DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਅਖਾੜਾ ਸੱਭਿਆਚਾਰ ਦੀ ਜਿੰਦ-ਜਾਨ ਮੁਹੰਮਦ ਸਦੀਕ

ਭੋਲਾ ਸਿੰਘ ਸ਼ਮੀਰੀਆ   ਲੈਅ-ਬੱਧ ਜਾਂ ਸੰਗੀਤਕ ਨਿਯਮਾਂ ਵਿੱਚ ਬੱਝੇ ਹੋਏ ਬੋਲਾਂ ਨੂੰ ਸੁਣਨਾ ਪੰਜਾਬੀਆਂ ਦਾ ਸ਼ੁਰੂ ਤੋਂ ਹੀ ਸੁਭਾਅ ਰਿਹਾ ਹੈ। ਪਹਿਲਾਂ ਤੋਂ ਹੀ ਪੰਜਾਬੀ ‘ਗੌਣ-ਪ੍ਰਣਾਲੀ’ ਦੇ ਸ਼ੌਕੀਨ ਰਹੇ ਹਨ। ਲੋਕਾਂ ਦਾ ਮੇਲਿਆਂ ’ਤੇ ਇਕੱਠੇ ਹੋਣ ਦਾ ਜ਼ਿਆਦਾ ਕਾਰਨ...
  • fb
  • twitter
  • whatsapp
  • whatsapp
Advertisement

ਭੋਲਾ ਸਿੰਘ ਸ਼ਮੀਰੀਆ

Advertisement

ਲੈਅ-ਬੱਧ ਜਾਂ ਸੰਗੀਤਕ ਨਿਯਮਾਂ ਵਿੱਚ ਬੱਝੇ ਹੋਏ ਬੋਲਾਂ ਨੂੰ ਸੁਣਨਾ ਪੰਜਾਬੀਆਂ ਦਾ ਸ਼ੁਰੂ ਤੋਂ ਹੀ ਸੁਭਾਅ ਰਿਹਾ ਹੈ। ਪਹਿਲਾਂ ਤੋਂ ਹੀ ਪੰਜਾਬੀ ‘ਗੌਣ-ਪ੍ਰਣਾਲੀ’ ਦੇ ਸ਼ੌਕੀਨ ਰਹੇ ਹਨ। ਲੋਕਾਂ ਦਾ ਮੇਲਿਆਂ ’ਤੇ ਇਕੱਠੇ ਹੋਣ ਦਾ ਜ਼ਿਆਦਾ ਕਾਰਨ ਕਵੀਸ਼ਰਾਂ ਜਾਂ ਢਾਡੀਆਂ ਨੂੰ ਸੁਣਨਾ ਹੁੰਦਾ ਸੀ। ਕਵੀਸ਼ਰ ਜਾਂ ਢਾਡੀ ਤੁਰ ਫਿਰ ਕੇ ਗਾਇਆ ਕਰਦੇ ਸਨ। ਫਿਰ ਜਦੋਂ ਸਪੀਕਰਾਂ ਦਾ ਯੁੱਗ ਆਇਆ ਤਾਂ ਗੌਣ ਵਾਲਿਆਂ ਨੇ ਸਟੇਜਾਂ ’ਤੇ ਖੜ੍ਹ ਕੇ ਗਾਉਣਾ ਸ਼ੁਰੂ ਕੀਤਾ। ਲੋਕ ਕਿੱਸੇ ਜਾਂ ਜੁਝਾਰੂ ਰੰਗ ਸੁਣਦੇ। ਕੁਝ ਨਵੀਂ ਉਮਰ ਦੇ ਮੁੰਡੇ ਇਨ੍ਹਾਂ ਗਾਉਣ ਮੰਡਲੀਆਂ ਤੋਂ ਰੁਮਾਂਟਿਕ ਰਸ ਜਾਂ ਜ਼ਿੰਦਗੀ ਦੀਆਂ ਤਲਖ ਹਕੀਕਤਾਂ ਅਤੇ ਨਿਤਾਪ੍ਰਤੀ ਵਾਪਰਨ ਵਾਲੀਆਂ ਨੋਕਾਂ-ਝੋਕਾਂ ਸੁਣ ਕੇ ਸੁਆਦ ਲੈਣ ਲੱਗੇ। ਫਿਰ ਜ਼ਿੰਦਗੀ ਦੀਆਂ ਨਾਟਕਮਈ ਘਟਨਾਵਾਂ ਨੂੰ ਹੂਬਹੂ ਪੇਸ਼ ਕਰਨ ਦੇ ਮੰਤਵ ਨੂੰ ਮੁੱਖ ਰੱਖਦਿਆਂ ਅਖਾੜਾ-ਸੱਭਿਆਚਾਰ ਹੋਂਦ ਵਿੱਚ ਆਇਆ।

