DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਐ ਵਤਨ ਐ ਵਤਨ, ਹਮਕੋ ਤੇਰੀ ਕਸਮ...

ਸੁਖਮਿੰਦਰ ਸੇਖੋਂ ਮੇਰੀ ਜ਼ਿੰਦਗੀ ਦੀ ਪਹਿਲੀ ਫਿਲਮ ਸੀ ‘ਹਕੀਕਤ’। ਚੇਤਨ ਆਨੰਦ ਦੀ ਇਹ ਫਿਲਮ ਸਾਡੇ ਸਕੂਲ ਦੇ ਗਰਾਉਂਡ ਵਿੱਚ ਆਰਜ਼ੀ ਸਕਰੀਨ ਉਤੇ ਦਿਖਾਈ ਗਈ ਸੀ। ਉਦੋਂ ਭਾਰਤ ਤੇ ਚੀਨ ਦੀ ਜੰਗ ਹੋ ਕੇ ਹਟੀ ਸੀ, ਇਸ ਲਈ ਇਸ ਫਿਲਮ ਦੇ...
  • fb
  • twitter
  • whatsapp
  • whatsapp
featured-img featured-img
ਫਿਲਮ ‘ਹਕੀਕਤ’ ਦੇ ਇੱਕ ਦ੍ਰਿਸ਼ ਵਿੱਚ ਬਲਰਾਜ ਸਾਹਨੀ ਤੇ ਧਰਮਿੰਦਰ
Advertisement

ਸੁਖਮਿੰਦਰ ਸੇਖੋਂ

ਮੇਰੀ ਜ਼ਿੰਦਗੀ ਦੀ ਪਹਿਲੀ ਫਿਲਮ ਸੀ ‘ਹਕੀਕਤ’। ਚੇਤਨ ਆਨੰਦ ਦੀ ਇਹ ਫਿਲਮ ਸਾਡੇ ਸਕੂਲ ਦੇ ਗਰਾਉਂਡ ਵਿੱਚ ਆਰਜ਼ੀ ਸਕਰੀਨ ਉਤੇ ਦਿਖਾਈ ਗਈ ਸੀ। ਉਦੋਂ ਭਾਰਤ ਤੇ ਚੀਨ ਦੀ ਜੰਗ ਹੋ ਕੇ ਹਟੀ ਸੀ, ਇਸ ਲਈ ਇਸ ਫਿਲਮ ਦੇ ਨਿਰਮਾਤਾਵਾਂ ਨੇ ਇਸ ਨੂੰ  ਆਪਣੇ ਚੇਤਨ ਨਜ਼ਰੀਏ ਨਾਲ ਹਕੀਕੀ ਜਾਮਾ ਪਹਿਨਾਉਣ ਦੀ ਖ਼ੂਬਸੂਰਤ ਕੋਸ਼ਿਸ਼ ਕੀਤੀ ਸੀ। ਹਕੀਕੀ ਤੌਰ ’ਤੇ ਇਸ ਜੰਗ ਵਿੱਚ ਚੀਨ ਭਾਰੂ ਰਿਹਾ ਸੀ ਪਰ ਇਸ ਦੇ ਬਾਵਜੂਦ ਸਾਡੇ ਫਿਲਮਸਾਜ਼ ਨੇ ਭਾਰਤੀ ਫ਼ੌਜ ਦੇ ਜਵਾਨਾਂ ਦੀ ਸ਼ਹੀਦੀ ਨੂੰ ਬਹੁਤ ਹੀ ਮਾਰਮਿਕ ਢੰਗ ਨਾਲ ਪੇਸ਼ ਕੀਤਾ ਸੀ।

