ਮੇਰੀ ਆਵਾਜ਼ ਹੀ ਪਹਿਚਾਨ ਹੈ...
ਸਾਲ 1977 ਵਿੱਚ ਗੁਲਜ਼ਾਰ ਵੱਲੋਂ ਬਤੌਰ ਗੀਤਕਾਰ ਅਤੇ ਨਿਰਦੇਸ਼ਕ ਬਣਾਈ ਗਈ ਫਿਲਮ ‘ਕਿਨਾਰਾ’ ਦੇ ਗੀਤ ‘ਨਾਮ ਗੁਮ ਜਾਏਗਾ, ਚਿਹਰਾ ਯੇ ਬਦਲ ਜਾਏਗਾ...ਮੇਰੀ ਆਵਾਜ਼ ਹੀ ਪਹਿਚਾਨ ਹੈ ...ਗਰ ਯਾਦ ਰਹੇ’ ਨੂੰ ਲਤਾ ਮੰਗੇਸ਼ਕਰ ਨੇ ਆਪਣੀ ਮਿੱਠੀ ਤੇ ਸੁਰੀਲੀ ਆਵਾਜ਼ ਵਿੱਚ ਗਾ...
ਸਾਲ 1977 ਵਿੱਚ ਗੁਲਜ਼ਾਰ ਵੱਲੋਂ ਬਤੌਰ ਗੀਤਕਾਰ ਅਤੇ ਨਿਰਦੇਸ਼ਕ ਬਣਾਈ ਗਈ ਫਿਲਮ ‘ਕਿਨਾਰਾ’ ਦੇ ਗੀਤ ‘ਨਾਮ ਗੁਮ ਜਾਏਗਾ, ਚਿਹਰਾ ਯੇ ਬਦਲ ਜਾਏਗਾ...ਮੇਰੀ ਆਵਾਜ਼ ਹੀ ਪਹਿਚਾਨ ਹੈ ...ਗਰ ਯਾਦ ਰਹੇ’ ਨੂੰ ਲਤਾ ਮੰਗੇਸ਼ਕਰ ਨੇ ਆਪਣੀ ਮਿੱਠੀ ਤੇ ਸੁਰੀਲੀ ਆਵਾਜ਼ ਵਿੱਚ ਗਾ ਕੇ ਅਮਰ ਕਰ ਦਿੱਤਾ ਸੀ। ਉਸ ਵੱਲੋਂ ਗਾਏ ਇਹ ਬੋਲ ਉਸ ਦੀ ਆਪਣੀ ਆਵਾਜ਼ ਲਈ ਵੀ ਸੱਚ ਸਨ ਕਿਉਂਕਿ ਉਸ ਦੀ ਮਧੁਰ ਆਵਾਜ਼ ਹੀ ਦੁਨੀਆ ਭਰ ਵਿੱਚ ਉਸ ਦੀ ਪਛਾਣ ਸੀ। ਅਨੇਕਾਂ ਕੌਮੀ ਅਤੇ ਕੌਮਾਂਤਰੀ ਇਨਾਮਾਂ ਅਤੇ ਸਨਮਾਨਾਂ ਨਾਲ ਨਿਵਾਜ਼ੀ ਗਈ ਲਤਾ ਮੰਗੇਸ਼ਕਰ ਵਧੀਆ ਫੋਟੋਗ੍ਰਾਫਰ ਅਤੇ ਨੇਕ ਦਿਲ ਔਰਤ ਵੀ ਸੀ।
ਬਹੁਤ ਘੱਟ ਲੋਕ ਜਾਣਦੇ ਹਨ ਕਿ ਲਤਾ ਦਾ ਅਸਲ ਨਾਂ ‘ਹੇਮਾ’ ਸੀ ਤੇ ਉਹ ਰੰਗਮੰਚ ਦੇ ਮਸ਼ਹੂਰ ਕਲਾਕਾਰ ਸ੍ਰੀ ਦੀਨਾ ਨਾਥ ਮੰਗੇਸ਼ਕਰ ਦੇ ਘਰ 28 ਸਤੰਬਰ, 1929 