DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮਿਲਿ ਮੇਘ ਧਰ ਸੁਹਾਗ

ਡਾ. ਰਾਜਵੰਤ ਕੌਰ ਪੰਜਾਬੀ ਗੁਰੂ ਨਾਨਕ ਪਾਤਸ਼ਾਹ ਦਾ ਇਹ ਫੁਰਮਾਨ ਰਾਗ ਮਲਾਰ ਅਧੀਨ ਦਰਜ ਹੈ, ਜੇਹੀ ਰੁਤਿ ਕਾਇਆ ਸੁਖੁ ਤੇਹਾ ਤੇਹੋ ਜੇਹੀ ਦੇਹੀ॥ ਸੱਚਮੁੱਚ ਛੇ ਰੁੱਤਾਂ ਵਿੱਚੋਂ ਵਰਖਾ ਰੁੱਤ ਸਾਡੇ ਚੌਗਿਰਦੇ ਤੇ ਦੇਹੀ ਨੂੰ ਵਿਸ਼ੇਸ਼ ਸੁੱਖ ਪ੍ਰਦਾਨ ਕਰਦੀ ਹੈ। ਇਹ...
  • fb
  • twitter
  • whatsapp
  • whatsapp
Advertisement

ਡਾ. ਰਾਜਵੰਤ ਕੌਰ ਪੰਜਾਬੀ

ਗੁਰੂ ਨਾਨਕ ਪਾਤਸ਼ਾਹ ਦਾ ਇਹ ਫੁਰਮਾਨ ਰਾਗ ਮਲਾਰ ਅਧੀਨ ਦਰਜ ਹੈ, ਜੇਹੀ ਰੁਤਿ ਕਾਇਆ ਸੁਖੁ ਤੇਹਾ ਤੇਹੋ ਜੇਹੀ ਦੇਹੀ॥ ਸੱਚਮੁੱਚ ਛੇ ਰੁੱਤਾਂ ਵਿੱਚੋਂ ਵਰਖਾ ਰੁੱਤ ਸਾਡੇ ਚੌਗਿਰਦੇ ਤੇ ਦੇਹੀ ਨੂੰ ਵਿਸ਼ੇਸ਼ ਸੁੱਖ ਪ੍ਰਦਾਨ ਕਰਦੀ ਹੈ। ਇਹ ਗਰਮੀ ਤੋਂ ਅੱਕੇ ਤੇ ਤੌਬਾ ਕਰ ਚੁੱਕੇ ਜੀਵ-ਜਗਤ ਨੂੰ ਮੁੜ ਸ਼ਕਤੀ ਪ੍ਰਦਾਨ ਕਰਦੀ ਹੈ। ਗਰਮੀ ਵਿੱਚ ਅੰਦਰ-ਬਾਹਰ ਦੀ ਤਪਸ਼ ਕਾਰਨ ਮਨ ਦੀ ਗੁਆਚੀ ਹੋਈ ਸ਼ਾਂਤੀ, ਵਿਆਕੁਲਤਾ ਤੇ ਸਹਿਜਤਾ ਨੂੰ ਵਾਪਸ ਲਿਆਉਣ ਵਾਲੀ ਰੁੱਤ ਦੇ ਸਾਉਣ-ਭਾਦੋਂ ਮਹੀਨੇ ਲਾਹੇਵੰਦ ਹੋਣ ਕਾਰਨ ਲੋਕ-ਮਨਾਂ ਨੂੰ ਮੋਹ ਲੈਂਦੇ ਹਨ। ਇਨ੍ਹਾਂ ਦੋ ਮਹੀਨਿਆਂ ਵਿੱਚ ਹੋਣ ਵਾਲੀ ਵਰਖਾ ਜੀਵ-ਜਗਤ ਲਈ ਬੜੀ ਸ਼ੁਭ ਮੰਨੀ ਜਾਂਦੀ ਹੈ। ਸਾਉਣ ਦਾ ਇੱਕ ਵਿਸ਼ੇਸ਼ਕ ਮਘਵਨ ਹੈ ਜਿਸ ਦਾ ਅਰਥ ਉਦਾਰ ਜਾਂ ਬਖ਼ਸ਼ਿਸ਼ ਕਰਨ ਵਾਲਾ ਹੈ। ਇਹ ਬਖ਼ਸ਼ਿਸ਼ ਸੁੱਕੀ ਧਰਤੀ ’ਤੇ ਮੀਂਹ ਪਾਉਣ ਤੇ ਸਭ ਪਾਸੇ ਹਰਿਆਵਲ ਛਾ ਜਾਣ ਵਿੱਚ ਨਜ਼ਰ ਆਉਂਦੀ ਹੈ। ਪੰਚਮ ਪਾਤਸ਼ਾਹ ਲਿਖਦੇ ਹਨ, ਮਿਲਿ ਮੇਘ ਧਰ ਸੁਹਾਗ॥ ਅਰਥਾਤ ਮੀਂਹ ਵਸਣ ਨਾਲ ਧਰਤੀ ਸੁਹਾਗਣ ਹੁੰਦੀ ਹੈ। ਇਸ ਲਈ ਵਰਖਾ ਰੁੱਤ ਦਾ ਸਵਾਗਤ ਕਰਦੀਆਂ ਸੁਆਣੀਆਂ ਘਰਾਂ ਵਿੱਚ ਸਵਾਦੀ ਪਕਵਾਨ ਬਣਾਉਂਦੀਆਂ ਹਨ।

ਕੜਕਵੀਂ ਧੁੱਪ ਕਾਰਨ ਬਾਲ, ਜਵਾਨ ਤੇ ਬਜ਼ੁਰਗ ਸਾਉਣ ਮਹੀਨੇ ਦੇ ਆਰੰਭ ਲਈ ਤਰਸਦੇ ਹਨ। ਪੰਜਾਬੀਆਂ ਦੇ ਘਰਾਂ ਦੀਆਂ ਦੀਵਾਰਾਂ ’ਤੇ ਟੰਗੇ ਅੰਗਰੇਜ਼ੀ ਮਹੀਨਿਆਂ ਵਾਲੇ ਕੈਲੰਡਰ ਉਨ੍ਹਾਂ ਦੇ ਮਨਾਂ ਵਿੱਚ ਵਸੀਆਂ ਦੇਸੀ ਰੁੱਤਾਂ ਦੀ ਬਾਤ ਨਹੀਂ ਪਾਉਂਦੇ। ਜੁਲਾਈ-ਅਗਸਤ ਦੇ ਨਾਂ ਲਓ ਤਾਂ ਇਹ ਸਾਉਣ ਮਹੀਨੇ ਦੇ ਬਰਸਾਤੀ ਮੌਸਮ ਵਿੱਚ ਵੇਖਣ ਨੂੰ ਮਿਲਦੇ ਭਿੰਨ-ਭਿੰਨ ਸੁਹਾਵਣੇ ਦ੍ਰਿਸ਼ਾਂ ਨੂੰ ਸਾਕਾਰ ਨਹੀਂ ਕਰਦੇ। ਸਾਡੇ ਬਾਗ਼-ਬਗ਼ੀਚਿਆਂ ਤੇ ਖੇਤਾਂ ਵਿੱਚ ਦੇਸੀ ਮਹੀਨੇ ਬਦਲਦੇ ਹਨ, ਅੰਗਰੇਜ਼ੀ ਨਹੀਂ। ਸਾਡੇ ਵੱਡੇ-ਵਡੇਰਿਆਂ ਦਾ ਵਿਗਿਆਨ ਪ੍ਰਕਿਰਤੀ, ਸੂਰਜ, ਚੰਦਰਮਾ, ਹਵਾ, ਪਸ਼ੂ-ਪੰਛੀ, ਦਿਨਾਂ-ਮਹੀਨਿਆਂ ਤੇ ਬੱਦਲਾਂ ਦੇ ਰੰਗ-ਢੰਗ ’ਤੇ ਆਧਾਰਿਤ ਹੁੰਦਾ ਸੀ। ਵਾਤਾਵਰਨ ਦੇ ਪਰਿਵਰਤਨ ਪ੍ਰਤੀ ਜੀਵ-ਜਗਤ ਤੇ ਵਣ-ਬਨਸਪਤੀ ਦੀ ਸੰਵੇਦਨਸ਼ੀਲਤਾ ਨੂੰ ਉਹ ਧਿਆਨ ਨਾਲ ਵਾਚਦੇ-ਵਾਚਦੇ ਮੌਸਮ ਵਿਗਿਆਨੀ ਬਣ ਜਾਂਦੇ ਸਨ ਅਤੇ ਪੂਰਵ ਅਨੁਮਾਨ ਲਗਾ ਲੈਂਦੇ ਸਨ ਕਿ ਬਾਰਸ਼ਾਂ ਹੋਣਗੀਆਂ ਜਾਂ ਅਕਾਲ ਪਵੇਗਾ।

