DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

‘ਲਾਈ ਬੇਕਦਰਾਂ ਨਾਲ ਯਾਰੀ’ ਦਾ ਗੀਤਕਾਰ

ਅਣਮੁੱਲੇ ਗੀਤਕਾਰ-3
  • fb
  • twitter
  • whatsapp
  • whatsapp
featured-img featured-img
ਸਕੈੱਚ: ਬਲਰਾਜ ਬਰਾੜ ਮਾਨਸਾ
Advertisement

ਅਸ਼ੋਕ ਬਾਂਸਲ ਮਾਨਸਾ

ਸੁਰਿੰਦਰ ਕੌਰ ਦੀ ਗਾਈ ਹੋਈ ਜਿਸ ਗ਼ਜ਼ਲ ਨੂੰ ਮੈਂ ਬਹੁਤ ਦੇਰ ਗੀਤ ਹੀ ਸਮਝਦਾ ਸੀ, ਨੇ ਮੈਨੂੰ ਬਹੁਤ ਪ੍ਰਭਾਵਿਤ ਕੀਤਾ ਸੀ:

ਓਹ ਬੜਾ ਬੇਲਿਹਾਜ਼ ਕੀ ਕਰੀਏ

Advertisement

ਬੇਵਫ਼ਾ ਦਾ ਇਲਾਜ ਕੀ ਕਰੀਏ

ਇਸ ਗਜ਼ਲ ਵਿੱਚ ਸ਼ਾਇਰ ਦਾ ਨਾਮ ਨਹੀਂ ਸੀ। ਮੈਨੂੰ ਤਾਂ ਬਾਅਦ ’ਚ ਪੜਚੋਲ ਕਰਨ ’ਤੇ ਪਤਾ ਲੱਗਿਆ ਕਿ ਇਹ ‘ਚਾਨਣ ਗੋਬਿੰਦਪੁਰੀ’ ਦੀ ਲਿਖਤ ਹੈ। ਦਾਗ ਦੇਹਲਵੀ ਉਰਦੂ ਦੇ ਪ੍ਰਸਿੱਧ ਕਵੀ ਸਨ। ਅੱਗੋਂ ਦਾਗ ਦੇਹਲਵੀ ਦੇ ਸ਼ਾਗਿਰਦ ਪੰਡਿਤ ਲੱਭੂ ਰਾਮ ਉਰਫ਼ ਜੋਸ਼ ਮਲਸਿਆਨੀ ਸਨ। ਜੋ ਜਲੰਧਰ ਨੇੜੇ ‘ਮਲਸੀਆਂ’ ਕਸਬੇ ਦੇ ਰਹਿਣ ਵਾਲੇ ਸਨ। ਚਾਨਣ ਰਾਮ ਕਲੇਰ ਉਰਫ਼ ਚਾਨਣ ਗੋਬਿੰਦਪੁਰੀ ਜੋਸ਼ ਮਲਸਿਆਨੀ ਦੇ ਸ਼ਾਗਿਰਦ ਸਨ। ਡਾ. ਐੱਮ.ਏ. ਮੁਸ਼ਤਾਕ ਸਾਹਿਬ ਨੂੰ ਵੀ ਚਾਨਣ ਆਪਣਾ ਉਸਤਾਦ ਮੰਨਦੇ ਸਨ।

ਚਾਨਣ ਦਾ ਜਨਮ 5 ਫਰਵਰੀ 1924 ਨੂੰ ਜਲੰਧਰ ਜ਼ਿਲ੍ਹੇ ਵਿੱਚ ਬੰਗੇ ਲਾਗੇ ਪਿੰਡ ਗੋਬਿੰਦਪੁਰ ਵਿੱਚ ਹੋਇਆ। ਉਸ ਨੇ ਬੀ.ਡੀ. ਹਾਈ ਸਕੂਲ ਬੰਗਾ ਤੋਂ ਮੈਟ੍ਰਿਕ ਤੱਕ ਪੜ੍ਹਾਈ ਕੀਤੀ। ਘਰ ਦੀ ਆਰਥਿਕ ਤੰਗੀ ਕਰਕੇ ਉਹ ਇਸ ਤੋਂ ਅੱਗੇ ਨਾ ਪੜ੍ਹ ਸਕਿਆ, ਪਰ ਕੇਂਦਰ ਸਰਕਾਰ ਵਿੱਚ ਯੂਪੀਐੱਸਸੀ ਰਾਹੀਂ ਨੌਕਰੀ ਪ੍ਰਾਪਤ ਕੀਤੀ।

