DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਹਰ ਕੋਈ ਨਹੀਂ ਹੁੰਦਾ ‘ਮੁਕੱਦਰ ਕਾ ਸਿਕੰਦਰ’

ਹਿੰਦੀ ਸਿਨੇਮਾ ਵਿੱਚ ਅਨੂ ਕਪੂਰ ਕਿਸੇ ਜਾਣ ਪਛਾਣ ਦਾ ਮੁਥਾਜ ਨਹੀਂ। ਉਹ ਅਜਿਹੀ ਬਹੁਪੱਖੀ ਸ਼ਖ਼ਸੀਅਤ ਹੈ ਜੋ ਇੱਕੋ ਸਮੇਂ ਕਲਾਕਾਰ, ਨਿਰਮਾਤਾ, ਨਿਰਦੇਸ਼ਕ, ਗਾਇਕ ਅਤੇ ਰੇਡੀਓ ਜੌਕੀ ਹੈ। ਆਪਣੇ 45 ਸਾਲਾਂ ਦੇ ਇਸ ਸਫ਼ਰ ਵਿੱਚ ਉਸ ਨੇ 100 ਤੋਂ ਵੱਧ ਫਿਲਮਾਂ...
  • fb
  • twitter
  • whatsapp
  • whatsapp
Advertisement

ਹਿੰਦੀ ਸਿਨੇਮਾ ਵਿੱਚ ਅਨੂ ਕਪੂਰ ਕਿਸੇ ਜਾਣ ਪਛਾਣ ਦਾ ਮੁਥਾਜ ਨਹੀਂ। ਉਹ ਅਜਿਹੀ ਬਹੁਪੱਖੀ ਸ਼ਖ਼ਸੀਅਤ ਹੈ ਜੋ ਇੱਕੋ ਸਮੇਂ ਕਲਾਕਾਰ, ਨਿਰਮਾਤਾ, ਨਿਰਦੇਸ਼ਕ, ਗਾਇਕ ਅਤੇ ਰੇਡੀਓ ਜੌਕੀ ਹੈ। ਆਪਣੇ 45 ਸਾਲਾਂ ਦੇ ਇਸ ਸਫ਼ਰ ਵਿੱਚ ਉਸ ਨੇ 100 ਤੋਂ ਵੱਧ ਫਿਲਮਾਂ ਦਰਸ਼ਕਾਂ ਦੀ ਝੋਲੀ ਪਾਈਆਂ ਹਨ। ਪਿਛਲੇ ਦਿਨੀਂ ‘ਦੈਨਿਕ ਟ੍ਰਿਬਿਊਨ’ ਦੇ ਸੰਪਾਦਕ ਨਰੇਸ਼ ਕੌਸ਼ਲ ਨੇ ਉਨ੍ਹਾਂ ਨਾਲ ਲੰਬੀ ਗੱਲਬਾਤ ਕੀਤੀ। ਪੇਸ਼ ਹਨ ਗੱਲਬਾਤ ਦੇ ਕੁਝ ਅੰਸ਼;

-ਤੁਸੀਂ ਅਧਿਆਤਮਕਤਾ, ਭਾਸ਼ਾ ਅਤੇ ਧਰਮਾਂ ਦਾ ਡੂੰਘਾ ਗਿਆਨ ਰੱਖਦੇ ਹੋ, ਫਿਰ ਨਾਲ ਹੀ ਇਹ ਕਿਉਂ ਕਹਿੰਦੇ ਹੋ ਕਿ ਮੈਂ ਧਾਰਮਿਕ ਨਹੀਂ ਹਾਂ। ਤੁਸੀਂ ਅਸਲ ਵਿੱਚ ਹੋ ਕੀ?

Advertisement

-ਕਬੀਰ ਦਾ ਇੱਕ ਸ਼ਬਦ ਹੈ; ਕਬੀਰ ਨਾ ਹਮ ਕੀਆ ਨ ਕਰਹਿਗੇ ਨਾ ਕਰਿ ਸਕੈ ਸਰੀਰੁ ॥ ਕਿਆ ਜਾਨਉ ਕਿਛੁ ਹਰਿ ਕੀਆ ਭਇਓ ਕਬੀਰੁ ਕਬੀਰੁ॥ …ਯਾਨੀ ਮੇਰਾ ਹੋਣਾ ਜਾਂ ਨਾ ਹੋਣਾ ਮੇਰੇ ਹੱਥ ਵਿੱਚ ਨਹੀਂ ਹੈ। ਮੈਨੂੰ ਇਹ ਪਤਾ ਲੱਗ ਗਿਆ ਹੈ ਕਿ ਕਿਸੇ ਮਨੁੱਖ ਦੀ ਕੋਈ ਔਕਾਤ ਨਹੀਂ ਹੈ, ਇਹ ਜਿੰਨੀ ਜਲਦੀ ਪਤਾ ਲੱਗ ਜਾਵੇ, ਸੌਦਾ ਓਨਾ ਹੀ ਸਸਤਾ ਹੋ ਜਾਵੇਗਾ। ਜੋ ਸੱਤਾ ਦੇ ਵੱਡੇ ਸਿੰਘਾਸਨ ’ਤੇ ਬੈਠੇ ਹਨ ਜਾਂ ਰੋਟੀ ਦੇ ਚੰਦ ਟੁਕੜਿਆਂ ਲਈ ਹੱਥ ਫੈਲਾਉਂਦੇ ਹੋਏ ਮਨੁੱਖ, ਅਮੀਰ ਹੋਵੇ ਜਾਂ ਗ਼ਰੀਬ ਹੋਵੇ, ਰਾਜਾ ਹੋਵੇ ਜਾਂ ਰੰਕ, ਜਾਣਾ ਸਭ ਨੇ ਹੈ। ਸੋ ਮਨੁੱਖ ਜੇ ਇਹ ਸਭ ਛੇਤੀ ਸਮਝ ਜਾਵੇ, ਤਾਂ ਜੀਵਨ ਸੌਖਾ ਲੰਘ ਜਾਂਦਾ ਹੈ।

ਉਮਰ ਖੱਯਾਮ ਨੇ ਕਿਹਾ ਸੀ, ‘ਜਿਸ ਦਿਨ ਮੁਝੇ ਯਹ ਅਹਿਸਾਸ ਹੂਆ ਕਿ ਫਰਸ਼ ਪਰ ਸੋਨੇ ਵਾਲੋਂ ਕੇ ਸਪਨੇ ਮਖਮਲ ਪੇ ਸੋਨੇ ਵਾਲੋਂ ਕੇ ਸਪਨੋਂ ਸੇ ਖਰਾਬ ਹੋਤੇ ਹੈਂ, ਉਸੀ ਦਿਨ ਮੇਰਾ ਪਰਮਾਤਮਾ ਮੇਂ ਵਿਸ਼ਵਾਸ ਹੋ ਗਿਆ।’ ਇਹ ਜ਼ਰੂਰੀ ਨਹੀਂ ਕਿ ਮਖਮਲ ਦੇ ਗੱਦਿਆਂ ਵਾਲਿਆਂ ਦੇ ਸੁਪਨੇ ਮਿੱਠੇ ਹੋਣ। ਇਹ ਵੀ ਜ਼ਰੂਰੀ ਨਹੀਂ ਕਿ ਪੱਥਰਾਂ ’ਤੇ ਸੌਣ ਵਾਲਿਆਂ ਦੇ ਸੁਪਨੇ ਖ਼ਰਾਬ ਹੋਣ। ਬਾਕੀ ਸਭ ਕੁਝ ਨਹੀਂ। ਬਸ ਦੋ ਪੈਸੇ ਕਮਾਉਣੇ ਹਨ।

-ਤੁਹਾਡਾ ਕਲਾਕਾਰ ਬਣਨ ਦਾ ਕੋਈ ਸ਼ੌਕ ਨਹੀਂ ਸੀ, ਫਿਰ ਤੁਸੀਂ ਇਸ ਪੇਸ਼ੇ ਵਿੱਚ ਕਿਸ ਤਰ੍ਹਾਂ ਸਫਲ ਹੋ ਗਏ?

-ਮੈਨੂੰ ਕਲਾਕਾਰ ਬਣਨ ਦਾ ਕੋਈ ਸ਼ੌਕ ਨਹੀਂ ਸੀ, ਮੇਰਾ ਸ਼ੌਕ ਤਾਂ ਆਈਏਐੱਸ ਬਣ ਕੇ ਦੇਸ਼ ਦੀ ਸੇਵਾ ਕਰਨਾ ਸੀ, ਪਰ ਮੇਰੇ ਸੁਫਨੇ ਟੁੱਟ ਗਏ ਕਿਉਂਕਿ ਮੈਂ ਪੜ੍ਹ ਨਹੀਂ ਸਕਿਆ। ਪੜ੍ਹ ਇਸ ਲਈ ਨਹੀਂ ਸਕਿਆ ਕਿਉਂਕਿ ਮੇਰੇ ਮਾਂ-ਬਾਪ ਗ਼ਰੀਬ ਸਨ। ਮੈਂ ਪੜ੍ਹਨ ਵਿੱਚ ਤਾਂ ਚੰਗਾ ਸੀ, ਪਰ ਮੈਂ ਅੱਗੇ ਕੁਝ ਨਹੀਂ ਕਰ ਸਕਿਆ। ਅਦਾਕਾਰੀ ਤੇ ਸੰਗੀਤ ਮੇਰਾ ਜਨੂੰਨ ਨਹੀਂ ਸਨ, ਪਰ ਇਹ ਮੇਰਾ ਪੇਸ਼ਾ ਜ਼ਰੂਰ ਹਨ।

-ਕੀ ਤੁਸੀਂ ਕਦੇ ਸੋਚਿਆ ਸੀ ਕਿ ਇਹ ਸੁਫਨਾ ਟੁੱਟਣ ਤੋਂ ਬਾਅਦ ਹੀ ਇੱਕ ਅਜਿਹਾ ਕਲਾਕਾਰ ਸਾਹਮਣੇ ਆਵੇਗਾ ਜੋ ਰੇਡੀਓ ਦਾ ਬਾਦਸ਼ਾਹ ਹੋ ਸਕਦਾ ਹੈ। ਬਹੁਪੱਖੀ ਸ਼ਖ਼ਸੀਅਤ ਵੀ ਹੋ ਸਕਦਾ ਹੈ। ਤੁਸੀਂ ਇਸ ਤੋਂ ਸਤੁੰਸ਼ਟ ਹੋ?

