ਕਿੱਕਲੀ ਕਲੀਰ ਦੀ...
ਪੰਜਾਬੀ ਬਾਲੜੀਆਂ ਦੀ ਰੂਹ-ਏ-ਰਵਾਂ ਕਿੱਕਲੀ ਲੋਕ ਨਾਚ ਦੇ ਨਾਲ-ਨਾਲ ਅੱਲ੍ਹੜਾਂ ਦੀ ਖੇਡ ਵੀ ਹੈ। ਸ਼ਬਦ ਕੋਸ਼ ਅਨੁਸਾਰ ਪਰਖ ਪੜਚੋਲ ਕੇ ਦੇਖਿਆ ਜਾਵੇ ਤਾਂ ਕਿੱਕਲੀ ਸ਼ਬਦ ਦੀ ਉਤਪਤੀ ਕਿਲਕਿਲਾ ਸ਼ਬਦ ਤੋਂ ਹੋਈ ਦੱਸੀ ਗਈ ਹੈ। ਕਿਲਕਿਲਾ ਦਾ ਭਾਵ ਹੀ ਆਨੰਦ ਦੇਣ...
ਪੰਜਾਬੀ ਬਾਲੜੀਆਂ ਦੀ ਰੂਹ-ਏ-ਰਵਾਂ ਕਿੱਕਲੀ ਲੋਕ ਨਾਚ ਦੇ ਨਾਲ-ਨਾਲ ਅੱਲ੍ਹੜਾਂ ਦੀ ਖੇਡ ਵੀ ਹੈ। ਸ਼ਬਦ ਕੋਸ਼ ਅਨੁਸਾਰ ਪਰਖ ਪੜਚੋਲ ਕੇ ਦੇਖਿਆ ਜਾਵੇ ਤਾਂ ਕਿੱਕਲੀ ਸ਼ਬਦ ਦੀ ਉਤਪਤੀ ਕਿਲਕਿਲਾ ਸ਼ਬਦ ਤੋਂ ਹੋਈ ਦੱਸੀ ਗਈ ਹੈ। ਕਿਲਕਿਲਾ ਦਾ ਭਾਵ ਹੀ ਆਨੰਦ ਦੇਣ ਵਾਲੀ ਧੁਨੀ ਹੈ। ਇਸੇ ਲਈ ਕਿੱਕਲੀ ਪਾਉਂਦੀਆਂ ਅੱਲ੍ਹੜਾਂ ਨੂੰ ਦੇਖਿਆ ਅਤੇ ਸੁਣਿਆ ਜਾਵੇ ਤਾਂ ਵਾਕਿਆ ਹੀ ਨਜ਼ਾਰਾ ਲੱਗਦਾ ਹੈ। ਨਿਰਾ ਧਰਤੀ ਉੱਤੇ ਸਵਰਗ ਲੱਗਦਾ ਹੈ। ਪੋਠੋਹਾਰੀ ਦੇ ਇਲਾਕੇ ਵਿੱਚ ਕਿੱਕਲੀ ਨੂੰ ਕਿਰਕਿਲੀ ਵੀ ਕਿਹਾ ਜਾਂਦਾ ਹੈ। ਸਾਡੇ ਇੱਧਰ ਜਿਸ ਤਰ੍ਹਾਂ ਸ਼ੁਰੂ ਤੋਂ ਹੀ ਕਿੱਕਲੀ ਮਸ਼ਹੂਰ ਹੈ, ਉਸ ਨਾਲ ਅੱਲ੍ਹੜਾਂ ਦੀ ਸ਼ਾਨ ਵੱਖਰੀ ਲੱਗਦੀ ਹੈ। ਕਿੱਕਲੀ ਦੀ ਰੂਹ ਅਤੇ ਬਹੁਤ ਪ੍ਰਚੱਲਤ ਬਣ ਗਈ ਵੰਨਗੀ ਸਭ ਤੋਂ ਪਹਿਲਾਂ ਸਿਰਜੀ ਗਈ ਸੀ, ਉਹ ਇਸ ਤਰ੍ਹਾਂ ਹੈ;