ਨੂੰ ਪੈਦਾ ਹੋਈ ਸੀ। ਉਸ ਦੇ ਪਿਤਾ ਜ਼ਿਆਦਾਤਰ ਸੰਗੀਤਕ ਨਾਟਕ ਕਰਦੇ ਸਨ ਜਿਸ ਕਰਕੇ ਸੰਗੀਤ ਅਤੇ ਸੁਰਾਂ ’ਤੇ ਉਨ੍ਹਾਂ ਦੀ ਖਾਸੀ ਪਕੜ ਸੀ ਤੇ ਆਪਣੇ ਇਹ ਦੋ ਗੁਣ ਉਨ੍ਹਾਂ ਨੇ ਆਪਣੀ ਧੀ ਹੇਮਾ ਉਰਫ਼ ਲਤਾ ਨੂੰ ਵੀ ਵਿਰਸੇ ਵਿੱਚ ਦਿੱਤੇ ਸਨ। ਦਰਅਸਲ, ਉਨ੍ਹਾਂ ਦਾ ਇੱਕ ਨਾਟਕ ਬੜਾ ਮਸ਼ਹੂਰ ਹੋਇਆ ਸੀ ਜਿਸ ਵਿੱਚ ‘ਲਤਿਕਾ’ ਨਾਮਕ ਕਿਰਦਾਰ ਹੇਮਾ ਨੇ ਬਾਖ਼ੂਬੀ ਅਦਾ ਕੀਤਾ ਸੀ ਜਿਸ ਕਰਕੇ ਉਸ ਨੇ ਆਪਣੀ ਇਸ ਵੱਡੀ ਧੀ ਹੇਮਾ ਨੂੰ ਪਹਿਲਾਂ ‘ਲਤਿਕਾ’ ਅਤੇ ਫਿਰ ‘ਲਤਾ’ ਆਖ ਕੇ ਬੁਲਾਉਣਾ ਸ਼ੁਰੂ ਕਰ ਦਿੱਤਾ ਸੀ। ਲਤਾ ਦੇ ਦਾਦਾ ਗਣੇਸ਼ ਭੱਟ ਪਿੰਡ ਮੰਗੇਸ਼ ਵਿਚਲੇ ਵੱਡੇ ਮੰਦਿਰ ਦੇ ਮੁੱਖ ਪੁਜਾਰੀ ਅਤੇ ਸੰਗੀਤ ਪ੍ਰੇਮੀ ਸਨ ਤੇ ਉਸ ਦੀ ਦਾਦੀ ਯਸੂਬਾਈ ਰਾਣੇ ਵੀ ‘ਗੋਮਾਂਤਕ ਮਰਾਠਾ ਸਮਾਜ’ ਦੀ ਜਾਣੀ ਪਛਾਣੀ ਗਾਇਕਾ ਸੀ। ਇਸ ਕਰਕੇ ਲਤਾ ਨੇ ਘਰ ਵਿੱਚ ਹੀ ਵਗਦੀ ਸੰਗੀਤ ਦੀ ਗੰਗਾ ਦਾ ਲਾਹਾ ਲੈਂਦਿਆਂ ਸੰਗੀਤ ਦੀਆਂ ਬਾਰੀਕੀਆਂ ਸਿੱਖੀਆਂ ਸਨ। ਉਸ ਨੇ ਗੁਜਰਾਤ ਵਿੱਚ ਵੱਸਦੀ ਆਪਣੀ ਨਾਨੀ ਕੋਲੋਂ ਗੁਜਰਾਤੀ ਲੋਕ ਸੰਗੀਤ ਵੀ ਨਿੱਕੀ ਉਮਰੇ ਹੀ ਸਿੱਖ ਲਿਆ ਸੀ।
