DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਵਿਸ਼ਵ ਦੀ ਸਰਬੋਤਮ ਅਥਲੀਟ ਜੈਕੀ ਜੋਏਨਰ

ਜੈਕੀ ਜੋਏਨਰ ਦਾ ਪੂਰਾ ਨਾਂ ਜੈਕੁਲਿਨ ਜੋਏਨਰ ਕਰਸੀ ਹੈ। ਉਹਦੀ ਦਾਦੀ ਨੇ ਉਸ ਦਾ ਨਾਂ ਜੈਕੁਲਿਨ ‘ਜੈਕੀ’ ਅਮਰੀਕਾ ਦੀ ਪ੍ਰਥਮ ਲੇਡੀ ਜੈਕੁਲਿਨ ਕੈਨੇਡੀ ਦੇ ਨਾਂ ਦੀ ਨਕਲ ਕਰਦਿਆਂ ਰੱਖਿਆ ਸੀ। ਉਦੋਂ ਕਿਸੇ ਦੇ ਖ਼ਾਬ ਖ਼ਿਆਲ ਵਿੱਚ ਵੀ ਨਹੀਂ ਹੋਣਾ ਕਿ...

  • fb
  • twitter
  • whatsapp
  • whatsapp
Advertisement

ਜੈਕੀ ਜੋਏਨਰ ਦਾ ਪੂਰਾ ਨਾਂ ਜੈਕੁਲਿਨ ਜੋਏਨਰ ਕਰਸੀ ਹੈ। ਉਹਦੀ ਦਾਦੀ ਨੇ ਉਸ ਦਾ ਨਾਂ ਜੈਕੁਲਿਨ ‘ਜੈਕੀ’ ਅਮਰੀਕਾ ਦੀ ਪ੍ਰਥਮ ਲੇਡੀ ਜੈਕੁਲਿਨ ਕੈਨੇਡੀ ਦੇ ਨਾਂ ਦੀ ਨਕਲ ਕਰਦਿਆਂ ਰੱਖਿਆ ਸੀ। ਉਦੋਂ ਕਿਸੇ ਦੇ ਖ਼ਾਬ ਖ਼ਿਆਲ ਵਿੱਚ ਵੀ ਨਹੀਂ ਹੋਣਾ ਕਿ ਪੱਛੜੇ ਗ਼ਰੀਬ ਘਰ ਦੀ ਬੱਚੀ 20ਵੀਂ ਸਦੀ ਦੀ ਸਭ ਤੋਂ ਤਕੜੀ ਅਥਲੀਟ ਬਣੇਗੀ ਜੋ ਖੇਡਾਂ ’ਚ ਸੱਚੀਂ ਅਮਰੀਕਾ ਦੀ ਪ੍ਰਥਮ ਲੇਡੀ ਸਾਬਤ ਹੋਵੇਗੀ। ਉਹ ਆਪਣੀ ਸਖ਼ਤ ਮਿਹਨਤ ਤੇ ਕੋਚਾਂ ਦੀ ਸੁਚੱਜੀ ਕੋਚਿੰਗ ਨਾਲ ਅਜਿਹੀ ਸਰਬਪੱਖੀ ਅਥਲੀਟ ਬਣੀ ਕਿ ਉਸ ਨੂੰ ਮਿਲੇ ਵਿਸ਼ਵ ਪੱਧਰ ਦੇ ਮਾਣ ਸਨਮਾਨਾਂ ਦਾ ਕੋਈ ਅੰਤ ਨਾ ਰਿਹਾ। ਹੁਣ ਉਹ ਪੁੰਗਰਦੇ ਖਿਡਾਰੀਆਂ ਨੂੰ ਵੱਡੀਆਂ ਮੱਲਾਂ ਮਾਰਨ ਲਈ ਤਿਆਰ ਕਰ ਰਹੀ ਹੈ।

