ਧਰਮਪਾਲ
ਭਾਰਤੀ ਟੈਲੀਵਿਜ਼ਨ ਜ਼ਿਆਦਾਤਰ ਘਰਾਂ ਵਿੱਚ ਮਨੋਰੰਜਨ ਦਾ ਇੱਕ ਮਹੱਤਵਪੂਰਨ ਸਰੋਤ ਰਿਹਾ ਹੈ ਅਤੇ ਇਸ ਨੇ ਬਹੁਤ ਸਾਰੇ ਅਜਿਹੇ ਦਿਲਚਸਪ ਅਤੇ ਅਨੰਦਮਈ ਕਿਰਦਾਰ ਪੇਸ਼ ਕੀਤੇ ਹਨ ਜਿਨ੍ਹਾਂ ਨੇ ਦਰਸ਼ਕਾਂ ਦੇ ਦਿਲਾਂ ਵਿੱਚ ਇੱਕ ਖਾਸ ਜਗ੍ਹਾ ਬਣਾਈ ਹੈ। ਐਂਡਟੀਵੀ ਦੀ ਘਰੇਲੂ ਕਾਮੇਡੀ ‘ਹੱਪੂ ਕੀ ਉਲਟਨ ਪਲਟਨ’ ਵਿੱਚ ਰਾਜੇਸ਼ ਇੱਕ ਅਜਿਹਾ ਹੀ ਪਿਆਰਾ ਕਿਰਦਾਰ ਹੈ। ਦਰਸ਼ਕ ਜਲਦੀ ਹੀ ਇਸ ਸ਼ੋਅ ਵਿੱਚ ਇੱਕ ਨਵੀਂ ਅਦਾਕਾਰਾ ਨੂੰ ਰਾਜੇਸ਼ ਦਾ ਕਿਰਦਾਰ ਨਿਭਾਉਂਦੇ ਹੋਏ ਦੇਖਣਗੇ। ਇਹ ਕਿਰਦਾਰ ਮਸ਼ਹੂਰ ਟੈਲੀਵਿਜ਼ਨ ਅਦਾਕਾਰਾ ਗੀਤਾਂਜਲੀ ਮਿਸ਼ਰਾ ਨਿਭਾਉਣ ਜਾ ਰਹੀ ਹੈ। ਗੀਤਾਂਜਲੀ ਮਿਸ਼ਰਾ ਆਪਣੀ ਬੇਮਿਸਾਲ ਅਦਾਕਾਰੀ ਅਤੇ ਟੈਲੀਵਿਜ਼ਨ ਸ਼ੋਅ ਅਤੇ ਵੈੱਬ ਸੀਰੀਜ਼ ਵਿੱਚ ਸ਼ਾਨਦਾਰ ਪ੍ਰਦਰਸ਼ਨ ਲਈ ਜਾਣੀ ਜਾਂਦੀ ਹੈ।
ਗੀਤਾਂਜਲੀ ਮਿਸ਼ਰਾ ਨੇ ਰਾਜੇਸ਼ ਦਾ ਕਿਰਦਾਰ ਨਿਭਾਉਣ ਦਾ ਮੌਕਾ ਮਿਲਣ ’ਤੇ ਖੁਸ਼ੀ ਜ਼ਾਹਰ ਕਰਦੇ ਹੋਏ ਕਿਹਾ, ‘‘ਰਾਜੇਸ਼ ਦਾ ਕਿਰਦਾਰ ਨਿਭਾਉਣ ਦਾ ਮੌਕਾ ਮਿਲਣਾ ਬਹੁਤ ਖੁਸ਼ੀ ਦੀ ਗੱਲ ਹੈ। ਇੱਕ ਦਰਸ਼ਕ ਹੋਣ ਦੇ ਨਾਤੇ, ਮੈਨੂੰ ਸ਼ੋਅ ਹਮੇਸ਼ਾਂ ਪਸੰਦ ਆਇਆ ਹੈ ਅਤੇ ਇਸ ਦੇ ਦਿਲਚਸਪ ਕਿਰਦਾਰਾਂ ਅਤੇ ਮਜ਼ਾਕੀਆ ਕਹਾਣੀਆਂ ਨੇ ਸਾਰਿਆਂ ਦਾ ਦਿਲ ਜਿੱਤ ਲਿਆ ਹੈ। ਸ਼ੋਅ ਨੇ ਹਮੇਸ਼ਾਂ ਦਰਸ਼ਕਾਂ ਦਾ ਮਨੋਰੰਜਨ ਕੀਤਾ ਹੈ ਅਤੇ ਉਨ੍ਹਾਂ ਨੂੰ ਮਜ਼ੇਦਾਰ ਅਤੇ ਦਿਲਚਸਪ ਕਹਾਣੀਆਂ ਪੇਸ਼ ਕੀਤੀਆਂ ਹਨ। ਮੈਂ ਆਪਣੇ ਸੁਪਨੇ ਵਿੱਚ ਵੀ ਕਦੇ ਨਹੀਂ ਸੋਚਿਆ ਸੀ ਕਿ ਮੈਂ ਇੱਕ ਅਜਿਹਾ ਕਿਰਦਾਰ ਨਿਭਾਵਾਂਗੀ ਜਿਸ ਨੂੰ ਮੈਂ ਟੈਲੀਵਿਜ਼ਨ ’ਤੇ ਦੇਖਣਾ ਪਸੰਦ ਕਰਦੀ ਹਾਂ। ਮੈਂ ਬਹੁਤ ਖੁਸ਼ ਹਾਂ ਅਤੇ ਇਸ ਤੋਂ ਵੀ ਵੱਧ ਖੁਸ਼ ਹਾਂ ਕਿ ਮੈਨੂੰ ਯੋਗੇਸ਼ ਤ੍ਰਿਪਾਠੀ (ਦਰੋਗਾ ਹੈਪੂ ਸਿੰਘ), ਹਿਮਾਨੀ ਸ਼ਿਵਪੁਰੀ (ਕਟੋਰੀ ਅੰਮਾ) ਅਤੇ ਹੋਰ ਸ਼ਾਨਦਾਰ ਕਲਾਕਾਰਾਂ ਨਾਲ ਸਕਰੀਨ ਸਾਂਝੀ ਕਰਨ ਦਾ ਮੌਕਾ ਮਿਲਿਆ।’’
ਰਾਜੇਸ਼ ਦਾ ਕਿਰਦਾਰ ਨਿਭਾਉਣ ਬਾਰੇ ਗੀਤਾਂਜਲੀ ਨੇ ਕਿਹਾ, “ਇੱਕ ਸਥਾਪਿਤ ਕਿਰਦਾਰ ਨਿਭਾਉਣਾ ਕੋਈ ਆਸਾਨ ਕੰਮ ਨਹੀਂ ਹੈ ਕਿਉਂਕਿ ਦਰਸ਼ਕ ਕਿਰਦਾਰ ਅਤੇ ਕਲਾਕਾਰ ਦੋਵਾਂ ਨਾਲ ਡੂੰਘੇ ਜੁੜੇ ਹੋਏ ਹਨ। ਮੈਂ ਇਸ ਜ਼ਿੰਮੇਵਾਰੀ ਨੂੰ ਆਪਣੇ ਦਿਲ ਦੀਆਂ ਤਹਿਆਂ ਤੋਂ ਨਿਭਾਉਣ ਲਈ ਪੂਰੀ ਤਰ੍ਹਾਂ ਤਿਆਰ ਹਾਂ। ਮੈਨੂੰ ਪੂਰਾ ਯਕੀਨ ਹੈ ਕਿ ਮੈਂ ਇਸ ਕਿਰਦਾਰ ਨੂੰ ਚੰਗੀ ਤਰ੍ਹਾਂ ਨਿਭਾ ਸਕਾਂਗੀ ਕਿਉਂਕਿ ਮੈਂ ਇਸ ਕਿਰਦਾਰ ਦੀ ਬਹੁਤ ਵੱਡੀ ਪ੍ਰਸ਼ੰਸਕ ਰਹੀ ਹਾਂ ਅਤੇ ਸ਼ੋਅ ਨੂੰ ਬਹੁਤ ਨੇੜਿਓਂ ਦੇਖਦੀ ਹਾਂ। ਮੈਂ ਕਿਰਦਾਰ ਦੀਆਂ ਬਾਰੀਕੀਆਂ ਨੂੰ ਫੜਨ ਅਤੇ ਇਸ ਦੀ ਦਿੱਖ ਅਤੇ ਸ਼ੈਲੀ ਨੂੰ ਕਾਇਮ ਰੱਖਦੇ ਹੋਏ ਇਸ ਨੂੰ ਹੋਰ ਦਿਲਚਸਪ ਬਣਾਉਣ ’ਤੇ ਧਿਆਨ ਦੇ ਰਹੀ ਹਾਂ। ਰਾਜੇਸ਼ ਇੱਕ ਮਜ਼ਬੂਤ ਸ਼ਖ਼ਸੀਅਤ ਵਾਲੀ ਜੀਵੰਤ ਅਤੇ ਨਿਡਰ ਔਰਤ ਹੈ। ਉਹ ਆਪਣੇ ਵਿਚਾਰ ਪ੍ਰਗਟ ਕਰਨ ਤੋਂ ਡਰਦੀ ਨਹੀਂ ਹੈ ਅਤੇ ਕਦੇ ਵੀ ਆਪਣੇ ਪਤੀ ਹੱਪੂ ਜਾਂ ਸੱਸ ਕਟੋਰੀ ਅੰਮਾ ਤੋਂ ਆਸਾਨੀ ਨਾਲ ਹਾਰ ਨਹੀਂ ਸਕਦੀ। ਇਸ ਤੋਂ ਇਲਾਵਾ, ਉਹ ਬੌਲੀਵੁੱਡ ਡਰਾਮੇ ਅਤੇ ਮਨੋਰੰਜਨ ਦਾ ਇੱਕ ਛੋਹ ਵੀ ਘਰ ਵਿੱਚ ਲਿਆਉਂਦੀ ਹੈ। ਇਸ ਲਈ ਨਵੀਂ ਰਾਜੇਸ਼ ਨੂੰ ਦੇਖਣ ਲਈ ਤਿਆਰ ਹੋ ਜਾਓ ਜੋ ਜਲਦੀ ਹੀ ਮਨੋਰੰਜਨ, ਗਲੈਮਰ ਅਤੇ ਘਰੇਲੂ ਕਾਮੇਡੀ ਦੀ ਇੱਕ ਵਾਧੂ ਖੁਰਾਕ ਨਾਲ ਤੁਹਾਡੇ ਟੈਲੀਵਿਜ਼ਨ ’ਤੇ ਆ ਰਹੀ ਹੈ। ਮੈਨੂੰ ਯਕੀਨ ਹੈ ਕਿ ਦਰਸ਼ਕ ਮੇਰੇ ਵਾਂਗ ਹੀ ਉਤਸੁਕ ਹੋਣਗੇ ਅਤੇ ਮੇਰੇ ’ਤੇ ਆਪਣਾ ਪਿਆਰ ਦਿਖਾਉਣਗੇ ਕਿਉਂਕਿ ਉਹ ਆਪਣੀ ਨਵੀਂ ਦਬੰਗ ਦੁਲਹਨੀਆ ਦਾ ਖੁੱਲ੍ਹੇ ਦਿਲ ਨਾਲ ਸਵਾਗਤ ਕਰਨਗੇ।’’
‘ਅਜੂਨੀ’ ਅਤੇ ‘ਨਾ ਉਮਰ ਕੀ ਸੀਮਾ ਹੋ’ ਨੇ ਪੂਰਾ ਕੀਤਾ ਇੱਕ ਸਾਲ
ਸਟਾਰ ਭਾਰਤ ਦੇ ਹਰੇਕ ਸ਼ੋਅ ਦੀ ਆਪਣੀ ਵਿਲੱਖਣ ਪਹੁੰਚ ਹੈ ਅਤੇ ਦਰਸ਼ਕਾਂ ਦੁਆਰਾ ਇਸ ਦੀ ਸ਼ਲਾਘਾ ਕੀਤੀ ਜਾਂਦੀ ਹੈ। ਖਾਸ ਗੱਲ ਇਹ ਹੈ ਕਿ ਇਸ ਵਾਰ ‘ਨਾ ਉਮਰ ਕੀ ਸੀਮਾ ਹੋ’ ਅਤੇ ‘ਅਜੂਨੀ’ ਦੇ ਸੈੱਟ ’ਤੇ ਦੁਹਰਾ ਜਸ਼ਨ ਮਨਾਇਆ ਗਿਆ। ਇਨ੍ਹਾਂ ਦੋਵਾਂ ਸ਼ੋਅ’ਜ਼ ਨੇ ਨਾ ਸਿਰਫ਼ ਆਪਣੇ 300 ਐਪੀਸੋਡ ਪੂਰੇ ਕੀਤੇ ਹਨ ਸਗੋਂ ਇਨ੍ਹਾਂ ਨੇ ਇਕੱਠੇ ਇੱਕ ਸਾਲ ਵੀ ਪੂਰਾ ਕਰ ਲਿਆ ਹੈ ਜੋ ਇਨ੍ਹਾਂ ਦੋਵਾਂ ਲਈ ਕਿਸੇ ਪ੍ਰਾਪਤੀ ਤੋਂ ਘੱਟ ਨਹੀਂ ਹੈ। ਸ਼ੋਅ ਦੀਆਂ ਦੋਵੇਂ ਕਹਾਣੀਆਂ ਨੇ ਦਰਸ਼ਕਾਂ ਨੂੰ ਸ਼ੁਰੂ ਤੋਂ ਹੀ ਆਪਣੇ ਵੱਲ ਖਿੱਚੀ ਰੱਖਿਆ ਹੈ।
ਸ਼ੋਅ ‘ਅਜੂਨੀ’ ’ਚ ਸ਼ੋਏਬ ਇਬਰਾਹਿਮ, ਰਾਜਵੀਰ ਅਤੇ ਆਯੂਸ਼ੀ ਖੁਰਾਨਾ ਅਜੂਨੀ ਦੇ ਕਿਰਦਾਰ ’ਚ ਨਜ਼ਰ ਆ ਰਹੇ ਹਨ, ਜਿਨ੍ਹਾਂ ਦੀ ਅਦਾਕਾਰੀ ਨੂੰ ਦਰਸ਼ਕਾਂ ਵੱਲੋਂ ਕਾਫੀ ਸਰਾਹਿਆ ਜਾ ਰਿਹਾ ਹੈ। ਉਹ ਆਪਣੇ ਕਿਰਦਾਰ ਨੂੰ ਬਹੁਤ ਹੀ ਖੂਬਸੂਰਤੀ ਨਾਲ ਪੇਸ਼ ਕਰਕੇ ਦਰਸ਼ਕਾਂ ਦਾ ਮਨ ਮੋਹ ਰਹੇ ਹਨ। ਸ਼ੋਅ ’ਚ ਅਜੂਨੀ ਅਤੇ ਰਾਜਵੀਰ ਵਿਚਾਲੇ ਪਿਆਰ-ਨਫ਼ਰਤ ਰਿਸ਼ਤਿਆਂ ਦੀ ਸ਼ੁਰੂਆਤ ਤੋਂ ਲੈ ਕੇ ਬੱਗਾ ਪਰਿਵਾਰ ਨੂੰ ਮਿਲ ਕੇ ਕਿਸ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਦਰਸ਼ਕਾਂ ਵੱਲੋਂ ਇਸ ਨੂੰ ਖੂਬ ਪਿਆਰ ਮਿਲ ਰਿਹਾ ਹੈ। ਜਦੋਂਕਿ ਸ਼ੋਅ ‘ਨਾ ਉਮਰ ਕੀ ਸੀਮਾ ਹੋ’ ’ਚ ਇਕਬਾਲ ਖਾਨ ਅਤੇ ਰਚਨਾ ਮਿਸਤਰੀ ਮੁੱਖ ਭੂਮਿਕਾਵਾਂ ’ਚ ਹਨ। ਉਨ੍ਹਾਂ ਦੇ ਤਾਲਮੇਲ ਨੇ ਦਰਸ਼ਕਾਂ ਨੂੰ ਜੋੜ ਕੇ ਰੱਖਿਆ ਹੈ। ਸ਼ੋਅ ਦੀ ਸ਼ੁਰੂਆਤ ਤੋਂ ਲੈ ਕੇ ਇਹ ਸ਼ੋਅ ਟੀਆਰਪੀ ਚਾਰਟ ਵਿੱਚ ਸਿਖਰ ’ਤੇ ਹੈ ਅਤੇ ਦਰਸ਼ਕਾਂ ਦਾ ਬਹੁਤ ਮਨੋਰੰਜਨ ਕਰ ਰਿਹਾ ਹੈ।
