ਸੱਭਿਆਚਾਰਕ ਗਾਇਕੀ ਦਾ ਝੰਡਾ ਬਰਦਾਰ ਜਸਮੇਰ ਮੀਆਂਪੁਰੀ
ਪੰਜਾਬ ਦੇ ਪੁਆਧ ਖੇਤਰ ਦਾ ਲੋਕ ਗਾਇਕ ਜਸਮੇਰ ਮੀਆਂਪੁਰੀ ਅੱਜ ਕਿਸੇ ਜਾਣ-ਪਹਿਚਾਣ ਦਾ ਮੁਹਤਾਜ ਨਹੀਂ। ਮੀਆਂਪੁਰੀ ਦੀ ਰਸ ਭਿੰਨੀ ਆਵਾਜ਼ ਜਿੱਥੇ ਸਰੋਤਿਆਂ ਦੇ ਕੰਨਾਂ ਵਿੱਚ ਰਸ ਘੋਲਦੀ ਹੈ, ਉੱਥੇ ਹੀ ਉੱਚ ਪੱਧਰ ਦੀ ਗੀਤਕਾਰੀ ਲੋਕ ਦਿਲਾਂ ਵਿੱਚ ਘਰ ਕਰਦੀ ਹੈ।...
ਪੰਜਾਬ ਦੇ ਪੁਆਧ ਖੇਤਰ ਦਾ ਲੋਕ ਗਾਇਕ ਜਸਮੇਰ ਮੀਆਂਪੁਰੀ ਅੱਜ ਕਿਸੇ ਜਾਣ-ਪਹਿਚਾਣ ਦਾ ਮੁਹਤਾਜ ਨਹੀਂ। ਮੀਆਂਪੁਰੀ ਦੀ ਰਸ ਭਿੰਨੀ ਆਵਾਜ਼ ਜਿੱਥੇ ਸਰੋਤਿਆਂ ਦੇ ਕੰਨਾਂ ਵਿੱਚ ਰਸ ਘੋਲਦੀ ਹੈ, ਉੱਥੇ ਹੀ ਉੱਚ ਪੱਧਰ ਦੀ ਗੀਤਕਾਰੀ ਲੋਕ ਦਿਲਾਂ ਵਿੱਚ ਘਰ ਕਰਦੀ ਹੈ। ਉੱਚੀ ਸੁਰ ’ਚ ਗਾਉਣ ਵਾਲੇ ਜਸਮੇਰ ਨੇ ਸੱਭਿਆਚਾਰਕ ਗੀਤ ‘ਰੰਗਲਾ ਚਰਖ਼ਾ’ ਨਾਲ ਗਾਇਕੀ ਦੇ ਖੇਤਰ ਵਿੱਚ ਕਦਮ ਰੱਖਿਆ, ਇਸ ਉਪਰੰਤ ਪੰਜਾਬ ਦੀ ਵਿਰਾਸਤ, ਗੀਤ ‘ਲੋਕ ਰੰਗ’, ‘ਮੌਜ ਰੰਗ’ ਅਤੇ ‘ਸ਼ਾਲਾ! ਜੁਗ-ਜੁਗ ਜੀਣ ਲੋਕੀਂ ਆਪਣੇ ਪੰਜਾਬ ਦੇ’ ਨਾਲ ਆਪਣੀ ਅਲੱਗ ਪਛਾਣ ਬਣਾ ਲਈ। ਹੁਣ ਜਿੱਥੇ ਉਹ ਨਿਵੇਕਲੇ ਟਰੈਕ ਲੈ ਕੇ ਦਰਸ਼ਕਾਂ ਦੀ ਕਚਹਿਰੀ ਵਿੱਚ ਪੇਸ਼ ਹੋ ਰਿਹਾ ਹੈ, ਉੱਥੇ ਹੀ ਪੰਜਾਬੀ ਵਿਰਸੇ ਦੀ ਖ਼ੂਬਸੂਰਤ ਤਸਵੀਰ ਸਿਰਜਦਾ ਸੱਜਰਾ ਗੀਤ ‘ਪੀਘਾਂ ਝੂਟਣ ਜਾਣਾ’ ਸੱਭਿਆਚਾਰ ਪ੍ਰੇਮੀਆਂ ਦੇ ਮਨਾਂ ਵਿੱਚ ਪ੍ਰਵਾਨ ਚੜ੍ਹ ਰਿਹਾ ਹੈ।
