DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਬੱਤੀ ਬਾਲ ਕੇ ਬਨੇਰੇ ’ਤੇ ਰੱਖਨੀਂ ਆਂ...ਵਰਮਾ ਮਲਿਕ

ਅਣਮੁੱਲੇ ਗੀਤਕਾਰ-2
  • fb
  • twitter
  • whatsapp
  • whatsapp
featured-img featured-img
ਸਕੈੱਚ: ਬਲਰਾਜ ਬਰਾੜ ਮਾਨਸਾ
Advertisement

ਅਸ਼ੋਕ ਬਾਂਸਲ ਮਾਨਸਾ

ਕੱਚੀ ਟੁੱਟ ਗਈ ਜਿਨ੍ਹਾਂ ਦੀ ਯਾਰੀ,

ਪੱਤਣਾਂ ’ਤੇ ਰੋਣ ਖੜ੍ਹੀਆਂ

Advertisement

ਜਿਨ੍ਹਾਂ ਪਿਆਰ ਕੀਤਾ ਇੱਕ ਵਾਰੀ,

ਪੱਤਣਾਂ ’ਤੇ ਰੋਣ ਖੜ੍ਹੀਆਂ...

ਪਿਛਲੇ ਛੇ ਦਹਾਕਿਆਂ ਤੋਂ ਇਹ ਗੀਤ ਪੰਜਾਬੀਆਂ ਦੇ ਦਿਲਾਂ ’ਚ ਧੜਕਦਾ ਹੈ। ਪੁਰਾਣੇ ਸਰੋਤੇ ਤਾਂ ਜਾਣਦੇ ਹਨ ਕਿ ਇਹ ਸ਼ਮਸ਼ਾਦ ਬੇਗ਼ਮ ਦੀ ਆਵਾਜ਼ ਵਿੱਚ ਫਿਲਮ ‘ਗੁੱਡੀ’ ਲਈ ਰਿਕਾਰਡ ਹੋਇਆ ਸੀ। ਇਸ ਗੀਤ ਦੀ ਲੇਖਣੀ ਦੱਸਦੀ ਹੈ ਕਿ ਇਹ ਕਿਸੇ ਠੇਠ ਪੰਜਾਬੀ ਦੀ ਹੀ ਲਿਖਤ ਹੈ। ਗੀਤਕਾਰ ਦੇ ਨਾਂ ਦਾ ਜ਼ਿਕਰ ਕਰਨ ਤੋਂ ਪਹਿਲਾਂ ਇੱਕ ਹੋਰ ਸਦਾਬਹਾਰ ਪੰਜਾਬੀ ਗੀਤ ਦਾ ਮੁੱਖੜਾ ਦੇਖੋ:

ਬੱਤੀ ਬਾਲ ਕੇ ਬਨੇਰੇ ਉੱਤੇ ਰੱਖਨੀਂ ਆਂ

ਗਲ਼ੀ ਭੁੱਲ ਨਾ ਜਾਵੇ ਚੰਨ ਮੇਰਾ...

ਇਨ੍ਹਾਂ ਗੀਤਾਂ ਦੇ ਗੀਤਕਾਰ ਦਾ ਨਾਮ ਹੈ ਬਰਕਤ ਰਾਇ ਮਲਿਕ। ਬਰਕਤ ਰਾਇ ਦਾ ਜਨਮ ਅਣਵੰਡੇ ਪੰਜਾਬ ਦੇ ਜ਼ਿਲ੍ਹਾ ਸ਼ੇਖੂਪੁਰਾ ਦੀ ਤਹਿਸੀਲ ਫਿਰੋਜ਼ਵਾਲਾ ਵਿੱਚ 13 ਅਪਰੈਲ 1925 ਨੂੰ ਇੱਕ ਸਰਦੇ-ਪੁੱਜਦੇ ਪਰਿਵਾਰ ’ਚ ਹੋਇਆ। ਪਰਿਵਾਰ ਦਾ ਲਗਾਓ ਗੁਰੂਘਰ ਨਾਲ ਸੀ। ਬਰਕਤ ਗੁਰੂਘਰ ’ਚ ਧਾਰਮਿਕ ਕਵਿਤਾ ਬੋਲ ਆਉਂਦਾ, ਉਸ ਨੂੰ ਵਾਹ-ਵਾਹ ਮਿਲਦੀ। ਇੱਕ ਵਾਰੀ ਗੁਰਪੁਰਬ ਦੇ ਮੌਕੇ ’ਤੇ ਬੋਲਣ ਲਈ ਉਸ ਨੇ ਕਿਸੇ ਵਿਅਕਤੀ ਨੂੰ ਕਵਿਤਾ ਲਿਖ ਕੇ ਦੇਣ ਲਈ ਕਿਹਾ, ਪਰ ਉਸ ਵਿਅਕਤੀ ਨੇ ਬਰਕਤ ਨੂੰ ਨਾਂਹ ਕਰ ਦਿੱਤੀ। ਬਰਕਤ ਨੇ ਘਰ ਆਣ ਕੇ ਇੱਕ ਦੋ ਬੰਦ ਜੋੜ ਲਏ ਤੇ ਗੁਰਪੁਰਬ ਵਾਲੇ ਦਿਨ ਆਪਣੀ ਲਿਖੀ ਕਵਿਤਾ ਬੋਲੀ ਤਾਂ ਉਸ ਨੂੰ ਸੰਗਤ ਨੇ ਭਰਪੂਰ ਦਾਦ ਦਿੱਤੀ। ਬਸ, ਇੱਥੋਂ ਹੀ ਉਸ ਦੀ ਗੀਤਕਾਰੀ ਦਾ ਸਫ਼ਰ ਸ਼ੁਰੂ ਹੋ ਗਿਆ।

ਬਰਕਤ ਦੇ ਜਵਾਨੀ ਦੀ ਦਹਿਲੀਜ਼ ’ਤੇ ਪੈਰ ਰੱਖਦਿਆਂ ਹੀ ਉਸ ਦਾ ਖ਼ੂਨ ਆਜ਼ਾਦੀ ਲਈ ਉਬਾਲੇ ਮਾਰਨ ਲੱਗਿਆ। ਉਹ ਦੇਸ਼ ਭਗਤੀ ਦੀਆਂ ਕਵਿਤਾਵਾਂ ਤੇ ਭਜਨ ਬੋਲਣ ਲੱਗ ਪਿਆ। ਆਜ਼ਾਦੀ ਸੰਗਰਾਮ ਦੀਆਂ ਨੁੱਕੜ ਮੀਟਿੰਗਾਂ ਵਿੱਚ ਵੀ ਹਿੱਸਾ ਲੈਣ ਲੱਗ ਪਿਆ। ਅੰਗਰੇਜ਼ ਹਕੂਮਤ ਨੇ ਬਰਕਤ ਨੂੰ ਜੇਲ੍ਹ ਡੱਕ ਦਿੱਤਾ, ਪਰ ਛੋਟੀ ਉਮਰ ਹੋਣ ਕਾਰਨ ਜਲਦੀ ਹੀ ਰਿਹਾਅ ਕਰ ਦਿੱਤਾ। ਬਰਕਤ ਨੇ ਸ਼ੇਖੂਪੁਰਾ ਤੋਂ ਗਿਆਨੀ ਕੀਤੀ ਅਤੇ ਨਾਲ ਨਾਲ ਵਾਜ਼ਾ ਵਜਾਉਣਾ ਵੀ ਸਿੱਖਦਾ ਰਿਹਾ। ਹੌਲੀ-ਹੌਲੀ ਉਹ ਇੱਕ ਗਾਇਕ, ਗੀਤਕਾਰ ਤੇ ਸਾਜਿੰਦਾ ਵੀ ਬਣ ਗਿਆ। 1947 ਵਿੱਚ ਦੇਸ਼ ਆਜ਼ਾਦ ਹੋ ਗਿਆ, ਪਰ ਪੰਜਾਬ ਦੀ ਧਰਤੀ ਦੇ ਦੋ ਟੁਕੜੇ ਕਰ ਦਿੱਤੇ ਗਏ। ਓਧਰੋਂ ਏਧਰ ਆਉਂਦੇ ਸਮੇਂ ਬਰਕਤ ਦੇ ਪੈਰ ’ਚ ਗੋਲੀ ਵੀ ਵੱਜੀ, ਪਰ ਵਕਤ ਦੀਆਂ ਠੋਕਰਾਂ ਖਾਂਦਾ ਪਰਿਵਾਰ ਆਖ਼ਰ ਦਿੱਲੀ ਪੁੱਜ ਗਿਆ।