ਚਾਨਣ ਉਨ੍ਹਾਂ ਮੁੱਢਲੇ ਸ਼ਾਇਰਾਂ ਵਿੱਚੋਂ ਸੀ ਜਿਨ੍ਹਾਂ ਦਾ ਬਤੌਰ ਗੀਤਕਾਰ 1950 ਵਿੱਚ ਰੇਡੀਓ ਨਾਲ ਇਕਰਾਰਨਾਮਾ ਹੋਇਆ। ਉਸ ਵੇਲੇ ਅੰਮ੍ਰਿਤਾ ਪ੍ਰੀਤਮ ਰੇਡੀਓ ’ਤੇ ਸ਼ਾਮੀ 15 ਮਿੰਟ ਬਤੌਰ ਅਨਾਊਂਸਰ ਕੰਮ ਕਰਦੇ ਸਨ। ਚਾਨਣ ਗੋਬਿੰਦਪੁਰੀ ਦੇ ਗੀਤਾਂ ਨਾਲ ਪੰਜਾਬੀ ਗੀਤਕਾਰੀ ਦਾ ਇੱਕ ਨਵਾਂ ਦੌਰ ਸ਼ੁਰੂ ਹੋਇਆ। 1949 ਵਿੱਚ ਐੱਚ.ਐੱਮ. ਵੀ. ਕੰਪਨੀ ਵਿੱਚ ‘ਚਾਨਣ’ ਦਾ ਲਿਖਿਆ ਗੀਤ ਜਿਸ ਨੂੰ ਪ੍ਰਕਾਸ਼ ਕੌਰ ਤੇ ਤ੍ਰਿਲੋਕ ਕਪੂਰ ਨੇ ਗਾਇਆ ਸੀ, ਨੂੰ ਰਿਕਾਰਡਿੰਗ ਸੈਸ਼ਨ ਦਾ ਸਰਬੋਤਮ ਗੀਤ ਕਰਾਰ ਦਿੱਤਾ ਗਿਆ ਸੀ। ਗੀਤ ਦੇ ਬੋਲ ਸਨ:

ਆ ਹੁਸਨ ਜਵਾਨੀ ਮੱਤੀਏ ਬਾਂਕੀਏ ਗੋਰੀਏ

ਤੇਰਾ ਡੁੱਲ੍ਹ ਡੁੱਲ੍ਹ ਪੈਂਦਾ ਰਸ ਗੰਨੇ ਦੀਏ ਪੋਰੀਏ

ਚਾਨਣ ਗੋਬਿੰਦਪੁਰੀ ਨੂੰ ਪੰਜਾਬੀ ਦੇ ਮੁੱਢਲੇ ਗੀਤਕਾਰਾਂ ਵਿੱਚੋਂ ਇੱਕ ਗਿਣਿਆ ਜਾ ਸਕਦਾ ਹੈ। ਉਸ ਦੁਆਰਾ ਲਿਖੇ ਅਨੇਕਾਂ ਹੀ ਗੀਤ ਆਕਾਸ਼ਬਾਣੀ ’ਤੇ ਵੀ ਰਿਕਾਰਡ ਹੋਏ ਤੇ ਐੱਚ.ਐੱਮ.ਵੀ. ਕੰਪਨੀ ਦੇ ਤਵਿਆਂ ਵਿੱਚ ਵੀ ਆਪਣੇ ਸਮੇਂ ਦੇ ਪ੍ਰਸਿੱਧ ਗਾਇਕਾਂ ਨੇ ਗਾਏ। ਜਿਵੇਂ:

* ਬਾਗਾਂ ਵਿੱਚ ਪਿਆ ਚੰਨਾਂ ਅੰਬੀਆਂ ਨੂੰ ਬੂਰ ਵੇ

ਰੁੱਤ ਹੈ ਸੁਹਾਣੀ ਸਾਨੂੰ ਮਿਲਣਾ ਜ਼ਰੂਰ ਵੇ (ਸੁਰਿੰਦਰ ਕੌਰ)

