DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪੰਜਾਬੀ ਸੰਗੀਤ ਦਾ ਨਾਯਾਬ ਹੀਰਾ ਮਨਪ੍ਰੀਤ ਅਖ਼ਤਰ

ਰਾਈ ਤੈਨੂੰ ਸੁੱਤਿਆਂ ਖ਼ਬਰ ਨਾ ਕਾਈ। ਬਾਬਲਾ ਪਵਾਦੇ ਬੇੜੀਆਂ ਮੇਰੀ ਜੰਝ ਪੱਤਣਾਂ ’ਤੇ ਆਈ। ਉੱਘੇ ਗੀਤਕਾਰ ਬਾਬੂ ਸਿੰਘ ਮਾਨ ਦੇ ਲਿਖੇ ਇਹ ਟੱਪੇ ਲੋਕ ਗਾਇਕਾ ਮਨਪ੍ਰੀਤ ਅਖ਼ਤਰ ਦੀ ਆਵਾਜ਼ ਅਤੇ ਸੰਗੀਤ ਦੇ ਸੁਮੇਲ ਨਾਲ ਜਦੋਂ ਹਵਾਵਾਂ ਵਿੱਚ ਗੂੰਜਦੇ ਹਨ ਤਾਂ...
  • fb
  • twitter
  • whatsapp
  • whatsapp
Advertisement

ਰਾਈ ਤੈਨੂੰ ਸੁੱਤਿਆਂ ਖ਼ਬਰ ਨਾ ਕਾਈ।

ਬਾਬਲਾ ਪਵਾਦੇ ਬੇੜੀਆਂ ਮੇਰੀ ਜੰਝ ਪੱਤਣਾਂ ’ਤੇ ਆਈ।

Advertisement

ਉੱਘੇ ਗੀਤਕਾਰ ਬਾਬੂ ਸਿੰਘ ਮਾਨ ਦੇ ਲਿਖੇ ਇਹ ਟੱਪੇ ਲੋਕ ਗਾਇਕਾ ਮਨਪ੍ਰੀਤ ਅਖ਼ਤਰ ਦੀ ਆਵਾਜ਼ ਅਤੇ ਸੰਗੀਤ ਦੇ ਸੁਮੇਲ ਨਾਲ ਜਦੋਂ ਹਵਾਵਾਂ ਵਿੱਚ ਗੂੰਜਦੇ ਹਨ ਤਾਂ ਸਮਾਂ ਜਿਵੇਂ ਰੁਕ ਜਾਂਦਾ ਹੈ। ਲੋਕ ਗਾਇਕਾ ਮਨਪ੍ਰੀਤ ਅਖ਼ਤਰ ਪੰਜਾਬੀ ਸੰਗੀਤ ਦਾ ਇੱਕ ਅਜਿਹਾ ਨਾਯਾਬ ਹੀਰਾ ਸੀ, ਜਿਸ ਦੀ ਚਮਕ ਨਾਲ ਪੰਜਾਬੀ ਸੰਗੀਤ ਰੁਸ਼ਨਾ ਗਿਆ ਸੀ। ਉਹ ਕਲਾਸੀਕਲ ਸੰਗੀਤ ਦੀ ਤਾਲੀਮ ਯਾਫ਼ਤਾ ਅਤੇ ਆਪਣੇ ਵੱਡਿਆ ਤੋਂ ਵਿਰਸੇ ਵਿੱਚ ਮਿਲੀ ਪੰਜਾਬੀ ਲੋਕ ਗਾਇਕੀ ਦੇ ਖ਼ਜ਼ਾਨੇ ਨਾਲ ਮਾਲਾਮਾਲ ਸੀ। ਉਸ ਨੇ ਜੋ ਵੀ ਗਾਇਆ ਮਿਆਰੀ ਗਾਇਆ ਤੇ ਉਸ ਦੇ ਗੀਤਾਂ ਨੂੰ ਸਰੋਤਿਆ ਦਾ ਭਰਭੂਰ ਪਿਆਰ ਵੀ ਮਿਲਿਆ।

ਪੰਜਾਬੀ ਸੰਗੀਤ ਦੀਆਂ ਅਮੀਰ ਪਰੰਪਰਾਵਾਂ ਨੂੰ ਜਿਨ੍ਹਾਂ ਲੋਕ ਗਾਇਕਾਵਾਂ ਨੇ ਜਿੰਦਾ ਰੱਖਣ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾਇਆ ਉਨ੍ਹਾਂ ’ਚ ਗਾਇਕਾਵਾਂ ਦਾ ਨਾਂ ਪੰਜਾਬੀ ਸੰਗੀਤ ਜਗਤ ਵਿੱਚ ਬੜੇ ਅਦਬ ਨਾਲ ਲਿਆ ਜਾਂਦਾ ਹੈ। ਮਨਪ੍ਰੀਤ ਅਖ਼ਤਰ ਵੀ ਉਨ੍ਹਾਂ ਲੋਕ ਗਾਇਕਾਵਾਂ ਵਿੱਚ ਸ਼ਾਮਲ ਹੈ ਜਿਨ੍ਹਾਂ ਪੰਜਾਬੀ ਸੰਗੀਤ ਦੀ ਅਮੀਰ ਵਿਰਾਸਤ ਨੂੰ ਅੱਗੇ ਤੋਰਿਆ। ਆਪਣੇ ਸੰਗੀਤਕ ਸਫ਼ਰ ਦੌਰਾਨ ਉਸ ਨੇ ਪੰਜਾਬੀ ਸੰਗੀਤ ਦੀ ਹਰ ਵੰਨਗੀ ਗਾਈ। ਟੱਪੇ, ਬੋਲੀਆਂ, ਲੋਕ ਗੀਤ, ਸੁਹਾਗ, ਘੋੜੀਆਂ, ਲੰਮੀ ਹੇਕ ਵਾਲੇ ਗੀਤ, ਦੋ ਗਾਣਾ ਗੀਤ, ਏਕਲ ਗੀਤ, ਮਿਰਜ਼ਾ, ਹੀਰ, ਲੋਕ ਦਾਸਤਾਨਾਂ ਅਤੇ ਨਾਲ ਹੀ ਪੰਜਾਬੀ, ਹਿੰਦੀ ਫਿਲਮਾਂ ਵਿੱਚ ਪਿੱਠਵਰਤੀ ਗਾਇਕਾ ਵਜੋਂ ਉਸ ਨੇ ਹਰ ਤਰ੍ਹਾਂ ਦੇ ਗੀਤ ਗਾ ਕੇ ਆਪਣੀ ਗਾਇਕੀ ਦਾ ਲੋਹਾ ਮਨਵਾਇਆ।