ਬਾਕੀ ਪਰਿਵਾਰ ਤਾਂ ਦਿੱਲੀ ਹੀ ਸੈੱਟ ਹੋ ਗਿਆ, ਪਰ ਸੰਗੀਤ ਦਾ ਜਨੂੰਨ ਬਰਕਤ ਨੂੰ ਬੰਬਈ ਲੈ ਗਿਆ। ਵੰਡ ਤੋਂ ਪਹਿਲਾਂ ਅੰਬਾਲੇ ਵਾਲੇ ਸੰਗੀਤ ਮਾਸਟਰ ਹੰਸ ਰਾਜ ਬਹਿਲ ਨੇ ਲਾਹੌਰ ਦੇ ਅਨਾਰਕਲੀ ਬਾਜ਼ਾਰ ’ਚ ਸੰਗੀਤ ਦਾ ਸਕੂਲ ਖੋਲ੍ਹਿਆ ਹੋਇਆ ਸੀ। ਹੰਸ ਰਾਜ ਬਹਿਲ ਦਾ ਛੋਟਾ ਭਰਾ ਗੁਲਸ਼ਨ ਬਹਿਲ, ਬਰਕਤ ਰਾਇ ਦਾ ਦੋਸਤ ਸੀ। ਬਰਕਤ ਰਾਇ ਦੇ ਬੰਬਈ ਪਹੁੰਚਣ ’ਚ ਗੁਲਸ਼ਨ ਬਹਿਲ ਦਾ ਬਹੁਤ ਵੱਡਾ ਯੋਗਦਾਨ ਸੀ। ਬੰਬਈ ਪਹੁੰਚ ਕੇ ਉਹ ਹੰਸ ਰਾਜ ਬਹਿਲ ਦੇ ਕੋਲ ਹੀ ਠਹਿਰਿਆ। ਹੰਸ ਰਾਜ ਬਹਿਲ ਨੇ ਬੰਬਈ ਵਿੱਚ ਬਤੌਰ ਫਿਲਮੀ ਸੰਗੀਤ ਨਿਰਦੇਸ਼ਕ ਪਹਿਲਾਂ ਹੀ ਆਪਣੇ ਪੈਰ ਜਮਾ ਲਏ ਸਨ।

ਬਰਕਤ ਰਾਇ ਨੇ ਹੰਸ ਰਾਜ ਬਹਿਲ ਦਾ ਲੜ ਫੜਿਆ ਤਾਂ ਬਹਿਲ ਨੇ ਸਭ ਤੋਂ ਪਹਿਲਾਂ ਬਰਕਤ ਰਾਇ ਮਲਿਕ ਤੋਂ ਉਸ ਦਾ ਨਾਮ ਬਦਲ ਕੇ ‘ਵਰਮਾ ਮਲਿਕ’ ਕਰਾਇਆ। ਸੰਨ 1949 ਵਿੱਚ ਹੰਸ ਰਾਜ ਬਹਿਲ ਹਿੰਦੀ ਫਿਲਮ ‘ਚਕੋਰੀ’ ਦਾ ਸੰਗੀਤ ਤਿਆਰ ਕਰ ਰਹੇ ਸਨ। ਵਰਮਾ ਮਲਿਕ ਤੋਂ ਫਿਲਮ ‘ਚਕੋਰੀ’ ਲਈ ਸਿਰਫ਼ ਇੱਕ ਹੀ ਗੀਤ ਲਿਖਾਇਆ, ਜਿਸ ਦੇ ਬੋਲ ਸਨ:

