁੱਚੇ ਤੌਰ ’ਤੇ ਸੰਤੋਖਜਨਕ ਅਤੇ ਉਤਸ਼ਾਹਜਨਕ ਨਹੀਂ ਹੈ। ਇਸ ਲਈ ਬੁਢਾਪੇ ਦੀ ਆਮਦ ’ਤੇ ਹੀ ਬੰਦਾ ਝਟਕਾ ਮਹਿਸੂਸ ਕਰਦਾ ਹੈ। ਹੁਣ ਜਦੋਂ ਅਨੇਕਾਂ ਘਰਾਂ ਦੀ ਜਵਾਨ ਪੀੜ੍ਹੀ ਵਿਦੇਸ਼ਾਂ ਵੱਲ ਨੂੰ ਵਹੀਰਾਂ ਘੱਤ ਰਹੀ ਹੈ, ਬਜ਼ੁਰਗਾਂ ਦੀ ਹਾਲਤ ਵਿੱਚ ਉਦਰੇਵਾਂ, ਬੇਵਸੀ ਅਤੇ ਨਿਰਾਸ਼ਾ ਭਾਰੂ ਹੋ ਰਹੀ ਹੈ। ਠੀਕ ਹੈ ਬਿਮਾਰੀ-ਠਮਾਰੀ ਦੀ ਹਾਲਤ ਵਿੱਚ ਬਜ਼ੁਰਗਾਂ ਦੀ ਹਸਪਤਾਲਾਂ ਵਿੱਚ ਦੇਖ-ਭਾਲ ਹੋ ਸਕਦੀ ਹੈ, ਪਰ ਆਮ ਹਾਲਤਾਂ ਵਿੱਚ ਹੋਰ ਕੋਈ ਵੀ ਸੰਭਾਲ ਵਿਵਸਥਾ, ਘਰਵਾਲਾ ਆਰਾਮ ਅਤੇ ਸਕੂਨ ਨਹੀਂ ਦੇ ਸਕਦੀ।
ਹੁਣ ਮੈਂ ਆਪਣੀ ਇਸ ਪੜਾਅ ਦੀ ਅਵਸਥਾ ’ਤੇ ਆਉਂਦਾ ਹਾਂ। ਮੈਨੂੰ ਕੋਈ ਹਾਲ-ਪੁੱਛਦਾ ਹੈ ਮੈਂ ਕਹਿੰਦਾ ਹਾਂ, ‘ਬੁਢਾਪਾ ਮਾਣ ਰਿਹਾ ਹਾਂ।’ ਖੱਟਣ-ਕਮਾਉਣ ਕੋਈ ਮਜਬੂਰੀ ਨਹੀਂ, ਕੋਈ ਬੰਦਿਸ਼ ਨਹੀਂ। ਸਾਡੀਆਂ ਦੋਹਾਂ, ਪਤੀ-ਪਤਨੀਆਂ ਦੀਆਂ ਜ਼ਰੂਰਤਾਂ ਜੋਗੀ ਦੋਹਾਂ ਦੀ ਪੈਨਸ਼ਨ ਹੈ। ਦੋ ਧੀਆਂ ਹਨ, ਦੋਵੇਂ ਚੰਗੀਆਂ ਪੜ੍ਹੀਆਂ-ਲਿਖੀਆਂ ਹਨ ਅਤੇ ਵਿੱਤੀ ਹਾਲਤ ਪੱਖੋਂ ਆਪਣੇ ਪੈਰਾਂ ’ਤੇ ਹਨ। ਮੇਰਾ ਪਿਛੋਕੜ ਪਿੰਡਾਂ ਦਾ ਹੈ, ਪਰ ਹੁਣ ਆਧੁਨਿਕ ਸਹੂਲਤਾਂ ਵਾਲੇ ਸ਼ਹਿਰ ਵਿੱਚ ਰਹਿੰਦੇ ਹਾਂ।
ਇਹ ਨਹੀਂ ਕਿ ਸਾਡੀ ਜ਼ਿੰਦਗੀ ਵਿੱਚ ਦੁੱਖ ਨਹੀਂ ਹਨ। ਪਤਨੀ ਕਿਸੇ ਹਾਲ-ਚਾਲ ਪੁੱਛਣ ਵਾਲੇ ਨੂੰ ਦੱਸਦੀ ਹੈ ਕਿ ‘ਉਹ ਕਿਹੜੀ ਬਿਮਾਰੀ ਹੈ ਜੋ ਉਸ ਨੂੰ ਨਹੀਂ ਹੈ।’ ਫਿਰ ਵੀ ਸਾਡੇ ਦੋਹਾਂ ਦਾ ਬੁਢਾਪਾ ਸੁਖਮਈ ਹੈ। ਕੋਈ ਗਿਲਾ-ਸ਼ਿਕਵਾ ਨਹੀਂ ਹੈ। ਜੇ ਰੋਗ ਹਨ, ਭਾਵੇਂ ਉਹ ਦੀਰਘ ਜਾਂ ਛੋਟੇ-ਮੋਟੇ, ਦਵਾਈ-ਦਾਰੂ ਤੇ ਇਲਾਜ ਦਾ ਖ਼ਰਚ ਝੱਲ ਲੈਂਦੇ ਹਾਂ। ਕਿਸੇ ਅੱਗੇ ਹੱਥ ਅੱਡਣ ਦੀ ਕੋਈ ਨੌਬਤ ਨਹੀਂ ਆਈ। ਸਗੋਂ ਪਹਿਲਾਂ ਝੱਲੀਆਂ ਦੁਸ਼ਵਾਰੀਆਂ ਵੀ ਭੁੱਲ ਗਈਆਂ ਹਨ। ਜੀਵਨ ਬਲਕਿ ਬਹੁਤ ਪਿਆਰਾ ਲੱਗਦਾ ਹੈ।