ਜਿਵੇਂ ਮਰਦਾਂ ਦਾ ਸਭ ਤੋਂ ਔਖਾ ਈਵੈਂਟ ਡੀਕੈਥਲਨ ਗਿਣਿਆ ਜਾਂਦਾ ਹੈ, ਉਵੇਂ ਔਰਤਾਂ ਦਾ ਸਭ ਤੋਂ ਔਖਾ ਈਵੈਂਟ ਹੈਪਟੈਥਲਨ ਹੈ। ਉਸ ਵਿੱਚ 100 ਮੀਟਰ ਹਰਡਲਜ਼ ਦੌੜ, ਉੱਚੀ ਛਾਲ, ਗੋਲਾ ਸੁੱਟਣਾ, 200 ਮੀਟਰ ਦੌੜ, ਲੰਮੀ ਛਾਲ, ਜੈਵਲਿਨ ਸੁੱਟਣਾ ਤੇ 800 ਮੀਟਰ ਦੌੜ ਦੇ ਈਵੈਂਟ ਹੁੰਦੇ ਹਨ। ਹਰੇਕ ਈਵੈਂਟ ਦੀ ਕਾਰਗੁਜ਼ਾਰੀ ਅਨੁਸਾਰ ਅੰਕ ਜੋੜੇ ਜਾਂਦੇ ਹਨ। ਸਿਓਲ-1988 ਦੀਆਂ ਓਲੰਪਿਕ ਖੇਡਾਂ ’ਚ ਹੈਪਟੈਥਲਨ ਦਾ 7291 ਅੰਕਾਂ ਦਾ ਵਿਸ਼ਵ ਰਿਕਾਰਡ ਅਜੇ ਵੀ ਉਹਦੇ ਨਾਂ ਖੜ੍ਹਾ ਹੈ। ਉੱਥੇ ਉਸ ਨੇ 100 ਮੀਟਰ ਹਰਡਲਜ਼ ਦੌੜ 12.69 ਸਕਿੰਟ, 200 ਮੀਟਰ 22.56 ਸਕਿੰਟ, 800 ਮੀਟਰ 2 ਮਿੰਟ 8.51 ਸਕਿੰਟ, ਲੰਮੀ ਛਾਲ 7.27 ਮੀਟਰ ਤੇ ਉੱਚੀ ਛਾਲ 1.86 ਮੀਟਰ ਵਿੱਚ ਲਾਈ। ਗੋਲ਼ਾ 15.80 ਮੀਟਰ ਤੇ ਜੈਵਲਿਨ 45.66 ਮੀਟਰ ਸੁੱਟਿਆ। ਉਹਦੇ ਸਭ ਤੋਂ ਵੱਧ ਅੰਕ ਲੰਮੀ ਛਾਲ ਦੇ ਹੁੰਦੇ ਸਨ ਜਿਸ ਵਿੱਚ ਉਹ ਵਿਸ਼ਵ ਚੈਂਪੀਅਨ ਵੀ ਬਣਦੀ ਰਹੀ। ਉਂਜ ਉਸ ਦਾ 100 ਮੀਟਰ ਹਰਡਲਜ਼ ਦੌੜ ਦਾ ਬਿਹਤਰੀਨ ਸਮਾਂ 12.61 ਸਕਿੰਟ, ਲੰਮੀ ਛਾਲ 7.49 ਮੀਟਰ, ਉੱਚੀ ਛਾਲ 1.93 ਮੀਟਰ, 200 ਮੀਟਰ ਦੌੜ 22.30 ਸਕਿੰਟ, ਸ਼ਾਟ ਪੁੱਟ 16.84 ਮੀਟਰ, ਜੈਵਲਿਨ ਥਰੋਅ 50.12 ਮੀਟਰ ਤੇ 800 ਮੀਟਰ ਦੌੜ 2 ਮਿੰਟ 8.51 ਸਕਿੰਟ ਹੈ।

Advertisement

ਸਿਆਹਫਾਮ ਨਸਲ ਦੀ ਸਾਧਾਰਨ ਕੁੜੀ ਨੇ ਉਹ ਕੁਝ ਕਰ ਵਿਖਾਇਆ ਜੋ ਕਰੋੜਾਂ ਕੁੜੀਆਂ ਲਈ ਲਟ-ਲਟ ਜਗਦੀ ਮਿਸਾਲ ਹੈ। ਉਸ ਨੇ ਚਾਰ ਓਲੰਪਿਕ ਖੇਡਾਂ ’ਚ ਭਾਗ ਲਿਆ ਜਿਨ੍ਹਾਂ ਵਿੱਚੋਂ 3 ਗੋਲਡ, 1 ਸਿਲਵਰ ਤੇ 2 ਕਾਂਸੀ ਦੇ ਮੈਡਲ ਜਿੱਤੇ। ਨੈਸ਼ਨਲ ਤੇ ਇੰਟਰਨੈਸ਼ਨਲ ਅਥਲੈਟਿਕਸ ਮੀਟਾਂ ਦੇ ਅਨੇਕ ਮੈਡਲ ਜਿੱਤਣ ਨਾਲ ਉਸ ਨੇ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪਾਂ ’ਚੋਂ ਵੀ 4 ਗੋਲਡ ਮੈਡਲ ਜਿੱਤੇ। ਉਹ ਹੁਣ 64ਵੇਂ ਸਾਲ ’ਚ ਵਿਚਰ ਰਹੀ ਹੈ ਅਤੇ ਗ਼ਰੀਬ ਬੱਚਿਆਂ ਲਈ ਭਲਾਈ ਸਕੀਮਾਂ ਤੇ ਕਈ ਹੋਰ ਪ੍ਰੋਗਰਾਮ ਚਲਾ ਰਹੀ ਹੈ।

Advertisement

ਉਸ ਦਾ ਜਨਮ ਅਮਰੀਕਾ ਦੀ ਸਟੇਟ ਇਲਿਨੋਇਸ ਦੇ ਸ਼ਹਿਰ ਈਸਟ ਸੇਂਟ ਲੂਈ ਵਿੱਚ 3 ਮਾਰਚ 1963 ਨੂੰ ਮੇਰੀ ਜੋਏਨਰ ਦੀ ਕੁੱਖੋਂ ਐੱਲਫ੍ਰੈੱਡ ਜੋਏਨਰ ਦੇ ਘਰ ਹੋਇਆ ਸੀ। ਉਨ੍ਹਾਂ ਦੇ ਤਿੰਨ ਬੱਚੇ ਹੋਰ ਹਨ। ਅਲ ਜੋਏਨਰ, ਡੇਬਰਾ ਮੈਕਨਾਇਰ ਤੇ ਅੰਗੇਲਾ ਜੋਏਨਰ। ਅਲ ਜੋਏਨਰ ਤੀਹਰੀ ਛਾਲ ਦਾ ਓਲੰਪਿਕ ਚੈਂਪੀਅਨ ਬਣ ਚੁੱਕਾ ਹੈ। ਜੈਕੀ ਨੇ ਆਪਣੀ ਪੜ੍ਹਾਈ ਈਸਟ ਸੇਂਟ ਲੂਈ ਸਕੂਲ ਤੋਂ ਕੀਤੀ ਜਿੱਥੇ ਉਸ ਨੂੰ ਵਾਲੀਬਾਲ, ਬਾਸਕਟਬਾਲ ਤੇ ਅਥਲੈਟਿਕਸ ਆਦਿ ਖੇਡਾਂ ਦੀ ਜਾਗ ਲੱਗੀ।

