ਚੱਲ ਮੇਲੇ ਚੱਲੀਏ...
ਮੇਲਾ ਮੇਲੀਆਂ ਦਾ, ਯਾਰਾਂ ਬੇਲੀਆਂ ਦਾ। ਮੇਲਾ ਰੂਹਾਂ ਦਾ ਮਿਲਾਪ ਹੁੰਦੈ...ਖ਼ੁਸ਼ੀਆਂ ਦਾ ਅਖਾੜਾ। ਚਿਰੋਕੇ ਵਿੱਛੜੇ ਸੱਜਣਾਂ ਨੂੰ ਮਿਲਣ ਦਾ ਚਾਅ ਠਾਠਾਂ ਮਾਰਦੈ। ਮਨ ਦੀਆਂ ਵਾਛਾਂ ਖਿੜਨ ਦਾ ਸੁਨੇਹੜਾ। ਦਿਲਾਂ ਦੇ ਲੁੱਡੀਆਂ ਪਾਉਣ ਦਾ ਵਰਤਾਰਾ। ਅਕੇਵੇਂ ਦਾ ਥਕੇਵਾਂ ਲਾਹੁਣ ਵਾਲਾ ਸੁਭਾਗਾ ਸਮਾਂ। ਫੁਰਸਤ ਦੇ ਪਲਾਂ ਦੀ ਮੌਜ ਮਸਤੀ। ਕਹਿੰਦੇ ਨੇ, ਪੰਜਾਬੀਆਂ ਦੇ ਸੁਭਾਅ ਵਿੱਚ ‘ਮੇਲਾ’ ਡੂੰਘਾ ਵੱਸਦੈ। ਪ੍ਰਾਹੁਣਚਾਰੀ ਸਾਡੀ ਵਿਰਾਸਤ ਰਹੀ ਐ। ਘਰ ਜਦੋਂ ਚਾਰ ਪ੍ਰਾਹੁਣੇ ਆ ਜਾਣ, ਤਾਂ ਦਿਲ ਦੇ ਅਰਮਾਨ ਨਸ਼ਿਆ ਜਾਂਦੇ ਨੇ ਅਤੇ ਮੇਲਾ ਖ਼ੁਦ-ਬ-ਖ਼ੁਦ ਸਿਰਜਿਆ ਜਾਂਦੈ।
ਲੋਕ ਧਾਰਾ ਦਾ ਵਗਦਾ ਦਰਿਆ ਡਾ. ਵਣਜਾਰਾ ਬੇਦੀ ਲਿਖਦੈ, “ਮੇਲੇ ਕਿਸੇ ਜਾਤੀ ਦੇ ਲੋਕਾਂ ਦੀਆਂ ਨਿੱਜੀ ਤੇ ਸਮੂਹਿਕ ਸੱਧਰਾਂ, ਭਾਵਨਾਵਾਂ ਤੇ ਚੇਸ਼ਟਾਵਾਂ ਦੀ ਸਹਿਜ ਪ੍ਰਵਾਹਮਈ ਇੱਕਸੁਰਤਾ ਹਨ। ਮੇਲਿਆਂ ਵਿੱਚ ਜਾਤੀ ਖੁੱਲ੍ਹ ਕੇ ਸਾਹ ਲੈਂਦੀ, ਲੋਕ ਪ੍ਰਤਿਭਾ ਨਿੱਖਰਦੀ ਤੇ ਚਰਿੱਤਰ ਦਾ ਨਿਰਮਾਣ ਹੁੰਦਾ ਹੈ।” ਮੁਸ਼ੱਕਤਾਂ ਨਾਲ ਪਾਲੀ ਸੋਨ-ਰੰਗੀ ਕਣਕ ਨੂੰ ਵੇਚ ਕੇ ਜਦ ਜੱਟ ਵਿਸਾਖੀ ਦਾ ਮੇਲਾ ਦੇਖਣ ਜਾਂਦੈ, ਤਾਂ ਮਨ ਉੱਡਜੂੰ ਉੱਡਜੂੰ ਕਰਦੈ। ਮੋਢਿਆਂ ਤੋਂ ਮਣਾਂ ਮੂੰਹੀਂ ਭਾਰ ਉਤਰਿਆ ਹੁੰਦਾ। ਧਰਤੀ ’ਤੇ ਪੈਰ ਨਹੀਂ ਲੱਗਦੇ। ਸਿਰਮੌਰ ਸ਼ਾਇਰ ਧਨੀ ਰਾਮ ਚਾਤ੍ਰਿਕ ਨੇ ਇਹ ਖ਼ੁਸ਼ੀ ਸਾਂਝੀ ਕੀਤੀ ਐ;
ਤੂੜੀ ਤੰਦ ਸਾਂਭ ਹਾੜ੍ਹੀ ਵੇਚ ਵੱਟ ਕੇ
ਲੰਬੜਾਂ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ
ਕੱਛੇ ਮਾਰ ਵੰਝਲੀ ਅਨੰਦ ਛਾ ਗਿਆ
ਮਾਰਦਾ ਦਮਾਮੇ ਜੱਟ ਮੇਲੇ ਆ ਗਿਆ।
ਗਲੋਂ ਲਹੀ ਪੰਜਾਲੀ ਵਾਲਾ ਮਾਹੌਲ ਸਿਰਜਿਆ ਜਾਂਦੈ। ਮੇਲਾ ਚੜ੍ਹਦੀ ਕਲਾ ਦਾ ਪ੍ਰਤੀਕ ਆ। ਮਨ ਖ਼ੁਸ਼ ਹੋਵੇ, ਮੇਲਾ ਤਾਂ ਹੀ ਸੋਂਹਦਾ। ਅੰਦਰਲੇ ਹਾਵ-ਭਾਵ ਤੁਣਕੇ ਮਾਰਨ ਲੱਗਦੇ ਨੇ। ਰੰਗ ਬਿਰੰਗੇ ਲੋਕ ਦੇਖ ਕੇ ਜ਼ਿੰਦਗੀ ਫਿਰ ਤੋਂ ਸਤਰੰਗੀ ਪੀਂਘ ਜਾਪਦੀ ਐ। ਦਿਲ ਉਦਾਸ ਹੋਵੇ, ਕੋਈ ਦਿਲ ਦੀ ਗੱਲ ਸਾਂਝੀ ਕਰਨ ਵਾਲਾ ਨਾ ਹੋਵੇ, ਤਾਂ ਭਰਿਆ ਮੇਲਾ ਵੀ ਉਜਾੜ ਲੱਗਦੈ। ਆਮ ਕਥਨ ਐ ਕਿ ਪੰਜਾਬੀ ਤਾਂ ਆਏ ਹੀ ਦੁਨੀਆ ’ਤੇ ਮੇਲਾ ਦੇਖਣ ਨੇ।
ਗੱਭਰੂਆਂ ਤੇ ਮੁਟਿਆਰਾਂ ਲਈ ਤਾਂ ਮੇਲਾ ਮਿਕਨਾਤੀਸੀ ਖਿੱਚ ਰੱਖਦੈ...ਸੱਤਾਂ ਰੰਗਾਂ ਦਾ ਸੰਗਮ। ਕੌਲ ਕਰਾਰ ਪੂਰੇ ਕਰਨ ਦਾ ਸਬੱਬ ਬਣਦੈ। ਜਦ ਸਰੂ ਵਰਗੇ ਗੋਰੇ ਨਿਛੋਹ ਚੋਬਰ, ਯਾਰਾਂ ਦੀ ਢਾਣੀ ਨਾਲ ਬੋਤਿਆਂ ਦੇ ਗਲ ਘੁੰਗਰੂ ਤੇ ਗੋਡਿਆਂ ਨਾਲ ਝਾਂਜਰਾਂ ਸਜਾ ਕੇ ਤੁਰਦੇ ਨੇ, ਤਾਂ ਸ੍ਰਿਸ਼ਟੀ ਨਸ਼ਿਆ ਜਾਂਦੀ ਹੈ। ਟੱਲੀਆਂ ਖੜਕਾਉਂਦੀਆਂ ਬਲਦਾਂ ਦੀਆਂ ਜੋੜੀਆਂ ਅਤੇ ਹਵਾ ਨਾਲ ਗੱਲਾਂ ਕਰਦੇ ਲਿਸ਼-ਲਿਸ਼ ਕਰਦੇ ਘੋੜਿਆਂ ਦੀਆਂ ਟਾਪਾਂ ਸਮਾਂ ਰੋਕ ਦਿੰਦੀਆਂ ਨੇ। ਤਕੜਾ ਜੁੱਸਾ, ਮਾਵੇ ਵਾਲੀ ਪੱਗ ਦਾ ਫ਼ਰਲਾ, ਅੱਖਾਂ ’ਚ ਸੁਰਮਾ, ਤਿੱਲੇ ਵਾਲੀ ਜੁੱਤੀ, ਕੋਕਿਆਂ ਜੜੀ ਡਾਂਗ ਤੇ ਧੂਹਵੇਂ ਚਾਦਰੇ ਨਾਲ ਜਦੋਂ ਮੇਲੀ ਮੇਲਾ ਵਲਦੇ ਨੇ, ਤਾਂ ਕਾਇਨਾਤ ਵੀ ਇਨ੍ਹਾਂ ’ਤੇ ਰਸ਼ਕ ਕਰਦੀ ਐ;
ਨਾਂ ਲਿਖ ਲਿਆ ਚੰਦ ਕੁਰੇ ਤੇਰਾ
ਸੰਮਾਂ ਵਾਲੀ ਡਾਂਗ ਦੇ ਉੱਤੇ।
ਇਸ ਤਰ੍ਹਾਂ ਦੇ ਸਿਰਜੇ ਮਾਹੌਲ ਵਿੱਚ ਪੰਜਾਬਣ ਕਿਹੜਾ ਘੱਟ ਅਖਵਾਉਂਦੀ ਐ? ਪਟਿਆਲਾ ਸ਼ਾਹੀ ਸੂਟ, ਗੁੰਦਵੇਂ ਸੱਗੀ ਫੁੱਲ, ਪੈਰੀਂ ਝਾਂਜਰਾਂ, ਕੰਨੀਂ ਲੋਟਣ ਤੇ ਉੱਤੇ ਫੁਲਕਾਰੀ ਲੈ ਕੇ ਤੁਰਦੀ ਆ, ਤਾਂ ਮੇਲੇ ਦੀ ਮਰ੍ਹੈਲਣ ਲੱਗਦੀ ਐ। ਜਿੱਧਰੋਂ ਵੀ ਲੰਘਦੀਆਂ ਨੇ, ਸੋਹਣੀਆਂ ਸੁਨੱਖੀਆਂ ਰੂਹਾਂ ਪੱਟ ਦੂੰ-ਪੱਟ ਦੂੰ ਕਰਦੀਆਂ ਨੇ। ਗੱਭਰੂਆਂ ਦੇ ਸਾਹ ਰੁਕ ਜਾਂਦੇ ਨੇ। ਗੀਤਕਾਰ ਨੰਦ ਲਾਲ ਨੂਰਪੂਰੀ ਬਾਖੂਬੀ ਬਿਆਨ ਕਰਦੈ;
ਚੰਨ ਵੇ! ਕਿ ਸ਼ੌਂਕਣ ਮੇਲੇ ਦੀ
ਪੈਰ ਧੋ ਕੇ ਝਾਂਜਰਾਂ ਪਾਉਂਦੀ, ਮੇਲ੍ਹਦੀ ਆਉਂਦੀ
ਕਿ ਸ਼ੌਂਕਣ ਮੇਲੇ ਦੀ...