-ਮੇਰੀ ਕਿਸਮਤ ਨੂੰ ਇਹ ਮਨਜ਼ੂਰ ਸੀ, ਕਿਸਮਤ ਹੀ ਸਭ ਕੁਝ ਤੈਅ ਕਰਦੀ ਹੈ। ਤੁਹਾਡੇ ਸਾਰੇ ਕਰਮ ਵੀ ਉਸ ਕਿਸਮਤ ਨਾਲ ਹੀ ਜੁੜੇ ਹੁੰਦੇ ਹਨ। ਮੈਂ ਜਿਸ ਜਗ੍ਹਾ ਹਾਂ, ਪੂਰੀ ਈਮਾਨਦਾਰੀ ਨਾਲ ਕੰਮ ਕਰਦਾ ਹਾਂ, ਇਸ ਲਈ ਜ਼ਰੂਰੀ ਨਹੀਂ ਕਿ ਮੇਰੀ ਆਤਮਾ ਵੀ ਸੰਤੁਸ਼ਟ ਹੋਵੇ। ਸੰਗੀਤ ਇੱਕ ਅਜਿਹੀ ਚੀਜ਼ ਹੈ ਜੋ ਮੇਰੀ ਰੂਹ ਨੂੰ ਸਕੂਨ ਦਿੰਦਾ ਹੈ, ਪਰ ਇਹ ਮੇਰੇ ਲਈ ਮਨੋਰੰਜਨ ਦਾ ਸਾਧਨ ਨਹੀਂ ਹੈ। ਮੈਂ ਆਪਣੀ ਵਸੀਅਤ ਵਿੱਚ ਲਿਖਿਆ ਹੈ ਕਿ ਜਦੋਂ ਮੇਰੇ ਆਖਰੀ ਸਫ਼ਰ ’ਤੇ ਮੇਰਾ ਪਰਿਵਾਰ ਮੈਨੂੰ ਲੈ ਕੇ ਚੱਲੇਗਾ ਤਾਂ ਕਿਹੜਾ ਸੰਗੀਤ ਵਜਾਉਣਾ ਹੈ। ਮੈਂ ਇਹ ਸਭ ਤੈਅ ਕੀਤਾ ਹੈ। ਮੈਨੂੰ ਕਿਹਾ ਗਿਆ ਕਿ ਤੁਸੀਂ ਚੰਗਾ ਗਾ ਲੈਂਦੇ ਹੋ, ਫਿਰ ਤੁਸੀਂ ਸੰਗੀਤ ਦਾ ਖੇਤਰ ਕਿਉਂ ਨਹੀਂ ਅਪਣਾਇਆ। ਮੈਂ ਕਿਹਾ ਜਦੋਂ ਤੁਸੀਂ ਲਤਾ ਮੰਗੇਸ਼ਕਰ, ਮੰਨਾ ਡੇਅ ਅਤੇ ਮੁਹੰਮਦ ਰਫੀ ਨੂੰ ਸੁਣਿਆ ਹੋਵੇ। ਕਿਸ਼ੋਰ ਕੁਮਾਰ, ਹੇਮੰਤ ਕੁਮਾਰ, ਆਸ਼ਾ ਭੌਸਲੇ ਆਪਣੀ ਮਧੁਰ ਆਵਾਜ਼ ਨਾਲ ਸਰੋਤਿਆਂ ਦੇ ਕੰਨਾਂ ਵਿੱਚ ਰਸ ਘੋਲਦੇ ਹੋਣ ਤਾਂ ਫਿਰ ਮੈਂ ਆਪਣਾ ਆਪ ਕਿਉਂ ਅਜ਼ਮਾਵਾਂ, ਪਰ ਸ਼ੋਅ ਕਰਦੇ ਸਮੇਂ ਮੈਨੂੰ ਮਜਬੂਰੀ ਵਿੱਚ ਗਾਉਣਾ ਪੈਂਦਾ ਹੈ ਤਾਂ ਮੈਂ ਰੂਹ ਤੋਂ ਗਾਉਂਦਾ ਹਾਂ।

-ਤੁਸੀਂ ਕਦੇ ਸਰਜਨ ਵੀ ਬਣਨਾ ਚਾਹੁੰਦੇ ਸੀ?

-ਘਰ ਦੀ ਸਥਿਤੀ ਅਜਿਹੀ ਸੀ ਕਿ ਪਿਤਾ ਜੀ ਦੀ ਨਾਟਕ ਮੰਡਲੀ ਸੀ, ਉਸ ਸਮੇਂ ਨਾਟਕ ਮੰਡਲੀ ਵਾਲਿਆਂ, ਨੌਟੰਕੀ ਵਾਲਿਆਂ ਨੂੰ ਲੋਕ ਚੰਗੀ ਨਜ਼ਰ ਨਾਲ ਨਹੀਂ ਦੇਖਦੇ ਸਨ। ਇਸ ਲਈ ਮੇਰੇ ਮਾਤਾ ਜੀ ਦੀ ਇਹੀ ਕੋਸ਼ਿਸ਼ ਸੀ ਕਿ ਉਨ੍ਹਾਂ ਦੇ ਸਾਰੇ ਬੱਚੇ ਚੰਗੀਆਂ ਨੌਕਰੀਆਂ ਕਰਨ। ਇਸ ਵਜ੍ਹਾ ਨਾਲ ਇਹ ਵੀ ਮੇਰਾ ਸੁਫ਼ਨਾ ਸੀ। ਅਸੀਂ ਆਪਣੇ ਸਮੇਂ ਦੀਆਂ ਸਮਾਜਿਕ, ਰਾਜਨੀਤਕ ਅਤੇ ਆਰਥਿਕ ਸਥਿਤੀਆਂ ਦੇ ਉਤਪਾਦ ਹਾਂ।