ਉਹ ਅਜੇ 9 ਸਾਲ ਦੀ ਸੀ ਕਿ ਸਪੈਸ਼ਲ ਕਮਿਊਨਟੀ ਪ੍ਰੋਗਰਾਮ ਵਿੱਚ ਸ਼ਾਮਲ ਹੋ ਗਈ। ਪਹਿਲਾਂ ਉਹ ਦੁਬਲੀ ਪਤਲੀ ਲੜਕੀ ਸੀ, ਪਰ ਖੇਡਾਂ ਖੇਡਦੀ ਦਾ ਸਰੀਰ ਭਰਦਾ ਗਿਆ ਤੇ ਕੱਦ ਕਾਠ ਵੀ ਵਧਦਾ ਗਿਆ। ਉਹਦਾ ਕੱਦ 5 ਫੁੱਟ 10 ਇੰਚ ਹੋ ਗਿਆ ਤੇ ਵਜ਼ਨ ਵੀ 70 ਕਿਲੋ ਦੇ ਨੇੜ ਪੁੱਜ ਗਿਆ। ਅੱਲ੍ਹੜ ਉਮਰੇ ਉਹ ਜੂਨੀਅਰ ਨੈਸ਼ਨਲ ਅਥਲੈਟਿਕਸ ਚੈਂਪੀਅਨਸ਼ਿਪਾਂ ’ਚੋਂ ਪੈਂਟੈਥਲਨ ਦੇ ਮੁਕਾਬਲੇ ਜਿੱਤਣ ਲੱਗ ਪਈ। ਚਾਰ ਵਾਰ ਉਹ ਜੂਨੀਅਰ ਪੈਂਟੈਥਲਨ ਚੈਂਪੀਅਨ ਬਣੀ। ਇੱਥੋਂ ਤੱਕ ਕਿ ਸਕੂਲ ਦੀਆਂ ਵਾਲੀਬਾਲ ਤੇ ਬਾਸਕਟਬਾਲ ਟੀਮਾਂ ਨੂੰ ਵੀ ਅੰਤਰ ਸਕੂਲ ਮੁਕਾਬਲਿਆਂ ਵਿੱਚ ਜਿਤਾਉਣ ’ਚ ਮੋਹਰੀ ਰਹੀ। ਸਕੂਲੀ ਵਿਦਿਆਰਥਣ ਹੁੰਦਿਆਂ ਉਹ ਅਥਲੈਟਿਕਸ ਦੇ ਜੂਨੀਅਰ ਨੈਸ਼ਨਲ ਮੁਕਾਬਲਿਆਂ ਵਿੱਚ ਛਾ ਗਈ। ਉਸ ਨੇ ਅਜਿਹੀ ਹੋਣਹਾਰੀ ਵਿਖਾਈ ਕਿ 20 ਫੁੱਟ 7.5 ਇੰਚ ਲੰਮੀ ਛਾਲ ਲਾ ਕੇ ਇਲਿਨੋਇਸ ਸਟੇਟ ਦਾ ਨਵਾਂ ਜੂਨੀਅਰ ਰਿਕਾਰਡ ਰੱਖ ਦਿੱਤਾ। ਪੜ੍ਹਾਈ ’ਚ ਵੀ ਉਹ ਬੜੀ ਹੁਸ਼ਿਆਰ ਰਹੀ। ਸਕੂਲ ਦੀ ਗ੍ਰੇਜੂਏਸ਼ਨ ਕਰਦਿਆਂ ਉਸ ਨੂੰ ਯੂਨੀਵਰਸਿਟੀ ਆਫ ਕੈਲੀਫੋਰਨੀਆ, ਲਾਸ ਏਂਜਲਸ ਦਾ ਵਜ਼ੀਫ਼ਾ ਮਿਲ ਗਿਆ ਜਿੱਥੇ ਅਮਰੀਕਾ ਦਾ ਮੰਨਿਆ ਦੰਨਿਆ ਅਥਲੈਟਿਕਸ ਕੋਚ ਬੌਬ ਕਰਸੀ ਕੋਚਿੰਗ ਦਿੰਦਾ ਸੀ।

ਪਹਿਲਾਂ ਉਹ ਬਾਸਕਟਬਾਲ ਖੇਡਣ ਲੱਗੀ, ਫਿਰ ਵਾਲੀਬਾਲ, ਆਖ਼ਰ ਅਥਲੈਟਿਕਸ ਵੱਲ ਖਿੱਚੀ ਗਈ। ਹੈਰਾਨੀ ਦੀ ਗੱਲ ਇਹ ਹੋਈ ਕਿ ਸੇਂਟ ਲੂਈ ਲਿੰਕੋਲਨ ਸੀਨੀਅਰ ਹਾਈ ਸਕੂਲ ਵਿੱਚ ਪੜ੍ਹਦਿਆਂ ਉਹ 1980 ਦੀਆਂ ਓਲੰਪਿਕ ਖੇਡਾਂ ਲਈ ਅਮਰੀਕਾ ਦੀ ਟੀਮ ਦੇ ਟਰਾਇਲਾਂ ਵੇਲੇ ਫਾਈਨਲ ਰਾਊਂਡ ਲਈ ਕੁਆਲੀਫਾਈ ਕਰ ਗਈ ਤੇ 8ਵੇਂ ਸਥਾਨ ’ਤੇ ਰਹੀ। ਉਹ ਟਰੈਕ ਸਟਾਰ ਬੇਬ ਡਿਡਰਿਕਸਨ ਤੋਂ ਪ੍ਰਭਾਵਿਤ ਹੋ ਕੇ ਹੈਪਟੈਥਲਨ ਕਰਨ ਲੱਗੀ ਸੀ। ਡਿਡਰਿਕਸਨ 20ਵੀਂ ਸਦੀ ਦੇ ਪਹਿਲੇ ਅੱਧ ਦੀ ਸਰਬੋਤਮ ਸਟਾਰ ਅਥਲੀਟ ਚੁਣੀ ਗਈ ਸੀ। ਇਹ ਮਾਣ ਉਸ ਨੂੰ ਸਪੋਰਟਸ ਇਲੱਸਟ੍ਰੇਟਡ ਫਾਰ ਵਿਮੈੱਨ ਮੈਗਜ਼ੀਨ ਨੇ ਦਿੱਤਾ ਸੀ। ਪੰਦਰਾਂ ਸਾਲਾਂ ਬਾਅਦ ਉਹਦੇ ਤੋਂ ਵੀ ਵੱਡਾ ਸਨਮਾਨ ਜੈਕੀ ਜੋਏਨਰ ਕਰਸੀ ਨੂੰ ਮਿਲਿਆ। ਉਸ ਨੂੰ 20ਵੀਂ ਸਦੀ ਦੀ ਸਰਬੋਤਮ ਅਥਲੀਟ ਐਲਾਨਿਆ ਗਿਆ।

