DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਹੱਸਣਾ ਜ਼ਿੰਦਗੀ ਜਿਉਣ ਦਾ ਹੁਨਰ

ਅਜੀਤ ਸਿੰਘ ਚੰਦਨ ਕੁਦਰਤ ਤੇ ਰੱਬ ਇਕਮਿਕ ਹਨ। ਇਨ੍ਹਾਂ ਨੇ ਕਦੇ ਕੋਈ ਅਡੰਬਰ ਨਹੀਂ ਰਚਿਆ। ਫਿਰ ਵੀ ਚੰਦਰਮਾ ਦੀ ਚਾਨਣੀ ਤੇ ਤਾਰਿਆਂ ਦੀ ਜੜ੍ਹਤ ਸਾਡੇ ਮਨਾਂ ਨੂੰ ਖਿੱਚ ਪਾਉਂਦੀ ਹੈ। ਸੂਰਜ ਦਾ ਭਖ਼ਦਾ ਜੋਬਨ, ਹਜ਼ਾਰਾਂ ਪ੍ਰਾਣੀਆਂ, ਪੰਛੀਆਂ ਤੇ ਇਨਸਾਨਾਂ ਲਈ...

  • fb
  • twitter
  • whatsapp
  • whatsapp
Advertisement

ਅਜੀਤ ਸਿੰਘ ਚੰਦਨ

ਕੁਦਰਤ ਤੇ ਰੱਬ ਇਕਮਿਕ ਹਨ। ਇਨ੍ਹਾਂ ਨੇ ਕਦੇ ਕੋਈ ਅਡੰਬਰ ਨਹੀਂ ਰਚਿਆ। ਫਿਰ ਵੀ ਚੰਦਰਮਾ ਦੀ ਚਾਨਣੀ ਤੇ ਤਾਰਿਆਂ ਦੀ ਜੜ੍ਹਤ ਸਾਡੇ ਮਨਾਂ ਨੂੰ ਖਿੱਚ ਪਾਉਂਦੀ ਹੈ। ਸੂਰਜ ਦਾ ਭਖ਼ਦਾ ਜੋਬਨ, ਹਜ਼ਾਰਾਂ ਪ੍ਰਾਣੀਆਂ, ਪੰਛੀਆਂ ਤੇ ਇਨਸਾਨਾਂ ਲਈ ਇੱਕ ਵੱਡਾ ਵਰਦਾਨ ਹੈ। ਜਿਸ ਤਰ੍ਹਾਂ ਕੁਦਰਤ ਸਾਦਗੀ ਨਾਲ ਵਰੋਸਾਈ ਹੈ, ਇੰਜ ਹੀ ਇਨਸਾਨ ਨੂੰ ਵੀ ਸਾਦਗੀ ਵਿੱਚ ਰਹਿ ਕੇ ਸੁਹੱਪਣ ਪੈਦਾ ਕਰਨਾ ਚਾਹੀਦਾ ਹੈ। ਇਹ ਸੁਹੱਪਣ ਤੁਹਾਡੇ ਰੰਗ-ਰੂਪ ਦਾ ਵੀ ਹੋਵੇ ਤੇ ਤੁਹਾਡੇ ਕੰਮਾਂ ਦਾ ਵੀ, ਤੁਹਾਡੀ ਕੀਰਤੀ ਦਾ ਵੀ ਹੋਵੇ ਤੇ ਤੁਹਾਡੀ ਚਿੱਤਰੀ ਤੇ ਸਿਰਜੀ ਸਿਰਜਣਾ ਦਾ ਵੀ ਹੋਵੇ।