ਉਸ ਦਾ ਜਨਮ 24 ਜਨਵਰੀ 1965 ਵਿੱਚ ਮੁਕਤਸਰ ਵਿਖੇ ਉਸਤਾਦ ਕੀੜੇ ਖਾਂ ਸ਼ੌਕੀਨ ਅਤੇ ਨਸੀਬ ਬੀਬੀ ਦੇ ਘਰ ਹੋਇਆ। ਮਨਪ੍ਰੀਤ ਹੋਰੀਂ ਚਾਰ ਭੈਣ-ਭਰਾ ਹਨ, ਸਭ ਤੋਂ ਵੱਡੀ ਭੈਣ ਵੀਰਪਾਲ, ਉਸ ਤੋਂ ਛੋਟਾ ਭਰਾ ਗੁਰਾਂਦਿੱਤਾ ਤੇ ਤੀਸਰੇ ਨੰਬਰ ’ਤੇ ਮਨਪ੍ਰੀਤ ਤੇ ਸਭ ਤੋਂ ਛੋਟਾ ਉਨ੍ਹਾਂ ਦਾ ਭਰਾ ਮਸ਼ਹੂਰ ਗਾਇਕ ਦਿਲਸ਼ਾਦ ਅਖ਼ਤਰ। ਮਨਪ੍ਰੀਤ ਦੇ ਪਿਤਾ ਉਸਤਾਦ ਕੀੜੇ ਖਾਂ ਸ਼ੌਕੀਨ ਦਾ ਪੰਜਾਬੀ ਲੋਕ ਗਾਇਕੀ ਵਿੱਚ ਬਹੁਤ ਵੱਡਾ ਨਾਂ ਸੀ ਜੋ ਲੋਕ ਗਾਇਕੀ ਦੇ ਨਾਲ ਨਾਲ ਕਲਾਸੀਕਲ ਗਾਇਕੀ ਵਿੱਚ ਵੀ ਉੱਚਾ ਮੁਕਾਮ ਰੱਖਦਾ ਸੀ। ਉਸ ਦੀ 20ਵੀਂ ਸਦੀ ਦੇ ਪਿਛਲੇ ਅੱਧ ਵਿੱਚ ਪੰਜਾਬੀ ਗਾਇਕੀ ਦੇ ਖੇਤਰ ਵਿੱਚ ਮਕਬੂਲੀਅਤ ਸਿਖਰਾਂ ’ਤੇ ਸੀ। ਪਰੰਪਰਿਕ ਢੱਡ ਸਾਰੰਗੀ ਨਾਲ ਆਪਣੀ ਗਾਇਕੀ ਨੂੰ ਸ਼ੁਰੂ ਕਰਨ ਵਾਲੇ ਉਸਤਾਦ ਕੀੜੇ ਖਾਂ ਨੇ ਸਟੇਜੀ ਗਾਇਕੀ, ਦੋਗਾਣੇ ਅਤੇ ਸੋਲੋ ਵੀ ਗਾਇਆ ਅਤੇ ਅਖੀਰ ਧਾਰਮਿਕ ਗਾਇਕੀ ਨੂੰ ਅਪਣਾ ਲਿਆ। ਸੋ ਘਰ ਵਿੱਚ ਸੰਗੀਤਕ ਮਾਹੌਲ ਹੋਣ ਕਾਰਨ ਮਨਪ੍ਰੀਤ ਅਖ਼ਤਰ ਬਚਪਨ ਤੋਂ ਹੀ ਸੰਗੀਤ ਪ੍ਰਤੀ ਲਗਾਅ ਰੱਖਣ ਲੱਗੀ। ਅਜੇ ਉਸ ਦੀ ਉਮਰ ਦੋ- ਤਿੰਨ ਸਾਲ ਹੀ ਸੀ ਜਦੋਂ ਉਹ ਘਰ ਵਿੱਚ ਆਪਣੇ ਪਿਤਾ ਜੀ ਨੂੰ ਰਿਆਜ਼ ਕਰਦਿਆਂ ਸੁਣਦੀ ਤੇ ਫਿਰ ਉਨ੍ਹਾਂ ਵੱਲੋਂ ਗਾਏ ਜਾਂਦੇ ਗੀਤਾਂ ਤੇ ਬੰਦਸ਼ਾਂ ਨੂੰ ਦੁਹਰਾਉਂਦੀ। ਇਸ ਤਰ੍ਹਾਂ ਬਚਪਨ ਵਿੱਚ ਹੀ ਉਸ ਨੇ ਆਪਣੇ ਪਿਤਾ ਤੋਂ ਸੁਰ ਦਾ ਗਿਆਨ ਹਾਸਲ ਕਰਨਾ ਸ਼ੁਰੂ ਕਰ ਦਿੱਤਾ ਸੀ। ਸੰਗੀਤ ਦੇ ਨਾਲ ਨਾਲ ਮਨਪ੍ਰੀਤ ਦੀ ਰੁਚੀ ਖੇਡਾਂ ਵਿੱਚ ਵੀ ਰਹੀ। ਉਹ ਵਾਲੀਵਾਲ, ਅਥਲੈਟਿਕਸ ਅਤੇ ਕਬੱਡੀ ਦੀ ਵਧੀਆ ਖਿਡਾਰਨ ਸੀ ਅਤੇ ਕਬੱਡੀ ਟੀਮ ਦੀ ਤਾਂ ਉਹ ਕਪਤਾਨ ਵੀ ਰਹੀ। ਉਸ ਨੇ ਕਲਾਸੀਕਲ ਸੰਗੀਤ ਦੀ ਤਾਲੀਮ ਸਰਕਾਰੀ ਬਰਜਿੰਦਰਾ ਕਾਲਜ ਦੇ ਪ੍ਰੋਫੈਸਰ ਪੰਡਿਤ ਕ੍ਰਿਸ਼ਨ ਕਾਂਤ ਸ਼ਰਮਾ ਤੋਂ ਹਾਸਲ ਕੀਤੀ ਜੋ ਦਿਲਸ਼ਾਦ ਅਖ਼ਤਰ ਦੇ ਵੀ ਸੰਗੀਤਕ ਉਸਤਾਦ ਸਨ। ਦਸਵੀਂ ਕਰਨ ਤੋਂ ਬਾਅਦ ਮਨਪ੍ਰੀਤ ਦਾ ਪਰਿਵਾਰ ਕੋਟਕਪੂਰੇ ਆ ਵੱਸਿਆ ਜਿੱਥੇ ਉਸ ਨੇ ਗਾਂਧੀ ਮੈਮੋਰੀਅਲ ਕਾਲਜ ਫਾਰ ਵਿਮੈੱਨ ਤੋਂ ਬੀ.ਏ. ਦੀ ਡਿਗਰੀ ਹਾਸਲ ਕੀਤੀ। ਬੀ.ਏ. ਕਰਦਿਆਂ ਉਸ ਨੇ ਇੰਟਰ ਕਾਲਜ ਯੂਥ ਫੈਸਟੀਵਲਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ ਜਿੱਥੇ ਗੀਤ ਮੁਕਾਬਲਿਆਂ ਵਿੱਚ ਉਸ ਨੇ ਗੋਲਡ ਮੈਡਲ ਜਿੱਤਿਆ। ਮਨਪ੍ਰੀਤ ਪੰਜਾਬੀ ਸੰਗੀਤ ਜਗਤ ਦੀ ਪਹਿਲੀ ਅਜਿਹੀ ਗਾਇਕਾ ਸੀ ਜੋ ਵਿਰਸੇ ਵਿੱਚ ਮਿਲੀ ਲੋਕ ਗਾਇਕੀ ਦੀ ਤਾਲੀਮ ਤਾਂ ਰੱਖਦੀ ਹੀ ਸੀ, ਪਰ ਨਾਲ ਹੀ ਉਸ ਨੇ ਸੰਗੀਤ ਵਿੱਚ ਉੱਚ ਵਿੱਦਿਅਕ ਯੋਗਤਾ ਵੀ ਪ੍ਰਾਪਤ ਕੀਤੀ ਤੇ ਬਤੌਰ ਸੰਗੀਤ ਲੈਕਚਰਾਰ ਦੇ ਤੌਰ ’ਤੇ ਸਰਕਾਰੀ ਸਕੂਲਾਂ ਵਿੱਚ ਆਪਣੀਆਂ ਨਿਰੰਤਰ ਸੇਵਾਵਾਂ ਦਿੱਤੀਆਂ।

