DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਦੁਨੀਆ ਦੀ ਸਭ ਤੋਂ ਤਕੜੀ ਔਰਤ ਲੀ ਵੈੱਨਵੈੱਨ

ਵਿਸ਼ਵ ਦੇ ਮਹਾਨ ਖਿਡਾਰੀ
  • fb
  • twitter
  • whatsapp
  • whatsapp
Advertisement

ਪ੍ਰਿੰ. ਸਰਵਣ ਸਿੰਘ

ਲੀ ਵੈੱਨਵੈੱਨ 2021 ਤੋਂ ਵਿਸ਼ਵ ਦੀ ਸਭ ਤੋਂ ਤਕੜੀ ਵੇਟਲਿਫਟਰ ਹੈ। ਉਸ ਦਾ ਜਨਮ 5 ਮਾਰਚ 2000 ਨੂੰ ਚੀਨ ਵਿੱਚ ਹੋਇਆ। ਕਦੇ ਚੀਨ ਨੂੰ ਅਫੀਮੀਆਂ ਦਾ ਦੇਸ਼ ਕਿਹਾ ਜਾਂਦਾ ਸੀ, ਪਰ ਪਿਛਲੇ ਤਿੰਨ ਚਾਰ ਦਹਾਕਿਆਂ ਤੋਂ ਖੇਡ ਜਗਤ ਵਿੱਚ ਵਿਸ਼ਵ ਦਾ ਸਭ ਤੋਂ ਤਕੜਾ ਮੁਲਕ ਮੰਨਿਆ ਜਾਂਦਾ ਹੈ। ਲੀ ਵੈੱਨਵੈੱਨ ਅਜੇ 24ਵੇਂ ਸਾਲ ਵਿੱਚ ਹੈ ਤੇ ਕਈ ਸਾਲ ਸਰਗਰਮ ਭਾਰਚੁਕਾਵੀ ਬਣੀ ਰਹਿ ਸਕਦੀ ਹੈ। ਆਸ ਹੈ ਉਹ ਆਪਣੇ ਵਿਸ਼ਵ ਰਿਕਾਰਡ ਹੋਰ ਵੀ ਨਵਿਆਵੇਗੀ। ਉਸ ਦਾ ਆਪਣਾ ਸਰੀਰਕ ਭਾਰ ਹੁਣ 150 ਕਿਲੋ ਅਤੇ ਕੱਦ 5 ਫੁੱਟ 10 ਇੰਚ ਹੈ। ਵੇਟਲਿਫਟਿੰਗ ਦੇ ਸਭ ਤੋਂ ਉੱਪਰਲੇ +87 ਕਿਲੋ ਵਜ਼ਨ ਵਰਗ ਵਿੱਚ ਉਸ ਨੇ 148 ਕਿਲੋ ਸਨੈਚ ਤੇ 187 ਕਿਲੋ ਦੀ ਕਲੀਨ ਐਂਡ ਜਰਕ ਨਾਲ ਕੁੱਲ 335 ਕਿਲੋ ਵਜ਼ਨ ਦੇ ਬਾਲੇ ਕੱਢੇ ਹਨ।

Advertisement

ਔਰਤ ਤੇ ਬੰਦੇ ਦੀ ਸਰੀਰਕ ਸ਼ਕਤੀ ਦਾ ਪਤਾ ਦੁਨੀਆ ਦੇ ਸਭ ਤੋਂ ਤਕੜੇ ਬੰਦੇ ਲਾਸ਼ਾ ਤਲਖਾਡਜ਼ੇ ਦੇ ਵਿਸ਼ਵ ਰਿਕਾਰਡ-ਸਨੈਚ 225 ਕਿਲੋ, ਜਰਕ 267 ਕਿਲੋ, ਕੁੱਲ 492 ਕਿਲੋ ਭਾਰ ਚੁੱਕਣ ਤੋਂ ਲੱਗ ਸਕਦਾ ਹੈ। ਔਰਤ 335 ਕਿਲੋ ਮਰਦ 492 ਕਿਲੋ। ਔਰਤ ਤੇ ਮਰਦ ਭਾਵ ਨਰ ਤੇ ਮਾਦੇ ਦੀ ਸਰੀਰਕ ਸ਼ਕਤੀ ਦਾ ਫਰਕ ਕੁਦਰਤ ਵੱਲੋਂ ਹੈ। ਇਸ ਲਈ ਇਹ ਬਹਿਸ ਕਰਨੀ ਫ਼ਜ਼ੂਲ ਹੈ ਕਿ ਔਰਤ ਤੇ ਮਰਦ ਹਰ ਖੇਤਰ ਵਿੱਚ ਬਰਾਬਰ ਹਨ। ਕੁਦਰਤ ਵੱਲੋਂ ਹੀ ਦੋਹਾਂ ਦੀਆਂ ਸਰੀਰਕ ਬਣਤਰਾਂ ਵਿੱਚ ਬੁਨਿਆਦੀ ਫ਼ਰਕ ਹੈ। ਸਰੀਰਕ ਸਮਰੱਥਾ ਦੇ ਕੁਦਰਤੀ ਫ਼ਰਕ ਕਰ ਕੇ ਹੀ ਔਰਤਾਂ ਦੀਆਂ ਖੇਡਾਂ ਵੱਖ ਕਰਾਈਆਂ ਜਾਂਦੀਆਂ ਹਨ ਤੇ ਮਰਦਾਂ ਦੀਆਂ ਵੱਖ। ਭਾਵ ਔਰਤਾਂ ਦੀਆਂ ਔਰਤਾਂ ਵਿਰੁੱਧ ਤੇ ਮਰਦਾਂ ਦੀਆਂ ਮਰਦਾਂ ਵਿਰੁੱਧ। ਪਰਖਣ ਵਾਲੀ ਗੱਲ ਤਾਂ ਇਹ ਹੈ ਕਿ ਸਰੀਰਕ ਤਾਕਤ ਵਿੱਚ ਔਰਤ ਤੇ ਮਰਦ ਦੀ ਕਾਰਗੁਜ਼ਾਰੀ ਵਿੱਚ ਫ਼ਰਕ ਕਿੰਨਾ ਕੁ ਹੈ?

