ਆਓ ਮੁਸਕਾਨਾਂ ਸਾਂਝੀਆਂ ਕਰੀਏ
ਅੱਜ ਦੇ ਵਿਗਿਆਨਕ ਯੁੱਗ ਵਿੱਚ ਆਦਮੀ ਆਪੋ-ਧਾਪੀ ਦੇ ਚੱਕਰ ਵਿੱਚ ਪਿਆ, ਤੁਰ ਨਹੀਂ ਬਲਕਿ ਦੌੜ ਰਿਹਾ ਹੈ। ਹਰ ਪਾਸੇ ਰੁਝੇਵੇਂ ਤੇ ਅਕੇਵੇਂ ਤੇ ਪੈਸੇ ਮਗਰ ਲੱਗੀ ਦੌੜ ਕਾਰਨ ਆਦਮੀ, ਆਦਮੀ ਨਾ ਰਹਿ ਕੇ ਜਾਨਵਰ ਜਾਂ ਰੋਬੋਟ ਬਣਦਾ ਜਾ ਰਿਹਾ ਹੈ।...
ਅੱਜ ਦੇ ਵਿਗਿਆਨਕ ਯੁੱਗ ਵਿੱਚ ਆਦਮੀ ਆਪੋ-ਧਾਪੀ ਦੇ ਚੱਕਰ ਵਿੱਚ ਪਿਆ, ਤੁਰ ਨਹੀਂ ਬਲਕਿ ਦੌੜ ਰਿਹਾ ਹੈ। ਹਰ ਪਾਸੇ ਰੁਝੇਵੇਂ ਤੇ ਅਕੇਵੇਂ ਤੇ ਪੈਸੇ ਮਗਰ ਲੱਗੀ ਦੌੜ ਕਾਰਨ ਆਦਮੀ, ਆਦਮੀ ਨਾ ਰਹਿ ਕੇ ਜਾਨਵਰ ਜਾਂ ਰੋਬੋਟ ਬਣਦਾ ਜਾ ਰਿਹਾ ਹੈ। ਇਸੇ ਕਾਰਨ ਅਸੀਂ ਹਰ ਇੱਕ ਵਿਅਕਤੀ ਨੂੰ ਰੁੱਝਿਆ ਹੋਇਆ ਵੇਖ ਰਹੇ ਹਾਂ। ਹਰ ਕੋਈ ਖਿਝਿਆ ਵਿਖਾਈ ਦੇ ਰਿਹਾ ਹੈ। ਕੋਈ ਵੀ ਇਸ ਦੌੜ ਵਿੱਚ ਪਿੱਛੇ ਨਹੀਂ ਰਹਿਣਾ ਚਾਹੁੰਦਾ। ਇੱਥੋਂ ਤੱਕ ਕਿ ਸਾਡੇ ਆਪਸੀ ਸਬੰਧ, ਰਿਸ਼ਤੇਦਾਰੀਆਂ ਤੇ ਪਿਆਰ-ਵਿਹਾਰ ਦਾ ਸਾਰਾ ਤਾਣਾ-ਪੇਟਾ ਉਲਝਿਆ ਹੋਇਆ ਵਿਖਾਈ ਦੇ ਰਿਹਾ ਹੈ। ਭਲਾ ਦੌੜ ਰਿਹਾ ਵਿਅਕਤੀ ਕਿਸੇ ਦੂਜੇ ਸਹਿਜ-ਭਾਅ ਤੁਰ ਰਹੇ ਵਿਅਕਤੀ ਨੂੰ ਨਮਸਕਾਰ ਕਰੇ ਤਾਂ ਕਿਵੇਂ? ਗੱਲਾਂ ਕਰਨੀਆਂ ਜਾਂ ਕੁਝ ਪਲ ਕੋਲ ਬੈਠ ਕੇ, ਦੁੱਖ-ਸੁਖ ਫੋਲਣਾ ਤਾਂ ਬਹੁਤ ਦੂਰ ਦੀ ਗੱਲ ਹੈ।