ਪੁਰਾਤਨ ਸਮਿਆਂ ਵਿੱਚ ਮੇਲੇ ’ਤੇ ਜਾਣ ਦੀ ਤਿਆਰੀ ਖਿੱਚਦੇ ਲੋਕੀਂ ਕਈ ਕਈ ਦਿਨ ਪਹਿਲਾਂ ਬਾਕੀ ਦੇ ਝਮੇਲੇ ਨਿਪਟਾ ਲੈਂਦੇ। ਖੜ-ਖੜ ਕਰਦੇ ਨਵੇਂ ਕੁੜਤੇ ਚਾਦਰੇ ਸਿਲਵਾਉਣੇ। ਮੇਲੇ ਵਾਲੇ ਪਿੰਡ ਘਰ ਆਏ ਪ੍ਰਾਹੁਣਿਆਂ ਨਾਲ ਖਚਾ ਖਚ ਭਰੇ ਹੁੰਦੇ। ਇਸ ਤਰ੍ਹਾਂ ਲੱਗਦਾ ਕਿ ਕੋਈ ਪਲ ਅਣਮਾਣਿਆ ਨਾ ਰਹਿ ਜਾਵੇ। ਪੈਦਲ ਜਾਂ ਸਾਈਕਲਾਂ ਵਾਲੇ ਸਾਰੇ ਰਾਹ ਮੇਲੇ ਨੂੰ ਜਾਂਦੇ ਲੱਗਦੇ। ਅੱਠ ਦਸ ਕੋਹ ਵਾਟ ਜਿਵੇਂ ਪੈਰੀਂ ਲੱਗੀ ਹੋਵੇ। ਭਾਦੋਂ ਦੀ ਚੌਦੇਂ ਸੁਦੀ ਨੂੰ ਲੱਗਣ ਵਾਲਾ ਛਪਾਰ ਦਾ ਮੇਲਾ ਤਾਂ ਜਿਵੇਂ ਪੰਜਾਬੀਆਂ ਦਾ ਮੱਕਾ ਹੁੰਦੈ;
ਆਰੀ, ਆਰੀ, ਆਰੀ
ਮੇਲਾ ਤਾਂ ਛਪਾਰ ਲੱਗਦਾ
ਜਿਹੜਾ ਲੱਗਦਾ ਜਗਤ ਤੋਂ ਭਾਰੀ।
ਗੁੱਗਾ ਮਾੜੀ ’ਤੇ ਹਰ ਸਾਲ ਸਜਦਾ ਇਹ ਬੇਸ਼ੁਮਾਰ ਇਕੱਠ ਧਾਰਮਿਕ, ਸੱਭਿਆਚਾਰਕ ਅਤੇ ਰਾਜਨੀਤਕ ਸਮਾਗਮਾਂ ਦਾ ਸੰਗਮ ਹੁੰਦੈ। ਉੱਚੇ ਉੱਚੇ ਝੂਟੇ ਅਤੇ ਚੰਡੋਲ ਮੀਲਾਂ ਤੋਂ ਪ੍ਰੇਮੀਆਂ ਦਾ ਮਨ ਮੋਹ ਲੈਂਦੇ ਨੇ ਅਤੇ ਅਸਮਾਨ ਵੱਲ ਨੂੰ ਜਾਂਦੀਆਂ ਕੁਰਸੀਆਂ ਹੋਰ ਉੱਚਾ ਉੱਡਣ ਲਈ ਇਸ਼ਾਰੇ ਕਰਦੀਆਂ ਹੋਣ। ਪਕੌੜੇ, ਜਲੇਬੀਆਂ ਅਤੇ ਖਜਲੇ ਵਾਲੇ ਫੁੱਲ ਟੋਨ ਵਿੱਚ ਗਾਹਕਾਂ ਨੂੰ ਭਰਮਾਉਂਦੇ ਨੇ। ਮੌਤ ਦਾ ਖੂਹ, ਸਰਕਸ, ਮੋਘਿਆਂ ਵਿੱਚੋਂ ਦਿਸਦੀ ਚੱਲਦੀ ਫਿਰਦੀ ਫਿਲਮ ਦਰਸ਼ਕਾਂ ਦੇ ਸਾਹ ਸੂਤ ਲੈਂਦੇ ਨੇ। ਭਲਵਾਨਾਂ ਦੀ ਛਿੰਝ, ਬੋਰੀ ਚੁੱਕਣ ਦੀ ਝੰਡੀ, ਮੁਗਦਰ ਦਾ ਬਾਲਾ ਕੱਢਣਾ, ਚੋਬਰਾਂ ਦੇ ਤਕੜੇ ਜੁੱਸਿਆਂ ਦਾ ਇਮਤਿਹਾਨ ਲੈਂਦੇ ਨੇ। ਵੜੇਵੇਂ ਖਾਣੀ ਦਾ ਪਤਾ ਲੱਗਦੈ। ਸਿਆਲਾਂ ਦੇ ਦੇਸੀ ਘਿਉ ਪਾ ਕੇ ਖਾਧੇ ਸਾਗ ਅਤੇ ਖੋਏ ਦੀਆਂ ਪਿੰਨੀਆਂ ਦਾ ਅਸਰ ਅਖਾੜੇ ’ਚ ਆ ਕੇ ਪਰਖਿਆ ਜਾਂਦੈ। ਰਾਜਨੀਤਕ ਲੀਡਰ ਲੋਕਾਂ ਨੂੰ ਮੂਰਖ ਬਣਾਉਣ ਲਈ ਵੱਡੀਆਂ ਕਾਨਫਰੰਸਾਂ ਕਰਦੇ ਨੇ। ਆਥਣ ਹੁੰਦੇ ਹੁੰਦੇ ਔਰਤਾਂ ਦੀ ਗਿਣਤੀ ਘੱਟ ਜਾਂਦੀ ਐ, ਪਰ ਫ਼ੁਰਤੀਲੇ ਗੱਭਰੂ ਚੰਨ-ਚਾਨਣੀ ਰਾਤ ਦੀ ਇੰਤਜ਼ਾਰ ਕਰਨ ਲੱਗਦੇ ਨੇ ਜਦੋਂ ਗਮੰਤਰੀਆਂ ਨੇ ਪਿੜ ਬੰਨ੍ਹਣਾ ਹੁੰਦੈ। ਟਿੱਬਿਆਂ ਦਾ ਰੇਤਾ, ਰਾਤ ਦੇ ਚਾਨਣ ਵਿੱਚ ਸੋਨੇ ਰੰਗੀ ਭਾਹ ਮਾਰਦੈ ਅਤੇ ਮਿੱਠੀ ਮਿੱਠੀ ਠੰਢ ਤਨ ਮਨ ਠਾਰ ਦਿੰਦੀ ਐ।
ਤੂੰਬੇ, ਢੱਡ ਅਤੇ ਅਲਗ਼ੋਜ਼ਿਆਂ ਦੇ ਸੰਗਮ ਨਾਲ ਫ਼ਜ਼ਲਦੀਨ ਲੋਹਟਬੱਦੀ ਸੁਰਾਂ ਛੇੜਦਾ, ਤਾਂ ਸਮਾਂ ਰੁਕ ਜਾਂਦਾ। ਪੂਰਨ ਭਗਤ ਦਾ ਕਿੱਸਾ ਸੁਣਦੇ ਸਰੋਤੇ ਜਿਵੇਂ ਰਾਣੀ ਇੱਛਰਾਂ ਦੇ ਹੰਝੂਆਂ ਦਾ ਨਮ ਅੱਖਾਂ ਨਾਲ ਸਾਥ ਦੇ ਰਹੇ ਹੋਣ;
ਰਾਣੀ ਇੱਛਰਾਂ ਧਾਹਾਂ ਮਾਰੀਆਂ
ਰਾਜਾ ਇਹ ਨਾ ਜ਼ੁਲਮ ਕਮਾ....
ਕੌਲਾਂ ਭਗਤਣੀ, ਹੀਰ ਤੇ ਮਿਰਜ਼ਾ ਡੂੰਘੇ ਸੱਲ ਛੱਡ ਜਾਂਦੇ। ਗੱਭਰੂਆਂ ਦੇ ਹੱਥ ਮੱਲੋ-ਮੱਲੀ ਜੇਬਾਂ ਵੱਲ ਚਲੇ ਜਾਂਦੇ, ਕਲਾ ਦਾ ਮੁੱਲ ਪਾਉਣ ਲਈ। ਅਗਲੀ ਹੇਕ ਗੂੰਜਦੀ;
ਹੁਸਨ, ਜਵਾਨੀ, ਮਾਪੇ ਨਾ ਮੁੱਲ ਵਿਕਣ ਦੁਕਾਨਾਂ ’ਤੇ....