ਪੁਰਾਤਨ ਓਲੰਪਿਕ ਖੇਡਾਂ ਔਰਤਾਂ ਲਈ ਵੇਖਣੀਆਂ ਮਨ੍ਹਾਂ ਸਨ। ਉਲੰਘਣਾ ਦੀ ਸੂਰਤ ਵਿੱਚ ਲਾਗਲੀ ਪਹਾੜੀ ਦੀ ਦੰਦੀ ਤੋਂ ਖੱਡ ਵਿੱਚ ਸੁਟ ਕੇ ਮਾਰ ਮੁਕਾਉਣ ਦੀ ਸਜ਼ਾ ਲਾਗੂ ਸੀ। ਕੇਵਲ ਇੱਕੋ ਔਰਤ, ਧਾਰਮਿਕ ਦੇਵੀ ਦੀ ਹੈਸੀਅਤ ਵਿੱਚ ਓਲੰਪਿਕ ਖੇਡਾਂ ਵੇਖ ਸਕਦੀ ਸੀ। ਫਿਰ ਵੀ ਕਦੇ ਕਦਾਈਂ ਇਹ ਬੰਦਸ਼ ਟੁੱਟ ਜਾਂਦੀ। ਰੋਡ੍ਹਸ ਦੀ ਇੱਕ ਵਿਧਵਾ ਔਰਤ ਫੇਰਨੀਸ ਨੇ ਆਪਣੇ ਪੁੱਤਰ ਪਿਸੀਡੋਰਸ ਨੂੰ ਓਲੰਪਿਕ ਖੇਡਾਂ ਦੇ ਮੁੱਕੇਬਾਜ਼ੀ ਮੁਕਾਬਲੇ ਲਈ ਤਿਆਰ ਕੀਤਾ। ਫੇਰਨੀਸ ਦਾ ਪਿਤਾ ਡਿਆਗੋਰਸ ਤੇ ਉਸ ਦੇ ਭਰਾ ਓਲੰਪਿਕ ਚੈਂਪੀਅਨ ਰਹਿ ਚੁੱਕੇ ਸਨ। ਪਿਸੀਡੋਰਸ ਓਲੰਪਿਕ ਖੇਡਾਂ ਦੀ ਤਿਆਰੀ ਕਰ ਰਿਹਾ ਸੀ ਜਦੋਂ ਉਸ ਦੇ ਪਿਤਾ ਦੀ ਮੌਤ ਹੋ ਗਈ।

