ਅਜੋਕਾ ਬਚਪਨ ਤੇ ਮਾਪੇ
‘ਘਰ-ਪਰਿਵਾਰ’ ਸ਼ਬਦ ਆਪਣੇ ਆਪ ਵਿੱਚ ਇੱਕ ਸੰਪੂਰਨ ਸ਼ਬਦ ਹੈ ਜਿਸ ਨੂੰ ਉਚਾਰਦਿਆਂ ਹੀ ਸਾਡੇ ਦਿਮਾਗ਼ ਵਿੱਚ ਘਰ ਦੀ ਚਾਰਦੀਵਾਰੀ ਅੰਦਰ ਇੱਕ ਸੋਹਣੇ ਜਿਹੇ ਪਰਿਵਾਰ ਦੀ ਤਸਵੀਰ ਘੁੰਮਣ ਲੱਗਦੀ ਹੈ। ਇਸ ਵਿੱਚ ਵੱਡੇ ਬਜ਼ੁਰਗ, ਮਾਤਾ-ਪਿਤਾ ਅਤੇ ਬੱਚੇ ਹੁੰਦੇ ਹਨ। ਜੇ ਦੇਖਿਆ...
‘ਘਰ-ਪਰਿਵਾਰ’ ਸ਼ਬਦ ਆਪਣੇ ਆਪ ਵਿੱਚ ਇੱਕ ਸੰਪੂਰਨ ਸ਼ਬਦ ਹੈ ਜਿਸ ਨੂੰ ਉਚਾਰਦਿਆਂ ਹੀ ਸਾਡੇ ਦਿਮਾਗ਼ ਵਿੱਚ ਘਰ ਦੀ ਚਾਰਦੀਵਾਰੀ ਅੰਦਰ ਇੱਕ ਸੋਹਣੇ ਜਿਹੇ ਪਰਿਵਾਰ ਦੀ ਤਸਵੀਰ ਘੁੰਮਣ ਲੱਗਦੀ ਹੈ। ਇਸ ਵਿੱਚ ਵੱਡੇ ਬਜ਼ੁਰਗ, ਮਾਤਾ-ਪਿਤਾ ਅਤੇ ਬੱਚੇ ਹੁੰਦੇ ਹਨ। ਜੇ ਦੇਖਿਆ ਜਾਵੇ ਤਾਂ ਜ਼ਮਾਨੇ ਦੇ ਬਦਲਣ ਨਾਲ ਪਰਿਵਾਰਾਂ ਦੇ ਢਾਂਚੇ, ਰਹਿਣ-ਸਹਿਣ ਦੇ ਤਰੀਕੇ, ਬੱਚਿਆਂ ਦਾ ਪਾਲਣ-ਪੋਸ਼ਣ ਕਰਨ ਦੇ ਤੌਰ ਤਰੀਕੇ ਸਭ ਕੁਝ ਬਦਲ ਗਿਆ ਹੈ।
ਅੱਜ ਦਾ ਬਚਪਨ ਪਹਿਲਾਂ ਵਾਲੇ ਬਚਪਨ ਦੇ ਮੁਕਾਬਲੇ ਬਹੁਤ ਸੁੱਖ ਸਹੂਲਤਾਂ ਨਾਲ ਭਰਪੂਰ ਆਰਾਮਦਾਇਕ ਬਚਪਨ ਬਣ ਗਿਆ ਹੈ। ਪਹਿਲਾਂ ਮਨੁੱਖ ਆਪਣੇ ਬਚਪਨ ਦੇ ਸਖ਼ਤ ਹਾਲਾਤ ਤੋਂ ਗੁਜ਼ਰਦਿਆਂ ਹੋਇਆਂ ਆਪਣੀ ਜ਼ਿੰਦਗੀ ਵਿੱਚ ਆਉਣ ਵਾਲੀਆਂ ਕਈ ਤਰ੍ਹਾਂ ਦੀਆਂ ਔਕੜਾਂ ਵਿੱਚੋਂ ਗੁਜ਼ਰਨਾ ਸਹਿਜ ਸੁਭਾਅ ਹੀ ਸਿੱਖ ਜਾਂਦਾ ਸੀ। ਅੱਜਕੱਲ੍ਹ ਦੇ ਮਾਪਿਆਂ ਵੱਲੋਂ ਔਲਾਦ ਨੂੰ ਮਹਿੰਗੇ ਕੱਪੜੇ, ਵਧੀਆ ਤੋਂ ਵਧੀਆ ਬਸਤੇ, ਮਹਿੰਗੀ ਸਟੇਸ਼ਨਰੀ ਪ੍ਰਦਾਨ ਕਰਨ ਤੋਂ ਸ਼ੁਰੂ ਹੋ ਕੇ ਕਾਲਜ ਵਿੱਚ ਪਹੁੰਚਦੇ ਪਹੁੰਚਦੇ ਵੱਡੀਆਂ ਵੱਡੀਆਂ ਕਾਰਾਂ ਜਾਂ ਮਹਿੰਗੇ ਮੋਟਰਸਾਈਕਲਾਂ ਤੱਕ ਪਹੁੰਚ ਜਾਂਦੀ ਹੈ।
ਪਿਆਂ ਦੀ ਪਦਾਰਥਵਾਦੀ ਸੋਚ ਬੱਚਿਆਂ ਨੂੰ ਵੀ ਪਦਾਰਥਵਾਦੀ ਸੋਚ ਦਾ ਧਾਰਨੀ ਇਸ ਤਰ੍ਹਾਂ ਬਣਾ ਦਿੰਦੀ ਹੈ ਕਿ ਉਨ੍ਹਾਂ ਨੂੰ ਆਪਣੇ ਆਲੇ ਦੁਆਲੇ ਵਿੱਚੋਂ ਕਿਸੇ ਕੋਲੋਂ ਵਧੀਆ ਗੱਲਾਂ, ਨੈਤਿਕ ਕਦਰਾਂ ਕੀਮਤਾਂ ਇਕੱਠੀਆਂ ਕਰਨ ਦਾ ਹੁਨਰ ਆਉਣ ਦੀ ਬਜਾਏ ਉਹ ਆਪਣੇ ਆਲੇ ਦੁਆਲੇ ਦੇ ਲੋਕਾਂ ਵਿੱਚੋਂ ਅਮੀਰ ਲੋਕਾਂ ਨੂੰ ਚੁਣ ਕੇ ਉਨ੍ਹਾਂ ਦੁਆਰਾ ਵਰਤੀਆਂ ਜਾਣ ਵਾਲੀਆਂ ਮਹਿੰਗੀਆਂ ਵਸਤੂਆਂ ਨੂੰ ਚੁਣਨ ਲੱਗਦਾ ਹੈ। ਫਿਰ ਉਹੀ ਵਸਤਾਂ ਇਕੱਠੀਆਂ ਕਰਨ ਦੀ ਲਾਲਸਾ ਕਰਨ ਲੱਗਦਾ ਹੈ, ਜਿਸ ਦਾ ਨਤੀਜਾ ਮਾਪਿਆਂ ਉੱਤੇ ਭਾਰੂ ਪੈਂਦਾ ਹੈ।
ਮੰਨਿਆ ਕਿ ਸਮਿਆਂ ਦੇ ਸੰਗੀ ਬਣ ਕੇ ਚੱਲਣਾ ਹੀ ਪੈਂਦਾ ਹੈ, ਪਰ ਇਸ ਦਾ ਇਹ ਮਤਲਬ ਹਰਗਿਜ਼ ਨਹੀਂ ਹੁੰਦਾ ਕਿ ਅਸੀਂ ਆਪਣੇ ਪਿਛੋਕੜ ਨੂੰ ਬਿਲਕੁਲ ਹੀ ਵਿਸਾਰ ਦੇਈਏ। ਅੱਜਕੱਲ੍ਹ ਦੇ ਮਾਪੇ ਤਾਂ ਬੱਚੇ ਦਾ ਜਨਮ ਤੋਂ ਪਹਿਲਾਂ ਹੀ ਫੋਟੋਸ਼ੂਟ ਕਰਵਾ ਕੇ ਉਸ ਨੂੰ ਅਮੀਰ ਹੋਣ ਦਾ ਅਹਿਸਾਸ ਕਰਵਾਉਣ ਲੱਗ ਪਏ ਹਨ, ਜੰਮਦਿਆਂ ਹੀ ਉਸ ਦੇ ਆਲੇ ਦੁਆਲੇ ਮਹਿੰਗੇ ਮਹਿੰਗੇ ਤੋਹਫ਼ਿਆਂ ਦੀ ਭਰਮਾਰ, ਜਨਮ ਦਿਨ ਦੀ ਥਾਂ ਹਰ ਮਹੀਨੇ ਜਨਮ ਦਿਨ ਮਨਾਉਣ ਦਾ ਰਿਵਾਜ ਤੋਰਨਾ ਮਹਿਜ਼ ਫੁਕਰੇਪਣ ਤੋਂ ਇਲਾਵਾ ਹੋਰ ਕੁਝ ਨਹੀਂ ਕਿਹਾ ਜਾ ਸਕਦਾ ਕਿਉਂਕਿ ਇਨ੍ਹਾਂ ਗੱਲਾਂ ਦਾ ਮਨੁੱਖ ਦੀ ਝੂਠੀ ਸ਼ੁਹਰਤ ਜਾਂ ਵਿਖਾਵੇ ਦੀ ਜ਼ਿੰਦਗੀ ਵਿੱਚ ਤਾਂ ਕੋਈ ਸਥਾਨ ਹੋ ਸਕਦਾ ਹੈ, ਪਰ ਆਮ ਜ਼ਿੰਦਗੀ ਵਿੱਚ ਇਨ੍ਹਾਂ ਗੱਲਾਂ ਦਾ ਕੋਈ ਖ਼ਾਸ ਮਹੱਤਵ ਨਹੀਂ ਹੁੰਦਾ। ਆਪਣੇ ਵੱਡਿਆਂ ਦੇ ਹੱਥਾਂ ਦੇ ਝੂਲਿਆਂ ਵਿੱਚ ਝੂਲ ਝੂਲ ਕੇ, ਮਿੱਠੀਆਂ ਮਿੱਠੀਆਂ ਲੋਰੀਆਂ ਸੁਣਨ ਨਾਲ ਬੱਚਿਆਂ ਨੂੰ ਜਿਹੜਾ ਸਕੂਨ ਮਿਲਦਾ ਹੈ, ਉਹ ਸੋਨੇ ਦੇ ਪੰਘੂੜਿਆਂ ਦੇ ਹੁਲਾਰਿਆਂ ਵਿੱਚ ਕਦੇ ਨਹੀਂ ਮਿਲ ਸਕਦਾ।
ਬਚਪਨ ਇੱਕ ਉਹ ਅਵਸਥਾ ਹੈ ਜਿਸ ਵਿੱਚ ਮਾਪੇ ਆਪਣੇ ਬੱਚਿਆਂ ਨੂੰ ਆਉਣ ਵਾਲੀ ਜ਼ਿੰਦਗੀ ਦੇ ਲੰਮੇ ਪੈਂਡਿਆਂ ਦੇ ਸਫ਼ਰ ਲਈ ਤਿਆਰ ਕਰ ਰਹੇ ਹੁੰਦੇ ਹਨ। ਕੁਝ ਕੁ ਦਹਾਕੇ ਪਹਿਲਾਂ ਦੇ ਬੱਚੇ ਅੱਜਕੱਲ੍ਹ ਦੀਆਂ ਸੁੱਖ ਸਹੂਲਤਾਂ ਤੋਂ ਸੱਖਣੇ ਸਨ। ਉਹ ਆਪਣੇ ਆਪ ਹੀ ਖੇਡਾਂ ਬਣਾ ਲੈਂਦੇ ਸਨ ਤੇ ਆਪਣੇ ਆਪ ਹੀ ਆਲੇ ਦੁਆਲੇ ਵਿੱਚੋਂ ਕੁਝ ਸਾਮਾਨ ਇਕੱਠਾ ਕਰ ਕੇ ਖੇਡ ਲੈਂਦੇ ਸਨ, ਜਿਵੇਂ ਲੀਰਾਂ ਜਾਂ ਕਾਗਜ਼ਾਂ ਨੂੰ ਗੁੱਛਮੁੱਛ ਕਰਕੇ ਖੁੱਦੋ ਬਣਾ ਲੈਂਦੇ ਸਨ ਤੇ ਕੋਈ ਸੋਟੀ ਨੂੰ ਖੂੰਡੀ ਬਣਾ ਕੇ ਖਿੱਦੋ ਖੂੰਡੀ ਖੇਡ ਲੈਂਦੇ ਸਨ। ਦਰੱਖਤ ਦੀ ਟਾਹਣੀ ਨਾਲੋਂ ਅੰਗਰੇਜ਼ੀ ਦੇ ‘ਵਾਈ’ ਆਕਾਰ ਦੀ ਛੋਟੀ ਜਿਹੀ ਟਾਹਣੀ ਤੋੜ ਕੇ ਗੁਲੇਲ ਬਣਾ ਲੈਂਦੇ ਸਨ। ਉਸ ਨਾਲ ਛੋਟੇ ਪੱਥਰਾਂ ਨਾਲ ਨਿਸ਼ਾਨੇਬਾਜ਼ੀ ਸਿੱਖ ਜਾਂਦੇ ਸਨ ਜਾਂ ਅਨੇਕਾਂ ਇਹੋ ਜਿਹੀਆਂ ਹੋਰ ਖੇਡਾਂ ਖੇਡਦੇ ਸਨ। ਅੱਜ ਦੀਆਂ ਵੱਡੀਆਂ ਖੇਡਾਂ ਦਾ ਮੂਲ ਆਧਾਰ ਇਹੀ ਦੇਸੀ ਖੇਡਾਂ ਹਨ ਜੋ ਪੁਰਾਣੇ ਬਚਪਨਾਂ ਦੀ ਕਾਢ ਮੰਨੀਆਂ ਜਾ ਸਕਦੀਆਂ ਹਨ।
ਬੱਚੇ ਕਈ ਇਹੋ ਜਿਹੀਆਂ ਖੇਡਾਂ ਜਿਵੇਂ ਕੋਟਲਾ ਛਪਾਕੀ, ਸ਼ਟਾਪੂ, ਭੰਡਾ ਭੰਡਾਰੀਆ ਆਦਿ ਆਪ ਹੀ ਬਣਾ ਲੈਂਦੇ ਸਨ ਜਿਸ ਵਿੱਚ ਕੋਈ ਸਾਮਾਨ ਦੀ ਜ਼ਰੂਰਤ ਹੀ ਨਾ ਪੈਂਦੀ। ਇਸ ਗੱਲ ਤੋਂ ਇਹੀ ਸਿੱਧ ਹੁੰਦਾ ਹੈ ਕਿ ਪਹਿਲਾਂ ਬੱਚੇ ਖੋਜੀ ਪ੍ਰਵਿਰਤੀ ਦੇ ਹੁੰਦੇ ਸਨ। ਉਹ ਆਪਣੇ ਆਪ ਹੀ ਹਾਲਾਤ ਨਾਲ ਸਮਝੌਤਾ ਕਰ ਲੈਂਦੇ ਸਨ। ਉਹ ਬਹੁਤ ਸਬਰ ਸੰਤੋਖ ਵਾਲੇ ਅਤੇ ਆਪੇ ਖ਼ੁਸ਼ੀਆਂ ਲੱਭਣ ਵਰਗੇ ਨੈਤਿਕ ਗੁਣ ਲੱਭ ਕੇ ਉਨ੍ਹਾਂ ਦੇ ਧਾਰਨੀ ਬਣ ਜਾਂਦੇ ਸਨ, ਪਰ ਅੱਜਕੱਲ੍ਹ ਦੇ ਬੱਚਿਆਂ ਨੂੰ ਸੁਰਤ ਸੰਭਾਲਦਿਆਂ ਹੀ ਪਦਾਰਥਾਂ ਦੀ ਅਹਿਮੀਅਤ ਦਿਖਾਈ ਦੇਣ ਲੱਗਦੀ ਹੈ ਜਿਸ ਨਾਲ ਇਹ ਸਭ ਕੁਝ ਉਨ੍ਹਾਂ ਉੱਤੇ ਐਨਾ ਭਾਰੂ ਹੋ ਜਾਂਦਾ ਹੈ ਕਿ ਉਹ ਛੋਟੀਆਂ ਛੋਟੀਆਂ ਗੱਲਾਂ ਲਈ ਦੂਜਿਆਂ ਉੱਤੇ ਜਾਂ ਵਸਤਾਂ ’ਤੇ ਨਿਰਭਰ ਹੋਣ ਲੱਗਦੇ ਹਨ। ਉਨ੍ਹਾਂ ਦੀ ਸੋਚ ਅੰਦਰ ਸੌੜਾਪਣ ਪੈਦਾ ਹੋ ਕੇ ਉਹ ਤੰਗ ਦਿਲ ਜਿਹੇ ਇਨਸਾਨ ਵਜੋਂ ਉੱਭਰਨ ਲੱਗਦੇ ਹਨ। ਇਹੀ ਕਾਰਨ ਹੈ ਕਿ ਅੱਜ ਦੀ ਦੁਨੀਆ ਬਹੁਤ ਤੰਗਦਿਲ ਲੋਕਾਂ ਦੀ ਬਣਦੀ ਜਾ ਰਹੀ ਹੈ। ਅੱਜ ਦੇ ਬੱਚਿਆਂ ਵਿੱਚ ਸਹਿਣਸ਼ੀਲਤਾ ਘਟਣ ਦਾ ਕਾਰਨ ਵੀ ਇਹੀ ਹੈ। ਉਨ੍ਹਾਂ ਦੀਆਂ ਜ਼ਰੂਰਤਾਂ ਪੂਰੀਆਂ ਨਾ ਹੋਣ ਕਰਕੇ ਉਨ੍ਹਾਂ ਵਿੱਚ ਗੱਲ ਗੱਲ ’ਤੇ ਗੁੱਸਾ ਕਰਨ ਦੀ ਆਦਤ ਵਧ ਰਹੀ ਹੈ।
ਜੇ ਸੱਚਮੁੱਚ ਮਾਪੇ ਆਪਣੇ ਬੱਚਿਆਂ ਨੂੰ ਇੱਕ ਦਮਦਾਰ ਸ਼ਖ਼ਸੀਅਤ ਦੇ ਮਾਲਕ ਬਣਾਉਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਮਹਿੰਗੀਆਂ ਵਸਤੂਆਂ ਖ਼ਰੀਦ ਕੇ ਦੇਣ ਦੀ ਥਾਂ ਪੁਰਾਣੇ ਬਚਪਨਾਂ ਵਾਂਗ ਖੁੱਲ੍ਹਾ ਡੁੱਲ੍ਹਾ ਮਾਹੌਲ ਸਿਰਜਣ ਦੀ ਲੋੜ ਹੈ ਜਿਸ ਵਿੱਚ ਉਹ ਆਪਣੇ ਆਪ ਨੂੰ ਮਾਨਸਿਕ ਤੌਰ ’ਤੇ ਆਜ਼ਾਦ ਮਹਿਸੂਸ ਕਰ ਸਕਣ। ਅੱਜਕੱਲ੍ਹ ਮਾਪਿਆਂ ਵੱਲੋਂ ਆਪਣੇ ਰੁਝੇਵਿਆਂ ਵਿੱਚੋਂ ਕੁਝ ਸਮਾਂ ਕੱਢ ਕੇ ਪਰਿਵਾਰਕ ਮਾਹੌਲ ਵਿੱਚ ਬੱਚਿਆਂ ਨੂੰ ਖੁੱਲ੍ਹ ਕੇ ਖੇਡਣ ਲਈ ਮੌਕੇ ਪ੍ਰਦਾਨ ਕੀਤੇ ਜਾਣ ਦੀ ਲੋੜ ਹੈ। ਉਨ੍ਹਾਂ ਅੰਦਰ ਆਪਣੇ ਦਿਲ ਦੀ ਗੱਲ ਖੁੱਲ੍ਹ ਕੇ ਦੱਸਣ ਦੇ ਮੌਕੇ ਪ੍ਰਦਾਨ ਕੀਤੇ ਜਾਣੇ ਚਾਹੀਦੇ ਹਨ। ਅੱਜ ਦਾ ਬਚਪਨ ਸਕੂਲ ਦੀ ਚਾਰਦੀਵਾਰੀ ਤੇ ਫਿਰ ਘਰ ਆ ਕੇ ਟਿਊਸ਼ਨਾਂ ਦੀ ਚਾਰਦੀਵਾਰੀ ਦੇ ਅੰਦਰ ਤੇ ਫਿਰ ਘਰ ਵਿੱਚ ਬੱਚਿਆਂ ਵਾਲੇ ਕਮਰੇ ਦੀ ਚਾਰਦੀਵਾਰੀ ਵਿੱਚ ਕੈਦ ਹੁੰਦਾ ਜਾ ਰਿਹਾ ਹੈ।
ਐਕਟੀਵਿਟੀ (ਕਾਰਜਸ਼ੀਲ ਪੜ੍ਹਾਈ ਪ੍ਰਣਾਲੀ) ਦੇ ਨਾਂ ’ਤੇ ਹੋਣ ਵਾਲੀ ਪੜ੍ਹਾਈ ਵਿੱਚ ਬੱਚਾ ਐਨਾ ਉਲਝਿਆ ਹੁੰਦਾ ਹੈ ਕਿ ਉਹ ਮਾਪਿਆਂ ਜਾਂ ਹੋਰਾਂ ਦੀ ਮਦਦ ਨਾਲ ਉਸ ਕੰਮ ਨੂੰ ਪੂਰਾ ਕਰਦਾ ਨਜ਼ਰ ਆਉਂਦਾ ਹੈ। ਜਿਸ ਦੇ ਬੋਝ ਹੇਠ ਉਸ ਦੇ ਖੁੱਲ੍ਹ ਕੇ ਜਿਊਣ ਵਾਲਾ ਬਚਪਨ ਆਪਣੇ ਆਪ ਖ਼ਤਮ ਹੋ ਜਾਂਦਾ ਹੈ। ਕਈ ਵਾਰ ਵੇਖਣ ਵਿੱਚ ਆਇਆ ਹੈ ਕਿ ਛੋਟੀਆਂ ਜਮਾਤਾਂ ਤੋਂ ਲੈ ਕੇ ਵੱਡੀਆਂ ਜਮਾਤਾਂ ਤੱਕ ਦੇ ਬੱਚਿਆਂ ਦੇ ਮਾਪੇ ਉਨ੍ਹਾਂ ਨੂੰ ਮੁੱਲ ਦੇ ਪ੍ਰਾਜੈਕਟ ਖ਼ਰੀਦ ਕੇ ਦਿੰਦੇ ਹਨ ਜਿਸ ਕਾਰਨ ਬੱਚਾ ਚੰਗੇ ਨੰਬਰ ਤਾਂ ਲੈ ਲੈਂਦਾ ਹੈ, ਪਰ ਅਸਲੀ ਜਾਣਕਾਰੀ ਤੋਂ ਸੱਖਣਾ ਰਹਿ ਜਾਂਦਾ ਹੈ। ਬੱਚਾ ਓਨਾ ਹੀ ਸਿੱਖਦਾ ਹੈ ਜਿੰਨਾ ਉਸ ਨੂੰ ਪੜ੍ਹਾਇਆ ਜਾਂ ਸਿਖਾਇਆ ਜਾਂਦਾ ਹੈ। ਇਸ ਵਿੱਚ ਕਿਧਰੇ ਵੀ ਸਹਿਣਸ਼ੀਲਤਾ, ਸਨੇਹ, ਰੁੱਸਣਾ ਮੰਨਣਾ ਵਰਗੇ ਗੁਣ ਨਹੀਂ ਲੱਭਦੇ ਹਨ। ਅੱਜ ਦੇ ਬਚਪਨ ਵਿੱਚ ਮਾਪਿਆਂ ਦੀ ਹਿੱਸੇਦਾਰੀ ਸਿਰਫ਼ ਪੈਸਾ, ਸੁੱਖ ਸਹੂਲਤਾਂ, ਵਧੀਆ ਸਕੂਲ, ਵਧੀਆ ਟਿਊਟਰ ਅਤੇ ਬੱਚਿਆਂ ਨੂੰ ਸਕੂਲ ਛੱਡਣ ਜਾਂ ਲਿਆਉਣ ਜਿੰਨੀ ਹੀ ਰਹਿ ਗਈ ਹੈ।
ਇਸ ਸਭ ਕੁਝ ਨੂੰ ਅੱਜ ਦੇ ਮਾਪੇ ਆਪਣੇ ਵੱਲੋਂ ਦਿੱਤੀ ਜਾਣ ਵਾਲੀ ਵਧੀਆ ਪਰਵਰਿਸ਼ ਦਾ ਨਾਂ ਦਿੰਦੇ ਹਨ ਜਦ ਕਿ ਇਹ ਸਭ ਕੁਝ ਕਾਫ਼ੀ ਨਹੀਂ ਹੈ ਅਤੇ ਉਹ ਆਪਣੇ ਬੱਚਿਆਂ ਨੂੰ ਪੂਰੀ ਤਰ੍ਹਾਂ ਉਨ੍ਹਾਂ ਦੇ ਅਸਲੀ ਹੱਕਾਂ ਤੋਂ ਵਾਂਝੇ ਰੱਖ ਰਹੇ ਹੁੰਦੇ ਹਨ। ਅੱਜ ਦਾ ਬਚਪਨ ਖੁੱਲ੍ਹੇ ਅਸਮਾਨਾਂ ਦੀਆਂ ਹਵਾਵਾਂ ਵਿੱਚ ਖੁੱਲ੍ਹ ਕੇ ਜਿਊਣ ਤੋਂ ਵਾਂਝਾ ਹੋ ਗਿਆ ਹੈ। ਜਿਸ ਨਾਲ ਉਹ ਜਵਾਨੀ ਵਿੱਚ ਭਟਕਣ ਮਹਿਸੂਸ ਕਰਦਾ ਹੋਇਆ ਕੁਰਾਹੇ ਪੈ ਜਾਂਦਾ ਹੈ। ਉਹ ਇਸ ਸਭ ਦੀ ਕਮੀ ਆਪਣੇ ਦੋਸਤਾਂ ਨਾਲ ਅੱਧੀ ਅੱਧੀ ਰਾਤ ਤੱਕ ਘੁੰਮ ਫਿਰ ਕੇ ਪੂਰੀ ਕਰਦਾ ਹੈ। ਲੋੜ ਹੈ ਅੱਜ ਦੇ ਮਾਪਿਆਂ ਵੱਲੋਂ ਆਪਣੇ ਬੱਚਿਆਂ ਦੇ ਬਚਪਨ ਨੂੰ ਸੰਭਾਲਣ ਦੀ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਦਾ ਸਹੀ ਮਾਰਗਦਰਸ਼ਨ ਕਰਕੇ ਫਿਰ ਤੋਂ ਇੱਕ ਨਰੋਆ ਸਮਾਜ ਸਿਰਜਣ ਦੇ ਯੋਗ ਹੋ ਸਕੀਏ।
ਸੰਪਰਕ: 99889-01324