ਜੈਕੀ 1980-85 ਵਿੱਚ ਯੂਨੀਵਰਸਿਟੀ ਆਫ ਕੈਲੀਫੋਰਨੀਆ, ਲਾਸ ਏਂਜਲਸ ਦੀ ਵਿਦਿਆਰਥਣ ਰਹੀ। ਉੱਥੇ ਉਹ ਅਥਲੈਟਿਕਸ ਨਾਲ ਯੂਨੀਵਰਸਿਟੀ ਦੀ ਬਾਸਕਟਬਾਲ ਟੀਮ ਵਿੱਚ ਵੀ ਖੇਡਦੀ ਰਹੀ। ਹਾਲਾਂਕਿ ਵਜ਼ੀਫ਼ਾ ਉਸ ਨੂੰ ਅਥਲੀਟ ਵਜੋਂ ਮਿਲਿਆ ਸੀ। ਉਹ ਨਿੱਤ ਨਵੀਆਂ ਜਿੱਤਾਂ ਵੱਲ ਵਧ ਰਹੀ ਸੀ ਕਿ ਉਹਦੀ ਮਾਂ ਦੀ ਮੌਤ ਹੋ ਗਈ। ਉੱਥੇ ਬੌਬ ਕਰਸੀ ਉਹਦਾ ਹਮਦਰਦ ਬਣਿਆ ਰਿਹਾ। ਉਸ ਨੇ ਜੈਕੀ ਨੂੰ ਹੌਸਲਾ ਤੇ ਦਿਲਾਸਾ ਦਿੱਤਾ। ਔਖੇ ਸਮੇਂ ਕੋਚ ਨੇ ਆਪਣੇ ਟ੍ਰੇਨੀ ਦਾ ਦਿਲ ਧਰਾਇਆ ਤੇ ਉਸ ਨੂੰ ਆਪਣੀ ਖੇਡ ਤੋਂ ਡੋਲਣ ਨਾ ਦਿੱਤਾ। ਇੰਜ ਉਹ ਇੱਕ-ਦੂਜੇ ਦੇ ਹੋਰ ਨੇੜੇ ਆ ਗਏ ਤੇ ਕੁਝ ਸਮੇਂ ਬਾਅਦ ਵਿਆਹ ਬੰਧਨ ਵਿੱਚ ਬੱਝ ਗਏ। ਉਨ੍ਹਾਂ ਦਾ ਵਿਆਹ ਜੋਏਨਰ ਤੇ ਕਰਸੀ ਪਰਿਵਾਰ ਦੇ ਐਸਾ ਰਾਸ ਆਇਆ ਕਿ ਦੋਹਾਂ ਪਰਿਵਾਰਾਂ ਵਿੱਚ ਓਲੰਪਿਕ ਚੈਂਪੀਅਨ ਬਣਨ ਲੱਗੇ। ਜੈਕੀ ਜੋਏਨਰ ਦੀ ਨਣਦ ਫਲੋਰੈਂਸ ਗ੍ਰਿਫਥ ਜੋਏਨਰ ਵੀ ਓਲੰਪਿਕ ਖੇਡਾਂ ’ਚੋਂ ਮੈਡਲ ’ਤੇ ਮੈਡਲ ਜਿੱਤੀ।

ਜੈਕੀ ਜੋਏਨਰ ਦੀ ਟ੍ਰੇਨਿੰਗ ਤਾਂ ਭਾਵੇਂ ਸਕੂਲੇ ਪੜ੍ਹਦਿਆਂ ਵੀ ਚੱਲਦੀ ਸੀ, ਪਰ ਵਧੇਰੇ ਸਾਇੰਟੇਫਿਕ ਸਿਖਲਾਈ ਲਾਸ ਏਂਜਲਸ ਦੀ ਯੂਨੀਵਰਸਿਟੀ ਵਿੱਚ ਸ਼ੁਰੂ ਹੋਈ। ਉੱਥੇ ਉਹਦਾ ਕੋਚ ਬੌਬ ਕਰਸੀ ਨੂੰ ਮਿਲਣਾ ਉਹਦੇ ਜੀਵਨ ’ਚ ਅਹਿਮ ਮੋੜ ਸੀ। ਤਦ ਤੱਕ ਉਹ 18 ਸਾਲਾਂ ਦੀ ਹੋ ਗਈ ਸੀ। ਮਾਸਕੋ ਦੀਆਂ ਓਲੰਪਿਕ ਖੇਡਾਂ ਲੰਘ ਗਈਆਂ ਸਨ ਜਿਨ੍ਹਾਂ ’ਚ ਅਮਰੀਕਾ ਨੇ ਭਾਗ ਨਹੀਂ ਸੀ ਲਿਆ। ਉਦੋਂ ਉਸ ਨੇ 1984 ਦੀਆਂ ਓਲੰਪਿਕ ਖੇਡਾਂ ’ਚੋਂ ਮੈਡਲ ਜਿੱਤਣ ਦਾ ਟੀਚਾ ਮਿਥ ਲਿਆ ਜੋ ਅਮਰੀਕਾ ਦੇ ਸ਼ਹਿਰ ਲਾਸ ਏਂਜਲਸ ਵਿੱਚ ਹੀ ਹੋਣੀਆਂ ਸਨ। ਉਹਦੇ ਭਾਗਾਂ ਨੂੰ 1981 ਤੋਂ ਔਰਤਾਂ ਲਈ ਪੈਂਟੈਥਲਨ ਦੀ ਥਾਂ ਹੈਪਟੈਥਲਨ ਈਵੈਂਟ ਸ਼ੁਰੂ ਹੋ ਗਿਆ ਸੀ।