ਮਲਵਈ ਬਾਬਿਆਂ ਦਾ ਗਿੱਧਾ ਤੇ ਬੋਲੀਆਂ ਸਿੱਧਾ ਦਿਲਾਂ ’ਤੇ ਵਾਰ ਕਰਦਾ ਅਤੇ ਹਵਾ ਪਿਆਜ਼ੀ ਹੋਏ ਗਭਰੇਟਾਂ ਨੂੰ ਮੁੜ ਮੁੜ ਆਪਣੀਆਂ ਮਹਿਬੂਬਾਂ ਦੇ ਝੌਲ਼ੇ ਪੈਣ ਲੱਗ ਪੈਂਦੇ। ਤਾਰਿਆਂ ਦੀ ਝਿੜੀ, ਸਵੇਰਾ ਹੋਣ ਦਾ ਸੁਨੇਹਾ ਦੇ ਦਿੰਦੀ।
ਇਸੇ ਤਰ੍ਹਾਂ ਜਰਗ ਦਾ ਮੇਲਾ ਵੀ ਪੰਜਾਬੀਆਂ ਦੇ ਮਨਾਂ ਵਿੱਚ ਵੱਸਦੈ। ਚੇਤ ਮਹੀਨੇ ਦੇ ਪਹਿਲੇ ਮੰਗਲਵਾਰ ਸ਼ੀਤਲਾ ਮਾਤਾ ਨੂੰ ਪੂਜਣ ਹਿਤ ਲੱਗਦੈ। ਗੁਲਗੁਲਿਆਂ ਦਾ ਪ੍ਰਸ਼ਾਦ ਵਿਰਸਾ ਚੇਤੇ ਕਰਾਉਂਦੈ, ਜਦੋਂ ਸਾਉਣ ਮਹੀਨੇ ਗੁਲਗੁਲੇ ਮੱਠੀਆਂ ਪੇਂਡੂ ਘਰਾਂ ਦਾ ਸ਼ਿੰਗਾਰ ਬਣਦੇ ਨੇ। ਲੋਕ-ਬੋਲੀਆਂ ਹੁੰਗਾਰਾ ਭਰਦੀਆਂ ਨੇ;
ਚੱਲ ਚੱਲੀਏ ਜਰਗ ਦੇ ਮੇਲੇ, ਮੁੰਡਾ ਤੇਰਾ ਮੈਂ ਚੱਕ ਲੂੰ...
ਜੇਹੀ ਤੇਰੀ ਤੋਰ ਦੇਖ ਲੀ
ਜੇਹਾ ਦੇਖਿਆ ਜਰਗ ਦਾ ਮੇਲਾ...
ਜਗਰਾਵਾਂ ਦੀ ਰੌਸ਼ਨੀ ਤੋਂ ਬਿਨਾਂ ਵੀ ਮੇਲੇ ਅਧੂਰੇ ਨੇ। ਪ੍ਰਸਿੱਧ ਸੂਫ਼ੀ ਫਕੀਰ ਅਬਦੁਲ ਕਾਦਰ ਜਿਲਾਨੀ ਦੀ ਯਾਦ ਵਿੱਚ ਚੌਦਾਂ ਤੋਂ ਸੋਲਾਂ ਫੱਗਣ ਤੱਕ ਚਿਰਾਗ਼ਾਂ ਦੀ ਰੌਸ਼ਨੀ ਵਿੱਚ ਕੱਵਾਲ ਖ਼ੂਬ ਰੰਗ ਬੰਨ੍ਹਦੇ ਨੇ। ਕਈਆਂ ਸੁੱਖਣਾ ਲਾਹੁਣੀ ਹੁੰਦੀ ਐ ਤੇ ਕਈਆਂ ਸੁੱਖਣੀ ਹੁੰਦੀ ਆ। ਗੱਲ ਕੀ, ਮੇਲਿਆਂ ’ਤੇ ਮਿਲਣ ਦੇ ਪੂਰੇ ਹੋਏ ਵਾਅਦੇ ਅਮਿੱਟ ਯਾਦਾਂ ਛੱਡ ਜਾਂਦੇ ਨੇ।
