DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਚੀਰੇ ਵਾਲਿਆ, ਕਿੱਥੇ ਨੀਂ ਤੈਨੂੰ ਭਾਲਿਆ...

ਸਾਡੇ ਸੱਭਿਆਚਾਰ ਵਿੱਚ ਇੱਕ ਕਹਾਵਤ ਮਸ਼ਹੂਰ ਸੀ ਕਿ ‘ਬੰਦਾ ਆਪਣੀ ਰਫ਼ਤਾਰ, ਗੁਫ਼ਤਾਰ ਅਤੇ ਦਸਤਾਰ ਤੋਂ ਪਛਾਣਿਆ ਜਾਂਦਾ ਹੈ।’ ਅਜੋਕੇ ਸਮੇਂ ਵਿੱਚ ਇਹ ਲਾਗੂ ਹੁੰਦੀ ਨਹੀਂ ਦਿਸ ਰਹੀ। ਰਫ਼ਤਾਰ ਯਾਨੀ ਚਾਲ ਨਜ਼ਰ ਹੀ ਨਹੀਂ ਆ ਰਹੀ। ਕੁਝ ਤਾਂ ਪੈਰੀਂ ਤੁਰਨਾ ਵੈਸੇ...

  • fb
  • twitter
  • whatsapp
  • whatsapp
Advertisement

ਸਾਡੇ ਸੱਭਿਆਚਾਰ ਵਿੱਚ ਇੱਕ ਕਹਾਵਤ ਮਸ਼ਹੂਰ ਸੀ ਕਿ ‘ਬੰਦਾ ਆਪਣੀ ਰਫ਼ਤਾਰ, ਗੁਫ਼ਤਾਰ ਅਤੇ ਦਸਤਾਰ ਤੋਂ ਪਛਾਣਿਆ ਜਾਂਦਾ ਹੈ।’ ਅਜੋਕੇ ਸਮੇਂ ਵਿੱਚ ਇਹ ਲਾਗੂ ਹੁੰਦੀ ਨਹੀਂ ਦਿਸ ਰਹੀ। ਰਫ਼ਤਾਰ ਯਾਨੀ ਚਾਲ ਨਜ਼ਰ ਹੀ ਨਹੀਂ ਆ ਰਹੀ। ਕੁਝ ਤਾਂ ਪੈਰੀਂ ਤੁਰਨਾ ਵੈਸੇ ਹੀ ਘਟ ਗਿਆ ਹੈ, ਘਰੋਂ ਗੱਡੀ ’ਤੇ ਨਿਕਲੋ ਅਤੇ ਮੰਜ਼ਿਲ ’ਤੇ ਸਿੱਧੇ ਗੱਡੀ ਰਾਹੀਂ ਪਹੁੰਚਿਆ ਜਾਂਦਾ ਹੈ। ਜੇ ਮਾੜਾ ਮੋਟਾ ਤੁਰਨਾ ਹੈ ਵੀ ਤਾਂ ਉਸ ਵਿੱਚੋਂ ‘ਤੁਰਨਾ ਮੜ੍ਹਕ ਦੇ ਨਾਲ’ ਗਾਇਬ ਹੈ। ਗੁਫ਼ਤਾਰ ਦਾ ਅੰਦਾਜ਼ ਵੀ ਉਹ ਨਹੀਂ ਰਿਹਾ। ਤੇਜ਼ ਦੌੜਦੀ ਜ਼ਿੰਦਗੀ ਵਿੱਚ ਕਿਸ ਕੋਲ ਫੁਰਸਤ ਹੈ ਗੱਲਾਂ ਬਾਤਾਂ ਕਰਨ ਦੀ? ਬਸ ਗੁਜ਼ਾਰੇ ਜੋਗੀ ਸੰਖੇਪ ਜਿਹੀ ਰਸਮੀ ਗੱਲਬਾਤ ਕੀਤੀ ਜਾ ਰਹੀ ਹੈ, ਜਿਸ ਵਿੱਚ ਵਿਅਕਤੀ ਦਾ ਨਿੱਜਤਵ ਖ਼ਤਮ ਹੁੰਦਾ ਜਾ ਰਿਹਾ ਹੈ। ਲੰਮੀਆਂ ਦਿਲਾਂ ਦੀਆਂ ਬਾਤਾਂ ਪਾਉਂਦੀ ਗੁਫ਼ਤਗੂ ਕਿਧਰੇ ਨਹੀਂ ਮਿਲਦੀ। ਤੀਸਰਾ ਸਾਡੀ ਪਹਿਚਾਣ ਸਾਡੀ ਦਸਤਾਰ ਸਿਰਾਂ ਤੋਂ ਲੋਪ ਹੋ ਰਹੀ ਹੈ। ਅੱਜ ਅਸੀਂ ਇਸ ਦਸਤਾਰ ਦੀ ਹੀ ਗੱਲ ਕਰਨੀ ਹੈ।

ਦਸਤਾਰ ਸਿਰ ਦੇ ਕੇਸਾਂ ਦਾ ਜੂੜਾ ਬੰਨ੍ਹ ਕੇ ਉਸ ਉੱਪਰ ਸਜਾਈ ਜਾਂਦੀ ਹੈ। ਹੁਣ ਤਾਂ ਕੇਸ ਹੀ ਕਟਾਏ ਜਾਣ ਦਾ ਰਿਵਾਜ ਚੱਲ ਪਿਆ ਹੈ। ਜਦ ਕੇਸ ਹੀ ਨਹੀਂ, ਜੂੜਾ ਹੀ ਨਹੀਂ ਤਾਂ ਦਸਤਾਰ ਦੀ ਕੀ ਲੋੜ ਰਹਿ ਗਈ ? ਦਸਤਾਰ ਨੂੰ ‘ਪੱਗ’, ‘ਚੀਰਾ’ ਜਾਂ ‘ਸਾਫ਼ਾ’ ਵੀ ਕਿਹਾ ਜਾਂਦਾ ਹੈ। ਸਾਡੇ ਲੋਕ ਸਾਹਿਤ ਨੇ ਇਨ੍ਹਾਂ ਸਾਰੇ ਨਾਵਾਂ ਨੂੰ ਸੰਭਾਲਿਆ ਹੋਇਆ ਹੈ। ਇੱਕ ਭੈਣ ਨੂੰ ਆਪਣੇ ਪੱਗ ਵਾਲੇ ਭਰਾ ’ਤੇ ਕਿੰਨਾ ਮਾਣ ਹੈ। ਉਸ ਦੀ ਪਛਾਣ ਹੀ ਉਸ ਦੇ ਸਿਰ ’ਤੇ ਬੰਨ੍ਹੀ ਹੋਈ ਪੱਗ ਹੈ। ਇਸੇ ਪੱਗ ਦਾ ਖੂਬਸੂਰਤ ਰੰਗ ਇਸ ’ਤੇ ਸਜੀ ਕਲਗੀ, ਇਸ ’ਤੇ ਲੱਗਿਆ ਗੋਟਾ ਸਭ ਵੀਰੇ ਦੀ ਸ਼ਾਨ ਨੂੰ ਵਧਾਉਂਦੇ ਹਨ। ਉਹ ਕਦੇ ਸੱਸ ਕੋਲ, ਕਦੇ ਭਰਜਾਈ ਕੋਲ ਅਤੇ ਕਦੇ ਆਪਣੇ ਆਪ ਵਿੱਚ ਹੀ ਵੀਰ ਦੀਆਂ ਸਿਫ਼ਤਾਂ ਕਰਦੀ ਰਹਿੰਦੀ ਹੈ। ਜਿਸ ਵਿੱਚ ਉਸ ਦਾ ਪਹਿਰਾਵਾ, ਉਸ ਦਾ ਅਹੁਦਾ, ਉਸ ਦਾ ਵਿਵਹਾਰ ਸਭ ਕੁਝ ਭੈਣ ਲਈ ਸਤਿਕਾਰ ਵਾਲਾ ਹੈ;

Advertisement

ਦੂਰੋਂ ਸਿਆਣਦੀ ਵੀਰਾ ਵੇ ਤੇਰਾ ਬੋਤਾ

Advertisement

ਪੱਚੀਆਂ ’ਚੋਂ ਪੱਗ ਸਿਆਣਦੀ

**

ਔਹ ਵੀਰ ਮੇਰਾ ਕੁੜੀਓ. ਕੰਨੀ ਨੱਤੀਆਂ ਸੰਧੂਰੀ ਸਿਰ ਸਾਫ਼ਾ

ਇਸੇ ਲਈ ਚੀਰੇ ਵਾਲੇ ਗੱਭਰੂ ਦੀ ਸੁੰਦਰਤਾ ਦਿਲਾਂ ਨੂੰ ਧੂਹ ਪਾਉਂਦੀ ਹੈ। ਜਦੋਂ ਇਸ ਦਾ ਰੰਗ ਵੀ ਤਿੱਖਾ ਹੋਵੇ ਸੂਹਾ, ਸੰਧੂਰੀ, ਕਾਲਾ ਆਦਿ ਤਾਂ ਹੋਰ ਵੀ ਜ਼ੁਲਮ ਢਾਹੁੰਦੀ ਹੈ। ਮੁਟਿਆਰ ਸੰਧੂਰੀ ਚੀਰੇ ਵਾਲੇ ਤੋਂ ਬਲਿਹਾਰ ਜਾਂਦੀ ਹੈ, ਉਸ ਨੂੰ ਦਿਲ ਵਿੱਚ ਜਗ੍ਹਾ ਦਿੰਦੀ ਹੈ ਅਤੇ ਕਾਲੀ ਪੱਗ ਤਾਂ ਬਹੁਤੀ ਫੱਬਦੀ ਹੋਣ ਕਰਕੇ ਉਸ ਨੂੰ ਡਰ ਹੈ ਕਿ ਉਸ ਦੇ ਸੁਹੱਪਣ ਨੂੰ ਨਜ਼ਰ ਹੀ ਨਾ ਲੱਗ ਜਾਵੇ;

ਮੈਨੂੰ ਮੱਸਿਆ ’ਤੇ ਪੈਣ ਭੁਲੇਖੇ

ਤੇਰੀ ਵੇ ਸੰਧੂਰੀ ਪੱਗ ਦੇ

**

ਮੂਹਰੇ ਲੱਗ ਜਾ ਸੰਧੂਰੀ ਸਾਫ਼ੇ ਵਾਲਿਆ

ਪਿੱਛੇ ਪਿੱਛੇ ਆਵਾਂ ਮੇਲਦੀ

**

ਕਾਲੀ ਪੱਗ ਨਾ ਬੰਨ੍ਹ ਵੇ

ਤੈਨੂੰ ਨਜ਼ਰਾਂ ਲੱਗਣਗੀਆਂ ਮੇਰੀਆਂ

**

ਕਾਲੀ ਪੱਗ ਬੰਨ੍ਹ ਲੈਣ ਦੇ

ਨੀਂ ਸਾਡੇ ਬਾਗ ਵਿੱਚ ਮਿਰਚਾਂ ਬਥੇਰੀਆਂ

ਭਲਾ ਜੇ ਕਿਧਰੇ ਗੱਭਰੂ ਨੂੰ ਵਧੀਆ ਪੱਗ ਬੰਨ੍ਹਣੀ ਨਹੀਂ ਸੀ ਆਉਂਦੀ ਤਾਂ ਮੁਟਿਆਰ ਦਾ ਉਲਾਂਭਾ ਦੇਖਣਾ ਬਣਦਾ ਹੈ ਕਿਉਂਕਿ ਖੂਬਸੂਰਤ ਬੰਨ੍ਹੀ ਹੋਈ ਪੱਗ ਨਾਲ ਟੌਹਰ ਵਧੇਰੇ ਬਣਦੀ ਹੈ। ਮੁਟਿਆਰ ਨਹੀਂ ਚਾਹੁੰਦੀ ਕਿ ਉਸ ਦੇ ਬਰਾਬਰ ਤੁਰੇ ਜਾਂਦੇ ਗੱਭਰੂ ਦੀ ਪੱਗ ਪੋਚਵੀਂ ਨਾ ਹੋਵੇ;

ਬਾਬਲੇ ਨੇ ਵਰ ਟੋਲਿਆ

ਜੀਹਨੂੰ ਪੱਗ ਬੰਨ੍ਹਣੀ ਨਾ ਆਵੇ

ਵੈਸੇ ਅਜਿਹੇ ਗੱਭਰੂ ਘੱਟ ਹੀ ਹੁੰਦੇ ਸਨ। ਜ਼ਿਆਦਾ ਨੌਜਵਾਨ ਤਾਂ ਘੋਟ ਘੋਟ ਕੇ ਵਧੀਆ ਪੱਗਾਂ ਬੰਨ੍ਹਦੇ ਸਨ। ਜਦੋਂ ਕੁੜਤਾ ਅਤੇ ਚਾਦਰਾ ਪਾ ਕੇ ਭੰਗੜਾ ਪਾਉਂਦੇ ਸਨ ਤਾਂ ਉਸ ਦਾ ਰੰਗ ਹੀ ਹੋਰ ਹੋ ਜਾਂਦਾ ਸੀ। ਭੰਗੜੇ ਦੇ ਪਹਿਰਾਵੇ ਨਾਲ ਰੰਗ ਬਿਰੰਗੇ ਕੁੜਤੇ ਪਜਾਮਿਆਂ ਤੇ ਸਾਫਿਆਂ ਨਾਲ ਅਲੱਗ ਹੀ ਰੰਗ ਬੰਨ੍ਹਿਆ ਜਾਂਦਾ ਹੈ ਅਤੇ ਹਰ ਕੋਈ ਦੇਖਣ ਵਾਲਾ ਮੱਲੋਮੱਲੀ ਤਾਰੀਫ਼ ਕਰਦਾ ਹੈ;

ਅਲਕੜਿਆਂ ਦੇ ਮੁੰਡੇ ਦੇਖ ਲਓ

ਜਿਉਂ ਟਾਹਲੀ ਦੇ ਪਾਵੇ

ਕੰਨੀਦਾਰ ਮੁੰਡੇ ਬੰਨ੍ਹਦੇ ਚਾਦਰੇ

ਪਿੰਜਣੀ ਨਾਲ ਸੁਹਾਵੇ

ਦੁੱਧ ਕਾਸ਼ਨੀ ਬੰਨ੍ਹਦੇ ਸਾਫ਼ੇ

ਜਿਉਂ ਉੱਡਿਆ ਕਬੂਤਰ ਜਾਵੇ

ਮਲਮਲ ਦੇ ਤਾਂ ਕੁੜਤੇ ਸੋਂਹਦੇ

ਜਿਉਂਂ ਬਗਲਾ ਤਲਾਅ ਵਿੱਚ ਨ੍ਹਾਵੇ

ਗਿੱਧਾ ਪਾਉਂਦੇ ਮੁੰਡਿਆਂ ਦੀ

ਸਿਫ਼ਤ ਕਰੀ ਨਾ ਜਾਵੇ

**

ਏਸ ਪਿੰਡ ਦਿਆ ਹਾਕਮਾ

ਇਨ੍ਹਾਂ ਮੁੰਡਿਆਂ ਨੂੰ ਸਮਝਾ

ਪੱਗਾਂ ਰੰਗ ਬਿਰੰਗੀਆਂ

ਇਹ ਲੜ ਲੈਂਦੇ ਲਮਕਾ

ਜਵਾਨੀ ਮੁਸ਼ਕਣ ਬੂਟੀ ਵੇ

ਹਾਣੀਆ ਸੰਭਲ ਕੇ ਵਰਤਾ

ਇਹ ਸੱਚ ਹੈ ਕਿ ਰੰਗ ਬਿਰੰਗੀਆਂ ਪੱਗਾਂ ਵਾਲੇ ਚੋਬਰ ਮੁਟਿਆਰਾਂ ਦੇ ਦਿਲਾਂ ਨੂੰ ਧੂਹ ਪਾਉਂਦੇ ਸਨ, ਤਦੇ ਤਾਂ ਪਿਆਰ ਦਾ ਇਜ਼ਹਾਰ ਵੀ ਪੱਗ ਦੇ ਰੰਗ ਨਾਲ ਦੀ ਚੁੰਨੀ ਲੈ ਕੇ ਕੀਤਾ ਜਾਂਦਾ ਸੀ;

