ਗਾਇਕ Rajvir Jawanda ਦੀ ਮੌਤ ਸਬੰਧੀ ਨਵਾਂ ਖੁਲਾਸਾ; ਇਲਾਜ ਵਿੱਚ ਦੇਰੀ ’ਤੇ ਉੱਠੇ ਸਵਾਲ
ਡਾਕਟਰ ਬੋਲੇ- ‘ਸਾਨੂੰ ਨਹੀਂ ਪਤਾ ਸੀ ਕਿ ਉਹ ਗਾਇਕ ਹੈ’; 27 ਸਤੰਬਰ ਦੀ ਸਵੇਰ ਨੂੰ ਪਿੰਜੌਰ-ਬੱਦੀ ਹਾਈਵੇਅ 'ਤੇ ਸੈਕਟਰ-30 ਟੀ ਪੁਆਇੰਟ ਨੇੜੇ ਹੋਇਆ ਸੀ ਹਾਦਸਾ
ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ Rajvir Jawanda ਦੀ ਸੜਕ ਹਾਦਸੇ ਵਿੱਚ ਹੋਈ ਮੌਤ ਨੂੰ ਲੈ ਕੇ ਨਵਾਂ ਖੁਲਾਸਾ ਸਾਹਮਣੇ ਆਇਆ ਹੈ। ਹੁਣ ਇਹ ਸਾਹਮਣੇ ਆਇਆ ਹੈ ਕਿ ਹਾਦਸਾ ਹਿਮਾਚਲ ਪ੍ਰਦੇਸ਼ ਦੇ ਬੱਦੀ ਵਿੱਚ ਨਹੀਂ, ਸਗੋਂ ਪਿੰਜੌਰ-ਬੱਦੀ ਹਾਈਵੇਅ ’ਤੇ ਸੈਕਟਰ-30 ਟੀ ਪੁਆਇੰਟ ਨੇੜੇ ਹੋਇਆ ਸੀ। ਜਵੰਦਾ ਦੇ ਮੋਟਰਸਾਈਕਲ ਅੱਗੇ ਅਚਾਨਕ ਆਵਾਰਾ ਪਸ਼ੂ (ਗਊਵੰਸ਼) ਆ ਗਿਆ, ਜਿਸ ਕਾਰਨ ਉਹ ਬੇਕਾਬੂ ਹੋ ਕੇ ਡਿੱਗ ਗਿਆ ਅਤੇ ਉਹ ਗੰਭੀਰ ਜ਼ਖਮੀ ਹੋ ਗਿਆ।
ਇਲਾਜ ਵਿੱਚ ਦੇਰੀ ਬਣੀ ਜਾਨਲੇਵਾ
ਇਹ ਹਾਦਸਾ 27 ਸਤੰਬਰ ਦੀ ਸਵੇਰ ਨੂੰ ਹੋਇਆ ਸੀ। ਗੰਭੀਰ ਜ਼ਖਮੀ ਜਵੰਦਾ ਨੂੰ ਉਨ੍ਹਾਂ ਦੇ ਸਾਥੀਆਂ ਨੇ ਤੁਰੰਤ ਜੇ.ਐਨ. ਸ਼ੌਰੀ ਮਲਟੀਸਪੈਸ਼ਲਿਟੀ ਹਸਪਤਾਲ, ਪਿੰਜੌਰ ਵਿਖੇ ਦਾਖਲ ਕਰਵਾਇਆ।
ਪਰ ਕਥਿਤ ਤੌਰ ’ਤੇ ਦੋਸ਼ ਹੈ ਕਿ ਨਿੱਜੀ ਹਸਪਤਾਲ ਨੇ ਇਲਾਜ ਕਰਨ ਤੋਂ ਮਨ੍ਹਾ ਕਰ ਦਿੱਤਾ ਅਤੇ ਸਿਰਫ਼ ਮੁੱਢਲੀ ਸਹਾਇਤਾ (ਪ੍ਰਾਇਮਰੀ ਟ੍ਰੀਟਮੈਂਟ) ਦੇ ਕੇ ਉਨ੍ਹਾਂ ਨੂੰ ਪੰਚਕੂਲਾ ਸੈਕਟਰ-6 ਸਿਵਲ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ। ਉੱਥੋਂ ਉਨ੍ਹਾਂ ਨੂੰ ਅੱਗੇ ਮੋਹਾਲੀ ਦੇ ਫੋਰਟਿਸ ਹਸਪਤਾਲ ਲਿਜਾਇਆ ਗਿਆ, ਜਿੱਥੇ ਲਗਪਗ 11 ਦਿਨਾਂ ਤੱਕ ਵੈਂਟੀਲੇਟਰ 'ਤੇ ਰਹਿਣ ਤੋਂ ਬਾਅਦ 8 ਅਕਤੂਬਰ ਨੂੰ Rajvir Jawanda ਦੀ ਮੌਤ ਹੋ ਗਈ।
ਸਥਾਨਕ ਲੋਕਾਂ ਅਤੇ ਮਨੁੱਖੀ ਅਧਿਕਾਰ ਸੰਗਠਨਾਂ ਦਾ ਕਹਿਣਾ ਹੈ ਕਿ ਜੇ Rajvir Jawanda ਨੂੰ ਸਮੇਂ ’ਤੇ ਸਹੀ ਇਲਾਜ ਮਿਲ ਜਾਂਦਾ, ਤਾਂ ਸ਼ਾਇਦ ਉਨ੍ਹਾਂ ਦੀ ਜਾਨ ਬਚਾਈ ਜਾ ਸਕਦੀ ਸੀ।
ਡਾਕਟਰਾਂ ਨੇ ਸਫਾਈ ਦਿੱਤੀ: “ਮਰੀਜ਼ ਬੇਹੋਸ਼ ਸੀ, ਬਾਹਰੀ ਸੱਟ ਨਹੀਂ ਦਿਖਾਈ ਦਿੱਤੀ”
ਜੇ.ਐਨ. ਸ਼ੌਰੀ ਹਸਪਤਾਲ ਦੇ ਡਾਕਟਰ ਵਿਮਲ ਸ਼ੌਰੀ ਅਤੇ ਮੋਹਿਤ ਸ਼ੌਰੀ ਨੇ ਦੱਸਿਆ ਕਿ ਰਾਜਵੀਰ ਨਾਂ ਦੇ ਇੱਕ ਬੇਹੋਸ਼ ਮਰੀਜ਼ ਨੂੰ ਦੋ ਸਾਥੀ ਸਵੇਰੇ ਲਗਪਗ 9 ਵਜੇ ਹਸਪਤਾਲ ਲੈ ਕੇ ਆਏ ਸਨ। ਡਾ. ਮੋਹਿਤ ਨੇ ਦੱਸਿਆ, “ਮਰੀਜ਼ ਦੇ ਸਰੀਰ 'ਤੇ ਕੋਈ ਬਾਹਰੀ ਸੱਟ ਨਹੀਂ ਸੀ। ਅਸੀਂ ਤੁਰੰਤ ਇੰਜੈਕਸ਼ਨ ਅਤੇ ਦਵਾਈਆਂ ਦੇ ਕੇ ਲਗਪਗ 15–20 ਮਿੰਟ ਤੱਕ ਹੋਸ਼ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ। ਸਾਨੂੰ ਲੱਗਾ ਕਿ ਮਰੀਜ਼ ਨੂੰ ਵੱਡੇ ਹਸਪਤਾਲ ਵਿੱਚ ਇਲਾਜ ਮਿਲਣਾ ਚਾਹੀਦਾ ਹੈ, ਇਸ ਲਈ ਅਸੀਂ ਰੈਫ਼ਰ ਕਰ ਦਿੱਤਾ।”
ਡਾਕਟਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਉਸ ਸਮੇਂ ਇਹ ਨਹੀਂ ਪਤਾ ਸੀ ਕਿ ਜ਼ਖਮੀ ਵਿਅਕਤੀ ਮਸ਼ਹੂਰ ਪੰਜਾਬੀ ਗਾਇਕ Rajvir Jawanda ਹਨ। ਡਾਕਟਰ ਮੋਹਿਤ ਨੇ ਕਿਹਾ, “ਟੀਵੀ 'ਤੇ ਖ਼ਬਰਾਂ ਚੱਲਣ ਤੋਂ ਬਾਅਦ ਹੀ ਸਾਨੂੰ ਉਨ੍ਹਾਂ ਦੀ ਪਛਾਣ ਦਾ ਪਤਾ ਲੱਗਾ।” ਹਸਪਤਾਲ ਨੇ ਸੀਸੀਟੀਵੀ ਫੁਟੇਜ ਵੀ ਜਾਰੀ ਕੀਤੀ ਹੈ, ਜਿਸ ਵਿੱਚ ਜ਼ਖਮੀ ਵਿਅਕਤੀ ਨੂੰ ਹਸਪਤਾਲ ਲਿਆਉਂਦੇ ਹੋਏ ਕੁਝ ਲੋਕ ਦਿਖਾਈ ਦੇ ਰਹੇ ਹਨ।
ਪ੍ਰਤੱਖਦਰਸ਼ੀਆਂ ਨੇ ਦੱਸਿਆ ਕਿ ਦੋ ਸਾਨ੍ਹਾਂ ਦੀ ਲੜਾਈ ਕਾਰਨ ਹੋਇਆ ਹਾਦਸਾ
ਸਥਾਨਕ ਦੁਕਾਨਦਾਰਾਂ ਅਨੁਸਾਰ ਹਾਦਸੇ ਦੇ ਸਮੇਂ ਸੜਕ 'ਤੇ ਦੋ ਸਾਨ੍ਹ ਆਪਸ ਵਿੱਚ ਲੜ ਰਹੇ ਸਨ, ਜੋ ਅਚਾਨਕ ਰਾਜਵੀਰ ਦੇ ਮੋਟਰਸਾਈਕਲ ਸਾਹਮਣੇ ਆ ਗਏ। ਇੱਕ ਪ੍ਰਤੱਖਦਰਸ਼ੀ ਨੇ ਦੱਸਿਆ, “ਮੋਟਰਸਾਈਕਲ ਬੇਕਾਬੂ ਹੋ ਗਿਆ ਅਤੇ ਸਵਾਰ ਸੜਕ 'ਤੇ ਜਾ ਡਿੱਗਿਆ।’’
ਪੁਲਿਸ ਜਾਂਚ ਜਾਰੀ
ਪਿੰਜੌਰ ਥਾਣਾ ਇੰਚਾਰਜ ਬੱਚੂ ਸਿੰਘ ਨੇ ਦੱਸਿਆ ਕਿ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲੀਸ ਇਸ ਗੱਲ ਦੀ ਵੀ ਪੜਤਾਲ ਕਰ ਰਹੀ ਹੈ ਕਿ ਹਾਦਸੇ ਤੋਂ ਬਾਅਦ ਮੁੱਢਲੀ ਸਹਾਇਤਾ ਵਿੱਚ ਕੋਈ ਲਾਪਰਵਾਹੀ ਜਾਂ ਦੇਰੀ ਤਾਂ ਨਹੀਂ ਹੋਈ।