ਫੇਰਨੀਸ ਨੇ ਪੁੱਤਰ ਦੀ ਤਿਆਰੀ ਉਵੇਂ ਹੀ ਕਰਾਈ ਤੇ ਕੋਈ ਕਮੀ ਨਾ ਆਉਣ ਦਿੱਤੀ। ਓਲੰਪਿਕ ਖੇਡਾਂ ਸ਼ੁਰੂ ਹੋਈਆਂ ਤਾਂ ਮਾਂ ਤੋਂ ਪਿੱਛੇ ਨਾ ਰਹਿ ਹੋਇਆ। ਉਹ ਹੱਥੀਂ ਪਾਲੇ ਪੁੱਤ ਨੂੰ ਆਪਣੀ ਅੱਖੀਂ ਮੁਕਾਬਲਾ ਕਰਦਿਆਂ ਵੇਖਣਾ ਚਾਹੁੰਦੀ ਸੀ। ਬੰਦਿਆਂ ਵਾਲੇ ਭੇਸ ਵਿੱਚ ਉਹ ਸਟੇਡੀਅਮ ਅੰਦਰ ਪਹੁੰਚੀ। ਜਦੋਂ ਪਿਸੀਡੋਰਸ ਚੈਂਪੀਅਨ ਬਣਿਆ ਤਾਂ ਮਾਂ ਤੋਂ ਖੁਸ਼ੀ ਸੰਭਾਲੀ ਨਾ ਗਈ। ਉਸ ਨੇ ਭੱਜ ਕੇ ਆਪਣੇ ਜੇਤੂ ਪੁੱਤਰ ਨੂੰ ਜੱਫੀ ਜਾ ਪਾਈ। ਇੰਜ ਉਸ ਦਾ ਮਰਦਾਵਾਂ ਭੇਸ ਲਹਿ ਗਿਆ। ਉਸ ਨੂੰ ਪਕੜ ਲਿਆ ਗਿਆ ਤੇ ਸਜ਼ਾ ਦੇਣ ਲਈ ਓਲਿੰਪੀਆ ਦੇ ਜੱਜਾਂ ਸਾਹਵੇਂ ਪੇਸ਼ ਕੀਤਾ ਗਿਆ। ਜੱਜਾਂ ਨੇ ਫੇਰਨੀਸ ਨੂੰ ਓਲੰਪਿਕ ਚੈਂਪੀਅਨਾਂ ਦੇ ਪਰਿਵਾਰ ਦੀ ਵਿਧਵਾ ਔਰਤ ਜਾਣ ਕੇ ਰਹਿਮ ਖਾਧਾ ਤੇ ਉਸ ਨੂੰ ਬਖ਼ਸ਼ ਦਿੱਤਾ, ਪਰ ਅੱਗੋਂ ਪਹਿਰੇ ਹੋਰ ਸਖ਼ਤ ਕਰ ਦਿੱਤੇ ਤਾਂ ਜੋ ਕੋਈ ਹੋਰ ਔਰਤ ਮਰਦਾਵੇਂ ਭੇਸ ਵਿੱਚ ਵੀ ਖੇਡਾਂ ਨਾ ਵੇਖ ਸਕੇ। ਉਂਜ ਔਰਤਾਂ ਦੀਆਂ ਵੱਖਰੀਆਂ ਓਲੰਪਿਕ ਖੇਡਾਂ ਹੋਇਆ ਕਰਦੀਆਂ ਸਨ ਜੋ ਪੰਜ ਸਾਲਾਂ ਦੇ ਵਕਫ਼ੇ ਪਿੱਛੋਂ ਹੁੰਦੀਆਂ ਤੇ ਉੱਥੇ ਮੁਟਿਆਰਾਂ ਦੀ ਕੇਵਲ ਸੌ-ਫੁੱਟੀ ਦੌੜ ਦੇ ਮੁਕਾਬਲੇ ਹੁੰਦੇ।