ਆਪਣੀ ਖੁਸ਼ੀ ਦਾ ਇਜ਼ਹਾਰ ਕਰਦੇ ਹੋਏ ‘ਅਜੂਨੀ’ ਸ਼ੋਅ ਦੀ ਮੁੱਖ ਅਦਾਕਾਰਾ ਆਯੂਸ਼ੀ ਖੁਰਾਣਾ ਕਹਿੰਦੀ ਹੈ, “ਅਜੂਨੀ ਸ਼ੋਅ ਦੀ ਪੂਰੀ ਟੀਮ ਨੇ ਮਿਲ ਕੇ ਇਹ ਮੀਲ ਪੱਥਰ ਹਾਸਲ ਕੀਤਾ ਹੈ ਅਤੇ ਅਸੀਂ ਇੱਕ ਸਾਲ ਪੂਰਾ ਕਰ ਲਿਆ ਹੈ। ਇਹ ਸਭ ਦਰਸ਼ਕਾਂ ਵੱਲੋਂ ਮਿਲ ਰਹੇ ਪਿਆਰ ਸਦਕਾ ਹੀ ਹੋ ਸਕਿਆ ਹੈ। ਮੈਂ ਆਪਣੇ ਪ੍ਰਸ਼ੰਸਕਾਂ ਅਤੇ ਦਰਸ਼ਕਾਂ ਦਾ ਤਹਿ ਦਿਲੋਂ ਧੰਨਵਾਦ ਕਰਨਾ ਚਾਹਾਂਗੀ ਕਿ ਤੁਸੀਂ ਸਾਰਿਆਂ ਨੇ ‘ਅਜੂਨੀ’ ਨੂੰ ਬਹੁਤ ਪਿਆਰ ਦਿੱਤਾ ਹੈ ਅਤੇ ਮੈਂ ਇਸ ਪਿਆਰ ਨੂੰ ਹਰ ਰੋਜ਼ ਵਧਦਾ ਦੇਖ ਸਕਦੀ ਹਾਂ! ਮੈਨੂੰ ਉਮੀਦ ਹੈ ਕਿ ਅਸੀਂ ਦਰਸ਼ਕਾਂ ਦਾ ਮਨੋਰੰਜਨ ਕਰਨਾ ਜਾਰੀ ਰੱਖਾਂਗੇ।’’
ਆਪਣੀ ਸ਼ੂਟਿੰਗ ਦੇ ਪਹਿਲੇ ਦਿਨ ਨੂੰ ਯਾਦ ਕਰਦੇ ਹੋਏ ਉਸ ਨੇ ਕਿਹਾ, ‘‘ਮੈਨੂੰ ਆਪਣਾ ਪਹਿਲਾ ਦਿਨ ਅੱਜ ਵੀ ਯਾਦ ਹੈ ਜਦੋਂ ਮੈਂ ਬਹੁਤ ਘਬਰਾਈ ਹੋਈ ਸੀ ਕਿ ਦਰਸ਼ਕ ਮੈਨੂੰ ਸਵੀਕਾਰ ਕਰਨਗੇ ਜਾਂ ਨਹੀਂ। ਮੇਰੀ ਆਦਤ ਹੈ ਕਿ ਜਦੋਂ ਵੀ ਮੈਂ ਬਹੁਤ ਡਰਦੀ, ਉਦਾਸ ਜਾਂ ਪਰੇਸ਼ਾਨ ਹੁੰਦੀ ਹਾਂ ਜਾਂ ਬਹੁਤ ਖੁਸ਼ ਹੁੰਦੀ ਹਾਂ ਤਾਂ ਮੈਂ ਗੁਰਦੁਆਰੇ ਜਾਂਦੀ ਹਾਂ। ਖਾਸ ਗੱਲ ਇਹ ਹੈ ਕਿ ਇਸ ਸ਼ੋਅ ਦੇ ਪਹਿਲੇ ਦਿਨ ਦੀ ਸ਼ੂਟਿੰਗ ਗੁਰਦੁਆਰੇ ਵਿੱਚ ਹੋਈ ਸੀ ਅਤੇ ਮੈਂ ਬਹੁਤ ਖੁਸ਼ ਸੀ ਕਿ ਵਾਹਿਗੁਰੂ ਨੇ ਮੇਰੇ ਲਈ ਇਹ ਚੁਣਿਆ ਹੈ ਅਤੇ ਮੈਂ ਜੋ ਵੀ ਕਰ ਰਹੀ ਹਾਂ, ਮੈਂ ਸਹੀ ਕਰ ਰਹੀ ਹਾਂ ਅਤੇ ਵਾਹਿਗੁਰੂ ਮੇਰੇ ਨਾਲ ਹਨ।’’
ਸ਼ੋਅ ‘ਨਾ ਉਮਰ ਕੀ ਸੀਮਾ ਹੋ’ ਦੀ ਮੁੱਖ ਅਦਾਕਾਰਾ ਰਚਨਾ ਮਿਸਤਰੀ ਉਰਫ਼ ਵਿਧੀ ਕਹਿੰਦੀ ਹੈ, “ਮੈਂ ਬਹੁਤ ਖੁਸ਼ ਹਾਂ ਕਿ ਅਸੀਂ ਸ਼ੋਅ ਦੇ 300 ਐਪੀਸੋਡਾਂ ਦੇ ਨਾਲ ਇੱਕ ਸਾਲ ਪੂਰਾ ਕਰ ਲਿਆ ਹੈ ਅਤੇ ਦੇਖਦੇ ਹਾਂ ਕਿ ਅਸੀਂ ਇੰਨਾ ਲੰਬਾ ਸਮਾਂ ਬਿਤਾਇਆ ਹੈ। ਮੈਨੂੰ ਇੱਥੇ ਬਹੁਤ ਕੁਝ ਸਿੱਖਣ ਨੂੰ ਮਿਲਿਆ, ਖਾਸ ਕਰਕੇ ਇਕਬਾਲ ਸਰ ਨੇ ਮੈਨੂੰ ਬਹੁਤ ਕੁਝ ਸਿਖਾਇਆ। ਉਨ੍ਹਾਂ ਦੀ ਵਜ੍ਹਾ ਨਾਲ ਮੈਂ ਆਪਣਾ ਕਿਰਦਾਰ ਬਹੁਤ ਆਸਾਨੀ ਨਾਲ ਅਤੇ ਵਧੀਆ ਤਰੀਕੇ ਨਾਲ ਨਿਭਾ ਸਕੀ ਕਿਉਂਕਿ ਉਨ੍ਹਾਂ ਨੇ ਮੈਨੂੰ ਬਹੁਤ ਆਰਾਮਦਾਇਕ ਮਹਿਸੂਸ ਕਰਾਇਆ। ਮੈਨੂੰ ਯਕੀਨ ਹੈ ਕਿ ਦਰਸ਼ਕ ਸਾਡੇ ਸ਼ੋਅ ’ਤੇ ਅਤੇ ਭਵਿੱਖ ’ਚ ਵੀ ਸਾਡੇ ’ਤੇ ਆਪਣਾ ਪਿਆਰ ਵਰਸਾਉਂਦੇ ਰਹਿਣਗੇ।’’
ਸੰਜੇ ਦੱਤ ਤੋਂ ਪ੍ਰੇਰਿਤ ਗੁਲਸ਼ਨ ਦੀ ਦਿੱਖ
ਨੈੱਟਫਲਿਕਸ ਸੀਰੀਜ਼ ‘ਗਨਜ਼ ਐਂਡ ਗੁਲਾਬਜ਼’ ਦਾ ਟਰੇਲਰ ਜਾਰੀ ਹੋ ਗਿਆ ਹੈ। ਇਹ ਸੀਰੀਜ਼ 1990ਵਿਆਂ ਦੇ ਦਹਾਕੇ ਵਿੱਚ ਸੈੱਟ ਕੀਤੀ ਗਈ ਹੈ। ਜੇਕਰ ਤੁਸੀਂ ਇਸ ਵਿੱਚ ਥੋੜ੍ਹੇ ਜਿਹੇ ਲੰਬੇ ਵਾਲਾਂ ਵਾਲੇ ਗੁਲਸ਼ਨ ਦੇਵਈਆ ਦੀ ਇੱਕ ਝਲਕ ਵੇਖਦੇ ਹੋ, ਤਾਂ ਉਹ ਉਸ ਸਮੇਂ ਦੇ ਬੌਲੀਵੁੱਡ ਦੇ ਚੋਟੀ ਦੇ ਅਦਾਕਾਰਾਂ ਵਿੱਚੋਂ ਇੱਕ ਨਾਲ ਬਹੁਤ ਸਮਾਨਤਾ ਰੱਖਦੀ ਹੈ। ਸੂਤਰਾਂ ਮੁਤਾਬਕ, ਗੁਲਸ਼ਨ ਦਾ ਗੈਟਅੱਪ 90 ਦੇ ਦਹਾਕੇ ਦੇ ਸੰਜੇ ਦੱਤ ਦੀ ਦਿੱਖ ਤੋਂ ਬਹੁਤ ਜ਼ਿਆਦਾ ਪ੍ਰੇਰਿਤ ਹੈ।
ਪ੍ਰੋਡਕਸ਼ਨ ਮੁਤਾਬਿਕ, ‘‘ਇਹ ਸੀਰੀਜ਼ 1990ਵਿਆਂ ਦੇ ਦਹਾਕੇ ’ਤੇ ਆਧਾਰਿਤ ਹੈ, ਜਦੋਂ ਸੰਜੇ ਦੱਤ ਦਾ ਸ਼ੁਦਾਅ ਆਪਣੇ ਸਿਖਰ ’ਤੇ ਸੀ ਅਤੇ ਬਹੁਤ ਸਾਰੇ ਲੋਕਾਂ ਨੇ ਇਸ ਨੂੰ ਅਪਣਾਉਣਾ ਸ਼ੁਰੂ ਕਰ ਦਿੱਤਾ ਸੀ। ਟੀਮ ਨੇ ਸੋਚਿਆ ਕਿ ਉਸ ਦਿੱਖ ਨਾਲੋਂ 1990ਵਿਆਂ ਦੇ ਦਹਾਕੇ ਨੂੰ ਹਾਸਲ ਕਰਨ ਦਾ ਕਿਹੜਾ ਵਧੀਆ ਤਰੀਕਾ ਹੈ। ਅਸਲ ’ਚ ਇਹ ਗੁਲਸ਼ਨ ਹੀ ਸੀ ਜਿਸ ਨੇ ਇਹ ਵਿਚਾਰ ਸੁਝਾਇਆ ਸੀ ਅਤੇ ਉਹ ਇਸ ਦਿਖ ਨੂੰ ਪੇਸ਼ ਕਰਨ ਲਈ ਬਹੁਤ ਉਤਸੁਕ ਹੈ। ਉਸ ਨੇ ਇਸ ਨੂੰ ਬਹੁਤ ਕੁਦਰਤੀ ਬਣਾਇਆ ਹੈ।”
‘ਗਨਜ਼ ਐਂਡ ਗੁਲਾਬਜ਼’ ਕਾਮੇਡੀ ਕ੍ਰਾਈਮ ਥ੍ਰਿਲਰ ਹੈ ਜੋ ਰਾਜ ਅਤੇ ਡੀਕੇ ਦੁਆਰਾ ਨਿਰਮਿਤ ਅਤੇ ਨਿਰਦੇਸ਼ਤ ਹੈ। ਇਹ 1990 ਦੇ ਦਹਾਕੇ ਦੇ ਅਪਰਾਧ ਅਤੇ ਹਿੰਸਾ ਦੀ ਦੁਨੀਆ ਵਿੱਚ ਸੈੱਟ ਕੀਤਾ ਗਿਆ ਹੈ। ਰਾਜਕੁਮਾਰ ਰਾਓ, ਦੁਲਕਰ ਸਲਮਾਨ, ਆਦਰਸ਼ ਗੌਰਵ ਅਤੇ ਟੀਜੇ ਭਾਨੂ ਮੁੱਖ ਭੂਮਿਕਾਵਾਂ ਵਿੱਚ ਹਨ।