Advertisement

ਸਾਉਣ ਚੜ੍ਹਦਾ ਹੈ ਤਾਂ ਬਾਲਾਂ, ਜਵਾਨਾਂ ਤੇ ਬਜ਼ੁਰਗਾਂ ਦਾ ਪ੍ਰਕਿਰਤੀ ਨਾਲ ਸਿੱਧਾ ਸਬੰਧ ਜੁੜ ਜਾਂਦਾ ਹੈ। ਪੰਛੀਆਂ ਦੀ ਚੀਂ-ਚੀਂ ਆਕਾਸ਼ ਵਿੱਚ ਗੂੰਜਣ ਲੱਗਦੀ ਹੈ। ਪਿੰਡਾਂ ਵਿੱਚ ਨਿੰਮ, ਕਿੱਕਰ, ਟਾਹਲੀ ਤੇ ਪਿੱਪਲ ਉਤੇ ਪੰਛੀ ਆਪਸ ਵਿੱਚ ਕਲੋਲਾਂ ਕਰਦੇ ਨਜ਼ਰ ਪੈਂਦੇ ਹਨ। ਮੌਸਮ ਦੇ ਮਿਜ਼ਾਜ ਤੇ ਮੌਨਸੂਨੀ ਹਵਾਵਾਂ ਦੇ ਰੁਖ਼ ਨੂੰ ਅਨੁਭਵ ਕਰਕੇ ਸੂਝਵਾਨ ਪਰਿੰਦੇ ਆਪਣੇ ਠਿਕਾਣੇ ਬਦਲਣ ਵਿੱਚ ਦੇਰ ਨਹੀਂ ਲਾਉਂਦੇ। ਕਾਲੀ ਘਟਾ ਦੇਖ ਕੇ ਮੋਰ ਮਸਤੀ ਵਿੱਚ ਪੈਲਾਂ ਪਾਉਂਦੇ ਹਨ। ਬੱਦਲਾਂ ਦੀ ਗਰਜ ਸੁਣ ਕੇ ਮੋਰਾਂ ਦੀ ‘ਮੇਂ ਆਓ ਮੇਂ ਆਓ’ ਜਿੱਥੇ ਵਾਤਾਵਰਨ ਨੂੰ ਰਸਭਿੰਨਾ ਕਰ ਦਿੰਦੀ ਹੈ ਉੱਥੇ ਏਦਾਂ ਜਾਪਦਾ ਹੈ ਜਿਵੇਂ ਉਹ ਮੌਨਸੂਨ ਨੂੰ ਸੱਦਾ ਦੇ ਰਹੇ ਹੋਣ। ਬੱਚਿਆਂ ਨੂੰ ਇਸ ਮਹੀਨੇ ਵਿਚਲਾ ਮੌਸਮ ਬੜਾ ਪਿਆਰਾ ਲੱਗਦਾ ਹੈ। ਵਰ੍ਹਦੇ ਮੀਂਹ ਵਿੱਚ ਧਰਤੀ ਦੀ ਗੋਦ ਵਿੱਚ ਨਹਾਉਂਦੇ ਬਾਲ ਬੇਖੌਫ਼ ਮਸਤੀ ਕਰਦੇ ਹਨ।

ਜ਼ੋਰੋ-ਜ਼ੋਰ ਤੀਆਂ ਲੱਗਣ ਵਾਲੇ ਦੌਰ ਵਿੱਚ ਸਾਉਣ ਮਹੀਨੇ ਦੇ ਜਦੋਂ ਪੰਦਰਾਂ ਦਿਨ ਲੰਘ ਜਾਂਦੇ ਭਾਵ ਮੱਸਿਆ ਟੱਪ ਜਾਂਦੀ ਹੈ ਤਾਂ ਚਾਨਣੇ ਪੱਖ ਵਾਲੀ ਏਕਮ ਦੀ ਰਾਤ ਲੰਘਾ ਕੇ ਦੂਜ ਵਾਲੇ ਦਿਨ ਮੁਟਿਆਰਾਂ ਚੂੜੀਆਂ ਚੜ੍ਹਵਾਉਂਦੀਆਂ ਤੇ ਮਹਿੰਦੀ ਲਗਾਉਂਦੀਆਂ ਸਨ। ਇਸ ਲਈ ਜਦੋਂ ਵਣਜਾਰਾ ਆਉਂਦਾ ਸੀ ਤਾਂ ਉਹ ਉਸ ਨੂੰ ਚੂੜੀਆਂ ਚੜ੍ਹਾਉਣ ਲਈ ਸੱਦਾ ਦੇ ਦਿੰਦੀਆਂ ਸਨ:

ਆ ਵਣਜਾਰਿਆ,

ਬਹਿ ਵਣਜਾਰਿਆ ਕਿੱਥੇ ਨੇ ਤੇਰੇ ਘਰ ਵੇ।

ਪਿੰਡ ਦੀਆਂ ਕੁੜੀਆਂ ਵਿੱਚ ਤੀਆਂ ਦੇ,

ਕਿਉਂ ਫਿਰਦੈਂ ਦਰ ਦਰ ਵੇ।

ਭੀੜੀ ਵੰਗ ਬਚਾ ਕੇ ਚਾੜ੍ਹੀਂ ਮੈਂ ਜਾਊਂਗੀ ਮਰ ਵੇ।

ਮੇਰਾ ਉੱਡੇ ਡੋਰੀਆ, ਮਹਿਲਾਂ ਵਾਲੇ ਘਰ ਵੇ।

ਤੀਜ ਦੇ ਤਿਉਹਾਰ ਦਾ ਕੇਂਦਰ ਚੰਦਰਮਾ ਹੋਣ ਕਰਕੇ ਚਾਨਣੀ ਤੀਜ ਤੋਂ ਤੀਆਂ ਲੱਗਣੀਆਂ ਸ਼ੁਰੂ ਹੁੰਦੀਆਂ ਸਨ। ਤੀਆਂ ਦਾ ਧੀਆਂ ਨਾਲ ਵਿਸ਼ੇਸ਼ ਨਾਤਾ ਹੈ। ਇਸ ਲਈ ਤੀਆਂ ਸ਼ੁਰੂ ਹੋਣ ਤੋਂ ਚਾਰ-ਪੰਜ ਦਿਨ ਪਹਿਲਾਂ ਨਵਵਿਆਹੁਤਾ ਧੀਆਂ ਨੂੰ ਸਹੁਰੇ ਘਰੋਂ ਪੇਕੇ ਸਦਵਾ ਲਿਆ ਜਾਂਦਾ ਸੀ। ਕੁਆਰੀਆਂ ਤੇ ਵਿਆਹੁਤਾ ਇਸਤਰੀਆਂ ਇਕੱਠੀਆਂ ਹੋ ਕੇ ਇਸ ਤਿਉਹਾਰ ਦਾ ਆਨੰਦ ਮਾਣਦੀਆਂ ਸਨ। ਤੀਆਂ ਲਗਭਗ ਤੇਰ੍ਹਾਂ ਦਿਨ ਲੱਗਦੀਆਂ ਸਨ। ਤੀਆਂ ਵਾਲੀ ਤੀਜ ਇਕੱਲੀ ਨਹੀਂ ਆਉਂਦੀ। ਆਪਣੇ ਨਾਲ ਸਰਦ ਰੁੱਤ ਯਾਨੀ ਜਦੋਂ ਵਾਤਾਵਰਨ ਦਾ ਤਾਪਮਾਨ ਆਮ ਤੌਰ ’ਤੇ ਘੱਟ ਰਹਿੰਦਾ ਹੈ, ਵਿੱਚ ਮਨਾਏ ਜਾਣ ਵਾਲੇ ਤਿਉਹਾਰਾਂ ਦਾ ਗੁਲਦਸਤਾ ਲਿਆਉਂਦੀ ਹੈ। ਇਸ ਲਈ ਲੋਕ ਆਖਦੇ ਨੇ, ‘ਆਈ ਤੀਜ ਤੇ ਬਖੇਰ ਗਈ ਬੀਜ।’ ਤੀਆਂ ਮਨਾ ਕੇ ਵਿਆਹੁਤਾ ਭੈਣਾਂ, ਵੀਰਾਂ ਦੇ ਰੱਖੜੀ ਬੰਨ੍ਹ ਕੇ ਪੇਕਿਆਂ ਤੋਂ ਮੁੜ ਸਹੁਰੇ ਚਲੀਆਂ ਜਾਂਦੀਆਂ ਸਨ। ਇਸ ਤਿਉਹਾਰ ਦੀ ਪ੍ਰਾਚੀਨਤਾ ਤੇ ਧੀਆਂ ਨਾਲ ਘਰ ਦੀ ਰੌਣਕ ਪੰਜਾਬੀ ਅਖੌਤਾਂ ‘ਧੀਆਂ ਜੰਮੀਆਂ, ਤੀਆਂ ਆਰੰਭੀਆਂ’ ਤੇ ‘ਜਿਸ ਘਰ ਧੀਆਂ ਉਸ ਘਰ ਤੀਆਂ’ ਵਿੱਚੋਂ ਸਪੱਸ਼ਟ ਨਜ਼ਰ ਆਉਂਦੀ ਹੈ।

ਪਿਛਲੇ ਸਮੇਂ ਵਿੱਚ ਮਾਂ-ਪਿਉ ਆਪਣੀ ਧੀ ਦੇ ਘਰ ਦਾ ਕੁਝ ਨਹੀਂ ਸਨ ਖਾਂਦੇ। ਇਸ ਕਰਕੇ ਮੁਕਲਾਵੇ ਤੋਂ ਬਾਅਦ ਦੇ ਵਰ੍ਹਿਆਂ ਵਿੱਚ ਭਰਾ ਹੀ ਭੈਣ ਨੂੰ ਸਹੁਰਿਓਂ ਲਿਆਉਂਦਾ ਸੀ। ਤੀਆਂ ਦੇ ਦਿਨ ਨੇੜੇ ਆਉਂਦਿਆਂ ਹੀ ਨਵਵਿਆਹੀ ਧੀ ਮਾਂ ਨੂੰ ਸੁਨੇਹੇ ਘੱਲਣੇ ਸ਼ੁਰੂ ਕਰ ਦਿੰਦੀ ਸੀ :

ਮਾਏ ਪੀਹੜੀ ਬੈਠੀਏ ਨੀਂ

ਧੀਆਂ ਕਿਉਂ ਦਿੱਤੀਆਂ ਦੂਰ, ਸਾਵਣ ਆਇਆ।

ਪੰਜ ਸੇਰ ਪਿੰਨੀਆਂ ਪਾ ਕੇ, ਮਾਏ ਮੇਰੀਏ

ਵੀਰ ਮੇਰੇ ਨੂੰ ਭੇਜ, ਸਾਵਣ ਆਇਆ।

ਜਿਸ ਭੈਣ ਦੀਆਂ ਵਿਆਹ ਤੋਂ ਬਾਅਦ ਪਹਿਲੀਆਂ ਤੀਆਂ ਹੁੰਦੀਆਂ ਸਨ, ਉਸ ਨੂੰ ਲੈਣ ਲਈ ਵੀਰ ਉਸ ਦੇ ਸਹੁਰੀਂ ਜਾਂਦਾ ਸੀ। ਜਿਸ ਦਾ ਪਤੀ ਚੰਗੇ ਸੁਭਾਅ ਦਾ ਮਾਲਕ ਹੁੰਦਾ, ਉਹ ਆਪਣੀ ਪਤਨੀ ਨੂੰ ਤੀਆਂ ਦਾ ਤਿਉਹਾਰ ਮਨਾਉਣ ਲਈ ਤੋਰ ਦਿੰਦਾ ਸੀ ਪ੍ਰੰਤੂ ਜਿਹੜਾ ਗੁਸੈਲ ਹੁੰਦਾ, ਪਤਨੀ ਨੂੰ ਪੇਕੇ ਭੇਜਣ ਲਈ ਛੇਤੀ ਹਾਮੀ ਨਹੀਂ ਸੀ ਭਰਦਾ। ਅਜਿਹੀ ਸਥਿਤੀ ਵਿੱਚ ਘਿਰੀ ਨਾਰ ਦੇ ਜਜ਼ਬੇ ਕਾਬੂ ਵਿੱਚ ਨਾ ਰਹਿੰਦੇ। ਵੇਗ ’ਚ ਵਹਿੰਦੀ ਨੂੰ ਪਤੀ ‘ਨਾਗ’ ਜਾਪਦਾ ਤਾਂ ਉਹ ਇਉਂ ਸੰਬੋਧਿਤ ਹੁੰਦੀ:

ਮੁਖੋਂ ਬੋਲ ਬਰਮੀ ਦਿਆ ਨਾਗਾ

ਵੀਰ ਮੇਰਾ ਲੈਣ ਆ ਗਿਆ।

ਜਾਂ ਪਤੀ ਵੱਲੋਂ ਕੀਤੀ ਨਾਂਹ ਨੂੰ ਅਣਗੌਲਿਆਂ ਕਰ ਆਖਦੀ:

ਚੱਕ ਗਠੜੀ ਵੀਰਾ ਵੇ ਆਪਾਂ ਚੱਲੀਏ

ਨਾਗ ਦੀ ਕੀ ਬਾਤ ਪੁੱਛਣੀ।

ਉਸ ਦੇ ਇੰਝ ਆਖਣ ਦੀ ਦੇਰ ਹੁੰਦੀ ਸੀ ਕਿ ਉਸ ਮੌਕੇ ਦਾ ਯਥਾਰਥ ਸਾਹਮਣੇ ਆ ਜਾਂਦਾ:

ਜਦੋਂ ਚੱਕ ਲੀ ਵੀਰ ਨੇ ਗੱਠੜੀ,

ਨਾਗ ਨੇ ਵੀ ਫਨ ਚੁੱਕਿਆ।

ਮੁੰਡਿਆਂ ਕਿਉਂ ਮਗਰੂਰੀ ਵੱਟੀ ਐ,

ਦਿਲਾਂ ਦੀਆਂ ਖੋਲ੍ਹ ਕੁੰਡੀਆਂ।

ਜਦੋਂ ਬੋਲਦਾ ਦਿਲਾਂ ਦੀਆਂ ਖੋਲ੍ਹਦਾ,

ਮਿੰਨ੍ਹਾ ਮੁੰਡਾ ਬਾਪ ਵਰਗਾ।

ਜੇ ਵੀਰ, ਭੈਣ ਨੂੰ ਉਸ ਦੇ ਸਹੁਰਿਓਂ ਅਚਾਨਕ ਲੈਣ ਆ ਜਾਂਦਾ ਤਾਂ ਖ਼ੁਸ਼ੀ ਵਿੱਚ ਉਸ ਦੇ ਪੱਬ ਧਰਤੀ ’ਤੇ ਨਾ ਲੱਗਦੇ ਪ੍ਰੰਤੂ ਜੇ ਵੀਰ ਲੈਣ ਆਉਂਦਾ ਨਾ ਦਿਸਦਾ ਤਾਂ ਉਦਾਸੀ ਦੇ ਆਲਮ ਵਿੱਚ ਉਹ ਦੂਰ ਬੈਠੇ ਬਾਬਲ ਨੂੰ ਇਉਂ ਸੰਬੋਧਿਤ ਹੁੰਦੀ ਸੀ:

ਚੰਦ ਚੜ੍ਹ ਗਿਆ ਤੀਆਂ ਦੇ ਦਿਨ ਨੇੜੇ

ਵੀਰ ਕਿਉਂ ਨੀਂ ਘੱਤਿਆ (ਭੇਜਿਆ) ਬਾਬਲਾ।

ਇਹ ਸਥਿਤੀ ਉਸ ਦੇ ਸਹੁਰੇ ਘਰ ਦਾ ਮਾਹੌਲ ਖ਼ਰਾਬ ਕਰ ਦਿੰਦੀ ਸੀ:

* ਬਹੁਤਿਆਂ ਭਰਾਵਾਂ ਵਾਲੀਏ,

ਤੈਨੂੰ ਤੀਆਂ ਨੂੰ ਲੈਣ ਨਾ ਆਏ।

* ਸੱਸੀਏ ਵੜੇਵੇਂ ਅੱਖੀਏ,

ਤੈਥੋਂ ਡਰਦੇ ਲੈਣ ਨਾ ਆਏ।

ਮੌਸਮ ਦੀ ਖ਼ੂਬਸੂਰਤੀ ਸਾਉਣ ਦਾ ਰੂਪ ਧਾਰ ਕੇ ਕੁੜੀਆਂ-ਚਿੜੀਆਂ ਦਾ ਸੰਗ ਮਾਣਨ ਲਈ ਉਨ੍ਹਾਂ ਨੂੰ ਸੈਨਤਾਂ ਮਾਰਦੀ ਸੀ। ਤੀਜ ਵਾਲੇ ਦਿਨ ਦੁਪਹਿਰ ਢਲਦਿਆਂ ਹੀ ਬਿਨਾਂ ਕਿਸੇ ਭੇਦ-ਭਾਵ ਦੇ ਕੁਆਰੀਆਂ ਤੇ ਵਿਆਹੀਆਂ ਸਭ ਸਜ-ਫਬ ਕੇ ਇਕੱਠੀਆਂ ਹੋ ਜਾਂਦੀਆਂ ਤਾਂ ਜੋ ਕਿਸੇ ਛਾਂਦਾਰ ਰੁੱਖ ’ਤੇ ਪੀਂਘ ਪਾ ਸਕਣ, ਤੀਆਂ ਦੇ ਗੀਤ ਗਾ ਸਕਣ ਅਤੇ ਨੱਚ-ਟੱਪ ਸਕਣ। ਇਸ ਮੌਕੇ ਉਨ੍ਹਾਂ ਦਾ ਉਤਸ਼ਾਹ ਵੇਖਣ ਵਾਲਾ ਹੁੰਦਾ ਸੀ। ਵੱਖੋ-ਵੱਖ ਮੌਸਮਾਂ ਅਨੁਸਾਰ ਮਨ ਦੇ ਭਾਵ ਅਤੇ ਰਸਮੋ-ਰਿਵਾਜ ਕਿਵੇਂ ਬਦਲ ਜਾਂਦੇ ਹਨ, ਇਸ ਸਬੰਧੀ ਉਹ ਬਾਰਾਂਮਾਹਿਆਂ ਦੇ ਰੂਪ ਵਿੱਚ ਸ਼ਬਦ-ਚਿੱਤਰ ਘੜਦੀਆਂ ਜੋ ਚੇਤ ਦੇ ਨਰਾਤਿਆਂ ਜਾਂ ਹਾੜ੍ਹ ਮਹੀਨੇ ਦੇ ਪ੍ਰਕਿਰਤੀ ਚਿਤ੍ਰਨ ਤੋਂ ਸ਼ੁਰੂ ਹੁੰਦੇ ਸਨ।

ਸਾਵਣ ਦੀ ਘਟ ਕਾਲੀ,

ਸ਼ਾਮ ਸਾਨੂੰ ਲੱਗਦੀ ਐ ਬਹੁਤ ਪਿਆਰੀ

ਲੱਗਦੀ ਐ ਬਹੁਤ ਪਿਆਰੀ,

ਸ਼ਾਮ ਅਸੀਂ ਪੇਕਿਆਂ ਦੇ ਕੀਤੀ ਐ ਤਿਆਰੀ।

ਪੇਕੇ ਪਿੰਡ ਤੀਆਂ ਮਨਾਉਣ ਵੇਲੇ ਛੱਪੜ ਕੰਢੇ ਲੱਗੇ ਪਿੱਪਲ ਜਾਂ ਬਰੋਟੇ ਦੇ ਭਾਰੇ ਤੇ ਸੰਘਣੀ ਛਾਂ ਵਾਲੇ ਰੁੱਖ ’ਤੇ ਪੀਂਘ ਪਾਉਣ ਨੂੰ ਪਹਿਲ ਦਿੱਤੀ ਜਾਂਦੀ ਸੀ:

ਰਲ ਆਓ ਸਈਓ ਨੀਂ, ਸਭੇ ਤੀਆਂ ਖੇਡਣ ਜਾਈਏ।

ਹੁਣ ਆ ਗਿਆ ਸਾਵਣ ਨੀਂ,

ਪੀਂਘਾਂ ਪਿੱਪਲੀਂ ਜਾ ਕੇ ਪਾਈਏ।

ਪਈ ਕੂੰ-ਕੂੰ ਕਰਦੀ ਨੀਂ, ਸਈਓ ਕੋਇਲ ਹੰਝੂ ਡੋਲੇ।

ਪਪੀਹਾ ਵੇਖੋ ਨੀਂ, ਭੈੜਾ ਪੀਆ ਪੀਆ ਬੋਲੇ।

ਲੈ ਪੈਲਾਂ ਪਾਂਦੇ ਨੀਂ, ਬਾਗੀਂ ਮੋਰਾਂ ਸ਼ੋਰ ਮਚਾਇਆ।

ਖਿੜ ਖਿੜ ਫੁਲਾਂ ਨੇ ਸਾਨੂੰ ਮਾਹੀ ਯਾਦ ਕਰਾਇਆ।

ਤੀਆਂ ਦੇ ਦ੍ਰਿਸ਼ ਲੰਘਦੇ-ਟੱਪਦੇ ਹਰ ਵਿਅਕਤੀ ਦੇ ਮਨ ਨੂੰ ਵੀ ਮੋਹ ਲੈਂਦੇ ਸਨ :

ਆਉਂਦੀ ਕੁੜੀਏ ਜਾਂਦੀ ਕੁੜੀਏ, ਤੁਰਦੀ ਪਿੱਛੇ ਨੂੰ ਜਾਵੇਂ

ਨੀਂ ਕਾਹਲੀ ਕਾਹਲੀ ਪੈਰ ਪੱਟ ਲੈ,

ਤੀਆਂ ਲੱਗੀਆਂ ਪਿੱਪਲ ਦੀ ਛਾਵੇਂ

ਪੀਂਘਾਂ ਝੂਟਣ ਵੇਲੇ ਝੂਟੇ ਦੇਣ ਵਾਲੀਆਂ ਆਪਣਾ ਦਮ ਵਿਖਾਉਂਦੀਆਂ ਅਤੇ ਝੂਟਣ ਵਾਲੀਆਂ ਆਪਣਾ ਡਾਢਾ ਜ਼ੋਰ ਵਿਖਾਉਂਦੀਆਂ। ਏਨਾ ਹੀ ਨਹੀਂ ਉਹ ਜੋੜੀ ਬਣਾ-ਬਣਾ ਕੇ ਵੱਖ-ਵੱਖ ਤਰੀਕਿਆਂ ਨਾਲ ਪੀਂਘ ਝੂਟਦੀਆਂ :

ਸਾਉਣ ਮਹੀਨਾ ਮਾਰ ਹੁਲਾਰਾ, ਪੀਂਘਾਂ ਸਿਖਰ ਚੜ੍ਹਾਈਆਂ

ਭਿੱਜ ਗਈ ਰੂਹ ਮਿੱਤਰਾ, ਸ਼ਾਮ ਘਟਾ ਚੜ੍ਹ ਆਈਆਂ।

ਮੁਟਿਆਰਾਂ ਵੱਲੋਂ ਪੀਂਘ ਪਾਉਣ ਕਾਰਨ ਪਿੱਪਲ/ਬਰੋਟੇ ਦੀਆਂ ਟਾਹਣੀਆਂ ਦੂਰ-ਦੂਰ ਤੱਕ ਚੀਂ-ਚੀਂ ਕਰਦੀਆਂ ਸੁਣਾਈ ਦਿੰਦੀਆਂ ਸਨ। ਪੀਂਘ ਝੂਟ ਲੈਣ ਤੋਂ ਬਾਅਦ ਉਹ ਘੇਰਾ ਬਣਾ ਕੇ ਬਿਨਾਂ ਕਿਸੇ ਸਾਜ਼ ਦੀ ਮਦਦ ਦੇ ਗਿੱਧਾ ਪਾਉਣ ਲੱਗ ਪੈਂਦੀਆਂ ਅਤੇ ਦਿਨ ਛਿਪਣ ਤੱਕ ਬੇਫ਼ਿਕਰ ਨੱਚਦੀਆਂ-ਨੱਚਦੀਆਂ ਧਰਤੀ ਪੁੱਟ ਸੁੱਟਦੀਆਂ ਸਨ। ਉਹ ਜਵਾਨੀ ਦੇ ਜ਼ੋਰ, ਸਾਉਣ ਦੀ ਮਸਤ ਬਹਾਰ, ਪੁਰੇ ਦੀ ਹਵਾ ਵਿੱਚ ਅਤੇ ਤਿੱਤਰ ਖੰਭੀਆਂ ਬੱਦਲੀਆਂ ਦੇ ਹੇਠ ਸਾਉਣ ਦੀ ਪ੍ਰਸ਼ੰਸਾ ਕਰਦੀਆਂ :

* ਸਾਉਣਾ ਵੇ ਤੇਰੀ ਬਖਤਾਵਰੀ,

ਵੇ ਤੈਂ ਕੁੜੀਆਂ ਦੇ ਮੇਲੇ ਕੀਤੇ

*ਸਾਉਣ ਦਿਆ ਬੱਦਲਾ ਵੇ,

ਤੇਰਾ ਜੱਸ ਗਿੱਧਿਆਂ ਵਿੱਚ ਗਾਵਾਂ

ਜਿਨ੍ਹਾਂ ਵਿਅਕਤੀਆਂ ਨੇ ਸਾਉਣ ਨਾਲ ਜੁੜੇ ਇਹ ਅਨੁਭਵ ਹੱਢੀਂ ਹੰਢਾਏ ਹਨ, ਜ਼ਿੰਦਗੀ ਭਰ ਉਹ ਦ੍ਰਿਸ਼ ਉਨ੍ਹਾਂ ਦੇ ਮਨ-ਮਸਤਕ ਵਿੱਚ ਸਜੀਵ ਰਹਿੰਦੇ ਹਨ। ਇਸ ਸੱਚ ਨੂੰ ਸਾਡੇ ਸਾਹਿਤਕਾਰਾਂ ਨੇ ਵੀ ਆਪਣੀਆਂ ਲਿਖਤਾਂ ਵਿੱਚ ਜਗ੍ਹਾ ਦਿੱਤੀ ਹੈ। ਲਹਿੰਦੇ ਪੰਜਾਬ ਦਾ ਮਕਬੂਲ ਸ਼ਾਇਰ ਬਾਬਾ ਖ਼ੁਸ਼ੀ ਮੁਹੰਮਦ ਨਿਸਾਰ ‘ਹੌਸਲਿਆਂ ਦਾ ਪੰਧ’ ਸਿਰਲੇਖ ਵਾਲੇ ਸ਼ਾਇਰੀ ਪਰਾਗੇ ਵਿੱਚ ਕਈ ਥਾਈਂ ਸਾਉਣ ਮਹੀਨੇ ਦੇ ਵੱਖ-ਵੱਖ ਰੰਗ ਵਿਖਾਉਂਦਾ ਹੈ। ਅਜਿਹਾ ਕਰਦਿਆਂ ਉਹ ਕਦੇ ਬੀਤੇ ਸਮੇਂ ਨੂੰ ਯਾਦ ਕਰਦਾ ਹੈ ਤੇ ਕਦੇ ਵਰਤਮਾਨ ਦੀ ਬਾਤ ਪਾਉਂਦਾ ਹੈ। ਇਸੇ ਤਰ੍ਹਾਂ ਉਹ ਰੁੱਤ ਚੱਕਰ ਦੇ ਸਨਮੁਖ ਮਨ ’ਤੇ ਵਾਪਰਦੀਆਂ ਰੁੱਤਾਂ ਦੀ ਗੱਲ ਵੀ ਛੋਂਹਦਾ ਹੈ:

* ਜਦ ਸਾਵਣ ਦੀ ਰਿਮਝਿਮ ਹੋਣੀ

ਸਖੀਆਂ ਦੇ ਨਾਲ ਬਾਗ਼ ’ਚ ਜਾ ਕੇ

ਅੰਬ ਖਾਵਣ ਤੇ ਪੀਂਘਾਂ ਝੂਟਣ,

ਗਿੱਧਾ ਪਾਉਣਾ ਚੇਤੇ ਆ।

* ਰੁੱਤ ਮਸਤੀ ਦੀ ਆ ਗਈ, ਨਹੀਂ ਇਨਕਾਰ ਚੰਗਾ

ਸਾਵਣ ਦੇ ਵਿੱਚ ਯਾਰ ਵਿਸਾਖੀ, ਕੀ ਕਰਨਾ ਏਂ?

ਨਿਸਾਰ ਆਪਣੀ ਇੱਕ ਗ਼ਜ਼ਲ ਤਾਂ ਸਮਰਪਿਤ ਹੀ ਸਾਵਣ ਨੂੰ ਕਰਦਾ ਹੈ। ਉਸ ਗ਼ਜ਼ਲ ਦੇ ਕੁਝ ਸ਼ਿਅਰ ਹਨ:

ਹਰ ਥਾਂ ਡਰਿਆ ਡਰਿਆ ਸਾਵਣ

ਵੇਖਾਂ ਰਤ ਦਾ ਭਰਿਆ ਸਾਵਣ

ਦੁਨੀਆ ਸਾਰੀ ਇਹ ਗੱਲ ਆਖੇ

ਹੋਂਦਾ ਹਰਿਆ ਭਰਿਆ ਸਾਵਣ

ਅੱਖ ਨਾ ਦਿਲ ਦੇ ਆਖੇ ਲੱਗੀ

ਤਾਂ ਪਲਕਾਂ ’ਤੇ ਤਰਿਆ ਸਾਵਣ

ਸੱਜਣ ਜਦ ਪ੍ਰਦੇਸੀਂ ਤੁਰ ਗਏ

ਫੇਰ ਕਿਸੇ ਦਾ ਮਰਿਆ ਸਾਵਣ

ਅੱਜ ਨਿਸਾਰਾ ਯਾਦ ਉਹਦੀ ਦਾ

ਅੱਖ ਦੇ ਵਿੱਚ ਭਰਿਆ ਸਾਵਣ।

ਤੀਆਂ ਦਾ ਗਿੱਧਾ ਲੋਕ ਕਚਹਿਰੀ ਦਾ ਰੂਪ ਧਾਰ ਲੈਂਦਾ ਹੈ ਜਿੱਥੇ ਬੋਲੀਆਂ ਰਾਹੀਂ ਅਸਾਵੇਂ ਰਿਸ਼ਤਿਆਂ ਨੂੰ ਨਿੰਦਿਆ ਜਾਂਦਾ ਸੀ ਪ੍ਰੰਤੂ ਪੇਕਿਆਂ ਅਤੇ ਨਗਰ-ਖੇੜੇ ਦੀ ਮਹਿਮਾ ਗਾਈ ਜਾਂਦੀ ਸੀ। ਗੱਲ ਕੀ, ਗਿੱਧੇ ਦੀਆਂ ਬੋਲੀਆਂ ਤੇ ਤਮਾਸ਼ਿਆਂ ਰਾਹੀਂ ਮਨ ਦੀ ਪੂਰੀ ਭੜਾਸ ਕੱਢੀ ਜਾਂਦੀ ਸੀ। ਸ਼ਾਇਦ ਇਸੇ ਕਰਕੇ ਤੀਆਂ ਵਿੱਚ ਮਰਦਾਂ ਦਾ ਜਾਣਾ ਵਰਜਿਤ ਹੁੰਦਾ ਸੀ। ਫਿਰ ਵੀ ਸਾਲੀਆਂ ਨੂੰ ਗਿੱਧੇ ਵਿੱਚ ਨੱਚਦੀਆਂ ਵੇਖਣ ਲਈ ਜੀਜੇ ਚੋਰੀ-ਛਿਪੇ ਤੀਆਂ ਦੇ ਪਿੜ ਵਿੱਚ ਪੁੱਜ ਜਾਂਦੇ ਸਨ ਅਤੇ ਉਨ੍ਹਾਂ ਉੱਪਰੋਂ ਪੈਸਿਆਂ ਦੀ ਸੋਟ ਕਰਦੇ ਸਨ। ਜੇ ਕੋਈ ਜੀਜਾ ਕੰਜੂਸੀ ਕਰਦਾ ਤਾਂ ਸਾਲੀ, ਜੀਜੇ ਨੂੰ ਬੋਲੀ ਮਾਰਨ ’ਚ ਦੇਰ ਨਹੀਂ ਸੀ ਲਾਉਂਦੀ:

ਜੀਜਾ ਵਾਰ ਦੇ ਦੁਆਨੀ ਖੋਟੀ

ਸਾਲੀਆਂ ਦਾ ਮਾਣ ਰੱਖ ਲੈ।

ਤੇ ਜੇ ਜੀਜਾ ਫਿਰ ਵੀ ਬੇਸ਼ਰਮਾਂ ਵਾਂਗ ਗਿੱਧਾ ਵੇਖਦਾ ਰਹਿੰਦਾ ਤਾਂ ਸਾਲੀ ਬੋਲੀਆਂ ਰਾਹੀਂ ਜੀਜੇ ਦੀ ਭੰਡੀ ਕਰਨੋਂ ਨਹੀਂ ਸੀ ਝਿਜਕਦੀ:

ਜੀਜੇ ਨੇ ਮਾਂ ਵਾਰੀ

ਮੈਂ ਵਾਰੀ ਫੁਲਕਾਰੀ।

ਕਿਸੇ ਕਾਰਨ ਕਰਕੇ ਜੇ ਕਿਸੇ ਮੁਟਿਆਰ ਦਾ ਪਤੀ ਤੀਆਂ ਦੇਖਣ ਨਾ ਆਉਂਦਾ ਤਾਂ ਉਹ ਉਸ ਨੂੰ ਸੁਨੇਹਿਆਂ ਰਾਹੀਂ ਬੁਲਾਉਂਦੀ:

* ਹੋਰਾਂ ਦੇ ਜਾਨੀ ਤੀਆਂ ਦੇਖਦੇ, ਮੇਰਾ ਖੋਤੇ ਘਾਹ।

ਵੇ ਮੈਂ ਘੱਲਾਂ ਸੁਨੇਹੇ, ਤੀਆਂ ਦੇਖਣ ਆ।

* ਵੇ ਤੂੰ ਹੱਸਦਾ ਹੱਸਦਾ ਆ

ਵੇ ਤੂੰ ਨੱਚਦਾ ਟੱਪਦਾ ਆ।

ਵੇ ਮੈਂ ਘੱਲਾਂ ਸੁਨੇਹੇ

ਤੀਆਂ ਵੇਖਣ ਆ।

* ਤੇਰੀ ਵੇ ਸੰਧੂਰੀ ਪੱਗ ਦੇ

ਮੈਨੂੰ ਤੀਆਂ ਵਿੱਚ ਪੈਣ ਭੁਲੇਖੇ।

ਸਾਉਣ ਮਹੀਨਾ ਖ਼ਤਮ ਹੋਣ ਤੋਂ ਪਹਿਲਾਂ ਜੇ ਸਹੁਰਿਆਂ ਤੋਂ ਕੋਈ ਲੈਣ ਆ ਜਾਂਦਾ ਤਾਂ ਨਵੀਆਂ ਵਿਆਹੀਆਂ ਆਪਣੀਆਂ ਮਾਵਾਂ ਨੂੰ ਗੱਡੀ ਖਾਲੀ ਤੋਰਨ ਦੀ ਸਲਾਹ ਦਿੰਦੀਆਂ ਸਨ। ਤੀਆਂ ਦਾ ਆਖਰੀ ਦਿਨ ਮੇਲੇ ਦਾ ਰੂਪ ਧਾਰ ਲੈਂਦਾ ਸੀ। ਉਸ ਦਿਨ ਗਿੱਧੇ ਦਾ ਸਿਖ਼ਰ ਹੁੰਦਾ ਸੀ। ਖ਼ੂਬ ਬੋਲੀਆਂ ਪੈਂਦੀਆਂ ਸਨ। ਬੱਲੋ ਪਾਉਂਦੀਆਂ ਮੁਟਿਆਰਾਂ ਨਾ ਨੱਚਣ ਵਾਲੀਆਂ ਨੂੰ ਵੀ ਸ਼ਗਨ ਵਜੋਂ ਨਚਾਉਂਦੀਆਂ ਸਨ ਤੇ ਤੀਆਂ ਵਿਦਾ ਕਰਦੀਆਂ ਸਨ। ਡੋਲੀ ਦੀ ਵਿਦਾਇਗੀ ਵਾਂਗ ਲਾੜਾ ਤੇ ਲਾੜੀ ਬਣਨ ਵਾਲੀਆਂ ਭਾਗਾਂਭਰੀਆਂ ਦੇ ਸਿਰ ਉਤੋਂ ਸੋਟ ਕੀਤੀ ਜਾਂਦੀ ਸੀ। ਇਹ ਸੋਟ ਭਾਨ ਦੀ ਥਾਂ ਠੀਕਰੀਆਂ ਦੀ ਹੁੰਦੀ ਸੀ। ਭਾਨ ਲੁੱਟਣ ਵਾਂਗ ਠੀਕਰੀਆਂ ਲੁੱਟੀਆਂ ਜਾਂਦੀਆਂ ਸਨ। ਇਉਂ ਤੀਆਂ ਦੀ ਮੌਜ-ਬਹਾਰ ਲੁੱਟਦੀਆਂ ਹੋਈਆਂ ਮੁਟਿਆਰਾਂ ਆਪੋ-ਆਪਣੇ ਘਰੀਂ ਪਰਤਣ ਤੋਂ ਪਹਿਲਾਂ ਤੀਆਂ ਲਵਾਉਣ ਵਾਲੇ ਤੇ ਸਹੇਲੀਆਂ ਦਾ ਮੇਲ-ਮਿਲਾਪ ਕਰਾਉਣ ਵਾਲੇ ਸਾਉਣ ਦੇ ਮਹੀਨੇ, ਚੰਨ, ਧਰਤੀ, ਕੁਦਰਤ ਤੇ ਪਿੱਪਲਾਂ ਨੂੰ ਅਸੀਸਾਂ ਦਿੰਦੀਆਂ, ਪੇਕਿਆਂ ਦੀ ਸੁੱਖ ਮੰਗਦੀਆਂ ਤੇ ਵਿਛੋੜਾ ਪਵਾਉਣ ਵਾਲੇ ਭਾਦੋਂ ਦੇ ਮਹੀਨੇ ਨੂੰ ਕੋਸਦੀਆਂ ਹੋਈਆਂ ਮਨ ਵਿੱਚ ਅਗਲੇ ਵਰ੍ਹੇ ਫਿਰ ਰਲ-ਮਿਲ ਕੇ ਤੀਆਂ ਮਨਾਉਣ ਦੀ ਤਾਂਘ ਲੈ ਕੇ ਇੱਕ-ਦੂਜੀ ਤੋਂ ਵਿਦਾ ਲੈਂਦੀਆਂ ਸਨ :

* ਪੰਜ ਪੁੱਤ, ਬਲਦਾਂ ਦੀ ਜੋੜੀ

ਤੀਆਂ ਵੇ ਲਵਾਉਣ ਵਾਲਿਆ।

* ਤੇਰੀ ਅੱਖ ਤੇ ਭਰਿੰਡ ਲੜ ਜਾਵੇ,

ਤੀਆਂ ਵੇ ਹਟਾਉਣ ਵਾਲਿਆ।

* ਭਾਦੋਂ ਕੜਕ ਚੜ੍ਹੀ, ਕੁੜੀਆਂ ਦੇ ਪੈਣ ਵਿਛੋੜੇ।

* ਉੱਚੇ ਟਿੱਬੇ ਮੈਂ ਨਰਮਾ ਚੁਗਦੀ, ਚੁਗ ਚੁਗ ਲਾਵਾਂ ਢੇਰ

ਤੀਆਂ ਤੀਜ ਦੀਆਂ, ਵਰ੍ਹੇ ਦਿਨਾਂ ਨੂੰ ਫੇਰ।

ਪੰਜਾਬ ਦੀ ਸੱਭਿਆਚਾਰਕ-ਤਸਵੀਰ ਵਿੱਚ ਸਾਉਣ ਮਹੀਨੇ ਮਨਾਈਆਂ ਜਾਂਦੀਆਂ ਤੀਆਂ ਦਾ ਵਿਸ਼ੇਸ਼ ਮਹੱਤਵ ਹੈ। ਵਰਤਮਾਨ ਸਮੇਂ ਜਦੋਂ ਤੀਆਂ ਦਾ ਗਿੱਧਾ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਦੀਆਂ ਸਟੇਜਾਂ ਤੱਕ ਸੀਮਤ ਹੋ ਰਿਹਾ ਹੈ ਤਾਂ ਬਦਲਦੀ ਜੀਵਨ-ਸ਼ੈਲੀ ਦੇ ਮੱਦੇਨਜ਼ਰ ਤੀਆਂ ਮਨਾ ਕੇ ਇਸ ਤਿਉਹਾਰ ਦੀ ਯਾਦ ਤਾਜ਼ਾ ਕਰਵਾਉਣ ਵਾਲੀਆਂ ਸਮੂਹ ਧਿਰਾਂ ਅਤੇ ਆਪਣੇ ਤਿਉਹਾਰ ਪ੍ਰਤੀ ਅਵੇਸਲੀ ਹੋਈ ਨਾਰੀ ਨੂੰ ਜਾਗਰੂਕ ਕਰਨ ਤੇ ਇਸ ਤਿਉਹਾਰ ਦੀ ਪੁਨਰ-ਸੁਰਜੀਤੀ ਲਈ ਉੱਦਮ ਕਰ ਰਹੇ ਪੁਰਸ਼ਾਂ ਦੀ ਸ਼ਲਾਘਾ ਕਰਨੀ ਬਣਦੀ ਹੈ।