-ਤੁਹਾਡੇ ਦਾਦਾ ਜੀ ਫੌਜ ਵਿੱਚ ਸਨ। ਉਹ ਇੰਨੇ ਚੰਗੇ ਅਹੁਦੇ ’ਤੇ ਰਹੇ, ਫਿਰ ਵੀ ਤੁਹਾਡੇ ਮਾਪਿਆਂ ਦੀ ਆਰਥਿਕ ਸਥਿਤੀ ਚੰਗੀ ਕਿਉਂ ਨਹੀਂ ਸੀ?

-ਪਹਿਲੀ ਗੱਲ ਕਿ ਦਾਦਾ ਜੀ ਦੀ ਮੌਤ ਬਹੁਤ ਜਲਦੀ ਹੋ ਗਈ। ਮੇਰੇ ਦਾਦੀ ਜੀ ਨੇ ਸਾਰੇ ਬੱਚਿਆਂ ਨੂੰ ਪਾਲਿਆ। ਸਾਡੀ ਆਰਥਿਕ ਸਥਿਤੀ ਉਦੋਂ ਤੱਕ ਠੀਕ ਸੀ, ਪਰ ਪਿਤਾ ਜੀ ਨੂੰ ਵਕਾਲਤ ਦੀ ਪੜ੍ਹਾਈ ਕਰਨ ਤੋਂ ਬਾਅਦ ਇੱਕ ਬੰਦਾ ਮਿਲਿਆ ਤਾਂ ਉਨ੍ਹਾਂ ਦੇ ਪ੍ਰਭਾਵ ਨਾਲ ਉਹ ਨਾਟਕ ਮੰਡਲੀ ਨਾਲ ਜੁੜ ਗਏ। ਅਸੀਂ ਬਹੁਤ ਗ਼ਰੀਬੀ ਦਾ ਸਾਹਮਣਾ ਕੀਤਾ ਹੈ, ਪਰ ਸਾਡੇ ਮਾਤਾ ਜੀ ਨੇ ਸਾਨੂੰ ਹਮੇਸ਼ਾਂ ਗ਼ਲਤ ਰਸਤਿਆਂ ’ਤੇ ਤੁਰਨ ਤੋਂ ਵਰਜਿਆ ਹੈ। ਅਜਿਹੀਆਂ ਕਦਰਾਂ ਕੀਮਤਾਂ ਦੇਣ ਲਈ ਮੈਂ ਆਪਣੇ ਮਾਪਿਆਂ ਦਾ ਬਹੁਤ ਧੰਨਵਾਦੀ ਹਾਂ। ਜਦੋਂ ਪਿਤਾ ਜੀ ਦੀ ਮੌਤ ਹੋਈ ਤਾਂ ਉਹ ਪਿੱਛੇ ਕੁਝ ਵੀ ਛੱਡ ਕੇ ਨਹੀਂ ਗਏ ਕਿਉਂਕਿ ਉਨ੍ਹਾਂ ਨੇ ਕੁਝ ਜੋੜਿਆ ਹੀ ਨਹੀਂ ਸੀ।

-ਤੁਹਾਡੇ ਆਈਏਐੱਸ ਤੇ ਸਰਜਨ ਬਣਨ ਦੇ ਸੁਫ਼ਨੇ ਟੁੱਟੇ ਤਾਂ ਫਿਰ ਇਹ ਮਹੱਤਵਪੂਰਨ ਮੋੜ ਕਿਵੇਂ ਆਇਆ ਜਦੋਂ ਤੁਸੀਂ ਤੈਅ ਕੀਤਾ ਕਿ ਤੁਸੀਂ ਸੰਗੀਤ ਜਾਂ ਅਦਾਕਾਰੀ ਲਈ ਹੀ ਬਣੇ ਹੋ?