ਹਾਏ! ਚੰਦਾ ਗਏ ਪਰਦੇਸ

ਚਕੋਰੀ ਯਹਾਂ ਰੋ ਰੋ ਮਰੇ

ਇਸ ਗੀਤ ਨੂੰ ਲਤਾ ਮੰਗੇਸ਼ਕਰ ਦੀ ਆਵਾਜ਼ ਵਿੱਚ ਰਿਕਾਰਡ ਕੀਤਾ ਗਿਆ, ਪਰ ਨਾ ਤਾਂ ਫਿਲਮ ਕੋਈ ਬਹੁਤੀ ਕਾਮਯਾਬ ਹੋਈ ਨਾ ਹੀ ਵਰਮਾ ਮਲਿਕ ਨੂੰ ਉਸ ਦਾ ਕੋਈ ਫਾਇਦਾ ਹੋਇਆ ਕਿਉਂਕਿ ਮਲਿਕ ਠੇਠ ਪੰਜਾਬੀ ਬੰਦਾ ਸੀ। ਹਿੰਦੀ ਤਾਂ ਉਸ ਨੂੰ ਆਉਂਦੀ ਵੀ ਨਹੀਂ ਸੀ ਤੇ ਬੰਬਈ ’ਚ ਹਿੰਦੀ ਦੇ ਵੱਡੇ ਵੱਡੇ ਗੀਤਕਾਰਾਂ ਦੇ ਮੁਕਾਬਲੇ ਮਲਿਕ ਦੇ ਪੈਰ ਨਾ ਲੱਗ ਸਕੇ, ਪਰ ਮਲਿਕ ਨੇ ਬਹਿਲ ਸਾਹਿਬ ਦੀ ਬਾਂਹ ਨਾ ਛੱਡੀ। 1950 ਵਿੱਚ ਬਹਿਲ ਨੂੰ ਇੱਕ ਪੰਜਾਬੀ ਫਿਲਮ ਮਿਲੀ ਜਿਸ ਦਾ ਨਾਮ ਸੀ ‘ਛਈ’। ਬਹਿਲ ਨੇ ਇਸ ਫਿਲਮ ਦੇ ਸਾਰੇ ਗੀਤ ਵਰਮਾ ਮਲਿਕ ਤੋਂ ਲਿਖਵਾਏ। ਮਲਿਕ ਗੀਤਾਂ ਦੀਆਂ ਤਰਜ਼ਾਂ ਵੀ ਆਪ ਬਣਾ ਲੈਂਦਾ ਸੀ। ਇਸ ਫਿਲਮ ਵਿੱਚ ਮੁਹੰਮਦ ਰਫ਼ੀ ਤੇ ਸ਼ਮਸ਼ਾਦ ਬੇਗ਼ਮ ਜਿਹੇ ਗਾਇਕਾਂ ਨੇ ਵਰਮਾ ਮਲਿਕ ਦੇ ਲਿਖੇ ਗੀਤ ਗਾਏ। ਇਸ ਤੋਂ ਬਾਅਦ ਮਲਿਕ ਨੇ ਲਗਾਤਾਰ ਪੰਜਾਬੀ ਫਿਲਮਾਂ ਲਈ ਗੀਤ ਲਿਖੇ ਜਿਨ੍ਹਾਂ ਵਿੱਚ ਮੁੱਖ ਫਿਲਮਾਂ ਹਨ- ਪੋਸਤੀ, ਜੁਗਨੀ, ਸ਼ਾਹ ਜੀ, ਭੰਗੜਾ, ਦੋ ਲੱਛੀਆਂ, ਯਮਲਾ ਜੱਟ, ਗੁੱਡੀ, ਜੱਟੀ, ਢੋਲ ਜਾਨੀਂ, ਖੇਡਣ ਦੇ ਦਿਨ ਚਾਰ, ਪਰਦੇਸੀ ਢੋਲਾ, ਪਿੰਡ ਦੀ ਕੁੜੀ, ਮੈਂ ਜੱਟੀ ਪੰਜਾਬ ਦੀ, ਮਾਮਾ ਜੀ, ਚੰਬੇ ਦੀ ਕਲੀ, ਦੁੱਲਾ ਭੱਟੀ ਸਮੇਤ ਹੋਰ ਕਾਫ਼ੀ ਫਿਲਮਾਂ ਹਨ, ਜਿਨ੍ਹਾਂ ਲਈ ਵਰਮਾ ਮਲਿਕ ਨੇ ਗੀਤ ਲਿਖੇ। ਉਨ੍ਹਾਂ ਦੇ ਕੁਝ ਮੁੱਖੜੇ ਦੇਖੋ:

* ਦੜ ਵੱਟ ਜਮਾਨਾ ਕੱਟ, ਭਲੇ ਦਿਨ ਆਵਣਗੇ

ਕੋਈ ਕਿਸੇ ਦਾ ਸਾਥੀ ਨਹੀਂਓ

ਕੋਈ ਕਿਸੇ ਦਾ ਯਾਰ ਨਹੀਂ

* ਚਿੱਟੇ ਦੰਦ ਹੱਸਣੋਂ ਨਹੀਂ ਰਹਿੰਦੇ

ਤੇ ਲੋਕੀਂ ਭੈੜੇ ਸ਼ੱਕ ਕਰਦੇ (ਮੁਹੰਮਦ ਰਫੀ)

* ਰੱਬ ਨਾ ਕਰੇ ਜੇ ਚਲਾ ਜਾਵੇਂ ਤੂੰ ਵਿੱਛੜ ਕੇ

ਵੇ ਦੱਸ ਰੋਇਆ ਕਰੇਂਗਾ ਸਾਨੂੰ ਯਾਦ ਕਰਕੇ

* ਜੱਟ ਕੁੜੀਆਂ ਤੋਂ ਡਰਦਾ ਮਾਰਾ

ਮੋਢੇ ਉੱਤੇ ਡਾਂਗ ਰੱਖਦਾ

(ਮੁਹੰਮਦ ਰਫੀ ਤੇ ਸ਼ਮਸ਼ਾਦ ਬੇਗ਼ਮ)