ਜੈਕੀ ਜੋਏਨਰ ਬਚਪਨ ਤੋਂ ਦਮੇ ਦੀ ਮਰੀਜ਼ ਸੀ। ਫਿਰ ਵੀ ਉਸ ਨੇ ਦਮੇ ਨੂੰ ਆਪਣੀ ਖੇਡ ਵਿੱਚ ਰੋੜਾ ਨਾ ਬਣਨ ਦਿੱਤਾ, ਪਰ 1984 ਦੀਆਂ ਓਲੰਪਿਕ ਖੇਡਾਂ ਤੋਂ ਪਹਿਲਾ ਉਹ ਹੈਮਸਟਰਿੰਗ ਖਿੱਚੇ ਜਾਣ ਕਾਰਨ ਕਾਫ਼ੀ ਸਮਾਂ ਪ੍ਰੈਕਟਿਸ ਨਹੀਂ ਸੀ ਕਰ ਸਕੀ। ਜਦੋਂ ਠੀਕ ਹੋਈ ਤਾਂ ਮੁੜ ਮੈਦਾਨ ਵਿੱਚ ਆ ਨਿੱਤਰੀ ਤੇ ਟਰਾਇਲਾਂ ਵਿੱਚ ਹੈਪਟੈਥਲਨ ਈਵੈਂਟ ਦੇ ਲੋੜੀਂਦੇ ਅੰਕ ਬਣਾ ਕੇ ਅਮਰੀਕਾ ਦੀ ਟੀਮ ਵਿੱਚ ਚੁਣੀ ਗਈ। ਓਲੰਪਿਕ ਖੇਡਾਂ ਵਿੱਚ ਬੜਾ ਜਬਰਦਸਤ ਮੁਕਾਬਲਾ ਹੋਇਆ। ਕੇਵਲ 5 ਅੰਕਾਂ ਦੇ ਫਰਕ ਨਾਲ ਉਹ ਗੋਲਡ ਮੈਡਲ ਜਿੱਤਦੀ-ਜਿੱਤਦੀ ਸਿਲਵਰ ਮੈਡਲ ਹੀ ਜਿੱਤ ਸਕੀ, ਪਰ ਉਸ ਜਿੱਤ ਨਾਲ ਉਹਦਾ ਓਲੰਪਿਕ ਖੇਡਾਂ ’ਚੋਂ ਮੈਡਲ ਜਿੱਤਣ ਦਾ ਦੌਰ ਸ਼ੁਰੂ ਹੋ ਗਿਆ। 1985 ਵਿੱਚ ਉਸ ਨੇ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕਰ ਲਈ ਤੇ 1986 ਵਿੱਚ ਉਹਦਾ ਕੋਚ ਬੌਬ ਕਰਸੀ ਨਾਲ ਵਿਆਹ ਹੋ ਗਿਆ। ਤਦ ਤੱਕ ਉਹ 23 ਸਾਲਾਂ ਦੀ ਹੋ ਚੁੱਕੀ ਸੀ।