Advertisement

ਜਿਸ ਨੇ ਜ਼ਿੰਦਗੀ ਜਿਉਣ ਦਾ ਹੁਨਰ ਨਹੀਂ ਸਿੱਖਿਆ, ਉਹ ਹਮੇਸ਼ਾਂ ਸ਼ਿਕਾਇਤਾਂ ਕਰਦਾ ਹੈ। ਸਦਾ ਤਪਿਆ ਤੇ ਖਪਿਆ ਰਹਿੰਦਾ ਹੈ। ਇੰਜ ਅਜਿਹੇ ਇਨਸਾਨ ਲਈ ਜ਼ਿੰਦਗੀ ਪਹਾੜੀ ਸਫ਼ਰ ਵਰਗੀ ਹੋ ਜਾਂਦੀ ਹੈ। ਤੁਰਦਿਆਂ-ਤੁਰਦਿਆਂ ਪੈਰਾਂ ਵਿੱਚ ਛਾਲੇ ਪੈ ਜਾਂਦੇ ਹਨ, ਪਰ ਸਫ਼ਰ ਨਹੀਂ ਮੁੱਕਦਾ। ਮੰਜ਼ਿਲ ਨਹੀਂ ਆਉਂਦੀ। ਇਸ ਲਈ ਇਹ ਜ਼ਰੂਰੀ ਹੈ ਕਿ ਇਨਸਾਨ ਜ਼ਿੰਦਗੀ ਜਿਉਣ ਦਾ ਹੁਨਰ ਜਾਣਦਾ ਹੋਵੇ। ਇਹ ਹੁਨਰ ਆਉਂਦਾ ਹੋਵੇ ਤਾਂ ਲੰਬੀਆਂ ਵਾਟਾਂ ਵੀ ਛੋਟੀਆਂ ਹੋ ਜਾਂਦੀਆਂ ਹਨ। ਔਖੇ ਪੈਂਡੇ ਵੀ ਸੌਖੇ ਬਣ ਜਾਂਦੇ ਹਨ ਤੇ ਕਈ ਵਾਰ ਜ਼ਿੰਦਗੀ ਦੀਆਂ ਮੁਸ਼ਕਲਾਂ ਵੀ ਮਨ-ਪ੍ਰਚਾਵੇ ਵਿੱਚ ਬਦਲ ਜਾਂਦੀਆਂ ਹਨ।

Advertisement

ਅਸੀਂ ਜਾਣਦੇ ਹਾਂ ਕਿ ਜਿਸ ਇਨਸਾਨ ਨੇ ਆਪਣੇ ਸਮੇਂ ਨੂੰ ਸਹੀ ਢੰਗ ਨਾਲ ਵਿਉਂਤਿਆ ਹੈ, ਉਹ ਹਮੇਸ਼ਾਂ ਤਰੱਕੀ ਕਰੇਗਾ। ਕੰਮ ਕਰਨ ਵੇਲੇ ਤਾਂ ਹਰ ਕੋਈ ਸੁਖੀ ਜਾਪਦਾ ਹੈ, ਪਰ ਵਿਹਲੇ ਵੇਲੇ ਵੀ ਅਜਿਹੇ ਹੁਨਰੀ ਬੰਦੇ ਕਈ ਅਜਿਹੇ ਸ਼ੁਗਲ ਤੇ ਕੰਮ ਵਿੱਢ ਲੈਂਦੇ ਹਨ ਜਿਨ੍ਹਾਂ ਨਾਲ ਆਮਦਨੀ ਵਿੱਚ ਵਾਧਾ ਹੋਵੇ। ਬਿਮਾਰੀ ਵੀ ਇਨਸਾਨ ਨੂੰ ਉਦੋਂ ਹੀ ਲੱਗਦੀ ਹੈ, ਜਦੋਂ ਕੋਈ ਇਨਸਾਨ ਬਿਮਾਰੀ ਬਾਰੇ ਸੋਚਦਾ ਰਹੇ। ਬਿਮਾਰੀ ਬਾਰੇ ਸੋਚ-ਸੋਚ ਕੇ ਚੰਗੀ-ਭਲੀ ਬੀਤ ਰਹੀ ਜ਼ਿੰਦਗੀ ਨੂੰ ਬਿਮਾਰੀਆਂ ਦੇ ਲੜ ਲਾ ਬੈਠੇ। ਹੁਨਰੀ ਇਨਸਾਨ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰਹੇਗਾ। ਕਦੇ ਅਜਿਹੇ ਇਨਸਾਨ ਦੇ ਮੱਥੇ ਵੱਟ ਨਹੀਂ ਪਏਗਾ। ਸਗੋਂ ਉਹ ਹਰ ਇਨਸਾਨ ਨੂੰ ਚੰਗੀ ਭਾਵਨਾ ਤੇ ਸ਼ੁਭ-ਇੱਛਾਵਾਂ ਵਰਗੀ ਨਜ਼ਰ ਨਾਲ ਤੱਕੇਗਾ, ਪਰ ਜ਼ਿੰਦਗੀ ਨੂੰ ਸਹਿਜ ਨਾਲ ਜਿਉਣ ਵਾਲੇ ਸਦਾ ਮੁਸਕਾਨਾਂ ਬਿਖੇਰਦੇ ਹਨ। ਸਵੇਰ ਵੇਲੇ ਉਨ੍ਹਾਂ ਨੂੰ ਇੰਜ ਲੱਗਦਾ ਹੈ ਕਿ ਜਿਵੇਂ ਨਵੇਂ ਦਿਨ ਦੀ ਦਸਤਕ ਨਾਲ ਉਹ ਨਵੇਂ-ਨਕੋਰ ਬਣ ਗਏ ਹੋਣ। ਅਨੇਕਾਂ ਪੰਛੀਆਂ ਦੀ ਚਹਿਚਹਾਟ ਨਾਲ ਸਵੇਰ ਦੀਆਂ ਘੰਟੀਆਂ ਹੋਰ ਵੀ ਰੰਗੀਨ ਹੋ ਜਾਂਦੀਆਂ ਹਨ। ਕਈ ਵਾਰ ਸਵੇਰ ਦੀ ਆਮਦ ਨਾਲ ਸਹਿਜ ਪਾਠ ਕਰਦਿਆਂ ਇਨਸਾਨ ਅਜਿਹੇ ਵਿਸਮਾਦ ਵਿੱਚ ਆ ਜਾਂਦਾ ਹੈ, ਜਿਵੇਂ ਰੱਬੀ ਬਰਕਤਾਂ ਉਸ ਦੀ ਝੋਲੀ ਵਿੱਚ ਸਮਾਅ ਜਾਣ ਤੇ ਇੰਜ ਨਿੱਕੇ-ਨਿੱਕੇ ਖੁਸ਼ ਹੋਣ ਦੇ ਬਹਾਨੇ ਲੱਭ ਕੇ ਉਹ ਜ਼ਿੰਦਗੀ ਨੂੰ ਤਰੋ-ਤਾਜ਼ਾ ਬਣਾਈ ਰੱਖਦਾ ਹੈ।