* ਹਾਏ ਨੀਂ ਮੇਰਾ ਬਾਲਮ! ਹੈ ਬੜਾ ਜ਼ਾਲਮ

ਮੈਨੂੰ ਕਦੀ ਕਦੀ ਕਰਦਾ ਏ ਪਿਆਰ

ਕਦੀ ਮਾਰਦਾ ਏ ਛਮਕਾਂ ਦੀ ਮਾਰ

* ਬੀਨ ਨਾ ਵਜਾਈਂ ਮੁੰਡਿਆ

ਮੇਰੀ ਗੁੱਤ ਸੱਪਣੀ ਬਣ ਜਾਊਗੀ

* ਭਾਵੇਂ ਬੋਲ ਤੇ ਭਾਵੇਂ ਨਾ ਬੋਲ

ਵੇ ਚੰਨਾ ਵੱਸ ਅੱਖੀਆਂ ਦੇ ਕੋਲ

* ਮੁੱਲ ਵਿਕਦਾ ਸੱਜਣ ਮਿਲ ਜਾਵੇ

ਲੈ ਲਵਾਂ ਮੈਂ ਜਿੰਦ ਵੇਚ ਕੇ (ਸ਼ਮਸ਼ਾਦ ਬੇਗ਼ਮ)

ਵਰਮਾ ਮਲਿਕ ਨੇ ਕੁਝ ਫਿਲਮਾਂ ’ਚ ਬਤੌਰ ਸੰਗੀਤ ਨਿਰਦੇਸ਼ਕ ਵੀ ਕੰਮ ਕੀਤਾ ਤੇ ਉਨ੍ਹਾਂ ਦੇ ਗੀਤ ਵੀ ਲਿਖੇ ਜਿਵੇਂ 1960 ਵਿੱਚ ਬਣੀ ਫਿਲਮ ‘ਯਮਲਾ ਜੱਟ’ ’ਚੋਂ ਇੱਕ ਗੀਤ ਦਾ ਮੁੱਖੜਾ ਦੇਖੋ:

* ਲੰਮਾ ਲੰਮਾ ਬਾਜਰੇ ਦਾ ਸਿੱਟਾ

ਮੇਰਾ ਹਾਲ ਦੇਖ ਕੇ ਹੱਸਦੇ

ਲੋਕ ਨਾ ਕੋਲ ਖਲੋਂਦੇ ਨੇ

ਵੇ ਹੁਣ ਮੈਂ ਨਹੀਂ ਰੋਂਦੀ

* ਨੀਂ ਟੁੱਟ ਜਾਏਂ ਰੇਲ ਗੱਡੀਏ

ਤੂੰ ਰੋਕ ਲਿਆ ਚੰਨ ਮੇਰਾ

ਮੈਨੂੰ ਦੇਖ ਕੇ ਲੋਕ ਰੋਂਦੇ ਨੇ (ਸ਼ਮਸ਼ਾਦ ਬੇਗ਼ਮ)

* ਪਿਆਰ ਦੇ ਭੁਲੇਖੇ ਕਿੰਨੇ ਸੋਹਣੇ ਸੋਹਣੇ ਖਾ ਗਏ

ਦੂਰ-ਦੂਰ ਜਾਂਦੇ ਜਾਂਦੇ ਨੇੜੇ-ਨੇੜੇ ਆ ਗਏ

(ਮੁਹੰਮਦ ਰਫੀ ਤੇ ਲਤਾ ਮੰਗੇਸ਼ਕਰ)

* ਦਾਣਾ-ਪਾਣੀ ਖਿੱਚ ਕੇ ਲਿਆਉਂਦਾ

ਕੌਣ ਕਿਸੇ ਦਾ ਖਾਂਦਾ ਹੋ (ਮੁਹੰਮਦ ਰਫੀ)

* ਲੰਮੀਆਂ ਤੇ ਕਾਲੀਆਂ ਚੰਨ ਵੇ

ਰਾਤਾਂ ਜੁਦਾਈਆਂ ਵਾਲੀਆਂ (ਸੁਮਨ ਕਲਿਆਣਪੁਰ)

* ਲਾਈਆਂ ਤੇ ਤੋੜ ਨਿਭਾਵੀਂ

ਛੱਡ ਕੇ ਨਾ ਜਾਵੀਂ

ਛੱਡ ਕੇ ਨਾ ਜਾਵੀਂ ਵੇ ਬੀਬਾ

ਛੱਡ ਕੇ ਨਾ ਜਾਵੀਂ (ਲਤਾ ਮੰਗੇਸ਼ਕਰ ਤੇ ਮਹਿੰਦਰ ਕਪੂਰ)

* ਕੱਤਿਆ ਕਰੂੰ, ਤੇਰੀ ਰੂੰ

ਮੈਂ ਦਿਨੇ ਰਾਤ ਕੱਤਿਆ ਕਰੂੰ

* ਅੰਬੀਆਂ ਦੇ ਬੂਟਿਆਂ ਨੂੰ ਲੱਗ ਗਿਆ ਬੂਰ ਨੀਂ

ਰੁੱਤ ਏ ਮਿਲਾਪਾਂ ਵਾਲੀ ਚੰਨ ਮੇਰਾ ਦੂਰ ਨੀਂ

* ਦੁਪੱਟਾ ਪਤਲਾ ਗੰਢੇ ਦੀ ਛਿੱਲ ਵਰਗਾ

* ਉਹ ਵੇਲਾ ਯਾਦ ਕਰ

ਜਦ ਗਲੀ ’ਚ ਝਾਤੀ ਮਾਰ ਕੇ

ਮੈਨੂੰ ਬਾਰੀ ਵਿੱਚ ਖਲਾਰ ਕੇ

ਰੋਜ਼ ਬੁਲਾਂਦਾ ਸੈਂ

ਉਹ ਵੇਲਾ ਯਾਦ ਕਰ... (ਸ਼ਮਸ਼ਾਦ ਬੇਗ਼ਮ)

ਵਰਮਾ ਦੀ ਪੰਜਾਬੀ ਗੀਤਕਾਰ ਦਾ ਸਿਖਰ ਵੇਖੋ :

ਕੱਚੀ ਕਲੀ ਸੀ ਨਾਜ਼ੁਕ ਦਿਲ ਮੇਰਾ

ਕੋਈ ਸੁੰਘ ਕੇ ਐਵੇਂ ਮਰੋੜ ਗਿਆ

ਜਿਉਂਦਾ ਰਵੇ ਉਹ ਜੀਅ ਸਦਕੇ

ਵੇ ਜਿਹੜਾ ਲਾ ਕੇ ਮੁਹੱਬਤਾਂ ਤੋੜ ਗਿਆ

(ਸ਼ਮਸ਼ਾਦ ਬੇਗ਼ਮ)

ਸਾਲ 1965 ਵਿੱਚ ਪੰਜਾਬੀ ਫਿਲਮਾਂ ਦਾ ਬਾਜ਼ਾਰ ਬਿਲਕੁਲ ਮੰਦਾ ਪੈ ਗਿਆ। ਪੰਜਾਬੀ ਫਿਲਮਾਂ ਦੇ ਨਾਲ ਜਿਨ੍ਹਾਂ ਹਿੰਦੀ ਫਿਲਮਾਂ ਲਈ ਵਰਮਾ ਮਲਿਕ ਨੇ ਗੀਤ ਲਿਖੇ ਉਨ੍ਹਾਂ ਦੀ ਬਹੁਤੀ ਗੱਲ ਨਾ ਬਣੀ। 1965 ਤੋਂ ਲੈ ਕੇ 1970 ਤੱਕ ਦਾ ਦੌਰ ਵਰਮਾ ਮਲਿਕ ਲਈ ਬੇਹੱਦ ਮੁਸ਼ਕਿਲ ’ਚ ਗੁਜ਼ਰਿਆ। ਬੰਬਈ ਵਿੱਚ ਪੰਦਰਾਂ-ਅਠਾਰਾਂ ਸਾਲ ਰਹਿਣ ਕਰਕੇ ਵੱਡੇ ਵੱਡੇ ਕਲਾਕਾਰਾਂ ਤੇ ਸੰਗੀਤਕਾਰਾਂ ਨਾਲ ਉਨ੍ਹਾਂ ਦੀ ਜਾਣ ਪਹਿਚਾਣ ਹੋ ਚੁੱਕੀ ਸੀ। ਇਸ ਕਾਰਨ ਉਹ ਬੰਬਈ ਦਾ ਮੋਹ ਤਿਆਗ ਨਾ ਸਕੇ।

1969 ਵਿੱਚ ਵਰਮਾ ਮਲਿਕ ਕੰਮ ਦੀ ਤਲਾਸ਼ ’ਚ ਸੰਗੀਤਕਾਰ ਕਲਿਆਣ ਜੀ, ਆਨੰਦ ਜੀ ਨੂੰ ਮਿਲਣ ਗਏ। ਕਲਿਆਣ ਜੀ ਦੇ ਘਰ ਪਹੁੰਚੇ ਤਾਂ ਉੱਥੇ ਮਨੋਜ ਕੁਮਾਰ ਵੀ ਪਹੁੰਚਿਆ ਹੋਇਆ ਸੀ। ਪੰਜਾਬੀ ਹੋਣ ਕਰਕੇ ਮਨੋਜ ਕੁਮਾਰ, ਵਰਮਾ ਮਲਿਕ ਦੇ ਗੀਤਾਂ ਦਾ ਪ੍ਰਸੰਸਕ ਸੀ। ਮਨੋਜ ਕੁਮਾਰ ਨੇ ਵਰਮਾ ਮਲਿਕ ਨੂੰ ਪੁੱਛਿਆ ਕਿ ਨਵਾਂ ਕੀ ਲਿਖਿਆ ਹੈ। ਮਲਿਕ ਨੇ ਮਨੋਜ ਕੁਮਾਰ ਨੂੰ ਇੱਕ ਦੋ ਗੀਤਾਂ ਦੇ ਮੁੱਖੜੇ ਸੁਣਾਏ ਜਿਨ੍ਹਾਂ ’ਚੋਂ ਇੱਕ ਮੁੱਖੜਾ ਸੀ:

ਇਹ ਤਾਰਾ ਬੋਲੇ ਤੁਨ ਤੁਨ ਤੁਨ

ਕਿਆ ਕਹੇ ਯੇ ਤੁਮਸੇ ਸੁਨ ਸੁਨ ਸੁਨ

ਮਨੋਜ ਕੁਮਾਰ ਨੂੰ ਗੀਤ ਦਾ ਮੁੱਖੜਾ ਬੜਾ ਪਸੰਦ ਆਇਆ। ਉਨ੍ਹਾਂ ਦਿਨਾਂ ਵਿੱਚ ਮਨੋਜ ਕੁਮਾਰ ‘ਉਪਕਾਰ’ ਫਿਲਮ ਬਣਾ ਰਿਹਾ ਸੀ। ਉਸ ਫਿਲਮ ਵਿੱਚ ਕਿਤੇ ਵੀ ਇਹ ਗੀਤ ਫਿੱਟ ਨਹੀਂ ਹੋਇਆ। 1970 ਵਿੱਚ ਮਨੋਜ ਕੁਮਾਰ ਨੇ ਆਪਣੀ ਅਗਲੀ ਫਿਲਮ ‘ਯਾਦਗਾਰ’ ਵਿੱਚ ਇਸ ਗੀਤ ਨੂੰ ਰਿਕਾਰਡ ਕੀਤਾ। ਇਹ ਗੀਤ ਐਨਾ ਮਕਬੂਲ ਹੋਇਆ ਕਿ ਵਰਮਾ ਮਲਿਕ ਦਾ ਨਾਮ ਪੂਰੇ ਹਿੰਦੀ ਸਿਨਮਾ ’ਤੇ ਛਾ ਗਿਆ। ਪੰਜਾਬੀ ਰੰਗ ਵਿੱਚ ਰੰਗੇ ਇਸ ਗੀਤ ਨੇ ਸਫਲਤਾ ਦੇ ਐਸੇ ਝੰਡੇ ਗੱਡੇ ਕਿ ਵਰਮਾ ਮਲਿਕ ਲਈ ਕੰਮ ਦੇ ਦਰਵਾਜ਼ੇ ਖੁੱਲ੍ਹ ਗਏ। ਇਸ ਤੋਂ ਬਾਅਦ ਵੱਡੇ ਵੱਡੇ ਨਿਰਮਾਤਾਵਾਂ ਤੇ ਵੱਡੇ ਵੱਡੇ ਸੰਗੀਤਕਾਰਾਂ, ਕਲਾਕਾਰਾਂ ਦੀਆਂ ਫਿਲਮਾਂ ਵਿੱਚ ਉਸ ਦੇ ਅਨੇਕਾਂ ਗੀਤ ਰਿਕਾਰਡ ਹੋਏ ਤੇ ਹਿੱਟ ਹੋਏ। ਵਿਆਹਾਂ ਸ਼ਾਦੀਆਂ ਵਿੱਚ ਘੋੜੀ ਅੱਗੇ ਵੱਜਣ ਵਾਲਾ ਨਿਮਨ ਗੀਤ ਵਰਮਾ ਮਲਿਕ ਦਾ ਹੀ ਲਿਖਿਆ ਹੋਇਆ ਹੈ:

ਆਜ ਮੇਰੇ ਯਾਰ ਕੀ ਸ਼ਾਦੀ ਹੈ

ਯਾਰ ਕੀ ਸ਼ਾਦੀ ਹੈ

ਦਿਲਦਾਰ ਕੀ ਸ਼ਾਦੀ ਹੈ...