ਸੱਤ ਜੁਲਾਈ 1986 ਨੂੰ ਮਾਸਕੋ ਦੀਆਂ ਗੁਡਵਿੱਲ ਗੇਮਜ਼ ਵਿੱਚ ਉਸ ਨੇ ਹੈਪਟੈਥਲਨ ਦੇ ਈਵੈਂਟ ’ਚੋਂ 7148 ਅੰਕ ਹਾਸਲ ਕਰ ਕੇ ਨਵਾਂ ਵਿਸ਼ਵ ਰਿਕਾਰਡ ਸਥਾਪਿਤ ਕਰ ਦਿੱਤਾ। ਉਹ ਪਹਿਲੇ ਵਿਸ਼ਵ ਰਿਕਾਰਡ ਤੋਂ 202 ਅੰਕ ਵੱਧ ਸੀ। ਇਹ ਵਰਣਨਯੋਗ ਹੈ ਕਿ ਹੈਪਟੈਥਲਨ ਵਿੱਚ 7000 ਅੰਕਾਂ ਦਾ ਬੈਰੀਅਰ ਪਹਿਲੀ ਵਾਰ ਜੈਕੀ ਜੋਏਨਰ ਨੇ ਹੀ ਤੋੜਿਆ ਜੋ ਬਾਅਦ ਵਿੱਚ ਟੁੱਟਦਾ ਹੋਇਆ 7291 ਅੰਕਾਂ ਤੱਕ ਜਾ ਪੁੱਜਾ। ਇਹ ਮਾਅਰਕਾ ਜੈਕੀ ਨੇ ਸਿਓਲ-1988 ਦੀਆਂ ਓਲੰਪਿਕ ਖੇਡਾਂ ਵਿੱਚ ਮਾਰਿਆ। ਉੱਥੇ ਉਸ ਨੇ 2 ਗੋਲਡ ਮੈਡਲ ਜਿੱਤੇ। ਦੂਜਾ ਗੋਲਡ ਮੈਡਲ ਲੰਮੀ ਛਾਲ ਲਾਉਣ ਵਿੱਚ ਜਿੱਤਿਆ ਤੇ ਦੋਹਾਂ ਈਵੈਂਟਾਂ ’ਚ ਨਵੇਂ ਓਲੰਪਿਕ ਦੇ ਵਿਸ਼ਵ ਰਿਕਾਰਡ ਸਥਾਪਿਤ ਕੀਤੇ। ਸਿਓਲ ਦੀਆਂ ਓਲੰਪਿਕ ਖੇਡਾਂ ’ਚ ਬਣਾਇਆ ਉਸ ਦਾ 7291 ਅੰਕਾਂ ਦਾ ਰਿਕਾਰਡ 9 ਓਲੰਪਿਕਸ ਲੰਘ ਜਾਣ ਬਾਅਦ ਵੀ ਕਾਇਮ ਹੈ। ਸਿਓਲ ਵਿੱਚ ਹੈਪਟੈਥਲਨ ਤੋਂ 5 ਦਿਨਾਂ ਬਾਅਦ ਲੰਮੀ ਛਾਲ ਦਾ ਮੁਕਾਬਲਾ ਸੀ। ਉਸ ਵਿੱਚ ਵੀ ਜੈਕੀ ਨੇ 7.40 ਮੀਟਰ ਯਾਨੀ 24 ਫੁੱਟ ਸਵਾ 3 ਇੰਚ ਲੰਮੀ ਛਾਲ ਲਾ ਕੇ ਨਵਾਂ ਓਲੰਪਿਕ ਰਿਕਾਰਡ ਰੱਖਿਆ ਸੀ। ਜੈਕੀ ਜੋਇਨਰ ਅਮਰੀਕਾ ਦੀ ਪਹਿਲੀ ਔਰਤ ਅਥਲੀਟ ਹੈ ਜਿਸ ਨੇ ਪਹਿਲੀ ਵਾਰ ਹੈਪਟੈਥਲਨ ਤੇ ਪਹਿਲੀ ਵਾਰ ਹੀ ਲੰਮੀ ਛਾਲ ’ਚੋਂ ਅਮਰੀਕਾ ਲਈ ਗੋਲਡ ਮੈਡਲ ਜਿੱਤੇ। ਇਹ ਵੱਖਰੀ ਗੱਲ ਹੈ ਕਿ ਜੈਕੀ ਜੋਏਨਰ ਉਤੇ ਦੋਸ਼ ਲੱਗਦੇ ਰਹੇ ਕਿ ਉਸ ਦਾ ਕੋਚ ਪਤੀ ਉਸ ਨੂੰ ਪ੍ਰਫਾਰਮੈਂਸ ਵਧਾਉਣ ਵਾਲੀਆਂ ਦਵਾਈਆਂ ਦਿੰਦਾ ਸੀ, ਪਰ ਪੜਤਾਲ ਕਰਨ ਉਤੇ ਅਜਿਹੇ ਦੋਸ਼ ਸੱਚੇ ਸਾਬਤ ਨਾ ਹੋ ਸਕੇ।

ਸਾਲ 1992 ’ਚ ਬਾਰਸੀਲੋਨਾ ਦੀਆਂ ਓਲੰਪਿਕ ਖੇਡਾਂ ਵਿੱਚ ਜੈਕੀ ਪਹਿਲੀ ਅਥਲੀਟ ਸੀ ਜਿਹੜੀ ਲਗਾਤਾਰ ਦੂਜੀ ਵਾਰ ਓਲੰਪਿਕ ਖੇਡਾਂ ’ਚੋਂ ਹੈਪਟੈਥਲਨ ਦਾ ਸੋਨ ਤਗ਼ਮਾ ਜਿੱਤੀ। ਐਟਲਾਂਟਾ-1996 ਦੀਆਂ ਓਲੰਪਿਕ ਖੇਡਾਂ ’ਚੋਂ ਉਸ ਨੇ ਲੰਮੀ ਛਾਲ ਲਾਉਣ ’ਚ ਤਾਂਬੇ ਦਾ ਤਗ਼ਮਾ ਜਿੱਤਿਆ। ਉਸ ਈਵੈਂਟ ਵਿੱਚ ਹੈਮਸਟਰਿੰਗ ਖਿੱਚੇ ਜਾਣ ਕਾਰਨ ਉਹ ਹੈਪਟੈਥਲਨ ਦੇ ਅਗਲੇ ਈਵੈਂਟਾਂ ਵਿੱਚ ਭਾਗ ਨਾ ਲੈ ਸਕੀ ਜਿਸ ਨਾਲ ਉਸ ਦਾ ਹੈਪਟੈਥਲਨ ’ਚੋਂ ਤੀਜਾ ਮੈਡਲ ਜਿੱਤਣ ਦਾ ਸੁਫ਼ਨਾ ਸਾਕਾਰ ਨਾ ਹੋ ਸਕਿਆ। ਹੈਪਟੈਥਲਨ ਵਿੱਚ ਪਹਿਲੇ ਦਿਨ 100 ਮੀਟਰ ਹਰਡਲਾਂ ਦੀ ਦੌੜ, ਉੱਚੀ ਛਾਲ, ਗੋਲਾ ਸੁੱਟਣ ਤੇ 200 ਮੀਟਰ ਦੀ ਦੌੜ ਲੱਗਦੀ ਹੈ ਅਤੇ ਦੂਜੇ ਦਿਨ ਲੰਮੀ ਛਾਲ, ਜੈਵਲਿਨ ਥਰੋਅ ਤੇ 800 ਮੀਟਰ ਦੀ ਦੌੜ ਹੁੰਦੀ ਹੈ। ਜੈਕੀ ਦੇ ਤਿੰਨ ਈਵੈਂਟ ਲੰਮੀ ਛਾਲ, 100 ਮੀਟਰ ਹਰਡਲਜ਼, 200 ਮੀਟਰ ਦੌੜ ਤੇ ਉੱਚੀ ਛਾਲ ਹੋਰਨਾਂ ਨਾਲੋਂ ਬਿਹਤਰ ਅੰਕ ਲੈਂਦੇ ਸਨ। ਲੰਮੀ ਛਾਲ ਲਾਉਣ ਵਿੱਚ ਤਾਂ ਉਹਦਾ ਵਿਸ਼ਵ ਰਿਕਾਰਡ ਸੀ ਜੋ 7.45 ਮੀਟਰ ਤੱਕ ਪੁੱਜ ਗਿਆ ਸੀ।

2000 ਵਿੱਚ ਹੋਣ ਵਾਲੀਆਂ ਓਲੰਪਿਕ ਖੇਡਾਂ ’ਚ ਉਹ ਪੰਜਵੀਂ ਵਾਰ ਭਾਗ ਲੈਣਾ ਚਾਹੁੰਦੀ ਸੀ, ਪਰ ਵਧਦੀ ਉਮਰ ਨੇ ਉਹਦਾ ਸਾਥ ਨਾ ਦਿੱਤਾ। ਅਮਰੀਕਾ ਦੀ ਅਥਲੈਟਿਕਸ ਵਿੱਚ ਚੁਣੇ ਜਾਣ ਲਈ ਟਰਾਇਲ ਦਿੱਤੇ, ਪਰ ਚੁਣੀ ਨਾ ਜਾ ਸਕੀ। ਉਸ ਨੇ ਅਥਲੈਟਿਕਸ ਦੀਆਂ ਵਿਸ਼ਵ ਚੈਂਪੀਅਨਸ਼ਿਪਾਂ ’ਚੋਂ ਵੀ ਹੈਪਟੈਥਲਨ ਤੇ ਲੰਮੀ ਛਾਲ ਦੇ ਈਵੈਂਟਾਂ ’ਚੋਂ 4 ਗੋਲਡ ਮੈਡਲ ਜਿੱਤੇ। ਆਖ਼ਰ ਉਹ ਸਰਗਰਮ ਅਥਲੈਟਿਕਸ ਤੋਂ ਰਿਟਾਇਰ ਹੋ ਗਈ ਤੇ ਦਾਨੀ ਸੰਸਥਾਵਾਂ ਨਾਲ ਜੁੜ ਗਈ।

1988 ਵਿੱਚ ਉਸ ਨੇ ਆਪਣੇ ਪਤੀ ਨਾਲ ਰਲ ਕੇ ਜੈਕੀ ਜੋਏਨਰ ਕਰਸੀ ਨਾਂ ਦੀ ਫਾਊਂਡੇਸ਼ਨ ਸਥਾਪਿਤ ਕਰ ਲਈ ਸੀ। ਉਸ ਰਾਹੀਂ ਉਹ ਬਿਮਾਰ ਤੇ ਗ਼ਰੀਬ ਬੱਚਿਆਂ ਦੀ ਮਦਦ ਕਰਦੇ ਖ਼ਾਸ ਕਰਕੇ ਆਪਣੇ ਸ਼ਹਿਰ ਈਸਟ ਸੇਂਟ ਲੂਈ ਦੇ ਬੱਚਿਆਂ ਨੂੰ ਇਮਦਾਦ ਦਿੰਦੇ। 2007 ਵਿੱਚ ਉਸ ਨੇ ‘ਹੋਪ’ ਨਾਂ ਹੇਠ ਅਥਲੀਟਾਂ ਨੂੰ ਸਿਖਲਾਈ ਦੇਣੀ ਸ਼ੁਰੂ ਕਰ ਲਈ। 1997 ਵਿੱਚ ਉਸ ਨੇ ਸੋਂਜਾ ਸਟੈਪਟੋ ਨਾਲ ਮਿਲ ਕੇ ਆਪਣੀਆਂ ਯਾਦਾਂ ਦੀ ਪੁਸਤਕ ‘ਏ ਕਾਈਂਡ ਆਫ ਗ੍ਰੇਸ: ਦਿ ਆਟੋਗਰਾਫੀ ਆਫ ਦਿ ਵਰਲਡ’ਜ਼ ਗ੍ਰੇਟੈਸਟ ਫੀਮੇਲ ਅਥਲੀਟ’ ਪ੍ਰਕਾਸ਼ਿਤ ਕਰਵਾਈ। ‘ਸਪੋਰਟਸ ਇਲੱਸਟ੍ਰੇਟਡ’ ਮੈਗਜ਼ੀਨ ਨੇ ਉਸ ਨੂੰ ‘ਗ੍ਰੇਟੈਸਟ ਫੀਮੇਲ ਅਥਲੀਟ ਆਫ ਦਿ 20ਵੀਂ ਸੈਂਚੁਰੀ’ ਲਿਖ ਕੇ ਵਡਿਆਇਆ।