ਕਿੱਕਲੀ ਕਲੀਰ ਦੀ ਪੱਗ ਮੇਰੇ ਵੀਰ ਦੀ
ਦੁਪੱਟਾ ਮੇਰੇ ਭਾਈ ਦਾ ਫਿੱਟੇ ਮੂੰਹ ਜਵਾਈ ਦਾ
ਕਿੱਕਲੀ ਦੋ ਅੱਲ੍ਹੜਾਂ ਆਹਮੋਂ ਸਾਹਮਣੇ ਖੜ੍ਹੀਆਂ ਹੋ ਕੇ ਆਪਣੇ ਆਪਣੇ ਹੱਥਾਂ ਨੂੰ ਦੂਜੇ ਦੇ ਹੱਥ ’ਚ ਕੜਿੰਘੀ ਬਣਾ ਕੇ ਫਸਾ ਲੈਂਦੀਆਂ ਹਨ। ਫਿਰ ਪੈਰਾਂ ਨੂੰ ਜੋੜ ਕੇ ਦੋਵੇਂ ਜਣੀਆਂ ਆਪਣਾ ਸਾਰਾ ਭਾਰ ਪਿੱਛੇ ਸੁੱਟ ਦਿੰਦੀਆਂ ਹਨ। ਬਸ ਫਿਰ ਕੀ ਦੋਵੇਂ ਜਣੀਆਂ ਘੁੰਮ-ਘੁੰਮ ਕਿੱਕਲੀ ਪਾਉਂਦੀਆਂ ਹਨ ਤੇ ਨਜ਼ਾਰਾ ਬੰਨ੍ਹ ਦਿੰਦੀਆਂ ਹਨ। ਇਨ੍ਹਾਂ ਦੀਆਂ ਸਾਥਣਾਂ ਨਾਲ ਹੀ ਗਿੱਧਾ ਪਾ ਕੇ ਖੁਸ਼ੀ ਦੂਣੀ ਕਰਦੀਆਂ ਹਨ ਅਤੇ ਕੁਝ ਸਾਥਣਾਂ ਨਾਲ ਹੀ ਜੋਟੀਆਂ ਬਣਾ ਕੇ ਕਿੱਕਲੀ ਸ਼ੁਰੂ ਕਰ ਦਿੰਦੀਆਂ ਹਨ। ਇਨ੍ਹਾਂ ਦਾ ਸਰੀਰ ਇੱਕ ਹੋ ਕੇ ਆਲਾ ਦੁਆਲਾ ਹੁਸੀਨ ਬਣ ਜਾਂਦਾ ਹੈ। ਇਸ ਨਾਲ ਬਾਲੜੀਆਂ ਦਾ ਬੌਧਿਕ ਵਿਕਾਸ ਅਤੇ ਦੇਖਣ ਵਾਲਿਆਂ ਦਾ ਮਨੋਰੰਜਨ ਹੁੰਦਾ ਹੈ। ਭਾਵੇਂ ਕਿੱਕਲੀ ਬੰਦੇ ਵੀ ਪਾਉਣ ਲੱਗ ਪਏ ਹਨ, ਪਰ ਜੱਚਦਾ ਨਹੀਂ। ਕਿੱਕਲੀ ਖੁਸ਼ੀ ਨੂੰ ਦੂਣ ਸਵਾਈ ਕਰਦੀ ਹੈ। ਜਦੋਂ ਬਹੁਤੀਆਂ ਕੁੜੀਆਂ ਜੋਟੇ ਬਣਾ ਕੇ ਕਿੱਕਲੀ ਪਾਉਣ ਲੱਗਦੀਆਂ ਹਨ ਤਾਂ ਨਜ਼ਾਰਾ ਦਿਲਕਸ਼ ਹੋ ਨਿੱਬੜਦਾ ਹੈ।