-ਪੜ੍ਹਾਈ ਛੁੱਟ ਗਈ ਤਾਂ ਕਦੇ ਲਾਟਰੀ ਦੀ ਟਿਕਟ ਵੇਚੀ, ਕਦੇ ਚੂਰਨ ਵੇਚਿਆ, ਕਦੇ ਚਾਹ ਵੇਚੀ। ਚਾਹ ਵੇਚਣੀ ਜਾਂ ਹੋਰ ਕੰਮ ਕਰਨੇ ਕੋਈ ਬੁਰੀ ਗੱਲ ਨਹੀਂ ਹੈ। ਮੈਂ ਦੋ ਸਿਆਸਤਦਾਨਾਂ ਦਾ ਬਹੁਤ ਸਤਿਕਾਰ ਕਰਦਾ ਹਾਂ। ਪਹਿਲੇ ਹਨ ਜੌਰਜ ਵਾਸ਼ਿੰਗਟਨ ਅਤੇ ਦੂਜੇ ਹਨ ਅਬਰਾਹਮ ਲਿੰਕਨ। ਲਿੰਕਨ ਦੇ ਪਿਤਾ ਮੋਚੀ ਸਨ, ਉਹ ਰਾਸ਼ਟਰਪਤੀ ਬਣ ਗਏ। ਤਾਂ ਇੱਕ ਸੈਨੇਟਰ ਨੇ ਉਨ੍ਹਾਂ ਨੂੰ ਭਾਸ਼ਣ ਦਿੰਦਿਆਂ ਨੂੰ ਮਜ਼ਾਕ ਕੀਤਾ ਕਿ ਤੁਸੀਂ ਤਾਂ ਮੋਚੀ ਦੇ ਬੇਟੇ ਹੋ, ਕੀ ਵੱਡੀਆਂ-ਵੱਡੀਆਂ ਗੱਲਾਂ ਕਰ ਰਹੇ ਹੋ ਤਾਂ ਉਨ੍ਹਾਂ ਜਵਾਬ ਦਿੱਤਾ, ‘‘ਜਨਾਬ ਮੈਂ ਮੰਨਦਾ ਹਾਂ ਕਿ ਮੈਂ ਮੋਚੀ ਦਾ ਬੇਟਾ ਹਾਂ, ਪਰ ਮੇਰਾ ਦੇਸ਼ ਇੰਨਾ ਮਹਾਨ ਹੈ ਕਿ ਮੋਚੀ ਦਾ ਮੁੰਡਾ ਵੀ ਅਮਰੀਕਾ ਦਾ ਰਾਸ਼ਟਰਪਤੀ ਬਣ ਸਕਦਾ ਹੈ।’’ ਉਨ੍ਹਾਂ ਨੇ ਕਿੰਨੀ ਵੱਡੀ ਗੱਲ ਕਹੀ। ਉਹ ਨੇਤਾ ਨਹੀਂ ਹਨ, ਉਹ ਲੋਕ ਹਨ ਜਿਨ੍ਹਾਂ ’ਤੇ ਲੋਕ ਉਮੀਦਾਂ ਰੱਖਦੇ ਹਨ।

-ਜਦੋਂ ਦੇਸ਼ ਪ੍ਰੇਮ ਦੀ ਗੱਲ ਆਉਂਦੀ ਹੈ ਤਾਂ ਤੁਸੀਂ ਏਨੇ ਭਾਵੁਕ ਹੋ ਜਾਂਦੇ ਹੋ ਕਿ ਤੁਹਾਡੇ ਹੰਝੂ ਤੱਕ ਆ ਜਾਂਦੇ ਹਨ। ਅਜਿਹਾ ਕਿਉਂ?

-ਇਹ ਮੇਰੇ ਮਾਪਿਆਂ ਕਾਰਨ ਹੈ। ਮੇਰੇ ਦਾਦਾ ਜੀ ਕ੍ਰਾਂਤੀਕਾਰੀ ਸਨ, ਮੇਰੇ ਪੜਦਾਦਾ ਜੀ ਕ੍ਰਾਂਤੀਕਾਰੀ ਸਨ। ਮੈਂ ਕਿਸੇ ਰਾਜਨੀਤਕ ਪਾਰਟੀ ਨਾਲ ਸਬੰਧਿਤ ਨਹੀਂ ਹਾਂ। ਮੇਰੇ ਵਰਗਾ ਬੰਦਾ ਅਜਿਹਾ ਕਰ ਵੀ ਨਹੀਂ ਸਕਦਾ। ਰਾਜਨੀਤੀ ਲਈ ਮੇਰੇ ਕੋਲ ਪ੍ਰਤਿਭਾ ਵੀ ਨਹੀਂ ਹੈ, ਪਰ ਦੇਸ਼ ਸਭ ਤੋਂ ਉੱਪਰ ਹੈ। ਰਾਸ਼ਟਰ ਹਿੱਤ ਸਭ ਤੋਂ ਉੱਪਰ ਹੈ। ਅਸੀਂ ਹਿੰਦੁਸਤਾਨੀਆਂ ਨੇ ਇੱਕ ਅਜਿਹੇ ਭ੍ਰਿਸ਼ਟ ਸਮਾਜ ਦਾ ਅਡੰਬਰ ਸਿਰਜ ਦਿੱਤਾ ਹੈ, ਉਸ ਪਿੱਛੇ ਬਹੁਤ ਸਾਰੇ ਸਿਆਸੀ ਕਾਰਨ ਹੋ ਸਕਦੇ ਹਨ। 1100 ਸਾਲ ਵਿੱਚ ਭਾਰਤ ਦੀ ਆਤਮਾ ਦਾ ਨਾਸ਼ ਹੋ ਚੁੱਕਿਆ ਹੈ। ਅਸੀਂ ਸਮੂਹਿਕ ਜ਼ਿੰਮੇਵਾਰੀ ਲੈਣੀ ਬੰਦ ਕਰ ਦਿੱਤੀ ਹੈ। ਇਹ ਹੀ ਸਾਡੀ ਕਮੀ ਹੈ। ਹੋਰ ਕੁਝ ਨਹੀਂ ਹੈ। 140 ਕਰੋੜ ਆਬਾਦੀ ਅੰਦਰ 140 ਕਰੋੜ ਸਮੱਸਿਆਵਾਂ ਹਨ, ਕੋਈ ਵੀ ਤਿਰੰਗੇ ਝੰਡੇ ਦੇ ਹੇਠ ਆ ਕੇ ਸਮਰਪਿਤ ਨਹੀਂ ਹੋਣਾ ਚਾਹੁੰਦਾ। ਇਸ ਲਈ ਦੁਨੀਆ ਦਾ ਕੋਈ ਵੀ ਨੇਤਾ 140 ਕਰੋੜ ਸਮੱਸਿਆਵਾਂ ਨਹੀਂ ਸੁਲਝਾ ਸਕਦਾ, ਤੁਹਾਨੂੰ ਖੁਦ ਹੀ ਸੁਲਝਾਉਣੀਆਂ ਹੋਣਗੀਆਂ। ਖ਼ੁਦ ਜ਼ਿੰਮੇਵਾਰੀ ਲੈਣੀ ਹੋਵਗੀ। ਕਾਨੂੰਨ ਉੱਪਰ ਤੋਂ ਲੈ ਕੇ ਹੇਠ ਤੱਕ ਬਹੁਤ ਸਖ਼ਤ ਹੋਣਾ ਚਾਹੀਦਾ ਹੈ। ਜੋ ਕਾਨੂੰਨ ਬਣਾਉਂਦੇ ਹਨ, ਸਭ ਤੋਂ ਪਹਿਲਾਂ ਉਹ ਹੀ ਤੋੜਦੇ ਹਨ। ਲੋਕਤੰਤਰ ਉਦੋਂ ਹੀ ਸਭ ਤੋਂ ਜ਼ਿਆਦਾ ਖ਼ਤਰੇ ਵਿੱਚ ਹੁੰਦਾ ਹੈ ਕਿ ਜਦੋਂ ਨਿਯਮ ਬਣਾਉਣ ਵਾਲੇ ਹੀ ਨਿਯਮਾਂ ਨੂੰ ਮੰਨਣ ਤੋਂ ਇਨਕਾਰੀ ਹੁੰਦੇ ਹਨ।