ਵੇਖਿਆ ਗਿਆ ਹੈ ਕਿ ਜਿਹੜੇ ਇਨਸਾਨ, ਵਿਹਲ ਨੂੰ ਵਿਹਲ ਵਾਂਗ ਗੁਜ਼ਾਰਨ ਤੇ ਕੰਮ ਵੇਲੇ ਕੰਮ ਕਰਨ, ਉਹ ਕਦੇ ਨਹੀਂ ਅੱਕਦੇ ਜਾਂ ਥੱਕਦੇ। ਅਜਿਹੇ ਇਨਸਾਨ ਮੁਸ਼ਕਲਾਂ ਦਾ ਹੱਲ ਕੱਢ ਲੈਂਦੇ ਹਨ, ਪਰ ਫਾਰਮੂਲੇ ਬਣਾ ਕੇ ਜ਼ਿੰਦਗੀ ਨੂੰ ਨਹੀਂ ਗੁਜ਼ਾਰਿਆ ਜਾ ਸਕਦਾ। ਜਿਹੜੇ ਕੇਵਲ ਲਾਭ/ਹਾਨੀ ਦੇ ਪੱਖੋਂ ਹੀ ਸੋਚਦੇ ਹਨ, ਉਹ ਜ਼ਿੰਦਗੀ ਦੀਆਂ ਬਰਕਤਾਂ ਤੋਂ ਕੋਰੇ ਰਹਿ ਜਾਂਦੇ ਹਨ। ਉਨ੍ਹਾਂ ਨੇ ਤਾਂ ਹਰ ਵੇਲੇ ਪਾਈ-ਪਾਈ ਬਾਰੇ ਸੋਚੀ ਜਾਣਾ ਹੈ। ਇੰਜ ਲੱਗਦਾ ਹੈ ਜਿਵੇਂ ਬੇ-ਥਾਹ ਧਨ ਆਉਣ ਦੇ ਨਾਲ ਉਹ ਜ਼ਿੰਦਗੀ ਜਿਉਣੀ ਭੁੱਲ ਗਏ ਹਨ।