ਉਹ ਕੇਵਲ ਪੰਜ ਕੁ ਵਰ੍ਹਿਆਂ ਦੀ ਸੀ ਜਦੋਂ ਉਸ ਨੇ ਆਪਣੇ ਪਿਤਾ ਦੇ ਸੰਗੀਤਕ ਨਾਟਕਾਂ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਉਸ ਦੀਆਂ ਤਿੰਨ ਭੈਣਾਂ ਮੀਨਾ, ਆਸ਼ਾ ਤੇ ਊਸ਼ਾ ਅਤੇ ਇੱਕ ਭਰਾ ਹਿਰਦੇਨਾਥ ਮੰਗੇਸ਼ਕਰ ਨੇ ਵੀ ਸੰਗੀਤ ਦੀ ਵਿੱਦਿਆ ਹਾਸਿਲ ਕੀਤੀ ਸੀ। ਜਿੱਥੋਂ ਤੱਕ ਲਤਾ ਦੀ ਅਕਾਦਮਿਕ ਸਿੱਖਿਆ ਦਾ ਸਬੰਧ ਹੈ ਤਾਂ ਹੈਰਾਨੀਜਨਕ ਤੱਥ ਇਹ ਹੈ ਕਿ ਉਹ ਪਹਿਲੇ ਹੀ ਦਿਨ ਸਕੂਲ ਨੂੰ ਅਲਵਿਦਾ ਆਖ ਕੇ ਆ ਗਈ ਸੀ ਕਿਉਂਕਿ ਅਧਿਆਪਕ ਨੇ ਕਹਿ ਦਿੱਤਾ ਸੀ ਕਿ ਉਹ ਆਪਣੇ ਨਾਲ ਆਪਣੀ ਨਿੱਕੀ ਭੈਣ ਆਸ਼ਾ ਨੂੰ ਜਮਾਤ ਵਿੱਚ ਲੈ ਕੇ ਨਹੀਂ ਬੈਠ ਸਕਦੀ।
ਲਤਾ ਕੇਵਲ 13 ਵਰ੍ਹਿਆਂ ਦੀ ਸੀ ਜਦੋਂ ਦਿਲ ਦੇ ਰੋਗ ਤੋਂ ਪੀੜਤ ਉਸ ਦੇ ਪਿਤਾ ਦਾ ਦੇਹਾਂਤ ਹੋ ਗਿਆ ਤੇ ਚੰਦ ਮਹੀਨਿਆਂ ’ਚ ਹੀ ਪਰਿਵਾਰ ਦੀ ਆਰਥਿਕ ਹਾਲਤ ਪੇਤਲੀ ਹੋ ਗਈ। ਸਾਰੇ ਭੈਣ-ਭਰਾਵਾਂ ਵਿੱਚੋਂ ਵੱਡੀ ਹੋਣ ਕਰਕੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਵਿੱਚ ਮਾਂ ਦਾ ਸਾਥ ਦੇਣ ਦੀ ਜ਼ਿੰਮੇਦਾਰੀ ਉਸ ਦੇ ਮਾਸੂਮ ਮੋਢਿਆਂ ’ਤੇ ਆਣ ਪਈ। ਲਤਾ ਨੂੰ ਸਿਵਾਇ ਅਦਾਕਾਰੀ ਤੇ ਗਾਇਕੀ ਦੇ ਕੋਈ ਹੋਰ ਹੁਨਰ ਨਹੀਂ ਆਉਂਦਾ ਸੀ। ਉਸ ਵੇਲੇ 1942 ਸੀ ਤੇ ਉਸ ਦੇ ਪਿਤਾ ਦਾ ਇੱਕ ਗਹਿਰਾ ਦੋਸਤ ਮਾਸਟਰ ਵਿਨਾਇਕ ਜੋ ਕਿ ‘ਨਵਯੁੱਗ ਚਿਤਰਪਟ’ ਨਾਮਕ ਫਿਲਮ ਕੰਪਨੀ ਚਲਾਉਂਦਾ ਸੀ, ਨੇ ਲਤਾ ਨੂੰ ਫਿਲਮਾਂ ’ਚ ਕੰਮ ਕਰਨ ਦੀ ਪੇਸ਼ਕਸ਼ ਕੀਤੀ ਤੇ ਆਪਣੇ ਵਿਸ਼ਵਾਸ ’ਤੇ ਉਸੇ ਸਾਲ ਮਰਾਠੀ ਫਿਲਮ ‘ਕਿੱਤੀ ਹਾਸਾਲ’ ਵਿੱਚ ਬਤੌਰ ਗਾਇਕਾ ਇੱਕ ਗੀਤ ਰਿਕਾਰਡ ਕਰਵਾ ਦਿੱਤਾ। ਲਤਾ ਦੀ ਬਦਕਿਸਮਤੀ ਇਹ ਰਹੀ ਕਿ ਫਿਲਮ ਦੇ ਨਿਰਮਾਤਾ ਨੇ ਰਿਲੀਜ਼ ਸਮੇਂ ਲਤਾ ਵਾਲਾ ਗੀਤ ਹੀ ਫਿਲਮ ਵਿੱਚੋਂ ਹਟਵਾ ਦਿੱਤਾ ਜਿਸ ਦਾ ਲਤਾ ਨੂੰ ਬੜਾ ਦੁੱਖ ਹੋਇਆ, ਪਰ ਹੌਸਲਾ ਨਾ ਹਾਰਨ ਵਾਲੀ ਲਤਾ ਨੇ ਉਸੇ ਹੀ ਸਾਲ ‘ਨਵਯੁੱਗ ਚਿੱਤਰਪਟ’ ਦੀ ਫਿਲਮ ‘ਪਹਿਲੀ ਮੰਗਲਾ ਗੌਰ’ ਵਿੱਚ ਬਤੌਰ ਅਦਾਕਾਰਾ ਤੇ ਗਾਇਕਾ ਫਿਲਮਾਂ ਦੀ ਦੁਨੀਆ ਵਿੱਚ ਆਪਣੀ ਹਾਜ਼ਰੀ ਦਰਜ ਕਰਵਾ ਦਿੱਤੀ। ਇਸ ਫਿਲਮ ਲਈ ਉਸ ਦਾ ਗਾਇਆ ਪਹਿਲਾ ਗੀਤ ਮਰਾਠੀ ਸੰਗੀਤਕਾਰ ਦਾਦਾ ਚੰਦੇਲਕਰ ਨੇ ਸੰਗੀਤਬੱਧ ਕੀਤਾ ਸੀ। 1943 ਵਿੱਚ ਆਈ ਮਰਾਠੀ ਫਿਲਮ ‘ਗਜਾਭਾਊ’ ਵਿੱਚ ਉਸ ਨੇ ‘ਮਾਤਾ ਏਕ ਸਪੂਤ ਕੀ ਦੁਨੀਆ ਬਦਲ ਦੇ ਤੂ’ ਨਾਮਕ ਹਿੰਦੀ ਗੀਤ ਗਾ ਕੇ ਆਪਣੇ ਕਰੀਅਰ ਦਾ ਪਹਿਲਾ ਹਿੰਦੀ ਗੀਤ ਸੰਗੀਤ ਪ੍ਰੇਮੀਆਂ ਦੀ ਝੋਲੀ ਪਾ ਦਿੱਤਾ ਸੀ। 1945 ਵਿੱਚ ਮਾਸਟਰ ਵਿਨਾਇਕ ਹੁਰੀਂ ਆਪਣੀ ਫਿਲਮ ਕੰਪਨੀ ਨੂੰ ਮੁੰਬਈ ਵਿਖੇ ਲੈ ਆਏ ਤੇ ਰੋਜ਼ੀ ਰੋਟੀ ਚਲਾਉਣ ਲਈ ਸੰਘਰਸ਼ ਕਰ ਰਿਹਾ ਲਤਾ ਮੰਗੇਸ਼ਕਰ ਦਾ ਪਰਿਵਾਰ ਵੀ ਮੁੰਬਈ ਆਣ ਪੁੱਜਾ। ਇੱਥੇ ਆ ਕੇ ਲਤਾ ਨੇ ਉਸਤਾਦ ਅਮਨ ਅਲੀ ਖ਼ਾਨ ਤੋਂ ਸ਼ਾਸ਼ਤਰੀ ਸੰਗੀਤ ਦੀ ਵਿੱਦਿਆ ਹਾਸਿਲ ਕੀਤੀ ਤੇ ਫਿਰ ਹਿੰਦੀ ਫਿਲਮ ‘ਆਪ ਕੀ ਸੇਵਾ ਮੇਂ’ ਰਾਹੀਂ ਬਤੌਰ ਗਾਇਕਾ ਅਤੇ ਅਦਾਕਾਰਾ ਆਪਣਾ ਸਫ਼ਰ ਬੌਲੀਵੁੱਡ ਵਿੱਚ ਸ਼ੁਰੂ ਕਰ ਦਿੱਤਾ। ਇਸ ਫਿਲਮ ਲਈ ਬੌਲੀਵੁੱਡ ’ਚ ਆ ਕੇ ਉਸ ਨੇ ਜਿਹੜਾ ਆਪਣਾ ਪਹਿਲਾ ਗੀਤ ਗਾਇਆ ਸੀ, ਉਸ ਦੇ ਬੋਲ ਸਨ ‘ਪਾਉਂ ਲਾਗੂੰ ਕਰ ਜੋਰਿ’ ਜਿਸਨੂੰ ਸੰਗੀਤ ਨਿਰਦੇਸ਼ਕ ਦੱਤਾ ਦਾਵੇਜਕਰ ਨੇ ਸੰਗੀਤਬੱਧ ਕੀਤਾ ਸੀ। ਲਤਾ ਨੇ 1945 ਵਿੱਚ ਬਣੀ ਫਿਲਮ ‘ਬੜੀ ਮਾਂ’ ਵਿੱਚ ਵੀ ਅਦਾਕਾਰੀ ਦੇ ਜੌਹਰ ਵਿਖਾਏ ਸਨ ਤੇ ਉਪਰੰਤ ਉਸ ਨੇ ਕੇਵਲ ਗਾਇਕੀ ’ਤੇ ਧਿਆਨ ਕੇਂਦਰਿਤ ਕਰਕੇ ਕੇਵਲ ਗਾਇਕਾ ਵਜੋਂ ਹੀ ਭਾਰਤੀ ਸਿਨੇਮਾ ਦੀ ਸੇਵਾ ਕਰਨ ਦਾ ਸੰਕਲਪ ਲੈ ਲਿਆ।
ਲਤਾ ਦਾ ਸੰਘਰਸ਼ਮਈ ਜੀਵਨ ਉਸ ਸਮੇਂ ਇੱਕ ਵਾਰ ਮੁੜ ਤੋਂ ਬਿਪਤਾ ’ਚ ਪੈ ਗਿਆ ਸੀ ਜਦੋਂ ਬੌਲੀਵੁੱਡ ਵਿੱਚ ਉਸ ਦੇ ਮਾਰਗਦਰਸ਼ਕ ਤੇ ਮਦਦਗਾਰ ਬਣੇ ਮਾਸਟਰ ਵਿਨਾਇਕ ਦਾ ਵੀ 1948 ਵਿੱਚ ਦੇਹਾਂਤ ਹੋ ਗਿਆ, ਪਰ ਫਿਰ ਉਸ ਨੂੰ ਬੌਲੀਵੁੱਡ ਵਿੱਚ ਸੰਗੀਤਕਾਰ ਗ਼ੁਲਾਮ ਹੈਦਰ ਦੀ ਸਰਪ੍ਰਸਤੀ ਹਾਸਿਲ ਹੋ ਗਈ। ਜਦੋਂ ਗ਼ੁਲਾਮ ਹੈਦਰ ਨੇ ਨਾਮਵਰ ਫਿਲਮਸਾਜ਼ ਐੱਸ. ਮੁਖਰਜੀ ਨੂੰ ਉਨ੍ਹਾਂ ਦੀ ਬਣ ਰਹੀ ਫਿਲਮ ‘ਸ਼ਹੀਦ’ ਲਈ ਲਤਾ ਮੰਗੇਸ਼ਕਰ ਤੋਂ ਗੀਤ ਰਿਕਾਰਡ ਕਰਵਾਉਣ ਦੀ ਸਲਾਹ ਦਿੱਤੀ ਤਾਂ ਮੁਖਰਜੀ ਨੇ ਲਤਾ ਦੀ ਆਵਾਜ਼ ਨੂੰ ‘ਬਹੁਤ ਬਾਰੀਕ’ ਤੇ ‘ਰਿਕਾਰਡਿੰਗ ਲਈ ਅਢੁੱਕਵੀਂ’ ਕਹਿ ਕੇ ਪੂਰੀ ਤਰ੍ਹਾਂ ਨਕਾਰ ਦਿੱਤਾ ਸੀ। ਗ਼ੁਲਾਮ ਹੈਦਰ ਇਹ ਜਵਾਬ ਸੁਣ ਕੇ ਤੈਸ਼ ’ਚ ਆ ਗਏ ਤੇ ਕਹਿਣ ਲੱਗੇ ‘‘ਚੇਤੇ ਰੱਖਿਓ ਮੁਖਰਜੀ ਸਾਹਿਬ ਇੱਕ ਅਜਿਹਾ ਸਮਾਂ ਆਵੇਗਾ ਜਦੋਂ ਬੌਲੀਵੁੱਡ ਦੇ ਦਿੱਗਜ ਫਿਲਮਸਾਜ਼ ਲਤਾ ਦੇ ਦਰਵਾਜ਼ੇ ’ਤੇ ਲਾਈਨ ਲਗਾ ਕੇ ਬੈਠਣਗੇ ਤੇ ਆਪਣੀਆਂ ਫਿਲਮਾਂ ਲਈ ਉਸ ਕੋਲੋਂ ਗੀਤ ਰਿਕਾਰਡ ਕਰਵਾਉਣ ਲਈ ਬੇਨਤੀਆਂ ਕਰਨਗੇ।’’ ਇਹ ਗੱਲ ਬਾਅਦ ਵਿੱਚ ਸੱਚ ਸਾਬਤ ਹੋਈ ਸੀ।
ਲਤਾ ਮੰਗੇਸ਼ਕਰ ਨੇ ਬੌਲੀਵੁੱਡ ਵਿੱਚ ਹਜ਼ਾਰਾਂ ਨਗ਼ਮਿਆਂ ਨੂੰ ਆਪਣੀ ਆਵਾਜ਼ ਦੇ ਕੇ ਯਾਦਗਾਰੀ ਬਣਾ ਦਿੱਤਾ। ਬੌਲੀਵੁੱਡ ਦੇ ਹਰ ਨਾਮਵਰ ਸੰਗੀਤ ਨਿਰਦੇਸ਼ਕ ਨੇ ਉਸ ਕੋਲੋਂ ਆਪਣੀਆਂ ਫਿਲਮਾਂ ਲਈ ਗੀਤ ਰਿਕਾਰਡ ਕਰਵਾਏ ਸਨ। ਰਾਜ ਕਪੂਰ, ਯਸ਼ ਚੋਪੜਾ ਅਤੇ ਮਨੋਜ ਕੁਮਾਰ ਜਿਹੇ ਵੱਡੇ ਫਿਲਮਸਾਜ਼ ਤਾਂ ਆਪਣੀਆਂ ਫਿਲਮਾਂ ਦੇ ਜ਼ਿਆਦਾਤਰ ਗੀਤ ਲਤਾ ਦੀ ਆਵਾਜ਼ ਵਿੱਚ ਹੀ ਰਿਕਾਰਡ ਕਰਵਾਉਂਦੇ ਸਨ। ਲਤਾ ਦੇ ਗਾਏ ਪੰਜ ਹਜ਼ਾਰ ਤੋਂ ਵੱਧ ਗੀਤਾਂ ਵਿੱਚੋਂ ਉਸ ਦਾ ਪਹਿਲਾ ਸੁਪਰਹਿਟ ਗੀਤ ‘ਆਏਗਾ ਆਨੇ ਵਾਲਾ’ ਸੀ ਜੋ ਰਹੱਸਮਈ ਤੇ ਰੁਮਾਂਚਪੂਰਨ ਫਿਲਮ ‘ਮਹਿਲ’ ਲਈ ਅਦਾਕਾਰਾ ਮਧੂਬਾਲਾ ’ਤੇ ਫਿਲਮਾਇਆ ਗਿਆ ਸੀ। ਲਤਾ ਨੇ ਗੀਤ, ਕੱਵਾਲੀ, ਭਜਨ, ਸੂਫ਼ੀ, ਠੁਮਰੀ, ਲੋਕ ਗੀਤ ਅਤੇ ਗੁਰਬਾਣੀ ਸ਼ਬਦ ਆਦਿ ਸਣੇ ਹਰੇਕ ਸੰਗੀਤਕ ਸ਼ੈਲੀ ਨੂੰ ਬਾਖ਼ੂਬੀ ਨਿਭਾਇਆ। ਉਸ ਦੇ ਕਦੇ ਨਾ ਭੁਲਾਏ ਜਾ ਸਕਣ ਵਾਲੇ ਹਜ਼ਾਰਾਂ ਗੀਤਾਂ ਵਿੱਚੋਂ -‘ਐ ਦਿਲੇ ਨਾਦਾਂ ਆਰਜ਼ੂ ਕਿਆ ਹੈ’, ‘ਯੂੰ ਹੀ ਕੋਈ ਮਿਲ ਗਿਆ ਥਾ ਸਰੇ ਰਾਹ ਚਲਤੇ ਚਲਤੇ’, ‘ਐ ਮਾਲਿਕ ਤੇਰੇ ਬੰਦੇ ਹਮ’, ‘ਮੈਂ ਹੂੰ ਖ਼ੁਸ਼ਰੰਗ ਹਿਨਾ’, ‘ਆਜਾ ਵੇ ਮਾਹੀ ਤੈਨੂੰ ਅੱਖੀਆਂ ਉਡੀਕਦੀਆਂ’, ‘ਦਿਲ ਅਪਨਾ ਔਰ ਪ੍ਰੀਤ ਪਰਾਈ’, ‘ਆਪ ਕੀ ਨਜ਼ਰੋਂ ਨੇ ਸਮਝਾ ਪਿਆਰ ਕੇ ਕਾਬਿਲ ਮੁਝੇ’, ‘ਲਗ ਜਾ ਗਲੇ ਕਿ ਫਿਰ ਯੇ ਹਸੀਂ ਰਾਤ ਹੋ ਨਾ ਹੋ’, ‘ਸੱਤਿਅਮ ਸ਼ਿਵਮ ਸੁੰਦਰਮ’, ‘ਯੇ ਗਲੀਆਂ ਯੇ ਚੌਬਾਰਾ ਯਹਾਂ ਆਨਾ ਨਾ ਦੋਬਾਰਾ’, ‘ਹਮ ਬਨੇ ਤੁਮ ਬਨੇ ਇਕ ਦੂਜੇ ਕੇ ਲੀਏ’, ‘ਦੀਦੀ ਤੇਰਾ ਦੇਵਰ ਦੀਵਾਨਾ’ ਆਦਿ ਤਾਂ ਵਿਸ਼ੇਸ਼ ਤੌਰ ’ਤੇ ਜ਼ਿਕਰਯੋਗ ਹਨ।
ਲਤਾ ਬੌਲੀਵੁੱਡ ਦੀ ਇਕਲੌਤੀ ਅਜਿਹੀ ਗਾਇਕਾ ਸੀ ਜੋ ਜਿਊਂਦੇ ਜੀਅ ਹੀ ਪੂਜਣਯੋਗ ਹਸਤੀ ਬਣ ਗਈ ਸੀ। ਵਤਨ ਲਈ ਆਪਣੀਆਂ ਜਾਨਾਂ ਵਾਰ ਦੇਣ ਵਾਲੇ ਸ਼ਹੀਦ ਸੈਨਿਕਾਂ ਲਈ ਉਸ ਦਾ ਗਾਇਆ ‘ਐ ਮੇਰੇ ਵਤਨ ਕੇ ਲੋਗੋ’ ਜਿਹਾ ਨਗ਼ਮਾ ਜਿੱਥੇ ਭਾਰਤ ਦੇ ਪ੍ਰਧਾਨ ਮੰਤਰੀ ਸਮੇਤ ਹਰੇਕ ਦੇਸ਼ਵਾਸੀ ਦੀਆਂ ਅੱਖਾਂ ਨਮ ਕਰ ਗਿਆ ਸੀ, ਉੱਥੇ ਹੀ ਉਸ ਦੀ ਪੁਰਸੋਜ਼ ਆਵਾਜ਼ ’ਚ ਗਾਇਆ ‘ਐ ਮਾਲਿਕ ਤੇਰੇ ਬੰਦੇ ਹਮ’ ਜਿਹਾ ਗੀਤ ਤਾਂ ਪ੍ਰਾਰਥਨਾ ਵਜੋਂ ਭਾਰਤ ਅਤੇ ਪਾਕਿਸਤਾਨ ਦੇ ਸਕੂਲਾਂ ਵਿੱਚ ਗਾਇਆ ਜਾਣ ਲੱਗ ਪਿਆ ਸੀ।
ਲਤਾ ਨੂੰ ਉਸ ਦੀ ਦਿਲਕਸ਼ ਆਵਾਜ਼ ਲਈ 1989 ਵਿੱਚ ‘ਦਾਦਾ ਸਾਹਿਬ ਫਾਲਕੇ ਪੁਰਸਕਾਰ’, 2001 ਵਿੱਚ ‘ਭਾਰਤ ਰਤਨ’, 2007 ਵਿੱਚ ਫਰਾਂਸ ਦਾ ਸਭ ਤੋਂ ਵੱਡਾ ਸਿਵਿਲਿਅਨ ਸਨਮਾਨ ‘ਨੈਸ਼ਨਲ ਆਰਡਰ ਆਫ਼ ਦਿ ਲਿਜੀਅਨ ਆਫ਼ ਆਨਰ’ ਪ੍ਰਦਾਨ ਕਰਨ ਤੋਂ ਇਲਾਵਾ ‘ਪਦਮ ਭੂਸ਼ਨ’, ‘ਪਦਮ ਵਿਭੂਸ਼ਨ’, ‘ਸੰਗੀਤ ਨਾਟਕ ਅਕਾਦਮੀ ਪੁਰਸਕਾਰ’, ‘ਸਰਬੋਤਮ ਗਾਇਕਾ ਦਾ ਕੌਮੀ ਪੁਰਸਕਾਰ’, ‘ਫਿਲਮਫੇਅਰ ਪੁਰਸਕਾਰ’, ‘ਲਾਈਫਟਾਈਮ ਐਚਵੀਵਮੈਂਟ ਪੁਰਸਕਾਰ’ ਆਦਿ ਸਣੇ ਸੈਂਕੜੇ ਵੱਡੇ ਸਨਮਾਨਾਂ ਨਾਲ ਨਿਵਾਜਿਆ ਗਿਆ। 6 ਫਰਵਰੀ, 2022 ਨੂੰ ਸੰਗੀਤ ਦੀ ਇਸ ਦੇਵੀ ਦਾ ਦੇਹਾਂਤ ਹੋ ਗਿਆ। ਉਹ ਭਾਰਤੀ ਫਿਲਮ ਸੰਗੀਤ ਦੀ ਜਿੰਦਜਾਨ ਸੀ। ਕੋਈ ਸ਼ੱਕ ਨਹੀਂ ਹੈ ਕਿ ਦੁਨੀਆ ’ਤੇ ਯੁੱਗਾਂ-ਯੁੱਗਾਂ ਤੱਕ ਉਸ ਦੇ ਮਧੁਰ ਤਰਾਨਿਆਂ ਦੀਆਂ ਬਾਤਾਂ ਪੈਂਦੀਆਂ ਰਹਿਣਗੀਆਂ।
ਸੰਪਰਕ: 97816-46008