Advertisement

ਫ਼ੌਜ ਦੀਆਂ ਕਈ ਮਜਬੂਰੀਆਂ ਹੁੰਦੀਆਂ ਹਨ। ਫ਼ੌਜ ਨੂੰ ਦੇਸ਼ ਦੇ ਪ੍ਰਮੁੱਖ ਨੇਤਾਵਾਂ ਤੋਂ ਇਲਾਵਾ ਆਪਣੇ ਉੱਚ ਅਧਿਕਾਰੀਆਂ ਦੇ ਹੁਕਮ ਦੀ ਵੀ ਉਡੀਕ ਰਹਿੰਦੀ ਹੈ। ਅਦਾਕਾਰ ਬਲਰਾਜ ਸਾਹਨੀ ਆਪਣੇ ਉੱਚ ਅਫ਼ਸਰ ਜੇਯੰਤ ਦੇ ਹੁਕਮਾਂ ਦਾ ਇੰਤਜ਼ਾਰ ਕਰਦਾ ਹੈ ਪਰ ਉਸ ਨੂੰ ਉੱਪਰੋਂ ਹੁਕਮ ਨਹੀਂ ਮਿਲਦਾ। ਬਲਰਾਜ ਕਾਹਲਾ ਪੈਂਦਾ ਹੈ ਪਰ ਕਰ ਕੀ ਸਕਦਾ ਹੈ? ਖੈਰ ਲੜਾਈ ਆਰੰਭ ਹੁੰਦੀ ਹੈ। ਮੁੱਖ ਪਾਤਰ ਧਰਮਿੰਦਰ ਤੇ ਉਸ ਦੇ ਸਾਥੀ ਫ਼ੌਜੀ ਬਹੁਤ ਬਹਾਦਰੀ ਨਾਲ ਲੜਦੇ ਹੋਏ ਅੰਤ ਸ਼ਹੀਦ ਹੋ ਜਾਂਦੇ ਹਨ। ਇਸ ਦੌਰਾਨ ਅਦਾਕਾਰਾ ਪ੍ਰੀਆ ਫ਼ੌਜੀਆਂ ਦੀ ਮਦਦ ਕਰਦਿਆਂ ਅਦਾਕਾਰ ਧਰਮਿੰਦਰ ਨਾਲ ਪ੍ਰੇਮ ਵੀ ਕਰਨ ਲੱਗਦੀ ਹੈ। ਫ਼ੌਜੀਆਂ ਦੀਆਂ ਮਜਬੂਰੀਆਂ, ਬੇਵਸੀਆਂ ਤੇ ਵਿਯੋਗਪੁਣੇ ਨੂੰ ਦਰਸਾਉਂਦਾ ਇੱਕ ਸਮੂਹਿਕ ਗੀਤ ਗੌਲਣਯੋਗ ਬਣਦਾ ਹੈ, ‘ਹੋ ਕੇ ਮਜਬੂਰ ਮੁਝੇ ਉਸ ਨੇ ਬੁਲਾਇਆ ਹੋਗਾ।’ ਇਸ ਫਿਲਮ ਦਾ ਅੰਤ ਕੈਫੀ ਆਜ਼ਮੀ ਦੇ ਬੋਲਾਂ ਤੇ ਮਦਨ ਮੋਹਨ ਦੇ ਸੰਗੀਤ ਨਾਲ ਸਜਿਆ ਤੇ ਮੁਹੰਮਦ ਰਫੀ ਦਾ ਗਾਇਆ ਅਮਰ ਗੀਤ ਤਾਂ ਦਰਸ਼ਕਾਂ ਦਾ ਜਿੱਥੇ ਲਹੂ ਖੌਲਣ ਲਾ ਦਿੰਦਾ ਹੈ ਉੱਥੇ ਜਜ਼ਬਾਤੀ ਵੀ ਕਰ ਦਿੰਦਾ ਹੈ।

