ਮਲਿਆਲਮ ਫਿਲਮਸਾਜ਼ ਸਨਲ ਸ਼ਸ਼ੀਧਰਨ ਨੂੰ ਮੁੰਬਈ ਹਵਾਈ ਅੱਡੇ ’ਤੇ ਹਿਰਾਸਤ ’ਚ ਲਿਆ
ਮਲਿਆਲਮ ਫਿਲਮਸਾਜ਼ ਸਨਲ ਕੁਮਾਰ ਸ਼ਸ਼ੀਧਰਨ ਨੂੰ ਅੱਜ ਇੱਥੇ ਮੁੰਬਈ ਹਵਾਈ ਅੱਡੇ ’ਤੇ ਹਿਰਾਸਤ ਵਿੱਚ ਲਿਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਕੇਰਲ ਪੁਲੀਸ ਨੇ ਇੱਕ ਅਦਾਕਾਰਾ ਨੂੰ ਤੰਗ-ਪ੍ਰੇਸ਼ਾਨ ਕਰਨ ਦੀ ਸ਼ਿਕਾਇਤ ਨਾਲ ਸਬੰਧਿਤ ਮਾਮਲੇ ਵਿੱਚ ਲੁੱਕਆਊਟ ਨੋਟਿਸ ਜਾਰੀ ਕੀਤਾ ਸੀ।
ਸ਼ਸ਼ੀਧਰਨ ਨੇ ਇੱਕ ਫੇਸਬੁੱਕ ਪੋਸਟ ਵਿੱਚ ਕਿਹਾ ਕਿ ਉਹ ਮੁੰਬਈ ਹਵਾਈ ਅੱਡੇ ’ਤੇ ਪਹੁੰਚ ਗਿਆ ਹੈ ਪਰ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ।
ਇਸ ਘਟਨਾ ਦੀ ਪੁਸ਼ਟੀ ਕਰਦਿਆਂ ਇੱਥੇ ਇੱਕ ਪੁਲੀਸ ਅਧਿਕਾਰੀ ਨੇ ਕਿਹਾ ਕਿ ਕੋਚੀ ਸਿਟੀ ਪੁਲੀਸ ਮੁੰਬਈ ਹਵਾਈ ਅੱਡੇ ਦੇ ਅਧਿਕਾਰੀਆਂ ਦੇ ਸੰਪਰਕ ਵਿੱਚ ਹੈ।
ਇਸ ਸਾਲ ਜਨਵਰੀ ਵਿੱਚ ਏਲਾਮਕਾਰਾ ਪੁਲੀਸ ਨੇ ਸੋਸ਼ਲ ਮੀਡੀਆ ’ਤੇ ਇੱਕ ਪ੍ਰਮੁੱਖ ਮਲਿਆਲਮ ਅਦਾਕਾਰਾ ਨੂੰ ਪ੍ਰੇਸ਼ਾਨ ਕਰਨ ਦੇ ਦੋਸ਼ ਹੇਠ ਸ਼ਸ਼ੀਧਰਨ ਖ਼ਿਲਾਫ਼ ਕੇਸ ਦਰਜ ਕੀਤਾ ਸੀ।
ਹਾਲਾਂਕਿ ਜਦੋਂ ਪੁਲੀਸ ਨੇ ਕੇਸ ਦਰਜ ਕੀਤਾ ਤਾਂ ਸ਼ਸ਼ੀਧਰਨ ਅਮਰੀਕਾ ਵਿੱਚ ਸੀ। ਇਸ ਮਗਰੋਂ ਪੁਲੀਸ ਨੇ ਭਾਰਤ ਆਉਣ ’ਤੇ ਉਸ ਨੂੰ ਹਿਰਾਸਤ ਵਿੱਚ ਲੈਣ ਲਈ ਇੱਕ ਲੁੱਕਆਊਟ ਸਰਕੂਲਰ ਜਾਰੀ ਕੀਤਾ ਸੀ।
ਸ਼ਸ਼ੀਧਰਨ ਨੇ ਪੋਸਟ ਵਿੱਚ ਕਿਹਾ, ‘‘ਮੈਨੂੰ ਕੋਚੀ ਸਿਟੀ ਪੁਲੀਸ ਵੱਲੋਂ ਜਾਰੀ ਕੀਤੇ ਗਏ ਲੁੱਕਆਊਟ ਨੋਟਿਸ ਤਹਿਤ ਹਿਰਾਸਤ ਵਿੱਚ ਲਿਆ ਗਿਆ ਹੈ। ਮੇਰਾ ਮੰਨਣਾ ਹੈ ਕਿ ਕੇਰਲ ਦੀ ਪੁਲੀਸ ਅਤੇ ਕਮਿਊਨਿਸਟ ਪਾਰਟੀ ਮੇਰੇ ਨਾਲ ਕਾਨੂੰਨ ਅਨੁਸਾਰ ਵਿਵਹਾਰ ਕਰੇਗੀ। ਮੈਨੂੰ ਮੇਰੇ ਖ਼ਿਲਾਫ਼ ਕੇਸ ਬਾਰੇ ਜਾਣਕਾਰੀ ਨਹੀਂ ਹੈ।’’
ਇਸੇ ਦੌਰਾਨ ਕੋਚੀ ਸਿਟੀ ਪੁਲੀਸ ਨੂੰ ਮੁੰਬਈ ਹਵਾਈ ਅੱਡੇ ’ਤੇ ਸ਼ਸ਼ੀਧਰਨ ਨੂੰ ਹਿਰਾਸਤ ਵਿੱਚ ਲਏ ਜਾਣ ਦੀ ਜਾਣਕਾਰੀ ਮਿਲੀ ਹੈ।
ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਕਿਹਾ, ‘‘ਅਸੀਂ ਹਵਾਈ ਅੱਡੇ ਦੇ ਅਧਿਕਾਰੀਆਂ ਦੇ ਸੰਪਰਕ ਵਿੱਚ ਹਾਂ। ਪੁਸ਼ਟੀ ਹੋਣ ਤੋਂ ਬਾਅਦ ਇੱਕ ਪੁਲੀਸ ਟੀਮ ਸ਼ਸ਼ੀਧਰਨ ਨੂੰ ਹਿਰਾਸਤ ਵਿੱਚ ਲੈਣ ਲਈ ਮੁੰਬਈ ਭੇਜੀ ਜਾਵੇਗੀ।’’
ਇਸ ਤੋਂ ਪਹਿਲਾਂ ਸ਼ਸ਼ੀਧਰਨ ਨੂੰ 2022 ਵਿੱਚ ਉਸੇ ਅਦਾਕਾਰਾ ਦਾ ਆਨਲਾਈਨ ਪਿੱਛਾ ਕਰਨ ਦੇ ਦੋਸ਼ ਹੇਠ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਸੀ। ਹਾਲਾਂਕਿ ਪੁਲੀਸ ਨੇ ਕਿਹਾ ਕਿ ਬਾਅਦ ਵਿੱਚ ਉਸ ਨੂੰ ਅਲੂਵਾ ਜੁਡੀਸ਼ੀਅਲ ਫਸਟ ਕਲਾਸ ਮੈਜਿਸਟ੍ਰੇਟ ਵੱਲੋਂ ਜ਼ਮਾਨਤ ਦੇ ਦਿੱਤੀ ਗਈ ਸੀ।