ਬੱਚਿਆਂ ਨੂੰ ਮਾਂ, ਪਿਓ, ਭੈਣ, ਭਰਾ ਅਤੇ ਹੋਰ ਘਰਦਿਆਂ ਨਾਲ ਪਿਆਰ ਹੁੰਦਾ ਹੈ, ਪਰ ਸਭ ਤੋਂ ਵੱਧ ਪਿਆਰ ਆਪਣੇ ਹਾਣੀ ਦਾ ਹੁੰਦਾ ਹੈ। ‘ਹਾਣ ਨੂੰ ਹਾਣ ਪਿਆਰਾ’ ਹੁੰਦਾ ਹੈ। ਇਸੇ ਲਈ ਕਿੱਕਲੀ ਦੇ ਗੀਤ ਵਿੱਚ ਭੈਣ ਆਪਣੇ ਭਰਾ ਦਾ ਵਰਣਨ ਵੱਧ ਕਰਦੀ ਹੈ ਕਿਉਂਕਿ ਉਹ ਉਸ ਦੇ ਬਰਾਬਰ ਦਾ ਹਾਣੀ ਹੁੰਦਾ ਹੈ। ਹਰ ਪੰਜਾਬੀ ਦੀ ਜ਼ੁਬਾਨ ’ਤੇ ਕਿੱਕਲੀ ਜ਼ਰੂਰ ਹੁੰਦੀ ਹੈ। ਜਿਸ ਨੇ ਕਿੱਕਲੀ ਨਹੀਂ ਪਾਈ ਜਾਂ ਕਿੱਕਲੀ ਨਹੀਂ ਖੇਡੀ ਸਮਝੋ ਉਸ ਦਾ ਬਚਪਨ ਅਧੂਰਾ ਹੀ ਰਹਿ ਗਿਆ। ਅੱਲ੍ਹੜਾਂ ਭੰਵੀਰੀ ਵਾਂਗ ਘੁੰਮਦੀਆਂ ਆਥਣ ਵੇਲੇ ਆਪਣੇ ਸੁਪਨਿਆਂ ਦੀ ਦੁਨੀਆ ਵਿੱਚ ਗੁਆਚ ਜਾਂਦੀਆਂ ਹਨ। ਕਿੱਕਲੀ ਦੇ ਗੀਤਾਂ ਦੀ ਲੈਅ ਸਾਵਣ ਦੀ ਘਟਾ ਵਰਗੀ ਰੰਗ-ਬਿਰੰਗੀ ਲੱਗਦੀ ਹੈ। ਅੱਜ ਕਿੱਕਲੀ ਨੂੰ ਨਵੀਂ ਦਿੱਖ ਵਿੱਚ ਵੀ ਪੇਸ਼ ਕੀਤਾ ਗਿਆ ਹੈ। ਜਿਵੇਂ;
ਕਿੱਕਲੀ ਕਲੀਰ ਦੀ ਸੁਣ ਗੱਲ ਵੀਰ ਦੀ
ਵਿਦਿਆ ਦੀ ਰੋਸ਼ਨੀ ਤੇ ਹਨੇਰਿਆਂ ਨੂੰ ਚੀਰਦੀ
ਮੇਰੇ ਸੋਹਣੇ ਵੀਰਿਆ ਸਕੂਲ ਪੜ੍ਹਨ ਜਾਈਂ ਤੂੰ
ਵਿੱਦਿਆ ਦੀ ਪੌੜੀ ’ਤੇ ਪੈਰ ਜਾ ਟਿਕਾਈ ਤੂੰ
ਕਰਕੇ ਪੜ੍ਹਾਈ ਵੀਰੇ ਬੀਬਾ ਅਖਵਾਈਂ ਤੂੰ
ਅੱਲ੍ਹੜਾਂ ਆਪਣੇ ਹੁਨਰ ਅਤੇ ਵਿਕਾਸ ਦਰਸਾਉਂਦੀਆਂ ਕਿੱਕਲੀ ਨੂੰ ਕਈ ਤਰ੍ਹਾਂ ਦੇ ਰੰਗਾਂ ਵਿੱਚ ਪੇਸ਼ ਕਰਨ ਲੱਗ ਪਈਆਂ ਹਨ। ਇਹੀ ਕਿੱਕਲੀ ਅੱਲ੍ਹੜਾਂ ਦੀ ਬੁਨਿਆਦ, ਸੱਭਿਅਤਾ ਅਤੇ ਸੱਭਿਆਚਾਰ ਦੀ ਪਹਿਲੀ ਪੌੜੀ ਬਣ ਜਾਂਦੀ ਹੈ। ਇੱਕ ਹੋਰ ਵੰਨਗੀ ਵਿੱਚ ਕਿੱਕਲੀ ਨੂੰ ਇਉਂ ਦਰਸਾਇਆ ਗਿਆ ਹੈ;