ਫਿਲਮ ‘ਆਂਖੇ’ ਦੇ ਇੱਕ ਦ੍ਰਿਸ਼ ਵਿੱਚ ਮਾਲਾ ਸਿਨਹਾ ਤੇ ਧਰਮਿੰਦਰ

ਚੇਤਨ ਆਨੰਦ ਦੀ ਹੀ ਇੱਕ ਹੋਰ ਫਿਲਮ ‘ਹਿੰਦੁਸਤਾਨ ਕੀ ਕਸਮ’ ਵੀ ਦੇਸ਼ ਭਗਤੀ ਨਾਲ ਹੀ ਸਬੰਧਤ ਸੀ। ਬੇਸ਼ੱਕ ਇਹ ‘ਹਕੀਕਤ’ ਫਿਲਮ ਜਿੰਨਾ ਨਾਮਣਾ ਤਾਂ ਨਾ ਖੱਟ ਸਕੀ ਪਰ ਰਾਜ ਕੁਮਾਰ ਵੱਲੋਂ ਬੋਲਿਆ ਇਸ ਦਾ ਇੱਕ ਸੰਵਾਦ ਹਾਲੇ ਵੀ ਦਰਸ਼ਕਾਂ ਦੇ ਕੰਨਾਂ ਵਿੱਚ ਗੂੰਜਦਾ ਹੈ, ‘‘ਜਵਾਬ ਦੇਨੇ ਆਊਂਗਾ, ਹਿੰਦੁਸਤਾਨ ਕੀ ਕਸਮ।’’

ਜਦੋਂ ਦੇਸ਼ ਆਜ਼ਾਦ ਨਹੀਂ ਸੀ ਹੋਇਆ ਤੇ ਅਸੀਂ ਅੰਗਰੇਜ਼ਾਂ ਦੇ ਗ਼ੁਲਾਮ ਸਾਂ, ਉਦੋਂ ਵੀ ਟਾਵੀਆਂ ਟਾਵੀਆਂ ਦੇਸ਼ ਭਗਤੀ ਦੀਆਂ ਫਿਲਮਾਂ ਬਣਦੀਆਂ ਸਨ ਪਰ ਮੁਲਕ ਦੀ ਆਜ਼ਾਦੀ ਉਪਰੰਤ ਤਾਂ ਇਨ੍ਹਾਂ ਦਾ ਕਾਫ਼ੀ ਗਿਣਤੀ ਵਿੱਚ ਨਿਰਮਾਣ ਹੋਣ ਲੱਗਾ। ਸਾਡੇ ਦੇਸ਼ ਭਗਤਾਂ ਸੁਭਾਸ਼ ਚੰਦਰ ਬੋਸ, ਸਰਦਾਰ ਪਟੇਲ, ਮੰਗਲ ਪਾਂਡੇ, ਚੰਦਰ ਸ਼ੇਖਰ ਆਜ਼ਾਦ, ਊਧਮ ਸਿੰਘ, ਭਗਤ ਸਿੰਘ, ਕਰਤਾਰ ਸਿੰਘ ਸਰਾਭਾ ਆਦਿ ’ਤੇ ਅਨੇਕਾਂ ਫਿਲਮਾਂ ਬਣੀਆਂ। ਊਧਮ ਸਿੰਘ ਤੇ ਭਗਤ ਸਿੰਘ ਦੀਆਂ ਜੀਵਨੀਆਂ ’ਤੇ ਪੰਜਾਬੀ ਫਿਲਮਾਂ ਦਾ ਵੀ ਨਿਰਮਾਣ ਹੋਇਆ ਪਰ ਇਕੱਲੇ ਭਗਤ ਸਿੰਘ ਦੇ ਜੀਵਨ ’ਤੇ ਸਭ ਤੋਂ ਵੱਧ ਫਿਲਮਾਂ ਦਰਸ਼ਕਾਂ ਸਨਮੁੱਖ ਹੋਈਆਂ। ਇਨ੍ਹਾਂ ਵਿੱਚ ਦਿਲੀਪ ਕੁਮਾਰ, ਅਜੇ ਦੇਵਗਨ, ਬਾਬੀ ਦਿਓਲ, ਮਨੋਜ ਕੁਮਾਰ ਆਦਿ ਕਈ ਅਦਾਕਾਰਾਂ ਨੇ ਭਗਤ ਸਿੰਘ ਦੇ ਕਿਰਦਾਰ ਨੂੰ ਹਿੰਦੀ ਸਿਨਮਾ ਸਕਰੀਨ ’ਤੇ ਸਜੀਵ ਕੀਤਾ। ਇਨ੍ਹਾਂ ਫਿਲਮਾਂ ਦਾ ਗੀਤ ਸੰਗੀਤ ਵੀ ਮੰਨਣ ਤੇ ਮਾਣਨਯੋਗ ਸੀ।