1896 ਵਿੱਚ ਸ਼ੁਰੂ ਹੋਈਆਂ ਨਵੀਨ ਓਲੰਪਿਕ ਖੇਡਾਂ ਵਿੱਚ ਵੀ ਔਰਤਾਂ ਦੇ ਖੇਡ ਮੁਕਾਬਲੇ ਬੰਦਿਆਂ ਤੋਂ ਕਾਫ਼ੀ ਦੇਰ ਬਾਅਦ ਸ਼ੁਰੂ ਹੋਏ ਜੋ ਸਮੇਂ ਨਾਲ ਵਧਦੇ ਗਏ। ਅਧਿਕਾਰਤ ਤੌਰ ’ਤੇ ਔਰਤਾਂ ਦੀ ਪਾਵਰ ਲਿਫਟਿੰਗ ਦੇ ਮੁਕਾਬਲੇ 1978 ਤੋਂ ਤੇ ਵੇਟਲਿਫਟਿੰਗ ਦੇ ਮੁਕਾਬਲੇ 1987 ਤੋਂ ਸ਼ੁਰੂ ਹੋਏ। ਪਹਿਲਾਂ ਔਰਤਾਂ ਦੇ ਰਿਕਾਰਡ ਬੜੇ ਘੱਟ ਵਜ਼ਨ ਦੇ ਸਨ, ਪਰ 2012 ਦੀਆਂ ਓਲੰਪਿਕ ਖੇਡਾਂ ’ਚ ਰੂਸ ਦੀ ਤਤਿਆਨਾ ਕਸ਼ੀਰੀਨਾ ਨੇ ਸਨੈਚ ਦਾ ਓਲੰਪਿਕ ਰਿਕਾਰਡ 151 ਕਿਲੋ, ਚੀਨ ਦੀ ਜ਼ਹੂ ਲੱਲੂ ਨੇ ਜਰਕ ਦਾ ਰਿਕਾਰਡ 187 ਕਿਲੋ ਤੇ ਟੋਟਲ 333 ਕਿਲੋ ਦਾ ਵਿਸ਼ਵ ਰਿਕਾਰਡ ਰੱਖ ਦਿੱਤਾ। ਲੀ ਵੈੱਨਵੈੱਨ ਦਾ ਅਜੋਕਾ ਵਿਸ਼ਵ ਰਿਕਾਰਡ 335 ਕਿਲੋ ਤਤਿਆਨਾ ਤੋਂ 2 ਕਿਲੋ ਵੱਧ ਹੈ। ਔਰਤਾਂ ਦਾ ਜਿਸਮਾਨੀ ਜ਼ੋਰ ਜਾਣਨ ਲਈ ਉਨ੍ਹਾਂ ਦੇ ਹੌਲੇ ਭਾਰੇ ਵਜ਼ਨ ਵਰਗਾਂ ਦੇ ਵਿਸ਼ਵ ਰਿਕਾਰਡਾਂ ’ਤੇ ਝਾਤ ਮਾਰਨੀ ਵਾਜਬ ਹੋਵੇਗੀ। 45 ਕਿਲੋ ਵਜ਼ਨ ਵਰਗ ਦੇ ਸਨੈਚ, ਜਰਕ, ਟੋਟਲ ਦੇ ਵਿਸ਼ਵ ਰਿਕਾਰਡ 85, 108, 191 ਕਿਲੋ ਹਨ। 49 ਕਿਲੋ ਵਰਗ ਦੇ 96, 124, 216 ਕਿਲੋ ਤੇ 55 ਕਿਲੋ ਵਰਗ ਦੇ 103, 139, 233 ਕਿਲੋ ਹਨ। 59 ਕਿਲੋ ਵਜ਼ਨ ਵਰਗ ਦੇ ਸਨੈਚ 111, ਜਰਕ 140, ਟੋਟਲ 247 ਕਿਲੋ ਹਨ। 64 ਕਿਲੋ ਵਰਗ ਦੇ 117, 146, 261 ਅਤੇ 71 ਕਿਲੋ ਵਰਗ ਦੇ 121, 153, 273 ਕਿਲੋ ਹਨ। 76 ਕਿਲੋ ਵਰਗ ਦੇ 124, 156, 278 ਕਿਲੋ ਹਨ। 81 ਕਿਲੋ ਵਰਗ ਦੇ 127, 161, 284 ਕਿਲੋ ਤੇ 87 ਕਿਲੋ ਵਰਗ ਦੇ 132, 164, 294 ਕਿਲੋ ਹਨ। ਸਭ ਤੋਂ ਭਾਰੇ ਵਜ਼ਨ ਵਰਗ +87 ਕਿਲੋ ਦੇ 148, 187, 335 ਕਿਲੋ ਹਨ। ਇੰਜ ਸਭ ਤੋਂ ਭਾਰੇ ਵਜ਼ਨ ਵਰਗ ਵਿੱਚ ਚੀਨ ਦੀ ਲੀ ਵੈੱਨਵੈੱਨ ਦੀ ਝੰਡੀ ਹੈ ਜਿਸ ਦਾ ਛੋਟਾ ਨਾਂ ਲੀ ਹੈ। ਰੂਸ ਦੀ ਕਸ਼ੀਰੀਨਾ ਤਤਿਆਨਾ ਦੇ ਨਾਂ ਵੀ 24 ਵਿਸ਼ਵ ਰਿਕਾਰਡ ਬੋਲਦੇ ਰਹੇ ਹਨ।