ਹੱਸਣਾ ਜ਼ਿੰਦਗੀ ਜਿਉਣ ਦਾ ਹੁਨਰ ਹੈ। ਜਿਸ ਦੇ ਚਿਹਰੇ ’ਤੇ ਹਾਸਾ ਬਿਖਰਿਆ ਹੋਵੇ, ਵੇਖਣ ਵਾਲੇ ਉਸੇ ਪਾਸੇ ਝਾਕਦੇ ਹਨ। ਇਸੇ ਲਈ ਸੁੰਦਰਤਾ ਦੀ ਦੇਵੀ ਕੇਵਲ ਖੁਸ਼ ਰਹਿੰਦੇ ਚਿਹਰੇ ’ਤੇ ਨਿਵਾਸ ਕਰਦੀ ਹੈ। ਕਈ ਵਾਰ ਇਹ ਵੀ ਵੇਖਿਆ ਗਿਆ ਹੈ ਕਿ ਇੱਕ ਸਾਧਾਰਨ ਚਿਹਰੇ ਨੂੰ ਵੀ ਹਾਸਾ ਤੇ ਖੇੜਾ ਕਿੰਨੀ ਸੁੰਦਰ ਛਬ ਬਖ਼ਸ਼ ਦਿੰਦਾ ਹੈ। ਸਾਧਾਰਨ ਨੈਣ-ਨਕਸ਼ ਵਾਲੇ ਕਾਲੇ ਲੋਕ ਵੀ ਇਸ ਹਾਸੇ ਕਾਰਨ ਖ਼ੂਬਸੂਰਤ ਲੱਗਦੇ ਹਨ। ਫਿਰ ਆਦਿਵਾਸੀ ਪਰਿਵਾਰਾਂ ਦੇ ਤੁਰਦੇ-ਫਿਰਦੇ ਟੱਬਰ ਵੀ ਇਸੇ ਹਾਸੇ ਕਾਰਨ ਆਪਣੀ ਜ਼ਿੰਦਗੀ ਦਾ ਬਸਰ ਬੜੇ ਹੀ ਨਿਰਾਲੇ ਤੇ ਅਨੋਖੇ ਢੰਗ ਨਾਲ ਕਰਦੇ ਹਨ। ਦਰਅਸਲ, ਹਾਸਾ ਰੂਹ ਦੀ ਪੁਸ਼ਾਕ ਹੈ। ਜੇ ਉਹ ਖਿੜੀ ਹੋਵੇ ਤਾਂ ਹਾਸਾ ਆਪਣੇ-ਆਪ ਸਾਡੇ ਬੁੱਲ੍ਹਾਂ ’ਤੇ ਆ ਜਾਂਦਾ ਹੈ। ਹੱਸਦਾ ਵਿਅਕਤੀ ਭਾਵੇਂ ਕੋਈ ਸਾਧਾਰਨ ਕਾਮਾ ਜਾਂ ਮਜ਼ਦੂਰ ਹੀ ਕਿਉਂ ਨਾ ਹੋਵੇ, ਸਾਨੂੰ ਆਪਣੀ ਦਿੱਖ ਨਾਲ ਪ੍ਰਭਾਵਿਤ ਕਰਦਾ ਹੈ।