ਗਾਉਣ ਦੇ ਨਾਲ-ਨਾਲ ਇਹ ਅਖਾੜਾ-ਕਲਚਰ ਵਿਆਹਾਂ-ਸ਼ਾਦੀਆਂ ਵਿੱਚ ਵਡਿਆਈ ਦਾ ਪਾਤਰ ਬਣਿਆ। ਅਖਾੜਾ-ਪ੍ਰਣਾਲੀ ਦਾ ਮੁੱਢ ਕਲਾਕਾਰ ਚਾਂਦੀ ਰਾਮ ਨੇ ਬੰਨ੍ਹਿਆ। ਭਾਵੇਂ ਇਸ ਤੋਂ ਪਹਿਲਾਂ ਵੀ ਔਰਤ ਕਲਾਕਾਰਾਂ ਨਾਲ ਗਾਉਣ ਦੀ ਪਰੰਪਰਾ ਸ਼ੁਰੂ ਹੋ ਚੁੱਕੀ ਸੀ, ਪ੍ਰੰਤੂ ਅਸਲੀ ਅਖਾੜੇ ਦੇ ਰੂਪ ਵਿੱਚ ਚਾਂਦੀ ਰਾਮ ਨੇ ਇਸ ਪਰੰਪਰਾ ਦਾ ਮੁੱਢ ਬੰਨ੍ਹਿਆ। ਇਸ ਗਾਇਕ ਜੋੜੀ ਦਾ ਗਾਇਆ ਗੀਤ ‘ਲੈ ਜਾ ਛੱਲੀਆਂ ਭੁਨਾ ਲਵੀਂ ਦਾਣੇ ਵੇ ਮਿੱਤਰਾ ਦੂਰ ਦਿਆ’ ਬਹੁਤ ਮਕਬੂਲ ਹੋਇਆ। ਇਸ ਅਖਾੜਾ-ਪਰੰਪਰਾ ਨੂੰ ਨਿਯਮਬੱਧ, ਹਰਮਨ-ਪਿਆਰਾ ਅਤੇ ਸਿਖਰਾਂ ਵੱਲ ਲੈ ਕੇ ਜਾਣ ਦਾ ਸਿਹਰਾ ਮੁਹੰਮਦ ਸਦੀਕ ਤੇ ਰਣਜੀਤ ਕੌਰ ਦੀ ਜੋੜੀ ਦੇ ਸਿਰ ਬੱਝਦਾ ਹੈ। ਮੁਹੰਮਦ ਸਦੀਕ ਬਚਪਨ ਵਿੱਚ ਨਾਟਕ-ਮੰਡਲੀ ਵਿੱਚ ਕੰਮ ਕਰਦਾ ਸੀ। ਬਾਅਦ ਵਿੱਚ ਲੋਕ-ਸੰਪਰਕ ਵਿਭਾਗ ਵਿੱਚ ਕੰਮ ਕਰਨ ਕਰਕੇ ਉਸ ਨੂੰ ਆਪਣੇ ਹਰ ਕਿਰਦਾਰ ਨਾਲ ਨਿਭਣਾ ਆਉਂਦਾ ਸੀ। ਮੁਹੰਮਦ ਸਦੀਕ ਤੋਂ ਪਹਿਲਾਂ ਜਾਂ ਸਮਕਾਲੀ ਕਲਾਕਾਰ ਸਿਰਫ਼ ਸਟੇਜ ’ਤੇ ਗਾਉਂਦੇ ਸਨ, ਉਹ ਘਟਨਾ ਦੀ ਪੇਸ਼ਕਾਰੀ ਨਹੀਂ ਕਰਦੇ ਸਨ। ਮੁਹੰਮਦ ਸਦੀਕ ਨੇ ਕਿਸੇ ਘਟਨਾ ਨੂੰ ਸਿਰਫ਼ ਗਾਇਆ ਹੀ ਨਹੀਂ, ਸਗੋਂ ਪੇਸ਼ਕਾਰੀ ਕਰਕੇ ਉਸ ਨੂੰ ਹੋਰ ਦਿਲਚਸਪ ਵੀ ਬਣਾਇਆ। ਜੇਠ ਦਾ ਰੋਲ ਕਰਨ ਸਮੇਂ ਜਦੋਂ ਉਹ ਮੁੱਛ ਨੂੰ ਵੱਟ ਦੇ ਕੇ ਅੱਖਾਂ ਦੇ ਕੋਇਆਂ ਵਿੱਚੋਂ ਦੀ ਟੇਢਾ ਜਿਹਾ ਔਰਤ ਕਲਾਕਾਰ ਵੱਲ ਝਾਕਦਾ ਹੈ ਤਾਂ ਲੋਕ ਸ਼ਬਦੀ-ਰਸ ਦੇ ਨਾਲ ਨਾਟਕੀ-ਰਸ ਵੀ ਮਾਣਦੇ ਹਨ। ਇਹ ਉਸ ਦੀ ਕਲਾ ਦਾ ਜਾਦੂ ਹੈ, ਜਦੋਂ ਉਹ ਛੋਟੀ ਉਮਰ ਦੇ ਦਿਉਰ ਦਾ ਰੋਲ ਕਰਦਿਆਂ ਆਪਣੇ ਕਮੀਜ਼ ਦੀ ਕੰਨੀ ਫੜ ਕੇ ਦੰਦਾਂ ਵਿੱਚ ਚੱਬਦਾ ਹੈ। ਇਸ ਤਰ੍ਹਾਂ ਲੋਕ ਅਖਾੜਿਆਂ ਵਿੱਚ ਪੇਸ਼ਕਾਰੀ ਦਾ ਰੰਗ ਪਾਉਣ ਦਾ ਸਿਹਰਾ ਮੁਹੰਮਦ ਸਦੀਕ ਦੇ ਸਿਰ ਬੱਝਦਾ ਹੈ। ਇਸ ਤਰ੍ਹਾਂ ਲੋਕ ਅਖਾੜਿਆਂ ਨੂੰ ਸੁੁਣਨ ਦੇ ਨਾਲ-ਨਾਲ ਦੇਖਣ ਵੱਲ ਵੀ ਰੁਚਿਤ ਹੋਏ। ਸਿੱਟੇ ਵਜੋਂ ਇਹ ਅਖਾੜਾ ਕਲਚਰ ਲੋਕਾਂ ਦੀ ਰੂਹ ਨਾਲ ਅਜਿਹਾ ਜੁੜਿਆ ਕਿ ਅੱਜ ਤੱਕ ਟੁੱਟ ਨਹੀਂ ਸਕਿਆ।

ਜਸਵੰਤ ਸੰਦੀਲਾ ਕਹਿੰਦਾ ਹੈ ਕਿ ਮੁਹੰਮਦ ਸਦੀਕ ਨੇ ਅਖਾੜਿਆਂ ਨੂੰ ਸੰਵਿਧਾਨਕ ਲੀਹਾਂ ’ਤੇ ਤੋਰ ਕੇ ਇਸ ਨੂੰ ਨਿਯਮਬੱਧ ਪ੍ਰਣਾਲੀ ਨਾਲ ਜੋੜਿਆ। ਜਿਵੇਂ ਗਾਉਣ ਤੋਂ ਪਹਿਲਾਂ ਪਾਰਟੀ ਤੋਂ ਪੈਸੇ ਲੈਣ ਦੀ ਰਵਾਇਤ ਪਾਉਣੀ, ਅਖਾੜੇ ਦਾ ਸਮਾਂ ਦੋ ਘੰਟੇ ਮੁਕੱਰਰ ਕਰਨਾ ਅਤੇ ਸਟੇਜ ’ਤੇ ਕਿਸੇ ਬਰਾਤੀ ਜਾਂ ਸ਼ਰਾਬੀ ਨੂੰ ਨਾ ਚੜ੍ਹਨ ਦੇਣਾ ਆਦਿ। ਮੁਹੰਮਦ ਸਦੀਕ ਤੋਂ ਬਿਨਾਂ ਹੋਰ ਅਖਾੜਿਆਂ ਵਿੱਚ ਲੋਕ ਸਟੇਜ ’ਤੇ ਚੜ੍ਹ ਕੇ ਖਰੂੂਦ ਪਾਉਂਦੇ ਸਨ। ਸਦੀਕ ਨੇ ਇਸ ਹਫੜਾ-ਦਫੜੀ ਨੂੰ ਰੋਕ ਕੇ ਅਖਾੜਿਆਂ ਦੇ ਰੂਪ ਨੂੰ ਨਿਖਾਰਿਆ। ਸੋਨੇ ’ਤੇ ਸੁਹਾਗੇ ਦਾ ਰੂਪ ਬਣ ਕੇ ਉੱਭਰੇ ਬਾਬੂ ਸਿੰਘ ਮਾਨ ਨੇ ਮੁਹੰਮਦ ਸਦੀਕ ਦੀ ਸ਼ਖ਼ਸੀਅਤ ਤੇ ਉਸ ਦੀਆਂ ਸਰੀਰਕ ਮੁਦਰਾਵਾਂ ਨੂੰ ਭਾਂਪਦੇ ਹੋਏ ਅਜਿਹੇ ਗੀਤ ਲਿਖੇ ਜਿਨ੍ਹਾਂ ਵਿੱਚ ਨਾਟਕੀ ਰੂਪ ਜ਼ਿਆਦਾ ਹੋਵੇ। ਗਾਮੀ ਸੰਗਤਪੁਰੀਏ ਦੇ ਵਾਰਤਾਲਾਪੀ ਗੀਤ ਮੁਹੰਮਦ ਸਦੀਕ ਦੀ ਸ਼ੈਲੀ ਦਾ ਹੋਰ ਨਿਖਾਰ ਬਣਦੇ ਗਏ।

ਮੂਲ ਰੂਪ ਵਿੱਚ ਮੁਹੰਮਦ ਸਦੀਕ ਵਧੀਆ ਇਨਸਾਨ ਹੋਣ ਦੇ ਨਾਲ-ਨਾਲ ਵਧੀਆ ਸੰਗੀਤਕਾਰ ਵੀ ਹੈ। ਸਿਰਫ਼ ਸਟੇਜ ’ਤੇ ਹੀ ਨਹੀਂ, ਸਮਾਜਿਕ ਤੌਰ ’ਤੇ ਵੀ ਹਰ ਇੱਕ ਨਾਲ ਹੰਢਣਯੋਗ ਹੈ। ਉਸ ਦੇ ਸਾਥੀਆਂ ਨਾਲ ਕਦੇ ਮਤਭੇਦ ਨਹੀਂ ਹੋਏ। ਇਹੀ ਕਾਰਨ ਹੈ ਕਿ ਉਹ ਬੀਬਾ ਰਣਜੀਤ ਕੌਰ ਨਾਲ ਲਗਾਤਾਰ 35 ਸਾਲ ਗਾਉਂਦਾ ਰਿਹਾ। ਜੇਕਰ ਰਣਜੀਤ ਕੌਰ ਦੀ ਆਵਾਜ਼ ਖਰਾਬ ਨਾ ਹੁੰਦੀ ਤਾਂ ਇਸ ਜੋੜੀ ਨੇ ਅਜਿਹਾ ਰਿਕਾਰਡ ਬਣਾਉਣਾ ਸੀ ਜੋ ਸ਼ਾਇਦ ਕਿਸੇ ਤੋਂ ਵੀ ਨਾ ਟੁੱਟਦਾ। ਉਂਝ 35 ਸਾਲ ਦਾ ਰਿਕਾਰਡ ਵੀ ਬਹੁਤ ਹੈ। ਮੁਹੰਮਦ ਸਦੀਕ ਸਾਥੀ ਕਲਾਕਾਰ ਨੂੰ ਬਦਲਣ ਵਿੱਚ ਯਕੀਨ ਨਹੀਂ ਕਰਦਾ। ਇਸੇ ਕਰਕੇ ਉਸ ਨੂੰ ਬੀਬਾ ਸੁਖਜੀਤ ਕੌਰ ਨਾਲ ਗਾਉਂਦਿਆਂ ਵੀ 20 ਸਾਲ ਹੋ ਚੁੱਕੇ ਹਨ।