ਕਿੱਕਲੀ ਪਾਵਣ ਆਈਆਂ
ਬਦਾਮ ਖਾਵਣ ਆਈਆਂ
ਬਦਾਮ ਦੀ ਗੁੱਲੀ ਮਿੱਠੀ
ਮੈਂ ਵੀਰ ਦੀ ਕੁੜੀ ਡਿੱਠੀ
ਮੇਰੇ ਵੀਰ ਦੀ ਕੁੜੀ ਕਾਲੀ
ਮੈਨੂੰ ਆ ਗਈ ਭਵਾਲੀ
ਥਾਲੀ, ਥਾਲੀ, ਥਾਲੀ
ਸਮਾਜਿਕ ਰਿਸ਼ਤਿਆਂ ਦੀ ਰੂਪਰੇਖਾ ਪ੍ਰਗਟ ਕਰਦੀ ਕਿੱਕਲੀ ਦੀ ਇੱਕ ਨਵੀਂ ਵਿਉਂਤ ਇਸ ਤਰ੍ਹਾਂ ਵੀ ਘੜੀ ਗਈ ਹੈ;
ਕਿੱਕਲੀ ਕੁਲੱੱਸ ਦੀ ਲੱਤ, ਭੱਜੇ ਸੱਸ ਦੀ
ਗੱਡਾ ਭੱਜੇ ਜੇਠ ਦਾ ਝੀਤਾਂ ਥਾਈਂ ਵੇਖਦਾ
ਮੋੜ ਸੂ ਜਠਾਣੀਏ, ਮੋੜ ਸੱਸੇ ਰਾਣੀਏ
ਸੱਸ ਦਾਲ ਚਾਅ ਪਕਾਈ
ਛੰਨਾ ਭਰ ਕੇ ਲਿਆਈ
ਅੰਦਰ ਬਾਹਰ ਵੜਦੀ
ਖਾਵੇ ਭੈੜੀ ਗੱਲ੍ਹ ਗੜ੍ਹੱਪੇ ਲਾਵੇ
ਲੋਕੋ ਸੱਸਾਂ ਬੁਰੀਆਂ ਵੇ
ਕਲੇਜੇ ਲਾਵਣ ਛੁਰੀਆਂ ਵੇ
ਲੇਖਕਾਂ ਵੱਲੋਂ ਬਚਪਨ ਤੋਂ ਬੁਢਾਪੇ ਤੱਕ ਕਿੱਕਲੀ ਲਿਖ ਕੇ ਅਤੇ ਸਭ ਤਰ੍ਹਾਂ ਦਾ ਦ੍ਰਿਸ਼ ਪੇਸ਼ ਕਰਕੇ ਸਮੇਂ ਦੀ ਹਾਣੀ ਬਣਾ ਦਿੱਤੀ ਗਈ ਹੈ। ਇਸ ਕਿੱਕਲੀ ਦੀ ਖ਼ੁਸ਼ਬੂ ਬਚਪਨ ਦੀਆਂ ਸੱਥਾਂ ਵਿੱਚੋਂ ਅੱਜ ਵੀ ਸੰਗੀਤਮਈ ਲੱਗਦੀ ਹੈ। ਅੱਜ ਵੀ ਕਿੱਕਲੀ ਅੱਲ੍ਹੜ ਬਾਲੜੀਆਂ ਨੂੰ ਮਾਣ, ਪਿਆਰ ਅਤੇ ਸਤਿਕਾਰ ਦਾ ਪਾਤਰ ਬਣਾਉਂਦੀ ਹੈ।
ਸੰਪਰਕ: 98781-11445

