ਦੇਸ਼ ਭਗਤੀ ਦਾ ਹੋਕਾ ਦੇਣ ਵਾਲਾ ਮਨੋਜ ਕੁਮਾਰ
ਮਨੋਜ ਕੁਮਾਰ ਨੇ ਆਪਣੀ ਜ਼ਿੰਦਗੀ ਵਿੱਚ ਜੋ ਕਲਾਤਮਕ ਅਤੇ ਦੇਸ਼ ਭਗਤੀ ਦੀ ਸੇਧ ਦਿੰਦੀ ਭੂਮਿਕਾ ਨਿਭਾਈ ਹੈ, ਉਸ ਨੇ ਸਾਬਤ ਕਰ ਦਿੱਤਾ ਕਿ ਉਹ ਸੱਚਮੁਚ ਦੇਸ਼ ਦਾ ਭਾਰਤ ਕੁਮਾਰ ਹੈ। ਭਾਵੇਂ ਭਾਰਤੀ ਸਿਨੇਮਾ ਦੀ ਬੁਨਿਆਦ ਦਾਦਾ ਸਾਹਿਬ ਫਾਲਕੇ ਨੇ ਰੱਖੀ, ਪਰ ਭਾਰਤੀ ਸਿਨੇਮਾ ਦੇ ਕੁਝ ਅਜਿਹੇ ਸਿਤਾਰੇ ਹੋਏ ਹਨ, ਜਿਨ੍ਹਾਂ ਨੂੰ ਉਨ੍ਹਾਂ ਦੀ ਅਦਾਕਾਰੀ ਅਤੇ ਲੋਕਾਂ ਨੂੰ ਪ੍ਰਦਾਨ ਕੀਤੀ ਨਿੱਗਰ ਸੋਚ ਕਾਰਨ ਭਾਰਤੀ ਸਿਨੇਮਾ ਦੇ ਯੁੱਗ ਪੁਰਸ਼ਾਂ ਦਾ ਖਿਤਾਬ ਦਿੱਤਾ ਜਾਂਦਾ ਹੈ। ਮਨੋਜ ਕੁਮਾਰ ਇਨ੍ਹਾਂ ਯੁੱਗ ਪੁਰਸ਼ਾਂ ਵਿੱਚ ਸ਼ਾਮਲ ਪਹਿਲੀ ਕਤਾਰ ਦਾ ਨਾਇਕ ਹੈ।
‘ਸ਼ਹੀਦ’, ‘ਉਪਕਾਰ’, ‘ਪੂਰਬ ਔਰ ਪੱਛਮ’ ਅਤੇ ‘ਕ੍ਰਾਂਤੀ’ ਜਿਹੀਆਂ ਫਿਲਮਾਂ ਦੁਆਰਾ ਮਨੋਜ ਕੁਮਾਰ ਦਾ ਦੇਸ਼ ਭਗਤੀ ਦਾ ਅਕਸ ਲੋਕਾਂ ਦੇ ਦਿਲਾਂ ਉੱਪਰ ਛਾ ਗਿਆ। ਲਗਭਗ 60-65 ਸਾਲਾਂ ਤੋਂ ਸਾਰੇ ਦੇਸ਼ ਵਿੱਚ 15 ਅਗਸਤ, 26 ਜਨਵਰੀ ਦੇ ਸਮਾਗਮਾਂ ਅਤੇ ਫੌਜੀ ਸਮਾਗਮਾਂ ਉੱਪਰ ਮਨੋਜ ਕੁਮਾਰ ਦੀਆਂ ਫਿਲਮਾਂ ਦੇ ਗੀਤ ਹੀ ਗੂੰਜ ਰਹੇ ਹਨ। 1965 ਵਿੱਚ ਆਈ ‘ਸ਼ਹੀਦ’ ਫਿਲਮ ਦੇ ਕਈ ਗੀਤ ਤਾਂ ਭਗਤ ਸਿੰਘ ਦੇ ਸਾਥੀ ਰਹੇ ਰਾਮ ਪ੍ਰਸ਼ਾਦ ਬਿਸਮਿਲ ਨੇ ਲਿਖੇ ਸਨ। ਇਸ ਫਿਲਮ ਦੀ ਸਮੁੱਚੀ ਲਿਖਤ ਵੀ ਬਟੁਕੇਸ਼ਵਰ ਦੱਤ ਨੇ ਲਿਖੀ ਸੀ। ਫਿਲਮ ਵਿੱਚ ਭਗਤ ਸਿੰਘ ਦੀ ਮਾਤਾ ਵਿਦਿਆਵਤੀ ਦੀ ਭੂਮਿਕਾ ਕਾਮਿਨੀ ਕੌਸ਼ਲ ਨੇ ਨਿਭਾਈ ਸੀ। ਫਿਲਮ ਦੀ ਸ਼ੂਟਿੰਗ ਤੋਂ ਪਹਿਲਾਂ ਮਨੋਜ ਕੁਮਾਰ ਵਿਦਿਆਵਤੀ ਦੇ ਘਰ ਜਾ ਕੇ ਉਨ੍ਹਾਂ ਨੂੰ ਮਿਲਦੇ ਰਹੇ ਸਨ। ‘ਐ ਵਤਨ, ਐ ਵਤਨ ਹਮ ਕੋ ਤੇਰੀ ਕਸਮ’, ‘ਓ ਮੇਰਾ ਰੰਗ ਦੇ ਬਸੰਤੀ ਚੋਲਾ’, ‘ਸਰਫਰੋਸ਼ੀ ਕੀ ਤਮੰਨਾ’, ‘ਪਗੜੀ ਸੰਭਾਲ ਜੱਟਾ’ ਆਦਿ ‘ਸ਼ਹੀਦ’ ਫਿਲਮ ਦੇ ਅਜਿਹੇ ਗੀਤ ਸਨ, ਜਿਨ੍ਹਾਂ ਨੇ ਸਾਰੇ ਦੇਸ਼ ਵਿੱਚ ਲੋਕਾਂ ਦੇ ਦਿਲਾਂ ਵਿੱਚ ਦੇਸ਼ ਭਗਤੀ ਦਾ ਜਜ਼ਬਾ ਪੈਦਾ ਕਰ ਦਿੱਤਾ।
1965 ਵਿੱਚ ਤਤਕਾਲੀ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਨੇ ਸ਼ਹੀਦ ਫਿਲਮ ਦੇਖਣ ਉਪਰੰਤ ਮਨੋਜ ਕੁਮਾਰ ਨੂੰ ‘ਜੈ ਜਵਾਨ ਜੈ ਕਿਸਾਨ’ ਦੇ ਨਾਅਰੇ ਉੱਪਰ ਫਿਲਮ ਬਣਾਉਣ ਲਈ ਕਿਹਾ। ਮਨੋਜ ਕੁਮਾਰ ਦੀ ਲਗਨ ਰੰਗ ਲਿਆਈ ਤਾਂ 1967 ਵਿੱਚ ਫਿਲਮ ‘ਉਪਕਾਰ’ ਆਈ। ਫਿਲਮ ਦਾ ਨਿਰਦੇਸ਼ਕ ਅਤੇ ਨਾਇਕ ਮਨੋਜ ਕੁਮਾਰ ਹੀ ਸੀ। ਇਸ ਫਿਲਮ ਨੇ ਬਹੁਤ ਸਾਰੇ ਹਿਟ ਗੀਤ ਦਿੱਤੇ ਜਿਨ੍ਹਾਂ ਵਿੱਚ ‘ਮੇਰੇ ਦੇਸ਼ ਕੀ ਧਰਤੀ ਸੋਨਾ ਉਗਲੇ-ਉਗਲੇ ਹੀਰੇ ਮੋਤੀ’ ਮਹਿੰਦਰ ਕਪੂਰ ਦੀ ਆਵਾਜ਼ ਵਿੱਚ ਇਹ ਗੀਤ ਲੋਕਾਂ ਦੇ ਦਿਲਾਂ ਉੱਪਰ ਸਦਾ ਲਈ ਛਪ ਗਿਆ। ਇਸ ਦੇ ਨਾਲ ਹੀ ‘ਕਸਮੇ ਵਾਅਦੇ ਪਿਆਰ ਵਫਾ’, ‘ਦੀਵਾਨੋ ਸੇ ਯੋ ਮਤ ਪੂਛੋ’ ਅਜਿਹੇ ਗੀਤ ਹਨ, ਜਿਹੜੇ ਅਮਰਤਾ ਦੀ ਸ਼੍ਰੇਣੀ ਵਿੱਚ ਆਉਂਦੇ ਹਨ।