* ਪ੍ਰਦੇਸੀ ਸੱਜਣਾ ਠਹਿਰ ਜ਼ਰਾ

ਸਾਡਾ ਦਿਲ ਤੜਪਾ ਕੇ ਨਾ ਜਾਵੀਂ

ਤੈਨੂੰ ਵੇਖ ਨਾ ਲੱਥਿਆ ਚਾਅ ਸਾਡਾ

ਸਾਡੀ ਆਸ ਨੂੰ ਢਾਹ ਕੇ ਨਾ ਜਾਵੀਂ

(ਆਸਾ ਸਿੰਘ ਮਸਤਾਨਾ)

* ਗੋਰੀ-ਗੋਰੀ ਵੀਣੀ ਵਿੱਚ ਸੂਹੀਆ ਵੰਗਾਂ

ਢੋਲ ਪ੍ਰਦੇਸੀਆ ਮੈਂ ਸੁੱਖ ਤੇਰੀ ਮੰਗਾਂ (ਊਸ਼ਾ ਸੇਠ)

* ਸਾਨੂੰ ਐਨੀ ਗੱਲ ਦੱਸ ਜਾ ਮਜ਼ਾਜੀ ਢੋਲਣਾ

ਵੇ ਤੂੰ ਸਾਡੇ ਨਾਲ ਬੋਲਣਾ ਕਿ ਨਹੀਂ ਬੋਲਣਾ

(ਨੀਲਮ ਸਾਹਨੀ)

ਆਸਾ ਸਿੰਘ ਮਸਤਾਨਾ ਦੀ ਆਵਾਜ਼ ਵਿੱਚ ਰਿਕਾਰਡ ਹੋਈ ਗੋਬਿੰਦਪੁਰੀ ਦੀ ਗ਼ਜ਼ਲ ਦਾ ਰਿਕਾਰਡ ਹਰ ਪੰਜਾਬੀ ਦੇ ਘਰ ਦੀ ਸ਼ੋਭਾ ਬਣਿਆ, ਜਿਸ ਦੇ ਬੋਲ ਸਨ:

ਜੇ ਜਵਾਨੀ ਦਾ ਮਜ਼ਾ ਜਾਂਦਾ ਰਿਹਾ

ਜ਼ਿੰਦਗਾਨੀ ਦਾ ਮਜ਼ਾ ਜਾਂਦਾ ਰਿਹਾ

ਛਾਪ ਤੂੰ ਦਿੱਤੀ ਉਹ ਵੀ ਨਿਕਲੀ ਗ਼ੈਰ ਦੀ

ਹਾਏ! ਨਿਸ਼ਾਨੀ ਦਾ ਮਜ਼ਾ ਜਾਂਦਾ ਰਿਹਾ

ਇਹ ਗੱਲ ਬਹੁਤ ਘੱਟ ਲੋਕ ਜਾਣਦੇ ਹਨ ਕਿ 26 ਨਵੰਬਰ 1964 ਨੂੰ ਪਾਕਿਸਤਾਨੀ ਟੈਲੀਵਿਜ਼ਨ ਦੇ ਉਦਘਾਟਨੀ ਸਮਾਰੋਹ ’ਤੇ ਪਾਕਿਸਤਾਨ ਦੇ ਪ੍ਰਸਿੱਧ ਗਾਇਕ ਤੁਖ਼ੈਲ ਨਿਆਜ਼ੀ ਨੇ ‘ਗੋਬਿੰਦਪੁਰੀ’ ਦਾ ਗੀਤ ਗਾਇਆ, ਜਿਸ ਦੇ ਬੋਲ ਸਨ:

ਲਾਈ ਬੇਕਦਰਾਂ ਨਾਲ ਯਾਰੀ

ਕਿ ਟੁੱਟਗੀ ਤੜੱਕ ਕਰਕੇ

ਫਿਰ ਇਸ ਗੀਤ ਨੇ ਚਾਰੇ ਪਾਸੇ ਬੱਲੇ-ਬੱਲੇ ਕਰਵਾ ਦਿੱਤੀ। ਉਸ ਤੋਂ ਬਾਅਦ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਹਰ ਇੱਕ ਕਲਾਕਾਰ ਨੇ ਇਸ ਗੀਤ ਨੂੰ ਗਾ ਕੇ ਵਾਹ ਵਾਹ ਖੱਟੀ। ਇਸ ਗੀਤ ਦੀ ਮੂਲ ਲਿਖਤ ਚਾਨਣ ਗੋਬਿੰਦਪੁਰੀ ਦੀ ਪੁਸਤਕ ‘ਮਿੱਠੀਆਂ ਪੀੜਾਂ’ ਵਿੱਚ ਦਰਜ ਹੈ। ਇਹ ਪੁਸਤਕ 1958 ਵਿੱਚ ਸ਼ਾਹਮੁਖੀ ਜ਼ੁਬਾਨ ਵਿੱਚ ਛਪੀ ਸੀ:

ਲਾਈ ਬੇਕਦਰਾਂ ਨਾਲ ਯਾਰੀ

ਕਿ ਟੁੱਟਗੀ ਤੜੱਕ ਕਰਕੇ

ਬਚਪਨ ਗਿਆ ਜਵਾਨੀ ਆਈ ਖਿੜ ਗਈਆਂ ਗੁਲਜ਼ਾਰਾਂ

ਕਲੀਆਂ ਸੂਹੇ ਰੰਗ ਵਟਾਏ, ਟਹਿਕੀਆਂ ਅਜਬ ਬਹਾਰਾਂ

ਜੁਲਫ਼ਾਂ ਸ਼ਾਮ ਘਟਾ ਚੜ੍ਹ ਆਈਆਂ,

ਅੱਖੀਆਂ ਤੇਜ਼ ਕਟਾਰਾਂ

ਜਿੱਧਰ ਜਾਵਣ ਕਤਲ ਕਰਾਵਣ, ਹੁਸਨ ਦੀਆਂ ਸਰਕਾਰਾਂ

ਪੀਂਘ ਮਾਹੀ ਦੀ ਝੂਟਣ ਆਈਆਂ,

ਮਸਤ ਅੱਲੜ੍ਹ ਮੁਟਿਆਰਾਂ

ਵਾਰੋ ਵਾਰੀ ਪੀਂਘ ਝੁਟਾਵਨ, ਨਖ਼ਰੇ ਕਰਨ ਹਜ਼ਾਰਾਂ

ਜਦੋਂ ਆਈ ਤੱਤੜੀ ਦੀ ਵਾਰੀ, ਕਿ ਟੁੱਟਗੀ ਤੜੱਕ ਕਰਕੇ

ਜਿਸ ਦਮ ਸਈਓ ਮਸਤ ਜਵਾਨੀ ਹੋਸ਼ ’ਚ ਆਵਣ ਲੱਗੀ

ਅੱਗ ਪਰਾਈ ਅੰਦਰ ਆਪਣਾ, ਆਪਾ ਤਾਵਣ ਲੱਗੀ

ਦਿਲ ਮੇਰੇ ਦੀ ਧੜਕਣ ਵੀ ਫਿਰ ਰੰਗ ਵਟਾਵਣ ਲੱਗੀ

ਜਾਗੇ ਭਾਗ ਮਾਹੀ ਘਰ ਆਇਆ, ਸ਼ਗਨ ਮਨਾਵਣ ਲੱਗੀ

ਭਰ ਕੇ ਪੈੱਗ ਦਿੱਤਾ ਦਿਲਬਰ ਨੇ, ਖੁਸ਼ੀ ਮਨਾਵਣ ਲੱਗੀ

ਮਸਤੀ ਦੇ ਵਿੱਚ ਪ੍ਰੇਮ ਪਿਆਲੀ, ਮੂੰਹ ਨੂੰ ਲਾਵਣ ਲੱਗੀ

ਬੁੱਲ੍ਹਾਂ ਨਾਲ ਲਾਈ ਜਾ ਇਕ ਵਾਰੀ,

ਕਿ ਟੁੱਟਗੀ ਤੜੱਕ ਕਰਕੇ

ਗੁਜ਼ਰੀ ਰਾਤ ਜੁਦਾਈਆਂ ਵਾਲੀ,

ਵਕਤ ਫ਼ਜਰ ਦਾ ਹੋਇਆ

ਅਚਨਚੇਤ ਜਾ ਮਾਹੀਆ ਸਾਡੇ, ਵਿਹੜੇ ਆਣ ਖਲੋਇਆ

ਚੜ੍ਹਿਆ ਚੰਨ ਖੁਸ਼ੀ ਦਾ ਮੈਨੂੰ, ਤੇਲ ਮੁਖਾਂ ਵਿੱਚ ਚੋਇਆ

ਉਸ ਦਿਨ ਮੇਰਾ ਨਸੀਬਾ ਮੈਥੋਂ, ਲੱਖ ਲੱਖ ਸਦਕੇ ਹੋਇਆ

ਚੁਣ ਚੁਣ ਫੁੱਲ ਉਮੀਦਾਂ ਦੇ ਮੈਂ, ਸੋਹਣਾ ਹਾਰ ਪਰੋਇਆ

‘ਚਾਨਣ’ ਚੁੱਕ ਕੇ ਹਾਰ ਜਦੋਂ ਮੈਂ, ਨਾਲ ਗਲੇ ਦੇ ਛੋਹਿਆ

ਭੈੜੀ ਨਿਕਲੀ ਡੋਰ ਨਕਾਰੀ, ਕਿ ਟੁੱਟਗੀ ਤੜੱਕ ਕਰਕੇ