ਅੱਗ ਵਰਗੀ

ਮੇਰੀ ਰੰਗ ਦੇ ਲਲਾਰੀਆ ਚੁੰਨੀ

ਵੇ ਮਿੱਤਰਾਂ ਦੀ ਪੱਗ ਵਰਗੀ

ਸਾਡੇ ਲੋਕ-ਗੀਤ ਇਨ੍ਹਾਂ ਚੀਰੇ ਵਾਲੇ, ਪੱਗਾਂ ਵਾਲੇ ਅਤੇ ਸਾਫ਼ੇ ਵਾਲਿਆਂ ਨੂੰ ਪੂਰੇ ਮਾਣ ਨਾਲ ਬਿਆਨ ਕਰ ਰਹੇ ਹਨ;

ਸੂਹੇ ਵੇ ਚੀਰੇ ਵਾਲਿਆ, ਮੈਂ ਕਹਿੰਨੀ ਆਂ

ਕਰ ਛਤਰੀ ਦੀ ਛਾਂ, ਮੈਂ ਛਾਵੇਂ ਬਹਿੰਨੀ ਆਂ

ਸੂਹੇ ਵੇ ਚੀਰੇ ਵਾਲਿਆ ਫੁੱਲ ਕਿੱਕਰਾਂ ਦੇ

ਕਿੱਕਰਾਂ ਲਾਈ ਬਹਾਰ ਮੇਲੇ ਮਿੱਤਰਾਂ ਦੇ

ਸੂਹੇ ਵੇ ਚੀਰੇ ਵਾਲਿਆ ਫੁੱਲ ਤੋਰੀ ਦਾ

ਬਾਝ ਤੇਰੇ ਮਾਹੀ ਵੇ ਨਹੀਂ ਕੁਝ ਲੋੜੀਦਾ

ਵਿਆਹ ਵਾਲੇ ਗੀਤਾਂ ਵਿੱਚ ਵੀ ਬੋਲ ਕੁਝ ਇਸ ਤਰ੍ਹਾਂ ਦੇ ਹਨ;

ਸੋਹਣਾ ਜਿਹਾ ਚੀਰਾ ਪਹਿਨ ਕੇ ਸਾਡੀ ਗਲੀਓਂ ਨਾ ਆਈਂ

ਵੇ ਬੀਬਾ ਵਿਹੜੇ ਪੈਰ ਨਾ ਪਾਈਂ

ਇਸੇ ਤਰ੍ਹਾਂ ਛਟੀਆਂ ਖੇਡਣ ਸਮੇਂ ਦਾ ਗੀਤ ਹੈ;

ਛਟੀਆਂ ਨੀਂ ਤੁਸੀਂ ਨਾ ਮਾਰੋ ਸਾਲੀਓ

ਜੋੜੇ ’ਤੇ ਪਈਆਂ ਘੋੜੇ ਝੱਲ ਲਈਆਂ ਨੀਂ

ਤੁਸੀਂ ਨਾ ਮਾਰੋ ਸਾਲੀਓ

ਚੀਰੇ ’ਤੇ ਪਈਆਂ ਵੀਰੇ ਨੇ ਝੱਲ ਲਈਆਂ ਨੀਂ

ਤੁਸੀਂ ਨਾ ਮਾਰੋ ਸਾਲੀਓ

ਜਾਮੇ ’ਤੇ ਪਈਆਂ ਮਾਮੇ ਨੇ ਝੱਲ ਲਈਆਂ ਨੀਂ

ਤੁਸੀਂ ਨਾ ਮਾਰੋ ਸਾਲੀਓ

ਲਾਚੇ ’ਤੇ ਪਈਆਂ ਚਾਚੇ ਨੇ ਝੱਲ ਲਈਆਂ ਨੀਂ

ਤੁਸੀਂ ਨਾ ਮਾਰੋ ਸਾਲੀਓ

ਛਟੀਆਂ ਨੀਂ ਮੇਰੇ ਨਿੱਕੇ ਮਹਾਰਾਜ ਨੂੰ

ਪੱਗ ਨੂੰ ਬੰਨ੍ਹਣ ਦਾ ਅੰਦਾਜ਼ ਕਿਸੇ ਬੰਦੇ ਦੀ ਸ਼ਖ਼ਸੀਅਤ ਦਾ ਮਾਪਦੰਡ ਹੁੰਦਾ ਸੀ। ਸ਼ਾਇਦ ਟੇਢੀ ਬੱਧੀ ਪੱਗ ਸ਼ਰਾਫਤ ਦਾ ਚਿੰਨ੍ਹ ਨਹੀਂ ਸੀ ਸਮਝੀ ਜਾਂਦੀ। ਆਹ ਦੇਖੋ ਜ਼ਰਾ;