-ਤੁਹਾਡੇ ਪਰਿਵਾਰ ਵਿੱਚ ਕਲਾ ਦੇ ਖੇਤਰ ਵਿੱਚ ਹੋਰ ਕੌਣ-ਕੌਣ ਜੁੜਿਆ ਹੋਇਆ ਹੈ?

-ਅਸੀਂ ਸਾਰੇ ਇਸ ਵਿੱਚ ਹੀ ਹਾਂ। ਮੇਰਾ ਸਭ ਤੋਂ ਵੱਡਾ ਭਰਾ ਰਣਜੀਤ ਕਪੂਰ ਹੈ, ਫਿਰ ਮੈਂ ਤੁਹਾਡੇ ਸਾਹਮਣੇ ਬੈਠਾ ਹੀ ਹਾਂ। ਸਾਡੀ ਭੈਣ ਹੈ ਸੀਮਾ ਕਪੂਰ, ਉਸ ਨੇ ਹਾਲ ਹੀ ਵਿੱਚ ਕਿਤਾਬ ਲਿਖੀ ਹੈ ‘ਯੂੰ ਗੁਜ਼ਰੀ ਹੈ ਅਬ ਤਲਕ’। ਉਹ ਖ਼ੁਦ ਨਿਰਮਾਤਾ ਤੇ ਲੇਖਕ ਹੈ, ਬਹੁਤ ਚੰਗਾ ਲਿਖਦੀ ਹੈ। ਛੋਟਾ ਭਰਾ ਨਿਖਿਲ ਕਪੂਰ ਵੀ ਇਸ ਖੇਤਰ ਵਿੱਚ ਹੀ ਹੈ। ਉਹ ਗੀਤਕਾਰ ਹੈ।

-ਕੀ ਤੁਹਾਡੇ ਨਾਂ ਪਿੱਛੇ ਵੀ ਕੋਈ ਕਹਾਣੀ ਹੈ?

-ਮਾਂ ਨੇ ਮੇਰਾ ਨਾਂ ਅਨਿਲ ਰੱਖਿਆ ਸੀ। 1982 ਵਿੱਚ ਮੈਂ ਮੁੰਬਈ ਆਇਆ ਤਾਂ ਅਨਿਲ ਕਪੂਰ ਹੀਰੋ ਸੀ। ਉਹ ਮੇਰੇ ਤੋਂ ਸੀਨੀਅਰ ਹੈ। ਅਸੀਂ ਦੋਵੇਂ ਸ਼ਬਾਨਾ ਆਜ਼ਮੀ ਦੇ ਘਰ ਬੈਠੇ ਸੀ। ਅਨਿਲ ਕਪੂਰ ਹੀਰੋ ਸੀ, ਇਸ ਲਈ ਉਹ ਆਪਣਾਂ ਨਾਂ ਕਿਵੇਂ ਬਦਲਦਾ। ਮੈਂ ਕਿਹਾ ਮੈਂ ਗ਼ਰੀਬ ਆਦਮੀ ਹਾਂ, ਮੈਂ ਆਪਣਾ ਹੀ ਨਾਂ ਬਦਲ ਲੈਂਦਾ ਹੈ। ਸਾਡੇ ਘਰਾਂ ਵਿੱਚ ਆਮਤੌਰ ’ਤੇ ਅਨਿਲ, ਅਨਵਰ, ਅਖਿਲ ਆਦਿ ਨੂੰ ਲਾਡ ਨਾਲ ਸਾਰੇ ਅਨੂ ਹੀ ਕਹਿ ਦਿੰਦੇ ਹਨ, ਇਸ ਲਈ ਸ਼ਬਾਨਾ ਆਜ਼ਮੀ ਨੇ ਕਿਹਾ ਅਨੂ ਰੱਖ ਲੈਂਦੇ ਹਾਂ। ਉਹ ਮੈਨੂੰ ਪਹਿਲਾਂ ਹੀ ‘ਅਨੂ’ ਕਹਿੰਦੀ ਸੀ। ਇਸ ਲਈ ਮੈਂ ਅਨਿਲ ਕਪੂਰ ਤੋਂ ਅਨੂ ਕਪੂਰ ਹੋ ਗਿਆ।

-ਤੁਸੀਂ ਕਲਾਕਾਰ ਤੇ ਫਿਰ ਫਿਲਮ ਨਿਰਦੇਸ਼ਕ ਕਿਵੇਂ ਬਣੇ, ਇਸ ਬਾਰੇ ਕੁਝ ਦੱਸੋ?

-ਮੇਰੀ ਪਹਿਲੀ ਫਿਲਮ ਸ਼ਯਾਮ ਬੈਨੇਗਲ ਦੀ ‘ਮੰਡੀ’ ਸੀ। ਇਸ ਵਿੱਚ ਮੈਂ ਡਾਕਟਰ ਦਾ ਕਿਰਦਾਰ ਨਿਭਾਇਆ ਸੀ। ਮੈਂ ਗਿਰੀਸ਼ ਕਰਨਾਡ ਨਾਲ ਕੰਮ ਕੀਤਾ। ਰਾਹੁਲ ਰਾਵੇਲ ਨਾਲ ਕੰਮ ਕੀਤਾ। ਰਾਹੁਲ ਰਵੇਲ ਪਹਿਲੇ ਡਾਇਰੈਕਟਰ ਹਨ ਜਿਨ੍ਹਾਂ ਨਾਲ ਮੈਂ ਚਾਰ ਫਿਲਮਾਂ ਕੀਤੀਆਂ। ਪ੍ਰਿਯਾ ਦਰਸ਼ਨ ਨਾਲ ਤਿੰਨ ਫਿਲਮਾਂ ਕੀਤੀਆਂ। ਮੈਨੂੰ ਪਹਿਲੀ ਵਾਰ ਜਯਾ ਬੱਚਨ ਨੇ ਫਿਲਮ ਬਣਾਉਣ ਦਾ ਮੌਕਾ ਦਿੱਤਾ। ਉਨ੍ਹਾਂ ਨੂੰ ਮੈਂ ਵੱਡੀ ਭੈਣ ਮੰਨਦਾ ਹਾਂ। ਮੈਂ ‘ਅਭੈ’ ਨਾਂ ਦੀ ਫਿਲਮ ਬਣਾਈ। ਮੇਰੀ ਭੈਣ ਨੇ ਮੈਨੂੰ ਕਹਾਣੀ ਸੁਣਾਈ। ਆਸਕਰ ਵਾਈਲਡ ਦੀ ਕਹਾਣੀ ਹੈ ‘ਦਿ ਕੈਂਟਰਵਿਲ ਘੋਸਟ’ ਜਿਸ ’ਤੇ ਮੈਂ ਫਿਲਮ ਦਾ ਨਿਰਦੇਸ਼ਨ ਕੀਤਾ। ਇਸ ਵਿੱਚ ਮੈਂ ਇਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਦਇਆ ਨਾਲ ਹੀ ਵਿਅਕਤੀ ਭੈਅ ਤੋਂ ਮੁਕਤ ਹੋ ਸਕਦਾ ਹੈ। ਜੋ ਵਿਅਕਤੀ ਆਪਣੀ ਅਸਲੀਅਤ ਨੂੰ ਸਵੀਕਾਰ ਕਰ ਲੈਂਦਾ ਹੈ, ਉਹ ਹੀ ਭੈਅ ਮੁਕਤ ਹੋ ਸਕਦਾ ਹੈ। ਇਸ ਲਈ ਇਸ ਦਾ ਨਾਂ ‘ਅਭੈ’ ਰੱਖਿਆ। ਇਸ ਫਿਲਮ ਨੂੰ ਰਾਸ਼ਟਰੀ ਪੁਰਸਕਾਰ ਵੀ ਮਿਲਿਆ। ਇਹ ਫਿਲਮ ਬੱਚਿਆਂ ਲਈ ਸੀ।

-ਆਪਣੇ ‘ਅੰਤਾਕਸ਼ਰੀ’ ਸ਼ੋਅ ਅਤੇ ਰੇਡੀਓ ਸਫ਼ਰ ਬਾਰੇ ਕੁਝ ਦੱਸੋ?