ਫਿਲਮ ‘ਗਾਂਧੀ’ ਦਾ ਇੱਕ ਦ੍ਰਿਸ਼

ਮਨੋਜ ਕੁਮਾਰ ਦੀ ਫਿਲਮ ‘ਸ਼ਹੀਦ’ ਦੇ ਗੀਤ ਤਾਂ ਅੱਜ ਵੀ ਹਰ ਇੱਕ ਸਰੋਤੇ ਅੰਦਰ ਮੁੜ ਕੇ ਦੇਸ਼ ਭਗਤੀ ਦਾ ਜਜ਼ਬਾ ਭਰਨ ਵਿੱਚ ਸਫਲ ਹੋ ਜਾਂਦੇ ਹਨ, ਮਸਲਨ ‘ਮੇਰਾ ਰੰਗ ਦੇ ਬਸੰਤੀ ਚੋਲਾ ਨ੍ਹੀਂ ਮਾਏ ਰੰਗ ਦੇ ਬਸੰਤੀ ਚੋਲਾ’ ਜਾਂ ਫਿਰ ‘ਐ ਵਤਨ ਐ ਵਤਨ ਹਮਕੋ ਤੇਰੀ ਕਸਮ ਤੇਰੇ ਕਦਮੋਂ ਮੇ ਜਾਂ ਤੱਕ ਲੁਟਾ ਜਾਏਂਗੇ’ ਅਤੇ ‘ਫੂਲ ਕਯਾ ਚੀਜ਼ ਹੈ ਭੇਟ ਅਪਨੇ ਸਰੋਂ ਕੀ ਚੜ੍ਹਾ ਜਾਏਂਗੇ।’ ਰਾਮਾ ਨੰਦ ਸਾਗਰ ਦੀ ਫਿਲਮ ‘ਆਂਖੇ’ ਤੇ ‘ਲਲਕਾਰ’ ਵੀ ਚਾਹੇ ਦਰਸ਼ਕਾਂ ਅੰਦਰ ਦੇਸ਼ ਭਗਤੀ ਜਗਾਉਣ ਦਾ ਜ਼ਰੀਆ ਬਣਦੀਆਂ ਹਨ ਪਰ ਇਨ੍ਹਾਂ ਫਿਲਮਾਂ ਜਾਂ ਅਜਿਹੀਆਂ ਹੀ ਹੋਰ ਬਹੁਤ ਸਾਰੀਆਂ ਫਿਲਮਾਂ ਜਿਵੇਂ ‘ਕਰਮਾ’, ‘ਤਹਿਲਕਾ’ ਆਦਿ ਵਿੱਚ ਪਤਾ ਹੀ ਨਹੀਂ ਚੱਲਦਾ ਕਿ ਇਹ ਕਿਸ ਮੁਲਕ ਜਾਂ ਦੇਸ਼ ਵਿਰੁੱਧ ਲੜਾਈ ਦੀ ਗੱਲ ਕਰਦੀਆਂ ਹਨ। ਹਾਂ, ਇਸ ਤਰ੍ਹਾਂ ਦੀਆਂ ਫਿਲਮਾਂ ਵਿੱਚੋਂ ਦੇਸ਼ ਦੇ ਗੱਦਾਰਾਂ ਤੇ ਮੁਲਕ ਨੂੰ ਵੇਚਣ ਜਾਂ ਨੀਲਾਮ ਕਰਨ ਵਾਲੇ ਸਮੱਗਲਰ ਕਿਸਮ ਦੇ ਅਨਸਰਾਂ ਦੀ ਪਛਾਣ ਜ਼ਰੂਰ ਹੁੰਦੀ ਹੈ ਅਤੇ ਕਿਤੇ ਕਿਤੇ ਇਨ੍ਹਾਂ ਦੇ ਕਿਸੇ ਗੀਤ ਜਾਂ ਦ੍ਰਿਸ਼ ਵਿੱਚੋਂ ਵੀ ਦੇਸ਼ ਭਗਤੀ ਦੇ ਅੰਸ਼ ਵੇਖੇ ਜਾ ਸਕਦੇ ਹਨ।

ਰਾਮਾ ਨੰਦ ਸਾਗਰ ਦੀ ‘ਲਲਕਾਰ’ ਤਾਂ ਕੋਈ ਖ਼ਾਸ ਨਹੀਂ ਚੱਲ ਸਕੀ ਪਰ ‘ਆਂਖੇ’ ਨੇ ਜ਼ਰੂਰ ਫਿਲਮ ਜਗਤ ਵਿੱਚ ਤਹਿਲਕਾ ਮਚਾ ਦਿੱਤਾ ਸੀ। ਧਰਮਿੰਦਰ, ਮਾਲਾ ਸਿਨਹਾ, ਕੁਮਕੁਮ, ਜੀਵਨ ਤੇ ਮਹਿਮੂਦ ਆਦਿ ਅਦਾਕਾਰਾਂ ਦੀ ਇਸ ਫਿਲਮ ਵਿੱਚ ਸਾਹਿਰ ਵੱਲੋਂ ਰਚਿਤ ਗੀਤ ਸੱਚਮੁੱਚ ਹੀ ਜਿੱਥੇ ਦਰਸ਼ਕਾਂ ਨੂੰ ਦੇਸ਼ ਭਗਤੀ ਵਿੱਚ ਵਹਾ ਕੇ ਲੈ ਜਾਂਦਾ ਹੈ ਉੱਥੇ ਇਸ ਫਿਲਮ ਦੇ ਟਾਈਟਲ ਨਾਲ ਵੀ ਨਿਆਂ ਕਰਦਾ ਪ੍ਰਤੀਤ ਹੁੰਦਾ ਹੈ- ‘ਉਸ ਮੁਲਕ ਕੀ ਸਰਹੱਦ ਕੋ ਕੋਈ ਛੂਹ ਨਹੀਂ ਸਕਤਾ, ਜਿਸ ਮੁਲਕ ਕੀ ਸਰਹੱਦ ਕੀ ਨਿਗੇਬਾਨ ਹੈਂ ਆਂਖੇ।’ ਫਿਲਮ ‘ਫੂਲ ਬਨੇ ਅੰਗਾਰੇ’, ‘ਹਮ ਦੋਨੋਂ’, ‘ਸਾਤ ਹਿੰਦੁਸਤਾਨੀ’, ‘ਦੇਸ਼ ਪ੍ਰੇਮੀ’, ‘ਲੀਡਰ’, ‘ਕ੍ਰਾਂਤੀ’, ‘ਹਮ ਏਕ ਹੈ’ ਤੇ ‘ਪੁਕਾਰ’ ਆਦਿ ਫਿਲਮਾਂ ਵਿੱਚ ਵੀ ਦੇਸ਼ ਭਗਤੀ ਦੇ ਝਲਕਾਰੇ ਦੇਖੇ ਜਾ ਸਕਦੇ ਹਨ। ਪੋਰਸ, ਲਕਸ਼ਮੀ ਬਾਈ ਤੇ ਟੀਪੂ ਸੁਲਤਾਨ ਆਦਿ ਯੋਧਿਆਂ ਦੀਆਂ ਫਿਲਮਾਂ ਨੂੰ ਵੀ ਦੇਸ਼ ਭਗਤੀ ਦੀ ਸ਼੍ਰੇਣੀ ਵਿੱਚ ਹੀ ਰੱਖਿਆ ਜਾ ਸਕਦਾ ਹੈ। ਮਨੋਜ ਨਿਰਮਾਣਤ ਫਿਲਮਾਂ ਵਿੱਚ ਹੀਰੋ ਮਨੋਜ ਕੁਮਾਰ ਦਾ ਆਮ ਕਰਕੇ ਨਾਂ ਭਰਤ ਹੀ ਹੁੰਦਾ ਸੀ। ਉਂਜ ਵੀ ਉਸ ਦੀਆਂ ਬਹੁਤੀਆਂ ਫਿਲਮਾਂ ਵਿੱਚੋਂ ਦੇਸ਼ ਭਗਤੀ ਦੀ ਰੰਗਤ ਮਿਲਦੀ ਹੈ।