ਬੇਸ਼ੱਕ ਉਹ ਅਜਿਹੇ ਪਰਿਵਾਰ ਨਾਲ ਸਬੰਧ ਰੱਖਦੀ ਸੀ ਜਿਨ੍ਹਾਂ ਦਾ ਸੰਗੀਤ ਦੇ ਖੇਤਰ ਵਿੱਚ ਉੱਚਾ ਨਾਮ ਤੇ ਰੁਤਬਾ ਸੀ, ਪਰ ਸੰਗੀਤਕ ਘਰਾਣਾ ਹੋਣ ਦੇ ਬਾਵਜੂਦ ਮਨਪ੍ਰੀਤ ਦੇ ਖ਼ਾਨਦਾਨ ਵਿੱਚ ਕੁੜੀਆਂ ਦਾ ਗਾਉਣਾ ਤੇ ਉਸ ਨੂੰ ਇੱਕ ਕਿੱਤੇ ਵਜੋਂ ਅਪਣਾਉਣਾ ਪਸੰਦ ਨਹੀਂ ਕੀਤਾ ਜਾਂਦਾ ਸੀ ਜਿਸ ਕਰਕੇ ਗਾਇਕੀ ਵਿੱਚ ਮੁਹਾਰਤ ਹਾਸਲ ਕਰਨ ਦੇ ਬਾਵਜੂਦ ਉਸ ਨੇ ਸੰਗੀਤ ਦੀ ਦੁਨੀਆ ਵਿੱਚ ਕਦਮ ਰੱਖਣਾ ਮੁਨਾਸਿਬ ਨਾ ਸਮਝਿਆ, ਪਰ ਜਦੋਂ ਉਸ ਦਾ ਵਿਆਹ ਪਿੰਡ ਕੱਦੋਂ ਜ਼ਿਲ੍ਹਾ ਲੁਧਿਆਣਾ ਦੇ ਵਸਨੀਕ ਸੰਜੀਵ ਕੁਮਾਰ ਨਾਲ ਹੋਇਆ ਤਾਂ ਸਹੁਰੇ ਘਰ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਦੇ ਬਾਵਜੂਦ ਮਨਪ੍ਰੀਤ ਦੇ ਪਤੀ ਨੇ ਉਸ ਨੂੰ ਗਾਇਕੀ ਦੇ ਖੇਤਰ ਵਿੱਚ ਕਦਮ ਰੱਖਣ ਲਈ ਉਤਸ਼ਾਹਿਤ ਕੀਤਾ ਅਤੇ ਨਾਲ ਹੀ ਉਸ ਨੂੰ ਸੰਗੀਤ ਵਿੱਚ ਅੱਗੇ ਵਧਣ ਤੇ ਹੋਰ ਬਿਹਤਰ ਕਰਨ ਲਈ ਹਮੇਸ਼ਾਂ ਹੌਸਲਾ ਅਫ਼ਜ਼ਾਈ ਕੀਤੀ।