‘ਢਾਕੇ’ ਦੀ ਜਨਮੀ ਤੇ ਪਾਕਿਸਤਾਨ ਰੇਡੀਓ ਤੇ ਟੈਲੀਵਿਜ਼ਨ ਦੀ ਬਹੁਤ ਮਕਬੂਲ ਗਾਇਕਾ ਟੀਨਾ ਸਾਨੀ ਦੀ ਆਵਾਜ਼ ਵਿੱਚ ਇੱਕ ਗੀਤ ਨੇ ਪੂਰੇ ਪਾਕਿਸਤਾਨ ਵਿੱਚ ਤਰਥੱਲੀ ਪਾਈ ਸੀ ਜਿਸ ਦੇ ਬੋਲ ਹਨ:

ਦਿਲ ਦੀਆਂ ਗੱਲਾਂ/ ਦਿਲਾਂ ਵਿੱਚ ਰਹਿ ਗਈਆਂ ਵੇ

ਨਾ ਤੂੰ ਸੁਣੀਆਂ, ਨਾ ਦੱਸੀਆਂ

ਅੱਖਾਂ ਛੱਮ ਛੱਮ ਵੱਸੀਆਂ

ਐੱਚ.ਐੱਮ.ਵੀ. ਕੰਪਨੀ ਪਾਕਿਸਤਾਨ ਨੇ ਇਸ ਦਾ ਰਿਕਾਰਡ ਵੀ ਬਣਾਇਆ ਸੀ। ਰਿਕਾਰਡ ਉੱਤੇ ਚਾਨਣ ਗੋਬਿੰਦਪੁਰੀ ਦਾ ਨਾਮ ਦਰਜ ਹੈ, ਪਰ ਯੂ-ਟਿਊਬ ’ਤੇ ਗੀਤਕਾਰ ਦਾ ਨਾਮ ਮਨਫ਼ੀ ਹੈ। ਇਸ ਗੀਤ ਨਾਲ ਲਹਿੰਦੇ ਪੰਜਾਬ ਵਿੱਚ ਨਵੀਂ ਕਲਾਕਾਰਾ ਟੀਨਾ ਸਾਨੀ ਨੇ ਬੁਲੰਦੀਆਂ ਦੀਆਂ ਸਿਖ਼ਰਾਂ ਨੂੰ ਛੋਹਿਆ। ਤਤਕਾਲੀ ਮੁੱਖ ਮੰਤਰੀ ਲਛਮਣ ਸਿੰਘ ਦੀ ਵਜ਼ਾਰਤ ਵੇਲੇ ਪੰਜਾਬ ਸਰਕਾਰ ਨੇ ਗੋਬਿੰਦਪੁਰੀ ਨੂੰ ਆਨਰੇਰੀ ਡਿਗਰੀ ਦਿੱਤੀ। ਤਤਕਾਲੀ ਮੁੱਖ ਮੰਤਰੀ ਗਿਆਨੀ ਗੁਰਮੁਖ ਸਿੰਘ ਮੁਸਾਫਿਰ ਵੀ ਗੋਬਿੰਦਪੁਰੀ ਦੀ ਕਲਮ ਦੇ ਮੁਰੀਦ ਸਨ। ਚਾਨਣ ਨੇ ਕਾਫ਼ੀ ਪੁਸਤਕਾਂ ਵੀ ਸਾਹਿਤ ਦੀ ਝੋਲੀ ਪਾਈਆਂ ਜਿਨ੍ਹਾਂ ਵਿੱਚ ਪੰਜਾਬੀ ਗ਼ਜ਼ਲ, ਗ਼ਜ਼ਲ ਏਕ ਅਧਿਐਨ (ਹਿੰਦੀ), ਗ਼ਜ਼ਲ ਤੇ ਅਰੂਜ਼, ਸਾਡਾ ਲੋਕ ਵਿਰਸਾ, ਪੰਜਾਬੀ ਲੋਕ ਕਾਵਿ ਦੇ ਮੀਲ ਪੱਥਰ, ਗ਼ਜ਼ਲ ਦੀਪ, ਗੁਲਜ਼ਾਰ ਚਾਨਣ, ਗ਼ਜ਼ਲ ਦੀ ਮਹਿਕ ਤੇ ਮਿੱਠੀਆਂ ਪੀੜਾਂ ਸ਼ਾਮਲ ਹਨ। ‘ਮਿੱਠੀਆਂ ਪੀੜਾਂ’ ਗੀਤ ਸੰਗ੍ਰਹਿ ਹੈ ਜਿਸ ਵਿੱਚੋਂ ਬਹੁਤੇ ਗੀਤ ਸੁਰਿੰਦਰ ਕੌਰ, ਪ੍ਰਕਾਸ਼ ਕੌਰ ਤੇ ਆਪਣੇ ਸਮੇਂ ਦੇ ਪ੍ਰਸਿੱਧ ਕਲਾਕਾਰਾਂ ਦੀਆਂ ਆਵਾਜ਼ਾਂ ਵਿੱਚ ਰਿਕਾਰਡ ਹੋਏ। ਚਾਨਣ ਦੀ ਸਭ ਤੋਂ ਅਖੀਰਲੀ ਰਿਕਾਰਡਿੰਗ ਸੁਰਿੰਦਰ ਕੌਰ ਦੀ ਆਵਾਜ਼ ਵਿੱਚ ਹੋਈ, ਜਿਸ ਦੇ ਬੋਲ ਸਨ :