ਇਹੀ ਹਾਲ ਇੱਕ ਸਮੁੱਚੇ ਪਰਿਵਾਰ ਦੇ ਜੀਆਂ ਦਾ ਹੈ। ਹਰ ਕੋਈ ਆਪਣੇ-ਆਪਣੇ ਕੰਮ ਵਿੱਚ ਮਸ਼ਰੂਫ ਹੈ। ਇੱਕੋ ਛੱਤ ਹੇਠ ਰਹਿ ਰਹੇ ਜੀਅ ਇੱਕ-ਦੂਜੇ ਨਾਲ ਖੁੱਲ੍ਹ ਕੇ ਬੋਲ-ਚਾਲ ਨਹੀਂ ਕਰ ਸਕਦੇ। ਸਗੋਂ ਕੰਮ ਵਿੱਚ ਰੁੱਝੇ ਜੁਲਾਹੇ ਦੀ ਫਿਰਕੀ ਵਾਂਗ ਇੱਧਰ-ਉੱਧਰ ਫਿਰ ਰਹੇ ਹਨ। ਜਦਕਿ ਜੀਵਨ ਦਾ ਰਹੱਸ ਤੇ ਖ਼ੁਸ਼ੀ ਤਾਂ ਸਹਿਜਤਾ ਵਿੱਚ ਲੁਕੀ ਹੋਈ ਹੈ। ਜੇਕਰ ਇੱਕ ਪੜ੍ਹਨ ਵਾਲਾ ਲੜਕਾ ਜਾਂ ਲੜਕੀ ਘਰ ਆ ਕੇ ਆਪਣੀ ਮਾਂ ਨਾਲ ਪੂਰੀ ਖੁੱਲ੍ਹ-ਦਿਲੀ ਨਾਲ ਗੱਲਾਂ ਨਹੀਂ ਕਰਦੀ ਤਾਂ ਮਾਂ ਦਾ ਦਿਲ ਕਿਵੇਂ ਖ਼ੁਸ਼ ਰਹਿ ਸਕਦਾ ਹੈ। ਅੱਕੀ-ਥੱਕੀ ਮਾਂ ਵੀ ਆਪਣੇ ਪੜ੍ਹੇ-ਲਿਖੇ ਧੀਆਂ-ਪੁੱਤਰਾਂ ਵੱਲ ਵੇਖਦੀ ਰਹਿ ਜਾਂਦੀ ਹੈ, ਪਰ ਕਹਿ ਕੁਝ ਨਹੀਂ ਸਕਦੀ। ਜੇ ਕਹਿੰਦੀ ਵੀ ਹੈ ਤਾਂ ਪੂਰਾ ਤਸੱਲੀਬਖ਼ਸ਼ ਉੱਤਰ ਨਹੀਂ ਮਿਲਦਾ। ਸੋ ਅਜਿਹੀ ਸਥਿਤੀ ਵਿੱਚ ਪੜ੍ਹੇ-ਲਿਖੇ ਲੜਕੇ ਜਾਂ ਲੜਕੀ ਦਾ ਅਸਲ ਫ਼ਰਜ਼ ਇਹ ਹੈ ਕਿ ਮਾਂ ਨਾਲ ਬੈਠ ਕੇ ਅੱਧਾ ਘੰਟਾ ਪਿਆਰ ਨਾਲ ਦਿਲੋਂ ਗੱਲਾਂ ਕੀਤੀਆਂ ਜਾਣ। ਉਸ ਨੂੰ ਆਪਣੇ ਸਾਰੇ ਰੁਝੇਵਿਆਂ ਤੇ ਅਕੇਵਿਆਂ ਤੋਂ ਜਾਣੂ ਕਰਵਾਇਆ ਜਾਵੇ। ਨਹੀਂ ਤਾਂ ਲਗਾਤਾਰ ਚੁੱਪ ਸਥਿਤੀ ਵਿੱਚ ਰਹਿਣ ਕਾਰਨ ਉਨ੍ਹਾਂ ਵਿੱਚ ਦੂਰੀ ਵਧ ਜਾਵੇਗੀ ਤੇ ਓਪਰਾ-ਪਣ ਪੈਦਾ ਹੋ ਜਾਵੇਗਾ। ਲਗਾਤਾਰ ਚੁੱਪ ਦੀ ਸਥਿਤੀ ਵਿੱਚ ਰਹਿਣ ਕਾਰਨ ਦੂਰੀ ਵਧ ਜਾਵੇਗੀ। ਇਸ ਦੇ ਉਲਟ ਗੱਲਾਂ ਕਰਨ ਨਾਲ ਸਾਂਝ ਵਧੇਗੀ। ਮਾਂ ਜਾਂ ਧੀ ਜਾਂ ਮਾਂ ਤੇ ਪੁੱਤਰ ਦੋਹਾਂ ਦਾ ਦਿਲ, ਸਨੇਹ ਤੇ ਪਿਆਰ ਦੀ ਪੂਰਤੀ ਨਾਲ ਰੱਜ ਜਾਵੇਗਾ। ਇਨਸਾਨ ਇਕੱਲਾ ਰੋਟੀ ’ਤੇ ਜਿਊਂਦਾ ਨਹੀਂ ਰਹਿ ਸਕਦਾ। ਉਸ ਨੂੰ ਪਿਆਰ ਤੇ ਸੱਚੇ ਵਿਹਾਰ ਦੀ ਅੰਦਰਲੀ ਭੁੱਖ ਹੁੰਦੀ ਹੈ। ਇਹ ਭੁੱਖ ਤਦ ਹੀ ਪੂਰੀ ਕੀਤੀ ਜਾ ਸਕਦੀ ਹੈ ਜੇ ਰੱਜ ਕੇ ਗੱਲਾਂ ਕੀਤੀਆਂ ਜਾਣ। ਮਨ ਫੋਲਿਆ ਜਾਵੇ। ਐਵੇਂ ਕਿਵੇਂ ਦੀਆਂ ਪਈਆਂ ਮਨਾਂ ਦੀਆਂ ਗੁੰਝਲਾਂ ਖੋਲ੍ਹੀਆਂ ਜਾਣ। ਜੇਕਰ ਦੁਬਿਧਾ ਵਾਲੀ ਗੱਲ ਹੋਵੇ ਤਾਂ ਉਸ ਨੂੰ ਵਿਵੇਕ-ਬੁੱਧੀ ਤੋਂ ਕੰਮ ਲੈ ਕੇ ਹੱਲ ਕੀਤਾ ਜਾ ਸਕਦਾ ਹੈ।
ਕਈ ਵਾਰ ਵਧੇਰੇ ਸਮਾਂ ਨਾ ਮਿਲਣ ਕਾਰਨ ਅਸੀਂ ਜਾਂਦੇ ਜਾਂਦੇ ਵੀ ਇੱਕ ਦੂਜੇ ਨਾਲ ਮੁਸਕਰਾਹਟਾਂ ਸਾਂਝੀਆਂ ਕਰ ਸਕਦੇ ਹਾਂ। ਇੰਜ ਘਰ ਦੇ ਜੀਆਂ ਨੂੰ ਖਿੜੇ-ਮੱਥੇ ਵੇਖ ਕੇ ਮਨ ਹੋਰ ਦਾ ਹੋਰ ਹੋ ਜਾਂਦਾ ਹੈ। ਇਹ ਖੇੜਾ ਸਾਡੀ ਅੰਦਰਲੀ ਸਾਂਝ ਵਿੱਚੋਂ ਪੈਦਾ ਹੋਣਾ ਚਾਹੀਦਾ ਹੈ। ਫਿਰ ਕੋਈ ਕਾਰਨ ਨਹੀਂ ਕਿ ਅਸੀਂ ਖ਼ੁਸ਼ ਨਾ ਹੋ ਸਕੀਏ। ਇੰਜ ਹੀ ਜਾਂਦੇ ਜਾਂਦੇ ਇੱਕ ਪੁੱਤਰ ਜੇ ਮਾਂ ਨੂੰ ਏਨਾ ਹੀ ਕਹਿ ਜਾਵੇ ਕਿ ‘‘ਮਾਂ, ਮੈਂ ਪੜ੍ਹਨ ਚੱਲਿਆ ਹਾਂ।’’ ਇਹ ਬੋਲ ਸੁਣ ਕੇ ਮਾਂ ਦਾ ਦਿਲ ਠਰ ਜਾਵੇਗਾ। ਉਹ ਪੁੱਤਰ ਤੋਂ ਵਾਰੇ ਵਾਰੇ ਜਾਵੇਗੀ। ਭਾਵੇਂ ਸਾਰੀਆਂ ਭਾਵਨਾਵਾਂ ਠੀਕ ਹੀ ਹੋਣ, ਪਰ ਮੂੰਹੋਂ ਨਿਕਲੇ ਦੋ-ਚਾਰ ਸ਼ਬਦ ਸਾਨੂੰ ਇੱਕ-ਦੂਜੇ ਦੇ ਨੇੜੇ ਲੈ ਆਉਣਗੇ। ਕਈ ਵਾਰ ਖੇਡਣ ਚੱਲਿਆ ਲੜਕਾ ਵੀ ਕਹਿ ਸਕਦਾ ਹੈ, ‘‘ਮਾਂ, ਮੈਂ ਇੱਕ ਘੰਟੇ ਲਈ ਖੇਡਣ ਚੱਲਿਆ ਹਾਂ।’’ ਬਸ ਏਨੇ ਨਾਲ ਹੀ ਮਾਂ ਬਾਗੋ-ਬਾਗ ਹੋ ਜਾਵੇਗੀ। ਇੱਕ ਘੰਟਾ ਬੀਤਣ ਤੋਂ ਬਾਅਦ ਆਪਣੇ ਪੁੱਤਰ ਨੂੰ ਉਡੀਕਣ ਲੱਗ ਪਵੇਗੀ।
ਪੁਰਾਣੇ ਸਮਿਆਂ ਵਿੱਚ ਬੋਲ-ਚਾਲ ਦਾ ਅਸ਼ੀਰਵਾਦ ਬੜਾ ਪ੍ਰਚੱਲਤ ਸੀ। ਹਰ ਮਾਂ ਆਪਣੇ ਪੁੱਤਰ ਦੇ ਸਿਰ ’ਤੇ ਹੱਥ ਰੱਖ ਕੇ ਅਸੀਸਾਂ ਦਿੰਦੀ ਸੀ। ਉਨ੍ਹਾਂ ਸਮਿਆਂ ਵਿੱਚ ਇੱਕ ਹੋਰ ਨੇੜਤਾ ਵਾਲੀ ਗੱਲ ਇਹ ਸੀ ਕਿ ਵੀਹੀ ਜਾਂ ਗਲੀ ਵਿੱਚੋਂ ਲੰਘਦਿਆਂ ਹਰ ਕੋਈ ਇੱਕ ਦੂਜੇ ਨੂੰ ਬੁਲਾ ਕੇ ਹੀ ਲੰਘਦਾ ਸੀ। ਇੰਜ ਬੋਲ-ਬੁਲਾਰੇ ਨਾਲ ਮਾਨਸਿਕ ਗੰਢਾਂ ਨਹੀਂ ਸਨ ਬੱਝਦੀਆਂ। ਪੰਜ ਜਾਂ ਚਾਰ ਕਹੇ ਸ਼ਬਦ ਇੱਕ ਦੂਜੇ ਨੂੰ ਨੇੜੇ ਲੈ ਆਉਂਦੇ ਸਨ। ਸੋ ਅਜੇ ਵੀ ਸਮਾਂ ਹੈ ਕਿ ਅਸੀਂ ਲੰਘਦੇ-ਲੰਘਦੇ ਜਾਣਕਾਰਾਂ ਨਾਲ ਦੋ ਬੋਲ ਸਾਂਝੇ ਕਰੀਏ। ਜਾਸੂਸਾਂ ਵਾਂਗ ਉਨ੍ਹਾਂ ਦੇ ਕੋਲੋਂ ਦੀ ਨਾ ਲੰਘੀਏ। ਦਿਲੀ ਭਾਵਨਾ ਨਾਲ ਕੱਢੇ ਬੋਲ ਜ਼ਰੂਰ ਹੀ ਸਾਨੂੰ ਇੱਕ ਦੂਜੇ ਦੇ ਨੇੜੇ ਲੈ ਆਉਣਗੇ। ਅਸੀਂ ਇੱਕ ਦੂਜੇ ਦੀਆਂ ਗੱਲਾਂ ਸੁਣ ਕੇ ਇੱਕ ਬਗੀਚੇ ਵਿੱਚ ਖਿੜੇ ਹੋਏ ਫੁੱਲਾਂ ਵਾਂਗ ਇੱਕ ਦੂਜੇ ਨਾਲ ਖ਼ੁਸ਼ੀਆਂ ਸਾਂਝੀਆਂ ਕਰਨ ਦੇ ਜ਼ਰੂਰ ਸਮਰੱਥ ਹੋ ਸਕਾਂਗੇ।
ਸੰਪਰਕ: 97818-05861