ਮਨਪ੍ਰੀਤ ਦਾ ਛੋਟਾ ਭਰਾ ਦਿਲਸ਼ਾਦ ਅਖ਼ਤਰ ਪੰਜਾਬੀ ਗਾਇਕੀ ਵਿੱਚ ਬਹੁਤ ਵੱਡਾ ਨਾਂ ਸੀ ਜਿਸ ਨੇ ਬਹੁਤ ਥੋੜ੍ਹੇ ਸਮੇਂ ਵਿੱਚ ਆਪਣੀ ਖੂਬਸੂਰਤ ਗਾਇਕੀ ਰਾਹੀਂ ਲੱਖਾਂ ਲੋਕਾਂ ਨੂੰ ਆਪਣਾ ਦੀਵਾਨਾ ਬਣਾ ਲਿਆ। ਪਰ ਬਹੁਤ ਥੋੜ੍ਹੀ ਉਮਰ ਵਿੱਚ ਹੀ ਉਸ ਦਾ ਕਤਲ ਕਰ ਦਿੱਤਾ ਗਿਆ। ਇੰਝ ਲੱਖਾਂ ਦਿਲਾਂ ਦੀ ਧੜਕਣ ਬਣੇ ਦਿਲਸ਼ਾਦ ਦੀ ਦੁਖਦਾਈ ਮੌਤ ਤੋਂ ਬਾਅਦ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਡਿੱਗ ਪਿਆ। ਹੁਣ ਬਦਲੇ ਹਾਲਾਤ ਵਿੱਚ ਗਾਇਕੀ ਦੀ ਖ਼ਾਨਦਾਨੀ ਪਰੰਪਰਾ ਨੂੰ ਅੱਗੇ ਲੈ ਕੇ ਜਾਣ ਵਾਲੀ ਇਕੱਲੀ ਵਾਰਸ ਮਨਪ੍ਰੀਤ ਹੀ ਸੀ ਜਿਸ ਨੇ ਸੰਗੀਤ ਦੀ ਵਿੱਦਿਆ ਵੀ ਹਾਸਲ ਕੀਤੀ ਸੀ ਤੇ ਉਸ ’ਤੇ ਸੰਗੀਤ ਦੀ ਦੇਵੀ ਦੀ ਪੂਰੀ ਕਿਰਪਾ ਵੀ ਸੀ। ਪੰਜਾਬੀ ਸੰਗੀਤ ਜਗਤ ਦੀਆਂ ਬਹੁਤ ਸਾਰੀਆਂ ਉੱਘੀਆਂ ਸ਼ਖ਼ਸੀਅਤਾਂ ਵੱਲੋਂ ਮਨਪ੍ਰੀਤ ਨੂੰ ਇਸ ਗੱਲ ਲਈ ਮਨਾਇਆ ਗਿਆ ਕਿ ਉਹ ਪੰਜਾਬੀ ਸੰਗੀਤ ਜਗਤ ਵਿੱਚ ਕਦਮ ਰੱਖਣ ਤੇ ਆਪਣੇ ਛੋਟੇ ਭਰਾ ਦਿਲਸ਼ਾਦ ਦੇ ਅਧੂਰੇ ਰਹਿ ਗਏ ਸੁਪਨਿਆ ਨੂੰ ਪੂਰਾ ਕਰਨ। ਇਸ ਤਰ੍ਹਾਂ ਉਸ ਨੇ ਪੰਜਾਬੀ ਸੰਗੀਤ ਜਗਤ ਦੇ ਖੇਤਰ ਵਿੱਚ ਕਦਮ ਰੱਖਿਆ।