ਫਿਲਮ ‘ਲਗਾਨ’ ਦੇ ਇੱਕ ਦ੍ਰਿਸ਼ ਵਿੱਚ ਆਮਿਰ ਖ਼ਾਨ

ਫਿਲਮ ‘ਕ੍ਰਾਂਤੀ’ ਵਿੱਚ ਦਿਲੀਪ ਕੁਮਾਰ, ਖ਼ੁਦ ਮਨੋਜ ਤੇ ਸ਼ਤਰੂਘਨ ਸਿਨਹਾ ਨੂੰ ਅੰਗਰੇਜ਼ਾਂ ਵਿਰੁੱਧ ਲੜਦਾ ਦਿਖਾਇਆ ਗਿਆ ਹੈ। ਸ਼ਸ਼ੀ ਕਪੂਰ ਦਾ ਕਿਰਦਾਰ ਵਿਰੋਧੀ ਸੀ ਪਰ ਇਸ ਫਿਲਮ ਨੂੰ ਦੇਖ ਕੇ ‘ਕ੍ਰਾਂਤੀ’ ਦੇ ਅਰਥਾਂ ਨੂੰ ਮੁੜ ਵਿਚਾਰਨ ਦੀ ਲੋੜ ਪੈਂਦੀ ਮਹਿਸੂਸ ਹੁੰਦੀ ਹੈ। ਹਾਂ, ਇਸੇ ਫਿਲਮਸਾਜ਼ ਦੀ ਇੱਕ ਹੋਰ ਫਿਲਮ ‘ਪੂਰਬ ਔਰ ਪਸ਼ਚਿਮ’ ਬੇਸ਼ੱਕ ਕਿਸੇ ਹੋਰ ਕਾਰਨਾਂ ਕਰਕੇ ਚਰਚਿਤ ਰਹੀ ਪਰ ਇਸ ਫਿਲਮ ਵਿੱਚ ਵੀ ਦੇਸ਼ ਭਗਤੀ ਵੇਖਣ ਨੂੰ ਮਿਲਦੀ ਹੈ। ਇਸ ਫਿਲਮ ਦਾ ਇੱਕ ਗੀਤ ਤਾਂ ਵਾਕਿਆ ਹੀ ਇਸ ਦਿਸ਼ਾ ਵੱਲ ਇੱਕ ਵਧੀਆ ਕਦਮ ਸਾਬਤ ਹੋਇਆ ਹੈ, ‘ਪ੍ਰੀਤ ਜਹਾਂ ਕੀ ਰੀਤ ਸਦਾ ਮੈਂ ਗੀਤ ਵਹਾਂ ਕੇ ਗਾਤਾ ਹੂੰ, ਭਾਰਤ ਕਾ ਰਹਿਨੇ ਵਾਲਾ ਹੂੰ ਭਾਰਤ ਕੀ ਬਾਤ ਸੁਨਾਤਾ ਹੂੰ।’