ਪਿੰਡਾਂ ਵਿੱਚੋਂ ਪਿੰਡ ਸੁਣੀਂਦਾ, ਪਿੰਡ ਸੁਣੀਂਦਾ ਖਿਆਲਾ

ਉੱਥੇ ਦਾ ਇੱਕ ਗੱਭਰੂ ਸੁਣੀਂਦਾ, ਟੇਢੀ ਪਗੜੀ ਵਾਲਾ

ਨਾਰ ਨੂੰ ਕਹਿੰਦਾ ਲਾਹ ਦੇ ਰੋਟੀਆਂ, ਮੈਂ ਤੇਰੇ ਘਰਵਾਲਾ

ਸੁੱਥਣਾਂ ਟੂਲ ਦੀਆਂ, ਵਿੱਚ ਰੇਸ਼ਮੀ ਨਾਲਾ

ਜਦੋਂ ਬਾਰਾਤ ਘਰ ਆਉਂਦੀ ਤਾਂ ਉਸ ਨੂੰ ਭਾਂਤ ਭਾਂਤ ਦੀਆਂ ਸਿੱਠਣੀਆਂ ਦੇਣ ਦਾ ਰਿਵਾਜ ਸੀ। ਇਨ੍ਹਾਂ ਸਿੱਠਣੀਆਂ ਵਿੱਚ ਵੀ ਪੱਗ ਨੂੰ ਜਾਂ ਪੱਗ ਵਾਲੇ ਨੂੰ ਖ਼ਾਸ ਨਿਸ਼ਾਨਾ ਬਣਾਇਆ ਜਾਂਦਾ। ਸਿੱਠਣੀਆਂ ਦਾ ਵੀ ਇੱਕ ਅਲੱਗ ਹੀ ਅੰਦਾਜ਼ ਹੁੰਦਾ ਹੈ;

ਲਾੜਿਆ ਵੇ ਤੇਰੀ ਢਿੱਲੀ ਜਿਹੀ ਪਗੜੀ

ਡਿਗੂੰ ਡਿਗੂੰ ਕਰਦੀ ਵੇ

ਲਾੜਿਆ ਵੇ ਤੇਰੀ ਢਿੱਲੀ ਜਿਹੀ ਤੰਬੀ

ਖੁੱਲ੍ਹਜੂੰ ਖੁੱਲ੍ਹਜੂੰ ਕਰਦੀ ਵੇ

**

ਲਾੜਿਆ ਪੱਗ ਬੰਨ੍ਹੀ ਮਾਵੇਦਾਰ

ਵੇ ਵਲ਼ ਦਿੱਤੇ ਨੇ ਸੰਵਾਰ ਕੇ

ਝੱਗਾ ਪੈਂਟ ਬੇ-ਮੇਚੇ ਵੇ

ਕਿਹਦੇ ਲਿਆਇਆ ਏਂ ਉਤਾਰ ਕੇ

**

ਪੱਗ ਤਾਂ ਲਿਆਇਆ ਜੀਜਾ ਮਾਂਗਵੀਂ

ਵੇ ਤੂੰ ਝਾਲ ਫਿਰਾ ਕੇ ਪਾਏ ਗਹਿਣੇ

ਮਾਂ ਦਾ ਪਿਛੋਕਾ ਗਡਰੀਆਂ ਦਾ

ਤੇਰੇ ਨਾਨਕਿਆਂ ਦੇ ਕਿਆ ਕਹਿਣੇ।

ਪੱਗ ਤਾਂ ਲਿਆਇਆ ਜੀਜਾ ਮਾਂਗਵੀਂ

ਕੁੜਤਾ ਲਿਆ ਵੇ ਚੁਰਾ

ਚਾਦਰਾ ਮੇਰੇ ਵੀਰ ਦਾ ....