ਲੀ ਨੇ ਭਾਰ ਚੁੱਕਣ ਦੀਆਂ ਚੈਂਪੀਅਨਸ਼ਿਪਾਂ ’ਚ ਭਾਗ ਲੈਂਦਿਆਂ ਓਲੰਪਿਕ ਖੇਡਾਂ ’ਚੋਂ ਇੱਕ ਗੋਲਡ ਮੈਡਲ, ਵਿਸ਼ਵ ਚੈਂਪੀਅਨਸ਼ਿਪਾਂ ’ਚੋਂ ਦੋ ਗੋਲਡ ਮੈਡਲ, ਏਸ਼ੀਅਨ ਚੈਂਪੀਅਨਸ਼ਿਪਾਂ ’ਚੋਂ ਤਿੰਨ ਗੋਲਡ ਮੈਡਲ ਤੇ ਚੀਨ ਦੀਆਂ ਕੌਮੀ ਚੈਂਪੀਅਨਸ਼ਿਪਾਂ ’ਚੋਂ ਕਈ ਗੋਲਡ ਮੈਡਲ ਜਿੱਤੇ ਹਨ। ਉਸ ਨੇ 19 ਸਾਲ ਦੀ ਉਮਰੇ ਇੰਟਰਨੈਸ਼ਨਲ ਵੇਟਲਿਫਟਿੰਗ ਫੈਡਰੇਸ਼ਨ ਦੇ ਵਰਲਡ ਕੱਪ-2019 ਵਿੱਚ ਭਾਗ ਲੈਂਦਿਆਂ ਸਨੈਚ, ਜਰਕ ਤੇ ਟੋਟਲ ਤਿੰਨਾਂ ਈਵੈਂਟਾਂ ਵਿੱਚ ਹੀ ਜੂਨੀਅਰ ਵਰਲਡ ਰਿਕਾਰਡ ਰੱਖ ਦਿੱਤੇ ਸਨ। ਉਹ ਉਦੋਂ ਤੋਂ ਹੀ +87 ਵਜ਼ਨ ਵਰਗ ਵਿੱਚ ਭਾਗ ਲੈਂਦੀ ਆ ਰਹੀ ਹੈ। 2019 ਦੀ ਏਸ਼ਿਆਈ ਵੇਟਲਿਫਟਿੰਗ ਚੈਂਪੀਅਨਸ਼ਿਪ ਵਿੱਚ ਉਸ ਨੇ 147 ਕਿਲੋ ਦੀ ਸਨੈਚ ਲਾ ਕੇ ਨਵਾਂ ਵਿਸ਼ਵ ਰਿਕਾਰਡ ਰੱਖਿਆ ਸੀ ਤੇ ਤਿੰਨੇ ਲਿਫਟਾਂ ਦੇ ਗੋਲਡ ਮੈਡਲ ਜਿੱਤੇ ਸਨ। 2019 ਦੀ ਵਰਲਡ ਵੇਟਲਿਫਟਿੰਗ ਚੈਂਪੀਅਨਸ਼ਿਪ ਵਿੱਚ ਉਸ ਨੇ ਫਿਰ ਤਿੰਨੇ ਲਿਫਟਾਂ ਦੇ ਗੋਲਡ ਮੈਡਲ ਜਿੱਤੇ ਤੇ ਜਰਕ ਲਾਉਣ ਵਿੱਚ 186 ਕਿਲੋ ਦਾ ਨਵਾਂ ਵਿਸ਼ਵ ਰਿਕਾਰਡ ਰੱਖਿਆ। 2020 ਦੀ ਏਸ਼ੀਅਨ ਚੈਂਪੀਅਨਸ਼ਿਪ ’ਚ ਜਰਕ ਦਾ ਵਿਸ਼ਵ ਰਿਕਾਰਡ 187 ਕਿਲੋ ਕਰਦਿਆਂ ਕੁੱਲ 335 ਕਿਲੋ ਦਾ ਨਵਾਂ ਵਿਸ਼ਵ ਰਿਕਾਰਡ ਰੱਖ ਦਿੱਤਾ।

2020 ਦੀਆਂ ਓਲੰਪਿਕ ਖੇਡਾਂ, ਕੋਵਿਡ ਕਾਰਨ 2021 ਵਿੱਚ ਹੋਈਆਂ ਸਨ, ਪਰ ਵੱਜਦੀਆਂ ਉਹ 2020 ਦੀ ਓਲੰਪਿਕਸ ਹੀ ਹਨ। ਉੱਥੇ ਲੀ ਪਹਿਲੀ ਵਾਰ ਓਲੰਪਿਕ ਖੇਡਾਂ ’ਚ ਭਾਗ ਲੈਣ ਗਈ ਸੀ। ਕੋਵਿਡ ਕਾਰਨ ਓਲੰਪਿਕ ਪਿੰਡ ਵਿੱਚ ਖਿਡਾਰੀਆਂ ਲਈ ਬੈੱਡ ਵੀ ਕਾਰਡ ਬੋਰਡ ਦੇ ਸਨ। ਲੀ ਦੇ 150 ਕਿਲੋ ਵਜ਼ਨ ਨੂੰ ਮੁੱਖ ਰੱਖਦਿਆਂ ਐਸਾ ਬੈੱਡ ਤਿਆਰ ਕੀਤਾ ਗਿਆ ਸੀ ਜੋ 200 ਕਿਲੋ ਤੱਕ ਭਾਰ ਸਹਾਰ ਸਕੇ। ਪਰ ਲੀ ਉਥੇ ਬੈੱਡ ਉੱਤੇ ਨਹੀਂ ਸੁੱਤੀ ਸਗੋਂ ਭੁੰਜੇ ਫਰਸ਼ ’ਤੇ ਸੁੱਤੀ। ਜਦੋਂ ਉਸ ਤੋਂ ਕਾਰਨ ਪੁੱਛਿਆ ਤਾਂ ਉਸ ਦਾ ਜਵਾਬ ਸੀ ਕਿ ਉਹ ਪਹਿਲਾਂ ਤੋਂ ਹੀ ਫਰਸ਼ ’ਤੇ ਸੌਣ ਗਿੱਝੀ ਹੈ।