ਹੋਰਨਾਂ ਫਿਲਮਾਂ ਤੋਂ ਇਲਾਵਾ ਆਮਿਰ ਖਾਨ ਦੀ ‘ਮੰਗਲ ਪਾਂਡੇ’ ਵੀ ਇੱਕ ਇਤਿਹਾਸਕ ਤਜਰਬਾ ਸੀ ਪਰ ਓਮ ਮਹਿਰਾ ਦੀ ‘ਰੰਗ ਦੇ ਬਸੰਤੀ’ ਨੂੰ ਦੇਸ਼ ਭਗਤੀ ਦੇ ਨਵੇਂ ਪ੍ਰਸੰਗ ਵਿੱਚ ਪੇਸ਼ ਕੀਤਾ ਗਿਆ। ਇਸ ਫਿਲਮ ਦਾ ਪਹਿਲਾ ਅੱਧ ਤਾਂ ਬੇਸ਼ੱਕ ਆਮ ਦਰਸ਼ਕਾਂ ਨੂੰ ਖੱਪਖਾਨਾ ਹੀ ਲੱਗਿਆ ਹੋਵੇਗਾ ਪਰ ਇੰਟਰਵਲ ਤੋਂ ਬਾਅਦ ਇਹ ਫਿਲਮ ਜਿਸ ਤਰ੍ਹਾਂ ਦਾ ਮੋੜ ਕੱਟਦੀ ਹੈ ਉੱਥੇ ਨੇਤਾਵਾਂ ਤੇ ਨੌਕਰਸ਼ਾਹੀ ਦੀ ਅਖੌਤੀ ਦੇਸ਼ ਭਗਤੀ ਦਾ ਪਰਦਾਫਾਸ਼ ਕਰ ਜਾਂਦੀ ਹੈ। ਸੁਨੀਲ ਦੱਤ ਪ੍ਰੋਡਕਸ਼ਨ ‘ਮੁਝੇ ਜੀਨੇ ਦੋ’ ਬੇਸ਼ੱਕ ਦੇਸ਼ ਭਗਤੀ ਨਾਲ ਬਾਵਸਤਾ ਨਹੀਂ ਸੀ ਪਰ ਇਸ ਫਿਲਮ ਦਾ ਇੱਕ ਗੀਤ ਜੋ ਮੁਹੰਮਦ ਰਫੀ ਨੇ ਗਾਇਆ ਉਹ ਭਾਰਤ ਦੀ ਆਜ਼ਾਦ ਫਿਜ਼ਾ ਵਿੱਚ ਗੂੰਜ ਉੱਠਦਾ ਹੈ, ‘ਅਬ ਕੋਈ ਗੁਲਸ਼ਨ ਨਾ ਉਜੜੇ ਅਬ ਵਤਨ ਆਜ਼ਾਦ ਹੈ।’ ਇਵੇਂ ਹੀ ਵਿਭਿੰਨ ਫਿਲਮਾਂ ਦੇ ਗੀਤ ਵੀ ਵੇਖਣ ਯੋਗ ਹਨ, ‘ਵਤਨ ਪੇ ਜੋ ਫਿਦਾ ਹੋਗਾ ਅਮਰ ਵੋ ਨੌਂ ਜਵਾਂ ਹੋਗਾ’ ਜਾਂ ਫਿਰ ‘ਕਿਸੀ ਹਿੰਦੁ ਕੀ ਨਹੀਂ ਹੈ ਕਿਸੀ ਮੁਸਲਿਮ ਕੀ ਨਹੀਂ ਹੈ ਹਿੰਦ ਜਿਸਕਾ ਨਾਮ ਸ਼ਹੀਦੋਂ ਕੀ ਜ਼ਮੀਂ ਹੈ।’ ਜੇਪੀ ਦੱਤਾ ਦੀਆਂ ਫਿਲਮਾਂ ਵਿਸ਼ੇਸ਼ ਤੌਰ ’ਤੇ ‘ਬਾਰਡਰ’ ਵੀ ਦਰਸ਼ਕਾਂ ਵੱਲੋਂ ਪਸੰਦ ਕੀਤੀ ਗਈ।