-ਟੀਵੀ ’ਤੇ ‘ਅੰਤਾਕਸ਼ਰੀ’ 1993 ਵਿੱਚ ਆਈ ਸੀ। ‘ਅੰਤਾਕਸ਼ਰੀ’ ਦਾ ਮੇਰੇ ਜੀਵਨ ਵਿੱਚ ਬਹੁਤ ਵੱਡਾ ਰੋਲ ਹੈ। ਇਸ ਨੇ ਮੇਰੀ ਹਰ ਪੱਖੋਂ ਕਾਇਆ ਹੀ ਪਲਟ ਦਿੱਤੀ। ਰੇਡੀਓ ਪ੍ਰੋਗਰਾਮ ‘ਸੁਹਾਨਾ ਸਫ਼ਰ’ 2013 ਵਿੱਚ ਸ਼ੁਰੂ ਕੀਤਾ ਸੀ ਜੋ ਅੱਜ ਵੀ ਚੱਲ ਰਿਹਾ ਹੈ। ਇਸ ਵਿੱਚ ਮੈਂ ਕਹਾਣੀ ਸਣਾਉਂਦਾ ਹਾਂ। ਮੇਰੇ ਇਸ ਸ਼ੋਅ ਨੂੰ 12 ਸਾਲ ਵਿੱਚ ਲਗਭਗ 25 ਐਵਾਰਡ ਮਿਲ ਚੁੱਕੇ ਹਨ।

-ਤੁਸੀਂ ਬਹੁਪੱਖੀ ਕਲਾਕਾਰ ਹੋ, ਪਰ ਤੁਸੀਂ ਕਿਸ ਵਿੱਚ ਖ਼ੁਦ ਨੂੰ ਬਿਹਤਰੀਨ ਮੰਨਦੇ ਹੋ?

-ਕਲਾ ਅਥਾਹ ਸਾਗਰ ਹੈ, ਮੈਂ ਕਿਸੇ ਵਿੱਚ ਵੀ ਬਿਹਤਰੀਨ ਨਹੀਂ ਹਾਂ। ਮੈਂ ਕੋਸ਼ਿਸ਼ ਕਰਦਾ ਹਾਂ ਵਧੀਆ ਕਰਨ ਦੀ। ਉਂਜ ਬਿਹਤਰੀਨ ਕੁਝ ਵੀ ਨਹੀਂ ਹੁੰਦਾ। ਜਦੋਂ ਕੋਈ ਫਿਲਮਾਂ ਵਾਲਾ ਕਹਿੰਦਾ ਹੈ ਕਿ ਮੈਂ ‘ਸ਼ਾਹਕਾਰ’ ਬਣਾਇਆ ਹੈ ਤਾਂ ਉਸ ਨੇ ਉਹੀ ਸਭ ਤੋਂ ਬੇਕਾਰ ਬਣਾਇਆ ਹੁੰਦਾ ਹੈ। ਇਸ ਲਈ ਆਪਣਾ ਹਰ ਕੰਮ ਬਿਹਤਰੀਨ ਦੇ ਚੱਕਰ ਤੋਂ ਦੂਰ ਹੋ ਕੇ ਇਮਾਨਦਾਰੀ ਨਾਲ ਕਰੋ।

-ਅੱਜ ਦੀ ਪੀੜ੍ਹੀ ਦੇ ਨਵੇਂ ਅਦਾਕਾਰਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ?

-ਮੁੰਬਈ ਆਉਣ ਲਈ ਕਿਸੇ ਡਿਗਰੀ ਦੀ ਜ਼ਰੂਰਤ ਨਹੀਂ ਹੈ, ਇਸ ਲਈ ਸਿਰਫ਼ ਪ੍ਰਤਿਭਾ ਦੀ ਜ਼ਰੂਰਤ ਹੈ। ਇਸ ਲਈ ਸਭ ਤੋਂ ਪਹਿਲਾਂ ਆਪਣੇ ਅੰਦਰ ਝਾਕੋ ਕਿ ਪ੍ਰਤਿਭਾ ਹੈ ਜਾਂ ਨਹੀਂ। ਟੀਵੀ ਜਾਂ ਓਟੀਟੀ ਵਾਂਗ ਐਕਟਿੰਗ ਕਰਨ ਦੀ ਕੋਸ਼ਿਸ਼ ਨਾ ਕਰੋ, ਬਲਕਿ ਰਗਮੰਚ ਨਾਲ ਜੁੜੋ। ਮੁੰਬਈ ਸੈਂਕੜੇ ਲੋਕ ਆਉਂਦੇ ਨੇ, ਪਰ ਮੁਕੱਦਰ ਦਾ ਸਿਕੰਦਰ ਤਾਂ ਕੋਈ ਇੱਕ ਹੀ ਹੋ ਸਕਦਾ ਹੈ। ਸਾਰੀ ਖੇਡ ਤਾਂ ਪ੍ਰਤਿਭਾ ਨਾਲ ਹੀ ਜੁੜੀ ਹੋਈ ਹੈ। ਬਹੁਤ ਕਠਿਨ ਹੈ ਡਗਰ ਪਨਘਟ ਕੀ…ਇਸ ਲਈ ਸੰਘਰਸ਼ ਲਈ ਤਿਆਰ ਰਹੋ। ਕਿਉਂਕਿ ਇੱਥੇ ਆ ਕੇ ਕਈਆਂ ਨੇ 17-17 ਸਾਲ ਤੱਕ ਸੰਘਰਸ਼ ਕੀਤਾ ਹੈ। ਫਿਲਮੀ ਦੁਨੀਆ ਆਸਾਨ ਨਹੀਂ ਹੈ।

ਪੰਜਾਬੀ ਰੂਪ: ਬਲਵਿੰਦਰ ਕੌਰ

Advertisement
×