ਉਸ ਨੇ ਲੋਕ ਗਾਇਕੀ ਦੇ ਨਾਲ ਨਾਲ ਏਕਲ ਗਾਇਕੀ ਅਤੇ ਦੋਗਾਣਾ ਗਾਇਕੀ ਦੋਹਾਂ ਨੂੰ ਬਰਾਬਰ ਦੀ ਤਰਜੀਹ ਦਿੱਤੀ। ਆਪਣੀ ਗਾਇਕੀ ਦੇ ਸਫ਼ਰ ਦੌਰਾਨ ਉਸ ਨੇ ਦੇਸ਼ਾਂ ਵਿਦੇਸ਼ਾਂ ਵਿੱਚ ਅਨੇਕਾਂ ਸੱਭਿਆਚਾਰਕ ਪ੍ਰੋਗਰਾਮਾਂ, ਮੇਲਿਆਂ, ਟੈਲੀਵਿਜ਼ਨ ਦੇ ਗੀਤ ਸੰਗੀਤ ਦੇ ਪ੍ਰੋਗਰਾਮਾਂ ਵਿੱਚ ਗਾਇਆ। ਇਹ ਗੱਲ 1996 ਤੋਂ ਪਹਿਲਾਂ ਦੀ ਹੈ ਜਦੋਂ ਮਨਪ੍ਰੀਤ ਨੇ ਅਜੇ ਗਾਇਕੀ ਦੇ ਖੇਤਰ ਵਿੱਚ ਪੱਕੇ ਤੌਰ ’ਤੇ ਕਦਮ ਨਹੀਂ ਰੱਖਿਆ ਸੀ। ਉਹ ਗੀਤ ਗਾ ਤਾਂ ਰਹੀ ਸੀ, ਪਰ ਪਰਦੇ ਦੇ ਪਿੱਛੇ ਰਹਿ ਕੇ ਪਿੱਠਵਰਤੀ ਗਾਇਕਾ ਦੇ ਤੌਰ ’ਤੇ ਹੀ ਉਸ ਨੂੰ ਗੀਤ ਗਾਉਣਾ ਪਸੰਦ ਸੀ। ਇਸੇ ਸਮੇਂ ਦੌਰਾਨ ਉਸ ਨੇ ਸ਼ੌਕੀਆ ਹੀ ਇੱਕ ਟੇਪ ਰਿਕਾਰਡ ਕਰਵਾਈ ਜਿਸ ਦਾ ਟਾਈਟਲ ਸੀ ‘ਤੁਰ ਪ੍ਰਦੇਸ ਗਿਓਂ’। ਜਲੰਧਰ ਦੂਰਦਰਸ਼ਨ ਲਈ ਉਹ ਜਿਹੜਾ ਵੀ ਗੀਤ ਰਿਕਾਰਡ ਕਰਵਾਉਂਦੀ ਉਸ ਦੇ ਫਿਲਮਾਂਕਣ ਵਿੱਚ ਉਹ ਹਿੱਸਾ ਨਾ ਲੈਂਦੀ। 1996 ਦੀ ਹੀ ਗੱਲ ਹੈ ਜਦੋਂ ਮਨਪ੍ਰੀਤ ਦੀ ਚੋਣ ਸਟਾਰ ਪਲੱਸ ਦੇ ਸੰਗੀਤਕ ਪ੍ਰਤਿਭਾ ਖੋਜ ਮੁਕਾਬਲੇ ਦੇ ਸ਼ੋਅ ‘ਮੇਰੀ ਆਵਾਜ਼ ਸੁਨੋ’ ਲਈ ਹੋ ਗਈ, ਜਿਸ ਨੂੰ ਮਸ਼ਹੂਰ ਅਦਾਕਾਰ ਅਨੂ ਕਪੂਰ ਹੋਸਟ ਕਰ ਰਿਹਾ ਸੀ। ਸਟਾਰ ਪਲੱਸ ਟੈਲੀਵਿਜ਼ਨ, ਲਤਾ ਮੰਗੇਸ਼ਕਰ ਅਤੇ ਯਸ਼ ਚੋਪੜਾ ਦੀ ਕੰਪਨੀ ਮੈਟਾਵਿਜ਼ਨ ਦੀ ਸਾਂਝੀ ਪੇਸ਼ਕਸ਼ ਇਸ ਰਿਐਲਟੀ ਸ਼ੌਅ ਦਾ ਪਹਿਲਾ ਐਪੀਸੋਡ 1996 ਵਿੱਚ ਟੈਲੀਕਾਸਟ ਹੋਇਆ ਸੀ ਤੇ ਜਿਸ ਨੂੰ ਮਸ਼ਹੂਰ ਗਾਇਕਾ ਸੁਨਿਧੀ ਚੌਹਾਨ ਨੇ ਜਿੱਤਿਆ ਸੀ। ਮੈਗਾ ਫਾਈਨਲ ਤੱਕ ਇਸ ਸ਼ੋਅ ਵਿੱਚ ਪਹੁੰਚਣ ਵਾਲੀ ਮਨਪ੍ਰੀਤ ਦੀ ਆਵਾਜ਼ ਅਤੇ ਗਾਇਕੀ ਨੂੰ ਸੰਗੀਤ ਦੀਆਂ ਕਈ ਮਸ਼ਹੂਰ ਹਸਤੀਆਂ ਨੇ ਸੁਣਿਆ ਜਿਨ੍ਹਾਂ ਵਿੱਚੋਂ ਲਤਾ ਮੰਗੇਸ਼ਕਰ, ਹਰੀਹਰਨ ਅਤੇ ਪ੍ਰਵੀਨ ਸੁਲਤਾਨਾ ਪ੍ਰਮੁੱਖ ਸਨ। ਇਸੇ ਪ੍ਰੋਗਰਾਮ ਦੀ ਬਦੌਲਤ ਬਾਅਦ ਵਿੱਚ ਯਸ਼ ਚੋਪੜਾ ਦੀ ਪਤਨੀ ਪਾਮੇਲਾ ਚੋਪੜਾ ਰਾਹੀਂ ਮਨਪ੍ਰੀਤ ਨੂੰ ਕਰਨ ਜੌਹਰ ਦੀ ਲਿਖੀ ਅਤੇ ਨਿਰਦੇਸ਼ਿਤ ਕੀਤੀ ਪਹਿਲੀ ਹਿੰਦੀ ਫਿਲਮ ‘ਕੁਛ ਕੁਛ ਹੋਤਾ ਹੈ’ ਵਿੱਚ ਗੀਤ ਗਾਉਣ ਦਾ ਮੌਕਾ ਮਿਲਿਆ। ਅਕਤੂਬਰ 1998 ਵਿੱਚ ਰਿਲੀਜ਼ ਹੋਈ ਇਸ ਫਿਲਮ ਵਿੱਚ ਮਨਪ੍ਰੀਤ ਨੇ ਅਲਕਾ ਯਾਗਨਿਕ ਅਤੇ ਉਦਿਤ ਨਰਾਇਣ ਨਾਲ ਡਿਊਟ ਗੀਤ ਗਾਇਆ। ਜਤਿਨ ਲਲਿਤ ਦੇ ਸੰਗੀਤ ਨਾਲ ਸਜੇ ਅਤੇ ਸਮੀਰ ਦੁਆਰਾ ਲਿਖੇ ਇਸ ਗੀਤ ਦੇ ਬੋਲ ਸਨ;