ਦੇਸ਼ ਭਗਤੀ ਦੀਆਂ ਫਿਲਮਾਂ ਦੀ ਕਤਾਰ ਵਿੱਚ ਜੇਕਰ ਸਾਰਿਆਂ ਤੋਂ ਉੱਪਰ ਰੱਖਣਾ ਹੋਵੇ ਤਾਂ ਉਸ ਫਿਲਮ ਦਾ ਨਾਂ ‘ਗਾਂਧੀ’ ਹੀ ਹੋਵੇਗਾ। ਵਿਦੇਸ਼ੀ ਤੇ ਭਾਰਤੀ ਫਿਲਮਸਾਜ਼, ਨਿਰਦੇਸ਼ਕ ਤੇ ਅਦਾਕਾਰਾਂ ਨਾਲ ਸੰਜੋਈ ਇਸ ਫਿਲਮ ਨੂੰ ਸਿਰਫ਼ ਦੇਸ਼ ਭਗਤੀ ਦੀ ਮਸ਼ਾਲ ਜਗਾਉਂਦੀ ਫਿਲਮ ਹੀ ਨਹੀਂ ਕਿਹਾ ਜਾ ਸਕਦਾ ਹੈ ਬਲਕਿ ਹਰ ਇੱਕ ਫਿਲਮ ਪ੍ਰੇਮੀ ਤੇ ਭਾਰਤੀ ਨਾਗਰਿਕ ਕੋਲ ਇਸ ਨੂੰ ਇੱਕ ਮਾਡਲ ਦੇ ਤੌਰ ’ਤੇ ਵੀ ਰੱਖਿਆ ਜਾ ਸਕਦਾ ਹੈ। ਬੇਸ਼ੱਕ ਭਗਤ ਸਿੰਘ ’ਤੇ ਬਣੀਆਂ ਕਾਫ਼ੀ ਫਿਲਮਾਂ ਵਿੱਚੋਂ ਦੋ ਇੱਕ ਫਿਲਮਾਂ ਵੀ ਉੱਤਮ ਦਰਜੇ ਦੀਆਂ ਸਨ ਪਰ ‘ਗਾਂਧੀ’ ਫਿਲਮ ਨੂੰ ਮਾਅਰਕੇ ਦੀ ਦੱਸਣ ਵਿੱਚ ਕਿਸੇ ਨੂੰ ਕੋਈ ਗੁਰੇਜ਼ ਜਾਂ ਇਤਰਾਜ਼ ਨਹੀਂ ਹੋਵੇਗਾ। ਮਹਾਤਮਾ ਗਾਂਧੀ ਤੇ ਹੋਰਨਾਂ ਇਤਿਹਾਸਕ ਪਾਤਰਾਂ ਨੂੰ ਕਿਵੇਂ ਜੀਵਿਆ ਗਿਆ, ਉਹ ਆਪਣੇ ਆਪ ਵਿੱਚ ਇੱਕ ਮਿਸਾਲ ਸੀ। ਇਸ ਦਾ ਨਿਰਦੇਸ਼ਨ, ਬਿਰਤਾਂਤ ਤੇ ਤਕਨੀਕੀ ਪੱਖ ਤਾਂ ਉਸ ਤੋਂ ਵੀ ਉੱਤਮ ਸੀ।

ਜੇਕਰ ਅੱਜ ਵੀ ਕਲਾਤਮਕ, ਸੰਦੇਸ਼ਾਤਮਕ ਫਿਲਮਾਂ ਦਾ ਨਿਰਮਾਣ ਹੁੰਦਾ ਰਹੇ ਤਾਂ ਸ਼ਾਇਦ ਨੇਤਾ ਤੇ ਅਫ਼ਸਰਸ਼ਾਹੀ ਵੀ ਕੁੱਝ ਸੇਧ ਲੈ ਸਕੇ। ਸਾਰ ਤੱਤ ‘ਸਰ ਫਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇਂ ਹੈ, ਦੇਖਨਾ ਹੈ ਜ਼ੋਰ ਕਿਤਨਾ ਬਾਜੂਏ ਕਾਤਿਲ ਮੇਂ ਹੈ’ ਇਹ ਸਾਰਾ ਕੁੱਝ ਤਦੇ ਸੰਭਵ ਹੋਵੇਗਾ ਜੇਕਰ ਅਸੀਂ ਆਪਣੇ ਆਪ ਨੂੰ ਹਰ ਤਰ੍ਹਾਂ ਦੇ ਭ੍ਰਿਸ਼ਟਾਚਾਰ ਤੋਂ ਮੁਕਤ ਕਰ ਲਿਆ ਅਤੇ ਆਪਣੇ ਦੇਸ਼ ਭਗਤੀ ਦੇ ਜਜ਼ਬੇ ਨੂੰ ਪ੍ਰਚੰਡ ਕਰਨ ਦੀ ਸਹੁੰ ਖਾ ਲਵਾਂਗੇ। ਅੱਜ ਸਾਡੇ ਫਿਲਮਸਾਜ਼ਾਂ ਤੇ ਕਲਾਕਾਰਾਂ ਨੂੰ ਦੇਸ਼ ਭਗਤੀ ਨਾਲ ਲਬਰੇਜ਼ ਗੀਤ ਸੰਗੀਤ ਤੇ ਫਿਲਮਾਂ ਬਣਾਉਣ ਦੀ ਬਹੁਤ ਜ਼ਰੂਰਤ ਹੈ।

ਸੰਪਰਕ: 98145-07693

Advertisement
×