ਮੈਂ ਤਾਂ ਐਥੇ ਈ ਲਊਂ...

ਵੇ-ਨੰਗ ਜਾਤ ਬੁਦਰਿਆ ਵੇ-ਲੁਹਾ

ਪੱਗ ਇੱਜ਼ਤ ਦੀ ਪ੍ਰਤੀਕ ਵੀ ਮੰਨੀ ਜਾਂਦੀ ਹੈ। ਪੱਗ ਦੀ ਲਾਜ ਰੱਖਣੀ, ਪੱਗ ਨੂੰ ਦਾਗ ਨਾ ਲੱਗਣ ਦੇਣਾ ਸਾਡੇ ਅਖਾਣ ਬਣ ਚੁੱਕੇ ਹਨ;

ਸੁਣ ਨੀਂ ਕੁੜੀਏ ਮਛਲੀ ਵਾਲੀਏ

ਮਛਲੀ ਨਾ ਚਮਕਾਈਏ

ਨੀਂ ਖੂਹ ਟੋਭੇ ਤੇਰੀ ਹੁੰਦੀ ਚਰਚਾ

ਚਰਚਾ ਨਾ ਕਰਵਾਈਏ

ਆਪਣੇ ਭਾਈਆਂ ਦੀ

ਪੱਗ ਨੂੰ ਦਾਗ ਨਾ ਲਾਈਏ

ਜੇ ਡਰ ਮਾਪਿਆਂ ਦਾ

ਨੀਵੀਂ ਪਾ ਲੰਘ ਜਾਈਏ

ਅੱਜ ਪੱਗ ਤਾਂ ਲੋਪ ਹੋ ਹੀ ਰਹੀ ਹੈ, ਉਸ ਦੇ ਨਾਲ ਸਿਰ ਤੋਂ ਕੇਸ ਵੀ ਲੋਪ ਹੋ ਰਹੇ ਹਨ। ਫੈਸ਼ਨਪ੍ਰਸਤੀ ਅਤੇ ਫਿਲਮੀ ਹੀਰੋਆਂ ਦੀ ਰੀਸ ਸਾਡੇ ਸੱਭਿਆਚਾਰ ਨੂੰ ਵਿਗਾੜ ਰਹੀ ਹੈ। ਕਈ ਮਾਵਾਂ ਛੋਟੇ ਬੱਚਿਆਂ ਦੇ ਆਪ ਹੀ ਕੇਸ ਕਟਾ ਦਿੰਦੀਆਂ ਹਨ ਕਿਉਂਕਿ ਉਨ੍ਹਾਂ ਨੂੰ ਜੂੜਾਂ ਕਰਨਾ, ਰੁਮਾਲ ਜਾਂ ਪਟਕਾ ਬੰਨ੍ਹਣਾ ਤੇ ਫਿਰ ਸਕੂਲ ਭੇਜਣ ਸਮੇਂ ਪੱਗ ਬੰਨ੍ਹਣੀ ਔਖੀ ਲੱਗਦੀ ਹੈ। ਨੌਜਵਾਨ ਤਬਕੇ ਤੋਂ ਜਦੋਂ ਅੱਧਾ ਅੱਧਾ ਘੰਟਾ ਲਗਾ ਕੇ ਵੀ ਪੱਗ ਠੀਕ ਨਾ ਬੰਨ੍ਹੀ ਜਾਵੇ ਤਾਂ ਉਹ ਕੇਸ ਕਟਾ ਕੇ ਸੌਖਾ ਰਾਹ ਲੱਭਦੇ ਹਨ। ਕਾਰਨ ਕੋਈ ਵੀ ਆ ਬਣੇ, ਅੱਜ ਦੇ ਨੌਜਵਾਨਾਂ ਨੂੰ ਪੱਗ ਹੀ ਨਹੀਂ, ਸਗੋਂ ਕੇਸ ਵੀ ਭਾਰ ਜਾਪਣ ਲੱਗ ਪਏ ਹਨ। ਇਸ ਹਾਲਤ ਵਿੱਚ ‘ਚੀਰੇ ਵਾਲਾ’ ਕਿੱਥੋਂ ਲੱਭੇਗਾ ?

ਸੰਪਰਕ: 98147-15796

Advertisement
×