1965 ਵਿੱਚ ਹੀ ਇੱਕ ਹੋਰ ਫਿਲਮ ‘ਹਿਮਾਲਿਆ ਕੀ ਗੋਦ ਮੇਂ’ ਆਈ ਸੀ। ਇਸ ਫਿਲਮ ਦੇ ਗੀਤਾਂ ਨੇ ਇਸ ਨੂੰ ਲੋਕ ਮਨਾਂ ਉੱਪਰ ਉਤਾਰ ਦਿੱਤਾ ਅਤੇ ਫਿਲਮ ਸੁਪਰਹਿੱਟ ਸਾਬਤ ਹੋਈ। ਜੇਕਰ ਅੱਜ ਵੀ ਸੁਣੀਏ ਤਾਂ ਫਿਲਮ ਦਾ ਹਰ ਇੱਕ ਗੀਤ ਤਰੋਤਾਜ਼ਾ ਲੱਗਦਾ ਹੈ, ‘ਚਾਂਦ ਸੀ ਮਹਿਬੂਬਾ ਹੋ ਮੇਰੀ’ (ਮੁਕੇਸ਼), ‘ਇਕ ਤੂੰ ਨਾ ਮਿਲਾ, ਸਾਰੀ ਦੁਨੀਆ ਮਿਲੀ’ (ਲਤਾ ਮੰਗੇਸ਼ਕਰ), ‘ਕੰਕਰੀਆ ਮਾਰ ਕੇ ਜਗਾਇਆ’ (ਲਤਾ ਮੰਗੇਸ਼ਕਰ), 1964 ਵਿੱਚ ਆਈ ਫਿਲਮ ‘ਵੋ ਕੌਨ ਥੀ’ ਇੱਕ ਰਹੱਸਮਈ ਫਿਲਮ ਸੀ ਜਿਸ ਵਿੱਚ ਮਨੋਜ ਕੁਮਾਰ ਅਤੇ ਸਾਧਨਾ ਸਿਖਰਲੀਆਂ ਭੂਮਿਕਾਵਾਂ ਵਿੱਚ ਸਨ। ਫਿਲਮ ਵੀ ਸੁਪਰਹਿੱਟ ਸੀ ਅਤੇ ਗੀਤ ਵੀ ‘ਲਗ ਜਾ ਗਲੇ’ (ਲਤਾ ਮੰਗੇਸ਼ਕਰ), ‘ਨੈਨਾਂ ਬਰਸੇ ਰਿਮ ਝਿਮ-ਰਿਮ ਝਿਮ’ (ਲਤਾ ਮੰਗੇਸ਼ਕਰ), ‘ਸ਼ੋਖ ਨਜ਼ਰ ਕੀ ਬਿਜਲੀਆਂ’ (ਆਸ਼ਾ ਭੌਸਲੇ) ਸੁਪਰਹਿੱਟ ਗੀਤ ਹਨ, ਇਨ੍ਹਾਂ ਨੂੰ ਅੱਜ ਵੀ ਸੁਣਦੇ ਵੇਲੇ ਅਤਿ ਦਾ ਸਕੂਨ ਮਿਲਦਾ ਹੈ। 1970 ਵਿੱਚ ਆਈ ਫਿਲਮ ‘ਪੂਰਬ ਔਰ ਪੱਛਮ’ ਤੋਂ ਫੁੱਟੀਆਂ ਦੇਸ਼-ਭਗਤੀ ਦੀਆਂ ਜੜਾਂ ਨੇ 1971 ਵਿੱਚ ਹੋਈ ਭਾਰਤ-ਪਾਕਿਸਤਾਨ ਦੀ ਜੰਗ ਵਿੱਚ ਭਾਰਤ ਨੂੰ ਮਿਲੀ ਬੇ-ਮਿਸਾਲ ਜਿੱਤ ਵਿੱਚ ਆਪਣੀ ਮਹੱਤਵਪੂਰਨ ਭੂਮਿਕਾ ਨਿਭਾਈ। ਇਸ ਫਿਲਮ ਦੇ ਗੀਤ: ‘ਹੈ ਪ੍ਰੀਤ ਜਹਾਂ ਕੀ ਰੀਤ ਸਦਾ’ (ਮਹਿੰਦਰ ਕਪੂਰ), ‘ਕੋਈ ਜਬ ਤੁਮਾਹਰਾ ਹਿਰਦੈ ਤੋੜ ਦੇ’ (ਮੁਕੇਸ਼), ‘ਦੁਲਹਨ ਚਲੀ ਹੋ ਬਹਿਨ ਚਲੀ’ (ਮਹਿੰਦਰ ਕਪੂਰ), ‘ਪੁਰਬਾ ਸੁਹਾਨੀ ਆਈ ਰੇ’ (ਮਹਿੰਦਰ ਕਪੂਰ-ਲਤਾ ਮੰਗੇਸ਼ਕਰ), ‘ਰਘੂਪਤੀ ਰਾਘਵ ਰਾਜਾ ਰਾਮ’ (ਮਹਿੰਦਰ ਕਪੂਰ) ਸੰਪੂਰਨ ਭਾਰਤੀ ਸੰਸਕ੍ਰਿਤੀ ਅਤੇ ਨ੍ਰਿਤ ਕਲਾ ਦੀ ਬਾਖ਼ੂਬੀ ਤਰਜਮਾਨੀ ਕਰਦੇ ਹੋਏ ਲੋਕ ਮਨਾਂ ’ਚ ਸਮਾਏ ਹਨ।
ਭਾਰਤ ਦੇ ਲੋਕਾਂ ਦੀਆਂ ਆਰਥਿਕ ਮਜਬੂਰੀਆਂ ਦਾ ਚਿਤਰਨ ਕਰਦੀ 1974 ’ਚ ਆਈ ਫਿਲਮ ‘ਰੋਟੀ ਕੱਪੜਾ ਔਰ ਮਕਾਨ’ ਸੀ। ਇਹ ਫਿਲਮ ਮਨੋਜ ਕੁਮਾਰ ਦੁਆਰਾ ਲਿਖਤ ਅਤੇ ਨਿਰਦੇਸ਼ਿਤ ਸੀ। ਫਿਲਮ ਵਿੱਚ ਮਨੋਜ ਕੁਮਾਰ ਅਤੇ ਜ਼ੀਨਤ ਅਮਾਨ ਦੀ ਜੋੜੀ ਉੱਪਰ ਫਿਲਮਾਇਆ ਗੀਤ ‘ਤੇਰੀ ਦੋ ਟਕਿਆਂ ਦੀ ਨੌਕਰੀ ਮੇਰਾ ਲਾਖੋਂ ਕਾ ਸਾਵਨ ਜਾਏ’ (ਲਤਾ ਮੰਗੇਸ਼ਕਰ) ਫਿਲਮ ਦੀ ਕਹਾਣੀ ਦਾ ਕੇਂਦਰੀ ਗੀਤ ਬਣ ਕੇ ਲੋਕ ਮਨਾਂ ਉੱਪਰ ਛਾ ਗਿਆ।
1967 ਵਿੱਚ ਆਈ ਫਿਲਮ ‘ਪੱਥਰ ਕੇ ਸਨਮ’ ਦੀ ਗੱਲ ਨਾ ਕੀਤੀ ਗਈ ਤਾਂ ਮਨੋਜ ਕੁਮਾਰ ਨੂੰ ਦਿੱਤੀ ਜਾ ਰਹੀ ਸ਼ਰਧਾਂਜਲੀ ਅਧੂਰੀ ਰਹਿ ਜਾਵੇਗੀ। ਇਸ ਫਿਲਮ ਨੇ ਮਨੋਜ ਕੁਮਾਰ ਅਤੇ ਵਹੀਦਾ ਉੱਪਰ ਫਿਲਮਾਏ ਗੀਤਾਂ ਨੇ ਅਮਰਤਾ ਪ੍ਰਾਪਤ ਕੀਤੀ ਜਿਨ੍ਹਾਂ ਵਿੱਚ ‘ਪੱਥਰ ਕੇ ਸਨਮ ਤੁਝੇ ਹਮਨੇ’ (ਮੁਹੰਮਦ ਰਫੀ), ‘ਮਹਿਬੂਬ ਮੇਰੇ ਮਹਿਬੂਬ ਮੇਰੇ’ (ਮੁਕੇਸ਼), ‘ਤੋਬਾ ਯੇਹ ਮਤਵਾਲੀ ਚਾਲ ਝੁਕ ਜਾਏ ਫੂਲੋਂ ਕੀ ਡਾਲ’ (ਮੁਕੇਸ਼), ‘ਬਤਾ ਦੂੰ ਕਿਆ ਲਾਨਾ ਤੁਮ ਲੌਟ ਕੇ ਆ ਜਾਨਾ’ (ਲਤਾ ਮੰਗੇਸ਼ਕਰ) ਸੁਪਰਹਿੱਟ ਗੀਤ ਹਨ।
1970 ਵਿੱਚ ਆਈ ਫਿਲਮ ‘ਯਾਦਗਾਰ’ ਦੇ ਗੀਤ ਸੁਪਰਹਿੱਟ ਰਹੇ, ਜਿਨ੍ਹਾਂ ਵਿੱਚ ‘ਇਕ ਤਾਰਾ ਬੋਲੇ’ ਮਹਿੰਦਰ ਕਪੂਰ ਅਤੇ ‘ਜਿਸ ਪਥ ਪੇ ਚਲਾ’ (ਲਤਾ ਮੰਗੇਸ਼ਕਰ) ਸਨ। ਫਿਲਮ ਵਿੱਚ ਨੂਤਨ ਅਤੇ ਮਨੋਜ ਕੁਮਾਰ ਦੀ ਜੋੜੀ ਵੀ ਸੁਪਰਹਿੱਟ ਰਹੀ ਸੀ। 1981 ਵਿੱਚ ਆਈ ਫਿਲਮ ‘ਕ੍ਰਾਂਤੀ’ ਮਨੋਜ ਕੁਮਾਰ ਦੇ ਦਿਲ ਵਿੱਚ ਦੇਸ਼ ਭਗਤੀ ਨਾਲ ਭਰੀ ਕਲਾ ਦਾ ਸਿਖਰ ਸੀ। ਇਹ ਸਿਨੇਮਾ ਜਗਤ ਦੀ ਸਭ ਤੋਂ ਲੰਬੀ ਫਿਲਮ ਸੀ। ਗੀਤਾਂ ਸਮੇਤ ਸਮੁੱਚੀ ਫਿਲਮ ਦੀ ਕਹਾਣੀ ਨੇ ਦੇਸ਼-ਵਿਦੇਸ਼ ਦੇ ਭਾਰਤੀਆਂ ਦੇ ਮਨਾਂ ਉੱਪਰ ਦੇਸ਼ ਭਗਤੀ ਦੀ ਅਮਿਟ ਛਾਪ ਛੱਡ ਦਿੱਤੀ। ਇਸ ਫਿਲਮ ਅਤੇ ਇਸ ਦੇ ਗੀਤਾਂ ਰਾਹੀਂ ਮਨੋਜ ਕੁਮਾਰ ਨੇ ਆਜ਼ਾਦੀ ਸੰਗਰਾਮ ਦੀ ਭਾਵਨਾ ਨੂੰ ਇੱਕ ਸ਼ਾਨਦਾਰ ਅਤੇ ਭਾਵਨਾਤਮਕ ਰੂਪ ਵਿੱਚ ਲੋਕਾਂ ਦੇ ਦਿਲਾਂ ਵਿੱਚ ਜਿਊਂਦਾ ਕਰ ਦਿੱਤਾ। ‘ਅਬ ਕੇ ਬਰਸ’ (ਮਹਿੰਦਰ ਕਪੂਰ), ‘ਜ਼ਿੰਦਗੀ ਕੀ ਨਾ ਟੂਟੇ ਲੜੀ’ (ਲਤਾ ਮੰਗੇਸ਼ਕਰ, ਨਿਤਿਨ ਮੁਕੇਸ਼), ‘ਚਨਾ ਜ਼ੋਰ ਗਰਮ’ (ਮੁਹੰਮਦ ਰਫੀ, ਕਿਸ਼ੋਰ ਕੁਮਾਰ, ਲਤਾ ਮੰਗੇਸ਼ਕਰ, ਨਿਤਿਨ ਮੁਕੇਸ਼),‘ਮਾਰਾ ਠੁਮਕਾ’ (ਲਤਾ ਮੰਗੇਸ਼ਕਰ) ਆਦਿ ਸੁਪਰਹਿੱਟ ਗੀਤ ਹਨ।