ਮੁਹੰਮਦ ਸਦੀਕ ਦੀ ਜ਼ੁਬਾਨ ’ਤੇ ਨਿਮਰਤਾ ਹੈ, ਉਸ ਦੀਆਂ ਉਂਗਲਾਂ ਦੇ ਪੋਟਿਆਂ ਵਿੱਚ ਸੰਗੀਤਮਈ ਜਾਦੂ ਭਰਿਆ ਹੋਇਆ ਹੈ। ਇਹ ਉਸ ਦਾ ਵਡੱਪਣ ਹੈ ਕਿ ਉਸ ਨੇ ਕਦੇ ਵੀ ਹੰਕਾਰ ਨਹੀਂ ਕੀਤਾ। ਪੁੱਛਣ ’ਤੇ ਕਹਿੰਦਾ ਹੈ ‘ਸਾਹਿਬ ਹੱਥ ਵਡਿਆਈਆਂ।’ ਲੋਕਾਂ ਨੇ ਉਸ ਦੀ ਕਲਾ ਤੇ ਨਿਮਰਤਾ ਦਾ ਮੁੱਲ ਪਾਉਂਦਿਆਂ ਉਸ ਨੂੰ ਵਿਧਾਇਕ ਅਤੇ ਸੰਸਦ ਮੈਂਬਰ ਤੱਕ ਦੀਆਂ ਉਪਾਧੀਆਂ ਦੀ ਬਖ਼ਸ਼ਿਸ਼ ਕੀਤੀ। ਬੇਸ਼ੱਕ ਪੱਛਮੀ ਸੱਭਿਅਤਾ ਦੇ ਪ੍ਰਭਾਵ ਅਧੀਨ ਗਾਇਕੀ ਦਾ ਸ਼ੋਰ ਸ਼ਰਾਬਾ ਕਾਫ਼ੀ ਵਧ ਗਿਆ ਹੈ, ਪ੍ਰੰਤੂ ‘ਮੁਹੰਮਦ ਸਦੀਕ ਮਾਡਲ’ ਅਖਾੜਿਆਂ ਵਿੱਚ ਅਜੇ ਵੀ ਮੋਹਰੀ ਰੋਲ ਅਦਾ ਕਰ ਰਿਹਾ ਹੈ। ਅੱਜਕੱਲ੍ਹ ਜੇਕਰ ਅਖਾੜਾ-ਕਲਚਰ ਜਿਊਂਦਾ ਹੈ ਤਾਂ ਸਿਰਫ਼ ਮੁਹੰਮਦ ਸਦੀਕ ਕਰਕੇ ਹੀ ਜਿਊਂਦਾ ਹੈ। ਉਹ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਕਰਨ ਵਾਲਾ ਕਲਾਕਾਰ ਹੈ। ਇਹ ਵੀ ਉਸ ਦੀ ਫਰਾਖ਼ਦਿਲੀ ਹੈ ਕਿ ਉਸ ਨੇ ਕਦੇ ਵੀ ਆਪਣੇ ਸਰੋਤਿਆਂ ਦੀਆਂ ਭਾਵਨਾਵਾਂ ਦਾ ਨਾਜਾਇਜ਼ ਫਾਇਦਾ ਨਹੀਂ ਉਠਾਇਆ। ਉਸ ਨੂੰ ਇਹ ਵੀ ਪਤਾ ਸੀ ਕਿ ਉਸ ਦਾ ਸਰੋਤਾ-ਵਰਗ ਕਮਜ਼ੋਰ ਆਰਥਿਕ-ਦਸ਼ਾ ਵਾਲਾ ਹੈ। ਇਸੇ ਕਰਕੇ ਉਸ ਨੇ ਕਦੇ ਆਪਣੇ ਰੇਟ ਵਿੱਚ ਚੋਖਾ ਵਾਧਾ ਨਹੀਂ ਕੀਤਾ। ਉਸ ਦਾ ਰੇਟ ਉਹ ਹੀ ਹੁੰਦਾ ਹੈ, ਜਿਸ ਨੂੰ ਆਮ ਲੋਕ ਸਹਿਣ ਕਰ ਸਕਣ। ਮੁਹੰਮਦ ਸਦੀਕ ਤੇ ਬਾਬੂ ਸਿੰਘ ਮਾਨ ਦੀ ਵਿਸ਼ੇਸ਼ਤਾ ਇਹ ਹੈ ਕਿ ਉਹ ਦੋਵੇਂ ਉਮਰ ਦੇ ਅੱਠ ਦਹਾਕੇ ਪੂਰੇ ਕਰਨ ਦੇ ਬਾਵਜੂਦ ਗੱਭਰੂ ਹਨ। ਇਹ ਸਿਰਫ਼ ਲੋਕਾਂ ਦੇ ਪਿਆਰ ਸਦਕਾ ਹੀ ਹੈ। ਉਸ ਦੇ ਸਰੋਤਿਆਂ ਦੀ ਦੁਆ ਹੈ ਕਿ ਮੁਹੰਮਦ ਸਦੀਕ ਦੀਆਂ ਨਾਟਕੀ ਅਦਾਵਾਂ ਤੇ ਪੇਸ਼ਕਾਰੀ ’ਤੇ ਕਦੇ ਬੁਢਾਪਾ ਨਾ ਆਵੇ।

ਸੰਪਰਕ: 95010-12199

Advertisement
×