ਅਥਲੈਟਿਕਸ ਤੋਂ ਬਿਨਾਂ ਜੋਇਨਰ ਕਰਸੀ ਬਾਸਕਟਬਾਲ ਦੀ ਖੇਡ ਵਿੱਚ ਵੀ ਵਿਸ਼ਵ ਪੱਧਰ ਦੀ ਖਿਡਾਰਨ ਰਹੀ। 21 ਫਰਵਰੀ 1998 ਨੂੰ ਲਾਸ ਏਂਜਲਸ ਯੂਨੀਵਰਸਿਟੀ ਨੇ ਜਿਨ੍ਹਾਂ 15 ਸਰਬੋਤਮ ਬਾਸਕਟਬਾਲ ਖਿਡਾਰਨਾਂ ਨੂੰ ਸਨਮਾਨਿਤ ਕੀਤਾ, ਉਨ੍ਹਾਂ ਵਿੱਚ ਜੈਕੀ ਵੀ ਸ਼ਾਮਲ ਸੀ। 1 ਅਪਰੈਲ 2001 ਨੂੰ ਯੂਨੀਵਰਸਿਟੀ ਨੇ ਉਸ 25 ਸਾਲਾਂ ਦੀ ਸਰਬੋਤਮ ਖਿਡਾਰਨ ਵਜੋਂ ਵਡਿਆਇਆ। 1983 ਤੇ 1985 ਵਿੱਚ ਹੀ ਜੋਏਨਰ ਨੂੰ ਨੇਸ਼ਨ ਦੀ ਹੋਣਹਾਰ ਅਥਲੀਟ ਹੋਣ ਦਾ ਐਵਾਰਡ ਮਿਲ ਗਿਆ ਸੀ। 1986 ’ਚ ਉਸ ਨੇ ਹਿਸਟਰੀ ਵਿੱਚ ਬੈਚਲਰ ਦੀ ਡਿਗਰੀ ਹਾਸਲ ਕਰ ਲਈ ਸੀ। ਉਸੇ ਸਾਲ ਉਸ ਨੂੰ ਜੇਮਸ ਈ ਸੁਲੀਵਨ ਐਵਾਰਡ ਮਿਲਿਆ। ਜੋਏਨਰ ਕਰਸੀ ਯੂਐੱਸਏ ਟ੍ਰੈਕ ਐਂਡ ਫੀਲਡ ਦੇ ਬੋਰਡ ਆਫ ਡਾਇਰੈਕਟਰਜ਼ ਵਿੱਚ ਵੀ ਸੇਵਾ ਨਿਭਾਉਂਦੀ ਰਹੀ।

ਜੋਏਨਰ ਕਰਸੀ ਨੂੰ ਮਿਲੇ ਐਵਾਰਡਾਂ ਦੀ ਸੂਚੀ ਲੰਮੀ ਹੈ। ਮਸਲਨ ਹੋਂਡਾ ਸਪੋਰਟਸ ਐਵਾਰਡ, ਜੇਮਸ ਈ ਸੁਲੀਵਨ ਐਵਾਰਡ, ਜੈਸੀ ਓਵੇਂਜ਼ ਐਵਾਰਡ, ਸਪੋਰਟਸ ਪਰਸਨੈਲਟੀ ਆਫ ਦਿ ਯੀਅਰ ਐਵਾਰਡ, ਜਾਰਜ ਥੌਮਸ ਐਵਾਰਡ 1992, ਵਰਲਡ ਅਥਲੈਟਿਕਸ ਆਫ ਦਿ ਯੀਅਰ ਐਵਾਰਡ ਫਾਰ ਵੁਮੈਨ 1994, ਜੈਕ ਕੈਲੀ ਫੇਅਰ ਪਲੇਅ ਐਵਾਰਡ 1997, ਸੇਂਟ ਲੂਈ ਵਾਰਕ ਆਫ ਫੇਮ 2000, ਲੌਰੀਏਟ ਆਫ ਲਿੰਕਨ ਅਕੈਡਮੀ ਆਫ ਇਲਿਨੋਇਸ ਐਵਾਰਡ ਤੇ ਅਨੇਕ ਹੋਰ ਮਾਨ ਸਨਮਾਨ ਮਿਲੇ। 1981 ਤੋਂ ਜਿਹੜਾ ਐਵਾਰਡ ਜੈਸੀ ਓਵੇਂਜ਼ ਦੇ ਨਾਂ ਉੱਤੇ ਅਥਲੀਟ ਆਫ ਦਿ ਯੀਅਰ ਦਿੱਤਾ ਜਾਂਦਾ ਸੀ, 1996 ਤੋਂ ਉਹ ਡਬਲ ਕਰ ਦਿੱਤਾ ਗਿਆ। ਪੁਰਸ਼ ਅਥਲੀਟ ਨੂੰ ਅੱਡ ਤੇ ਔਰਤ ਅਥਲੀਟ ਨੂੰ ਅੱਡ। 2013 ਤੋਂ ਔਰਤ ਅਥਲੀਟ ਆਫ ਦਿ ਯੀਅਰ ਐਵਾਰਡ ਦਾ ਨਾਂ ਜੈਕੀ ਜੋਏਨਰ-ਕਰਸੀ ਐਵਾਰਡ ਰੱਖ ਦਿੱਤਾ ਗਿਆ। ਮਾਰਚ 2023 ਵਿੱਚ ਜੈਕੀ ਜੋਏਨਰ ਕਰਸੀ ਦਾ ਨਾਂ ਇੰਟਰਨੈਸ਼ਲ ਸਪੋਰਟਸ ਹਾਲ ਵਿੱਚ ਸੁਸ਼ੋਭਿਤ ਕੀਤਾ ਗਿਆ।

ਈ-ਮੇਲ: principalsarwansingh@gmail.com

Advertisement
×