ਔਖੇ-ਸੌਖੇ ਵਿੱਦਿਆ ਹਾਸਲ ਹੋ ਗਈ, ਧੀਆਂ ਵੀ ਯੂਨੀਵਰਸਿਟੀਆਂ ਤੱਕ ਪੜ੍ਹੀਆਂ। ਕਿਤਾਬਾਂ ਪੜ੍ਹਨ ਦਾ ਸੋਹਣਾ ਸ਼ੌਕ ਹੁਣ ਤੀਕ ਹੈ। ਹੁਣ ਉਮਰ ਵਧਣ ਦੀਆਂ ਔਕੜਾਂ ਕਾਰਨ ਬਾਹਰ ਨਹੀਂ ਜਾ ਹੁੰਦਾ। ਦੁਪਹੀਆ ਅਤੇ ਚੌਪਹੀਆ ਵਾਹਨ ਛੱਡ ਦਿੱਤੇ ਹਨ। ਨੇੜੇ ਦੀਆਂ ਦੁਕਾਨਾਂ ਤੀਕ ਪੈਦਲ ਚੱਲਣ ਦਾ ਸੁੱਖ ਮੁੜ ਮਿਲ ਰਿਹਾ ਹੈ। ਸਵੇਰ ਵੇਲੇ ਦੀ ਸੈਰ ਕਦੇ ਬਹੁਤ ਕੀਤੀ, ਪਰ ਸਵੇਰ ਹੋਣ ਦੀ ਉਡੀਕ ਤੀਬਰਤਾ ਨਾਲ ਹੁੰਦੀ ਹੈ। ਕੁਦਰਤ ਦੇ ਅਨੇਕਾਂ ਰੰਗਾਂ ਅਤੇ ਨਜ਼ਾਰਿਆਂ ਨੂੰ ਜੀਅ ਭਰ ਭਰ ਕੇ ਮਾਣਦਾ ਹਾਂ। ਹੁਣ ਤਕਨਾਲੋਜੀ ਦੀ ਕਿਰਪਾ ਸਦਕਾ ਮੈਂ ਆਪਣੇ ਆਈ ਪੈਡ ’ਤੇ ਮਨਚਾਹੀਆਂ ਕਿਤਾਬਾਂ ਪੜ੍ਹ ਕੇ ਆਪਣੀ ਰੱਜਵੀਂ ਮਿਲਦੀ ਵਿਹਲ ਨੂੰ ਸਕਾਰਥ ਕਰਦਾ ਹਾਂ। ਜ਼ਿੰਦਗੀ ਦਾ ਹਰ ਪਲ ਭਰਪੂਰ ਪ੍ਰਤੀਤ ਹੁੰਦਾ ਹੈ।
ਅੱਖਰ-ਗਿਆਨ ਤੋਂ ਕੋਰੀ ਮੇਰੀ ਦਾਦੀ ਨੇ ਮੈਨੂੰ ਅੱਖਰਾਂ ਦੇ ਲੜ ਲੱਗਣ ਲਈ ਉਤਸ਼ਾਹਿਤ ਕੀਤਾ ਸੀ। ਇਹ ਲੜ ਹੁਣ ਵੀ ਸਗੋਂ ਘੁੱਟ ਕੇ ਫੜਿਆ ਹੈ। ਫਿਰ ਲਿਖਣ ਦੇ ਪਿਆਰੇ ਸ਼ੌਕ ਨੇ ਮੈਨੂੰ ਬੇਓੜਕ ਰੱਜ ਦਿੱਤਾ। ਹੱਥ ਨਾਲ ਲਿਖਣਾ ਔਖਾ ਲੱਗਣ ’ਤੇ ਕੰਪਿਊਟਰ ਮਦਦਗਾਰ ਸਾਬਤ ਹੋਇਆ। ਜ਼ਿੰਦਗੀ ਵਿੱਚ ਬਹੁਤ ਭਲੇ ਅਤੇ ਵਿਦਵਤਾ ਭਰਪੂਰ ਪੁਰਖਾਂ ਦੀ ਸੰਗਤ ਮਿਲੀ, ਲੱਖ ਲੱਖ ਸ਼ੁਕਰਾਨਾ ਸਭਨਾਂ ਦਾ ਤੇ ਕਾਦਰ ਦਾ।
ਸੰਪਰਕ: 98141-57137