ਮਨੁੱਖ ਦੀ ਦਖਲਅੰਦਾਜ਼ੀ ਕਰਕੇ ਪ੍ਰਕਿਰਤੀ ਦਾ ਅਨੁਪਮ ਸਰੂਪ ਦਿਨੋ-ਦਿਨ ਖ਼ਤਮ ਹੁੰਦਾ ਜਾ ਰਿਹਾ ਹੈ। ਮਾਨਵੀ ਜਗਤ ਲਈ ਕੁਦਰਤੀ ਨਿਆਮਤਾਂ ਦੀ ਅਹਿਮੀਅਤ ਨੂੰ ਪਛਾਣਦਿਆਂ ਤੇ ਸਵੀਕਾਰਦਿਆਂ ਇਨ੍ਹਾਂ ਦੀ ਸੁਰੱਖਿਆ ਵਾਲੇ ਮਾਰਗ ’ਤੇ ਤੁਰਨਾ ਚਾਹੀਦਾ ਹੈ। ਵਰਖਾ ਰੁੱਤ ਵਿੱਚ ਵਣਮਹਾਉਤਸਵ ਮਨਾਉਣਾ ਪੁੰਨ ਦਾ ਕੰਮ ਹੈ। ਸਦੀਆਂ ਤੋਂ ਜਾਰੀ ਦੇਸੀ ਰੁੱਖ ਲਾ ਕੇ ਉਨ੍ਹਾਂ ਦੀ ਸਾਂਭ-ਸੰਭਾਲ ਕਰਨ ਵਾਲੀ ਅਮੀਰ ਪਰੰਪਰਾ ਜਾਰੀ ਰਹਿਣੀ ਚਾਹੀਦੀ ਹੈ ਪ੍ਰੰਤੂ ਅਸੀਂ ਵਿਕਾਸ ਦੀ ਅੰਨ੍ਹੀ ਦੌੜ ਵਿੱਚ ਪ੍ਰਕਿਰਤੀ ਦੇ ਮਗਰ ਪੈ ਕੇ ਲਗਾਤਾਰ ਵਿਰਾਸਤੀ ਰੁੱਖਾਂ ਦੀ ਅੰਧਾ-ਧੁੰਦ ਕਟਾਈ ਕਰ ਰਹੇ ਹਾਂ। ਨਤੀਜਤਨ ਪੰਜਾਬ ਵਿੱਚ ਕੇਵਲ ਸਾਢੇ ਤਿੰਨ ਪ੍ਰਤੀਸ਼ਤ ਜੰਗਲੀ ਖੇਤਰ ਰਹਿ ਗਿਆ ਹੈ। ਕਹਿਣ ਤੋਂ ਭਾਵ ਹੈ ਜੰਗਲ ਅਸੀਂ ਲਗਭਗ ਖ਼ਤਮ ਕਰ ਦਿੱਤੇ ਹਨ। ਧਰਤੀ ਦੀ ਕੁੱਖ, ਬਚਦੇ ਰੁੱਖ ਅਤੇ ਮਨੁੱਖ, ਫੈਕਟਰੀਆਂ ਤੇ ਡੀਜ਼ਲ ਇੰਜਣ ਆਦਿ ਤੋਂ ਨਿਕਲਣ ਵਾਲੀ ਦੂਸ਼ਿਤ ਹਵਾ ਅਤੇ ਲੋੜੀਂਦੇ ਪੋਸ਼ਕ ਤੱਤ ਨਾ ਮਿਲਣ ਕਾਰਨ ਮਾਂਦੇ ਪੈ ਰਹੇ ਹਨ।

ਸਾਡੇ ਵੱਡੇ-ਵਡੇਰੇ ਪ੍ਰਕਿਰਤੀ ਦੇ ਨੇੜੇ ਰਹਿਣ ਕਰਕੇ ਮਨੁੱਖੀ ਨਸਲ ਲਈ ਇਸ ਦੇ ਮਹੱਤਵ ਨੂੰ ਸਮਝਦੇ ਸਨ ਪ੍ਰੰਤੂ ਅਸੀਂ ਪੜ੍ਹੇ-ਲਿਖੇ ਹੋਣ ਦੇ ਬਾਵਜੂਦ ਬਹੁਤਾ ਸਮਾਂ ਸੋਸ਼ਲ ਮੀਡੀਆ ਨੂੰ ਦੇ ਰਹੇ ਹਾਂ ਤੇ ਪ੍ਰਕਿਰਤੀ ਨਾਲੋਂ ਆਪਣਾ ਨਾਤਾ ਤੋੜ ਰਹੇ ਹਾਂ। ਨਤੀਜਤਨ ਬਿਮਾਰੀਆਂ ਸਾਨੂੰ ਆਪਣੇ ਮੱਕੜ-ਜਾਲ ਵਿੱਚ ਫਸਾ ਰਹੀਆਂ ਹਨ ਅਤੇ ਅਸੀਂ ਬੇਵਕਤੀ ਮੌਤ ਦਾ ਸ਼ਿਕਾਰ ਬਣਨ ਦੇ ਰਾਹ ਤੁਰੇ ਹੋਏ ਹਾਂ। ਧਰਤੀ ’ਤੇ ਮਨੁੱਖੀ ਜੀਵਨ ਸੰਭਵ ਵੀ ਰਹੇ ਤੇ ਖ਼ੁਸ਼ਹਾਲ ਵੀ, ਇਸ ਲਈ ਜਿੰਨੀ ਜਲਦੀ ਹੋ ਸਕੇ ਰੁੱਖਾਂ ਦੀ ਕਟਾਈ ਤੇ ਧਰਤੀ-ਮਾਂ ਨੂੰ ਪਲੀਤ ਕਰਨ ਵਾਲਾ ਮਾਰੂ ਨਾਚ ਬੰਦ ਹੋਣਾ ਜ਼ਰੂਰੀ ਹੈ। ਸਾਡੀਆਂ ਗ਼ਲਤ ਆਦਤਾਂ ਕਰਕੇ ਜਲਵਾਯੂ ਪਰਿਵਰਤਨ ਅਤੇ ਪਾਵਸ ਯਾਨੀ ਮੀਂਹ ਦੇ ਵਾਹਨ ਵਜੋਂ ਬੱਦਲਾਂ ਦਾ ਗਣਿਤ ਉਲਟ-ਪੁਲਟ ਤੇ ਮਿਜ਼ਾਜ ਅਨਿਸ਼ਚਿਤ ਹੋ ਰਿਹਾ ਹੈ। ਸਾਹ ਲੈਣ ਲਈ ਜ਼ਰੂਰੀ ਸ਼ੁੱਧ ਹਵਾ ਖ਼ਤਮ ਹੋ ਰਹੀ ਹੈ। ਇਸ ਤੋਂ ਪਹਿਲਾਂ ਸਿਹਤਵਰਧਕ ਪਾਣੀ ਅਸੀਂ ਲਗਭਗ ਖ਼ਤਮ ਕਰ ਲਿਆ ਹੈ। ਪਾਣੀ ਦੇ ਅਸਾਧਾਰਨ ਰੂਪ ਹਲਕਾ ਪਾਣੀ, ਭਾਰਾ ਪਾਣੀ, ਅੱਧਾ ਭਾਰਾ ਪਾਣੀ ਜਾਂ ਜ਼ੀਰੋ ਪਾਣੀ ਆਦਿ ਰਹਿ ਗਏ ਹਨ। ਅਸੀਂ ਜਿਸ ਨੂੰ ਸਾਫ਼ ਪਾਣੀ ਸਮਝ ਕੇ ਪੀਂਦੇ ਹਾਂ, ਉਹ ਕਈ ਦ੍ਰਵਾਂ ਦਾ ਘੋਲ ਹੈ।