ਕਈ ਵਾਰ ਸਾਡੇ ਚਿਹਰੇ ਦੀ ਦਿੱਖ ਹੀ ਦੱਸ ਦਿੰਦੀ ਹੈ ਕਿ ਅਸੀਂ ਕਿੰਨੇ ਕੁ ਖੁਸ਼ ਹਾਂ। ਚਿਹਰੇ ਦੀ ਇੱਕ ਤੱਕਣੀ ਸਾਡੀ ਕਿਸਮਤ ਬਦਲ ਸਕਦੀ ਹੈ। ਸਲੀਕੇ, ਵਿਹਾਰ, ਬੋਲ-ਚਾਲ ਤੇ ਮਿੱਠੀ ਆਓ ਭਗਤ ਕਾਰਨ ਦੁਕਾਨਾਂ ਦੀ ਸੇਲ ’ਤੇ ਵੱਡਾ ਅਸਰ ਪੈਂਦਾ ਹੈ। ਥਾਂ-ਪੁਰ-ਥਾਂ ਮੁਟਿਆਰਾਂ ਅੱਜ ਵੱਡੇ-ਸਟੋਰਾਂ, ਟਰੈਵਲ-ਏਜੰਟਾਂ ਦੇ ਕਾਰੋਬਾਰਾਂ ਤੇ ਮਨੀ-ਟਰਾਂਸਫਰ ਤੇ ਸਾਰੇ ਦਫ਼ਤਰਾਂ ’ਤੇ ਰਾਜ ਕਰਦੀਆਂ ਹਨ। ਇਹ ਸਾਰਾ ਕ੍ਰਿਸ਼ਮਾ ਇਨ੍ਹਾਂ ਦੀ ਸੁੰਦਰਤਾ ਤੇ ਖੁਸ਼-ਰਹਿਣੀ ਤਬੀਅਤ ਕਾਰਨ ਹੈ। ਅੱਜ ਦੇ ਨਵੇਂ ਯੁੱਗ ਵਿੱਚ ਵੱਡੇ ਵੱਡੇ ਸਟੋਰਾਂ, ਕਾਰਖਾਨਿਆਂ ਤੇ ਹੋਟਲਾਂ ਵਿੱਚ ਵੱਜਦਾ ਸੰਗੀਤ ਤੇ ਲੋਰ-ਭਰੇ ਗਾਣੇ ਸੁੱਤੇ-ਸਿੱਧ ਹੀ ਗਾਹਕਾਂ ਨੂੰ ਆਪਣੇ ਵੱਲ ਖਿੱਚਦੇ ਹਨ। ਚੁੱਪ-ਚਾਪ ਠੰਢਾ-ਠੰਢਾ ਵੱਜਦਾ ਸੰਗੀਤ ਵੀ ਕੰਮ ’ਤੇ ਸੁਖਾਵਾਂ ਅਸਰ ਕਰਦਾ ਹੈ।

ਇਹ ਵੀ ਇੱਕ ਸੱਚਾਈ ਹੈ ਕਿ ਚਿਹਰੇ ’ਤੇ ਮੁਸਕਰਾਹਟ ਤਦ ਹੀ ਆ ਸਕਦੀ ਹੈ ਜੇ ਸਾਡੀ ਤਬੀਅਤ ਖੁਸ਼ ਹੋਵੇ। ਸਾਡੇ ਵਿਚਾਰ ਕਿਸੇ ਤਾਲ ਵਿੱਚ ਵੱਜੇ ਹੋਣ। ਸਾਡੀ ਸੋਚਣੀ ਜ਼ਿੰਦਗੀ ਦੀ ਚੜ੍ਹਦੀ ਕਲਾ ਵੱਲ ਹੋਵੇ। ਅਸੀਂ ਸਾਰੀ ਕਾਇਨਾਤ ਦਾ ਭਲਾ ਚਾਹੁੰਦੇ ਹੋਈਏ। ਸਾਡਾ ਰਵੱਈਆ ਸਭਨਾਂ ਲਈ ‘ਜੀ ਆਇਆਂ ਨੂੰ’ ਕਹਿਣ ਵਾਲਾ ਹੋਵੇ। ਬਲਕਿ ਅਸੀਂ ਰੱਬ ਦੀ ਸਿਰਜੀ ਸਾਰੀ ਦੁਨੀਆ ਤੇ ਪੂਰੇ ਸੰਸਾਰ ਲਈ ਖੁਸ਼ੀ ਮੰਗਦੇ ਹੋਈਏ। ਸਾਡੇ ਲਈ ਪੰਛੀ-ਪਰਿੰਦੇ ਵੀ ਸਾਡੀ ਕਾਇਨਾਤ ਦਾ ਇੱਕ ਹਿੱਸਾ ਹੋਣ ਤੇ ਅਸੀਂ ਕੁਦਰਤ ਮਣੀ ਨੂੰ ਆਪਣੇ ਮਨਾਂ ਦੀ ਰਾਜ਼ਦਾਨ ਤੇ ਪਟਰਾਣੀ ਸਮਝੀਏ। ਸਾਡੇ ਲਈ ਫੁੱਲਾਂ-ਭਰੇ ਪੌਦੇ ਤੇ ਖਿੜੇ ਬਾਗ਼ ਖੁਸ਼ੀਆਂ ਦੇ ਸੋਮੇ ਤੇ ਬਹਾਰਾਂ ਦੀ ਖ਼ੂਬਸੂਰਤ ਸੌਗਾਤ ਹੋ ਨਿੱਬੜਨ ਜਿਵੇਂ ਕੋਈ ਮਾਲੀ ਆਪਣੇ ਅੱਧ-ਸੁੱਕੇ ਬਾਗ਼ ਨੂੰ ਵੇਲਾਂ ਦੀ ਕਾਂਟ-ਛਾਂਟ ਕਰਕੇ ਫਿਰ ਤੋਂ ਹਰੀਆਂ ਭਰੀਆਂ ਕਰ ਲੈਂਦਾ ਹੈ। ਇੰਜ ਹੀ ਤੁਹਾਨੂੰ ਵੀ ਆਪਣੀ ਜ਼ਿੰਦਗੀ ਦੇ ਰੁੱਖ ਨੂੰ ਫਿਰ ਤੋਂ ਨਵਾਂ-ਨਰੋਆ ਤੇ ਹਰਾ-ਭਰਾ ਕਰਨਾ ਲੋੜੀਂਦਾ ਹੈ। ਇਸ ਰੁੱਖ ਦੀ ਕਾਂਟ-ਛਾਂਟ ਜ਼ਰੂਰੀ ਹੈ। ਮਾਲੀ ਤਾਂ ਅੰਗੂਰਾਂ ਦੀਆਂ ਵੇਲਾਂ ਨੂੰ ਹਰ ਸਾਲ ਕੱਟਦਾ ਤੇ ਤਰਾਸ਼ਦਾ ਹੈ। ਇੰਜ ਹੀ ਜ਼ਿੰਦਗੀ ਦੇ ਰੁੱਖ ਨੂੰ ਹਰਿਆ-ਭਰਿਆ ਕਰਨ ਲਈ ਆਪਣੀਆਂ ਬੇਲੋੜੀਆਂ ਚਾਹਨਾਂ ਵੀ ਤਿਆਗ ਦੇਈਏ, ਸਾਦੇ, ਸਾਫ਼ ਤੇ ਪਾਕ-ਜਜ਼ਬਾਤਾਂ ਨਾਲ ਇਸ ਰੁੱਖ ’ਤੇ ਅਜਿਹੀ ਪਾਣ ਚਾੜ੍ਹੋ ਕਿ ਰੁੱਖ ਫੁੱਲਾਂ ਨਾਲ ਲੱਦਿਆ ਜਾਵੇ ਤੇ ਜ਼ਿੰਦਗੀ ਦੀ ਮਹਿਕ, ਇਸ ਦੀ ਰਗ-ਰਗ ਵਿੱਚ ਸਮਾਅ ਜਾਵੇ।

