ਕਰਿਸ਼ਮਾ ਕਪੂਰ ਦੇ ਬੱਚਿਆਂ ਵੱਲੋਂ ਸੰਜੈ ਕਪੂਰ ਦੀ 30,000 ਕਰੋੜ ਰੁਪਏ ਦੀ ਜਾਇਦਾਦ ’ਚੋਂ ਹਿੱਸਾ ਲੈਣ ਲਈ ਹਾਈ ਕੋਰਟ ਦਾ ਰੁਖ਼
Karisma Kapoor's children move Delhi High Court over Rs 30,000 crore Sunjay Kapur Estate disputeਅਦਾਕਾਰਾ ਕਰਿਸ਼ਮਾ ਕਪੂਰ ਦੇ ਸਾਬਕਾ ਪਤੀ ਤੇ ਮਰਹੂਮ ਉਦਯੋਗਪਤੀ ਸੰਜੇ ਕਪੂਰ ਦੀ 30,000 ਕਰੋੜ ਰੁਪਏ ਦੀ ਜਾਇਦਾਦ ਨੂੰ ਲੈ ਕੇ ਵਿਵਾਦ ਹੋਰ ਭਖ਼ ਗਿਆ ਹੈ। ਇਸ ਮਾਮਲੇ ਵਿਚ ਬੌਲੀਵੁੱਡ ਅਦਾਕਾਰਾ ਕਰਿਸ਼ਮਾ ਕਪੂਰ ਦੇ ਦੋ ਬੱਚਿਆਂ ਨੇ ਆਪਣਾ ਹਿੱਸਾ ਲੈਣ ਲਈ ਦਿੱਲੀ ਹਾਈ ਕੋਰਟ ਦਾ ਰੁਖ਼ ਕੀਤਾ ਹੈ।
ਇਨ੍ਹਾਂ ਭੈਣ-ਭੈਣਾਂ ਨੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਦੀ ਮਤਰੇਈ ਮਾਂ ਪ੍ਰਿਆ ਕਪੂਰ (ਸੰਜੇ ਕਪੂਰ ਦੀ ਤੀਜੀ ਪਤਨੀ) ਨੇ ਉਨ੍ਹਾਂ ਦੀਆਂ ਜਾਇਦਾਦਾਂ ’ਤੇ ਪੂਰਾ ਕਬਜ਼ਾ ਕਰਨ ਦੀ ਮਨਸ਼ਾ ਨਾਲ ਵਸੀਅਤ (ਸੰਜੈ ਕਪੂਰ ਦੀ) ’ਚ ਜਾਅਲਸਾਜ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਨ੍ਹਾਂ ਬੱਚਿਆਂ ਨੇ ਤਰਕ ਦਿੰਦਿਆਂ ਕਿਹਾ ਹੈ ਕਿ ਉਨ੍ਹਾਂ ਕੋਲ ਆਪਣੇ ਪਿਤਾ ਦੀ ਮੌਤ ਦੇ ਸਮੇਂ ਉਨ੍ਹਾਂ ਦੀਆਂ ਜਾਇਦਾਦਾਂ ਬਾਰੇ ਪੂਰੀ ਜਾਣਕਾਰੀ ਨਹੀਂ ਸੀ। ਜ਼ਿਕਰਯੋਗ ਹੈ ਕਿ ਸੰਜੈ ਕਪੂਰ ਦੀ 12 ਜੂਨ, 2025 ਨੂੰ ਵਿੰਡਸਰ ਯੂਕੇ ਵਿੱਚ ਮੌਤ ਹੋ ਗਈ ਸੀ। ਉਸ ਦੇ ਬੱਚਿਆਂ ਨੇ ਅਦਾਲਤ ਕੋਲ ਨੱਥੀ ਕੀਤੇ ਦਸਤਾਵੇਜ਼ਾਂ ਵਿਚ ਦੱਸਿਆ ਕਿ ਉਸ ਦੇ ਪਿਤਾ ਉਨ੍ਹਾਂ ਨਾਲ ਨਹੀਂ ਰਹਿੰਦੇ ਸਨ ਪਰ ਉਨ੍ਹਾਂ ਦੇ ਆਪਣੇ ਪਿਤਾ ਨਾਲ ਨਜ਼ਦੀਕੀ ਸਬੰਧ ਸਨ ਤੇ ਉਹ ਛੁੱਟੀਆਂ ਮੌਕੇ ਇਕੱਠੇ ਘੁੰਮਣ ਜਾਂਦੇ ਸਨ। ਇਹ ਵੀ ਦੱਸਣਾ ਬਣਦਾ ਹੈ ਕਿ ਕ੍ਰਿਸ਼ਮਾ ਕਪੂਰ ਦਾ ਸੰਜੈ ਕਪੂਰ ਨਾਲ ਸਾਲ 2003 ਵਿਚ ਵਿਆਹ ਹੋਇਆ ਸੀ ਤੇ ਉਨ੍ਹਾਂ ਦਾ 2016 ਵਿਚ ਤਲਾਕ ਹੋ ਗਿਆ ਸੀ।
ਜਾਣਕਾਰੀ ਅਨੁਸਾਰ ਬੌਲੀਵੁੱਡ ਅਦਾਕਾਰਾ ਕਰਿਸ਼ਮਾ ਕਪੂਰ ਦੇ ਸਾਬਕਾ ਪਤੀ ਤੇ ਸਨਅਤਕਾਰ ਸੰਜੈ ਕਪੂਰ ਦੀ ਬਰਤਾਨੀਆ ਦੇ ਪੋਲੋ ਗਰਾਊਂਡ ’ਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਇਸ ਤੋਂ ਠੀਕ ਤਿੰਨ ਦਿਨ ਪਹਿਲਾਂ ਸੰਜੈ ਕਪੂਰ ਨੇ ਸੋਸ਼ਲ ਮੀਡੀਆ ’ਤੇ ਪਾਈ ਪੋਸਟ ਵਿੱਚ ਲਿਖਿਆ ਸੀ, ‘‘ਧਰਤੀ ’ਤੇ ਤੁਹਾਡਾ ਸਮਾਂ ਸੀਮਿਤ ਹੈ।’’ ਉਹ 53 ਸਾਲ ਦੇ ਸਨ। ਏਐੱਨਆਈ