9 ਫਰਵਰੀ 1978 ਦੀ ਜੰਮੀ ਨਿਊਜ਼ੀਲੈਂਡ ਦੀ ਤਜਰਬੇਕਾਰ ਭਾਰਚੁਕਾਵੀ ਲੌਰਲ ਹੱਬਾਰਡ ਨਾਲ ਉਹਦਾ ਸਖ਼ਤ ਮੁਕਾਬਲਾ ਸੀ। ਲੌਰਲ ਟਰਾਂਸਜੈਂਡਰ ਹੀਜੜਾ ਔਰਤ ਸੀ। ਪਹਿਲਾਂ ਉਹ ਹੀਜੜੇ ਮਰਦ ਵਜੋਂ ਮੁਕਾਬਲਿਆਂ ’ਚ ਭਾਗ ਲੈਂਦੀ ਸੀ, ਪਰ ਟੋਕੀਓ ’ਚ ਉਸ ਨੂੰ ਹੀਜੜਾ ਔਰਤ ਵਜੋਂ ਭਾਰ ਚੁੱਕਣ ਦੇ ਮੁਕਾਬਲੇ ’ਚ ਭਾਗ ਲੈਣ ਦੀ ਆਗਿਆ ਮਿਲ ਗਈ ਸੀ। ਹੀਜੜੇ ਮਰਦ ਵਜੋਂ ਉਸ ਨੇ 135 ਕਿਲੋ ਸਨੈਚ, 179 ਕਿਲੋ ਜਰਕ, ਟੋਟਲ 300 ਕਿਲੋ ਵਜ਼ਨ 1998 ਵਿੱਚ ਹੀ ਚੁੱਕਿਆ ਹੋਇਆ ਸੀ। 2012 ਤੋਂ ਉਹ ਹੀਜੜਾ ਔਰਤ ਬਣ ਗਈ ਸੀ ਜਿਸ ਨੇ 132 ਕਿਲੋ ਦੇ ਜੁੱਸੇ ਨਾਲ 2017 ਦੇ ਆਸਟਰੇਲੀਅਨ ਓਪਨ ਮੁਕਾਬਲੇ ਵਿੱਚ 123 ਕਿਲੋ ਸਨੈਚ ਤੇ 145 ਕਿਲੋ ਜਰਕ ਨਾਲ ਕੁੱਲ 268 ਕਿਲੋ ਵਜ਼ਨ ਚੁੱਕਿਆ ਸੀ। ਇੰਜ ਉਹ ਪਹਿਲੀ ਹੀਜੜਾ ਔਰਤ ਹੈ ਜਿਸ ਨੇ ਭਾਰ ਚੁੱਕਣ ਦੇ ਅਧਿਕਾਰਤ ਮੁਕਾਬਲਿਆਂ ’ਚ ਭਾਗ ਲੈਣਾ ਸ਼ੁਰੂ ਕੀਤਾ। 2018 ਦੀਆਂ ਕਾਮਨਵੈਲਥ ਖੇਡਾਂ ਵਿੱਚੋਂ ਉਸ ਨੂੰ ਕੂਹਣੀ ਦੀ ਮੋਚ ਕਾਰਨ ਬਾਹਰ ਰਹਿਣਾ ਪਿਆ। 2019 ਦੀਆਂ ਪੈਸੀਫਿਕ ਖੇਡਾਂ ਵਿੱਚ ਉਹ ਦੋ ਗੋਲਡ ਮੈਡਲ ਜਿੱਤ ਗਈ ਸੀ। ਰੋਮਾ ਵਿਖੇ 2020 ਦਾ ਵਰਲਡ ਕੱਪ ਜਿੱਤ ਕੇ ਉਹ ਟੋਕੀਓ ਦੀਆਂ ਓਲੰਪਿਕ ਖੇਡਾਂ ਲਈ ਕੁਆਲੀਫਾਈ ਕਰ ਗਈ ਸੀ।