ਮਨੋਜ ਕੁਮਾਰ ਨੂੰ ਦੇਸ਼ ਪਿਆਰ ਦੀ ਲੋਅ ਜਗਾਉਣ ਦੇ ਕਾਰਜ ਵਿੱਚ ਸੰਤੋਸ਼ ਆਨੰਦ ਦੀ ਕਲਮ ਦਾ ਸਾਥ ਇੰਜ ਸੀ, ਜਿਵੇਂ ਸੋਨੇ ’ਤੇ ਸੁਹਾਗਾ ਹੋਵੇ। ਸੰਤੋਸ਼ ਆਨੰਦ ਦੀ ਕਲਮ ਦੁਆਰਾ ਰਚਿਤ ਮਨੋਜ ਕੁਮਾਰ ਦੀਆਂ ਫਿਲਮਾਂ ਦੀ ਸ਼ਾਨ ਕੁਝ ਗੀਤ ਹਨ :
-ਇਕ ਪਿਆਰ ਕਾ ਨਗਮਾ ਹੈ (ਫਿਲਮ ਸ਼ੋਰ)
-ਮੈਂ ਨਾ ਭੂਲੂੰਗਾ (ਰੋਟੀ ਕੱਪੜਾ ਔਰ ਮਕਾਨ)
-ਪੁਰਬਾ ਸੁਹਾਨੀ ਆਈ ਰੇ (ਪੂਰਬ ਔਰ ਪੱਛਮ)
-ਜ਼ਿੰਦਗੀ ਕੀ ਨਾ ਟੂਟੇ ਲੜੀ (ਕ੍ਰਾਂਤੀ)
-ਚਨਾ ਜ਼ੋਰ ਗਰਮ (ਕ੍ਰਾਂਤੀ)
ਫਿਲਮ ‘ਸ਼ੋਰ’ 1972 ਵਿੱਚ ਆਈ ਸੀ। ਇਹ ਫਿਲਮ ਵੀ ਮਨੋਜ ਕੁਮਾਰ ਦੁਆਰਾ ਨਿਰਦੇਸ਼ਿਤ ਸੀ। ਮਨੋਜ ਕੁਮਾਰ ਅਤੇ ਨੰਦਾ ਮੁੱਖ ਭੂਮਿਕਾ ਵਿੱਚ ਸਨ। ਭਾਵੇਂ ਫਿਲਮ ‘ਸ਼ੋਰ’ ਬਾਕਸ ਆਫਿਸ ’ਤੇ ਹਿੱਟ ਨਹੀਂ ਹੋਈ, ਪਰ ਫਿਲਮ ਦੀ ਕਹਾਣੀ, ਪੇਸ਼ਕਾਰੀ ਅਤੇ ਗੀਤ-ਸੰਗੀਤ ਲੋਕ ਮਨਾਂ ਉੱਪਰ ਅੱਜ ਤੱਕ ਛਾਏ ਹਨ। ਇਸ ਫਿਲਮ ਦੇ ਕੁਝ ਚੋਣਵੇਂ ਗੀਤ ਹਨ : ‘ਇਕ ਪਿਆਰ ਕਾ ਨਗ਼ਮਾ ਹੈ’, ‘ਪਾਨੀ ਰੇ ਪਾਨੀ ਤੇਰਾ ਰੰਗ ਕੈਸਾ’ ਅਤੇ ‘ਜੀਵਨ ਚਲਨੇ ਕਾ ਨਾਮ।’ ‘ਇਕ ਪਿਆਰ ਕਾ ਨਗ਼ਮਾ ਹੈ’ ਗੀਤ ਅੱਜ ਤੱਕ ਲੋਕ ਮਨਾਂ ਉੱਪਰ ਛਾਇਆ ਹੋਇਆ ਹੈ। ਮਨੋਜ ਕੁਮਾਰ, ਨੰਦਾ ਅਤੇ ਮਨੀਸ਼ ਗੋਸਵਾਮੀ (ਮਨੋਜ ਕੁਮਾਰ ਦਾ ਛੋਟਾ ਭਰਾ) ਉੱਪਰ ਫਿਲਮਾਇਆ ਇਹ ਗੀਤ ਅਮਰ ਹੋ ਚੁੱਕਾ ਹੈ।