ਜਿੰਨੇ ਵੀ ਸਾਲ ਤੁਸੀਂ ਜਿਉਣਾ ਹੈ, ਹੱਸ ਕੇ ਗੁਜ਼ਾਰੋ ਤੇ ਮਿੱਤਰਾਂ ਵਿੱਚ ਹਾਸੇ ਵੰਡੋ। ਤਦ ਹੀ ਤੁਹਾਡੀ ਇਸ ਰੁੱਖੀ, ਸੁੱਕੀ ਤੇ ਬੇ-ਰੌਣਕ ਜ਼ਿੰਦਗੀ ਵਿੱਚ ਬਹਾਰ ਆ ਸਕਦੀ ਹੈ। ਤਦ ਹੀ ਤੁਹਾਡੇ ਕੰਨੀਂ ਚਹਿਕਦੇ ਪੰਛੀਆਂ ਦੇ ਗੀਤ ਸੁਣ ਸਕਦੇ ਹਨ। ਸੂਰਜ ਦੀਆਂ ਸੁਨਹਿਰੀ ਕਿਰਨਾਂ ਤੁਹਾਡਾ ਭਾਗ ਬਣ ਸਕਦੀਆਂ ਹਨ। ਸਿਰਫ਼ ਏਨਾ ਖਿਆਲ ਰੱਖੋ ਕਿ ਤੁਹਾਡੇ ਹਿਰਦੇ ਵਿੱਚ ਸੁਹਿਰਦਤਾ ਦੇ ਬੀਜ ਹੋਣ ਤੇ ਤੁਹਾਡੇ ਚਿਹਰੇ ’ਤੇ ਹਾਸਿਆਂ ਦੀ ਬਹਿਸ਼ਤ।

ਸੰਪਰਕ : 97818-05861

Advertisement
×