ਜੋ ਤੇਰੇ ਗ਼ਮ ਨੂੰ ਵੀ ਹੱਸ ਕੇ ਸਹਾਰ ਲੈਂਦੇ ਨੇ

ਉਹ ਬਦਨਸੀਬ ਮੁਕੱਦਰ ਸਵਾਰ ਲੈਂਦੇ ਨੇ

ਦਿਲਾ ਭੋਲਿਆ ਤੂੰ ਸੱਜਣ ਤੇ ਡੁੱਲ੍ਹ ਜਾਵੀਂ ਨਾ

ਇਹ ਤੀਰ ਮਾਰ ਕੇ ਮੁੜ ਕੇ ਨਾ ਸਾਰ ਲੈਂਦੇ ਨੇ

ਗ਼ਮਾਂ ਦੇ ਮਾਰੇ ਵੀ ਹੰਝੂਆਂ ਦੇ ਬਾਲ ਕੇ ਦੀਵੇ

ਉਦਾਸ ’ਨੇਰ੍ਹੀਆਂ ਰਾਤਾਂ ਸਵਾਰ ਲੈਂਦੇ ਨੇ

ਜੁਦਾਈ ਪਲ ਦੀ ਵੀ ਉਮਰਾਂ ਦੇ ਵਾਂਗ ਲੱਗਦੀ

ਬਿਮਾਰ ਇਸ਼ਕ ਦੇ ਹੱਸ ਕੇ ਸਹਾਰ ਲੈਂਦੇ ਨੇ (ਸੁਰਿੰਦਰ ਕੌਰ)

ਪੰਜਾਬ ਦਾ ਇਹ ਪੁੱਤਰ 29 ਜਨਵਰੀ 2006 ਨੂੰ ਜ਼ਿੰਦਗੀ ਦੀਆਂ ਬਿਆਸੀ ਬਸੰਤਾਂ ਦੇਖ ਕੇ ਸਾਥੋਂ ਜੁਦਾ ਹੋ ਗਿਆ, ਪਰ ਜਦੋਂ ਪੰਜਾਬੀ ਸਾਹਿਤ ਵਿੱਚ ਪੰਜਾਬੀ ਗ਼ਜ਼ਲ ਦੀ ਗੱਲ ਤੁਰੇਗੀ ਤਾਂ ‘ਚਾਨਣ ਗੋਬਿੰਦਪੁਰੀ’ ਨੂੰ ਹਮੇਸ਼ਾਂ ਯਾਦ ਕੀਤਾ ਜਾਵੇਗਾ।

ਸੰਪਰਕ: 98151-30226

Advertisement
×