ਧਾਰਮਿਕ ਅਤੇ ਸ਼ਹੀਦੀ ਜੋੜ ਮੇਲ ਵੀ ਪੰਜਾਬੀਆਂ ਨੂੰ ਆਪਣੇ ਸੂਰਮਿਆਂ ਦੀ ਗਾਥਾ ਦੁਹਰਾਉਂਦੇ ਨੇ। ਤਲਵੰਡੀ ਸਾਬੋ ਦੀ ਵਿਸਾਖੀ, ਅਨੰਦਪੁਰ ਸਾਹਿਬ ਦਾ ਹੋਲਾ, ਮੁਕਤਸਰ ਦੀ ਮਾਘੀ, ਚਮਕੌਰ ਦੀ ਗੜ੍ਹੀ ਅਤੇ ਫਤਿਹਗੜ੍ਹ ਸਾਹਿਬ ਦੇ ਅਦੁੱਤੀ ਸ਼ਹੀਦੀ ਸਾਕੇ ਆਪਣੇ ਗੌਰਵਮਈ ਇਤਿਹਾਸ ਦੇ ਸੁਨਹਿਰੀ ਪੰਨਿਆਂ ਨੂੰ ਮੁੜ ਜੀਵੰਤ ਕਰਦੇ ਨੇ। ਅਮੀਰ ਵਿਰਸੇ ਦੀਆਂ ਕੁਰਬਾਨੀਆਂ ਅੱਗੇ ਨਤਮਸਤਕ ਹੋ ਕੇ ਜੀਵ ਵਡਭਾਗਾ ਹੋਣਾ ਲੋਚਦੇ ਨੇ। ਮਾਲੇਰਕੋਟਲਾ ਵਿਖੇ ਹੈਦਰ ਸ਼ੇਖ ਦੇ ਮਕਬਰੇ ’ਤੇ ਨਿਮਾਣੀ ਇਕਾਦਸ਼ੀ ਦਾ ਮੇਲਾ ਆਪਣੀ ਵਿਲੱਖਣਤਾ ਅਤੇ ਧਾਰਮਿਕ ਸਾਂਝੀਵਾਲਤਾ ਦਾ ਸੁਨੇਹਾ ਦਿੰਦੈ। ਖਟਕੜ ਕਲਾਂ ਅਤੇ ਹੁਸੈਨੀਵਾਲਾ ਦੇ ਇਕੱਠ ਸ਼ਹਾਦਤ ਨੂੰ ਸਲਾਮ ਕਰਦੇ ਨੇ;
ਸ਼ਹੀਦੋਂ ਕੀ ਚਿਤਾਓਂ ਪਰ ਲਗੇਂਗੇ ਹਰ ਵਰਸ਼ ਮੇਲੇ
ਵਤਨ ਪੇ ਮਿਟਨੇ ਵਾਲੋਂ ਕਾ ਯਹੀ ਬਾਕੀ ਨਿਸ਼ਾਂ ਹੋਗਾ।
ਅੱਜਕੱਲ੍ਹ ਮੇਲਿਆਂ ਦਾ ਸਰੂਪ ਬਦਲ ਗਿਐ। ਭੱਜ ਦੌੜ ਦੀ ਮਸ਼ੀਨੀ ਜ਼ਿੰਦਗੀ ਨੇ ਮਿਲਣਸਾਰ ਪ੍ਰਵਾਹ ਵਿੱਚ ਖ਼ਲਲ ਜਿਹੀ ਪਾ ਦਿੱਤੀ ਐ। ਮੇਲਿਆਂ ਨੂੰ ਆਮ ਲੋਕ ‘ਧੂੜ, ਧੁੱਪ, ਧੱਕੇ’ ਸਮਝਣ ਲੱਗੇ ਨੇ। ਆਵਾਜਾਈ ਦੇ ਪੁਰਾਤਨ ਸਾਧਨਾਂ, ਲੋਕ ਸਾਜ਼ਾਂ ਅਤੇ ਰਵਾਇਤੀ ਪਹਿਰਾਵਿਆਂ ਤੋਂ ਲੋਕ ਵਾਂਢੇ ਜਾਣ ਲੱਗੇ ਨੇ। ਵੱਡੇ ਮਾਲ, ਸਿਨੇਮਾ, ਤੇਜ਼ ਤਰਾਰ ਗੱਡੀਆਂ ਅਤੇ ਤਕਨਾਲੋਜੀ ਨੇ ਮੇਲਿਆਂ ਦੀ ਅਹਿਮੀਅਤ ਘਟਾਈ ਐ। ਲੱਗਦੈ ਜਿਵੇਂ ਰੋਜ਼ ਹੀ ਮੇਲੇ ਵਿੱਚ ਵਿਚਰਦੇ ਹੋਈਏ। ਪਰ ਇਸ ਸਾਰੇ ਕਾਸੇ ਤੋਂ ਵੱਖਰਾ ਅਜੋਕੇ ਸਮਿਆਂ ਦਾ ਇੱਕ ਅਦੁੱਤੀ ਮੇਲਾ ਵੀ ਲੋਕ ਮਨਾਂ ਵਿੱਚ ਵਸਿਆ ਹੋਇਆ। ਸਮੁੱਚੀ ਲੋਕਾਈ ਨੇ ਅਜੇ ਤੱਕ ਅਜਿਹੇ ਬੇਜੋੜ ਰੰਗਾਂ ਵਾਲਾ ਮੇਲਾ ਨਹੀਂ ਸੀ ਦੇਖਿਆ, ਜਿੱਥੇ ਸਾਰੇ ਧਰਮਾਂ, ਧਰਤੀਆਂ, ਜਾਤਾਂ, ਬੋਲੀਆਂ ਦੇ ਰੰਗਾਂ ਨੇ ਮਿਲ ਕੇ ਸੱਤ ਰੰਗੀ ਇੰਦਰ-ਧਨੁਸ਼ ਬਣਾਇਆ ਸੀ। ਦਿੱਲੀ ਦੀਆਂ ਬਰੂਹਾਂ ’ਤੇ ਸਜੇ ਇਸ ਤਿਉਹਾਰ ਨੇ ਨਵੇਂ ਦਿਸਹੱਦੇ ਸਿਰਜ ਕੇ ਇਤਿਹਾਸ ਰਚਿਆ ਸੀ। ਡਾ. ਸੁਰਜੀਤ ਪਾਤਰ ਦੀ ਕਲਮ ਨੇ ਇਸ ਮੇਲੇ ਨੂੰ ਇਉਂ ਬਿਆਨਿਆਂ ਸੀ;
ਹੈ ਜਿੱਥੋਂ ਤੱਕ ਨਜ਼ਰ ਜਾਂਦੀ
ਤੇ ਜਿੱਥੋਂ ਤੱਕ ਨਹੀਂ ਜਾਂਦੀ
ਇਹਦੇ ਵਿੱਚ ਲੋਕ ਸ਼ਾਮਲ ਨੇ
ਇਹਦੇ ਵਿੱਚ ਲੋਕ
ਤੇ ਸੁਰਲੋਕ ਤੇ ਤ੍ਰੈਲੋਕ ਸ਼ਾਮਲ ਨੇ
ਇਹ ਮੇਲਾ ਹੈ...
ਇਹਦੇ ਵਿੱਚ ਧਰਤ ਸ਼ਾਮਲ
ਬਿਰਖ, ਪਾਣੀ, ਪੌਣ ਸ਼ਾਮਲ ਨੇ
ਇਹਦੇ ਵਿੱਚ ਸਾਡੇ ਹਾਸੇ, ਹੰਝੂ
ਸਾਡੇ ਗੌਣ ਸ਼ਾਮਲ ਨੇ
ਤੇ ਤੈਨੂੰ ਕੁਝ ਪਤਾ ਈ ਨਈਂ
ਇਹਦੇ ਵਿੱਚ ਕੌਣ ਸ਼ਾਮਲ ਨੇ
ਇਹ ਮੇਲਾ ਹੈ...
ਇਹ ਇੱਛਰਾਂ ਮਾਂ ਤੇ ਪੁੱਤ ਪੂਰਨ ਦੇ
ਮੁੜ ਮਿਲਣੇ ਦਾ ਵੇਲਾ ਹੈ
ਇਹ ਮੇਲਾ ਹੈ...
ਮੇਲੇ ਨੇ ਨਵਾਂ ਇਤਿਹਾਸ ਰਚਿਐ। ਜ਼ਿੰਦਗੀ ਜ਼ਿੰਦਾਬਾਦ ਹੋਈ ਐ। ਮਸ਼ਾਲਾਂ ਲਟ ਲਟ ਬਲੀਆਂ ਨੇ। ਸਰਕਾਰੀ ਤੰਤਰ ਨੂੰ ਮੇਲੇ ਡਰਾਵਣੇ ਲੱਗਣ ਲੱਗੇ ਨੇ, ਪਰ ਮੇਲੇ ਤਾਂ ਹਮੇਸ਼ਾਂ ਲੱਗਦੇ ਰਹਿਣਗੇ। ਅਕੀਦਤ ਦੇ ਮੇਲੇ.....ਸ਼ਹਾਦਤ ਦੇ ਮੇਲੇ.....ਮੁਕਤੀ ਦੇ ਮੇਲੇ…ਜੱਗ ਜਿਊਂਦਿਆਂ ਦੇ ਮੇਲੇ!
ਸੰਪਰਕ: 89684-33500