ਅਜੋਕੀ ਗੀਤਕਾਰੀ ਅਤੇ ਗਾਇਕੀ ਤੋਂ ਕੁਝ ਅਲੱਗ ਕਰਨ ਦੀ ਤਾਂਘ ਰੱਖਣ ਵਾਲੇ ਇਸ ਗਾਇਕ ਨੇ ਲੋਕ ਗਾਇਕੀ ਵਿੱਚ ਚੰਗਾ ਨਾਮਣਾ ਖੱਟਿਆ ਹੈ, ਪਰ ਗੀਤ ‘ਨੱਚੀਂ ਨੀਂ ਨੱਚੀਂ’ ਨੂੰ ਰੌਕ ਸਟਾਈਲ ਵਿੱਚ ਅਤੇ ਮਹਿਬੂਬ ਦੀਆਂ ਅੱਖਾਂ ਦੀ ਤਾਰੀਫ਼ ਕਰਦਾ ਗੀਤ ‘ਇੱਕ ਪੈੈੱਗ’ ਅਤੇ ‘ਨਾਗ ਤੋਂ ਮੈਂ ਬਚਗੀ’ ਨੂੰ ਬੋਲੀਆਂ ਨੁਮਾ ਰੰਗ ’ਚ ਗਾ ਕੇ ਆਪਣੀ ਗਾਇਕੀ ਦਾ ਦਾਇਰਾ ਹੋਰ ਵਿਸ਼ਾਲ ਕੀਤਾ ਹੈ। ਇਹ ਰੁਮਾਂਟਿਕ, ਭੰਗੜਾ ਤੇ ਗਿੱਧਾ ਨੁਮਾ ਗੀਤ ਨੱਚਣ ਦੇ ਸ਼ੌਕੀਨਾਂ ਨੂੰ ਪੱਬ ਚੁੱਕਣ ਲਈ ਮਜਬੂਰ ਕਰਦੇ ਹਨ। ਪੰਜਾਬੀ ਜ਼ੁਬਾਨ ਦੇ ਲੁਪਤ ਹੋ ਰਹੇ ਠੇਠ ਸ਼ਬਦਾਂ ਨੂੰ ਬਿਆਨ ਕਰਦਾ ਗੀਤ ‘ਕੁੜੀ ਦੇਸੀ ਜਿਹੀ’ ਨੂੰ ਵੀ ਸਰੋਤਿਆਂ ਵੱਲੋਂ ਖ਼ੂਬ ਸਰਾਹਿਆ ਗਿਆ। ਕੁਲਵਿੰਦਰ ਸੰਗਤਪੁਰੀਏ ਦਾ ਲਿਖਿਆ ਗੀਤ ‘ਖੜ੍ਹ ਕੇ ਗੱਲ ਸੁਣਜਾ’ ਵੀ ਪੂਰੀ ਚਰਚਾ ’ਚ ਹੈ। ਹਾਸਰਸ ਫਿਲਮ ‘ਲੱਗ ਗਏ’ ’ਚ ਗਾਇਆ ਗੀਤ ‘ਛੜੇ ਦਾ ਵਿਆਹ’ ਵੀ ਵਾਹਵਾ ਖੱਟ ਰਿਹਾ ਹੈ।
ਜ਼ਿਲ੍ਹਾ ਰੂਪਨਗਰ ਦੇ ਘਾੜ ਇਲਾਕੇ ਵਿੱਚ ਵੱਸਦੇ ਪਿੰਡ ਮੀਆਂਪੁਰ (ਸਟੇਸ਼ਨ ਵਾਲਾ) ਵਿੱਚ ਮਾਤਾ ਮਾਇਆ ਕੌਰ ਅਤੇ ਭਗਤ ਸਿੰਘ ਦੇ ਗ੍ਰਹਿ ਵਿਖੇ ਪੈਦਾ ਹੋਇਆ ਜਸਮੇਰ ਸੱਭਿਆਚਾਰਕ ਅਤੇ ਖੇਡ ਮੇਲਿਆਂ ’ਤੇ ਪ੍ਰੋਗਰਾਮ ਪੇਸ਼ ਕਰਦਾ ਅਕਸਰ ਨਜ਼ਰ ਆਉਂਦਾ ਹੈ। ਇਲਾਕੇ ਦਾ ਨਾਮ ਰੌਸ਼ਨ ਕਰਨ ਵਾਲੇ ਮਰਹੂਮ ਗਾਇਕ ਸੁਰਜੀਤ ਬਿੰਦਰੱਖੀਆ ਅਤੇ ਗਾਇਕ ਜਗਤਾਰ ਜੱਗਾ ਤੋਂ ਬਾਅਦ ਇਹ ਇਲਾਕਾ ਹੁਣ ਜਸਮੇਰ ਮੀਆਂਪੁਰੀ ’ਤੇ ਕਾਫ਼ੀ ਫ਼ਖ਼ਰ ਮਹਿਸੂਸ ਕਰਦਾ ਹੈ।