ਇਸ ਤੋਂ ਅੱਗੇ ਲੜਕੀ ਦੀ ਡੋਲੀ ਤੁਰਨ ਵੇਲੇ ਵਰਮਾ ਦਾ ਗੀਤ ਹੈ:

ਚੱਲੋ ਰੇ ਡੋਲੀ ਉਠਾਓ ਕਹਾਰ

ਪੀਆ ਮਿਲਣ ਕੀ ਰੁੱਤ ਆਈ

ਵਰਮਾ ਮਲਿਕ ਦੇ ਗੀਤਾਂ ਦੇ ਕੁਝ ਹੋਰ ਮੁੱਖੜੇ ਹਨ:

* ਹਾਏ ਹਾਏ ਯੇ ਮਜਬੂਰੀ

ਯੇਹ ਮੌਸਮ ਔਰ ਯੇ ਦੂਰੀ

ਮੁਝੇ ਪਲ ਪਲ ਹੈ ਤੜਪਾਏ

ਤੇਰੀ ਦੋ ਟਕਿਆਂ ਦੀ ਨੌਕਰੀ

ਵੇ ਮੇਰਾ ਲਾਖੋਂ ਕਾ ਸਾਵਨ ਜਾਏ

(ਲਤਾ ਮੰਗੇਸ਼ਕਰ, ਫਿਲਮ: ਰੋਟੀ, ਕੱਪੜਾ ਔਰ ਮਕਾਨ)

* ਕਾਨ ਮੇਂ ਝੁਮਕਾ, ਚਾਲ ਮੇਂ ਠੁਮਕਾ

ਕਮਰ ਪੇ ਚੋਟੀ ਲਟਕੇ

(ਮੁਹੰਮਦ ਰਫੀ, ਫਿਲਮ: ਸਾਵਨ ਭਾਦੋਂ)

* ਨਾ ਇੱਜ਼ਤ ਕੀ ਚਿੰਤਾ

ਨਾ ਫ਼ਿਕਰ ਕੋਈ ਅਪਮਾਨ ਕੀ

ਜੈ ਬੋਲੋ ਬੇਈਮਾਨ ਕੀ (ਫਿਲਮ: ਬੇਈਮਾਨ)

* ਤੇਰੇ ਹਾਥੋਂ ਮੇਂ ਪਹਿਨਾ ਕੇ ਚੂੜੀਆਂ

ਕਿ ਮੌਜ ਬਨਜਾਰਾ ਲੈ ਗਿਆ (ਮੁਹੰਮਦ ਰਫੀ)

* ਮੇਰੇ ਪਿਆਰ ਕੀ ਉਮਰ ਹੈ ਇਤਨੀ ਸਨਮ

ਤੇਰੇ ਨਾਮ ਸੇ ਸ਼ੁਰੂ ਤੇਰੇ ਨਾਮ ਪੇ ਖ਼ਤਮ

(ਲਤਾ ਮੰਗੇਸ਼ਕਰ ਤੇ ਮਨਮੋਹਨ ਸਿੰਘ, ਫਿਲਮ:ਵਾਰਿਸ)

ਉੱਪਰ ਦਿੱਤੇ ਹਿੰਦੀ ਗੀਤਾਂ ਉੱਪਰ ਵਰਮਾ ਮਲਿਕ ਨੇ ਪੰਜਾਬੀ ਦੀ ਇੰਨੀ ਜ਼ਿਆਦਾ ਪੁੱਠ ਚੜ੍ਹਾਈ ਐ ਕਿ ਇਨ੍ਹਾਂ ਨੂੰ ਆਸਾਨੀ ਨਾਲ ਪੰਜਾਬੀ ਗੀਤ ਬਣਾਇਆ ਜਾ ਸਕਦਾ ਹੈ। ਵਰਮਾ ਮਲਿਕ ਦੇ ਇਨ੍ਹਾਂ ਯਾਦਗਾਰੀ ਪੰਜਾਬੀ ਅਤੇ ਪੰਜਾਬੀ ਲਹਿਜ਼ੇ ਵਾਲੇ ਹਿੰਦੀ ਗੀਤਾਂ ਅਤੇ ਸੰਗੀਤਕਾਰ ਵਜੋਂ ਉਨ੍ਹਾਂ ਦੀਆਂ ਬਣਾਈਆਂ ਧੁਨਾਂ ’ਤੇ ਇੱਕ ਪੂਰੀ ਕਿਤਾਬ ਲਿਖੀ ਜਾ ਸਕਦੀ ਹੈ। ਉਹ 15 ਮਾਰਚ 2009 ਨੂੰ ਇਸ ਜਹਾਨ ਤੋਂ ਬੇਸ਼ੱਕ ਤੁਰ ਗਏ ਹਨ, ਪਰ ਉਨ੍ਹਾਂ ਦੇ ਲਿਖੇ ਗੀਤ ਅੱਜ ਵੀ ਫਿਜ਼ਾ ਵਿੱਚ ਰਸ ਘੋਲਦੇ ਹਨ।

ਸੰਪਰਕ: 98151-30226

Advertisement
×