ਨਵੀਂ ਪੀੜ੍ਹੀ ਵੱਲੋਂ ਅਨਪੜ੍ਹ ਕਹਿ ਕੇ ਨਕਾਰੇ ਜਾਣ ਵਾਲੇ ਬਜ਼ੁਰਗ ਪਾਣੀ ਦੀ ਮਹੱਤਤਾ ਤੋਂ ਜਾਣੂ ਸਨ। ਭਾਵੇਂ ਪਹਿਲਾਂ ਖੇਤੀ ਕੁਦਰਤੀ ਜਲ ਸਰੋਤਾਂ ’ਤੇ ਨਿਰਭਰ ਸੀ ਪ੍ਰੰਤੂ ਪਿਛਲੀਆਂ ਪੀੜ੍ਹੀਆਂ ਕੁੰਡਾਂ, ਖੂਹਾਂ, ਤਲਾਬਾਂ ਅਤੇ ਬਉਲੀਆਂ ਆਦਿ ਰਾਹੀਂ ਪਾਣੀ ਸੰਗ੍ਰਹਿ ਕਰਨ ਦਾ ਵਧੀਆ, ਸਟੀਕ ਤੇ ਸਰਵਕਾਲੀ ਹੱਲ ਜਾਣਦੀਆਂ ਸਨ। ਉਹ ਜਲ-ਰੱਖਿਆ ਤੇ ਜਲ-ਦਾਨ ਤੋਂ ਭਲੀ-ਭਾਂਤ ਜਾਣੂ ਸਨ। ਜਲ-ਵਿੱਦਿਆ ਦੇ ਬਲਬੂਤੇ ਹੀ ਉਨ੍ਹਾਂ ਨੇ ਲੋਕ ਕਲਿਆਣ ਵਾਲੀ ਖੇਤੀਬਾੜੀ ਸੱਭਿਅਤਾ ਦਾ ਵਿਕਾਸ ਕੀਤਾ ਸੀ ਅਤੇ ਧਰਤੀ ਦੇ ਜੀਵਨਦਾਤਾ ਗੁਣਾਂ ਨੂੰ ਵੀ ਨਹੀਂ ਸੀ ਮਰਨ ਦਿੱਤਾ। ਅੰਗਰੇਜ਼ ਆਏ ਤਾਂ ਦਰਿਆਵਾਂ ਵਿੱਚੋਂ ਨਹਿਰਾਂ, ਉਨ੍ਹਾਂ ’ਚੋਂ ਸੂਏ ਤੇ ਅੱਗੋਂ ਖਾਲਾਂ ਰਾਹੀਂ ਪਾਣੀ ਖੇਤਾਂ ਤੱਕ ਪੁੱਜਾ। ਜੀਵਨ ਵਿੱਚ ਕ੍ਰਾਂਤੀਕਾਰੀ ਤਬਦੀਲੀ ਆਈ ਅਤੇ ਇਸ ਦੇ ਨਾਲ ਅਨੇਕ ਥਾਈਂ ਬੰਜਰ ਧਰਤੀ ਦੀ ਕੁੱਖ ਹਰੀ ਕਰਨ ਵਿੱਚ ਸਫਲਤਾ ਮਿਲੀ ਪ੍ਰੰਤੂ ਹੌਲੀ-ਹੌਲੀ ਆਧੁਨਿਕਤਾ ਦੇ ਨਾਂ ’ਤੇ ਕੁਦਰਤੀ ਜਲ-ਸਰੋਤਾਂ ਤੇ ਪਰੰਪਰਿਕ ਮਨੁੱਖ ਸਿਰਜਤ ਜਲ-ਸਰੋਤ ਖ਼ਤਮ ਕਰ ਲਏ ਗਏ। ਟਿਊਬਵੈੱਲਾਂ ਅਤੇ ਕੁਝ ਹੋਰ ਕਾਰਨਾਂ ਕਰਕੇ ਧਰਤੀ ਹੇਠਲੇ ਪਾਣੀ ਦਾ ਪੱਧਰ ਬਹੁਤ ਨੀਵਾਂ ਹੋ ਗਿਆ। ਬਰਸਾਤੀ ਪਾਣੀ ਇਕੱਠਾ ਕਰਕੇ ਉਸ ਦਾ ਸਦਉਪਯੋਗ ਕਰਨ ਦੇ ਤਰੀਕਿਆਂ ਵੱਲ ਜਿੰਨਾ ਧਿਆਨ ਦੇਣਾ ਬਣਦਾ ਸੀ, ਨਹੀਂ ਦਿੱਤਾ ਗਿਆ। ਫ਼ਸਲਾਂ ਦੀ ਉਤਪਾਦਕਤਾ ਵਧਾਉਣ ਖ਼ਾਤਰ ਰਸਾਇਣਿਕ ਤੇ ਜੈਵਿਕ ਖਾਦਾਂ ਦੀ ਸੰਤੁਲਿਤ ਵਰਤੋਂ ਨੂੰ ਤਰਜੀਹ ਨਹੀਂ ਦਿੱਤੀ ਗਈ। ਅਜਿਹੇ ਹਾਲਾਤ ਕਾਰਨ ਕਿੱਦਾਂ ਤੇ ਕਦੋਂ ਤੱਕ ਇਨਸਾਨੀ ਨਸਲ ਜਿਊਂਦੀ ਰੱਖੀ ਜਾ ਸਕਦੀ ਹੈ?

ਇਤਿਹਾਸ ਗਵਾਹ ਹੈ ਭੀੜ ਪੈਣ ’ਤੇ ਪੰਜਾਬਣਾਂ ਨੇ ਪੁਰਸ਼ਾਂ ਦੀ ਅਗਵਾਈ ਕੀਤੀ ਹੈ। ਇਤਿਹਾਸ ਅਤੇ ਕਿਸਾਨੀ ਸੰਘਰਸ਼ ਦੌਰਾਨ ਅਦਾ ਕੀਤੀ ਭੂਮਿਕਾ ਤੋਂ ਪ੍ਰੇਰਣਾ ਲੈ ਕੇ ਰੁੱਖਾਂ ਦੀ ਕਟਾਈ, ਨਸ਼ਿਆਂ ਜਿਹੀ ਬੁਰਾਈ ਅਤੇ ਅਜਿਹੀਆਂ ਹੋਰ ਅਲਾਮਤਾਂ ਨੂੰ ਰੋਕਣ ਲਈ ਮਾਈ ਭਾਗੋ ਜਿਹੀ ਭੂਮਿਕਾ ਨਿਭਾਉਣ ਲਈ ਅੱਗੇ ਆਉਣ ਦੀ ਜ਼ਰੂਰਤ ਹੈ। ਅੱਜ ਪ੍ਰਕਿਰਤੀ ਵਿਰੋਧੀ ਵਿਕਾਸਵਾਦੀ ਬਾਜ਼ਾਰੂ ਅਰਥ-ਵਿਵਸਥਾ ਦੇ ਅੱਖਾਂ ਮੀਚ ਕੇ ਮਗਰ ਲੱਗਣ ਦਾ ਸਮਾਂ ਨਹੀਂ। ਸ਼ੁੱਧ ਹਵਾ ਤੇ ਅੰਨ-ਜਲ ਦੇਣ ਵਾਲੇ ਪ੍ਰਕਿਰਤਕ ਉਪਹਾਰਾਂ ਨੂੰ ਬਚਾਉਣ, ਨੌਜਵਾਨ ਪੀੜ੍ਹੀ ਦੇ ਸੁਨਹਿਰੇ ਭਵਿੱਖ ਲਈ ਉਪਰਾਲੇ ਕਰਨ, ਭਾਈਚਾਰਕ-ਸਾਂਝ ਵਧਾਉਣ ਅਤੇ ਜੀਵਨ-ਰੌਂ ਨੂੰ ਖ਼ੁਸ਼ੀ ਪ੍ਰਦਾਨ ਕਰਨ ਵਾਲੀ ਧਿਰ ਦੇ ਨਾਲ-ਨਾਲ ਪ੍ਰਕਿਰਤੀ-ਪ੍ਰੇਮੀ ਬਣ ਕੇ ਜੀਵਨ-ਡੋਰ ਨੂੰ ਬਾਜ਼ਾਰ ਦੇ ਹੱਥਾਂ ਵਿੱਚ ਨਾ ਸੌਂਪਣ ਦਾ ਪ੍ਰਣ ਲੈਣ ਦਾ ਸਮਾਂ ਹੈ।

ਸੰਪਰਕ: 85678-86223

Advertisement
×