ਤੁਝੇ ਯਾਦ ਨਾ ਮੇਰੀ ਆਈ

ਕਿਸੀ ਸੇ ਅਬ ਕਿਆ ਕਹਿਨਾ।

ਦਿਲ ਰੋਇਆ ਤੇ ਅੱਖ ਭਰ ਆਈ

ਕਿਸੀ ਸੇ ਅਬ ਕਿਆ ਕਹਿਨਾ।

ਇਹ ਗੀਤ ਬਹੁਤ ਮਕਬੂਲ ਹੋਇਆ। ਇਸ ਨੇ ਮਨਪ੍ਰੀਤ ਨੂੰ ਪ੍ਰਸਿੱਧੀ ਦੀਆਂ ਸਿਖਰਾਂ ’ਤੇ ਪਹੁੰਚਾ ਦਿੱਤਾ। ਇਸ ਤੋਂ ਬਾਅਦ ਅਕਤੂਬਰ 2002 ਵਿੱਚ ਰਿਲੀਜ਼ ਹੋਈ ਇੱਕ ਹੋਰ ਬੌਲੀਵੁੱਡ ਫਿਲਮ ‘ਜ਼ਿੰਦਗੀ ਖੂਬਸੂਰਤ ਹੈ’ ਜਿਸ ਵਿੱਚ ਗੁਰਦਾਸ ਮਾਨ, ਤੱਬੂ ਅਤੇ ਦਿਵਿਆ ਦੱਤਾ ਨੇ ਮੁੱਖ ਕਿਰਦਾਰ ਅਦਾ ਕੀਤੇ ਸਨ, ਵਿੱਚ ਇੱਕ ਵਾਰ ਫਿਰ ਮਨਪ੍ਰੀਤ ਨੇ ਇੱਕ ਉਦਾਸ ਗੀਤ ਗਾਇਆ ਜਿਸ ਨੂੰ ਸੰਗੀਤਕਾਰ ਆਨੰਦ ਰਾਜ ਆਨੰਦ ਨੇ ਸੰਗੀਤਬੱਧ ਕੀਤਾ ਸੀ ਅਤੇ ਜਿਸ ਦੇ ਬੋਲ ਸਨ;

ਤੁਮ ਗਏ ਗ਼ਮ ਨਹੀਂ, ਆਂਖ ਯੇ ਨਮ ਨਹੀਂ।

ਦਰਦ ਹੋਗਾ ਦਵਾ ਅਬ, ਕੋਈ ਹਮਦਮ ਨਹੀਂ।

ਬੌਲੀਵੁੱਡ ਤੋਂ ਇਲਾਵਾ ਮਨਪ੍ਰੀਤ ਦੀ ਆਵਾਜ਼ ਪੌਲੀਵੁੱਡ ਵਿੱਚ ਵੀ ਗੂੰਜੀ। ਨਵੰਬਰ 2002 ਨੂੰ ਰਿਲੀਜ਼ ਹੋਈ ਫਿਲਮ ‘ਜੀ ਆਇਆ ਨੂੰ’ ਵਿੱਚ ਮਨਪ੍ਰੀਤ ਦਾ ਗਾਇਆ ਸੁਪਰਹਿੱਟ ਗੀਤ ‘ਮੈਂ ਵਾਰੀ ਮੈਂ ਵਾਰੀ ਮੇਰੀ ਸੰਮੀਏ, ਸੰਮੀ ਮੇਰੀ ਵਾਰ’ ਅਜਿਹਾ ਗੀਤ ਹੈ ਜਿਸ ਨੂੰ ਅੱਜ ਵੀ ਵਿਆਹ ਸ਼ਾਦੀਆਂ ਦੇ ਪ੍ਰੋਗਰਾਮਾਂ, ਸਕੂਲਾਂ ਤੇ ਕਾਲਜਾਂ ਦੇ ਸਾਲਾਨਾ ਪ੍ਰੋਗਰਾਮਾਂ ਵਿੱਚ ਪੂਰੀ ਸ਼ਾਨ ਨਾਲ ਵਜਾਇਆ ਜਾਂਦਾ ਹੈ। ਇਸ ਗੀਤ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਪੰਜਾਬੀ ਫਿਲਮਾਂ ਜਿਨ੍ਹਾਂ ਵਿੱਚ 1997 ਵਿੱਚ ਰਿਲੀਜ਼ ਹੋਈਆਂ ਪੰਜਾਬੀ ਫਿਲਮਾਂ ‘ਟਰੱਕ ਡਰਾਈਵਰ’, ‘ਸਿਕੰਦਰਾ’, 2005 ਵਿੱਚ ਰਿਲੀਜ਼ ਹੋਈ ਗੁੱਗੂ ਗਿੱਲ, ਯੋਗਰਾਜ ਸਿੰਘ ਦੀ ਪੰਜਾਬੀ ਫਿਲਮ ‘ਬਦਲਾ ਦਿ ਰਿਵੈਂਜ’ ਅਤੇ 2013 ਵਿੱਚ ਰਿਲੀਜ਼ ਹੋਈ ਸਰਬਜੀਤ ਚੀਮਾ, ਬੀਨੂੰ ਢਿੱਲੋਂ ਅਭਿਨੀਤ ਪੰਜਾਬੀ ਫਿਲਮ ‘ਪੰਜਾਬ ਬੋਲਦਾ’ ਪ੍ਰਮੁੱਖ ਹਨ, ਵਿੱਚ ਮਨਪ੍ਰੀਤ ਨੇ ਪਿੱਠਵਰਤੀ ਗਾਇਕਾ ਵਜੋਂ ਗੀਤ ਗਾਏ। ਸਤੰਬਰ 2013 ਵਿੱਚ ਰਿਲੀਜ਼ ਹੋਈ ਹਰਭਜਨ ਮਾਨ ਦੀ ਫਿਲਮ ‘ਹਾਣੀ’ ਦੇ ਸੁਪਰਹਿੱਟ ਗੀਤ ‘ਜਾਗੋ’ ਵਿੱਚ ਵੀ ਮਨਪ੍ਰੀਤ ਨੇ ਪਿੱਠਵਰਤੀ ਗਾਇਕਾ ਵਜੋਂ ਆਪਣੀ ਆਵਾਜ਼ ਦਾ ਜਾਦੂ ਬਿਖੇਰਿਆ। ਆਪਣੀ ਗਾਇਕੀ ਦੇ ਸਫ਼ਰ ਦੌਰਾਨ ਜਿੱਥੇ ਉਸ ਨੇ ਪੰਜਾਬੀ ਲੋਕ ਗੀਤ ਆਪਣੇ ਖ਼ਾਸ ਅੰਦਾਜ਼ ਵਿੱਚ ਗਾਏ, ਉੱਥੇ ਅਜਿਹੇ ਗੀਤ ਵੀ ਗਾਏ ਜਿਨ੍ਹਾਂ ਵਿੱਚ ਉਸ ਦੀ ਆਵਾਜ਼ ਵਿਚਲਾ ਦਰਦ ਉਸ ਗੀਤ ਨੂੰ ਸੁਣਨ ਵਾਲੇ ਦੀ ਰੂਹ ਤੱਕ ਨੂੰ ਝੰਜੋੜ ਜਾਂਦਾ ਸੀ।

17 ਜਨਵਰੀ 2016 ਨੂੰ ਦਿਲ ਦੀ ਧੜਕਣ ਰੁਕ ਜਾਣ ਕਾਰਨ ਉਹ ਇਸ ਫ਼ਾਨੀ ਦੁਨੀਆ ਨੂੰ ਅਲਵਿਦਾ ਕਹਿ ਗਈ। ਮਨਪ੍ਰੀਤ ਨੇ ਆਪਣੀ ਸੰਗੀਤ ਦੀ ਅਮੁੱਲੀ ਵਿਰਾਸਤ ਆਪਣੇ ਦੋਵੇਂ ਬੇਟਿਆਂ ਨਾਵੀਦ ਅਖ਼ਤਰ ਅਤੇ ਲਵਜੀਤ ਅਖ਼ਤਰ ਨੂੰ ਦਿੱਤੀ। ਅੱਜ ਉਹ ਆਪਣੀ ਮਾਂ ਦੀ ਗਾਇਕੀ ਦੇ ਵਾਰਿਸ ਬਣ ਕੇ ਉਸ ਵੱਲੋਂ ਪਾਏ ਪੂਰਨਿਆਂ ’ਤੇ ਚੱਲਣ ਦੀ ਕੋਸ਼ਿਸ਼ ਕਰ ਰਹੇ ਹਨ।

ਸੰਪਰਕ: 94646-28857

Advertisement
×