ਇਲਾਕੇ ਦੇ ਕਲੱਬਾਂ, ਗ੍ਰਾਮ ਪੰਚਾਇਤਾਂ ਅਤੇ ਵੱਖ-ਵੱਖ ਸੰਸਥਾਵਾਂ ਵੱਲੋਂ ਸਨਮਾਨਿਤ ਇਹ ਗਾਇਕ ਕਈ ਐਲਬਮਾਂ ਸਰੋਤਿਆਂ ਦੀ ਝੋਲੀ ਪਾ ਚੁੱਕਾ ਹੈ। ਉਹ ਡੀਜੇ ਡਸਟਰ, ਰੋਮੀ ਸਿੰਘ, ਜੀ ਸੋਨੂੰ, ਲਲਿਤ ਦਿਲਦਾਰ, ਆਰ. ਗੁਰੂ, ਅਰਸ਼ ਅਤੇ ਨਿਤਿਸ਼ ਰਾਏ ਆਦਿ ਨਾਮਵਰ ਸੰਗੀਤਕਾਰਾਂ ਦੇ ਸੰਗੀਤ ਅਤੇ ਪ੍ਰਸਿੱਧ ਕੰਪਨੀਆਂ ਜਿਵੇਂ ਵ੍ਹਾਈਟ ਹਿੱਲ, ਪੀਟੀਸੀ ਰਿਕਾਰਡ, ਟੀ ਸੀਰੀਜ਼, ਗੋਇਲ ਮਿਊਜ਼ਿਕ ਅਤੇ ਜੈ ਮਾਂ ਫਿਲਮਜ਼ ਆਦਿ ’ਚ ਆਪਣੇ ਗੀਤ ਪੇਸ਼ ਕਰ ਚੁੱਕਾ ਹੈ। ਸੱਭਿਆਚਾਰਕ ਗੀਤ ‘ਸੋਨੇ ਦੀਆਂ ਮੇਖਾਂ ਵਾਲਾ ਰੰਗਲਾ ਚਰਖ਼ਾ ਨੀਂ’ ਤੇ ਰੁਮਾਂਟਿਕ ਗੀਤ ‘ਸ਼ੌਕੀਨਾ ਸੁਣ ਕੇ’ ਪਹਿਲਾਂ ਹੀ ਸ਼ੁਹਰਤ ਹਾਸਿਲ ਕਰ ਚੁੱਕੇ ਹਨ। ਇਸ ਤੋਂ ਇਲਾਵਾ ਗੀਤ ‘ਰਾਂਝਣ’, ‘ਖੁੰਢ ਚਰਚਾ’, ‘ਮੋਢੇ ਨਾਲ ਮੋਢਾ ਖਹਿ ਗਿਆ’ ਅਤੇ ਵੱਖ-ਵੱਖ ਚੈਨਲਾਂ ’ਤੇ ਪ੍ਰਸਾਰਿਤ ਗੀਤ ‘ਗੋਰੀ ਦਾ ਕੀ ਹੱਥ ’ਚੋਂ ਰੁਮਾਲ ਡਿੱਗਿਆ’ ਅਤੇ ਕਈ ਹੋਰ ਮਕਬੂਲ ਗੀਤ ਜਸਮੇਰ ਮੀਆਂਪੁਰੀ ਦੀ ਸਟੇਜ ਪੇਸ਼ਕਾਰੀ ਨੂੰ ਹੋਰ ਵੀ ਚਾਰ ਚੰਨ ਲਾਉਂਦੇ ਹਨ। ਇਹ ਫਨਕਾਰ ਸਟੇਜ ਪ੍ਰੋਗਰਾਮਾਂ ’ਚ ਰੁੱਝਿਆ ਹੋਣ ਦੇ ਬਾਵਜੂਦ ਜ਼ਿਆਦਾਤਰ ਗੀਤ ਆਪ ਲਿਖਦਾ ਹੈ। ਯੋਗਰਾਜ ਅਤੇ ਮੁਕੇਸ਼ ਸ਼ਰਮਾ ਦੀ ਪੰਜਾਬੀ ਫਿਲਮ ਲਈ ਵੀ ਗਾ ਚੁੱਕਾ ਜਸਮੇਰ ਮੀਆਂਪੁਰੀ ਆਪਣੀ ਆਗਾਮੀ ਫਿਲਮ ‘ਹੌਸਲਾ’ ਦੇ ਗੀਤ ਦੀ ਤਿਆਰੀ ਵਿੱਚ ਰੁੱਝਾ ਹੋਇਆ ਹੈ।
ਸੰਪਰਕ: 94630-90782