ਮਨੋਜ ਕੁਮਾਰ ਨੂੰ ਬਹੁਤ ਸਾਰੇ ਫਿਲਮ ਐਵਾਰਡ ਵੀ ਮਿਲੇ। ਇਨ੍ਹਾਂ ਵਿੱਚ ‘ਉਪਕਾਰ’ ਫਿਲਮ ਲਈ ਬਿਹਤਰੀਨ ਡਾਇਲਾਗ ਲਈ ਫਿਲਮਫੇਅਰ ਐਵਾਰਡ (1968) ਅਤੇ ਬੈਸਟ ਕਹਾਣੀ ਲਈ ਫਿਲਮਫੇਅਰ ਐਵਾਰਡ ਮਿਲਿਆ। ਬਿਹਤਰੀਨ ਐਡੀਟਿੰਗ ਲਈ ‘ਸ਼ੋਰ’ ਨੂੰ ਫਿਲਮਫੇਅਰ ਐਵਾਰਡ (1973) ਅਤੇ ਬੈਸਟ ਐਕਟਰ ਦਾ ਫਿਲਮਫੇਅਰ ਐਵਾਰਡ ਮਿਲਿਆ। ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਫਿਲਮਾਂ ਨੂੰ ਫਿਲਮਫੇਅਰ ਐਵਾਰਡ ਮਿਲੇ। ਇਸ ਦੇ ਨਾਲ ਹੀ ਫਿਲਮਫੇਅਰ ਲਾਈਫ ਟਾਈਮ ਅਚੀਵਮੈਂਟ ਐਵਾਰਡ (1999) ਵਿੱਚ ਅਤੇ ਹਿੰਦੀ ਸਿਨੇਮਾ ਦਾ ਸਭ ਤੋਂ ਵੱਡਾ ਦਾਦਾ ਸਾਹਿਬ ਫਾਲਕੇ ਐਵਾਰਡ 2016 ਵਿੱਚ ਮਿਲੇ ਹਨ।
ਜਿਹੜਾ ਐਕਟਰ ਲੋਕਾਂ ਦੇ ਮਨਾਂ ਅਤੇ ਦਿਲਾਂ ਵਿੱਚ ਜਿਊਂਦਾ ਹੈ, ਉਸ ਨੂੰ ਅਸੀਂ ਮਰਿਆ ਨਹੀਂ ਕਹਿ ਸਕਦੇ। ਦੇਸ਼ ਭਗਤੀ ਦੇ ਰੂਪ ਵਿੱਚ ਕਲਾ, ਗੀਤ-ਸੰਗੀਤ ਦੇ ਰੂਪ ਵਿੱਚ ਮਨੋਜ ਕੁਮਾਰ ਸਦਾ ਸਾਡੇ ਅੰਗ-ਸੰਗ ਰਹੇਗਾ। ਜਦੋਂ ਅੰਦਰਲੇ ਅਤੇ ਬਾਹਰਲੇ ਦੁਸ਼ਮਣਾਂ ਦੇ ਵਿਰੁੱਧ ਸਾਡੇ ਸੈਨਿਕ ਲੜਦੇ ਹਨ ਤਾਂ ਮਨੋਜ ਕੁਮਾਰ ਦੇ ਗੀਤ ਊਰਜਾ ਦੇ ਰੂਪ ਵਿੱਚ ਉਨ੍ਹਾਂ ਨੂੰ ਹੌਸਲਾ ਦਿੰਦੇ ਹਨ ਅਤੇ ਦੇਸ਼ ਭਗਤੀ ਦੀ ਭਾਵਨਾ ਵਾਲੀ ਲੋਕ ਰਾਇ ਪੈਦਾ ਕਰਦੇ ਹਨ।
ਸੰਪਰਕ: 98143-41746