ਵਿੱਚ ਵਿਚਾਲੇ ਇਤਰਾਜ਼ ਵੀ ਹੁੰਦੇ ਰਹੇ ਕਿ ਪਹਿਲਾਂ ਉਹ ਹੀਜੜਾ ਮਰਦ ਬਣ ਕੇ ਮੁਕਾਬਲੇ ’ਚ ਉਤਰਦੀ ਸੀ, ਫਿਰ ਉਸ ਨੂੰ ਹੀਜੜਾ ਔਰਤ ਬਣ ਕੇ ਮੁਕਾਬਲੇ ’ਚ ਕਿਉਂ ਉਤਰਨ ਦਿੱਤਾ ਜਾ ਰਿਹੈ? ਪਰ ਉਹ ਹੀਜੜਾ ਔਰਤ ਦੀਆਂ ਮੈਡੀਕਲ ਸ਼ਰਤਾਂ ’ਤੇ ਪੂਰੀ ਉਤਰਦੀ ਸੀ ਤੇ ਦੁਨੀਆ ਭਰ ਦੇ ਹੀਜੜੇ ਉਹਦੇ ਹਮਾਇਤੀ ਸਨ। 21 ਜੂਨ 2021 ਨੂੰ ਹੋਏ ਟੈਸਟ ਵਿੱਚ ਉਸ ਨੇ ਸਾਰੀਆਂ ਸ਼ਰਤਾਂ ਪੂਰੀਆਂ ਕਰ ਦਿੱਤੀਆਂ ਸਨ। ਉਂਜ ਵੀ ਉਹਦੀ ਉਮਰ 43 ਸਾਲ ਦੀ ਹੋ ਗਈ ਸੀ। ਉਸ ਦਾ ਪਿਤਾ ਡਿੱਕ ਹੱਬਾਰਡ ਔਕਲੈਂਡ ਸਿਟੀ ਦਾ ਮੇਅਰ ਸੀ ਤੇ ‘ਹੱਬਾਰਡ ਫੂਡਜ਼’ ਦਾ ਬਾਨੀ ਸੀ। ਉਸ ਨੇ ਆਪ੍ਰੇਸ਼ਨ ਕਰਵਾ ਕੇ ਆਪਣੇ ਹੀਜੜੇ ਪੁੱਤਰ ਨੂੰ ਹੀਜੜੀ ਧੀ ਬਣਾ ਲਿਆ ਸੀ।

ਟੋਕੀਓ ਓਲੰਪਿਕਸ ਵਿੱਚ ਹੱਬਾਰਡ ਤੇ ਲੀ ਦਾ ਮੁਕਾਬਲਾ ਵੇਖਣ ਲਈ ਆਮ ਨਾਲੋਂ ਤਿੰਨ ਗੁਣਾਂ ਦਰਸ਼ਕ ਜੁੜ ਗਏ ਸਨ। +87 ਦੇ ਫਾਈਨਲ ਮੁਕਾਬਲੇ ਵਾਲੀ ਰਾਤ ਕਿਆਸ ਅਰਾਈਆਂ ਸਿਖਰ ’ਤੇ ਸਨ, ਪਰ ਨਿਊਜ਼ੀਲੈਂਡ ਦੀ ਹੀਜੜਾ ਔਰਤ ਭਾਰ ਚੁੱਕਣ ਦੇ ਮੁੱਢਲੇ ਤਿੰਨੇ ਯਤਨ ਫੇਲ੍ਹ ਹੋ ਜਾਣ ’ਤੇ ਮੁਕਾਬਲੇ ’ਚੋਂ ਬਾਹਰ ਹੋ ਗਈ। ਵੱਡੀ ਗਿਣਤੀ ’ਚ ਆਏ ਦਰਸ਼ਕਾਂ ਦਾ ਸਾਰਾ ਉਤਸ਼ਾਹ ਮਾਰਿਆ ਗਿਆ ਤੇ ਉਹ ਹਾਲ ’ਚੋਂ ਨਿਕਲਣੇ ਸ਼ੁਰੂ ਹੋ ਗਏ। ਲੀ ਤੇ ਹੋਰ ਭਾਰਚੁਕਾਵੀਆਂ ਬਾਲੇ ਕੱਢਦੀਆਂ ਰਹੀਆਂ। ਆਖ਼ਰ ਲੀ ਵੈੱਨਵੈੱਨ 140 ਕਿਲੋ ਸਨੈਚ, 180 ਕਿਲੋ ਜਰਕ ਤੇ 320 ਕਿਲੋ ਟੋਟਲ ਦੇ ਨਵੇਂ ਓਲੰਪਿਕ ਰਿਕਾਰਡ ਨਾਲ ਗੋਲਡ ਮੈਡਲ ਜਿੱਤ ਗਈ। ਉਸ ਨੇ ਖ਼ੁਸ਼ੀ ਭਰੀ ਕਿਲਕਾਰੀ ਮਾਰੀ ਤਾਂ ਚੀਨੀ ਦਰਸ਼ਕਾਂ ਨੇ ‘ਗੁੱਡ ਲੱਕ’ ਨਾਲ ਹੁੰਗਾਰਾ ਭਰਿਆ। ਉਂਜ ਵੀ ਉਹ ਜਦੋਂ ਵੇਟ ਵੱਲ ਵਧਦੀ ਹੈ ਤਾਂ ਕਿਲਕਾਰੀ ਮਾਰ ਕੇ ਆਪਣੇ ਆਪ ਤੇ ਦਰਸ਼ਕਾਂ ਨੂੰ ਉਤੇਜਿਤ ਕਰਦੀ ਹੈ।

ਲੀ ਦਾ ਆਪਣਾ ਭਾਰ ਭਾਵੇਂ 150 ਕਿਲੋ ਹੈ, ਪਰ ਉਸ ਦਾ ਕੋਚ ਵੂ ਮੀਜਿਨ ਸਿਰਫ਼ 56 ਕਿਲੋ ਦਾ ਹੀ ਹੈ ਜੋ 56 ਕਿਲੋ ਵਜ਼ਨ ਵਰਗ ਵਿੱਚ ਦੋ ਵਾਰ ਵਿਸ਼ਵ ਚੈਂਪੀਅਨ ਬਣਿਆ। ਏਥਨਜ਼-2004 ਦੀਆਂ ਓਲੰਪਿਕ ਖੇਡਾਂ ’ਚੋਂ ਉਸ ਨੇ ਚਾਂਦੀ ਦਾ ਤਗ਼ਮਾ ਜਿੱਤਿਆ। ਲੀ ਵੈੱਨਵੈੱਨ ਉਸ ਨੂੰ ਸਤਿਕਾਰ ਨਾਲ ਪਾਪਾ ਕਹਿੰਦੀ ਹੈ। ਜਦੋਂ ਉਹ ਓਲੰਪਿਕ ਚੈਂਪੀਅਨ ਬਣੀ ਤੇ ਉਸ ਦੀਆਂ ਤਸਵੀਰਾਂ ਲਈਆਂ ਜਾਣ ਲੱਗੀਆਂ ਤਾਂ ਲੀ ਨੇ ਕੋਚ ਪਾਪਾ ਨੂੰ ਆਪਣੇ ਕੋਲ ਸੱਦਿਆ। ਕੋਚ ਇਸ ਕਰਕੇ ਨਾ ਆਇਆ ਕਿ ਅੱਜ ਉਹਦੀ ਧੀ ਦਾ ਦਿਨ ਹੈ ਤੇ ਉਸ ਨੂੰ ਹੀ ਫੋਟੋ ਖਿਚਵਾਉਣੇ ਚਾਹੀਦੇ ਹਨ, ਪਰ ਉਸੇ ਵੇਲੇ ਲੀ ਆਪਣੇ ਕੋਚ ਕੋਲ ਗਈ ਤੇ ਉਸ ਨੂੰ ਕੁੱਛੜ ਚੁੱਕ ਕੇ ਸਟੇਜ ’ਤੇ ਲੈ ਆਈ। ਕੈਮਰੇ ਕਲਿਕ ਹੋਏ ਤੇ ਲੀ ਵੈੱਨਵੈੱਨ ਦੇ ਕੁੱਛੜ ਚੁੱਕੇ ਬਾਪ ਵਰਗੇ ਕੋਚ ਦੀ ਫੋਟੋ ਦੁਨੀਆ ਭਰ ਦੇ ਮੀਡੀਆ ਦਾ ਸ਼ਿੰਗਾਰ ਬਣੀ।

ਚੀਨ ਦਾ 29ਵਾਂ ਗੋਲਡ ਮੈਡਲ ਲੈਣ ਲਈ ਉਹ ਓਲੰਪਿਕ ਖੇਡਾਂ ਦੇ ਵਿਕਟਰੀ ਸਟੈਂਡ ’ਤੇ ਬੜੀ ਸ਼ਾਨ ਨਾਲ ਚੜ੍ਹੀ। ਉਹਦੇ ਸੱਜੇ ਖੱਬੇ ਗ੍ਰੇਟ ਬ੍ਰਿਟੇਨ ਦੀ ਐਮਿਲੀ ਕੈਂਪਬੈੱਲ ਤੇ ਅਮਰੀਕਾ ਦੀ ਸਾਰਾ ਰੋਬਲਜ਼ ਖੜ੍ਹੀਆਂ ਸਨ। ਤਦੇ ਚੀਨ ਦਾ ਕੌਮੀ ਤਰਾਨਾ ਵੱਜਣ ਲੱਗਾ ਤੇ ਲਾਲ ਪਰਚਮ ਉੱਚਾ ਹੋਣ ਲੱਗਾ। ਤਾੜੀਆਂ ਦੇ ਸ਼ੋਰ ਵਿੱਚ ਲੀ ਵੈੱਨਵੈੱਨ ਦੇ ਖ਼ੁਸ਼ੀ ਦੇ ਹੰਝੂ ਵਗਣ ਲੱਗੇ। ਫਰਸ਼ ’ਤੇ ਸੌਣ ਵਾਲੀ ਲੀ ਦਾ ਬੈੱਡ ਵਧਾਈਆਂ ਤੇ ਸ਼ੁਭ ਦੁਆਵਾਂ ਦੇ ਸੰਦੇਸ਼ਾਂ ਨਾਲ ਭਰਦਾ ਗਿਆ।

ਈ-ਮੇਲ: principalsarwansingh@gmail.com

Advertisement
×